ਲੇਬਨਾਨ: ਪੇਜਰ ਤੋਂ ਬਾਅਦ ਹੁਣ ਵਾਕੀ-ਟਾਕੀ ਵਿੱਚ ਧਮਾਕੇ, ਇਹ ਸਾਜ਼ਿਸ ਕਿਸ ਦੀ ਸੀ

ਲੇਬਨਾਨ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਲੇਬਨਾਨ ਦੇ ਕਈ ਸ਼ਹਿਰਾਂ ਵਿੱਚ ਵਾਕੀ-ਟਾਕੀਜ਼ ਵਿੱਚ ਧਮਾਕਿਆਂ ਦੀ ਖ਼ਬਰ ਹੈ

ਲੇਬਨਾਨ ਵਿੱਚ 18 ਸਤੰਬਰ ਨੂੰ ਹੋਏ ਵਾਕੀ-ਟਾਕੀ ਧਮਾਕਿਆਂ ਵਿੱਚ ਹੁਣ ਤੱਕ 20 ਲੋਕਾਂ ਦੀ ਜਾਨ ਚਲੀ ਗਈ ਹੈ ਅਤੇ 450 ਤੋਂ ਵੱਧ ਜ਼ਖ਼ਮੀ ਹੋਏ ਹਨ। ਇਹ ਜਾਣਕਾਰੀ ਲੇਬਨਾਨ ਦੇ ਸਿਹਤ ਮੰਤਰੀ ਨੇ ਦਿੱਤੀ ਹੈ।

ਵਾਕੀ-ਟਾਕੀਜ਼ ਦੀ ਵਰਤੋਂ ਹਿਜ਼ਬੁੱਲ੍ਹਾ ਕਰਦਾ ਰਿਹਾ ਹੈ।

ਜਿਨ੍ਹਾਂ ਥਾਵਾਂ 'ਤੇ ਧਮਾਕੇ ਹੋਏ ਉਹ ਹਿਜ਼ਬੁੱਲ੍ਹਾ ਪ੍ਰਭਾਵਿਤ ਖੇਤਰ ਮੰਨੇ ਜਾਂਦੇ ਹਨ। ਇਹ ਖੇਤਰ ਹਨ- ਬੇਰੂਤ, ਬੇਕਾ ਵੈਲੀ, ਦੱਖਣੀ ਲੇਬਨਾਨ।

17 ਸਤੰਬਰ ਨੂੰ ਪੇਜਨ ਫਟਣ ਕਾਰਨ ਜਿਨ੍ਹਾਂ ਲੋਕਾਂ ਦੀ ਮੌਤ ਹੋ ਗਈ ਸੀ, ਉਨ੍ਹਾਂ ਵਿੱਚੋਂ ਕੁਝ ਦੀ ਅੰਤਿਮ ਯਾਤਰਾ ਦੌਰਾਨ ਵਾਕੀ-ਟਾਕੀਜ਼ ਵਿੱਚ ਧਮਾਕੇ ਹੋਏ।

ਹਿਜ਼ਬੁੱਲ੍ਹਾ ਦੇ ਮੈਂਬਰਾਂ ਦੁਆਰਾ ਵਰਤੇ ਜਾਣ ਵਾਲੇ ਪੇਜਰ 17 ਸਤੰਬਰ ਨੂੰ ਅਚਾਨਕ ਫਟਣ ਲੱਗੇ। ਇਸ ਵਿੱਚ 12 ਲੋਕ ਮਾਰੇ ਗਏ ਸਨ ਅਤੇ ਸੈਂਕੜੇ ਜ਼ਖਮੀ ਹੋ ਗਏ ਸਨ।

ਲੇਬਨਾਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਹਿਜ਼ਬੁੱਲਾ ਨਾਲ ਜੁੜੇ ਸੰਸਦ ਮੈਂਬਰ ਅਲੀ ਅਮਾਰ ਦਾ ਪੁੱਤਰ ਉਸ ਸਮੇਂ ਮਾਰਿਆ ਗਿਆ ਜਦੋਂ ਇੱਕ ਪੇਜ਼ਰ ਫਟ ਗਿਆ। ਇਹ ਤਸਵੀਰ ਉਨ੍ਹਾਂ ਦੇ ਬੇਟੇ ਦੇ ਅੰਤਿਮ ਸੰਸਕਾਰ ਦੀ ਹੈ।

ਹੁਣ ਤੱਕ ਕੀ-ਕੀ ਪਤਾ

ਇਨ੍ਹਾਂ ਧਮਾਕਿਆਂ ਦੇ ਲਈ ਹਿਜ਼ਬੁੱਲ੍ਹਾ ਨੇ ਇਜ਼ਰਾਈਲ ਨੂੰ ਜ਼ਿੰਮੇਦਾਰ ਠਹਿਰਾਇਆ ਹੈ। ਇਜ਼ਰਾਈਲ ਨੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਬੀਤੇ ਦਿਨੀਂ ਇਜ਼ਰਾਈਲ ਦੇ ਰੱਖਿਆ ਮੰਤਰੀ ਯਾਓਵ ਗੈਲੇਂਠ ਨੇ ‘ਯੁੱਧ ਦਾ ਨਵਾਂ ਦੌਰ’ ਸ਼ੁਰੂ ਹੋਣ ਦੀ ਗੱਲ ਕਹੀ ਸੀ।

ਇਜ਼ਰਾਈਲੀ ਫੌਜ ਨੂੰ ਵੀ ਉੱਤਰੀ ਇਲਾਕੇ ਵਿੱਚ ਤੈਨਾਤ ਕੀਤਾ ਗਿਆ ਸੀ। ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਵਧਦੇ ਖ਼ਤਰੇ ਬਾਰੇ ਚੇਤਾਵਨੀ ਦਿੱਤੀ ਹੈ ਅਤੇ ਸਾਰੀਆਂ ਧਿਰਾਂ ਨੂੰ ਸ਼ਾਂਤੀ ਕਾਇਮ ਰੱਖਣ ਲਈ ਕਿਹਾ ਹੈ।

ਲੇਬਨਾਨੀ ਰੈੱਡ ਕਰਾਸ ਦਾ ਕਹਿਣਾ ਹੈ ਕਿ ਅਲੱਗ-ਅਲੱਗ ਇਲਾਕਿਆਂ ਵਿੱਚ ਹੋਏ ਕਈ ਧਮਾਕਿਆਂ ਤੋਂ ਬਾਅਦ ਉਸ ਦੀਆਂ ਟੀਮਾਂ ਦੇਸ਼ ਦੇ ਦੱਖਣੀ ਅਤੇ ਪੂਰਬੀ ਇਲਾਕੇ ਵਿੱਚ ਗਰਾਊਂਡ ‘ਤੇ ਹਨ।

ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਤਰਕੀਬਨ 30 ਐਂਬੂਲੈਂਸ ਦੀਆਂ ਟੀਮਾਂ ਨੂੰ ਤੈਨਾਤ ਕੀਤਾ ਗਿਆ ਹੈ ਅਤੇ ਵਧੇਰੇ ‘ਹਾਈ ਅਲਰਟ’ ‘ਤੇ ਹਨ।

ਕਈ ਜ਼ਖ਼ਮੀਆਂ ਨੂੰ ਰਾਜਧਾਨੀ ਬੇਰੂਤ ਅਤੇ ਬਾਲਬੇਕ ਦੇ ਹਸਪਤਾਲਾਂ ਵਿੱਚ ਭੇਜਿਆ ਗਿਆ।

ਲੇਬਨਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੱਕ ਆਈਸੀਓਐੱਮ-ਬ੍ਰਾਂਡ ਵਾਲਾ ਵਾਕੀ ਟਾਕੀ ਬਾਲਬੇਕ ਦੇ ਬਾਹਰਵਾਰ ਇੱਕ ਘਰ ਵਿੱਚ ਧਮਾਕੇ ਨਾਲ ਤਬਾਹ ਹੋ ਗਿਆ ਸੀ

ਐੱਨਐੱਨਏ ਦੇ ਇੱਕ ਪੱਤਰਕਾਰ ਨੇ ਕਿਹਾ ਕਿ ਕੇਂਦਰੀ ਬੇਕਾ ਦੇ ਅਲੀ ਅਲ-ਨਾਹਰੀ ਪਿੰਡ ਵਿੱਚ ਸੜਕ ਦੇ ਕਿਨਾਰੇ ਇੱਕ ਯੰਤਰ ਵਿੱਚ ਧਮਾਕਾ ਹੋਇਆ, ਜਿਸ ਵਿੱਚ ਦੋ ਲੋਕ ਜ਼ਖ਼ਮੀ ਹੋ ਗਏ।

ਉੱਥੇ ਹੀ ਇੱਕ ਦੂਜੇ ਪੱਤਰਕਾਰ ਨੇ ਦੱਸਿਆ ਕਿ ਦੱਖਣੀ ਬੇਕਾ ਦੇ ਜਾਏਦੇਤ ਮਾਰਜੇਯੂਨ ਦੇ ਕਬਰਿਸਤਾਨ ਦੇ ਨੇੜੇ ਇੱਕ ਕਾਰ ਅੰਦਰ ਪੇਜਰ ਧਮਾਕਾ ਹੋਇਆ।

ਦੱਖਣੀ ਲੇਬਨਾਨ ਦੇ ਭੂਮੱਦਿਆਸਾਗਰ ਤੱਟ ਦੇ ਸਿਡੋਨ ਵਿੱਚ ਇੱਕ ਫੋਨ ਦੀ ਦੁਕਾਨ ਤੋਂ ਧੂੰਆਂ ਨਿਕਲਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਕਿਹਾ ਹੈ ਕਿ ਉਹ ਲੇਬਨਾਨ ਵਿੱਚ ਵਾਕੀ-ਟਾਕੀ ਧਮਾਕਿਆਂ ਬਾਰੇ ਚਰਚਾ ਕਰਨ ਲਈ ਇਸ ਹਫ਼ਤੇ ਦੇ ਅੰਤ ਵਿੱਚ ਇੱਕ ਮੀਟਿੰਗ ਕਰੇਗੀ।

ਕੌਂਸਲ ਦੇ ਚੇਅਰਮੈਨ ਨੇ ਇੱਕ ਸੰਖੇਪ ਬਿਆਨ ਵਿੱਚ ਇਹ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ

ਅੰਤਿਮ ਯਾਤਰਾ ਦੌਰਾਨ ਧਮਾਕੇ

ਹਿਜ਼ਬੁੱਲ੍ਹਾ ਦੇ ਗੜ੍ਹ ਆਖੇ ਜਾਣ ਵਾਲੇ ਦੱਖਣੀ ਬੇਰੂਤ ਵਿੱਚ ਚਾਰ ਲੋਕਾਂ ਦੇ ਅੰਤਿਮ ਯਾਤਰਾ ਦੌਰਾਨ ਇੱਕ ਧਮਾਕਾ ਹੋਇਆ।

ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਇਹ ਧਮਾਕੇ ਹਿਜ਼ਬੁੱਲ੍ਹਾ ਵੱਲੋਂ ਵਰਤੇ ਜਾਣ ਵਾਲੇ ਕਮਿਊਨੀਕੇਸ਼ ਡਿਵਾਇਸੇਜ਼ ਵਿੱਚ ਹੋਏ ਹਨ।

ਸਮਾਚਾਰ ਏਜੰਸੀ ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਹਿਜ਼ਬੁੱਲ੍ਹਾ ਨੇ ਇਹ ਰੇਡੀਓ ਯੰਤਰ ਪੰਜ ਮਹੀਨੇ ਪਹਿਲਾਂ ਉਸ ਵੇਲੇ ਖਰੀਦੇ ਸਨ ਜਦੋਂ ਪੇਜਰਸ ਖਰੀਦੇ ਸਨ।

ਲੇਬਨਾਨ ਦੀ ਅਧਿਕਾਰਤ ਨੈਸ਼ਨਲ ਨਿਊਜ਼ ਏਜੰਸੀ ਨੇ ਕਿਹਾ ਕਿ ਦੱਖਣੀ ਬੇਰੂਤ ਵਿੱਚ ਘਰਾਂ ਦੇ ਅੰਦਰ ਕੁਝ ਪੁਰਾਣੇ ਪੇਜਰ ਵੀ ਫਟੇ ਹਨ।

ਸਰਕਾਰੀ ਸਮਾਚਾਰ ਏਜੰਸੀ ਨੇ ਕਿਹਾ ਹੈ ਕਿ ਤਾਜ਼ਾ ਧਮਾਕਿਆਂ ਵਿੱਚ ਸੋਹਮਾਰ ਨਾਮ ਦੇ ਕਸਬੇ ਵਿੱਚ ਤਿੰਨ ਲੋਕਾਂ ਦੀ ਮੌਤ ਗਈ ਹੈ।

ਵਾਕੀ-ਟਾਕੀਜ਼ ਧਮਾਕੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਧਮਾਕੇ ਵਾਲੇ ਪੇਜਰਾਂ ਅਤੇ ਵਾਕੀ-ਟਾਕੀਜ਼ ਨੇ ਮੰਗਲਵਾਰ ਅਤੇ ਬੁੱਧਵਾਰ ਨੂੰ ਲੇਬਨਾਨ ਵਿੱਚ ਘਰਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਹਜ਼ਾਰਾਂ ਨੂੰ ਜ਼ਖਮੀ ਕੀਤਾ

ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ

ਏਜੰਸੀ ਨੇ ਦੱਸਿਆ ਹੈ ਕਿ ਕਈ ਜ਼ਖਮੀਆਂ ਨੂੰ ਬੇਰੂਤ ਦੇ ਹਸਪਤਾਲਾਂ 'ਚ ਲਿਆਂਦਾ ਗਿਆ ਹੈ।

ਖ਼ਬਰ ਏਜੰਸੀ ਰਾਇਟਰਜ਼ ਨੇ ਬੇਰੂਤ ਦੇ ਅਸਮਾਨ ਦੀ ਜੋ ਵੀਡੀਓ ਭੇਜੀ ਹੈ, ਉਸ ਵਿੱਚ ਅਸਮਾਨੋਂ ਧੂੰਆਂ ਉੱਠਦਾ ਨਜ਼ਰ ਆ ਰਿਹਾ ਹੈ। ਸ਼ਹਿਰ ਦੇ ਕਈ ਹਿੱਸਿਆਂ 'ਚ ਅਸਮਾਨ ਤੋਂ ਧੂੰਆਂ ਉੱਠਦਾ ਨਜ਼ਰ ਆ ਰਿਹਾ ਹੈ।

ਇੱਕ ਹੋਰ ਨਿਊਜ਼ ਏਜੰਸੀ ਏਐੱਫਪੀ ਨੇ ਦੱਸਿਆ ਹੈ ਕਿ ਇਹ ਧਮਾਕੇ ਵਾਕੀ-ਟਾਕੀਜ਼ ਵਿੱਚ ਹੋਏ ਹਨ।

ਮੰਗਲਵਾਰ ਨੂੰ ਲੇਬਨਾਨ ਵਿੱਚ ਪੇਜਰ 'ਚ ਹੋਏ ਧਮਾਕਿਆਂ 'ਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ।

ਧਮਾਕੇ ਦੇ ਇੱਕ ਦਿਨ ਬਾਅਦ ਬੁੱਧਵਾਰ ਨੂੰ ਬੇਰੂਤ ਵਿੱਚ ਮਾਰੇ ਗਏ ਲੋਕਾਂ ਦੀ ਅੰਤਿਮ ਯਾਤਰਾ ਕੱਢੀ ਗਈ ਸੀ।

ਲੇਬਨਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੰਗਲਵਾਰ ਨੂੰ ਹੋਏ ਲੜੀਵਾਰ ਧਮਾਕਿਆਂ 'ਚ 12 ਲੋਕਾਂ ਦੀ ਮੌਤ ਹੋ ਗਈ ਅਤੇ 2800 ਤੋਂ ਜ਼ਿਆਦਾ ਜ਼ਖਮੀ ਹੋ ਗਏ

ਪੇਜਰ ਧਮਾਕਿਆਂ ਵਿੱਚ 12 ਦੀ ਮੌਤ

ਮੰਗਲਵਾਰ ਨੂੰ ਲੇਬਨਾਨ ਵਿੱਚ ਪੇਜਰਾਂ ਰਾਹੀਂ ਲੜੀਵਾਰ ਧਮਾਕਿਆਂ ਵਿੱਚ 12 ਲੋਕਾਂ ਦੀ ਮੌਤ ਹੋ ਗਈ ਹੈ ਅਤੇ 2800 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ।

ਲੇਬਨਾਨ ਦੇ ਸਿਹਤ ਮੰਤਰੀ ਫਿਰਾਸ ਅਬਿਆਦ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ ਇੱਕ ਅੱਠ ਸਾਲ ਦੀ ਬੱਚੀ ਅਤੇ ਇੱਕ 11 ਸਾਲ ਦਾ ਮੁੰਡਾ ਸ਼ਾਮਲ ਹੈ।

ਪ੍ਰੈੱਸ ਕਾਨਫਰੰਸ ਦੌਰਾਨ ਅਭਿਆਨ ਕਿਹਾ ਹੈ ਕਿ ਪੇਜਰ ਧਮਾਇਆਂ ਵਿੱਚ ਮਾਰੇ ਗਏ ਲੋਕਾਂ ਸਿਹਤ ਕਰਮੀ ਵੀ ਸਨ। ਉੱਥੇ, ਹੀ 2750 ਜਖ਼ਮੀ ਹਸਪਤਾਲਾਂ ਵਿੱਚ ਭਰਤੀ ਹਨ।

ਉਨ੍ਹਾਂ ਨੇ ਕਿਹਾ ਹੈ ਕਿ ਕੁਝ ਜਖ਼ਮੀਆਂ ਨੂੰ ਬਿਹਤਰ ਇਲਾਜ ਲਈ ਵਿਦੇਸ਼ ਭੇਜਿਆ ਜਾਵੇਗਾ। ਅਬਿਆਦ ਦੇ ਮੁਤਾਬਕ, ਕੁਝ ਜਖ਼ਮੀਆਂ ਨੂੰ ਈਰਾਨ ਅਤੇ ਸੀਰੀਆ ਭੇਜਿਆ ਗਿਆ ਹੈ ਪਰ 98 ਫੀਸਦ ਲੋਕਾਂ ਦਾ ਇਲਾਜ ਦੇਸ਼ ਵਿੱਚ ਹੋ ਰਿਹਾ ਹੈ।

ਪਹਿਲਾ ਪੇਜਰ ਰਾਹੀਂ ਹੋਏ ਇਨ੍ਹਾਂ ਧਮਾਕਿਆਂ ਵਿੱਚ 2800 ਤੋਂ ਜ਼ਿਆਦਾ ਲੋਕਾਂ ਦੇ ਜਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਸੀ ਅਤੇ 12 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ।

ਇਸ ਵਿਚਾਲੇ ਲੇਬਨਾਨ ਦੇ ਸੱਭਿਆਚਾਰ ਮੰਤਰੀ ਮੁਹੰਮਦ ਵਿਸਾਮ ਨੇ ਧਮਾਕਿਆਂ ʼਤੇ ਕਿਹਾ, "ਇਜ਼ਰਾਇਲ ਦੇ ਖ਼ਿਲਾਫ਼ ਜਿੱਤ ਤੈਅ ਹੈ।"

ਸੋਸ਼ਲ ਮੀਡੀਆ ਪਲੇਟਫਾਰਮ ਐਕਸ ʼਤੇ ਉਨ੍ਹਾਂ ਨੇ ਲਿਖਿਆ, "ਇਜ਼ਰਾਇਲ ਦੇ ਪਾਪਾਂ ਦੀ ਕੋਈ ਸੀਮਾ ਨਹੀਂ ਹੈ ਅਤੇ ਕੱਲ੍ਹ ਹੋਏ ਹਮਲਿਆਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਇਜ਼ਰਾਇਲ ਮਨੁੱਖਤਾ ਦਾ ਦੁਸ਼ਮਣ ਹੈ।"

ਇਹ ਵੀ ਪੜ੍ਹੋ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)