ਇਜ਼ਰਾਇਲੀ ਹਮਲਿਆਂ ਮਗਰੋਂ ਕੀ ਹੁਣ ਪੱਛਮੀ ਏਸ਼ੀਆ ਵਿੱਚ ਜੰਗ ਛਿੜਨ ਦਾ ਖ਼ਤਰਾ ਹੈ

ਤਸਵੀਰ ਸਰੋਤ, Reuters
ਗਾਜ਼ਾ ਵਿੱਚ ਯੁੱਧ ਜਾਰੀ ਹੈ। ਇਜ਼ਰਾਈਲ ਦਾ ਲੇਬਨਾਨ ਦੇ ਦੱਖਣ ਵਿੱਚ ਜ਼ਮੀਨੀ ਹਮਲਾ ਵੀ ਜਾਰੀ ਹੈ। ਇਸੇ ਦੌਰਾਨ ਈਰਾਨ ਨੇ ਇਜ਼ਰਾਈਲ ਉੱਤੇ ਕਰੀਬ 200 ਮਿਜ਼ਾਈਲਾਂ ਦਾਗ਼ੀਆਂ ਹਨ। ਉੱਥੇ ਹੀ ਦੂਜੇ ਪਾਸੇ ਇਜ਼ਰਾਈਲ ਨੇ ਹੂਤੀ ਬਾਗ਼ੀਆਂ ਉੱਤੇ ਬੰਬ ਵਰ੍ਹਾਏ ਹਨ।
ਪੱਛਮੀ ਏਸ਼ੀਆ ਵਿੱਚ ਲਗਾਤਾਰ ਵੱਧ ਰਹੇ ਤਣਾਅ ਦੇ ਕਾਰਨ ਦੁਨੀਆਂ ਭਰ ਦੇ ਸਿਆਸਤਦਾਨਾਂ ਅਤੇ ਵਿਸ਼ਲੇਸ਼ਕਾਂ ਨੂੰ ਖਿੱਤੇ ਵਿੱਚ ਜੰਗ ਛਿੜਨ ਦਾ ਡਰ ਸਤਾ ਰਿਹਾ ਹੈ।
ਅਸੀਂ ਪੱਛਮੀ ਏਸ਼ੀਆ ਦੇ ਵੱਖ-ਵੱਖ ਖਿੱਤਿਆਂ ਨੂੰ ਕਵਰ ਕਰਨ ਵਾਲੇ ਬੀਬੀਸੀ ਪੱਤਰਕਰਾਰਾਂ ਤੋਂ ਜਾਨਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਮਾਹੌਲ ਵਿੱਚ ਜੰਗ ਛਿੜਨ ਦੀ ਕਿੰਨੀ ਕੁ ਸੰਭਾਵਨਾ ਹੈ ਅਤੇ ਕੀ ਇਹ ਯੁੱਧ ਆਲਮੀ ਸੰਘਰਸ਼ ਦਾ ਰੂਪ ਧਾਰਨ ਕਰ ਸਕਦਾ ਹੈ।
ਨਵਲ ਅਲ-ਮਗਫ਼ੀ, ਸੀਨੀਅਰ ਕੌਮਾਂਤਰੀ ਖੋਜੀ ਪੱਤਰਕਾਰ
ਹਮਾਸ ਦੇ ਸਿਹਤ ਮੰਤਰਾਲੇ ਦੇ ਮੁਤਾਬਕ ਇਜ਼ਰਾਈਲ ਦੇ ਹਮਲੇ ਨਾਲ ਹੁਣ ਤੱਕ 40,000 ਤੋਂ ਜ਼ਿਆਦਾ ਜਾਨਾਂ ਜਾ ਚੁੱਕੀਆਂ ਹਨ। ਸਿਰਫ ਇੱਕ ਹਫ਼ਤੇ ਵਿੱਚ ਲੇਬਨਾਨ ਵਿੱਚ 1,000 ਤੋਂ ਜ਼ਿਆਦਾ ਜਾਨਾਂ ਗਈਆਂ ਹਨ। ਜਾਨ-ਮਾਲ ਦਾ ਇਹ ਨੁਕਸਾਨ ਦਿਲ ਕੰਬਾਊ ਹੈ।
ਇਨ੍ਹਾਂ ਇਲਾਕਿਆਂ ਵਿੱਚ ਲੱਖਾਂ ਲੋਕ ਉੱਜੜ ਗਏ ਹਨ ਅਤੇ ਪੂਰਾ ਖਿੱਤਾ ਖੰਡਰ ਬਣ ਚੁੱਕਿਆ ਹੈ। ਸਾਡੇ ਸਾਹਮਣੇ ਇਸ ਖੇਤਰ ਦਾ ਦਹਾਕਿਆਂ ਦਾ ਸਭ ਤੋਂ ਵੱਡਾ ਸੰਕਟ ਹੈ।
ਪਿਛਲੇ ਹਫ਼ਤੇ ਹਿਜ਼ਬੁੱਲ੍ਹਾ ਆਗੂ ਹਸਨ ਨਸਰੱਲ੍ਹਾ ਦੀ ਮੌਤ ਤੋਂ ਬਾਅਦ ਇਜ਼ਰਾਈਲ ਵਿੱਚ ਜਸ਼ਨ ਮਨਾਇਆ ਗਿਆ।
ਹਾਲਾਂਕਿ ਨਸਰੱਲ੍ਹਾ ਅਤੇ ਇਸਮਾਈਲ ਹਾਨੀਏ ਦੋਵਾਂ ਦੀ ਹੱਤਿਆ ਨਾਲ ਈਰਾਨ ਦੀ ਕਥਿਤ “ਐਕਸਿਸ ਆਫ਼ ਰਿਜ਼ਿਸਟੈਂਸ” ਨੂੰ ਖ਼ਤਮ ਕਰਨ ਦੇ ਇੱਛੁਕ ਲੋਕਾਂ ਨੂੰ ਕੁਝ ਪਲ ਲਈ ਸੰਤੁਸ਼ਟੀ ਜ਼ਰੂਰ ਮਿਲੀ ਹੋਵੇਗੀ, ਲੇਕਿਨ ਅਜਿਹਾ ਜਸ਼ਨ ਕਾਹਲੀ ਹੈ।
ਐਕਸਿਸ ਆਫ਼ ਰਿਜ਼ਿਸਟੈਂਸ ਈਰਾਨ ਦੀ ਮਦਦ ਨਾਲ ਖੜ੍ਹਾ ਹੋਇਆ ਹੈ ਅਤੇ ਇਸ ਵਿੱਚ ਹਮਾਸ, ਹਿਜ਼ਬੁੱਲ੍ਹਾ, ਹੂਤੀ ਬਾਗ਼ੀਆਂ ਸਮੇਤ ਇਰਾਕ ਅਤੇ ਸੀਰੀਆ ਦੇ ਵਿਦਰੋਹੀ ਗਰੁੱਪ ਸ਼ਾਮਲ ਹਨ।
ਬੇਸ਼ੱਕ ਇਜ਼ਰਾਈਲ ਨੇ ਆਪਣੇ ਇਨ੍ਹਾਂ ਹਮਲਿਆਂ ਰਾਹੀਂ ਜੋ ਉਸ ਨੇ ਨਿਸ਼ਾਨਾ ਬਣਾ ਕੇ ਕੀਤੇ ਹਨ ਅਤੇ ਹਵਾਈ ਹਮਲਿਆਂ ਨਾਲ ਹਿਜ਼ਬੁੱਲ੍ਹਾ ਨੂੰ ਜ਼ੋਰਦਾਰ ਝਟਕਾ ਦਿੱਤਾ ਹੈ। ਇਨ੍ਹਾਂ ਹਮਲਿਆਂ ਵਿੱਚ ਉਨ੍ਹਾਂ ਦੇ ਪ੍ਰਮੁੱਖ ਆਗੂਆਂ ਦਾ ਸਫ਼ਾਇਆ ਹੋ ਗਿਆ ਹੈ। ਕਈ ਸਾਲਾਂ ਤੋਂ ਜਾਰੀ ਇਸ ਮੁਹਿੰਮ ਦਾ ਭਿਆਨਕ ਅਸਰ ਗਾਜ਼ਾ ਦੇ ਲੱਖਾਂ ਲੋਕਾਂ ਦੀ ਜ਼ਿੰਦਗੀ ਉੱਤੇ ਪਿਆ ਹੈ।
ਇਸ ਨਾਲ ਹਮਾਸ ਦੀ ਸ਼ਕਤੀ ਵਿੱਚ ਕਾਫ਼ੀ ਕਮੀ ਆਈ ਹੈ। ਬਾਵਜੂਦ ਇਸਦੇ ਇੱਕ ਅਹਿਮ ਸਿਆਸੀ ਅਤੇ ਫ਼ੌਜੀ ਸ਼ਕਤੀ ਦੇ ਰੂਪ ਵਿੱਚ ਹਮਾਸ ਦਾ ਅੰਤ ਹੋਣ ਦੀ ਫ਼ਿਲਹਾਲ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ।

ਤਸਵੀਰ ਸਰੋਤ, AFP
ਅਲਹਿਦਾ ਸੋਚਣ ਵਾਲੇ ਲੋਕ ਉਹ ਜਾਨਣ-ਸਮਝਣ ਵਿੱਚ ਅਸਫਲ ਰਹਿ ਜਾਂਦੇ ਹਨ ਕਿ ਅਜਿਹੇ ਸਮੂਹ ਆਪਣੀ ਪਹੁੰਚ ਅਤੇ ਪ੍ਰਭਾਵ ਕਿਵੇਂ ਬਣਾਉਂਦੇ ਅਤੇ ਇਸ ਪ੍ਰਭਾਵ ਨੂੰ ਕਿਵੇਂ ਕਾਇਮ ਰੱਖਦੇ ਹਨ।
ਇਹ ਡੂੰਘੇ ਸੰਸਥਾਗਤ ਅੰਦੋਲਨ ਹਨ, ਜੋ ਉਸ ਸਮਾਜਿਕ ਅਤੇ ਸਿਆਸੀ ਤਾਣੇ-ਬਾਣੇ ਵਿੱਚ ਪੀਢੀ ਤਰ੍ਹਾਂ ਬੁਣੇ ਹੁੰਦੇ ਹਨ ਜਿਸ ਵਿੱਚ ਇਹ ਸਰਗਰਮ ਹੁੰਦੇ ਹਨ। ਨਸਰੱਲ੍ਹਾ ਦੀ ਹੱਤਿਆ ਅਤੇ ਈਰਾਨ ਦੀ ਪ੍ਰਤੀਕਿਰਿਆ ਨੇ ਇਸ ਖੇਤਰ ਨੂੰ ਖ਼ਤਰਨਾਕ ਢੰਗ ਨਾਲ ਇੱਕ ਵਿਆਪਕ ਯੁੱਧ ਦੀਆਂ ਦੇਹਲੀਆਂ ਉੱਤੇ ਲਿਆ ਕੇ ਖੜ੍ਹਾ ਦਿੱਤਾ ਹੈ।
ਈਰਾਨ ਦੇ ਮਿਜ਼ਾਈਲ ਹਮਲੇ ਦੇ ਮੱਦੇ ਨਜ਼ਰ ਇਜ਼ਰਾਈਲੀ ਆਗੂਆਂ ਵੱਲੋਂ ਜੋ ਬਿਆਨ ਆ ਰਹੇ ਹਨ, ਉਨ੍ਹਾਂ ਤੋਂ ਸਾਫ਼ ਪਤਾ ਲਗਦਾ ਹੈ ਕਿ ਸੰਘਰਸ਼ ਅਜੇ ਹੋਰ ਭਖੇਗਾ ਅਤੇ ਇਸ ਨੂੰ ਰੋਕਿਆ ਨਹੀਂ ਜਾ ਸਕਦਾ।
ਇਸ ਵਿੱਚ ਸਿੱਧੇ ਤੌਰ ਉੱਤੇ ਦੋ ਦੁਸ਼ਮਣ ਸ਼ਾਮਿਲ ਹਨ। ਇੱਕ ਪਾਸੇ ਲੇਬਨਾਨ, ਸੀਰੀਆ, ਯਮਨ ਅਤੇ ਇਰਾਕ ਵਿੱਚ ਇਰਾਨੀ ਸ਼ਹਿ ਹਾਸਲ ਤਾਕਤਾਂ ਹਨ। ਦੂਜੇ ਪਾਸੇ ਪੱਛਮ ਵਿੱਚ ਇਜ਼ਰਾਈਲ ਦੇ ਸਹਿਯੋਗੀ ਦੇਸ ਜਿਵੇਂ ਅਮਰੀਕਾ ਅਤੇ ਬ੍ਰਿਟੇਨ ਸ਼ਾਮਿਲ ਹਨ।
ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਜ਼ਰਾਈਲ ਕਿਵੇਂ ਜਵਾਬੀ ਕਾਰਵਾਈ ਕਰੇਗਾ।
ਇਜ਼ਰਾਈਲ ਦੇ ਸਾਬਕਾ ਪ੍ਰਧਾਨ ਮੰਤਰੀ ਨੇਫ਼ਤਾਲੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਪੋਸਟ ਕਰਕੇ ਲਿਖਿਆ, “ਇਜ਼ਰਾਈਲ ਕੋਲ ਇਹ ਪੱਛਮੀ ਏਸ਼ੀਆ ਦਾ ਮੁਹਾਂਦਰਾ ਬਦਲਣ ਦਾ 50 ਸਾਲਾਂ ਵਿੱਚ ਸਭ ਤੋਂ ਵੱਡਾ ਮੌਕਾ ਹੈ।”
ਉਨ੍ਹਾਂ ਨੇ ਸੁਝਾਅ ਦਿੱਤਾ, “ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਤਬਾਹ ਕਰਨ ਲਈ, ਇਸਦੀਆਂ ਕੇਂਦਰੀ ਊਰਜਾ ਢਾਂਚਿਆਂ ਅਤੇ ਇਸ ਦਹਿਸ਼ਤਗਰਦ ਰਾਜ ਨੂੰ ਘਾਤਕ ਰੂਪ ਵਿੱਚ ਪੰਗੂ ਬਣਾਉਣ ਲਈ ਹੁਣੇ ਕਾਰਵਾਈ ਕਰਨੀ ਚਾਹੀਦੀ ਹੈ।”

ਜੇ ਉਨ੍ਹਾਂ ਦੇ ਸ਼ਬਦ ਇਜ਼ਰਾਈਲ ਦੇ ਇਰਾਦਿਆਂ ਦਾ ਕੋਈ ਸੰਕੇਤ ਹਨ ਤਾਂ ਇਸ ਵਿੱਚ ਕੋਈ ਦੋ ਰਾਇ ਨਹੀਂ ਹੈ ਕਿ ਪੱਛਮੀ ਏਸ਼ੀਆ ਇਸ ਸਮੇਂ ਇੱਕ ਅਜਿਹੇ ਵਿਨਾਸ਼ਕਾਰੀ ਮੋੜ ਉੱਤੇ ਖੜ੍ਹਾ ਹੈ ਜਿੱਥੇ ਉਹ ਪਹਿਲਾਂ ਕਦੇ ਨਹੀਂ ਸੀ।
ਗਾਜ਼ਾ ਵਿੱਚ ਯੁੱਧ ਸ਼ੁਰੂ ਹੋਣ ਤੋਂ ਬਾਅਦ ਹੀ ਉੱਥੇ ਤਣਾਅ ਘੱਟ ਕਰਨ ਦੀਆਂ ਕੂਟਨੀਤਿਕ ਕੋਸ਼ਿਸ਼ਾਂ ਨਾਕਾਮ ਰਹੀਆਂ ਹਨ। ਵੱਡੀਆਂ ਤਾਕਤਾਂ ਲੜਾਈ ਨੂੰ ਰੋਕਣ ਜਾਂ ਆਪਣੀ ਤਾਕਤ ਦੇ ਬੂਤੇ ਉਸ ਨੂੰ ਪ੍ਰਭਾਵਿਤ ਨਹੀਂ ਕਰ ਸਕੀਆਂ। ਇਹ ਨਾਕਾਮੀ ਇੱਕ ਖਿੰਡਰੀ ਹੋਈ ਆਲਮੀ ਵਿਵਸਥਾ ਦਾ ਲੱਛਣ ਹੈ, ਜੋ ਕੌਮਾਂਤਰੀ ਕਨੂੰਨ ਅਤੇ ਇੱਥੋਂ ਤੱਕ ਕਿ ਦੂਰ ਰਸੀ ਨਿਯਮਾਂ ਨੂੰ ਲਾਗੂ ਕਰਨ ਦੇ ਲਈ ਇਕੱਠੇ ਹੋਣ ਵਿੱਚ ਅਸਮਰਥ ਹੈ।
ਇਹ ਇੱਕ ਅਜਿਹੀ ਤਰੇੜ ਹੈ ਜੋ ਸਮੇਂ ਦੇ ਨਾਲ ਹੋਰ ਡੂੰਘੀ ਹੁੰਦੀ ਜਾ ਰਹੀ ਹੈ ਅਤੇ ਜਿਸਦਾ ਭਿਆਨਕ ਅਸਰ ਇਸ ਖਿੱਤੇ ਦੇ ਲੋਕਾਂ ਉੱਤੇ ਪਵੇਗਾ।
ਨਿਰਰੀਨ ਹਾਤੂਨ, ਬੀਬੀਸੀ ਅਰਬੀ ਸੇਵਾ ਦੀ ਪੱਤਰਕਾਰ, ਬੇਰੂਤ
ਵਿਆਪਕ ਯੁੱਧ ਦਾ ਸਾਹਮਣਾ ਕਰਨ ਅਤੇ ਸਹਿਣ ਲਈ ਲੇਬਨਾਨੀ ਇਸ ਸਮੇਂ ਤਿਆਰ ਨਹੀਂ ਹਨ। ਗੁਆਂਢੀ ਮੁਲਕਾਂ ਵਿੱਚ ਚਾਰੋਂ ਪਾਸਿਓ ਜੰਗ ਦੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨ। ਇਸ ਵਿੱਚ ਸੀਰੀਆ, ਈਰਾਨ, ਇਰਾਕ, ਯਮਨ ਅਤੇ ਸ਼ਾਇਦ ਜਾਰਡਨ ਸ਼ਾਮਲ ਹੋਣਗੇ।
ਮੰਗਲਵਾਰ ਨੂੰ ਇਜ਼ਰਾਈਲ ਉੱਤੇ ਇਰਾਨੀ ਮਿਜ਼ਾਈਲ ਹਮਲਿਆਂ ਤੋਂ ਬਾਅਦ ਇਹ ਸੰਭਾਵਨਾ ਦੁਗਣੀ ਹੋ ਗਈ ਹੈ।
ਹੁਣ ਜੇ ਈਰਾਨ ਇੱਕ ਵਾਰ ਫਿਰ ਮਿਜ਼ਾਈਲ ਹਮਲਾ ਕਰਦਾ ਹੈ ਤਾਂ ਅਮਰੀਕਾ ਅਤੇ ਇਜ਼ਰਾਈਲ ਦੀ ਹਮਾਇਤ ਕਰਨ ਵਾਲੇ ਹੋਰ ਪੱਛਮੀ ਮੁਲਕ ਦਖ਼ਲ ਦੇ ਸਕਦੇ ਹਨ। ਇਸ ਨਾਲ ਚਾਰੋਂ ਪਾਸਿਓਂ ਜੰਗ ਛਿੜਨ ਦੀ ਸੰਭਾਵਨਾ ਹੋਰ ਵੱਧ ਜਾਵੇਗੀ।
ਇਜ਼ਰਾਈਲ ਲੇਬਨਾਨ ਵਿੱਚ ਹਿਜ਼ਬੁੱਲ੍ਹਾ ਨੂੰ ਨਿਸ਼ਾਨਾ ਬਣਾ ਰਿਹਾ ਹੈ ਨਾ ਕਿ ਲੇਬਨਾਨੀ ਫ਼ੌਜ ਨੂੰ, ਲੇਬਨਾਨ ਦੀ ਵਾਹ ਤਾਂ ਜੰਗ ਨੂੰ ਰੋਕਣ ਦੀ ਹੈ।

ਤਸਵੀਰ ਸਰੋਤ, Reuters
ਫਰਾਂਸ ਦੀ ਅਗਵਾਈ ਵਿੱਚ ਕਈ ਦੇਸਾਂ ਦੇ ਅਹੁਦੇਦਾਰ ਕੂਟਨੀਤੀ ਰਾਹੀਂ ਜੰਗ ਬੰਦੀ ਦੇ ਸਮਝੌਤੇ ਉੱਤੇ ਪਹੁੰਚਣ ਲਈ ਦਿਨ ਰਾਤ ਇੱਕ ਕਰ ਰਹੇ ਹਨ। ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਦਾ ਮਕਸਦ ਸੰਯੁਕਤ ਰਾਸ਼ਟਰ ਦੇ ਮਤੇ 1701 ਨੂੰ ਲਾਗੂ ਕਰਨਾ, ਲੇਬਨਾਨੀ ਫ਼ੌਜ ਮਜ਼ਬੂਤ ਕਰਨਾ, ਉਸਦਾ ਸਾਥ ਦੇਣਾ ਅਤੇ ਉਸ ਨੂੰ ਲੇਬਨਾਨ ਦੇ ਦੱਖਣ ਵਿੱਚ ਤੈਨਾਤ ਕਰਨਾ ਹੈ।
ਅੰਦਰੋਂ ਵੀ ਰਾਸ਼ਟਰਪਤੀ ਦੀਆਂ ਚੋਣਾਂ ਅਤੇ ਸੰਵਿਧਾਨਕ ਸੰਸਥਾਵਾਂ ਨੂੰ ਸਰਗਰਮ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਹੋ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਹਿਜ਼ਬੁੱਲ੍ਹਾ ਦੇ ਤਾਕਰਵਰ ਹੋਣ ਦਾ ਇੱਕ ਕਾਰਨ ਲੇਬਨਾਨ ਦੀ ਅੰਦਰੂਨੀ ਸਿਆਸੀ ਖੜੋਤ ਵੀ ਹੈ।
ਲੇਬਨਾਨ ਵਾਸੀ ਕਦੇ ਵੀ ਯੁੱਧ ਦੇ ਇੱਛੁਕ ਨਹੀਂ ਸਗੋਂ ਉਹ ਇਸ ਸੰਘਰਸ਼ ਤੋਂ ਤੰਗ ਆ ਚੁੱਕੇ ਹਨ। ਖ਼ਾਸ ਕਰਕੇ ਅਕਤੂਬਰ 2019 ਤੋਂ ਜਾਰੀ ਰਹੇ ਆਰਥਿਕ ਸੰਕਟ ਨਾਲ ਜੂਝਣ ਤੋਂ ਬਾਅਦ।
ਜ਼ਿਆਦਾਤਰ ਲੋਕ ਯੁੱਧ ਤੋਂ ਬਚ ਕੇ ਪੁਰ ਅਮਨ ਵਸਣਾ ਚਾਹੁੰਦੇ ਹਨ। ਕੁਝ ਲੇਬਨਾਨੀ ਮੰਨਦੇ ਹਨ ਕਿ ਉਨ੍ਹਾਂ ਨੂੰ ਜੰਗ ਵਿੱਚ ਧੱਕੇ ਨਾਲ ਘਸੀਟਿਆ ਗਿਆ ਹੈ ਅਤੇ ਇਹ ਉਨ੍ਹਾਂ ਦੀ ਲੜਾਈ ਨਹੀਂ ਹੈ। ਉੱਥੇ ਹੀ ਕਈਆਂ ਨੂੰ ਲਗਦਾ ਹੈ ਕਿ ਅਰਬ-ਇਜ਼ਰਾਈਲ ਸੰਘਰਸ਼ ਨੂੰ ਰੋਕਣ ਦਾ ਸਮਾਂ ਆ ਗਿਆ ਹੈ ਤਾਂ ਜੋ ਸਥਾਈ ਸ਼ਾਂਤੀ ਨਸੀਬ ਹੋਵੇ।
ਲੇਬਨਾਨ ਨੂੰ ਟੁੱਟਣ ਤੋਂ ਬਚਾਉਣ ਲਈ ਕੂਟਨੀਤਿਕ ਜਤਨਾਂ ਨਾਲ ਹੀ ਇਸ ਵਿਆਪਕ ਜੰਗ ਨੂੰ ਰੋਕਿਆ ਜਾ ਸਕਦਾ ਹੈ। ਪਿਛਲੀਆਂ ਜੰਗਾਂ ਵਿੱਚ ਇਹ ਸਾਬਿਤ ਹੋ ਚੁੱਕਿਆ ਹੈ ਕਿ ਫ਼ੌਜੀ ਮੁਹਿੰਮਾਂ ਨਾਲ ਕੋਈ ਸਥਾਈ ਹੱਲ ਨਹੀਂ ਮਿਲਦਾ ਅਤੇ ਸੰਘਰਸ਼ ਨੂੰ ਖ਼ਤਮ ਕਰਨ ਲਈ ਗੱਲਬਾਤ ਅਤੇ ਕੂਟਨੀਤਿਕ ਵਸੀਲਿਆਂ ਦਾ ਸਹਾਰਾ ਲੈਣਾ ਜ਼ਿਆਦਾ ਅਸਰਦਾਰ ਹੋ ਸਕਦਾ ਹੈ।
ਜੇ ਅਸੀਂ ਪਿਛਾਂਹ ਮੁੜ ਕੇ ਦੇਖੀਏ ਤਾਂ 2006 ਵਿੱਚ ਇਜ਼ਰਾਈਲ ਦੇ ਨਾਲ ਜੰਗ ਸਿਰਫ਼ 34 ਦਿਨਾਂ ਤੱਕ ਚਲਿਆ ਸੀ ਅਤੇ ਉਸ ਸਮੇਂ ਸਥਿਤੀਆਂ ਜੁਦਾ ਸਨ। ਇੰਨਾ ਹੀ ਨਹੀਂ ਉਸ ਯੁੱਧ ਦੇ ਦੌਰਾਨ ਨਾ ਤਾਂ ਗਾਜ਼ਾ ਵਿੱਚ ਕੋਈ ਯੁੱਧ ਹੋਇਆ, ਨਾ ਹੀ ਸੀਰੀਆ, ਇਰਾਕ, ਈਰਾਨ ਅਤੇ ਯਮਨ ਨੇ ਕੋਈ ਹਿੱਸਾ ਲਿਆ ਸੀ।
ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਹੁਣ ਦੀ ਸਥਿਤੀ 2006 ਨਾਲੋਂ ਬਿਲਕੁਲ ਉਲਟ ਹੈ। ਇਸ ਵਿੱਚ ਕਈ ਖੇਤਰੀ ਖਿਡਾਰੀ ਸ਼ਾਮਲ ਹਨ। ਉੱਥੇ ਹੀ ਅੰਦਰੂਨੀ ਤੌਰ ’ਤੇ ਲੇਬਨਾਨ ਇੱਕ ਕਮਜ਼ੋਰ ਦੇਸ ਹੈ, ਜਿਸਦੀ ਫ਼ੌਜ ਕੰਟਰੋਲ ਕਰਨ ਵਿੱਚ ਅਸਮਰਥ ਹੈ।
ਮੁਹੱਨਦ ਟੁਟੁਨਜੀ, ਬੀਬੀਸੀ ਅਰਬੀ ਪੱਤਰਕਾਰ, ਯਰੂਸ਼ੇਲਮ
ਪੱਛਮੀ ਏਸ਼ੀਆ ਕਈ ਅਦਭੁਤ ਘਟਨਾਵਾਂ ਦਾ ਗਵਾਹ ਰਿਹਾ ਹੈ ਜੋ ਸੰਭਾਵਿਤ ਰੂਪ ਨਾਲ ਇੱਕ ਚਿੰਤਾਜਨਕ ਆਲਮੀ ਸੰਘਰਸ਼ ਵਿੱਚ ਬਦਲ ਸਕਦੀਆਂ ਹਨ।
ਇਜ਼ਰਾਈਲ ਅਤੇ ਹਿਜ਼ਬੁੱਲ੍ਹਾ ਜਾਂ ਇੱਥੋਂ ਤੱਕ ਕਿ ਈਰਾਨ ਦੇ ਵਿੱਚ ਚੱਲ ਰਹੀ ਰੱਸਾਕਸ਼ੀ ਵਿਆਪਕ ਯੁੱਧ ਦੀ ਸੰਭਾਵਨਾ ਵੱਲ ਇਸ਼ਾਰਾ ਕਰਦੀ ਹੈ।
ਹਾਲ ਦੀਆਂ ਅਹਿਮ ਘਟਨਾਵਾਂ ਜਿਵੇਂ ਕਿ ਹਮਾਸ ਦੇ ਸਿਆਸੀ ਆਗੂ ਇਸਮਾਇਲ ਹਾਨੀਏ ਅਤੇ ਹਿਜ਼ਬੁੱਲ੍ਹਾ ਦੇ ਸਕੱਤਰ ਜਨਰਲ ਨਸਰੱਲ੍ਹਾ ਦੀ ਹੱਤਿਆ, ਹਮਾਸ ਅਤੇ ਹਿਜ਼ਬੁੱਲ੍ਹਾ ਦੇ ਸੀਨੀਅਰ ਸਿਆਸੀ ਅਤੇ ਮਿਲਟਰੀ ਆਗੂਆਂ ਦੀ ਹੱਤਿਆ ਦੇ ਬਾਵਜੂਦ ਖੇਤਰੀ ਯੁੱਧ ਨਹੀਂ ਛਿੜਿਆ ਹੈ।

ਤਸਵੀਰ ਸਰੋਤ, Getty Images
ਮੱਧ ਪੂਰਬ ਵਿੱਚ ਇਜ਼ਰਾਇਲੀ ਮਾਮਲਿਆਂ ਅਤੇ ਹਿਜ਼ਬੁੱਲ੍ਹਾ ਦੇ ਨਾਲ ਉਸ ਦੇ ਪਿਛਲੇ ਯੁੱਧਾਂ ਉੱਤੇ ਨਿਗ੍ਹਾ ਰੱਖਣ ਵਾਲੇ ਪੱਤਰਕਾਰ ਦੇ ਰੂਪ ਵਿੱਚ ਮੈਨੂੰ ਸ਼ੱਕ ਸੀ ਕਿ ਇਜ਼ਰਾਈਲ ਵੱਲੋਂ ਹਸਨ ਨਸਰੱਲ੍ਹਾ ਦੀ ਹੱਤਿਆ ਨਾਲ ਤੁਰੰਤ ਇੱਕ ਵਿਆਪਕ ਜੰਗ ਛਿੜ ਸਕਦੀ ਹੈ। ਜਿਸ ਵਿੱਚ ਅੱਗੇ ਜਾ ਕੇ ਈਰਾਨ ਵੀ ਸ਼ਾਮਲ ਹੋ ਸਕਦਾ ਹੈ, ਲੇਕਿਨ ਅਜਿਹਾ ਨਹੀਂ ਹੋਇਆ।
ਅਜਿਹੀਆਂ ਘਟਨਾਵਾਂ ਵਾਪਰਨ ਉੱਤੇ ਹਮੇਸ਼ਾ ਇਲਾਕੇ ਦੇ ਰਸੂਖਦਾਰ ਖੇਤਰੀ ਜੰਗ ਛਿੜਨ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਵਿੱਚ ਅਮਰੀਕਾ ਦੀ ਭੂਮਿਕਾ ਅਹਿਮ ਹੁੰਦੀ ਹੈ।
ਹਾਲਾਂਕਿ ਇਹ ਜਤਨ ਥੋੜ੍ਹੇ ਸਮੇਂ ਲਈ ਤਾਂ ਸਫ਼ਲ ਹੋ ਸਕਦੇ ਹਨ, ਲੇਕਿਨ ਸਵਾਲ ਇਹ ਹੈ ਕਿ ਕੀ ਇਜ਼ਰਾਈਲ ਅਤੇ ਈਰਾਨ ਦੇ ਆਪਸੀ ਹਮਲੇ ਇੱਕ ਚਾਰੋਂ ਪਾਸਿਓ ਛਿੜੇ ਯੁੱਧ ਦਾ ਕਾਰਨ ਬਣ ਸਕਦੇ ਹਨ, ਜਿਸ ਨੂੰ ਰੋਕਣਾ ਨਾਮੂਮਕਿਨ ਹੈ?
ਇਜ਼ਰਾਈਲ ਅਤੇ ਈਰਾਨ ਦੇ ਦਰਮਿਆਨ ਇੱਕ ਖੇਤਰੀ ਜੰਗ ਦੀ ਚੰਗਿਆੜੀ ਮੌਜੂਦ ਹੈ, ਜੋ ਕਦੇ ਵੀ ਆਲਮੀ ਸੰਘਰਸ਼ ਦਾ ਭਾਂਬੜ ਬਣ ਸਕਦੀ ਹੈ।
ਇਸ ਚੰਗਿਆੜੀ ਨੂੰ ਅਪ੍ਰੈਲ ਵਿੱਚ ਹਵਾ ਮਿਲ ਗਈ ਸੀ ਜਦੋਂ ਇਜ਼ਰਾਈਲ ਨੇ ਇਰਾਨੀ ਕਾਊਂਸਲੇਟ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ ਅਤੇ ਇਸ ਤੋਂ ਬਾਅਦ ਈਰਾਨ ਨੇ ਆਪਣੀ ਸਰਹੱਦ ਤੋਂ ਇਜ਼ਰਾਈਲ ਉੱਤੇ ਸੈਂਕੜੇ ਹਵਾਈ ਹਮਲੇ ਕੀਤੇ ਸਨ।
ਅਮਰੀਕਾ ਹਾਲਾਤ ਨੂੰ ਕਾਬੂ ਕਰਨ ਵਿੱਚ ਸਫ਼ਲ ਰਿਹਾ। ਉਸ ਸਮੇਂ, ਰਿਪੋਰਟ ਕੀਤਾ ਗਿਆ ਸੀ ਕਿ ਹਮਲੇ ਤੋਂ ਤੁਰੰਤ ਮਗਰੋਂ ਜੋਅ ਬਾਇਡਨ ਅਤੇ ਨੇਤਨਯਾਹੂ ਨੇ ਦੁਵੱਲੀ ਗੱਲਬਾਤ ਕੀਤੀ। ਉਸ ਦੌਰਾਨ ਲਗਭਗ 100 ਬਲੈਸਟਿਕ ਮਿਜ਼ਾਈਲਾਂ ਇਕੱਠੀਆਂ ਇਜ਼ਰਾਈਲ ਵੱਲ ਉੱਡ ਰਹੀਆਂ ਸਨ।
ਗੱਲਬਾਤ ਦੇ ਦੌਰਾਨ ਦੋਵਾਂ ਆਗੂਆਂ ਨੇ ਘਟਨਾਕ੍ਰਮ ਨੂੰ ਕਿਵੇਂ ਮੱਧਮ ਕੀਤਾ ਜਾਵੇ ਅਤੇ ਉਨ੍ਹਾਂ ਬਾਰੇ ਕਿਵੇਂ ਸੋਚਿਆ ਜਾਵੇ, ਇਸ ਉੱਤੇ ਚਰਚਾ ਕੀਤੀ। ਅਮਰੀਕਾ ਨੇ ਇਹ ਵੀ ਸਾਫ਼ ਕੀਤਾ ਕਿ ਉਹ ਕਿਸੇ ਵੀ ਜਵਾਬੀ ਹਮਲੇ ਵਿੱਚ ਇਜ਼ਰਾਈਲ ਦੀ ਧਿਰ ਨਹੀਂ ਬਣੇਗਾ।
ਹਾਲਾਂਕਿ ਹਾਨੀਏ ਅਤੇ ਨਸਰੱਲ੍ਹਾ ਦੀਆਂ ਹੱਤਿਆਵਾਂ ਅਤੇ ਹਿਜ਼ਬੁੱਲ੍ਹਾ ਉੱਤੇ ਇਸ ਇਜ਼ਰਾਈਲੀ ਹਮਲਿਆਂ ਸਮੇਤ ਕਈ ਘਟਨਾਵਾਂ ਦੀ ਲੜੀ ਨੇ ਈਰਾਨ ਨੂੰ ਪਹਿਲਾਂ ਦੀ ਤੁਲਨਾ ਵਿੱਚ ਸਿੱਧੇ ਅਤੇ ਜ਼ਿਆਦਾ ਤਾਕਤਵਰ ਕਰਨ ਤੇ ਜਵਾਬ ਦੇਣ ਦੀ ਸਥਿਤੀ ਵਿੱਚ ਪਹੁੰਚਾ ਦਿੱਤਾ ਹੈ। ਹਾਲਾਂਕਿ, ਇਸ ਟਕਰਾਅ ਦੇ ਵਧਣ ਦੀ ਸੰਭਾਵਨਾ ਕਿੰਨੀ ਸਹੀ ਸਾਬਤ ਹੋਵੇਗੀ, ਇਹ ਇਜ਼ਰਾਈਲੀ ਪ੍ਰਤੀਕਿਰਿਆ ਉੱਤੇ ਨਿਰਭਰ ਕਰਦਾ ਹੈ।

ਤਸਵੀਰ ਸਰੋਤ, Getty Images
ਅਹਿਮ ਸਵਾਲ ਇਹ ਹੈ ਕਿ ਕੀ ਇਜ਼ਰਾਈਲ ਵਾਕਈ ਈਰਾਨ ਨੂੰ ਨਿਸ਼ਾਨਾ ਬਣਾਉਣ ਅਤੇ ਉਸ ਨੂੰ ਵਿਆਪਕ ਯੁੱਧ ਵਿੱਚ ਘਸੀਟਣ ਦਾ ਇਰਾਦਾ ਰੱਖਦਾ ਹੈ ਜਾਂ ਸ਼ਾਇਦ ਸਥਿਤੀ ਦਾ ਫਾਇਦਾ ਚੁੱਕ ਕੇ ਈਰਾਨ ਦੇ ਪਰਮਾਣੂ ਟਿਕਾਣਿਆਂ ਉੱਤੇ ਹਮਲਾ ਕਰਨਾ ਚਾਹੁੰਦਾ ਹੈ। ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਤਬਾਹ ਕਰਨਾ ਇਜ਼ਰਾਈਲ ਦਾ ਚਿਰੋਕਣਾ ਮਕਸਦ ਰਿਹਾ ਹੈ।
ਕੁਝ ਲੋਕਾਂ ਨੂੰ ਇਹ ਚਿੰਤਾ ਸਤਾ ਸਕਦੀ ਹੈ ਕਿ ਭਾਵੇਂ ਹੀ ਇਜ਼ਰਾਈਲ ਉੱਤੇ ਈਰਾਨ ਦੇ ਹਮਲੇ ਨੂੰ ਰੋਕਿਆ ਜਾ ਸਕਦਾ ਹੈ ਕਿਉਂਕਿ ਇਸ ਨਾਲ ਮਨੁੱਖੀ ਹਾਨੀ ਦੀ ਥਾਂ ਭੌਤਿਕ ਨੁਕਸਾਨ ਹੋਵੇਗਾ। ਲੇਕਿਨ ਇਸ ਨਾਲ ਇਜ਼ਰਾਈਲ ਦੇ ਸੰਭਾਵੀ ਇਰਾਦੇ ਦੀ ਗਤੀ ਬਦਲ ਸਕਦੀ ਹੈ, ਇਹ ਪੱਕੇ ਤੌਰ ਉੱਤੇ ਨਹੀਂ ਕਿਹਾ ਜਾ ਸਕਦਾ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਾਯਾਹੂ ਪੱਛਮੀ ਏਸ਼ੀਆ ਵਿੱਚ ਮਹੱਤਵਪੂਰਨ ਬਦਲਾਅ ਲਿਆਉਣ ਲਈ ਯਤਨਸ਼ੀਲ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਈਰਾਨ, (ਜਿਸ ਨੂੰ ਇਜ਼ਰਾਈਲ “ਸੱਪ ਦਾ ਸਿਰ” ਮੰਨਦਾ ਹੈ) ਨੂੰ ਨਿਸ਼ਾਨਾ ਬਣਾਏ ਬਿਨਾਂ ਇਹ ਸੰਭਵ ਨਹੀਂ ਹੈ ।
ਹਿਜ਼ਬੁੱਲ੍ਹਾ ਦੇ ਖਿਲਾਫ਼ ਆਪਣੀਆਂ ਪ੍ਰਪਤੀਆਂ ਤੋਂ ਬਾਅਦ ਇਜ਼ਰਾਈਲ ਵਿੱਚ ਉਤਸ਼ਾਹ ਦਾ ਮਾਹੌਲ ਹੈ।
ਕੁਝ ਲੋਕਾਂ ਨੂੰ ਲਗਦਾ ਹੈ ਕਿ ਇਜ਼ਰਾਈਲ ਈਰਾਨ ਦੇ ਖਿਲਾਫ਼ ਵੱਡੇ ਕਦਮ ਚੁੱਕ ਸਕਦਾ ਹੈ, ਜਿਨ੍ਹਾਂ ਨੂੰ ਰੋਕਣਾ ਸੰਭਵ ਨਹੀਂ ਹੋਵੇਗਾ।
ਬੇਸ਼ੱਕ ਇਸ ਨਾਲ ਇੱਕ ਖੇਤਰੀ ਯੁੱਧ ਛਿੜ ਸਕਦਾ ਹੈ ਅਤੇ ਜੇ ਈਰਾਨ ਨੂੰ ਖ਼ਾਸ ਤੌਰ ਉੱਤੇ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਇਸ ਵਿੱਚ ਹੋਰ ਪੱਖ ਵੀ ਸ਼ਾਮਲ ਹੋ ਸਕਦੇ ਹਨ। ਇਸ ਨਾਲ ਸੰਭਾਵਿਤ ਰੂਪ ਨਾਲ ਆਲਮੀ ਸੰਘਰਸ਼ ਦਾ ਖ਼ਤਰਾ ਹੋ ਸਕਦਾ ਹੈ।
ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਖ਼ਤਮ ਕਰਨ ਦਾ ਈਰਾਨ ਦਾ ਮਨਸੂਬਾ ਵਿਆਪਕ ਯੁੱਧ ਦਾ ਕਾਰਨ ਬਣ ਸਕਦਾ ਹੈ।
ਉੱਥੇ ਹੀ ਈਰਾਨ ਵੱਲੋਂ ਇਜ਼ਰਾਈਲ ਉੱਤੇ ਸਿੱਧੇ ਹਮਲੇ ਇੱਕ ਬਹਾਨਾ ਬਣ ਸਕਦੇ ਹਨ। ਲੇਕਿਨ, ਕੀ ਅਮਰੀਕਾ ਇਜ਼ਰਾਈਲ ਨੂੰ ਅਜਿਹਾ ਕਰਨ ਦੀ ਆਗਿਆ ਦੇਵੇਗਾ?
ਇਮਾਨ ਏਰਿਕਾਤ, ਬੀਬੀਸੀ ਅਰਬੀ ਸੇਵਾ ਪੱਤਰਕਾਰ, ਫਲਸਤੀਨੀ ਇਲਾਕਿਆਂ ਤੋਂ ਰਿਪੋਰਟਿੰਗ ਕਰਦੇ ਹਨ
ਖੁਸ਼ੀ ਦੇ ਨਾਲ ਮਿਲਿਆ-ਜੁਲਿਆ ਡਰ: ਇਹ ਜੁਮਲਾ ਮੰਗਲਵਾਰ ਰਾਤ ਨੂੰ ਫਲਸਤੀਨੀਆਂ ਦੀ ਆਮ ਮਨੋਦਸ਼ਾ ਦੀ ਤਰਜਮਾਨੀ ਕਰ ਸਕਦਾ ਹੈ, ਜਦੋਂ ਈਰਾਨ ਨੇ ਇਜ਼ਰਾਈਲ ਵੱਲ ਲਗਭਗ 200 ਮਿਜ਼ਾਈਲਾਂ ਦਾਗੀਆਂ।
ਗਾਜ਼ਾ ਵਿੱਚ ਯੁੱਧ ਛਿੜਨ ਤੋਂ ਬਾਅਦ ਕਈ ਲੋਕ ਇਸ ਪਲ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਦਾ ਵਿਸ਼ਵਾਸ ਗਾਜ਼ਾ ਅਤੇ ਫ਼ਲਸਤੀਨੀ ਇਲਾਕਿਆਂ ਦੀ ਹਮਾਇਤ ਕਰਨ ਲਈ ਵਿਦੇਸ਼ੀ ਦਖ਼ਲ ਵਿੱਚ ਸੀ।
ਫ਼ਲਸਤੀਨੀ ਖੇਤਰਾਂ ਵਿੱਚ ਜਿੱਥੇ-ਜਿੱਥੇ ਇਜ਼ਰਾਇਲੀ ਮਿਜ਼ਾਇਲਾਂ ਡਿੱਗੀਆਂ। ਉਹ ਸਥਾਨ ਫ਼ਲਸਤੀਨੀਆਂ ਦੇ ਲਈ ਤਸਵੀਰਾਂ ਲੈਣ ਦੀ ਜਗ੍ਹਾ ਵਿੱਚ ਬਦਲ ਗਏ ਹਨ। ਉਹ ਤਸਵੀਰਾਂ ਜਿਨ੍ਹਾ ਨੂੰ ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲਣਾ ਚਾਹੁਣਗੇ।
ਉਨ੍ਹਾਂ ਦਾ ਮੰਨਣਾ ਹੈ ਕਿ ਇਹ ਪੂਰੀ ਤਰ੍ਹਾਂ ਨਾਲ ਜੰਗ ਵਿੱਚ ਬਦਲ ਸਕਦਾ ਹੈ।

ਤਸਵੀਰ ਸਰੋਤ, AFP
ਜੁਲਾਈ ਵਿੱਚ ਹਮਾਸ ਆਗੂ ਇਸਮਾਇਲ ਹਾਨੀਏ ਦੀ ਹੱਤਿਆ ਤੋਂ ਬਾਅਦ ਹਿਜ਼ਬੁੱਲ੍ਹਾ ਆਗੂ ਨਸਰੱਲ੍ਹਾ ਦੀ ਹੱਤਿਆ ਨੇ ਇੱਕ ਵਿਆਪਕ ਯੁੱਧ ਦੇ ਹਾਲਾਤ ਪੈਦਾ ਕਰ ਦਿੱਤੇ ਹਨ।
ਇੱਥੋਂ ਦੀ ਜ਼ਮੀਨ ਉੱਤੇ ਬਣ ਰਹੇ ਮੂਡ ਨੇ ਕਈ ਫ਼ਲਤੀਨੀਆਂ ਵਿੱਚ ਪਹਿਲੇ ਅਤੇ ਦੂਜੇ ਇੰਤੇਫਾਦਾ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ। ਇੱਥੋਂ ਤੱਕ ਕਿ ਜੋ ਲੋਕ 1948 ਵਿੱਚ “ਨਕਬਾ” ਵਿੱਚੋਂ ਲੰਘੇ ਸਨ ਉਹ ਵੀ ਕਹਿ ਰਹੇ ਹਨ ਕਿ ਇਤਿਹਾਸ ਖ਼ੁਦ ਨੂੰ ਦੁਹਰਾ ਰਿਹਾ ਹੈ।
ਨਕਬਾ 14 ਮਈ 1948 ਦੀ ਤਰੀਕ ਸੀ ਜਦੋਂ ਇਜ਼ਰਾਈਲ ਨੇ ਅਜ਼ਾਦੀ ਦਾ ਐਲਾਨ ਕੀਤਾ ਸੀ ਅਤੇ ਅਗਲੇ ਦਿਨ ਸ਼ੁਰੂ ਹੋਏ ਯੁੱਧ ਵਿੱਚ ਉੱਥੇ ਵਸਦੇ ਸਾਢੇ ਸੱਤ ਲੱਖ ਫ਼ਲਸਤੀਨੀ ਭੱਜ ਗਏ ਸਨ ਜਾਂ ਉਨ੍ਹਾਂ ਨੂੰ ਬੇਘਰ ਕਰ ਦਿੱਤਾ ਗਿਆ।
ਫ਼ਲਸਤੀਨੀ ਖੇਤਰਾਂ ਵਿੱਚ ਅੱਜ, ਕਈ ਫ਼ਲਸਤੀਆਂ ਦਾ ਮੰਨਣਾ ਹੈ ਕਿ ਵਰਤਮਾਨ ਸਥਿਤੀਆਂ ਇਸ ਪਾਸੇ ਇਸ਼ਾਰਾ ਕਰਦੀਆਂ ਹਨ ਕਿ ਇਜ਼ਰਾਈਲ ਦਾ ਹਮਲਾ ਇੱਕ ਨਵੇਂ ਪੱਧਰ ਤੱਕ ਪਹੁੰਚ ਚੁੱਕਿਆ ਹੈ ਅਤੇ ਇਹ ਅਜੇ ਬਹੁਤ ਜ਼ਿਆਦਾ ਜ਼ਾਲਮ ਹੋ ਸਕਦਾ ਹੈ।
ਕਈ ਸਾਲਾਂ ਤੋਂ ਫ਼ਲਸਤੀਨੀ ਅਥਾਰਿਟੀਆਂ ਹੇਠ ਲਿਖੀਆਂ ਗੱਲਾਂ ਉੱਤੇ ਜ਼ੋਰ ਦੇ ਰਹੇ ਹਨ—
ਫ਼ੌਜੀ ਕਾਰਵਾਈ ਨੂੰ ਰੋਕਣ ਲਈ ਸਿਆਸੀ ਹੱਲਾਂ ਦੀ ਦਿਸ਼ਾ ਵਿੱਚ ਵਧਣ ਦਾ ਮਹੱਤਵ।

ਤਸਵੀਰ ਸਰੋਤ, Getty Images
ਸੰਘਰਸ਼ ਤੋਂ ਲਾਂਭੇ ਹੋ ਕੇ ਸਿਆਸੀ ਹੱਲਾਂ ਵੱਲ ਜਾਣਾ ਜੋ ਸੁਰੱਖਿਆ ਪ੍ਰਦਾਨ ਕਰਨ ਅਤੇ ਦੋ-ਰਾਸ਼ਟਰ ਹੱਲ ਦੇ ਨਜ਼ਰੀਏ ਨੂੰ ਲਾਗੂ ਕਰਨਾ ਯਕੀਨੀ ਬਣਾਉਣ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਫ਼ਲਸਤੀਨੀਆਂ ਨੂੰ ਇਜ਼ਰਾਈਲ ਦੇ ਨਾਲ 1967 ਦੀ ਹੱਦ ਉੱਤੇ ਇੱਕ ਦੇਸ ਮਿਲ ਜਾਵੇਗਾ।
7 ਅਕਤੂਬਰ 2023 ਤੋਂ ਗਾਜ਼ਾ ਵਿੱਚ ਯੁੱਧ ਦੀ ਸ਼ੁਰੂਆਤ ਤੋਂ ਬਾਅਦ ਫ਼ਲਸਤੀਨੀ ਰਾਸ਼ਟਰਪਤੀ ਮਹਿਮੂਦ ਅਬਾਸ ਨੇ ਕੌਮਾਂਤਰੀ ਭਾਈਚਾਰੇ ਨੂੰ ਦਖ਼ਲ ਦੇਣ ਅਤੇ ਤੁਰੰਤ ਜੰਗ ਬੰਦੀ ਦਾ ਐਲਾਨ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਦੇ ਸੱਦੇ ਨੂੰ ਕੌਮਾਂਤਰੀ ਹਮਾਇਤ ਵੀ ਮਿਲੀ ਹੈ। ਲੇਕਿਨ ਜ਼ਮੀਨੀ ਪੱਧਰ ਉੱਤੇ ਫ਼ੌਜੀ ਅਭਿਆਨ ਜਾਰੀ ਹੈ। ਇਸ ਤੋਂ ਕਈ ਫ਼ਲਸਤੀਨੀਆਂ ਨੂੰ ਯਕੀਨ ਹੋ ਗਿਆ ਹੈ ਕਿ ਖੇਤਰ ਵਿੱਚ ਵਿਆਪਕ ਯੁੱਧ ਦੀ ਸੰਭਾਵਨਾ ਸ਼ਾਂਤੀ ਪ੍ਰਕਿਰਿਆ ਨੂੰ ਪੁਨਰ ਜੀਵਤ ਕਰਨ ਦੀ ਸੰਭਾਵਨਾ ਤੋਂ ਜ਼ਿਆਦਾ ਮਜ਼ਬੂਤ ਹੈ।
ਕਾਸਰਾ ਨਾਜੀ, ਬੀਬੀਸੀ ਨਿਊਜ਼ ਫ਼ਾਰਸੀ ਪੱਤਰਕਾਰ
ਲਗਭਗ 200 ਬੈਲਿਸਕਿਟ ਮਿਜ਼ਾਈਲਾਂ ਦੇ ਨਾਲ ਸਿੱਧੇ ਈਰਾਨ ਤੋਂ ਇਜ਼ਰਾਈਲ ਉੱਤੇ ਹਮਲਾ ਕਰਨ ਦਾ ਫ਼ੈਸਲਾ ਈਰਾਨ ਦੇ ਸਰਬਉੱਚ ਆਗੂ ਅਯਾਤੁੱਲਾ ਅਲੀ ਖਾਮੇਨਈ ਦੇ ਲਈ ਸੌਖਾ ਨਹੀਂ ਸੀ।
ਉਹ ਆਮ ਤੌਰ ਉੱਤੇ ਫ਼ੌਰੀ ਕਾਰਵਾਈ ਦੇ ਲਈ ਕਾਹਲੀ ਕਰਨ ਲਈ ਤਿਆਰ ਨਹੀਂ ਹੁੰਦੇ ਹਨ। ਉਹ “ਰਣਨੀਤਿਕ ਧੀਰਜ” ਨੂੰ ਪਹਿਲ ਦਿੰਦੇ ਹਨ।
ਲੇਕਿਨ ਉਨ੍ਹਾਂ ਉੱਤੇ ਅਤੇ ਉਨ੍ਹਾਂ ਦੀ ਸਰਕਾਰ ਉੱਤੇ ਆਪਣੇ ਹੀ ਕੱਟੜਪੰਥੀਆਂ ਅਤੇ ਖੇਤਰ ਵਿੱਚ ਉਨ੍ਹਾਂ ਦੇ ਪ੍ਰਾਕਸੀ ਮਿਲਿਸ਼ੀਆ ਦੇ ਮੈਂਬਰਾਂ ਦਾ ਇਜ਼ਰਾਈਲ ਦੀ ਹਿਜ਼ਬੁੱਲ੍ਹਾ ਲੀਡਰਸ਼ਿਪ ਨੂੰ ਖ਼ਤਮ ਕਰਨ ਦੀ ਫ਼ੌਜੀ ਮੁਹਿੰਮ ਦਾ ਜਵਾਬ ਦੇਣ ਦਾ ਬਹੁਤ ਜ਼ਿਆਦਾ ਦਬਾਅ ਸੀ।

ਤਸਵੀਰ ਸਰੋਤ, AFP
ਕੱਟੜਪੰਥੀਆਂ ਨੇ ਦੱਖਣੀ ਬੇਰੂਤ ਵਿੱਚ ਉਨ੍ਹਾਂ ਦੇ ਟਿਕਾਣਿਆਂ ਉੱਤੇ ਹੋਏ ਇੱਕ ਹਮਲੇ ਵਿੱਚ ਮਾਰੇ ਗਏ ਈਰਾਨੀ ਫ਼ੌਜ ਦੇ ਇੱਕ ਵੱਡੇ ਜਰਨੈਲ ਦੀ ਹੱਤਿਆ ਦਾ ਜਵਾਬ ਦੇਣ ਲਈ ਵੀ ਦਬਾਅ ਬਣਾਇਆ ਹੈ।
ਜੁਲਾਈ ਵਿੱਚ ਤੇਹਰਾਨ ਵਿੱਚ ਹਮਾਸ ਆਗੂ ਇਸਮਾਇਲ ਹਾਨੀਏ ਦੀ ਹੱਤਿਆ ਉੱਤੇ ਕੋਈ ਪ੍ਰਤੀਕਿਰਿਆ ਨਾ ਦੇਣ ਕਾਰਨ ਈਰਾਨ ਨੂੰ ਵੱਡਾ ਹਰਜਾ ਝੱਲਣਾ ਪਿਆ ਸੀ।
ਜਿਸ ਧਮਾਕੇ ਵਿੱਚ ਹਾਨੀਏ ਦੀ ਮੌਤ ਹੋਈ ਉਸ ਬਾਰੇ ਆਮ ਧਾਰਨਾ ਇਹ ਹੈ ਕਿ ਈਰਾਨ ਵਿੱਚ ਇਜ਼ਰਾਈਲ ਦੇ ਸੂਹੀਆ ਏਜੰਟਾਂ ਦਾ ਕੰਮ ਸੀ।
ਲੇਕਿਨ ਈਰਾਨ ਦੇ ਸਿਰਮੌਰ ਆਗੂ ਜਾਣਦੇ ਹਨ ਕਿ ਉਨ੍ਹਾ ਦਾ ਦੇਸ ਹਾਲ-ਫਿਲਹਾਲ ਕੋਈ ਵੱਡਾ ਯੁੱਧ ਲੜਨ ਦੀ ਸਥਿਤੀ ਵਿੱਚ ਨਹੀਂ ਹੈ।
ਫ਼ੌਜੀ ਨਜ਼ੀਰੀਏ ਤੋਂ ਈਰਾਨ ਇਜ਼ਰਾਈਲ ਤੋਂ ਅੱਗੇ ਨਹੀਂ ਹੈ। ਉੱਥੇ ਹੀ ਇਜ਼ਰਾਈਲ ਹਵਾਈ ਸ਼ਕਤੀ ਦੇ ਮਾਮਲੇ ਵਿੱਚ ਈਰਾਨ ਉੱਤੇ ਪੂਰੀ ਤਰ੍ਹਾਂ ਭਾਰੂ ਹੈ। ਈਰਾਨ ਦਾ ਹਵਾਈ ਖੇਤਰ ਮੋਟੇ ਤੌਰ ਉੱਤੇ ਇਜ਼ਰਾਇਲੀ ਜਹਾਜ਼ਾਂ ਲਈ ਖੁੱਲ੍ਹਾ ਹੈ।
ਕਈ ਸਾਲਾਂ ਦੀਆਂ ਅਮਰੀਕੀ ਅਤੇ ਕੌਮਾਂਤਰੀ ਪਾਬੰਦੀਆਂ ਨੇ ਈਰਾਨ ਦੀਆਂ ਗੋਡਣੀਆਂ ਲਵਾ ਦਿੱਤੀਆਂ ਹਨ। ਸਿਆਸੀ ਪੱਖੋਂ ਵੀ ਇੱਥੋਂ ਦੀ ਸਰਕਾਰ ਨੂੰ ਲੋਕ ਪਸੰਦ ਨਹੀਂ ਕਰਦੇ।
ਬਹੁਤ ਥੋੜ੍ਹੇ ਇਰਾਨੀ ਨਾਗਰਿਕ ਹੀ ਇਜ਼ਰਾਈਲ ਦੇ ਨਾਲ ਯੁੱਧ ਦੀ ਹਮਾਇਤ ਕਰਨਗੇ। ਜਦਕਿ ਉਨ੍ਹਾਂ ਦੇ ਦੇਸ ਵਿੱਚ ਕਈ ਹੋਰ ਗੰਭੀਰ ਸਮੱਸਿਆਵਾਂ ਹਨ।
ਉਹ ਮੰਨਦੇ ਹਨ ਕਿ ਸੰਭਾਵਿਤ ਰੂਪ ਨਾਲ ਜ਼ਿਆਦਾ ਪਾਬੰਦੀਆਂ ਲੱਗਣਗੀਆਂ ਅਤੇ ਆਰਥਿਕ ਮੁਸ਼ਕਿਲਾਂ ਹੋਰ ਵਧਣਗੀਆਂ। ਉੱਥੇ ਹੀ ਬਹੁਤ ਸਾਰੇ ਲੋਕ ਇਜ਼ਰਾਈਲ ਨੂੰ ਆਪਣਾ ਦੁਸ਼ਮਣ ਵੀ ਨਹੀਂ ਮੰਨਦੇ।
ਲੇਕਿਨ ਈਰਾਨ ਦੇ ਸਰਬਉੱਚ ਆਗੂ ਖ਼ਤਰਾ ਚੁੱਕਣਾ ਪਿਆ। ਉਨ੍ਹਾਂ ਨੂੰ ਉਮੀਦ ਸੀ ਕਿ ਫ਼ੌਜੀ ਅਤੇ ਖ਼ੁਫੀਆ ਟਿਕਾਣਿਆਂ ਉੱਤੇ ਵਿਉਂਤਬੱਧ ਹਮਲੇ ਨਾਲ ਅਜਿਹੀ ਹੀ ਮਿਲੀ-ਜੁਲੀ ਪ੍ਰਤੀਕਿਰਿਆ ਮਿਲੇਗੀ, ਜਿਸ ਨੂੰ ਉਨ੍ਹਾਂ ਦੇ ਹਿਸਾਬ ਨਾਲ ਈਰਾਨ ਝੱਲ ਸਕਦਾ ਹੈ।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












