ਸ਼ੈਲਜਾ ਪਾਇਕ: ਇੱਕ ਦਲਿਤ ਇਤਿਹਾਸਕਾਰ ਦਾ ਝੁੱਗੀ-ਝੋਂਪੜੀ ਤੋਂ ਅਮਰੀਕਾ ’ਚ 7 ਕਰੋੜ ਦੀ ਫੈਲੋਸ਼ਿਪ ਤੱਕ ਦਾ ਸਫ਼ਰ

ਸ਼ੈਲਜਾ ਪਾਇਕ

ਤਸਵੀਰ ਸਰੋਤ, MacArthur Foundation & Shailaja Paik

ਤਸਵੀਰ ਕੈਪਸ਼ਨ, ਆਪਣੀ ਖੋਜ ਵਿੱਚ ਸ਼ੈਲਜਾ ਨੇ ਦਲਿਤ ਔਰਤਾਂ ਦੀ ਜ਼ਿੰਦਗੀ ਦੀ ਪੁਣਛਾਣ ਕੀਤੀ ਹੈ।
    • ਲੇਖਕ, ਵਿਨਾਇਕ ਹੋਗਾਡੇ
    • ਰੋਲ, ਬੀਬੀਸੀ ਪੱਤਰਕਾਰ

‘ਸਾਡੇ ਕੋਲ ਪੀਣ ਵਾਲਾ ਪਾਣੀ ਅਤੇ ਪਖਾਨੇ ਵੀ ਨਹੀਂ ਸਨ। ਇਹ ਸੱਚ ਹੈ ਕਿ ਮੈਂ ਉਸ ਮਾਹੌਲ ਵਿੱਚ ਵੱਡੀ ਹੋਈ ਜਿੱਥੇ ਕੂੜੇ ਦੇ ਢੇਰ ਸਨ, ਜਿਨ੍ਹਾਂ ਉੱਤੇ ਸੂਰ ਸੁਖਾਲੇ ਰਹਿ ਸਕਦੇ ਸਨ। ਜਨਤਕ ਪਖਾਨਿਆਂ ਦੀਆਂ ਇਹ ਯਾਦਾਂ ਅਜੇ ਵੀ ਮੈਨੂੰ ਪਰੇਸ਼ਾਨ ਕਰਦੀਆਂ ਹਨ।”

ਸ਼ੈਲਜਾ ਪਾਇਕ ਸਨਮਾਨਿਤ ਮੈਕ ਆਰਥਰ ਫੈਲੋਸ਼ਿਪ ਹਾਸਲ ਕਰਨ ਵਾਲੀ ਪਹਿਲੀ ਦਲਿਤ ਔਰਤ ਬਣ ਗਏ ਹਨ।

ਉਨ੍ਹਾਂ ਨੇ ਸੂਰਾਂ ਨਾਲ ਭਰੀ ਇੱਕ ਝੁੱਗੀ-ਝੋਂਪੜੀ ਤੋਂ ਅਮਰੀਕਾ ਤੱਕ ਦਾ ਅਦਭੁਤ ਸਫ਼ਰ ਤੈਅ ਕੀਤਾ ਹੈ। ਇਸ ਫੈਲੋਸ਼ਿਪ ਲਈ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ ਪੰਜ ਸਾਲਾਂ ਦੇ ਅਰਸੇ ਦੌਰਾਨ ਅੱਠ ਲੱਖ ਡਾਲਰ ( 6.71 ਕਰੋੜ ਭਾਰਤੀ ਰੁਪਏ) ਦੀ ਰਾਸ਼ੀ ਮਿਲਦੀ ਹੈ।

ਆਪਣੀ ਖੋਜ ਵਿੱਚ ਸ਼ੈਲਜਾ ਨੇ ਦਲਿਤ ਔਰਤਾਂ ਦੀ ਜ਼ਿੰਦਗੀ ਦੀ ਪੁਣਛਾਣ ਕੀਤੀ ਹੈ।

ਉਹ ਇੱਕ ਮੰਨੇ-ਪ੍ਰਮੰਨੇ ਇਤਿਹਾਸਕਾਰ ਹਨ ਜਿਨ੍ਹਾਂ ਨੇ ਇਤਿਹਾਸ ਵਿੱਚ ਦਲਿਤ ਔਰਤਾਂ ਦੇ ਯੋਗਦਾਨ ਬਾਰੇ ਲਿਖਿਆ ਹੈ।

ਪਾਇਕ ਨੇ ਬੀਬੀਸੀ ਮਰਾਠੀ ਨਾਲ ਗੱਲਬਾਤ ਦੌਰਾਨ ਦੱਸਿਆ, “ਮੈਂ ਇਹ ਫੈਲੋਸ਼ਿਪ ਮਿਲਣ ਤੋਂ ਬਹੁਤ ਖ਼ੁਸ਼ ਹਾਂ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਮੈਂ ਬੱਦਲਾਂ ਉੱਤੇ ਤੁਰ ਰਹੀ ਹੋਵਾਂ।”

ਝੁੱਗੀ-ਝੋਂਪੜੀ ਤੋਂ ਅਮਰੀਕਾ ਵਿੱਚ ਪ੍ਰੋਫੈਸਰ ਬਣਨ ਤੱਕ

ਸ਼ੈਲਜਾ ਪਾਇਕ ਮਹਾਰਾਸ਼ਟਰ ਦੇ ਪੁਣੇ ਵਿੱਚ ਯੇਰਾਵਾੜਾ ਵਿੱਚ ਜਨਮੇ ਸਨ। ਉਹ ਇੱਥੋਂ ਦੀ ਝੁੱਗੀ-ਝੋਂਪੜੀ ਵਿੱਚ ਇੱਕ 20 ਫੁੱਟ ਲੰਬੇ ਅਤੇ ਇੰਨੇ ਹੀ ਚੌੜੇ ਕਮਰਾ ਨੁਮਾ ਘਰ ਵਿੱਚ ਆਪਣੀਆਂ ਤਿੰਨ ਹੋਰ ਭੈਣਾਂ ਨਾਲ ਪਲੇ।

ਉਸ ਇਲਾਕੇ ਵਿੱਚ ਸਰਕਾਰੀ ਟੂਟੀ ਹੀ ਰੋਜ਼ਾਨਾ ਦੇ ਜੀਵਨ, ਸਫ਼ਾਈ ਲਈ ਪਾਣੀ ਅਤੇ ਖਾਣਾ ਪਕਾਉਣ ਵਰਗੀਆਂ ਲੋੜਾਂ ਪੂਰੀਆਂ ਕਰਨ ਦਾ ਜ਼ਰੀਆ ਸੀ। ਉਹ ਯਾਦ ਕਰਦੇ ਹਨ ਕਿਵੇਂ ਉਹ ਇੱਕ ਲੰਬੀ ਲਾਈਨ ਵਿੱਚ ਲੱਗ ਕੇ ਪਾਣੀ ਲਿਆਇਆ ਕਰਦੇ ਸਨ।

ਸ਼ੈਲਜਾ ਪਾਇਕ ਦਾ ਬਚਪਨ ਇਸ ਘਰ ਵਿੱਚ ਬੀਤਿਆ

ਤਸਵੀਰ ਸਰੋਤ, Sarita Paik

ਤਸਵੀਰ ਕੈਪਸ਼ਨ, ਸ਼ੈਲਜਾ ਪਾਇਕ ਦਾ ਬਚਪਨ ਇਸ ਘਰ ਵਿੱਚ ਬੀਤਿਆ
ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਇਸਦੇ ਬਾਵਜੂਦ ਸ਼ੈਲਜਾ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਦੇਵਰਾਮ ਅਤੇ ਮਾਂ ਸਰਿਤਾ ਨੇ ਘਰ ਵਿੱਚ ਪੜ੍ਹਾਈ ਲਈ ਸਭ ਤੋਂ ਢੁਕਵਾਂ ਮਾਹੌਲ ਬਣਾ ਕੇ ਰੱਖਿਆ। ਉਨ੍ਹਾਂ ਦੇ ਰੌਸ਼ਨ ਮੁਸਤਕਬਿਲ ਲਈ ਅੰਗਰੇਜ਼ੀ ਸਿੱਖਿਆ ਦਵਾਈ ਗਈ।

ਉਨ੍ਹਾਂ ਨੇ ਕਿਹਾ,“ਸਮੁੱਚੇ ਤੌਰ ਉੱਤੇ ਇਸਦਾ ਸਮਾਜਿਕ, ਵਿਦਿਅਕ, ਭਾਵੁਕ ਅਤੇ ਮਨੋਵਿਗਿਆਨਕ – ਸਾਰੇ ਪੱਧਰਾਂ ਉੱਤੇ ਹੀ ਡੂੰਘਾ ਅਸਰ ਪਿਆ।”

“ਉਹ ਬਹੁਤ ਹੀ ਸੱਖਣੇ ਮਾਹੌਲ ਵਿੱਚ ਰਹਿੰਦੇ ਹੋਏ ਬਹੁਤ ਮੁਸ਼ਕਿਲ ਜੀਵਨ ਜਿਉਂਦੇ ਸਨ। ਮੇਰੇ ਮਾਪਿਆਂ ਨੇ ਪਛਾਣਿਆ ਕਿ ਇਸ ਸਥਿਤੀ ਵਿੱਚੋਂ ਨਿਕਲਣ ਲ਼ਈ ਸਿੱਖਿਆ ਕਿੰਨੀ ਮਹੱਤਵਪੂਰਨ ਹੈ ਤੇ ਮੈਨੂੰ ਪੜ੍ਹਨ ਲਈ ਪ੍ਰੇਰਿਆ। ਇਸੇ ਕਾਰਨ ਮੈਂ ਆਪਣੇ-ਆਪ ਨੂੰ ਪੂਰੀ ਤਰ੍ਹਾਂ ਪੜ੍ਹਾਈ ਵਿੱਚ ਡਬੋ ਸਕੀ।”

ਉਸ ਸਮੇਂ ਨੂੰ ਯਾਦ ਕਰਕੇ ਉਹ ਕਹਿੰਦੇ ਹਨ, “ਮੈਂ ਖ਼ੁਦ ਨੂੰ ਕੰਬਲ ਵਿੱਚ ਵਲ੍ਹੇਟ ਲੈਂਦੀ ਅਤੇ ਆਪਣੇ ਪਰਿਵਾਰ ਨੂੰ ਹੌਲੀ ਬੋਲਣ ਲਈ ਕਹਿੰਦੀ ਤਾਂ ਜੋ ਮੈਂ ਪੜ੍ਹ ਸਕਾਂ।”

“ਹਾਲਾਂਕਿ ਇਸ ਤਰ੍ਹਾਂ ਦੇ ਮਾਹੌਲ ਵਿੱਚ ਪੜ੍ਹਨਾ ਹੀ ਸਭ ਤੋਂ ਵੱਡੀ ਚੁਣੌਤੀ ਸੀ। ਮੈਂ 7.30 ਵਜੇ ਸੌਂ ਜਾਂਦੀ ਫਿਰ ਅੱਧੀ ਰਾਤ ਨੂੰ ਉੱਠ ਕੇ ਪੜ੍ਹਦੀ ਅਤੇ ਫਿਰ ਸਵੇਰੇ ਛੇ ਜਾਂ ਸੱਤ ਵਜੇ ਤੱਕ ਪੜ੍ਹ ਕੇ ਫਿਰ ਸਕੂਲ ਜਾਂਦੀ।”

ਆਪਣੇ ਸੰਘਰਸ਼ ਬਾਰੇ ਉਹ ਦੱਸਦੇ ਹਨ, ਦਲਿਤ ਹੋਣ ਦੇ ਨਾਤੇ, ਵਿਤਕਰੇ ਦੀਆਂ ਬਹੁਤ ਘਟਨਾਵਾਂ ਵਾਪਰਦੀਆਂ ਹਨ,'ਮੇਰੇ ਨਾਲ ਵੀ ਹੋਈਆਂ ਹਨ'।

''ਮਿਸਾਲ ਵਜੋਂ ਜਦੋਂ ਮੈਨੂੰ ਫੋਰਡ ਫਾਊਂਡੇਸ਼ਨ ਦੀ ਫੈਲੋਸ਼ਿਪ ਮਿਲੀ ਤਾਂ ਮੇਰੇ ਆਸ ਪਾਸ ਦੇ ਕੁਝ ਲੋਕ ਯਕੀਨ ਨਾ ਕਰ ਸਕੇ। ਉਹ ਮੈਨੂੰ ਅਕਸਰ ਪੁੱਛਦੇ, ਤੈਨੂੰ ਇਹ ਕਿਵੇਂ ਮਿਲੀ? ਮੈਨੂੰ ਫੈਲੋਸ਼ਿਪ ਕੰਮ ਲਈ ਮਿਲੀ ਹੈ ਲੇਕਿਨ ਉਹ ਬਹੁਤ ਹੈਰਾਨ ਸੀ ਕਿ ਇੱਕ ਦਲਿਤ ਔਰਤ ਨੂੰ ਇਹ ਫੈਲੋਸ਼ਿਪ ਮਿਲੀ ਹੈ।"

ਇਸ ਫੈਲੋਸ਼ਿਪ ਦੀ ਕੀ ਅਹਿਮੀਅਤ ਹੈ?

ਸ਼ੈਲਜਾ ਪਾਇਕ

ਤਸਵੀਰ ਸਰੋਤ, MacArthur Foundation

ਤਸਵੀਰ ਕੈਪਸ਼ਨ, ਸ਼ੈਲਜਾ ਪਾਇਕ ਸਾਲ 2010 ਤੋਂ ਯੂਨੀਵਰਸਿਟੀ ਆਫ਼ ਸਿਨਸਿਨਾਟੀ ਨਾਲ ਜੁੜੇ ਹੋਏ ਹਨ। ਉੱਥੇ ਉਹ ਔਰਤਾਂ, ਲਿੰਗ ਅਤੇ ਸੈਕਸ਼ੂਐਲਿਟੀ ਸਟੱਡੀਜ਼ ਅਤੇ ਏਸ਼ੀਅਨ ਸਟੱਡੀਜ਼ ਦੇ ਖੋਜ ਪ੍ਰੋਫੈਸਰ ਹਨ।

ਇਹ ਜੀਨੀਅਸ ਗਰਾਂਟ ਵਜੋਂ ਜਾਣੀ ਜਾਂਦੀ ਹੈ ਅਤੇ ਇਸ ਸਾਲ ਕੁੱਲ 22 ਵਿਦਵਾਨਾਂ ਨੂੰ ਦਿੱਤੀ ਜਾ ਰਹੀ ਹੈ।

ਸਿਰਜਣਾਤਮਿਕਤਾ ਮੈਕ ਆਰਥਰ ਫੈਲੋਸ਼ਿਪ ਦੀ ਮੁਢਲੀ ਕਸੌਟੀ ਹੈ। ਇਸ ਦਾ ਮੰਤਵ ਉੱਭਰ ਰਹੇ ਸਿਰਜਣਾਤਮਿਕ ਵਿਚਾਰਸ਼ੀਲ ਲੋਕਾਂ ਦੀ ਮਦਦ ਕਰਨਾ ਹੈ।

ਫੈਲੋਸ਼ਿਪ ਦਾ ਮੂਲ ਵਿਚਾਰ ਉਨ੍ਹਾਂ ਲੋਕਾਂ ਦੇ ਮਹੱਤਵ ਨੂੰ ਉਜਾਗਰ ਕਰਨਾ ਹੈ ਜੋ ਜੀਵਨ ਵਿੱਚ ਖ਼ਤਰੇ ਲੈਂਦੇ ਹਨ ਅਤੇ ਸਮਾਜ ਦੀਆਂ ਜਟਿਲ ਸਮੱਸਿਆਵਾਂ ਨਾਲ ਆਢਾ ਲਾਉਂਦੇ ਹਨ। ਉਹ ਲੀਕ ਤੋਂ ਹਟ ਕੇ ਸੋਚਦੇ ਹਨ। ਹੱਲ ਤਲਾਸ਼ਦੇ ਹਨ, ਪ੍ਰੇਰਿਤ ਕਰਦੇ ਹਨ।

ਇਸ ਫੈਲੋਸ਼ਿਪ ਵਿੱਚ ਪੰਜ ਸਾਲਾਂ ਦੌਰਾਨ ਅੱਠ ਲੱਖ ਡਾਲਰ ਦੀ ਰਾਸ਼ੀ ਦਿੱਤੀ ਜਾਂਦੀ ਹੈ।

ਜੌਹਨ ਡੀ ਅਤੇ ਕੈਥਰੀਨ ਟੀ ਮੈਕ ਆਰਥਰ ਫਾਊਂਡੇਸ਼ਨ ਵੱਲੋਂ ਦਿੱਤੀ ਜਾਣ ਵਾਲੀ ਇਸ ਫੈਲੋਸ਼ਿਪ ਨੂੰ ਜੀਨੀਅਸ ਗਰਾਂਟ ਫੈਲੋਸ਼ਿਪ ਵਜੋਂ ਜਾਣਿਆ ਜਾਂਦਾ ਹੈ। ਇਸ ਵਿੱਚ ਮਿਲਣ ਵਾਲੀ ਰਕਮ ਨੂੰ ਵਿਅਕਤੀ ਜਿਵੇਂ ਚਾਹੇ ਖ਼ਰਚ ਸਕਦਾ ਹੈ, ਉਸਦਾ ਕੋਈ ਹਿਸਾਬ ਨਹੀਂ ਮੰਗਿਆ ਜਾਂਦਾ।

ਇਸ ਲਈ ਕੋਈ ਅਰਜ਼ੀਆਂ ਨਹੀਂ ਮੰਗੀਆਂ ਜਾਂਦੀਆਂ ਅਤੇ ਜਦੋਂ ਤੱਕ ਚੋਣ ਨਾ ਹੋ ਜਾਵੇ, ਉਨ੍ਹਾਂ ਨੂੰ ਸੂਚਿਤ ਵੀ ਨਹੀਂ ਕੀਤਾ ਜਾਂਦਾ। ਇਹ ਫੈਲੋਸ਼ਿਪ ਹਰ ਸਾਲ 20-30 ਲੋਕਾਂ ਨੂੰ ਦਿੱਤੀ ਜਾਂਦੀ ਹੈ। ਇਸ ਸਾਲ ਵੀ ਸ਼ੈਲਜਾ ਪਾਇਕ ਦੇ ਨਾਲ21 ਹੋਰ ਜਣਿਆਂ ਨੂੰ ਇਹ ਫੈਲੋਸ਼ਿਪ ਦਿੱਤੀ ਜਾ ਰਹੀ ਹੈ ਜੋ, ਅਕਾਦਮਿਕ ਦੇ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਹਨ।

ਪਾਇਕ ਦੱਸਦੇ ਹਨ, “ਮੈਨੂੰ ਉਮੀਦ ਹੈ ਕਿ ਇਹ ਫੈਲੋਸ਼ਿਪ ਦੱਖਣੀ ਏਸ਼ੀਆ ਅਤੇ ਉਸ ਤੋਂ ਪਾਰ ਸਾਰੇ ਦਲਿਤਾਂ ਅਤੇ ਗੈਰ-ਦਲਿਤਾਂ ਲਈ ਜਾਤੀ ਦਾ ਖ਼ਤਮਾ ਕਰਨ ਦੀ ਲੜਾਈ ਨੂੰ ਬਲ ਦੇਵੇਗੀ।”

ਸਾਵਿਤਰੀ ਬਾਈ ਫੂਲੇ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਮੁਖੀ ਸ਼ਰਧਾ ਕੁਮਭੋਜਕਰ ਨੇ ਕਿਹਾ, “ਇਸ ਫੈਲੋਸ਼ਿਪ ਲਈ ਚੁਣੇ ਜਾਣ ਵਾਲੇ ਉਮੀਦਵਾਰ ਨੂੰ ਕੁਝ ਵੀ ਖਾਸ ਜਾਂ ਵੱਖਰਾ ਕਰਨ ਲਈ ਨਹੀਂ ਕਿਹਾ ਜਾਂਦਾ।”

“ਇਸ ਫੈਲੋਸ਼ਿਪ ਦੀ ਰਾਸ਼ੀ ਭਾਰਤੀ ਰੁਪਏ ਵਿੱਚ ਵੀ ਕਾਫ਼ੀ ਵੱਡੀ ਹੈ। ਮੈਕ ਆਰਥਰ ਲੋਕਾਂ ਵਿੱਚ ਨਿਵੇਸ਼ ਕਰਨ ਦੇ ਮੰਤਵ ਨਾਲ ਇਹ ਫੈਲੋਸ਼ਿਪ ਦਿੰਦੀ ਹੈ।”

ਇਹ ਫੈਲੋਸ਼ਿਪ ਚੰਗਾ ਕੰਮ ਕਰਦੇ ਰਹਿਣ ਦੀ ਲੋਕਾਂ ਦੀ ਯੋਗਤਾ ਵਿੱਚ ਭਰੋਸਾ ਦਿਖਾਉਂਦੀ ਹੈ।

ਇਸ ਲਈ ਫੈਲੋਸ਼ਿਪ ਲਈ ਵੱਖ-ਵੱਖ ਖੇਤਰਾਂ ਦੇ ਉੱਘੇ ਲੋਕ ਸੰਭਾਵਨਾਪੂਰਨ ਉਮੀਦਵਾਰਾਂ ਦੇ ਨਾਮ ਭੇਜਦੇ ਹਨ।

ਸ਼ੈਲਜਾ ਪਾਇਕ

ਤਸਵੀਰ ਸਰੋਤ, MacArthur Foundation

ਤਸਵੀਰ ਕੈਪਸ਼ਨ, ਸ਼ੈਲਜਾ ਪਾਇਕ ਦੀ ਖੋਜ ਦਾ ਵਿਸ਼ਾ ਆਧੁਨਿਕ ਭਾਰਤ ਵਿੱਚ ਦਲਿਤ ਔਰਤਾਂ ਦੇ ਜੀਵਨ ਦੇ ਪੱਖ ਜਾਤੀ, ਲਿੰਗ, ਅਤੇ ਸੈਕਸ਼ੂਐਲਿਟੀ ਦਾ ਅਧਿਐਨ ਸੀ।

ਦਲਿਤ ਔਰਤਾਂ: ਦਲਿਤਾਂ ਵਿੱਚ ਦਲਿਤ

ਸ਼ੈਲਜਾ ਪਾਇਕ ਦੀ ਖੋਜ ਦਾ ਵਿਸ਼ਾ ਆਧੁਨਿਕ ਭਾਰਤ ਵਿੱਚ ਦਲਿਤ ਔਰਤਾਂ ਦੇ ਜੀਵਨ ਦੇ ਪੱਖ ਜਾਤੀ, ਲਿੰਗ, ਅਤੇ ਸੈਕਸ਼ੂਐਲਿਟੀ ਦਾ ਅਧਿਐਨ ਸੀ।

ਆਪਣੇ ਸਮੁੱਚੇ ਅਧਿਐਨ ਬਾਰੇ ਉਹ ਕਹਿੰਦੇ ਹਨ, “ਦਲਿਤ ਭਾਰਤ ਦੀ ਅਬਾਦੀ ਦੇ 17 ਫ਼ੀਸਦੀ ਹਨ। ਮੈਂ ਮਹਿਸੂਸ ਕੀਤਾ ਕਿ ਦਲਿਤ ਔਰਤਾਂ ਦੀ ਸਿੱਖਿਆ ਬਾਰੇ ਬਹੁਤ ਥੋੜ੍ਹਾ ਕੰਮ ਹੋਇਆ ਹੈ। ਡੇਟਾ ਮਿਲਦਾ ਹੈ ਪਰ ਇਸ ਸੰਬੰਧ ਵਿੱਚ ਗਿਣਾਤਮਿਕ ਖੋਜ ਨਹੀਂ ਮਿਲਦੀ। ਕਿਸੇ ਨੇ ਇਨ੍ਹਾਂ ਦਲਿਤ ਔਰਤਾਂ ਦਾ ਇਤਿਹਾਸ ਨਹੀਂ ਲਿਖਿਆ ਹੈ। ਇਸ ਲਈ ਮੈਂ ਇਹ ਫੈਸਲਾ ਕੀਤਾ ਕਿ ਮੈਂ ਇਹ ਕੰਮ ਕਰਨਾ ਚਾਹੁੰਦੀ ਹਾਂ।”

“ਇਤਿਹਾਸਕ ਤੌਰ ਉੱਤੇ ਇੰਨੀ ਵੱਡੀ ਵਸੋਂ ਨੂੰ ਚੱਪਲਾਂ ਜਾਂ ਕਿਸੇ ਵੀ ਕਿਸਮ ਦੇ ਨਵੇਂ ਕੱਪੜੇ ਨਹੀਂ ਪਾਉਣ ਦਿੱਤੇ ਗਏ ਸਨ। ਉਨ੍ਹਾਂ ਨੂੰ ਸਿੱਖਿਆ, ਪਾਣੀ ਦੇ ਸਰੋਤਾਂ ਅਤੇ ਖੂਹਾਂ ਤੋਂ ਵੀ ਦੂਰ ਰੱਖਿਆ ਗਿਆ।”

“ਅਗਾਂਹ, ਦਲਿਤ ਔਰਤਾਂ ਤਾਂ ਬਿਨਾਂ ਸ਼ੱਕ ਇਸ ਤੋਂ ਵੀ ਜ਼ਿਆਦਾ ਵਿਹੂਣੀਆਂ ਅਤੇ ਦਮਿਤ ਹਨ। ਲਿੰਗਕ ਅਤੇ ਸਿਆਸੀ ਨੁਕਤਾ ਨਿਗਾਹ ਤੋਂ ਉਸਦੀ ਸਥਿਤੀ ਤਾਂ ਬਿਲਕੁਲ ਹੀ ਨਿਗੂਣੀ ਹੈ। ਇਸ ਲਈ ਦਲਿਤ ਔਰਤਾਂ ਦਲਿਤਾਂ ਵਿੱਚ ਵੀ ਦਲਿਤ ਹਨ।”

“ਇਹ ਉਹ ਸਮੁਦਾਇ ਹੈ ਜਿਸ ਤੋਂ ਮੈਂ ਆਉਂਦੀ ਹਾਂ। ਇਸ ਲਈ ਇਹ ਪਿਛਲੇ 25 ਸਾਲ ਤੋਂ ਮੇਰੇ ਅਧਿਐਨ, ਖੋਜ ਅਤੇ ਲੇਖਣੀ ਦਾ ਵਿਸ਼ਾ ਰਿਹਾ ਹੈ।”

ਸ਼ੈਲਜਾ ਛੋਟੇ ਹੁੰਦੇ ਆਪਣੀ ਮਾਂ ਸਰਿਤਾ ਦੇ ਨਾਲ ਖੜ੍ਹੇ ਹਨ

ਤਸਵੀਰ ਸਰੋਤ, Shailaja Paik

ਤਸਵੀਰ ਕੈਪਸ਼ਨ, ਸ਼ੈਲਜਾ ਛੋਟੇ ਹੁੰਦੇ ਆਪਣੀ ਮਾਂ ਸਰਿਤਾ ਦੇ ਨਾਲ ਖੜ੍ਹੇ ਹਨ

ਦਲਿਤ ਔਰਤਾਂ ਦੇ ਜੀਵਨ ਦਾ ਡੂੰਘਾਈ ਨਾਲ ਅਧਿਐਨ

ਆਪਣੇ ਅਧਿਐਨ ਦੇ ਜ਼ਰੀਏ ਸ਼ੈਲਜਾ ਨਸਲੀ ਦਬਦਬੇ ਬਾਰੇ ਇੱਕ ਨਜ਼ਰੀਆ ਮੁਹੱਈਆ ਕਰਵਾਉਂਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਲਿੰਗ ਅਤੇ ਸੈਕਸ਼ੂਐਲਿਟੀ ਦਾ ਵੀ ਅਧਿਐਨ ਕੀਤਾ ਹੈ। (ਕਿ ਇਨ੍ਹਾਂ ਨੇ ਕਿਵੇਂ ਦਲਿਤ ਔਰਤਾਂ ਦੇ ਸ਼ੋਸ਼ਣ, ਉਨ੍ਹਾਂ ਦੀ ਸਵੈ-ਧਾਰਨਾ ਅਤੇ ਸ਼ਖਸ਼ੀਅਤ ਨੂੰ ਪ੍ਰਭਾਵਿਤ ਕੀਤਾ ਹੈ।)

ਹਿੰਦੀ ਅਤੇ ਅੰਗਰੇਜ਼ੀ ਦੇ ਸਾਹਿਤ ਤੋਂ ਇਲਾਵਾ ਉਨ੍ਹਾਂ ਨੇ ਇੰਟਰਵਿਊਜ਼ ਅਤੇ ਤਤਕਾਲੀ ਦਲਿਤ ਔਰਤਾਂ ਦੇ ਅਨੁਭਵਾਂ ਦੇ ਜ਼ਰੀਏ ਇੱਕ ਅਜੋਕਾ ਪ੍ਰਸੰਗ ਸਿਰਜਿਆ ਹੈ।

ਉਨ੍ਹਾਂ ਨੇ ਦੋ ਕਿਤਾਬਾਂ— ਆਧੁਨਿਕ ਭਾਰਤ ਵਿੱਚ ਦਲਿਤ ਔਰਤਾਂ ਦੀ ਸਿੱਖਿਆ: ਦੂਹਰਾ ਵਿਤਕਰਾ (2014) ਅਤੇ ‘ਵਲਗੈਰਿਟੀ ਆਫ਼ ਕਾਸਟ: ਦਲਿਤਸ, ਸੈਕਸ਼ੂਐਲਿਟੀ ਐਂਡ ਹਿਊਮੈਨਿਟੀ ਇਨ ਮਾਡਰਨ ਇੰਡੀਆ’ ਲਿਖੀਆਂ ਹਨ।

ਸ਼ੈਲਜਾ ਪਾਇਕ

ਤਸਵੀਰ ਸਰੋਤ, MacArthur Foundation

ਤਸਵੀਰ ਕੈਪਸ਼ਨ, ਸ਼ੈਲਜਾ ਪਾਇਕ ਸਾਲ 2010 ਤੋਂ ਯੂਨੀਵਰਸਿਟੀ ਆਫ਼ ਸਿਨਸਿਨਾਟੀ ਨਾਲ ਜੁੜੇ ਹੋਏ ਹਨ।

ਸ਼ੈਲਜਾ ਦੀ ਤਰਬੀਅਤ ਕਿੱਥੇ ਹੋਈ?

ਸ਼ੈਲਜਾ ਪਾਇਕ ਸਾਲ 2010 ਤੋਂ ਯੂਨੀਵਰਸਿਟੀ ਆਫ਼ ਸਿਨਸਿਨਾਟੀ ਨਾਲ ਜੁੜੇ ਹੋਏ ਹਨ। ਉੱਥੇ ਉਹ ਔਰਤਾਂ, ਲਿੰਗ ਅਤੇ ਸੈਕਸ਼ੂਐਲਿਟੀ ਸਟੱਡੀਜ਼ ਅਤੇ ਏਸ਼ੀਅਨ ਸਟੱਡੀਜ਼ ਦੇ ਖੋਜ ਪ੍ਰੋਫੈਸਰ ਹਨ।

ਉਨ੍ਹਾਂ ਨੇ ਆਪਣੀ ਮਾਸਟਰਜ਼ ਦੀ ਪੜ੍ਹਾਈ 1994 ਤੋਂ 1996 ਦੌਰਾਨ ਸਾਵਿਤਰੀ ਬਾਈ ਫੂਲੇ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਤੋਂ ਕੀਤੀ ਹੈ।

ਸਾਲ 2000 ਵਿੱਚ ਉਨ੍ਹਾਂ ਨੂੰ ਇੰਡੀਅਨ ਕਾਊਂਸਲ ਆਫ਼ ਸੋਸ਼ਲ ਸਾਇੰਸ ਰਿਸਰਚ (ਆਈ.ਸੀ.ਐੱਸ.ਆਰ) ਵੱਲੋਂ ਐੱਮਫਿਲ ਦੀ ਪੜ੍ਹਾਈ ਲਈ ਵਿਦੇਸ਼ ਜਾਣ ਲਈ ਸਕਾਲਰਸ਼ਿਪ ਮਿਲ ਗਈ। ਇਸ ਤਰ੍ਹਾਂ ਉਹ ਇੰਗਲੈਂਡ ਚਲੇ ਗਏ।

ਉਥੋਂ ਉਨ੍ਹਾਂ ਨੂੰ ਅਗਲੀ ਪੜ੍ਹਾਈ ਲਈ ਅਮਰੀਕਾ ਜਾਣ ਦਾ ਮੌਕਾ ਮਿਲੀਆ। ਹੁਣ ਤੱਕ ਉਨ੍ਹਾਂ ਦੇ ਖੋਜ ਲਈ ਅਮਰੀਕਨ ਕਾਊਂਸਲ ਆਫ ਲਰਨਡ ਸੋਸਾਇਟੀਜ਼ , ਸੈਟਨਫੋਰਡ ਹਿਊਮੈਨਿਟੀਜ਼ ਸੈਂਟਰ, ਦਿ ਨੈਸ਼ਨਲ ਇੰਡਾਉਮੈਂਟ ਫਾਰ ਹਿਊਮੈਨਿਟੀਜ਼, ਦਿ ਅਮਰੀਕਨ ਇੰਸਟੀਚਿਊਟ ਆਫ਼ ਇੰਡੀਅਨ ਸਟੱਡੀਜ਼, ਯੇਲ ਯੂਨੀਵਰਸਿਟੀ, ਐਮਰੌਇ ਯੂਨੀਵਰਸਿਟੀ, ਦਿ ਫੋਰਡ ਫਾਊਂਡੇਸ਼ਨ, ਅਤੇ ਚਾਰਲਸ ਫਿਲਿਪਸ ਟਾਫਟ ਰਿਸਰਚ ਸੈਂਟਰ ਪੈਸਾ ਦਿੰਦੇ ਰਹੇ ਹਨ।

ਉਨ੍ਹਾਂ ਨੇ ਯੂਨੀਵਰਸਿਟੀ ਆਫ਼ ਵਾਰਵਿਕ, ਇੰਗਲੈਂਡ ਤੋਂ ਸਾਲ 2007 ਵਿੱਚ ਪੀਐੱਚਡੀ ਹਾਸਲ ਕੀਤੀ। ਉਨ੍ਹਾਂ ਨੇ ਯੂਨੀਅਨ ਕਾਲਜ ਵਿੱਚ (2008-2010) ਵਿਜ਼ਟਿੰਗ ਪ੍ਰੋਫੈਸਰ ਵਜੋਂ ਪੜ੍ਹਾਇਆ ਹੈ। ਉਹ ਯੇਲ ਯੂਨੀਵਰਸਿਟੀ ਵਿੱਚ ਪੀਐੱਚਡੀ ਤੋਂ ਅਗਲੇਰੀ ਪੜ੍ਹਾਈ (ਪੀਡੀਐੱਫ) ਲਈ ਐਸੋਸੀਏਟ ਅਤੇ ਸਹਾਇਕ ਪ੍ਰੋਫੈਸਰ ਰਹੇ ਹਨ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)