ਜਲੰਧਰ: ਜੋਤਹੀਣ ਧੀ ਨੂੰ ਪੜ੍ਹਾਉਣ ਲਈ ਕਿਵੇਂ ਮਾਂ ਨੇ ਬਰੇਲ ਲਿਪੀ ਸਿੱਖੀ? ਇਕੱਠਿਆਂ ਪੜ੍ਹ ਕੇ ਲਈ ਡਿਗਰੀ

ਤਸਵੀਰ ਸਰੋਤ, Pradeep Sharma/BBC
- ਲੇਖਕ, ਪ੍ਰਦੀਪ ਸ਼ਰਮਾ
- ਰੋਲ, ਬੀਬੀਸੀ ਸਹਿਯੋਗੀ
ਅੱਖਾਂ ਦੀ ਰੌਸ਼ਨੀ ਤੋਂ ਮਰਹੂਮ, ਜਲੰਧਰ ਦੇ ਗੁਰਲੀਨ ਕੌਰ ਜਦੋਂ ਗ੍ਰੈਜੂਏਸ਼ਨ ਦੀ ਡਿਗਰੀ ਲੈਣ ਲਈ ਕਾਲਾ ਗਾਊਨ ਪਾ ਕੇ ਸਟੇਜ ਉੱਤੇ ਪਹੁੰਚੇ ਤਾਂ ਉਨ੍ਹਾਂ ਦੀ ਮਾਂ ਨੇ ਵੀ ਨਾਲ ਹੀ ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਉਸੇ ਸਮੇਂ ਹਾਸਿਲ ਕੀਤੀ।
ਇਸ ਮਾਂ-ਧੀ ਦੀ ਜੋੜੀ ਨੇ ਇਕੱਠਿਆਂ ਕਾਲਜ ਜਾ ਕੇ ਕਾਮਯਾਬੀ ਦੇ ਨਾਲ-ਨਾਲ ਪ੍ਰੇਰਣਾ ਅਤੇ ਦ੍ਰਿੜ ਇਰਾਦੇ ਦੀ ਕਹਾਣੀ ਵੀ ਲਿਖੀ।
ਆਪਣੀ 25 ਸਾਲਾਂ ਦੀ ਧੀ ਗੁਰਲੀਨ, ਜੋ ਕਿ ਜਮਾਂਦਰੂ ਹੀ ਦੇਖਣ ਤੋਂ ਅਸਮਰੱਥ ਹੈ, ਨੂੰ ਮਾਂ ਮਨਪ੍ਰੀਤ ਕੌਰ ਨੇ ਪਹਿਲੀ ਕਲਾਸ ਤੋਂ ਹੀ ਕਿਤਾਬਾਂ ਪੜ੍ਹ-ਪੜ੍ਹ ਕੇ ਸੁਣਾਈਆਂ ਸਨ।
ਜਦੋਂ ਗੁਰਲੀਨ ਨੇ ਗ੍ਰੈਜੂਏਸ਼ਨ ਵਿੱਚ ਦਾਖਲਾ ਲਿਆ ਤਾਂ ਉਸ ਦੇ ਇਸਰਾਰ ਕਰਨ ਉੱਤੇ ਮਾਂ ਵੀ ਆਪਣੀ ਡਿਗਰੀ ਮੁਕੰਮਲ ਕਰਨ ਲਈ ਉਸ ਦੇ ਨਾਲ ਹੀ ਕਾਲਜ ਵਿੱਚ ਦਾਖਲ ਹੋ ਗਈ।
ਦੋਵਾਂ ਦੀ ਕਾਮਯਾਬੀ ਬਾਰੇ ਗੁਰਲੀਨ ਦੇ ਪਿਤਾ ਸੁਖਵਿੰਦਰਪਾਲ ਸਿੰਘ ਕਹਿੰਦੇ ਹਨ, “ਗੁਰਲੀਨ ਦੀ ਪੜ੍ਹਾਈ ਸ਼ੁਰੂ ਹੋਣ ਦਾ ਪਹਿਲਾ ਦਿਨ ਤੇ ਅੱਜ ਉਸ ਦੀ ਗ੍ਰੈਜੂਏਸ਼ਨ ਮੁਕੰਮਲ ਹੋਣ ਦਾ ਦਿਨ ਇੱਕ ਡਰਾਉਣੇ ਸਫ਼ਰ ਦੇ ਸੁਖ਼ਦ ਅੰਤ ਵਰਗਾ ਹੈ।”
“ਮੇਰਾ ਸੁਫ਼ਨਾ ਸੀ ਕਿ ਮੇਰੀ ਧੀ ਗੁਰਲੀਨ ਤੇ ਮੇਰੀ ਪਤਨੀ ਮਨਪ੍ਰੀਤ ਦੋਵੇਂ ਗ੍ਰੈਜੂਏਟ ਹੋਣ, ਪ੍ਰਮਾਤਮਾ ਦੀ ਮਿਹਰ ਤੇ ਮੇਰੇ ਪਰਿਵਾਰ ਦੀ ਮਿਹਨਤ ਸਦਕਾ ਇਹ ਸੁਫ਼ਨਾ ਸਾਕਾਰ ਹੋ ਗਿਆ ਹੈ।”
ਉਹ ਕਹਿੰਦੇ ਹਨ, “ਅਸਲ ਵਿੱਚ 1997 ਵਿੱਚ ਜਦੋਂ ਸਾਡਾ ਵਿਆਹ ਹੋਇਆ ਸੀ, ਉਸ ਸਮੇਂ ਮਨਪ੍ਰੀਤ ਬੀਏ ਦੇ ਆਖ਼ਰੀ ਸਾਲ ਵਿੱਚ ਸੀ ਪਰ ਵਿਆਹ ਕਾਰਨ ਆਪਣੀ ਪੜ੍ਹਾਈ ਮੁਕੰਮਲ ਨਾ ਕਰ ਸਕਣ ਦਾ ਮਲਾਲ ਇੰਨੇ ਸਾਲਾਂ ਤੋਂ ਉਨ੍ਹਾਂ ਦੇ ਮਨ ਵਿੱਚ ਸੀ। ਉਨ੍ਹਾਂ ਦੇ ਜ਼ਿਹਨ ਵਿੱਚ ਪੜ੍ਹਾਈ ਦੀ ਇੱਛਾ ਹਮੇਸ਼ਾ ਰਹੀ ਹੈ।”
ਜ਼ਿਕਰਯੋਗ ਹੈ ਕਿ ਦੋਵਾਂ ਨੇ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ 2020 ਵਿੱਚ ਮੁਕੰਮਲ ਕੀਤੀ ਅਤੇ ਇਸ ਸਾਲ ਕਨਵੋਕੇਸ਼ਨ ਉੱਤੇ ਆਪੋ-ਆਪਣੀਆਂ ਡਿਗਰੀਆਂ ਹਾਸਿਲ ਕੀਤੀਆਂ।
ਮਾਂ-ਧੀ ਦੀ ਇਸ ਕਾਮਯਾਬੀ ਦੀ ਇਬਾਰਤ ਬਾਰੇ ਅਸੀਂ ਉਨ੍ਹਾਂ ਨਾਲ ਗੱਲਬਾਤ ਕੀਤੀ। ਦੋਵਾਂ ਦੇ ਤਜ਼ਰਬਿਆਂ, ਮੁਸ਼ਕਿਲਾਂ ਅਤੇ ਪ੍ਰੇਰਣਾਵਾਂ ਨੂੰ ਜਾਣਿਆਂ। ਹੁਣ ਇਹ ਮਾਂ-ਧੀ ਕਈਆਂ ਲਈ ਪ੍ਰੇਰਣਾ ਦਾ ਸ੍ਰੋਤ ਹਨ।

‘ਕੋਈ ਪੇਪਰ ਲਿਖਣ ਵਾਲਾ ਨਹੀਂ ਸੀ ਮਿਲਦਾ’
ਗੁਰਲੀਨ ਦੱਸਦੇ ਹਨ ਕਿ ਉਨ੍ਹਾਂ ਨੇ ਪਹਿਲੀ ਕਲਾਸ ਤੋਂ ਲੈ ਕੇ ਦੱਸਵੀਂ ਤੱਕ ਦੀ ਪੜ੍ਹਾਈ ਇੱਕ ਨਿੱਜੀ ਸਕੂਲ ਤੋਂ ਕੀਤੀ। ਇਸ ਤੋਂ ਬਾਅਦ ਇੱਕ ਹੋਰ ਸਕੂਲ ਵਿੱਚ ਹਿਊਮੈਨਿਟੀਜ਼ ਵਿਸ਼ਿਆਂ ਨਾਲ ਗਿਆਰਵੀਂ-ਬਾਹਰਵੀਂ ਦੀ ਪੜ੍ਹਾਈ ਕੀਤੀ।
ਉਹ ਕਹਿੰਦੇ ਹਨ,“ਇਹ ਸਫ਼ਰ ਇੰਨਾ ਔਖਾ ਨਹੀਂ ਸੀ। ਅਧਿਆਪਕਾਂ ਦਾ ਬਹੁਤ ਸਹਿਯੋਗ ਰਿਹਾ...ਦੋਸਤਾਂ ਦਾ ਵੀ। ਮਾਪਿਆਂ ਦਾ ਸਾਥ ਤਾਂ ਹਮੇਸ਼ਾਂ ਹੀ ਰਿਹਾ।”
ਆਪਣੀ ਅਗਲੀ ਪੜ੍ਹਾਈ ਬਾਰੇ ਉਹ ਕਹਿੰਦੇ ਹਨ,“ਗ੍ਰੈਜੂਏਸ਼ਨ ਮੈਂ ਲਾਇਲਪੁਰ ਖਾਲਸਾ ਕਾਲਜ਼ (ਲੜਕੀਆਂ) ਤੋਂ ਕੀਤੀ। ਉਸ ਵਿੱਚ ਖ਼ਾਸ ਗੱਲ ਇਹ ਸੀ ਕਿ ਮੇਰੀ ਮਾਂ ਨੇ ਮੇਰੇ ਨਾਲ ਹੀ ਗ੍ਰੇਜੂਏਸ਼ਨ ਵਿੱਚ ਦਾਖਲਾ ਲਿਆ।”
“ਪਰ ਇਸ ਤੋਂ ਅੱਗੇ ਮੇਰੀਆਂ ਦਿੱਕਤਾਂ ਵੱਧ ਗਈਆਂ ਕਿਉਂਕਿ ਸਿਲੇਬਸ ਤਾਂ ਵੱਧ ਸੀ ਹੀ ਪਰ ਮੇਰੇ ਪੇਪਰ ਲਿਖਣ ਲਈ ਕੋਈ ਨਹੀਂ ਸੀ ਮਿਲਦਾ।”
“ਮੇਰੀ ਇਸ ਬਾਰੇ ਸਰਕਾਰ ਨੂੰ ਬੇਨਤੀ ਹੈ ਕਿ ਜੇ ਅਪਾਹਜ ਲੋਕਾਂ ਨੂੰ ਲੇਖਕ ਦੇਣ ਸਬੰਧੀ ਕੋਈ ਨਿਯਮ ਬਣਾ ਦਿੱਤਾ ਜਾਵੇ ਕਿ ਉਨ੍ਹਾਂ ਦੀ ਕਾਫ਼ੀ ਮਦਦ ਹੋ ਜਾਵੇਗੀ।”
“ਪਿਛਲੇ ਸਾਲ ਮੇਰਾ ਵਿਆਹ ਹੋਇਆ ਸੀ। ਮੈਂ ਬੀਐੱਡ ਵੀ ਪੂਰੀ ਕਰ ਲਈ ਹੈ, ਹੁਣ ਮੈਂ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਕਰ ਰਹੀ ਹਾਂ।”
ਗੁਰਲੀਨ ਕਹਿੰਦੇ ਹਨ, “ਮੈਂ ਦੋ ਵਾਰੀ ਆਈਏਐੱਸ ਦਾ ਪੇਪਰ ਦੇ ਚੁੱਕੀ ਹਾਂ ਅਤੇ ਪੀਸੀਐੱਸ ਦੀ ਵੀ ਤਿਆਰੀ ਕਰ ਰਹੀ ਹਾਂ। ਮੇਰਾ ਜ਼ਿੰਦਗੀ ਦਾ ਮਕਸਦ ਦੇਸ਼ ਦੀ ਬਿਹਤਰੀ ਲਈ ਕੰਮ ਕਰਨਾ ਹੈ ਅਤੇ ਹੋਰ ਲੋਕਾਂ ਲਈ ਵੀ ਪ੍ਰੇਰਣਾ ਸਰੋਤ ਬਣਨਾ ਚਾਹੁੰਦੀ ਹਾਂ।”

ਤਸਵੀਰ ਸਰੋਤ, Pradeep Sharma/BBC
‘ਮੁੜ ਪੜ੍ਹਾਈ ਲਈ ਕਾਲਜ ਜਾਣਾ ਬਹੁਤ ਔਖਾ ਸੀ’
ਗੁਰਲੀਨ ਦੇ ਮਾਤਾ ਮਨਪ੍ਰੀਤ ਕੌਰ ਕਹਿੰਦੇ ਹਨ,“ਮੈਨੂੰ ਮਨਪ੍ਰੀਤ ਨੂੰ ਕੁਝ ਸਿਖਾਉਣ ਲਈ ਪਹਿਲਾਂ ਖ਼ੁਦ ਸਿੱਖਣਾ ਪਿਆ। ਜਿਵੇਂ ਪਹਿਲਾਂ ਮੈਂ ਬਰੇਲ ਸਿੱਖੀ ਫ਼ਿਰ ਇਸ ਲਈ ਬਣੇ ਖ਼ਾਸ ਸਾਫ਼ਟਵੇਅਰ ਵਰਤਣੇ ਸਿੱਖੇ।”
“ਗੁਰਲੀਨ ਨੂੰ ਦਿੱਲੀ ਲੈ ਕੇ ਗਏ ਅਤੇ ਕੁਝ ਸਾਫ਼ਟਵੇਅਰ ਚਲਾਉਣੇ ਸਿਖਾਏ ਤੇ ਫ਼ਿਰ ਇੱਥੇ ਘਰ ਵਿੱਚ ਕੰਪਿਊਟਰ ਲੈ ਕੇ ਦਿੱਤਾ ਤਾਂ ਜੋ ਇਹ ਕਿਤਾਬਾਂ ਆਸਾਨੀ ਨਾਲ ਪੜ੍ਹ ਸਕੇ।”
“ਦੱਸਵੀਂ ਤੱਕ ਮੈਂ ਉਨ੍ਹਾਂ ਸਾਫ਼ਟਵੇਅਰਜ਼ ਦੀ ਮਦਦ ਨਾਲ ਰਾਤ-ਰਾਤ ਭਰ ਬੈਠ ਕੇ ਇਸ ਨੂੰ ਨੋਟਸ ਲਿਖਕੇ ਦਿੰਦੀ ਸੀ ਜਾਂ ਫ਼ਿਰ ਵਟਸਐਪ ਵਾਇਸ ਮੈਸੇਜ ਦੇ ਰੂਪ ਵਿੱਚ ਬੋਲ ਕੇ ਕਿਤਾਬਾਂ ਦੇ ਨੋਟਸ ਇਸ ਨੂੰ ਸੁਣਾਉਣ ਲਈ ਤਿਆਰ ਕਰਦੀ ਸੀ।”
ਮਨਪ੍ਰੀਤ ਕਹਿੰਦੇ ਹਨ.“ਗਿਆਰਵੀਂ-ਬਾਹਰਵੀਂ ਤੱਕ ਮੁਸ਼ਕਿਲਾਂ ਕੁਝ ਘੱਟ ਸਨ ਤੇ ਸਭ ਠੀਕ ਰਿਹਾ। ਫ਼ਿਰ ਜਦੋਂ ਇਸ ਨੇ ਗ੍ਰੈਜੂਏਸ਼ਨ ਵਿੱਚ ਦਾਖਲਾ ਲਿਆ ਤਾਂ ਮੇਰੇ ਪਤੀ ਅਤੇ ਗੁਰਲੀਨ ਨੇ ਪ੍ਰੇਰਿਤ ਕੀਤਾ ਕਿ ਮੈਂ ਵੀ ਉਸ ਦੇ ਨਾਲ ਹੀ ਗ੍ਰੈਜੂਏਸ਼ਨ ਕਰ ਲਵਾਂ।”
“ਪਰ ਇਹ ਔਖਾ ਸੀ ਮੈਨੂੰ ਹੱਡੀਆਂ ਦੀ ਸਮੱਸਿਆ ਹੈ ਤੇ ਗ੍ਰੈਜੂਏਸ਼ਨ ਵਿੱਚ ਇਮਤਿਹਾਨਾਂ ਵਿੱਚ ਬਹੁਤ ਲੰਬਾ ਲਿਖਣਾ ਪੈਂਦਾ ਹੈ। ਪਰ ਦੋਵਾਂ ਦੀ ਪ੍ਰੇਰਣਾ ਅਤੇ ਪਰਿਵਾਰ ਦੇ ਸਾਥ ਨਾਲ ਮੈਂ ਇਹ ਕੰਮ ਕਰਨ ਦਾ ਫ਼ੈਸਲਾ ਲਿਆ।”
“ਦਿੱਕਤ ਆਈ ਬੀਏ ਦੇ ਤੀਜੇ ਸਾਲ ਵਿੱਚ। ਮੈਂ ਹਿੰਮਤ ਹਾਰ ਚੁੱਕੀ ਸੀ, ਮੈਂ ਕਿਹਾ ਕਿ ਦੋ ਸਾਲ ਤਾਂ ਹੋ ਗਏ ਹਨ ਪਰ ਹੁਣ ਮੈਂ ਕਾਲਜ ਨਹੀਂ ਜਾਣਾ, ਮੇਰੇ ਤੋਂ ਲਿਖਿਆ ਨਹੀਂ ਜਾਂਦਾ ਪਰ ਦੋਵਾਂ ਨੇ ਮੈਨੂੰ ਫ਼ਿਰ ਤੋਂ ਉਤਸ਼ਾਹਿਤ ਕੀਤਾ ਅਤੇ ਮੈਂ ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਲੈ ਸਕੀ। ਇਹ ਸਭ ਪਰਿਵਾਰ ਦੇ ਸਾਥ ਨਾਲ ਹੀ ਸੰਭਵ ਹੋ ਸਕਿਆ। ”

ਤਸਵੀਰ ਸਰੋਤ, Pradeep Sharma/BBC
‘ਮੇਰਾ ਸੁਫ਼ਨਾ ਸਾਕਾਰ ਹੋ ਗਿਆ’
ਗੁਰਲੀਨ ਦੇ ਪਿਤਾ ਸੁਖਵਿੰਦਰਪਾਲ ਸਿੰਘ ਕਹਿੰਦੇ ਹਨ,“ਗੁਰਲੀਨ ਦਾ ਜਨਮ ਸਮੇਂ ਤੋਂ ਪਹਿਲਾਂ ਹੋਇਆ ਸੀ। ਛੇ ਮਹੀਨੇ ਅਸੀਂ ਇਸ ਦੀ ਬਹੁਤ ਸਾਂਭ-ਸੰਭਾਲ ਕੀਤੀ ਪਰ ਇਹ ਕਿਸੇ ਸੰਕੇਤ ਦਾ ਜਵਾਬ ਨਹੀਂ ਸੀ ਦਿੰਦੀ।”
“ਫ਼ਿਰ ਡਾਕਟਰਾਂ ਨੇ ਸਾਨੂੰ ਦੱਸਿਆ ਕਿ ਜਦੋਂ ਇਸ ਦਾ ਜਨਮ ਹੋਇਆ ਉਸ ਸਮੇਂ ਇਸ ਦੀਆਂ ਅੱਖਾਂ ਦੀ ਰੌਸ਼ਨੀ ਹਾਲੇ ਵਿਕਸਿਤ ਨਹੀਂ ਹੋਈ ਸੀ।”
“ਉਹ ਦਿਨ ਅਤੇ ਅੱਜ ਦਾ ਦਿਨ ਜਦੋਂ ਗੁਰਲੀਨ ਨੂੰ ਡਿਗਰੀ ਮਿਲੀ...ਜੇ ਸਫ਼ਰ ਦੀ ਗੱਲ ਕਰੀਏ ਤਾਂ ਸ਼ੁਰੂਆਤ ਤਾਂ ਬਹੁਤ ਭਿਆਨਕ ਅਤੇ ਡਰਾਉਣੀ ਸੀ ਪਰ ਹੌਲੀ-ਹੌਲੀ ਪ੍ਰਮਾਤਮਾ ਦੀ ਮਿਹਰ ਸਕਦਾ ਤੇ ਮੇਰੀ ਪਤਨੀ ਦੀ ਮਿਹਨਤ ਕਰਕੇ ਕਾਮਯਾਬੀ ਮਿਲੀ।”

ਤਸਵੀਰ ਸਰੋਤ, Pradeep Sharma/BBC
ਸੁਖਵਿੰਦਰਪਾਲ ਕਹਿੰਦੇ ਹਨ, “ਮੈਂ ਤਾਂ ਕਾਰੋਬਾਰੀ ਇਨਸਾਨ ਹਾਂ, ਸਵੇਰੇ ਕੰਮ ’ਤੇ ਚਲਾ ਜਾਂਦਾ, ਸ਼ਾਮ ਨੂੰ ਵਾਪਸ ਆਉਂਦਾ ਪਰ ਮੇਰੀ ਪਤਨੀ ਨੇ ਮੁਸ਼ਕਿਲ ਦੌਰ ਵਿੱਚ ਅਣਥੱਕ ਮਿਹਨਤ ਕੀਤੀ। ਅਸੀਂ ਸਾਂਝੇ ਪਰਿਵਾਰ ਵਿੱਚ ਰਹਿੰਦੇ ਹਾਂ, ਇਸ ਲਈ ਪਰਿਵਾਰ ਦਾ ਸਾਥ ਹਮੇਸ਼ਾਂ ਨਾਲ ਰਿਹਾ।”
“ਚੁਣੌਤੀਆਂ ਬਹੁਤ ਸਨ। ਗੁਰਲੀਨ ਨੂੰ ਸਕੂਲ ਵਿੱਚ ਦਾਖਲਾ ਦਿਵਾਉਣ ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਲੰਬਾ ਤੇ ਔਖਾ ਹੀ ਸੀ। ਪਰ ਹੁਣ ਜਦੋਂ ਗ੍ਰੈਜੂਏਸ਼ਨ ਹੋ ਗਈ ਹੈ ਤਾਂ ਕਹਿ ਸਕਦੇ ਹਾਂ ਕਿ ਸਾਰੀ ਮਿਹਨਤ ਦਾ ਫ਼ਲ ਮਿਲ ਗਿਆ।”
“ਅਸੀਂ ਬਹੁਤ ਖ਼ੁਸ਼ ਹਾਂ ਤੇ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ। ਮੇਰੀ ਖੁਆਇਸ਼ ਸੀ ਕਿ ਮੈਂ ਦੋਵਾਂ ਨੂੰ ਡਿਗਰੀ ਲੈਂਦਿਆਂ ਦੇਖਾਂ ਤੇ ਉਹ ਪੂਰੀ ਹੋ ਗਈ।”
ਆਪਣੀਆਂ ਦਿੱਕਤਾਂ ਬਾਰੇ ਗੱਲ ਕਰਦਿਆਂ ਸੁਖਵਿੰਦਰਪਾਲ ਸਿੰਘ ਕਹਿੰਦੇ ਹਨ, “ਸਾਡੀ ਸਭ ਤੋਂ ਵੱਡੀ ਮੁਸ਼ਕਿਲ ਅਸੁਰੱਖਿਆ ਦੀ ਹੈ ਅਤੇ ਸਰਕਾਰ ਕੋਲੋਂ ਇਸ ਮਸਲੇ ਨੂੰ ਹੱਲ ਕਰਨ ਦੀ ਮੰਗ ਵੀ ਹੈ।”
“ਗੁਰਲੀਨ 25 ਸਾਲਾਂ ਦੀ ਹੋ ਗਈ ਹੈ। ਅੱਜ ਜੋ ਹਾਲਾਤ ਨੇ ਸਧਾਰਨ ਕੁੜੀਆਂ ਲਈ ਵੀ ਬਾਜ਼ਾਰ ਜਾਣਾ ਔਖਾ ਹੈ ਤਾਂ ਅਜਿਹੇ ਬੱਚਿਆਂ ਨੂੰ ਅਸੀਂ ਘਰੋਂ ਬੇਫ਼ਿਕਰੀ ਨਾਲ ਕਦੋਂ ਕੱਢ ਸਕਾਂਗੇ।”
ਕੁਝ ਤਸੱਲੀ ਜ਼ਾਹਰ ਕਰਦੇ ਹੋਏ ਉਹ ਕਹਿੰਦੇ ਹਨ, “ਗੁਰਲੀਨ ਨੂੰ ਪਾਲਣ ਵਿੱਚ ਆਈਆਂ ਦਿੱਤਕਾਂ ਹੁਣ ਭੁੱਲ ਗਈਆਂ ਹਨ। ਉਹ ਆਪਣੇ ਪਤੀ ਦੇ ਸਾਥ ਨਾਲ ਬਿਹਤਰ ਜ਼ਿੰਦਗੀ ਜੀਅ ਰਹੀ ਹੈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












