ਲੇਬਨਾਨ ਸਰਕਾਰ ਦੀ ਸੱਤਾ ਕਿਸ ਦੇ ਹੱਥਾਂ ’ਚ ਹੈ, ਹਿਜ਼ਬੁੱਲ੍ਹਾ ਦਾ ਦੇਸ ਵਿੱਚ ਕੀ ਰੁਤਬਾ ਹੈ?

ਤਸਵੀਰ ਸਰੋਤ, Getty Images
- ਲੇਖਕ, ਜੈਰਿਮੀ ਹਾਵੈਲ
- ਰੋਲ, ਬੀਬੀਸੀ ਵਰਲਡ ਸਰਵਿਸਸ
ਪਿਛਲੇ ਦੋ ਹਫ਼ਤਿਆਂ ਤੋਂ ਲੇਬਨਾਨ ਉੱਤੇ ਇਜ਼ਰਾਈਲ ਦੇ ਤਾਬੜਤੋੜ ਮਿਜ਼ਾਈਲੀ ਹਮਲੇ ਜਾਰੀ ਹਨ। ਇਨ੍ਹਾਂ ਵਿੱਚ 1000 ਤੋਂ ਜ਼ਿਆਦਾ ਨਾਗਰਿਕ ਮਾਰੇ ਗਏ ਹਨ। ਲੇਬਨਾਨ ਦੀ ਧਰਤੀ ਉੱਤੇ ਇਜ਼ਰਾਈਲੀ ਫ਼ੌਜਾਂ ਆ ਪਹੁੰਚੀਆਂ ਹਨ।
ਇਸ ਦਾ ਕਾਰਨ ਇਜ਼ਰਾਇਲ ਦਾ ਲੇਬਨਾਨ ਦੀ ਇੱਕ ਸਿਆਸੀ ਤੇ ਮਿਲਟਰੀ ਤਾਕਤ ਹਿਜ਼ਬੁੱਲ੍ਹਾ ਨਾਲ ਤਣਾਅ ਹੈ।
ਹਿਜ਼ਬੁੱਲ੍ਹਾ ਨੂੰ ਲੇਬਨਾਨ ਦੇ ਸ਼ੀਆ ਫਿਰਕੇ ਦੀ ਹਾਮਇਤ ਹਾਸਲ ਹੈ ਅਤੇ ਇਸਦੇ ਲੜਾਕੇ ਲੇਬਨਾਨ ਦੀ ਫ਼ੌਜ ਨਾਲੋਂ ਜ਼ਿਆਦਾ ਤਾਕਤਵਰ ਹਨ।
ਇਹ ਕੋਈ ਅਧਿਕਾਰਿਤ ਸਰਕਾਰੀ ਸੰਗਠਨ ਨਹੀਂ ਹੈ। ਲੇਕਿਨ ਪਿਛਲੇ ਚਾਰ ਦਹਾਕਿਆਂ ਦੌਰਾਨ ਇਹ ਲੇਬਨਾਨ ਦੀ ਇੱਕ ਵੱਡੀ ਸ਼ਕਤੀ ਵਜੋਂ ਉੱਭਰਿਆ ਹੈ।

ਲੇਬਨਾਨ ਦਾ ਸ਼ਾਸਕ ਕੌਣ ਹੈ?
ਲੇਬਨਾਨ ਦੀ ਸਿਆਸੀ ਸ਼ਕਤੀ ਇਸ ਵਿੱਚ ਵਸਦੇ ਕਈ ਧਾਰਮਿਕ ਫ਼ਿਰਕਿਆਂ ਵਿੱਚ ਵੰਡੀ ਹੋਈ ਹੈ।
ਸਾਲ 1943 ਵਿੱਚ ਫਰਾਂਸ ਤੋਂ ਮਿਲੀ ਅਜ਼ਾਦੀ ਦੀਆਂ ਸ਼ਰਤਾਂ ਮੁਤਾਬਕ, ਇਸਦਾ ਰਾਸ਼ਟਰਪਤੀ ਇਸਾਈ ਮਾਰੂਨੀਟ ਫ਼ਿਰਕੇ ਤੋਂ, ਪ੍ਰਧਾਨ ਮੰਤਰੀ ਇੱਕ ਸੁੰਨੀ ਮੁਸਲਮਾਨ ਅਤੇ ਸੰਸਦ ਦਾ ਸਪੀਕਰ ਇੱਕ ਸ਼ੀਆ ਮੁਸਲਮਾਨ ਹੋਣਾ ਚਾਹੀਦਾ ਸੀ।
ਇਹ ਵੰਡ ਲੇਬਨਾਨ ਵਿੱਚ ਉਸ ਸਮੇਂ ਵੱਖ-ਵੱਖ ਧਾਰਮਿਕ ਫਿਰਕਿਆਂ ਦੀ ਅਬਾਦੀ ਦੀ ਨੁਮਾਇੰਦਗੀ ਕਰਦੀ ਸੀ। ਉਸ ਸਮੇਂ ਲੇਬਨਾਨ ਵਿੱਚ ਅੱਧੀ ਤੋਂ ਜ਼ਿਆਦਾ ਵਸੋਂ ਇਸਾਈਆਂ ਦੀ ਸੀ ਜਦਕਿ ਬਾਕੀ ਅੱਧੀ ਵਸੋਂ ਸ਼ੀਆ ਤੇ ਸੁੰਨੀ ਫਿਰਕਿਆਂ ਦੀ ਸੀ।
ਹਾਲਾਂਕਿ ਕਈ ਮਾਹਰਾਂ ਦਾ ਕਹਿਣਾ ਹੈ ਕਿ ਇਹ ਨਿਯਮ ਹੁਣ ਪੁਰਾਣਾ ਹੋ ਗਿਆ ਹੈ। ਵਰਤਮਾਨ ਵਿੱਚ ਇਸਾਈ, ਸੁੰਨੀ ਤੇ ਸ਼ੀਆ 30-30 ਫੀਸਦੀ ਹਨ।
ਉਸ ਸਮਝੌਤੇ ਮੁਤਾਬਕ ਇਸਾਈ ਅਤੇ ਮੁਸਲਮਾਨਾਂ ਨੂੰ ਸੰਸਦ ਵਿੱਚ ਬਰਾਬਰ ਸੀਟਾ ਮਿਲਦੀਆਂ ਹਨ। ਜਦਕਿ ਲੇਬਨਾਨ ਹੁਣ ਇੱਕ ਮੁਸਲਮਾਨ ਬਹੁਗਿਣਤੀ ਵਾਲਾ ਦੇਸ ਬਣ ਚੁੱਕਿਆ ਹੈ।
ਅਮਲੀ ਰੂਪ ਵਿੱਚ ਦੇਖਿਆ ਜਾਵੇ ਤਾਂ ਕਿਸੇ ਵੀ ਧਾਰਮਿਕ ਫਿਰਕੇ ਕੋਲ ਲੇਬਨਾਨ ਦੀ ਸਮੁੱਚੀ ਸਤਾ ਨਹੀਂ ਹੈ। ਸਰਕਾਰ ਸੰਸਦੀ ਗਠਜੋੜਾਂ ਨਾਲ ਬਣਦੀ ਹੈ, ਸਾਰੇ ਵੱਡੇ ਫ਼ੈਸਲੇ ਆਮ-ਸਹਿਮਤੀ ਨਾਲ ਲਏ ਜਾਣੇ ਹੁੰਦੇ ਹਨ। ਇਸ ਕਾਰਨ ਕਈ ਵਾਰ ਦੇਸ ਵਿੱਚ ਸਿਆਸੀ ਖੜੋੜ ਦਾ ਵੀ ਸ਼ਿਕਾਰ ਹੋ ਜਾਂਦਾ ਹੈ।
ਹਿਜ਼ਬੁੱਲ੍ਹਾ ਦਾ ਦੇਸ ਵਿੱਚ ਕੀ ਰੁਤਬਾ ਹੈ?
ਹਿਜ਼ਬੁੱਲ੍ਹਾ ਦੀ ਸਥਾਪਨਾ ਸ਼ੀਆ ਮੁਸਲਿਮ ਲੜਾਕਾ ਦਲ ਵਜੋਂ 1982 ਦੀ ਖਾਨਾ ਜੰਗੀ ਦੌਰਾਨ ਕੀਤੀ ਗਈ ਸੀ। ਇਸ ਦਾ ਮੰਤਵ ਉਸੇ ਸਾਲ ਦੱਖਣੀ ਲੇਬਨਾਨ ਵਿੱਚ ਕਾਬਜ਼ ਹੋਈਆਂ ਇਜ਼ਰਾਈਲੀ ਫ਼ੌਜਾਂ ਦਾ ਵਿਰੋਧ ਕਰਨਾ ਸੀ।
ਇਸ ਨੂੰ ਇਸਲਾਮਿਕ ਗਣਰਾਜ ਇਰਾਨ ਦੀ ਹਥਿਆਰਾਂ ਅਤੇ ਪੈਸੇ ਪੱਖੋਂ ਪੂਰੀ ਹਮਾਇਤ ਰਹੀ ਹੈ। ਹਿਜ਼ਬੁੱਲ੍ਹਾ ਦਾ ਅਰਥ “ਰੱਬ ਦਾ ਦਲ” ਜਾਂ ਪਾਰਟੀ ਹੈ।
ਹਿਜ਼ਬੁੱਲ੍ਹਾ ਨੇ ਆਪਣੀ ਹੌਂਦ ਦਾ ਰਸਮੀ ਐਲਾਨ 1985 ਵਿੱਚ ਕੀਤਾ ਅਤੇ ਕਿਹਾ ਕਿ ਉਹ ਲੇਬਨਾਨ ਵਿੱਚ ਇਰਾਨ ਵਰਗਾ ਇਸਲਾਮਿਕ ਰਾਜ ਸਥਾਪਤ ਕਰਨਾ ਚਾਹੁੰਦੇ ਹਨ।
ਇਨ੍ਹਾਂ ਨੇ ਦੱਖਣੀ ਲੇਬਨਾਨ ਅਤੇ ਫਲਸਤੀਨ ਇਲਾਕਿਆਂ ਵਿੱਚੋਂ ਇਜ਼ਰਾਈਲੀ ਕਬਜ਼ੇ ਨੂੰ ਪੁੱਟਣ ਦਾ ਅਹਿਦ ਵੀ ਲਿਆ।
ਸਾਲ 2009 ਵਿੱਚ ਇਨ੍ਹਾਂ ਨੇ ਇੱਕ ਮਨੋਰਥ-ਪੱਤਰ ਜਾਰੀ ਕੀਤਾ, ਜਿਸ ਵਿੱਚ ਇਸਲਾਮਿਕ ਰਾਜ ਦਾ ਕੋਈ ਜ਼ਿਕਰ ਨਹੀਂ ਸੀ। ਲੇਕਿਨ ਇਸ ਨੇ ਇਜ਼ਰਾਈਲ ਖਿਲਾਫ਼ ਆਪਣੇ ਰੁਖ ਨੂੰ ਕਾਇਮ ਰੱਖਿਆ।
ਜਦੋਂ ਸਾਲ 1990 ਵਿੱਚ ਲੇਬਨਾਨ ਦੀ ਖਾਨਾ-ਜੰਗੀ ਮੁੱਕੀ ਤਾਂ ਸਾਰੇ ਹਥਿਆਰਬੰਦ ਸੰਗਠਨਾਂ ਨੇ ਆਪਣੇ-ਆਪ ਨੂੰ ਭੰਗ ਕਰ ਦਿੱਤਾ। ਹਾਲਾਂਕਿ ਹਿਜ਼ਬੁੱਲ੍ਹਾ ਕਾਇਮ ਰਿਹਾ। ਇਸ ਨੇ ਕਿਹਾ ਕਿ ਦੱਖਣ ਵਿੱਚ ਇਜ਼ਰਾਇਲੀ ਕਬਜ਼ੇ ਖਿਲਾਫ਼ ਜੰਗ ਜਾਰੀ ਰੱਖਣੀ ਹੈ।

ਤਸਵੀਰ ਸਰੋਤ, Getty Images
ਸਾਲ 2000 ਵਿੱਚ ਇਜ਼ਰਾਈਲ ਦੱਖਣੀ ਲੇਬਨਾਨ ਵਿੱਚੋਂ ਪਿੱਛੇ ਹਟ ਗਿਆ, ਜਿਸ ਨੂੰ ਹਿਜ਼ਬੁੱਲ੍ਹਾ ਨੇ ਆਪਣੀ ਜਿੱਤ ਦੱਸਿਆ।
ਸਾਲ 1992 ਵਿੱਚ, ਹਿਜ਼ਬੁੱਲ੍ਹਾ ਨੇ ਸੰਸਦ ਲਈ ਆਪਣੇ ਉਮੀਦਵਾਰ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ।
ਹੁਣ ਇਸ ਦੇ ਕਈ ਸੰਸਦ ਮੈਂਬਰ ਹਨ ਅਤੇ ਸਰਕਾਰ ਵਿੱਚ ਕਈ ਹਿਜ਼ਬੁੱਲ੍ਹਾ ਮੰਤਰੀ ਹਨ।
ਹੁਣ ਇਹ ਸ਼ੀਆ ਬਹੁਗਿਣਤੀ ਇਲਾਕਿਆਂ ਵਿੱਚ ਸਕੂਲ, ਸਿਹਤ ਸੰਭਾਲ ਅਤੇ ਸਮਾਜਿਕ ਸੇਵਾ ਵੀ ਮੁਹੱਈਆ ਕਰਵਾਉਂਦੇ ਹਨ।
ਲੇਬਨਾਨ ਦੀਆਂ ਦੀਆਂ ਦੂਜੀਆਂ ਪਾਰਟੀਆਂ ਵੀ ਆਪੋ-ਆਪਣੇ ਹਲਕਿਆਂ ਵਿੱਚ ਨਾਗਰਿਕਾਂ ਨੂੰ ਇਹ ਸਹੂਲਤਾਂ ਦਿੰਦੀਆਂ ਹਨ, ਲੇਕਿਨ ਹਿਜ਼ਬੁੱਲ੍ਹਾ ਦਾ ਨੈਟਵਰਕ ਸਾਰਿਆਂ ਤੋਂ ਵੱਡਾ ਮੰਨਿਆ ਜਾਂਦਾ ਹੈ।

ਤਸਵੀਰ ਸਰੋਤ, AFP
ਲੇਬਨਾਨ ਵਿੱਚ ਹਿਜ਼ਬੁੱਲ੍ਹਾ ਇੰਨਾ ਤਾਕਤਵਰ ਕਿਵੇਂ ਹੋ ਗਿਆ?
ਹਿਜ਼ਬੁੱਲ੍ਹਾ ਨੂੰ ਇਸਦੀ ਜ਼ਿਆਦਾਤਰ ਤਾਕਤ ਇਸਦੇ ਲੜਾਕਿਆਂ ਤੋਂ ਮਿਲਦੀ ਹੈ। ਸੰਗਠਨ ਦਾ ਦਾਅਵਾ ਹੈ ਕਿ ਉਸ ਕੋਲ ਇੱਕ ਲੱਖ ਤੋਂ ਜ਼ਿਆਦਾ ਲੜਾਕੇ ਹਨ। ਹਾਲਾਂਕਿ ਸੁਤੰਤਰ ਅਨੁਮਾਨ ਹਨ ਕਿ ਇਨ੍ਹਾਂ ਲੜਾਕਿਆਂ ਦੀ ਗਿਣਤੀ 20 ਤੋਂ 30 ਹਜ਼ਾਰ ਦੇ ਵਿਚਕਾਰ ਹੈ।
ਅਮਰੀਕੀ ਥਿੰਕ ਟੈਂਕ ਸੈਂਟਰ ਫਾਰ ਸਟਰੈਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ ਮੁਤਾਬਕ ਹਿਜ਼ਬੁੱਲ੍ਹਾ ਕੋਲ ਇੱਕ ਲੱਖ 20 ਹਜ਼ਾਰ ਤੋਂ ਦੋ ਲੱਖ ਤੱਕ ਰਾਕਟਾਂ ਤੇ ਮਿਜ਼ਾਈਲਾਂ ਦਾ ਜ਼ਖੀਰਾ ਵੀ ਹੈ।
ਕਿਹਾ ਜਾਂਦਾ ਹੈ ਕਿ ਇਹ ਦੁਨੀਆਂ ਦੀਆਂ ਸਭ ਤਾਕਤਵਰ ਗੈਰ-ਸਰਕਾਰੀ ਫੌਜਾਂ ਵਿੱਚੋਂ ਇੱਕ ਹੈ। ਇਸ ਨੂੰ ਲੇਬਨਾਨ ਦੀ ਕੌਮੀ ਫ਼ੌਜ ਨਾਲੋਂ ਵੀ ਜ਼ਿਆਦਾ ਤਾਕਤਵਰ ਸਮਝਿਆ ਜਾਂਦਾ ਹੈ।
ਹਿਜ਼ਬੁੱਲ੍ਹਾ ਨੇ ਲੇਬਨਾਨ ਸਰਕਾਰ ਦੀ ਕਮਜ਼ੋਰੀ ਦਾ ਵੀ ਲਾਹਾ ਲਿਆ ਹੈ। ਮਿਸਾਲ ਵਜੋਂ ਉਮੀਦਵਾਰ ਬਾਰੇ ਸਿਆਸੀ ਪਾਰਟੀਆਂ ਵਿੱਚ ਸਹਿਮਤੀ ਨਾ ਬਣਨ ਕਾਰਨ ਦੇਸ ਵਿੱਚ 2022 ਤੋਂ ਕੋਈ ਰਾਸ਼ਟਰਪਤੀ ਨਹੀਂ ਹੈ। ਕੇਂਦਰ ਸਰਕਾਰ ਹਿਜ਼ਬੁੱਲ੍ਹਾ ਨੂੰ ਆਪਣਾ ਏਜੰਡਾ ਅੱਗੇ ਵਧਾਉਣ ਤੋਂ ਰੋਕਣ ਵਿੱਚ ਸਮਰੱਥ ਨਹੀਂ ਰਹੀ ਹੈ।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












