ਲੇਬਨਾਨ: ਇਜ਼ਰਾਇਲੀ ਬੰਬਾਰੀ ’ਚ ਸੈਂਕੜੇ ਮੌਤਾਂ, ਕਿਵੇਂ ਲੋਕਾਂ ਲਈ ਜਾਨ ਬਚਾਉਣਾ ਔਖਾ ਹੋਇਆ

ਤਸਵੀਰ ਸਰੋਤ, EPA
- ਲੇਖਕ, ਓਰਲਾ ਗੋਇਰਿਨ, ਨਾਫਿਸੇਹ ਕੋਹਨਾਵਰਦ ਤੇ ਕਾਰਿਨ ਟੋਰਬੇਅ
- ਰੋਲ, ਬੀਬੀਸੀ ਪੱਤਰਕਾਰ
ਦੱਖਣੀ ਲੇਬਨਾਨ ਵਿੱਚ ਲੋਕ ਆਪੋ-ਆਪਣਾ ਸਮਾਨ ਸਮੇਟ ਕੇ ਉੱਤਰ ਵੱਲ ਕੂਚ ਕਰ ਰਹੇ ਹਨ। ਜੋ ਵੀ ਸਾਧਨ ਮਿਲੇ ਕਾਰਾਂ, ਟਰੱਕਾਂ, ਮੋਟਰਸਾਈਕਲਾਂ ਜ਼ਰੀਏ ਉਹ ਹਰ ਹੀਲੇ ਉੱਥੋਂ ਨਿਕਲ ਰਹੇ ਹਨ। ਕਾਰਨ ਹੈ ਲੇਬਨਾਨ ਵਿੱਚ ਹਿਜ਼ਬੁਲਾ ਦੇ ਟਿਕਾਣਿਆਂ ਉੱਤੇ ਇਜ਼ਰਾਇਲੀ ਹਵਾਈ ਹਮਲੇ, ਜਿਨ੍ਹਾਂ ਵਿੱਚ ਹੁਣ ਤੱਕ 492 ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ।
ਕੁਝ ਸਥਾਨਕ ਵਾਸੀਆਂ ਨੂੰ ਇਜ਼ਰਾਈਲੀ ਫ਼ੌਜ ਨੇ ਟੈਕਸਟ ਮੈਸੇਜ ਕਰਕੇ ਜਾਂ ਵੌਇਸ ਰਿਕਾਰਡਿੰਗਾਂ ਜ਼ਰੀਏ ਈਰਾਨ-ਸਮਰਥਿਤ ਸਮੂਹ ਦੀ ਮੌਜੂਦਗੀ ਵਾਲੇ ਇਲਾਕੇ ਛੱਡਣ ਦੀ ਚੇਤਾਵਨੀ ਵੀ ਦਿੱਤੀ ਹੈ।
ਦੱਖਣੀ ਕਸਬੇ ਨਬਾਤੀਹ ਦੀ ਇੱਕ ਵਿਦਿਆਰਥਣ ਜ਼ਾਹਰਾ ਸਾਵਲੀ ਨੇ ਬੀਬੀਸੀ ਦੇ ਨਿਊਜ਼ ਆਵਰ ਪ੍ਰੋਗਰਾਮ ਨੂੰ ਗੱਲਬਾਤ ਦੌਰਾਨ ਦੱਸਿਆ ਕਿ ਬੰਬਾਰੀ ਬਹੁਤ ਤੇਜ਼ ਸੀ।
ਉਨ੍ਹਾਂ ਕਿਹਾ,“ਮੈਂ ਸਵੇਰੇ 6 ਵਜੇ ਬੰਬ ਧਮਾਕੇ ਦੀ ਆਵਾਜ਼ ਨਾਲ ਜਾਗੀ। ਦੁਪਿਹਰ ਤੱਕ ਇਹ ਬੇਹੱਦ ਤੇਜ਼ ਹੋ ਗਈ ਅਤੇ ਮੈਂ ਸਾਡੇ ਇਲਾਕੇ ਵਿੱਚ ਕਈ ਸਟ੍ਰਾਈਕਸ ਦੇਖੀਆਂ।"
"ਮੈਂ ਵਾਰ-ਵਾਰ ਸ਼ੀਸ਼ੇ ਟੁੱਟਣ ਦੀਆਂ ਆਵਾਜ਼ਾਂ ਸੁਣੀਆਂ।"
ਜ਼ਾਹਰਾ ਕਹਿੰਦੇ ਹਨ ਕਿ ਕਈ ਲੋਕਾਂ ਨੇ ਘਰ ਛੱਡ ਕੇ ਥੋੜ੍ਹੀ ਸੁਰੱਖਿਅਤ ਥਾਂ ਜਾਣ ਦਾ ਫ਼ੈਸਲਾ ਲਿਆ ਪਰ ਉਹ ਅਤੇ ਕਈ ਹੋਰ ਪਰਿਵਾਰ ਇਸ ਲਈ ਹੌਸਲਾ ਨਹੀਂ ਕਰ ਸਕੇ ਅਤੇ ਆਪੋ-ਆਪਣੇ ਘਰਾਂ ਵਿੱਚ ਹੀ ਹਨ।
“ਅਸੀਂ ਜਾਣਾ ਕਿੱਥੇ ਹੈ? ਬਹੁਤ ਸਾਰੇ ਲੋਕ ਅਜੇ ਵੀ ਸੜਕਾਂ 'ਤੇ ਫਸੇ ਹੋਏ ਹਨ।”
“ਮੇਰੇ ਬਹੁਤ ਸਾਰੇ ਦੋਸਤ ਅਜੇ ਵੀ ਟ੍ਰੈਫਿਕ ਵਿੱਚ ਫਸੇ ਹੋਏ ਹਨ ਕਿਉਂਕਿ ਅਣਗਿਣਤ ਲੋਕ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ।”

ਘਰੋਂ-ਬੇਘਰ ਹੋਏ ਲੋਕ
ਜਦੋਂ ਤੱਕ ਅੱਧਾ ਦਿਨ ਬਿਤਿਆ ਬੇਰੂਤ ਦੇ ਉੱਤਰ ਵੱਲ ਛੇ-ਮਾਰਗੀ ਤੱਟਵਰਤੀ ਹਾਈਵੇਅ ਦੇ ਦੋਵੇਂ ਪਾਸੇ ਰਾਜਧਾਨੀ ਵੱਲ ਜਾ ਰਹੇ ਵਾਹਨਾਂ ਕਰਕੇ ਸੜਕਾਂ ਉੱਤੇ ਅੰਧਾਧੁੰਦ ਟ੍ਰੈਫ਼ਿਕ ਸੀ।
ਸੋਸ਼ਲ ਮੀਡੀਆ ਉੱਤੇ ਮੌਜੂਦ ਕਈ ਤਸਵੀਰਾਂ ਵਿੱਚ ਦੇਸ਼ ਦੇ ਅੰਦਰਲੇ ਹਿੱਸੇ ਵਿੱਚ ਹਵਾਈ ਹਮਲਿਆਂ ਕਾਰਨ ਧੂੰਆਂ ਉੱਠਦਾ ਦੇਖਿਆ ਗਿਆ ਤੇ ਦੱਖਣੀ ਸ਼ਹਿਰ ਤਾਇਰ ਵਿੱਚ ਲੋਕ ਬੀਚ ਦੇ ਨਾਲ-ਨਾਲ ਤੁਰਦੇ ਹੋਏ ਨਜ਼ਰ ਆਏ।
ਬੀਬੀਸੀ ਨੇ ਪੰਜ ਮੈਂਬਰਾਂ ਦੇ ਇੱਕ ਪਰਿਵਾਰ ਨਾਲ ਗੱਲ ਕੀਤੀ ਜੋ ਇੱਕ ਹੀ ਮੋਟਰਸਾਈਕਲ 'ਤੇ ਬੇਰੂਤ ਪਹੁੰਚਿਆ ਸੀ।
ਦੱਖਣ ਦੇ ਇੱਕ ਪਿੰਡ ਤੋਂ, ਉਹ ਉੱਤਰ ਵਿੱਚ ਤ੍ਰਿਪੋਲੀ ਵੱਲ ਜਾ ਰਹੇ ਸਨ। ਉਹ ਬਹੁਤ ਥੱਕ ਗਏ ਸਨ।
ਪਰਿਵਾਰ ਵਿੱਚੋਂ ਬਾਪ ਨੇ ਕਿਹਾ, "ਤੁਸੀਂ ਸਾਨੂੰ ਕੀ ਕਹਿਣਾ ਜਾਂ ਸੁਣਨਾ ਚਾਹੁੰਦੇ ਹੋ? ਅਸੀਂ ਭੱਜਣਾ ਹੀ ਸੀ।"
ਸੋਮਵਾਰ ਸ਼ਾਮ ਤੱਕ ਲੇਬਨਾਨ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਬੰਬਾਰੀ ਵਿੱਚ 492 ਲੋਕ ਮਾਰੇ ਗਏ ਸਨ ਅਤੇ 1,600 ਤੋਂ ਵੱਧ ਜ਼ਖਮੀ ਹੋ ਗਏ ਸਨ।
ਇਸ ਜਾਣਕਾਰੀ ਮੁਤਾਬਕ ਮਰਨ ਵਾਲਿਆਂ ਵਿਚ ਘੱਟੋ-ਘੱਟ 35 ਬੱਚੇ ਸ਼ਾਮਲ ਹਨ।
ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐੱਫ਼) ਨੇ ਕਿਹਾ ਕਿ ਉਸਨੇ ਪਿਛਲੇ 24 ਘੰਟਿਆਂ ਵਿੱਚ 1,100 ਹਮਲੇ ਕੀਤੇ ਹਨ।
ਇਸ ਵਿੱਚ ਦੱਖਣੀ ਬੇਰੂਤ ਵਿੱਚ ਇੱਕ ਹਵਾਈ ਹਮਲਾ ਵੀ ਸ਼ਾਮਲ ਹੈ ਜਿਸ ਬਾਰੇ ਆਈਡੀਐੱਫ਼ ਨੇ ਕਿਹਾ ਕਿ ਇੱਕ ਸੀਨੀਅਰ ਹਿਜ਼ਬੁੱਲਾ ਕਮਾਂਡਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਤਸਵੀਰ ਸਰੋਤ, Hassan Harfoush
ਬੇਰੂਤ ਵਿੱਚ ਵੀ ਤਣਾਅ ਦਾ ਮਾਹੌਲ
ਬੇਰੂਤ ਵਿੱਚ ਵੀ ਹਰ ਪਾਸੇ ਚਿੰਤਾ ਦਾ ਮਾਹੌਲ ਸੀ।
ਦੱਖਣ ਦੇ ਲੋਕ ਜਦੋਂ ਕਾਰਾਂ ਵਿੱਚ ਰਾਜਧਾਨੀ ਪਹੁੰਚੇ ਤਾਂ ਉਨ੍ਹਾਂ ਦੀਆਂ ਕਾਰਾਂ ਉੱਤੇ ਸੂਟਕੇਸਾਂ ਵਿੱਚ ਸਮਾਨ ਲੱਦਿਆ ਹੋਇਆ ਸੀ। ਹਾਲਾਂਕਿ ਹਾਲਾਤ ਇਹ ਹਨ ਕਿ ਕੁਝ ਬੇਰੂਤ ਵਾਸੀ ਵੀ ਆਪਣੀ ਜਗ੍ਹਾ ਖਾਲੀ ਕਰ ਰਹੇ ਸਨ।
ਇਜ਼ਰਾਈਲ ਨੇ ਲੋਕਾਂ ਨੂੰ ਉਨ੍ਹਾਂ ਇਲਾਕਿਆਂ ਨੂੰ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਹੈ ਜਿੱਥੇ ਕਿ ਹਿਜ਼ਬੁੱਲਾ ਦੇ ਹਥਿਆਰ ਸਟੋਰ ਕਰਨ ਦੀ ਸੰਭਵਨਾ ਰਹਿੰਦੀ ਹੈ। ਪਰ ਬੇਰੂਤ ਦੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਵੀ ਰਿਕਾਰਡ ਕੀਤੀਆਂ ਚੇਤਾਵਨੀਆਂ ਭੇਜੀਆਂ ਹਨ, ਇਹ ਇਲਾਕੇ ਹਿਜ਼ਬੁੱਲਾ ਦਾ ਗੜ੍ਹ ਤਾਂ ਨਹੀਂ ਮੰਨੇ ਜਾਂਦੇ ਪਰ ਇਨ੍ਹਾਂ ਇਲਾਕਿਆਂ ਵਿੱਚ ਸਰਕਾਰੀ ਮੰਤਰਾਲਿਆਂ, ਬੈਂਕਾਂ ਅਤੇ ਯੂਨੀਵਰਸਿਟੀਆਂ ਹਨ।
ਜਦੋਂ ਇਲਾਕਾ ਖਾਲੀ ਕਰਨ ਦੀਆਂ ਚੇਤਾਵਨੀਆਂ ਮਿਲਣ ਲੱਗੀਆਂ ਤਾਂ ਮਾਪੇ ਆਪਣੇ ਬੱਚਿਆਂ ਨੂੰ ਸਕੂਲਾਂ ਤੋਂ ਲੈਣ ਦੌੜੇ।

ਤਸਵੀਰ ਸਰੋਤ, Getty Images
ਖ਼ਬਰ ਏਜੰਸੀ ਰਾਇਟਰਜ਼ ਨਾਲ ਗੱਲ ਕਰਦਿਆਂ ਸਕੂਲ ਤੋਂ ਆਪਣੇ ਪੁੱਤ ਨੂੰ ਲੈਣ ਆਏ ਇੱਕ ਵਿਅਕਤੀ ਨੇ ਦੱਸਿਆ, “ਅਸੀਂ ਚੇਤਾਵਨੀ ਭਰੀਆਂ ਫ਼ੋਨ ਕਾਲਾਂ ਕਰਕੇ ਇੱਥੇ ਆਏ ਹਾਂ।”
ਉਨ੍ਹਾਂ ਕਿਹਾ, “ਉਹ ਸਾਰਿਆਂ ਨੂੰ ਕਾਲ ਕਰ ਰਹੇ ਹਨ ਅਤੇ ਲੋਕਾਂ ਨੂੰ ਫੋਨ ਕਰਕੇ ਧਮਕੀਆਂ ਦੇ ਰਹੇ ਹਨ। ਇਸ ਲਈ ਅਸੀਂ ਇੱਥੇ ਮੇਰੇ ਲੜਕੇ ਨੂੰ ਸਕੂਲ ਤੋਂ ਲੈਣ ਆਏ ਹਾਂ। ਹਾਲਾਤ ਤਸੱਲੀਬਖਸ਼ ਨਹੀਂ ਹਨ।”
ਆਪਣੀ ਪਤਨੀ ਨਾਲ ਸੜਕ 'ਤੇ ਇੱਕ ਫਲਸਤੀਨੀ ਵਿਅਕਤੀ ਮੁਹੰਮਦ ਨੇ ਬੇਰੂਤ ਤੋਂ ਬਾਹਰ ਨਿਕਲਦੇ ਸਮੇਂ ਬੀਬੀਸੀ ਨਾਲ ਗੱਲ ਕੀਤੀ।
ਇਹ ਪੁੱਛੇ ਜਾਣ 'ਤੇ ਕਿ ਕੀ ਉਹ ਰਾਜਧਾਨੀ 'ਚ ਰਹਿਣਗੇ?
ਉਨ੍ਹਾਂ ਕਿਹਾ,"ਲੇਬਨਾਨ ਵਿੱਚ ਕੋਈ ਵੀ ਥਾਂ ਸੁਰੱਖਿਅਤ ਨਹੀਂ ਹੈ, ਇਜ਼ਰਾਈਲ ਕਹਿ ਰਿਹਾ ਹੈ ਕਿ ਉਹ ਹਰ ਜਗ੍ਹਾ ਬੰਬਾਰੀ ਕਰਨ ਜਾ ਰਿਹਾ ਹੈ।"
"ਹੁਣ ਉਨ੍ਹਾਂ ਨੇ ਆਂਢ-ਗੁਆਂਢ ਵਿੱਚ ਵੀ ਧਮਕੀ ਦਿੱਤੀ ਹੈ, ਤਾਂ ਅਸੀਂ ਕਿੱਥੇ ਜਾਈਏ?"
"ਇਹ ਡਰਾਉਣਾ ਹੈ, ਮੈਨੂੰ ਨਹੀਂ ਪਤਾ ਕਿ ਕੀ ਕਰਨਾ ਹੈ, ਕੰਮ ਕਰੋ, ਘਰ ਜਾਓ, ਪਤਾ ਨਹੀਂ ਕਰਨਾ ਕੀ ਹੈ।"
ਇਸ ਦੌਰਾਨ ਜਦੋਂ ਬੀਬੀਸੀ ਦਾ ਅਮਲਾ ਸੜਕ ਦੇ ਇੱਕ ਪਾਸੇ ਖੜਾ ਸੀ ਤਾਂ ਇੱਕ ਟੈਕਸੀ ਡਰਾਈਵਰ ਨੇ ਇਹ ਪੁੱਛਣ ਲਈ ਬੁਲਾਇਆ ਕਿ ਕੀ ਉਨ੍ਹਾਂ ਨੂੰ ਤੇਲ ਦੇ ਸੰਕਟ ਬਾਰੇ ਪਤਾ ਹੈ।
ਉਸ ਨੇ ਕਿਹਾ, “ਬਹੁਤ ਸਾਰੇ ਲੋਕ ਬੇਰੂਤ ਆ ਰਹੇ ਹਨ।”

ਤਸਵੀਰ ਸਰੋਤ, Reuters
ਅਸਥਾਈ ਰਿਹਾਇਸ਼ਗਾਹਾਂ
ਦੱਖਣ ਤੋਂ ਆਉਣ ਵਾਲੇ ਲੋਕਾਂ ਦੀ ਵੱਡੀ ਗਿਣਤੀ ਦੇ ਚਲਦਿਆਂ ਸਕੂਲਾਂ ਨੂੰ ਜਲਦਬਾਜ਼ੀ ਵਿੱਚ ਅਸਥਾਈ ਸ਼ੈਲਟਰਾਂ ਵਿੱਚ ਬਦਲ ਦਿੱਤਾ ਗਿਆ ਹੈ।
ਇੱਕ ਸਰਕਾਰੀ ਹੁਕਮ 'ਤੇ ਬੇਰੂਤ ਅਤੇ ਤ੍ਰਿਪੋਲੀ ਦੇ ਨਾਲ-ਨਾਲ ਪੂਰਬੀ ਲੇਬਨਾਨ ਵਿੱਚ ਸਕੂਲਾਂ ਨੂੰ ਅਸਥਾਈ ਰਿਹਾਇਸ਼ਗਾਹ ਬਣਾਏ ਗਏ ਸਨ।
ਬੀਬੀਸੀ ਸੋਮਵਾਰ ਨੂੰ ਪੱਛਮੀ ਬੇਰੂਤ ਦੇ ਬੀਰ ਹਸਨ ਵਿੱਚ ਇੱਕ ਪਬਲਿਕ ਸਕੂਲ ਵਿੱਚ ਇੱਕ ਕਲਾਸਰੂਮ ਪਹੁੰਚੀ ਸੀ ਜੋ ਬੇਕਾ ਘਾਟੀ ਤੋਂ ਆਉਣ ਵਾਲੇ ਲੋਕਾਂ ਲਈ ਤਿਆਰ ਕੀਤਾ ਜਾ ਰਿਹਾ ਸੀ। ਇਹ ਉੱਤਰ-ਪੂਰਬੀ ਲੇਬਨਾਨ ਵਿੱਚ ਇੱਕ ਹਿਜ਼ਬੁੱਲਾ ਗੜ੍ਹ ਸੀ, ਜਿਸ ਬਾਰੇ ਇਜ਼ਰਾਈਲ ਨੇ ਕਿਹਾ ਕਿ ਇਹ ਵੀ ਨਿਸ਼ਾਨਾ ਬਣਾ ਰਿਹਾ ਹੈ।

ਤਸਵੀਰ ਸਰੋਤ, EPA
ਉੱਥੇ ਕੰਮ ਕਰਨ ਵਾਲਿਆਂ ਨੇ ਦੱਸਿਆ ਕਿ ਹਾਲ ਦੀ ਘੜੀ ਚਟਾਈਆਂ ਨਾਲ ਇੰਤੇਜ਼ਾਮ ਕੀਤਾ ਗਿਆ ਹੈ ਪਰ ਦਿਨ ਮੁੱਕਣ ਤੱਕ ਮੁਕੰਮਲ ਪ੍ਰਬੰਧ ਕਰ ਲਿਆ ਜਾਵੇਗਾ।
ਇਸ ਦੌਰਾਨ ਲੇਬਨਾਨ ਦੇ ਹਸਪਤਾਲਾਂ ਨੂੰ ਸੋਮਵਾਰ ਨੂੰ ਸਾਰੀਆਂ ਗੈਰ-ਜ਼ਰੂਰੀ ਸਰਜਰੀਆਂ ਨੂੰ ਰੱਦ ਕਰਨ ਦਾ ਹੁਕਮ ਦਿੱਤਾ ਗਿਆ ਸੀ ਤਾਂ ਜੋ ਡਾਕਟਰ ਮੌਤ ਨਾਲ ਲੜਨ ਵਾਲਿਆਂ ਅੱਤਾ ਜਖ਼ਮੀ ਲੋਕਾਂ ਦੇ ਇਲਾਜ ਉੱਤੇ ਧਿਆਨ ਕੇਂਦਰਿਤ ਕਰ ਸਕਣ।
ਬੇਰੂਤ ਵਿੱਚ ਤਣਾਅਪੂਰਨ ਅਤੇ ਅਨਿਸ਼ਚਿਤਤਾ ਦੇ ਮਾਹੌਲ ਦੇ ਬਾਵਜੂਦ, ਕੁਝ ਲੋਕ ਵਿਰੋਧ ਕਰ ਰਹੇ ਸਨ।
ਇੱਕ ਵਿਅਕਤੀ ਨੇ ਬੀਬੀਸੀ ਨੂੰ ਦੱਸਿਆ, "ਜੇਕਰ ਪੂਰੀ ਜੰਗ ਹੁੰਦੀ ਹੈ, ਤਾਂ ਸਾਨੂੰ ਸਾਡੇ ਸਿਆਸੀ ਸਬੰਧਾਂ ਦੀ ਪਰਵਾਹ ਕੀਤੇ ਬਿਨਾਂ ਇੱਕ ਲੇਬਨਾਨੀ ਵਜੋਂ ਖੜੇ ਹੋਣਾ ਚਾਹੀਦਾ ਹੈ ਕਿਉਂਕਿ ਅੰਤ ਨੂੰ ਸਾਡੇ ਦੇਸ਼ ਵਿੱਚ ਬੰਬਾਰੀ ਹੋ ਰਹੀ ਹੈ।"
ਖ਼ਬਰ ਏਜੰਸੀ ਰਾਇਟਰਜ਼ ਨਾਲ ਗੱਲ ਕਰਦਿਆਂ ਇੱਕ ਦੁਕਾਨਦਾਰ ਮੁਹੰਮਦ ਸਿਬਾਈ ਨੇ ਕਿਹਾ, “ਜੇ ਉਹ ਜੰਗ ਚਾਹੁੰਦੇ ਹਨ, ਤਾਂ ਅਸੀਂ ਕੀ ਕਰ ਸਕਦੇ ਹਾਂ? ਇਹ ਸਾਡੇ 'ਤੇ ਥੋਪੀ ਗਈ ਸੀ। ਅਸੀਂ ਕੁਝ ਨਹੀਂ ਕਰ ਸਕਦੇ।”
57 ਸਾਲਾ ਮੁਹੰਮਦ ਦੱਖਣੀ ਬੇਰੂਤ ਦੇ ਉਪਨਗਰ ਦਾਹੀਹ ਵਿੱਚ ਉਸ ਥਾਂ ਰਹਿੰਦੇ ਹਨ ਜਿੱਥੇ ਹਿਜ਼ਬੁੱਲਾ ਦਾ ਰਾਜਧਾਨੀ ਵਿੱਚ ਮਜ਼ਬੂਤ ਆਧਾਰ ਹੈ। ਉਹ ਕਹਿੰਦੇ ਹਨ, "1975 ਤੋਂ ਲੈ ਕੇ ਹੁਣ ਤੱਕ ਦੀਆਂ ਸਾਰੀਆਂ ਲੜਾਈਆਂ ਤੋਂ ਬਚੇ ਰਹੇ ਹਾਂ, ਇਸ ਲਈ ਇਹ ਮੇਰੇ ਲਈ ਆਮ ਹੈ।"
ਉਹ ਭਾਵੁਕਤਾ ਵਿੱਚ ਕਹਿੰਦੇ ਹਨ, "ਮੈਂ ਨਹੀਂ ਕਿਤੇ ਜਾਵਾਂਗਾ, ਮੈਂ ਆਪਣੇ ਘਰ ਹੀ ਰਹਾਂਗਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












