ਮੋਟਾਪਾ ਕੈਂਸਰ ਸਣੇ ਕਈ ਬਿਮਾਰੀਆਂ ਦੀ ਜੜ੍ਹ, ਜਾਣੋ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ

ਤਸਵੀਰ ਸਰੋਤ, Getty Images
ਓਬੇਸਿਟੀ ਯਾਨੀ ਕਿ ਮੋਟਾਪਾ ਇੱਕ ਸਾਈਲੈਂਟ ਕਿਲਰ ਹੈ ਅਤੇ ਇਹ ਕਈ ਸਮੱਸਿਆਵਾਂ ਦੀ ਜੜ੍ਹ ਹੈ।
ਅੱਜ ਦੇ ਸਮੇਂ 'ਚ ਔਰਤਾਂ 'ਚ ਮੋਟਾਪਾ ਬਹੁਤ ਜ਼ਿਆਦਾ ਵੇਖਣ ਨੂੰ ਮਿਲਦਾ ਹੈ। ਮਰਦਾਂ ਦੇ ਮੁਕਾਬਲੇ ਔਰਤਾਂ 'ਚ ਵਧੇਰੇ ਫੈਟ ਸਟੋਰ ਕਰਨ ਦੀ ਸਮਰੱਥਾ ਹੁੰਦੀ ਹੈ।
ਪ੍ਰੈਗਨੈਂਸੀ, ਬ੍ਰੈਸਟ ਫੀਡਿੰਗ ਜਾਂ ਬਚੇ ਦੇ ਜਨਮ ਕਰਕੇ ਮੋਟਾਪਾ ਵਧੇਰੇ ਵਧਦਾ ਜਾਂਦਾ ਹੈ।
ਇਸ ਲੇਖ 'ਚ ਮੋਟਾਪੇ ਦੇ ਕਾਰਨ ਔਰਤਾਂ 'ਚ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਜਾ ਰਹੀ ਹੈ ਅਤੇ ਇਸਤਰੀ ਰੋਗ ਮਾਹਰ ਡਾ. ਸ਼ਿਵਾਨੀ ਗਰਗ ਇਸ ਨਾਲ ਸਬੰਧਤ ਸਵਾਲਾਂ ਦੇ ਜਵਾਬ ਦੇ ਰਹੇ ਹਨ।

ਬੀਬੀਸੀ ਨਿਊਜ਼ ਪੰਜਾਬੀ ਔਰਤਾਂ ਦੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਇੱਕ 'ਹੈਲਥ ਸੀਰੀਜ਼' ‘ਤੁਹਾਡੀ ਸਿਹਤ ਸਾਡੀ ਸੇਧ' ਲੈ ਕੇ ਆਇਆ ਹੈ। ਜਿਸ ਰਾਹੀਂ ਤੁਹਾਨੂੰ ਹਰ ਹਫ਼ਤੇ ਔਰਤਾਂ ਦੀ ਸਿਹਤ ਨਾਲ ਜੁੜੇ ਕਿਸੇ ਨਾ ਕਿਸੇ ਮੁੱਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਕਿਵੇਂ ਪਤਾ ਲਗਾਇਆ ਜਾਵੇ ਕਿ ਤੁਹਾਨੂੰ ਮੋਟਾਪਾ ਹੈ?
ਮੋਟਾਪੇ ਦਾ ਪਤਾ ਲਗਾਉਣ ਲਈ ਸਭ ਤੋਂ ਆਸਾਨ ਤਰੀਕਾ ਸਰੀਰ ਦੀ ਲੰਬਾਈ ਦੀ ਮਦਦ ਨਾਲ ਅੰਦਾਜ਼ਾ ਲਗਾਇਆ ਸਕਦਾ ਹੈ।
ਇਸ ਨੂੰ ਬੀਐੱਮਆਈ ਕਿਹਾ ਜਾਂਦਾ ਹੈ। ਇਸ 'ਚ ਇਹ ਵੇਖਿਆ ਜਾਂਦਾ ਹੈ ਕਿ ਕੀ ਤੁਹਾਡਾ ਆਪਣੀ ਲੰਬਾਈ ਜਾਂ ਕੱਦ ਦੇ ਹਿਸਾਬ ਨਾਲ ਭਾਰ ਸਹੀ ਹੈ ਜਾਂ ਨਹੀਂ।
ਬੀਐੱਮਆਈ 'ਚ ਤੁਹਾਡੇ ਭਾਰ ਨੂੰ ਤੁਹਾਡੀ ਲੰਬਾਈ ਦੇ ਨਾਲ ਤਕਸੀਮ ਕੀਤਾ ਜਾਂਦਾ ਹੈ।
ਭਾਰ ਨੂੰ ਕਿਲੋਗ੍ਰਾਮ ਅਤੇ ਲੰਬਾਈ ਨੂੰ ਮੀਟਰ 'ਚ ਲਿਆ ਜਾਂਦਾ ਹੈ।
ਜੇਕਰ ਬੀਐੱਮਆਈ 24 ਤੋਂ ਉੱਪਰ ਹੈ ਤਾਂ ਤੁਸੀਂ ਓਵਰ ਵੇਟ ਹੋ ਅਤੇ ਜੇਕਰ ਇਹੀ ਮਾਨਤਾ 30 ਤੋਂ ਉੱਪਰ ਆਉਂਦੀ ਹੈ ਤਾਂ ਤੁਸੀਂ ਓਬੇਸਿਟੀ ਵਾਲੇ ਵਰਗ 'ਚ ਆ ਸਕਦੇ ਹੋ।
ਜੇਕਰ ਇਹ 35 ਤੋਂ ਉੱਪਰ ਚਲੀ ਜਾਵੇ ਤਾਂ ਉਸ ਨੂੰ ਮੋਰਬਿਡ ਓਬੇਸਿਟੀ ਕਿਹਾ ਜਾਂਦਾ ਹੈ ਭਾਵ ਅਜਿਹਾ ਮੋਟਾਪਾ ਜੋ ਕਿ ਤੁਹਾਡੀ ਜਾਨ ਲਈ ਖਤਰਾ ਵੀ ਬਣ ਸਕਦੀ ਹੈ।
ਇੱਕ ਵਾਰ ਓਬੇਸਿਟੀ ਦੇ ਵਰਗ ਦਾ ਪਤਾ ਲੱਗਣ ਤੋਂ ਬਾਅਦ ਤੁਹਾਡੇ ਸਰੀਰ 'ਤੇ ਉਸ ਦੇ ਪ੍ਰਭਾਵਾਂ ਬਾਰੇ ਵੇਖਿਆ ਜਾ ਸਕਦਾ ਹੈ।

- ਓਬੇਸਿਟੀ ਯਾਨੀ ਕਿ ਮੋਟਾਪਾ ਇੱਕ ਸਾਈਲੈਂਟ ਕਿਲਰ ਹੈ ਅਤੇ ਇਹ ਕਈ ਸਮੱਸਿਆਵਾਂ ਦੀ ਜੜ੍ਹ ਹੈ।
- ਮਰਦਾਂ ਦੇ ਮੁਕਾਬਲੇ ਔਰਤਾਂ 'ਚ ਵਧੇਰੇ ਫੈਟ ਸਟੋਰ ਕਰਨ ਦੀ ਸਮਰੱਥਾ ਹੁੰਦੀ ਹੈ।
- ਮੋਟਾਪੇ ਦਾ ਪਤਾ ਲਗਾਉਣ ਲਈ ਸਭ ਤੋਂ ਆਸਾਨ ਤਰੀਕਾ ਸਰੀਰ ਦੀ ਲੰਬਾਈ ਦੀ ਮਦਦ ਨਾਲ ਅੰਦਾਜ਼ਾ ਲਗਾਇਆ ਸਕਦਾ ਹੈ।
- ਓਬੇਸਿਟੀ ਦੇ ਕਰਕੇ ਵੀ ਪੀਰੀਅਡਜ਼ ਅਨਿਯਮਿਤ ਹੋ ਸਕਦੇ ਹਨ।
- ਓਬੇਸਿਟੀ ਦੌਰਾਨ ਜੇਕਰ ਪ੍ਰੈਗਨੈਂਸੀ ਹੋ ਵੀ ਜਾਂਦੀ ਹੈ ਤਾਂ ਇਸ ਦੌਰਾਨ ਗਰਭਪਾਤ ਦਾ ਜੋਖ਼ਮ ਬਹੁਤ ਵੱਧ ਰਹਿੰਦਾ ਹੈ।
- ਮੋਟਾਪੇ ਦੇ ਕਾਰਨ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਵੀ ਲੱਗ ਸਕਦੀ ਹੈ।
- ਕਈ ਵਾਰ ਓਬੇਸਿਟੀ ਕਰਕੇ ਔਰਤਾਂ ਦੇ ਗੋਡੇ ਚੱਲਣੇ ਬੰਦ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਅਰਥਰਾਈਟਸ ਹੋ ਜਾਂਦਾ ਹੈ।
- ਸਮੇਂ-ਸਮੇਂ 'ਤੇ ਬਲੱਡ ਅਤੇ ਥਾਇਰਾਈਡ ਚੈੱਕਅਪ ਜ਼ਰੂਰ ਕਰਵਾਉਣਾ ਚਾਹੀਦਾ ਹੈ।
- ਰੋਜ਼ਮਰਾ ਦੀ ਜ਼ਿੰਦਗੀ 'ਚ ਕੁਝ ਤਬਦੀਲੀਆਂ ਕਰਕੇ ਮੋਟਾਪੇ ਤੋਂ ਨਿਜਾਤ ਪਾ ਸਕਦੇ ਹੋ।

ਮੋਟਾਪਾ ਕਿਹੜੀਆਂ ਸਮੱਸਿਆਵਾਂ ਨੂੰ ਸੱਦਾ ਦਿੰਦਾ ਹੈ?
ਅੱਜਕੱਲ ਨੌਜਵਾਨ ਕੁੜੀਆਂ 'ਚ ਵੀ ਕਾਫੀ ਹੱਦ ਤੱਕ ਮੋਟਾਪੇ ਦੀ ਸਮੱਸਿਆ ਵੇਖਣ ਨੂੰ ਮਿਲ ਰਹੀ ਹੈ।
ਇਸ ਦਾ ਕਾਰਨ ਜੰਕ ਫੂਡ ਵਧੇਰੇ ਖਾਣਾ ਅਤੇ ਸਰੀਰਕ ਕਸਰਤ ਜਾਂ ਗਤੀਵਿਧੀਆਂ ਨੂੰ ਨਜ਼ਰਅੰਦਾਜ਼ ਕਰਨਾ ਹੈ।
ਅਜਿਹੇ ਖਾਣ-ਪੀਣ ਕਰਕੇ ਉਨ੍ਹਾਂ 'ਚ ਪੀਸੀਓਡੀ ਹੋ ਸਕਦੀ ਹੈ, ਜਿਸ ਦੇ ਕਾਰਨ ਪੀਰੀਅਡਜ਼ ਅਨਿਯਮਿਤ ਹੋ ਜਾਂਦੇ ਹਨ, ਮੂੰਹ 'ਤੇ ਵਾਲ ਜਾਂ ਮੁਹਾਸੇ ਆਉਣੇ ਸ਼ੁਰੂ ਹੋ ਜਾਂਦੇ ਹਨ।
ਭਾਵੇਂ ਕਿ ਸ਼ੁਰੂ 'ਚ ਤੁਹਾਡੇ ਪੀਰੀਅਡਜ਼ ਨਿਯਮਿਤ ਹੋਣ ਪਰ ਅੱਗੇ ਜਾ ਕੇ ਓਬੇਸਿਟੀ ਕਾਰਨ ਇਹ ਅਨਿਯਮਿਤ ਹੋ ਸਕਦੇ ਹਨ ਅਤੇ ਬਾਂਝਪਨ ਦਾ ਕਾਰਨ ਵੀ ਬਣ ਸਕਦੇ ਹਨ।
ਓਬੇਸਿਟੀ ਦੌਰਾਨ ਜੇਕਰ ਪ੍ਰੈਗਨੈਂਸੀ ਹੋ ਵੀ ਜਾਂਦੀ ਹੈ ਤਾਂ ਇਸ ਦੌਰਾਨ ਗਰਭਪਾਤ ਦਾ ਜੋਖ਼ਮ ਬਹੁਤ ਵੱਧ ਰਹਿੰਦਾ ਹੈ।

ਤਸਵੀਰ ਸਰੋਤ, Getty Images
ਜੇਕਰ ਪ੍ਰੈਗਨੈਂਸੀ ਸਹੀ ਰਹਿੰਦੀ ਵੀ ਹੈ ਤਾਂ ਵੀ ਕਈ ਹੋਰ ਤਰ੍ਹਾਂ ਦੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸਭ ਤੋਂ ਵੱਧ ਸਮੱਸਿਆ ਸ਼ੁਗਰ ਦੇ ਵਧਣ ਦੀ ਆਉਂਦੀ ਹੈ। ਮੋਟਾਪੇ ਕਾਰਨ ਬਲੱਡ ਪ੍ਰੈਸ਼ਰ, ਬੀਪੀ ਵੀ ਵੱਧ ਸਕਦਾ ਹੈ।
ਇਸ ਤੋਂ ਇਲਾਵਾ ਸੀਜ਼ੇਰੀਅਨ ਭਾਵ ਅਪ੍ਰੇਸ਼ਨ ਦੇ ਮੌਕੇ ਵੀ ਵੱਧ ਜਾਂਦੇ ਹਨ। ਓਬੇਸਿਟੀ ਕਈ ਵਾਰ ਦਿਲ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਅਤੇ ਇਕਦਮ ਦਿਲ ਦਾ ਦੌਰਾ ਵੀ ਆ ਸਕਦਾ ਹੈ।
ਇਸ ਤੋਂ ਇਲਾਵਾ ਮੋਟਾਪੇ ਦੇ ਕਾਰਨ ਵੇਰੀਕੋਜ਼ ਦੀ ਸਮੱਸਿਆ ਵੀ ਹੋ ਸਕਦੀ ਹੈ। ਵੇਰੀਕੋਜ਼ 'ਚ ਲੱਤਾਂ-ਪੈਰਾਂ ਦੀਆਂ ਨਾੜਾਂ'ਚ ਖੂਨ ਰੁੱਕ ਜਾਂਦਾ ਹੈ ਅਤੇ ਨਾੜਾਂ ਫੁੱਲ ਜਾਂਦੀਆਂ ਹਨ ਅਤੇ ਇਸ ਕਰਕੇ ਲੱਤਾਂ-ਪੈਰਾਂ 'ਚ ਬਹੁਤ ਦਰਦ ਹੁੰਦਾ ਹੈ।
ਮੋਟਾਪੇ ਦੇ ਕਾਰਨ ਕੈਂਸਰ ਵਰਗੀ ਬਿਮਾਰੀ ਵੀ ਲੱਗ ਸਕਦੀ ਹੈ, ਜਿਸ 'ਚ ਬੱਚੇਦਾਨੀ ਦਾ ਕੈਂਸਰ ਅਤੇ ਬ੍ਰੈਸਟ ਦਾ ਕੈਂਸਰ ਸ਼ਾਮਲ ਹੈ।
ਇਸ ਲਈ ਮੋਟਾਪੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ। ਇਹ ਹੌਲੀ-ਹੌਲੀ ਸਰੀਰ ਨੂੰ ਖਤਮ ਕਰ ਦਿੰਦਾ ਹੈ ਅਤੇ ਇਸ ਲਈ ਹੀ ਇਸ ਨੂੰ ਸਾਈਲੈਂਟ ਕਿੱਲਰ ਦਾ ਨਾਮ ਵੀ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ-

ਕਈ ਵਾਰ ਓਬੇਸਿਟੀ ਕਰਕੇ ਔਰਤਾਂ ਦੇ ਗੋਡੇ ਚੱਲਣੇ ਬੰਦ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਅਰਥਰਾਈਟਸ ਹੋ ਜਾਂਦਾ ਹੈ।
ਅਜਿਹੀ ਸਥਿਤੀ 'ਚ ਔਰਤਾਂ ਤੁਰਨ-ਫਿਰਨ ਤੋਂ ਵੀ ਰਹਿ ਜਾਂਦੀਆਂ ਹਨ ਅਤੇ ਕਸਰਤ ਵੀ ਨਹੀਂ ਕਰ ਪਾਉਂਦੀਆਂ ਹਨ, ਜਿਸ ਕਰਕੇ ਮੋਟਾਪਾ ਹੋਰ ਵੱਧ ਜਾਂਦਾ ਹੈ ਅਤੇ ਉਨ੍ਹਾਂ ਦਾ ਜੀਵਨ ਇੱਕ ਬੋਝ ਬਣ ਜਾਂਦਾ ਹੈ।
ਇਹ ਸਾਰੇ ਸਰੀਰਕ ਲੱਛਣ ਸਨ, ਜੋ ਕਿ ਮੋਟਾਪੇ ਕਾਰਨ ਆਉਂਦੇ ਹਨ।
ਮੋਟਾਪਾ ਦਿਮਾਗ ਅਤੇ ਮਾਨਸਿਕ ਸਥਿਤੀ ਨੂੰ ਵੀ ਪ੍ਰਭਾਵਿਤ ਕਰਦਾ ਹੈ। ਆਮ ਤੌਰ 'ਤੇ ਮੋਟਾਪੇ ਦੀਆਂ ਸ਼ਿਕਾਰ ਔਰਤਾਂ 'ਚ ਤਣਾਅ ਅਤੇ ਉਦਾਸੀਨਤਾ ਬਹੁਤ ਵੱਧ ਜਾਂਦੀ ਹੈ।
ਇਸ ਕਰਕੇ ਜੇਕਰ ਮੋਟਾਪੇ ਦੀ ਸ਼ੁਰੂਆਤ 'ਤੇ ਹੀ ਇਸ 'ਤੇ ਕਾਬੂ ਪਾ ਲਿਆ ਜਾਵੇ ਤਾਂ ਅਜਿਹੀਆਂ ਕਈ ਮੁਸ਼ਕਲਾਂ ਤੋਂ ਬਚਿਆ ਜਾ ਸਕਦਾ ਹੈ।
ਆਮ ਤੌਰ 'ਤੇ ਵੇਖਿਆ ਜਾਂਦਾ ਹੈ ਕਿ ਔਰਤਾਂ ਘਰ ਦਾ ਸਾਰਾ ਕੰਮ ਕਰਦੀਆਂ ਹਨ ਅਤੇ ਉਨ੍ਹਾਂ ਕੋਲ ਆਪਣੇ ਲਈ ਸਮਾਂ ਹੀ ਨਹੀਂ ਬਚਦਾ ਹੈ।
ਇਸ ਲਈ ਕੁਝ ਅਜਿਹੀਆਂ ਚੀਜ਼ਾਂ ਹਨ ਜਿੰਨ੍ਹਾਂ ਨੂੰ ਕਰ ਕੇ ਅਸੀਂ ਮੋਟਾਪੇ ਤੋਂ ਬਚ ਸਕਦੇ ਹਾਂ।

ਮੋਟਾਪਾ ਕਿਉਂ ਹੁੰਦਾ ਹੈ?
ਸਭ ਤੋਂ ਪਹਿਲਾਂ ਇਹ ਜਾਣਨ ਦੀ ਲੋੜ ਹੈ ਕਿ ਅਸਲ 'ਚ ਮੋਟਾਪਾ ਹੁੰਦਾ ਕਿਉਂ ਹੈ। ਬਹੁਤ ਵਾਰ ਇਹ ਜੈਨੇਟਿਕ ਹੁੰਦਾ ਹੈ, ਪਰ ਇਹ ਮੋਟਾਪੇ ਦਾ ਮੁੱਖ ਕਾਰਨ ਨਹੀਂ ਹੋ ਸਕਦਾ ਹੈ।
ਹੋਰ ਵੀ ਬਹੁਤ ਸਾਰੇ ਕਾਰਕ ਹਨ ਜਿੰਨ੍ਹਾਂ ਕਰਕੇ ਮੋਟਾਪਾ ਹੁੰਦਾ ਹੈ। ਉਨ੍ਹਾਂ 'ਚੋਂ ਮੁੱਖ ਕਾਰਕ ਸਾਡਾ ਖਾਣ-ਪੀਣ ਅਤੇ ਕਸਰਤ ਹੈ ਅਤੇ ਨਾਲ ਹੀ ਅਸੀਂ ਆਪਣੇ ਸਰੀਰ ਨੂੰ ਲੈ ਕੇ ਕਿੰਨੇ ਸੁਚੇਤ ਹਾਂ ਇਹ ਵੀ ਬਹੁਤ ਮਾਇਨੇ ਰੱਖਦਾ ਹੈ।
ਸਮੇਂ-ਸਮੇਂ 'ਤੇ ਬਲੱਡ ਅਤੇ ਥਾਇਰਾਈਡ ਚੈੱਕਅਪ ਜ਼ਰੂਰ ਕਰਵਾਉਣਾ ਚਾਹੀਦਾ ਹੈ। ਥਾਇਰਾਈਡ ਕਰਕੇ ਵੀ ਭਾਰ ਵੱਧਦਾ ਹੈ ਅਤੇ ਇਹ ਮੋਟਾਪੇ ਦਾ ਅਹਿਮ ਕਾਰਨ ਵੀ ਹੈ।
ਸਰੀਰ 'ਚ ਟੀਐਸਐਚ ਦੇ ਵੱਧਣ ਨਾਲ ਭਾਰ ਵੀ ਵੱਧਦਾ ਹੈ ਅਤੇ ਲੱਖ ਯਤਨ ਕਰਨ ਦੇ ਬਾਵਜੂਦ ਵੀ ਭਾਰ ਘੱਟਦਾ ਨਹੀਂ ਹੈ।
ਇਸ ਲਈ ਸਮੇਂ-ਸਮੇਂ 'ਤੇ ਲੋੜੀਂਦੇ ਟੈਸਟ ਜ਼ਰੂਰ ਕਰਵਾਉਣੇ ਚਾਹੀਦੇ ਹਨ ਤਾਂ ਜੋ ਦਿਲ ਦੀ ਧੜਕਣ, ਬੀਪੀ, ਸ਼ੂਗਰ ਆਦਿ ਨੂੰ ਕੰਟਰੋਲ 'ਚ ਰੱਖਿਆ ਜਾ ਸਕੇ ਅਤੇ ਮੋਟਾਪੇ ਨੂੰ ਸ਼ੁਰੂ 'ਚ ਹੀ ਦਬਾਇਆ ਜਾ ਸਕੇ।

ਤਸਵੀਰ ਸਰੋਤ, Thinkstock
ਮੋਟਾਪੇ ਨੂੰ ਕਾਬੂ 'ਚ ਕਰਨ ਦੇ ਨੁਕਤੇ
ਜੇਕਰ ਤੁਸੀਂ ਆਪਣੀ ਰੋਜ਼ਮਰਾ ਦੀ ਜ਼ਿੰਦਗੀ 'ਚ ਬਹੁਤ ਰੁੱਝੇ ਹੋਏ ਹੋ ਤਾਂ ਡਾ. ਗਰਗ ਇੱਥੇ ਕੁਝ ਨੁਕਤੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਨ ਜਿੰਨਾਂ ਨੂੰ ਅਪਣਾ ਕੇ ਤੁਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ 'ਚ ਕੁਝ ਤਬਦੀਲੀਆਂ ਕਰਕੇ ਮੋਟਾਪੇ ਤੋਂ ਨਿਜਾਤ ਪਾ ਸਕਦੇ ਹੋ।
ਜੇਕਰ ਅਸੀਂ ਮੋਟਾਪਾ ਘਟਾਉਣਾ ਚਾਹੁੰਦੇ ਹਾਂ ਤਾਂ ਸਰੀਰ 'ਚ ਇੱਕ ਹਾਈਪੋਕੈਲਰਿਕ ਸਿਸਟਮ ਹੋਣਾ ਚਾਹੀਦਾ ਹੈ।

ਤਸਵੀਰ ਸਰੋਤ, Peter Dazeley/getty images
ਇਸ ਦਾ ਮਤਲਬ ਹੈ ਕਿ ਅਸੀਂ ਜਿੰਨ੍ਹੀਆਂ ਕੈਲਰੀਆਂ ਸਰੀਰ 'ਚ ਲੈ ਰਹੇ ਹਾਂ ਉਸ ਤੋਂ ਵੱਧ ਕੈਲਰੀਆਂ ਨੂੰ ਬਰਨ ਕੀਤਾ ਜਾਵੇ।
ਇਸ ਦੇ ਲਈ ਸਭ ਤੋਂ ਪਹਿਲਾਂ ਆਟੇ ਨੂੰ ਬਦਲਣ ਦੀ ਕੋਸ਼ਿਸ਼ ਕਰੋ ਕਿਉਂਕਿ ਕਣਕ ਦੇ ਆਟੇ 'ਚ ਭਾਰ ਵਧਾਉਣ ਦੀ ਵਧੇਰੇ ਸਮੱਰਥਾ ਹੁੰਦੀ ਹੈ।
ਇਸ ਲਈ ਕਣਕ ਦੇ ਆਟੇ ਦੇ ਨਾਲ ਹੋਰ ਆਟੇ ਜਿਵੇਂ ਕਿ ਬਾਜਰਾ , ਜੋਂ, ਮੱਕੀ , ਚਨੇ ਆਦਿ ਦਾ ਆਟਾ ਮਿਲਾ ਕੇ ਜ਼ਰੂਰ ਖਾਓ। ਅਜਿਹਾ ਕਰਨ ਨਾਲ ਸਰੀਰ 'ਚ ਫਾਈਬਰ ਵਧੇਰੇ ਜਾਂਦਾ ਹੈ।
ਦੂਜੀ ਚੀਜ਼ ਇਹ ਹੈ ਕਿ ਤੁਸੀਂ ਖਾਣ ਲੱਗਿਆ ਕਿੰਨ੍ਹਾਂ ਪੋਸ਼ਣ ਭਾਵ ਕਿੰਨ੍ਹੀਆਂ ਰੋਟੀਆਂ ਖਾਂਦੇ ਹੋ ਉਹ ਵੀ ਬਹੁਤ ਮਾਇਨੇ ਰੱਖਦਾ ਹੈ।
ਕੋਸ਼ਿਸ਼ ਕਰੋ ਕਿ ਇੱਕ ਵਾਰ 'ਚ 4-5 ਰੋਟੀਆਂ ਨਾ ਖਾਓ। ਹਮੇਸ਼ਾਂ ਹਲਕਾ ਭੋਜਨ ਖਾਓ। ਕੋਸ਼ਿਸ਼ ਕਰੋ ਕਿ ਹਮੇਸ਼ਾਂ ਆਪਣੀ ਭੁੱਖ ਦਾ 80% ਹੀ ਖਾਓ।
ਆਲੂ ਅਤੇ ਚੌਲ ਵੀ ਮੋਟਾਪਾ ਵਧਾਉਂਦੇ ਹਨ, ਇਸ ਲਈ ਆਪਣੀ ਖੁਰਾਕ 'ਚ ਇਨ੍ਹਾਂ ਦੀ ਮਾਤਰਾ ਘਟਾ ਕੇ ਵੀ ਕਿਸੇ ਹੱਦ ਤੱਕ ਮੋਟਾਪੇ 'ਤੇ ਕਾਬੂ ਪਾਇਆ ਜਾ ਸਕਦਾ ਹੈ।

ਤਸਵੀਰ ਸਰੋਤ, Getty Images
ਇਸ ਤੋਂ ਇਲਾਵਾ ਜੰਕ ਫੂਡ ਜਾਂ ਪ੍ਰੋਸੈਸਡ ਭੋਜਨ ਵੀ ਮੋਟਾਪੇ ਨੂੰ ਸੱਦਾ ਦਿੰਦਾ ਹੈ, ਕਿਉਂਕਿ ਇਸ 'ਚ ਮੈਦਾ ਹੁੰਦਾ ਹੈ।
ਦਰਅਸਲ ਸਰੀਰ ਮੈਦੇ ਨੂੰ ਵਧੇਰੇ ਚੰਗੀ ਤਰ੍ਹਾਂ ਪਚਾ ਨਹੀਂ ਪਾਉਂਦਾ ਹੈ ਅਤੇ ਪਾਚਣ ਕਿਰਿਆ ਹੌਲੀ ਹੋ ਜਾਂਦੀ ਹੈ ਅਤੇ ਮੋਟਾਪਾ ਵੱਧ ਜਾਂਦਾ ਹੈ।
ਇਸ ਤੋਂ ਇਲਾਵਾ ਬਾਹਰ ਦੀਆਂ ਚੀਜ਼ਾਂ ਜਿਵੇਂ ਕਿ ਪੀਜ਼ਾ, ਬਰਗਰ, ਬਿਸਕੁੱਟ, ਕੇਕ ਆਦਿ ਨੂੰ ਘੱਟ ਤੋਂ ਘੱਟ ਖਾਣਾ ਚਾਹੀਦਾ ਹੈ।
ਅਜਿਹਾ ਕਰਨ ਨਾਲ ਨਾ ਸਿਰਫ ਮੋਟਾਪੇ 'ਤੇ ਫਰਕ ਪੈਂਦਾ ਹੈ ਸਗੋਂ ਸ਼ੂਗਰ ਅਤੇ ਹਾਈਪਰਟੈਂਸ਼ਨ ਵੀ ਕੰਟਰੋਲ 'ਚ ਰਹਿੰਦੇ ਹਨ।
ਇਸ ਤੋਂ ਇਲਾਵਾ ਰੋਟੀ ਖਾਣ ਤੋਂ ਬਾਅਦ ਕਦੇ ਵੀ ਇੱਕਦਮ ਬੈਠਣਾ ਨਹੀਂ ਚਾਹੀਦਾ ਹੈ। ਖਾਣਾ ਖਾਣ ਤੋਂ ਬਾਅਦ 20-25 ਮਿੰਟ ਤੁਰਦੇ ਫਿਰਦੇ ਰਹਿਣਾ ਚਾਹੀਦਾ ਹੈ ਜਾਂ ਫਿਰ ਕੁਝ ਹਲਕੀ-ਫੁਲਕੀ ਕਸਰਤ ਕਰਨੀ ਚਾਹੀਦੀ ਹੈ ਤਾਂ ਜੋ ਸਰੀਰ ਦਾ ਮੈਟਾਬੋਲੀਜ਼ਮ ਤੇਜ਼ ਰਹੇ ਅਤੇ ਖਾਣਾ ਜਲਦੀ ਪਚ ਜਾਵੇ।

ਤਸਵੀਰ ਸਰੋਤ, Thinkstock
ਜੇਕਰ ਤੁਸੀਂ ਰੋਜ਼ਾਨਾ 15 ਮਿੰਟ ਸੈਰ ਜਾਂ ਯੋਗਾ ਕਰਦੇ ਹੋ ਤਾਂ ਤੁਸੀਂ ਆਪਣੇ ਭਾਰ ਨੂੰ ਘਟਾ ਸਕਦੇ ਹੋ ਕਿਉਂਕਿ ਇਹ ਬਹੁਤ ਹੀ ਘੱਟ ਸਮਾਂ ਹੈ ਅਤੇ ਤੁਸੀਂ ਲੰਮੇ ਸਮੇਂ ਤੱਕ ਆਪਣੇ ਕਈ 10-15 ਮਿੰਟ ਤਾਂ ਕੱਢ ਹੀ ਸਕਦੇ ਹੋ ਪਰ ਜੇਕਰ ਤੁਸੀਂ ਇੱਕ-ਇੱਕ ਘੰਟਾ ਜਿੰਮ ਜਾਂ ਕੁਝ ਹੋਰ ਕਸਰਤ ਲਈ ਜਾਂਦੇ ਹੋ ਤਾਂ ਇਹ ਆਦਤ ਲੰਮੇ ਸਮੇਂ ਤੱਕ ਨਹੀਂ ਚੱਲਦੀ ਹੈ।
ਇਸ ਲਈ ਲੰਮੇ ਸਮੇਂ ਤੱਕ ਚੱਲਣ ਵਾਲੀ ਆਦਤ ਨੂੰ ਹੀ ਅਪਣਾਓ। ਪਰ ਜੇਕਰ ਤੁਸੀਂ ਜਿੰਮ ਜਾਂ ਬਾਹਰ ਜਾ ਕੇ ਕੋਈ ਵੀ ਕਸਰਤ ਕਰਨਾ ਚਾਹੁੰਦੇ ਹੋ ਤਾਂ ਉਹ ਸੋਨੇ 'ਤੇ ਸੁਹਾਗੇ ਦਾ ਕੰਮ ਕਰੇਗਾ।
ਪਰ ਘਰ 'ਚ ਕਸਰਤ ਲਈ ਆਪਣੇ ਲਈ 15-20 ਮਿੰਟ ਜ਼ਰੂਰ ਕੱਢੋ।
ਜਦੋਂ ਇੱਕ ਵਾਰ ਮੋਟਾਪਾ ਵਧਣਾ ਸ਼ੂਰੂ ਹੁੰਦਾ ਹੈ ਤਾਂ ਉਹ ਲਗਾਤਾਰ ਵਧਦਾ ਹੀ ਜਾਂਦਾ ਹੈ ਅਤੇ ਉਸ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ ਹੈ।
ਇਸ ਲਈ ਸਮੇਂ-ਸਮੇਂ 'ਤੇ ਆਪਣੇ ਭਾਰ ਦਾ ਧਿਆਨ ਰੱਖੋ ਅਤੇ ਬੀਐਮਆਈ ਅਨੁਸਾਰ ਉਸ ਨੂੰ ਚੈੱਕ ਕਰਦੇ ਰਹੋ।

ਇਹ ਵੀ ਪੜ੍ਹੋ-
- ਕੀ ਆਈਵੀਐੱਫ ਬਹੁਤ ਮਹਿੰਗਾ ਤੇ ਦਰਦ ਭਰਿਆ ਹੈ...ਸਣੇ ਤੁਹਾਡੇ ਹਰੇਕ ਭੁਲੇਖੇ ਤੇ ਧਾਰਨਾ ਦਾ ਜਵਾਬ
- ਸ਼ੂਗਰ ਅਤੇ ਮੋਟਾਪੇ ਤੋਂ ਬਚਾਅ ਲਈ ਇਹ ਖਾਣਾ ਕਰ ਸਕਦਾ ਹੈ ਤੁਹਾਡੀ ਮਦਦ
- ਬਾਂਝਪਨ ਦੀ ਸਮੱਸਿਆ ਦਾ ਕਿਵੇਂ ਪਤਾ ਲੱਗੇ, ਸੰਭਾਵੀ ਕਾਰਨਾਂ ਤੇ ਇਲਾਜ ਬਾਰੇ ਜਾਣੋ ਮਾਹਰ ਦੀ ਰਾਇ
- ਜੇ ਉਮਰ ਤੋਂ ਪਹਿਲਾਂ ਪੀਰੀਅਡਜ਼ ਆ ਜਾਣ ਤਾਂ ਕੀ ਫਿਕਰ ਕਰਨੀ ਚਾਹੀਦੀ ਹੈ, ਡਾਕਟਰ ਦੀ ਸੁਣੋ
- ਕੀ 35 ਸਾਲ ਤੋਂ ਬਾਅਦ ਮਾਂ ਬਣਨ ’ਚ ਮੁਸ਼ਕਲਾਂ ਆਉਂਦੀਆਂ ਹਨ, ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ














