ਪੇਜਰ ਵਿੱਚ ਧਮਾਕੇ: ਮੋਬਾਈਲ ਦੇ ਜ਼ਮਾਨੇ ਵਿੱਚ ਪੇਜਰ ਦਾ ਇਸਤੇਮਾਲ ਕਿਉਂ ਹੋ ਰਿਹਾ, ਇਨ੍ਹਾਂ ਧਮਾਕਿਆਂ ਬਾਰੇ ਕੀ-ਕੀ ਪਤਾ ਲੱਗਾ

ਤਸਵੀਰ ਸਰੋਤ, Getty Images
- ਲੇਖਕ, ਮੈਟ ਮਰਫੀ, ਜੋ ਟਾਇਡੀ
- ਰੋਲ, ਬੀਬੀਸੀ ਨਿਊਜ਼
ਲੇਬਨਾਨ ਦੀ ਰਾਜਧਾਨੀ ਬੇਰੂਤ ਵਿੱਚ 17 ਸਤੰਬਰ ਨੂੰ ਕਈ ਪੇਜਰ ਵਿੱਚ ਧਮਾਕੇ ਹੋਣ ਨਾਲ 9 ਲੋਕਾਂ ਦੀ ਮੌਤ ਹੋਈ ਹੈ ਅਤੇ ਕਰੀਬ 2800 ਲੋਕ ਜ਼ਖ਼ਮੀ ਹੋਏ ਹਨ।
ਇਨ੍ਹਾਂ ਧਮਾਕਿਆਂ ਵਿੱਚ ਲੇਬਨਾਨ ਵਿੱਚ ਈਰਾਨੀ ਰਾਜਦੂਤ ਵੀ ਜ਼ਖ਼ਮੀ ਹੋਏ ਹਨ। ਲੇਬਨਾਨ ਦੇ ਹਥਿਆਰਬੰਦ ਸਮੂਹ ਹਿਜ਼ਬੁੱਲਾ ਨੇ ਇਨ੍ਹਾਂ ਧਮਾਕਿਆਂ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਇਜ਼ਰਾਈਲ ਨੇ ਇਨ੍ਹਾਂ ਧਮਾਕਿਆਂ 'ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਫੋਨਾਂ ਦੀ ਵਰਤੋਂ ਵਧਣ ਤੋਂ ਪਹਿਲਾਂ, ਸੁਨੇਹੇ ਪਹੁੰਚਾਉਣ ਲਈ ਪੇਜਰਾਂ ਦੀ ਵਰਤੋਂ ਕੀਤੀ ਜਾਂਦੀ ਸੀ।
ਇਸ ਦੇ ਜ਼ਰੀਏ ਲਿਖਿਤ ਜਾਂ ਆਡੀਓ ਸੁਨੇਹੇ (ਮੈਸੇਜ) ਭੇਜਕੇ ਸੁਨੇਹਾ ਦਿੱਤਾ ਜਾਂਦਾ ਹੈ। ਹਿਜ਼ਬੁੱਲ੍ਹਾ ਆਪਣੇ ਲੜਾਕਿਆਂ ਨੂੰ ਸੁਰੱਖਿਆ ਕਾਰਨਾਂ ਕਰਕੇ ਪੇਜਰ ਦੀ ਵਰਤੋਂ ਕਰਨ ਲਈ ਕਹਿੰਦਾ ਰਿਹਾ ਹੈ। ਅਜਿਹੇ 'ਚ ਇਨ੍ਹਾਂ ਪੇਜ਼ਰ ਧਮਾਕਿਆਂ ਤੋਂ ਬਾਅਦ ਕਈ ਸਵਾਲ ਪੁੱਛੇ ਜਾ ਰਹੇ ਹਨ।
ਅਜਿਹੇ ਛੇ ਅਹਿਮ ਸਵਾਲਾਂ ਦੇ ਜਵਾਬ ਜਾਣੋ।

1. ਲੇਬਨਾਨ ਵਿੱਚ ਪੇਜਰ ਧਮਾਕੇ: ਕਦੋਂ ਅਤੇ ਕੀ ਹੋਇਆ?

ਤਸਵੀਰ ਸਰੋਤ, Reuters
17 ਸਤੰਬਰ ਨੂੰ ਸਥਾਨਕ ਸਮੇਂ ਮੁਤਾਬਿਕ ਦੁਪਹਿਰ 3:45 ਵਜੇ ਪੇਜਰ ਵਿੱਚ ਧਮਾਕੇ ਸ਼ੁਰੂ ਹੋਏ।
ਚਸ਼ਮਦੀਦਾਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਲੋਕਾਂ ਦੀਆਂ ਜੇਬਾਂ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋਇਆ। ਫਿਰ ਧਮਾਕੇ ਹੋਏ। ਇਨ੍ਹਾਂ ਧਮਾਕਿਆਂ ਨਾਲ ਪਟਾਖੇ ਫਟਣ ਅਤੇ ਗੋਲੀਆਂ ਚੱਲਣ ਵਰਗੀਆਂ ਆਵਾਜ਼ਾਂ ਸੁਣਾਈ ਦਿੱਤੀਆਂ।
ਸੀਸੀਟੀਵੀ ਫੁਟੇਜ 'ਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਇੱਕ ਵਿਅਕਤੀ ਦੁਕਾਨ 'ਤੇ ਖੜ੍ਹਾ ਸੀ ਤਾਂ ਉਸ ਦੇ ਟਰਾਊਜ਼ਰ 'ਚ ਧਮਾਕਾ ਹੁੰਦਾ ਦਿਖਿਆ।
ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਸ਼ੁਰੂਆਤੀ ਧਮਾਕੇ ਤੋਂ ਇੱਕ ਘੰਟੇ ਬਾਅਦ ਤੱਕ ਕਈ ਧਮਾਕੇ ਹੋਏ।
ਇਨ੍ਹਾਂ ਧਮਾਕਿਆਂ ਤੋਂ ਬਾਅਦ ਲੇਬਨਾਨ ਦੇ ਹਸਪਤਾਲਾਂ 'ਚ ਜ਼ਖ਼ਮੀ ਲੋਕ ਪਹੁੰਚਣੇ ਸ਼ੁਰੂ ਹੋ ਗਏ।
ਇਨ੍ਹਾਂ ਧਮਾਕਿਆਂ ਨੂੰ ਹਿਜ਼ਬੁੱਲ੍ਹਾ ਲਈ ਵੱਡਾ ਝਟਕਾ ਦੱਸਿਆ ਜਾ ਰਿਹਾ ਹੈ।
2. ਪੇਜਰ ਫਟੇ ਕਿਵੇਂ ?

ਤਸਵੀਰ ਸਰੋਤ, EPA
ਮਾਹਿਰਾਂ ਨੇ ਇਨ੍ਹਾਂ ਧਮਾਕਿਆਂ 'ਤੇ ਹੈਰਾਨੀ ਪ੍ਰਗਟਾਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਹਿਜ਼ਬੁੱਲ੍ਹਾ ਆਪਣੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਆਪਣੇ ਆਪ 'ਤੇ ਮਾਣ ਮਹਿਸੂਸ ਕਰਦਾ ਰਿਹਾ ਹੈ।
ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸੰਭਵ ਹੈ ਕਿ ਪੇਜ਼ਰ ਨੂੰ ਹੈਕ ਕੀਤਾ ਗਿਆ ਹੋਵੇ ਅਤੇ ਬੈਟਰੀ ਜ਼ਿਆਦਾ ਗਰਮ ਹੋ ਗਈ ਹੋਵੇ। ਇਸ ਕਾਰਨ ਪੇਜਰ ਡਿਵਾਈਸ ਫਟ ਗਈ ਹੋ ਸਕਦੀ ਹੈ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਹੈ।
ਪਰ ਕੁਝ ਮਾਹਿਰਾਂ ਨੇ ਅਜਿਹੇ ਖਦਸ਼ਿਆਂ ਤੋਂ ਇਨਕਾਰ ਕੀਤਾ ਹੈ। ਕੁਝ ਮਾਹਿਰਾਂ ਨੇ ਕਿਹਾ ਹੈ ਕਿ ਇਹ ਸੰਭਵ ਹੈ ਕਿ ਪੇਜਰਾਂ ਦੀ ਸਪਲਾਈ ਕਰਨ ਵੇਲੇ ਕਿਸੇ ਕਿਸਮ ਦੀ ਸੰਨ੍ਹ ਲਗਾਈ ਗਈ ਹੋਵੇ। ਇਸ ਦੇ ਤਹਿਤ ਪੇਜਰ 'ਚ ਕੁਝ ਗੜਬੜੀ ਕੀਤੀ ਗਈ ਹੋਵੇ।
ਅਜਿਹੇ ਹਮਲਿਆਂ ਦੇ ਖਤਰੇ ਬੀਤੇ ਕੁਝ ਸਮੇਂ ਤੋਂ ਵਧੇ ਨੇ। ਇਸ ਦੇ ਤਹਿਤ ਜਦੋਂ ਕੋਈ ਪ੍ਰੋਡਕਟ ਬਣਾਇਆ ਜਾ ਰਿਹਾ ਹੁੰਦਾ ਹੈ,ਉਸ ਦੌਰਾਨ ਕੁੱਝ ਗੜਬੜੀ ਕੀਤੀ ਜਾਂਦੀ ਹੈ। ਇਸ ਨਾਲ ਹੈਕਰਸ ਦਾ ਕੰਮ ਆਸਾਨ ਹੋ ਜਾਂਦਾ ਹੈ।
ਪਰ ਅਜਿਹੇ ਹਮਲੇ ਜ਼ਿਆਦਾਤਰ ਸਾਫਟਵੇਅਰ ਜ਼ਰੀਏ ਕੀਤੇ ਜਾਂਦੇ ਹਨ। ਹਾਰਡਵੇਅਰ ਯਾਨੀ ਪੇਜਰ ਵਰਗੇ ਯੰਤਰਾਂ ਦੀ ਸਪਲਾਈ ਚੇਨ ਤੇ ਹਮਲਾ ਕਰਨ ਦੇ ਮਾਮਲੇ ਘੱਟ ਹੀ ਹੋਏ ਹਨ।
ਜੇਕਰ ਪੇਜਰ ਵਾਲੇ ਮਾਮਲੇ ਵਿੱਚ ਵੀ ਸਪਲਾਈ ਚੇਨ ‘ਤੇ ਹਮਲਾ ਹੋਇਆ ਹੈ ਤਾਂ ਇਸਦਾ ਮਤਲਬ ਹੈ ਕਿ ਵੱਡੇ ਪੱਧਰ ‘ਤੇ ਆਪਰੇਸ਼ਨ ਕੀਤਾ ਗਿਆ ਹੋਵੇਗਾ।
ਬਰਤਾਨੀਆ ਦੀ ਸੇਨਾ ਨਾਲ ਜੁੜੇ ਰਹੇ ਇਕ ਮਾਹਿਰ ਨੇ ਪਹਿਚਾਣ ਨਾ ਦੱਸਣ ਦੀ ਸ਼ਰਤ ਤੇ ਬੀਬੀਸੀ ਨੂੰ ਕਿਹਾ, ਹੋ ਸਕਦਾ ਹੈ ਕਿ ਇਨ੍ਹਾਂ ਪੇਜਰਾਂ ਵਿੱਚ 10 ਤੋਂ 20 ਗ੍ਰਾਮ ਹਾਈ ਕੁਆਲਿਟੀ ਦਾ ਵਿਸਫੋਟਕ ਗੁਪਤ ਤੌਰ ਤੇ ਫਿੱਟ ਕਰ ਦਿੱਤਾ ਗਿਆ ਹੋਵੇ।
ਇਸ ਵਿਸਫੋਟਕ ਨੂੰ ਕਿਸੇ ਸੰਦੇਸ਼ ਦੇ ਜ਼ਰੀਏ ਵਿਸਫੋਟ ਕੀਤਾ ਗਿਆ ਹੋਵੇ, ਜਿਵੇਂ ਕਿ ਅਲਫਾਨਿਊਮਰਿਕ ਸੰਦੇਸ਼।
3. ਪੇਜਰ ਧਮਾਕਿਆਂ ਵਿੱਚ ਜ਼ਖ਼ਮੀ ਕੌਣ ਹੋਇਆ ?

ਤਸਵੀਰ ਸਰੋਤ, Reuters
ਹਿਜ਼ਬੁੱਲ੍ਹਾ ਨਾਲ ਜੁੜੇ ਸੂਤਰਾਂ ਨੇ ਨਿਊਜ਼ ਏਜੰਸੀ ਏ ਐਫ ਪੀ ਨੂੰ ਦੱਸਿਆ- ਮਾਰੇ ਗਏ ਲੋਕਾਂ ਵਿੱਚ ਦੋ ਵਿਅਕਤੀ ਹਿਜ਼ਬੁੱਲ੍ਹਾ ਦੇ ਦੋ ਸਾਂਸਦਾਂ ਦੇ ਪੁੱਤਰ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਹਿਜ਼ਬੁੱਲ੍ਹਾ ਮੈਂਬਰ ਦੀ ਇਕ ਬੇਟੀ ਵੀ ਮਾਰੀ ਗਈ ਹੈ।
ਜ਼ਖ਼ਮੀਆਂ ਵਿਚ ਲੇਬਨਾਨ ਵਿੱਚ ਈਰਾਨੀ ਰਾਜਦੂਤ ਮੋਜਤਬਾ ਅਮਾਨੀ ਵੀ ਸ਼ਾਮਿਲ ਹਨ। ਈਰਾਨੀ ਮੀਡੀਆ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਰਾਜਦੂਤ ਦੀਆਂ ਸੱਟਾਂ ਮਾਮੂਲੀ ਨੇ।
ਨਿਊਜ਼ ਏਜੰਸੀ ਰਾਇਟਰਜ਼ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ- ਹਿਜ਼ਬੁੱਲ੍ਹਾ ਪ੍ਰਮੁੱਖ ਹਸਨ ਨਸਰਲਾਹ ਨੂੰ ਇਨ੍ਹਾਂ ਧਮਾਕਿਆਂ ਵਿੱਚ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਿਆ ਹੈ।
ਲੇਬਨਾਨ ਦੇ ਸਿਹਤ ਮੰਤਰੀ ਫਿਰਾਸ ਅਬੈਦ ਨੇ ਕਿਹਾ- ਜੋ ਲੋਕ ਜ਼ਖ਼ਮੀ ਹੋਏ ਹਨ, ਉਨ੍ਹਾਂ ਵਿੱਚ ਜ਼ਿਆਦਾਤਰ ਦੇ ਚਿਹਰੇ ਅਤੇ ਹੱਥਾਂ 'ਤੇ ਸੱਟਾਂ ਲੱਗੀਆਂ ਹਨ।
ਬੀਬੀਸੀ ਨਿਊਜ਼ਆਰ ਪ੍ਰੋਗਰਾਮ ਵਿੱਚ ਅਬੈਦ ਨੇ ਕਿਹਾ, "ਧਮਾਕਿਆਂ ਨਾਲ ਲੋਕਾਂ ਦੀਆਂ ਉਂਗਲੀਆਂ, ਅੱਖਾਂ ਤੇ ਵੀ ਸੱਟਾਂ ਲੱਗੀਆਂ ਹਨ।"
ਉਨ੍ਹਾਂ ਨੇ ਕਿਹਾ, “ਹਸਪਤਾਲ ਦੇ ਐਮਰਜੰਸੀ ਕਮਰੇ ਵਿੱਚ ਮੌਜੂਦ ਲੋਕ ਸਾਦੇ ਪਹਿਰਾਵੇ ਵਿੱਚ ਦਿਖੇ ਹਨ। ਅਜਿਹੇ ਵਿਚ ਇਹ ਦੱਸਣਾ ਮੁਸ਼ਕਿਲ ਹੈ ਕਿ ਇਹ ਲੋਕ ਪੂਰੀ ਤਰ੍ਹਾਂ ਨਾਲ ਹਿਜ਼ਬੁੱਲ੍ਹਾ ਦੇ ਹਨ ਜਾਂ ਆਮ ਲੋਕ ਹਨ।”
ਮੰਤਰੀ ਨੇ ਕਿਹਾ, “ਅਸੀਂ ਦੇਖ ਰਹੇ ਹਾਂ ਕਿ ਕੁੱਝ ਬਜ਼ੁਰਗ ਹਨ ਅਤੇ ਕੁੱਝ ਨੌਜਵਾਨ। ਮਰਨ ਵਾਲਿਆਂ ਵਿਚ ਇੱਕ ਬੱਚਾ ਵੀ ਹੈ। ਕੁੱਝ ਸਿਹਤਕਰਮੀ ਵੀ ਹਨ।”
ਇਹ ਧਮਾਕੇ ਲੇਬਨਾਨ ਦੇ ਬਾਹਰ ਵੀ ਹੋਏ ਹਨ। ਸੀਰੀਆ 'ਚ ਮਨੁੱਖੀ ਅਧਿਕਾਰਾਂ 'ਤੇ ਨਜ਼ਰ ਰੱਖਣ ਵਾਲੇ ਸੰਗਠਨ ਮੁਤਾਬਕ ਸੀਰੀਆ 'ਚ 14 ਲੋਕ ਜ਼ਖਮੀ ਹੋਏ ਹਨ।
4. ਧਮਾਕਿਆਂ ਦੇ ਲਈ ਕੌਣ ਜ਼ਿੰਮੇਦਾਰ ?

ਤਸਵੀਰ ਸਰੋਤ, Reuters
ਹੁਣ ਤੱਕ ਇਨ੍ਹਾਂ ਧਮਾਕਿਆਂ ਦੀ ਕਿਸੇ ਨੇ ਜ਼ਿੰਮੇਦਾਰੀ ਨਹੀਂ ਲਈ ਹੈ। ਹਾਲਾਂਕਿ ਲੇਬਨਾਨ ਦੇ ਪ੍ਰਧਾਨ ਮੰਤਰੀ ਅਤੇ ਹਿਜ਼ਬੁੱਲ੍ਹਾ ਨੇ ਇਜ਼ਰਾਈਲ 'ਤੇ ਇਲਜ਼ਾਮ ਮੜੇ ਹਨ।
ਪ੍ਰਧਾਨ ਮੰਤਰੀ ਨਜੀਬ ਮਿਕਾਤੀ ਨੇ ਕਿਹਾ ਹੈ ਕਿ ਇਹ ਧਮਾਕੇ ਲੇਬਨਾਨ ਦੀ ਪ੍ਰਭੂਸੱਤਾ 'ਤੇ ਗੰਭੀਰ ਹਮਲਾ ਹੈ ਅਤੇ ਹਰ ਪੱਖੋਂ ਜੁਰਮ ਹੈ।
ਇਜ਼ਰਾਈਲ ’ਤੇ ਹਮਲੇ ਦਾ ਇਲਜ਼ਾਮ ਲਾਉਂਦੇ ਹੋਏ ਹਿਜ਼ਬੁੱਲ੍ਹਾ ਨੇ ਇਕ ਬਿਆਨ ਜਾਰੀ ਕੀਤਾ ਹੈ। ਹਿਜ਼ਬੁੱਲ੍ਹਾ ਨੇ ਕਿਹਾ- “ਇਸ ਅਪਰਾਧਿਕ ਕਾਰਵਾਈ ਲਈ ਇਜ਼ਰਾਈਲ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ, ਜਿਸ ਵਿਚ ਆਮ ਨਾਗਰਿਕ ਵੀ ਮਾਰੇ ਗਏ ਹਨ।”
ਬਿਆਨ ਅਨੁਸਾਰ, "ਧੋਖੇਬਾਜ਼ ਅਤੇ ਅਪਰਾਧੀ ਦੁਸ਼ਮਣ ਨੂੰ ਸਜ਼ਾ ਦਿੱਤੀ ਜਾਵੇਗੀ।" ਇਜ਼ਰਾਈਲ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਪਰ ਜ਼ਿਆਦਾਤਰ ਮਾਹਰ ਇਸ ਗੱਲ ਨਾਲ ਸਹਿਮਤ ਹਨ ਕਿ ਇਸ ਪਿੱਛੇ ਇਜ਼ਰਾਈਲ ਦਾ ਹੱਥ ਹੋ ਸਕਦਾ ਹੈ।
ਲੇਨਕਾਸਟਰ ਯੂਨੀਵਰਸਿਟੀ ਵਿੱਚ ਅੰਤਰਰਾਸ਼ਟਰੀ ਸੰਬੰਧਾਂ ਦੇ ਪ੍ਰੋਫੈਸਰ ਸਿਮਨ ਮੇਬਨ ਨੇ ਬੀਬੀਸੀ ਨੂੰ ਕਿਹਾ, "ਅਸੀਂ ਜਾਣਦੇ ਹਾਂ ਕਿ ਇਜ਼ਰਾਈਲ ਹਮਲੇ ਕਰਨ ਲਈ ਤਕਨਾਲੋਜੀ ਦਾ ਸਹਾਰਾ ਲੈਂਦਾ ਰਿਹਾ ਹੈ। ਪਰ ਅਜਿਹਾ ਹਮਲਾ ਪਹਿਲਾਂ ਕਦੇ ਨਹੀਂ ਹੋਇਆ।
ਬ੍ਰਿਟੇਨ ਦੇ ਚੈਟਮ ਹਾਊਸ ਦੀ ਲੀਨਾ ਖਾਤਿਬ ਨੇ ਕਿਹਾ ਹੈ ਕਿ ਇਹ ਹਮਲਾ ਦਰਸਾਉਂਦਾ ਹੈ ਕਿ ਇਜ਼ਰਾਈਲ ਹਿਜ਼ਬੁੱਲ੍ਹਾ ਦੇ ਸੰਚਾਰ ਨੈੱਟਵਰਕ ਵਿੱਚ ਡੂੰਘਾਈ ਨਾਲ ਘੁਸ ਗਿਆ ਹੈ।
5. ਹਿਜ਼ਬੁੱਲਾ ਪੇਜਰਾਂ ਦੀ ਵਰਤੋਂ ਕਿਉਂ ਕਰਦਾ ਹੈ?

ਤਸਵੀਰ ਸਰੋਤ, Reuters
ਹਿਜ਼ਬੁੱਲ੍ਹਾ ਗੱਲਬਾਤ ਦੇ ਲਈ ਪੇਜਰ ਦੀ ਵਰਤੋਂ ਕਰਦਾ ਹੈ ਤਾਂ ਜੋ ਇਜ਼ਰਾਈਲ ਟਿਕਾਣੇ ਦਾ ਪਤਾ ਨਾ ਲਗਾ ਸਕੇ।
ਪੇਜਰ ਇੱਕ ਵਾਇਰਲੈੱਸ ਦੂਰਸੰਚਾਰ ਯੰਤਰ ਹੈ। ਇਸ ਰਾਹੀਂ ਵਾਇਸ ਸੰਦੇਸ਼ਾਂ ਅਤੇ ਲਿਖਤੀ ਸੰਦੇਸ਼ਾਂ ਰਾਹੀਂ ਸੰਚਾਰ ਕੀਤਾ ਜਾਂਦਾ ਹੈ।
ਮੋਬਾਈਲ ਫੋਨ ਇਸ ਮਾਮਲੇ ਵਿੱਚ ਖ਼ਤਰਨਾਕ ਹੈ ਕਿਉਂਕਿ ਇਹ ਲੋਕੇਸ਼ਨ ਦਾ ਖੁਲਾਸਾ ਹੋ ਜਾਂਦਾ ਹੈ।
ਇਜ਼ਰਾਈਲ ਨੇ 1996 ਵਿੱਚ ਕੱਟੜਪੰਥੀ ਸੰਗਠਨ ਹਮਾਸ ਦੇ ਬੰਬ ਬਣਾਉਣ ਵਾਲੇ ਯਾਹਿਆ ਅਯਾਸ਼ ਨੂੰ ਮਾਰ ਦਿੱਤਾ ਸੀ।
ਉਦੋਂ ਯਾਹੀਆ ਦੇ ਹੱਥ ਵਿਚਲੇ ਮੋਬਾਈਲ ਤੋਂ ਹੀ ਧਮਾਕਾ ਹੋਇਆ ਸੀ। ਪਰ ਹਿਜ਼ਬੁੱਲ੍ਹਾ ਨੇ ਸਮਾਚਾਰ ਏਜੰਸੀ ਏਪੀ ਨੂੰ ਦੱਸਿਆ ਕਿ ਇਹ ਪੇਜਰ ਨਵੇਂ ਬ੍ਰਾਂਡ ਦੇ ਸਨ ਅਤੇ ਪਹਿਲਾਂ ਇਸਦੀ ਵਰਤੋਂ ਨਹੀਂ ਕੀਤੀ ਗਈ ਸੀ।
ਸੀਆਈਏ ਦੀ ਸਾਬਕਾ ਵਿਸ਼ਲੇਸ਼ਕ ਐਮਿਲੀ ਹਾਰਡਿੰਗ ਨੇ ਬੀਬੀਸੀ ਨੂੰ ਦੱਸਿਆ: “ਪੇਜਰਾਂ ਦਾ ਧਮਾਕਾ ਹਿਜ਼ਬੁੱਲਾ ਲਈ ਬਹੁਤ ਸ਼ਰਮਨਾਕ ਹੈ। ਇਸ ਪੱਧਰ 'ਤੇ ਸੁਰੱਖਿਆ ਵਿੱਚ ਸੰਨ੍ਹ ਨੇ ਹਿਜ਼ਬੁੱਲ੍ਹਾ ਦੇ ਪੂਰੇ ਤੰਤਰ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ।
6. ਕੀ ਹਿਜ਼ਬੁੱਲਾ ਅਤੇ ਇਜ਼ਰਾਈਲ ਵਿਚਕਾਰ ਟਕਰਾਅ ਵਧੇਗਾ?

ਤਸਵੀਰ ਸਰੋਤ, Reuters
ਹਿਜ਼ਬੁੱਲ੍ਹਾ ਈਰਾਨ ਦਾ ਸਹਿਯੋਗੀ ਹੈ ਅਤੇ ਈਰਾਨ ਦੀ ਇਜ਼ਰਾਈਲ ਨਾਲ ਸ਼ਰੇਆਮ ਦੁਸ਼ਮਣੀ ਹੈ।
ਇਜ਼ਰਾਈਲ ਦੀ ਉੱਤਰੀ ਸਰਹੱਦ ਤੋਂ ਹਿਜ਼ਬੁੱਲ੍ਹਾ ਅਕਸਰ ਰਾਕੇਟ ਅਤੇ ਮਿਜ਼ਾਈਲਾਂ ਨਾਲ ਹਮਲੇ ਕਰਦਾ ਰਹਿੰਦਾ ਹੈ।
ਇਜ਼ਰਾਈਲ ਦੀ ਉੱਤਰੀ ਸਰਹੱਦ ਦੇ ਨੇੜੇ ਰਹਿਣ ਵਾਲੇ ਦੋਵੇਂ ਪਾਸੇ ਦੇ ਲੋਕਾਂ ਨੂੰ ਇਸ ਜੰਗ ਕਾਰਨ ਬੇਘਰ ਹੋਣਾ ਪਿਆ ਹੈ।
ਇਜ਼ਰਾਈਲ ਦੇ ਸੁਰੱਖਿਆ ਮੰਤਰੀ ਮੰਡਲ ਨੇ ਆਪਣੇ ਨਾਗਰਿਕਾਂ ਨੂੰ ਉੱਤਰੀ ਸਰਹੱਦ ਤੋਂ ਬਾਹਰ ਕੱਢ ਲਿਆ ਹੈ। ਇਸ ਤੋਂ ਬਾਅਦ ਹੀ ਪੇਜਰ ਧਮਾਕੇ ਹੋਏ ਹਨ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅਮਰੀਕੀ ਅਧਿਕਾਰੀਆਂ ਨੂੰ ਕਿਹਾ ਸੀ ਕਿ ਸੁਰੱਖਿਆ ਲਈ ਜੋ ਵੀ ਜ਼ਰੂਰੀ ਹੋਵੇਗਾ, ਉਹ ਕਿਸੇ ਵੀ ਹਾਲਤ ਵਿੱਚ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਇਜ਼ਰਾਈਲ ਦੀ ਸੁਰੱਖਿਆ ਏਜੰਸੀ ਨੇ ਕਿਹਾ ਸੀ ਕਿ ਹਿਜ਼ਬੁੱਲ੍ਹਾ ਨੇ ਉਸ ਦੇ ਇੱਕ ਸਾਬਕਾ ਅਧਿਕਾਰੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਨਾਕਾਮ ਕਰ ਦਿੱਤਾ ਗਿਆ।
ਭਾਰੀ ਤਣਾਅ ਦੇ ਵਿਚਕਾਰ ਇਜ਼ਰਾਈਲ ਅਤੇ ਹਿਜ਼ਬੁੱਲ੍ਹਾ ਪੂਰੀ ਤਰ੍ਹਾਂ ਯੁੱਧ ਵਿੱਚ ਸ਼ਾਮਲ ਹੋਣ ਦੀ ਬਜਾਏ ਇੱਕ ਦੂਜੇ 'ਤੇ ਹਮਲੇ ਕਰ ਰਹੇ ਹਨ। ਪਰ ਡਰ ਹੈ ਕਿ ਮਾਮਲਾ ਹੱਥੋਂ ਨਿਕਲ ਨਾ ਜਾਵੇ।
ਹਿਜ਼ਬੁੱਲ੍ਹਾ ਨੇ 17 ਸਤੰਬਰ ਨੂੰ ਹੋਏ ਪੇਜਰ ਧਮਾਕੇ ਦਾ ਬਦਲਾ ਲੈਣ ਦੀ ਚਿਤਾਵਨੀ ਦਿੱਤੀ ਹੈ।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












