ਲੇਬਨਾਨ: ਹਿਜ਼ਬੁੱਲ੍ਹਾ ਕੀ ਹੈ ਅਤੇ ਕੀ ਇਹ ਇਜ਼ਰਾਈਲ ਨਾਲ ਯੁੱਧ ਕਰੇਗਾ?

ਤਸਵੀਰ ਸਰੋਤ, Reuters
ਬੀਤੇ ਬੁੱਧਵਾਰ ਨੂੰ ਜਦੋਂ ਹਥਿਆਰਬੰਦ ਸਮੂਹ ਹਿਜ਼ਬੁੱਲ੍ਹਾ ਦੇ ਮੈਂਬਰਾਂ ਵੱਲੋਂ ਵਰਤੇ ਜਾਂਦੇ ਵਾਕੀ-ਟਾਕੀ ਵਿੱਚ ਵਿਸਫੋਟ ਹੋਇਆ ਤਾਂ ਇਨ੍ਹਾਂ ਕਾਰਨ ਲੇਬਨਾਨ ਵਿੱਚ 25 ਲੋਕ ਮਾਰੇ ਗਏ ਅਤੇ ਘੱਟੋ ਘੱਟ 600 ਜ਼ਖਮੀ ਹੋ ਗਏ।
ਇਹ ਧਮਾਕੇ ਪਿਛਲੇ ਦਿਨੀਂ ਲੜੀਵਾਰ ਪੇਜਰ ਧਮਾਕਿਆਂ ਤੋਂ ਬਾਅਦ ਹੋਏ ਸਨ, ਜਿਸ ਵਿੱਚ 12 ਦੀ ਮੌਤ ਹੋ ਗਈ ਸੀ ਅਤੇ 2,000 ਤੋਂ ਵੱਧ ਜ਼ਖਮੀ ਹੋਏ ਸਨ।
ਹਿਜ਼ਬੁੱਲ੍ਹਾ ਨੇ ਹਮਲਿਆਂ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਜ਼ਰਾਈਲ ਅਤੇ ਹਿਜ਼ਬੁੱਲ੍ਹਾ ਵਿਚਕਾਰ ਸਰਹੱਦ ਪਾਰ ਦੀ ਲੜਾਈ ਪਿਛਲੇ 11 ਮਹੀਨਿਆਂ ਵਿੱਚ ਗਾਜ਼ਾ ਵਿੱਚ ਜੰਗ ਦੇ ਕਾਰਨ ਕਾਫ਼ੀ ਵੱਧ ਗਈ ਹੈ।
ਇਜ਼ਰਾਈਲ ਨੇ ਧਮਾਕਿਆਂ ਦਾ ਸਿੱਧੇ ਤੌਰ 'ਤੇ ਜਵਾਬ ਨਹੀਂ ਦਿੱਤਾ ਹੈ, ਪਰ ਬੁੱਧਵਾਰ ਨੂੰ ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਨੇ ʻਯੁੱਧ ਵਿੱਚ ਇੱਕ ਨਵੇਂ ਪੜਾਅʼ ਦਾ ਐਲਾਨ ਕੀਤਾ ਹੈ ਅਤੇ ਵੀਰਵਾਰ ਨੂੰ ਇਜ਼ਰਾਈਲੀ ਫੌਜ ਨੇ ਕਿਹਾ ਕਿ ਉਹ ਦੱਖਣੀ ਲੇਬਨਾਨ ਵਿੱਚ ਹਿਜ਼ਬੁੱਲ੍ਹਾ ਦੇ ਖ਼ਿਲਾਫ਼ ਤਾਜ਼ਾ ਹਮਲੇ ਕਰ ਰਹੀ ਹੈ।

ਹਿਜ਼ਬੁੱਲ੍ਹਾ ਕੀ ਹੈ ਅਤੇ ਇਹ ਕਿੱਥੇ ਕੰਮ ਕਰਦਾ ਹੈ?
ਹਿਜ਼ਬੁੱਲ੍ਹਾ ਇੱਕ ਸਿਆਸੀ-ਪ੍ਰਭਾਵਸ਼ਾਲੀ ਸ਼ੀਆ ਮੁਸਲਿਮ ਸੰਗਠਨ ਹੈ ਜੋ ਲੇਬਨਾਨ ਵਿੱਚ ਸਭ ਤੋਂ ਸ਼ਕਤੀਸ਼ਾਲੀ ਹਥਿਆਰਬੰਦ ਬਲ ਨੂੰ ਨਿਯੰਤਰਿਤ ਕਰਦਾ ਹੈ।
ਇਸਦੀ ਸਥਾਪਨਾ 1980 ਦੇ ਦਹਾਕੇ ਦੇ ਸ਼ੁਰੂ ਵਿੱਚ ਖੇਤਰ ਦੀ ਸਭ ਤੋਂ ਪ੍ਰਭਾਵਸ਼ਾਲੀ ਸ਼ੀਆ ਸ਼ਕਤੀ, ਈਰਾਨ ਦੁਆਰਾ, ਇਜ਼ਰਾਈਲ ਦਾ ਵਿਰੋਧ ਕਰਨ ਲਈ ਕੀਤੀ ਗਈ ਸੀ। ਉਸ ਸਮੇਂ, ਦੇਸ਼ ਵਿਚਲੇ ਘਰੇਲੂ ਯੁੱਧ ਦੌਰਾਨ ਇਜ਼ਰਾਈਲ ਦੀਆਂ ਫੌਜਾਂ ਨੇ ਦੱਖਣੀ ਲੇਬਨਾਨ 'ਤੇ ਕਬਜ਼ਾ ਕਰ ਲਿਆ ਸੀ।
ਹਿਜ਼ਬੁੱਲ੍ਹਾ ਨੇ 1992 ਤੋਂ ਰਾਸ਼ਟਰੀ ਚੋਣਾਂ ਵਿੱਚ ਹਿੱਸਾ ਲਿਆ ਅਤੇ ਇੱਕ ਪ੍ਰਮੁੱਖ ਸਿਆਸੀ ਮੌਜੂਦਗੀ ਬਣ ਗਈ ਹੈ।
ਇਸ ਦੇ ਹਥਿਆਰਬੰਦ ਵਿੰਗ ਨੇ ਲੇਬਨਾਨ ਵਿੱਚ ਇਜ਼ਰਾਈਲੀ ਅਤੇ ਅਮਰੀਕੀ ਫੌਜਾਂ 'ਤੇ ਮਾਰੂ ਹਮਲੇ ਕੀਤੇ ਹਨ। ਜਦੋਂ ਇਜ਼ਰਾਈਲੀ ਫੌਜਾਂ ਸਾਲ 2000 ਵਿੱਚ ਲੇਬਨਾਨ ਤੋਂ ਪਿੱਛੇ ਹਟ ਗਈਆਂ, ਹਿਜ਼ਬੁੱਲ੍ਹਾ ਨੇ ਉਨ੍ਹਾਂ ਨੂੰ ਬਾਹਰ ਧੱਕਣ ਦਾ ਸਿਹਰਾ ਲਿਆ।
ਉਦੋਂ ਤੋਂ, ਹਿਜ਼ਬੁੱਲ੍ਹਾ ਨੇ ਦੱਖਣੀ ਲੇਬਨਾਨ ਵਿੱਚ ਹਜ਼ਾਰਾਂ ਲੜਾਕਿਆਂ ਅਤੇ ਵਿਸ਼ਾਲ ਮਿਜ਼ਾਈਲ ਹਥਿਆਰਾਂ ਨੂੰ ਕਾਇਮ ਰੱਖਿਆ ਹੈ। ਇਹ ਵਿਵਾਦਿਤ ਸਰਹੱਦੀ ਖੇਤਰਾਂ ਵਿੱਚ ਇਜ਼ਰਾਈਲ ਦੀ ਮੌਜੂਦਗੀ ਦਾ ਵਿਰੋਧ ਕਰਦਾ ਰਿਹਾ ਹੈ।
ਸਮੂਹ ਨੂੰ ਪੱਛਮੀ ਦੇਸ਼ਾਂ, ਇਜ਼ਰਾਈਲ, ਖਾੜੀ ਅਰਬ ਦੇਸ਼ਾਂ ਅਤੇ ਅਰਬ ਲੀਗ ਦੁਆਰਾ ਇੱਕ ਅੱਤਵਾਦੀ ਸੰਗਠਨ ਨਾਮਜ਼ਦ ਕੀਤਾ ਗਿਆ ਹੈ।
ਸਾਲ 2006 ਵਿੱਚ, ਹਿਜ਼ਬੁੱਲ੍ਹਾ ਵੱਲੋਂ ਸੀਮਾ ਪਾਰ ਕੀਤੇ ਗਏ ਮਾਰੂ ਹਮਲੇ ਕਾਰਨ ਹਿਜ਼ਬੁੱਲ੍ਹਾ ਅਤੇ ਇਜ਼ਰਾਈਲ ਵਿਚਕਾਰ ਇੱਕ ਮੁੰਕਮਲ ਜੰਗ ਸ਼ੁਰੂ ਹੋ ਗਈ ਸੀ।
ਇਜ਼ਰਾਈਲੀ ਫੌਜਾਂ ਨੇ ਹਿਜ਼ਬੁੱਲ੍ਹਾ ਤੋਂ ਖ਼ਤਰੇ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਨ ਲਈ ਦੱਖਣੀ ਲੇਬਨਾਨ 'ਤੇ ਹਮਲਾ ਕੀਤਾ। ਹਾਲਾਂਕਿ, ਉਹ ਬਚ ਗਿਆ ਅਤੇ ਉਦੋਂ ਤੋਂ ਇਸ ਨੇ ਲੜਾਕਿਆਂ ਦੀ ਗਿਣਤੀ ਵਧਾ ਦਿੱਤੀ ਹੈ ਅਤੇ ਨਵੇਂ ਤੇ ਵਧੀਆ ਹਥਿਆਰ ਹਾਸਿਲ ਕੀਤੇ ਹਨ।

ਤਸਵੀਰ ਸਰੋਤ, Getty Images
ਕੌਣ ਹੈ ਹਿਜ਼ਬੁੱਲ੍ਹਾ ਦਾ ਆਗੂ ਹਸਨ ਨਸਰੱਲ੍ਹਾ?
ਸ਼ੇਖ ਹਸਨ ਨਸਰੱਲ੍ਹਾ ਇੱਕ ਸ਼ੀਆ ਮੌਲਵੀ ਹੈ ਜਿਸ ਨੇ 1992 ਤੋਂ ਹਿਜ਼ਬੁੱਲ੍ਹਾ ਦੀ ਅਗਵਾਈ ਕੀਤੀ ਸੀ। ਉਸ ਨੇ ਇਸਨੂੰ ਇੱਕ ਸਿਆਸੀ, ਫੌਜ ਅਤੇ ਬਲ ਵਿੱਚ ਬਦਲਣ ਵਿੱਚ ਮੁੱਖ ਭੂਮਿਕਾ ਨਿਭਾਈ।
ਉਸ ਦੇ ਈਰਾਨ ਅਤੇ ਇਸ ਦੇ ਸੁਪਰੀਮ ਲੀਡਰ ਅਯਾਤੁੱਲ੍ਹਾ ਅਲੀ ਖਾਮਨੇਈ ਨਾਲ ਨਜ਼ਦੀਕੀ ਸਬੰਧ ਹਨ।
ਕਥਿਤ ਤੌਰ 'ਤੇ ਇਜ਼ਰਾਈਲ ਦੁਆਰਾ ਕਤਲ ਕੀਤੇ ਜਾਣ ਦੇ ਡਰ ਕਾਰਨ ਨਸਰੱਲ੍ਹਾ ਸਾਲਾਂ ਤੋਂ ਜਨਤਕ ਤੌਰ 'ਤੇ ਪੇਸ਼ ਨਹੀਂ ਹੋਏ।
ਹਾਲਾਂਕਿ, ਹਿਜ਼ਬੁੱਲ੍ਹਾ ਉਸ ਦਾ ਸਤਿਕਾਰ ਕਰਦਾ ਹੈ ਅਤੇ ਉਹ ਹਰੇਕ ਹਫ਼ਤੇ ਟੈਲੀਵਿਜ਼ਨ ਭਾਸ਼ਣ ਦਿੰਦਾ ਹੈ।
ਹਿਜ਼ਬੁੱਲ੍ਹਾ ਦੀਆਂ ਤਾਕਤਾਂ ਕਿੰਨੀਆਂ ਸ਼ਕਤੀਸ਼ਾਲੀ ਹਨ?
ਹਿਜ਼ਬੁੱਲ੍ਹਾ ਦੁਨੀਆ ਦੇ ਸਭ ਤੋਂ ਭਾਰੀ ਹਥਿਆਰਾਂ ਨਾਲ ਲੈਸ, ਗ਼ੈਰ-ਰਾਜੀ ਫੌਜੀ ਬਲਾਂ ਵਿੱਚੋਂ ਇੱਕ ਹੈ। ਇਹ ਈਰਾਨ ਦੁਆਰਾ ਫੰਡਿਤ ਅਤੇ ਲੈਸ ਹੈ।
ਹਸਨ ਨਸਰੱਲ੍ਹਾ ਨੇ ਦਾਅਵਾ ਕੀਤਾ ਹੈ ਕਿ ਸੰਗਠਨ ਕੋਲ 1,00,000 ਲੜਾਕੇ ਹਨ, ਹਾਲਾਂਕਿ ਸੁਤੰਤਰ ਅਨੁਮਾਨਾਂ ਅਨੁਸਾਰ ਇਹ ਗਿਣਤੀ 20,000 ਅਤੇ 50,000 ਦੇ ਵਿਚਕਾਰ ਹੈ।
ਬਹੁਤ ਸਾਰੇ ਚੰਗੀ ਤਰ੍ਹਾਂ ਸਿੱਖਿਅਤ ਅਤੇ ਯੁੱਧ ਤਜਰਬੇਕਾਰ ਹਨ ਅਤੇ ਸੀਰੀਆ ਦੇ ਘਰੇਲੂ ਯੁੱਧ ਵਿੱਚ ਲੜ ਚੁੱਕੇ ਹਨ।
ਸੈਂਟਰ ਫਾਰ ਸਟ੍ਰੈਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ ਥਿੰਕ ਟੈਂਕ ਦੇ ਅਨੁਸਾਰ, ਹਿਜ਼ਬੁੱਲ੍ਹਾ ਕੋਲ ਅੰਦਾਜ਼ਨ 120,000-200,000 ਰਾਕੇਟ ਅਤੇ ਮਿਜ਼ਾਈਲਾਂ ਹਨ।
ਇਸ ਦਾ ਜ਼ਿਆਦਾਤਰ ਹਥਿਆਰ ਛੋਟੇ, ਬਿਨਾਂ ਨਿਰਦੇਸ਼ਿਤ, ਸਤ੍ਹਾ ਤੋਂ ਸਤ੍ਹਾ ਤੱਕ ਮਾਰ ਕਰਨ ਵਾਲੇ ਦੇ ਰਾਕੇਟਾਂ ਤੋਂ ਬਣੇ ਹਨ।
ਪਰ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਵਿੱਚ ਐਂਟੀ-ਏਅਰਕ੍ਰਾਫਟ ਅਤੇ ਐਂਟੀ-ਸ਼ਿਪ ਮਿਜ਼ਾਈਲਾਂ ਵੀ ਹੋਣਗੀਆਂ, ਇਸ ਦੇ ਨਾਲ ਹੀ ਇਸ ਵਿੱਚ ਨਿਰਦੇਸ਼ਿਤ ਮਿਜ਼ਾਇਲਾਂ ਵੀ ਹੋਣਗੀਆਂ ਜੋ ਇਜ਼ਰਾਇਲ ਦੇ ਅੰਦਰ ਤੱਕ ਹਮਲਾ ਕਰਨ ਵਿੱਚ ਸਮਰੱਥ ਹੋਣਗੀਆਂ।
ਇਸ ਕੋਲ ਗਾਜ਼ਾ ਵਿੱਚ ਹਮਾਸ ਦੇ ਮੁਕਾਬਲੇ ਬਹੁਤ ਜ਼ਿਆਦਾ ਆਧੁਨਿਕ ਹਥਿਆਰ ਹਨ।

ਤਸਵੀਰ ਸਰੋਤ, Reuters
ਕੀ ਹਿਜ਼ਬੁੱਲ੍ਹਾ ਇਜ਼ਰਾਈਲ ਨਾਲ ਯੁੱਧ ਕਰ ਸਕਦਾ ਹੈ
ਇਸ ਤੋਂ ਪਹਿਲਾਂ ਛਿਟ-ਪੁਟ ਲੜਾਈ 8 ਅਕਤੂਬਰ 2023 ਨੂੰ ਵਧ ਗਈ ਸੀ। ਗਾਜ਼ਾ ਤੋਂ ਹਮਾਸ ਦੇ ਬੰਦੂਕਧਾਰੀਆਂ ਦੁਆਰਾ ਇਜ਼ਰਾਈਲ 'ਤੇ ਬੇਮਿਸਾਲ ਹਮਲੇ ਤੋਂ ਅਗਲੇ ਦਿਨ, ਜਦੋਂ ਹਿਜ਼ਬੁੱਲਾ ਨੇ ਫ਼ਲਸਤੀਨੀਆਂ ਨਾਲ ਏਕਤਾ ਦਿਖਾਉਂਦੇ ਹੋਏ ਇਜ਼ਰਾਈਲੀ ਟਿਕਾਣਿਆਂ 'ਤੇ ਗੋਲੀਬਾਰੀ ਕੀਤੀ ਸੀ।
ਉਦੋਂ ਤੋਂ, ਸਮੂਹ ਨੇ ਉੱਤਰੀ ਇਜ਼ਾਰਈਲ ਅਤੇ ਗੋਲਾਨ ਹਾਈਟਸ 'ਤੇ ਇਜ਼ਰਾਈਲੀ ਟਿਕਾਣਿਆਂ ʼਤੇ 8,000 ਤੋਂ ਵੱਧ ਰਾਕੇਟ ਦਾਗ਼ੇ ਹਨ, ਬਖ਼ਤਰਬੰਦ ਵਾਹਨਾਂ 'ਤੇ ਟੈਂਕ ਵਿਰੋਧੀ ਮਿਜ਼ਾਈਲਾਂ ਦਾਗ਼ੀਆਂ ਹਨ ਅਤੇ ਵਿਸਫੋਟਕ ਡਰੋਨਾਂ ਨਾਲ ਫੌਜੀ ਟਿਕਾਣਿਆਂ 'ਤੇ ਹਮਲਾ ਕੀਤਾ ਹੈ।
ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐੱਫ) ਨੇ ਲੇਬਨਾਨ ਵਿੱਚ ਹਿਜ਼ਬੁੱਲ੍ਹਾ ਟਿਕਾਣਿਆਂ 'ਤੇ ਹਵਾਈ ਹਮਲੇ ਅਤੇ ਟੈਂਕ ਤੇ ਤੋਪਖਾਨੇ ਦੀ ਵਰਤੋਂ ਕਰਦਿਆਂ ਜਵਾਬੀ ਕਾਰਵਾਈ ਕੀਤੀ ਹੈ।
ਲੇਬਨਾਨ ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਅਕਤੂਬਰ 2023 ਤੋਂ ਘੱਟੋ-ਘੱਟ 589 ਲੋਕ ਮਾਰੇ ਗਏ ਹਨ। ਮੰਤਰਾਲੇ ਮੁਤਾਬਕ, ਉਨ੍ਹਾਂ ਵਿੱਚੋਂ ਜ਼ਿਆਦਾਤਰ ਹਿਜ਼ਬੁੱਲ੍ਹਾ ਲੜਾਕੇ ਸਨ, ਪਰ ਘੱਟੋ-ਘੱਟ 137 ਨਾਗਰਿਕ ਸਨ।
ਇਜ਼ਰਾਈਲ ਵਿੱਚ, ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲਿਆਂ ਦੇ ਸਿੱਧੇ ਨਤੀਜੇ ਵਜੋਂ ਘੱਟੋ-ਘੱਟ 25 ਨਾਗਰਿਕ ਅਤੇ 21 ਸੈਨਿਕ ਮਾਰੇ ਗਏ ਹਨ।
ਸਰਹੱਦ ਦੇ ਦੋਵੇਂ ਪਾਸੇ ਲਗਭਗ 2 ਲੱਖ ਲੋਕ ਵੀ ਬੇਘਰ ਹੋਏ ਹਨ।
ਨਿਰੀਖਕਾਂ ਦਾ ਕਹਿਣਾ ਹੈ ਕਿ ਲੜਾਈ ਦੇ ਬਾਵਜੂਦ ਹੁਣ ਤੱਕ ਦੋਵਾਂ ਪੱਖਾਂ ਨੇ ਸੀਮਾ ਪਾਰ ਕੀਤੇ ਬਿਨਾਂ ਪੂਰੇ ਪੈਮਾਨੇ ʼਤੇ ਜੰਗ ਛੇੜੇ ਬਿਨਾਂ ਦੁਸ਼ਮਣੀ ਨੂੰ ਕਾਬੂ ਕਰਨ ਦਾ ਟੀਚਾ ਰੱਖਿਆ ਹੈ।
ਪਰ ਅਜਿਹੀ ਖਦਸ਼ਾ ਹੈ ਕਿ ਹਾਲਾਕ ਕਾਬੂ ਤੋਂ ਬਾਹਰ ਹੋ ਸਕਦੇ ਹਨ।
27 ਜੁਲਾਈ ਨੂੰ ਇਜ਼ਰਾਈਲ ਦੇ ਕਬਜ਼ੇ ਵਾਲੇ ਗੋਲਾਨ ਹਾਈਟਸ ਵਿੱਚ ਰਾਕੇਟ ਹਮਲੇ ਵਿੱਚ 12 ਬੱਚਿਆਂ ਦੇ ਮਾਰੇ ਜਾਣ ਤੋਂ ਬਾਅਦ ਇਹ ਖਦਸ਼ਾ ਵਧ ਗਿਆ ਹੈ। ਇਜ਼ਰਾਈਲ ਨੇ ਕਿਹਾ ਕਿ ਹਮਲਾ ਹਿਜ਼ਬੁੱਲ੍ਹਾ ਨੇ ਕੀਤਾ ਹੈ, ਪਰ ਸਮੂਹ ਨੇ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।
30 ਜੁਲਾਈ ਨੂੰ, ਆਈਡੀਐੱਫ ਨੇ ਐਲਾਨ ਕੀਤਾ ਹੈ ਕਿ ਉਸਨੇ ਬੇਰੂਤ ਦੇ ਦੱਖਣੀ ਉਪਨਗਰਾਂ ਵਿੱਚ ਇੱਕ ਹਵਾਈ ਹਮਲੇ ਵਿੱਚ ਸੀਨੀਅਰ ਹਿਜ਼ਬੁੱਲ੍ਹਾ ਫੌਜੀ ਕਮਾਂਡਰ ਫੁਆਦ ਸ਼ੁਕਰ ਨੂੰ ਮਾਰ ਦਿੱਤਾ ਹੈ।
ਅਗਲੇ ਦਿਨ ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਹਮਾਸ ਦੇ ਸਿਆਸੀ ਆਗੂ ਇਸਮਾਈਲ ਹਨੀਆਹ ਦਾ ਕਤਲ ਕਰ ਦਿੱਤਾ ਗਿਆ। ਇਜ਼ਰਾਈਲ ਨੇ ਨਾ ਤਾਂ ਕਿਸੇ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਅਤੇ ਨਾ ਹੀ ਇਨਕਾਰ ਕੀਤਾ।
ਉਦੋਂ ਤੋਂ ਇਹ ਇਲਾਕਾ ਹਿਜ਼ਬੁੱਲ੍ਹਾ ਅਤੇ ਈਰਾਨ ਦੀ ਪ੍ਰਤੀਕਿਰਿਆ ਦਾ ਇੰਤਜ਼ਾਰ ਕਰ ਰਿਹਾ ਹੈ, ਦੋਵਾਂ ਨੇ ਇਜ਼ਰਾਈਲ ਦੇ ਖ਼ਿਲਾਫ਼ ਜਵਾਬੀ ਕਾਰਵਾਈ ਕਰਨ ਦੀ ਸਹੁੰ ਖਾਧੀ ਹੈ।
ਅਮਰੀਕਾ ਦਾ ਗਾਜ਼ਾ ਵਿੱਚ ਜੰਗ ਵਿਰਾਮ ਅਤੇ ਬੰਧਕਾਂ ਦੀ ਰਿਹਾਈ ਲਈ ਸਮਝੌਤਾ ਕਰ ਕੇ ਤਣਾਅ ਘੱਟ ਕਰਨ ਦੀ ਆਸ ਕਰ ਰਿਹਾ ਹੈ ਅਤੇ ਇਜ਼ਰਾਈਲ ਤੇ ਹਮਾਸ ʼਤੇ ਦਬਾਅ ਬਣਾ ਰਿਹਾ ਹੈ।
ਹਿਜ਼ਬੁੱਲ੍ਹਾ ਨੇ ਕਿਹਾ ਹੈ ਕਿ ਉਹ ਗਾਜ਼ਾ ਵਿੱਚ ਲੜਾਈ ਖ਼ਤਮ ਹੋਣ ਤੋਂ ਬਾਅਦ ਹੀ ਦੁਸ਼ਮਣੀ ਨੂੰ ਰੋਕੇਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












