'ਹਰ ਦਿਨ ਇੱਕ ਮਹੀਨੇ ਵਰਗਾ ਲੱਗਦਾ ਹੈ ਤੇ ਖ਼ੁਦ ਦੇ ਪਰਛਾਵੇਂ ਤੋਂ ਵੀ ਡਰ ਲਗਦਾ ਹੈ', ਹਮਲਿਆਂ ਵਿਚਾਲੇ ਕਿਵੇਂ ਜੀਅ ਰਹੇ ਈਰਾਨ ਦੇ ਲੋਕ

ਤਸਵੀਰ ਸਰੋਤ, Getty Images
- ਲੇਖਕ, ਫ਼ਾਰੇਨ ਤਗੀਜ਼ਾਦੇਹ
- ਰੋਲ, ਬੀਬੀਸੀ ਪਰਸ਼ੀਅਨ
- ਪੜ੍ਹਨ ਦਾ ਸਮਾਂ: 8 ਮਿੰਟ
"ਇੰਨੇ ਧਮਾਕੇ, ਤਬਾਹੀ, ਜੋ ਹੋ ਰਿਹਾ ਹੈ - ਯਕੀਨ ਹੀ ਨਹੀਂ ਹੁੰਦਾ।"
ਇਹ ਕਹਿਣਾ ਹੈ ਸਾਲਾਰ (ਬਦਲਿਆ ਹੋਇਆ ਨਾਮ) ਦਾ।
ਈਰਾਨ 'ਤੇ 28 ਫ਼ਰਵਰੀ ਨੂੰ ਹਮਲੇ ਸ਼ੁਰੂ ਹੋਣ ਤੋਂ ਬਾਅਦ ਰਾਜਧਾਨੀ ਤੇਹਰਾਨ ਵਿੱਚ ਭਾਰੀ ਹਮਲੇ ਹੋ ਰਹੇ ਹਨ, ਕਿਉਂਕਿ ਅਮਰੀਕਾ ਅਤੇ ਇਜ਼ਰਾਇਲ ਇਸਲਾਮਿਕ ਸ਼ਾਸਨ ਨੂੰ ਕਮਜ਼ੋਰ ਕਰਨ ਲਈ ਫੌਜੀ ਅਤੇ ਸਿਆਸੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਹਾਲਾਂਕਿ, ਹਮਲਿਆਂ ਦੀ ਵਜ੍ਹਾ ਨਾਲ ਹੋਰ ਇਲਾਕੇ ਵੀ ਪ੍ਰਭਾਵਿਤ ਹੋਏ ਹਨ।

ਤਸਵੀਰ ਸਰੋਤ, EPA
ਈਰਾਨੀ ਅਧਿਕਾਰੀਆਂ ਨੇ ਕਿਹਾ ਕਿ ਸ਼ਨੀਵਾਰ ਨੂੰ ਮੀਨਾਬ ਸ਼ਹਿਰ ਵਿੱਚ ਇੱਕ ਕੁੜੀਆਂ ਦੇ ਸਕੂਲ 'ਤੇ ਹਮਲਾ ਹੋਣ ਨਾਲ ਬੱਚਿਆਂ ਸਣੇ 160 ਤੋਂ ਵੱਧ ਲੋਕ ਮਾਰੇ ਗਏ। ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਯੂਐਸ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ ਪਰ ਆਮ ਲੋਕਾਂ ਨੂੰ ਨਿਸ਼ਾਨਾ ਨਹੀਂ ਬਣਾ ਰਿਹਾ।
ਤੇਹਰਾਨ ਵਿੱਚ ਰਹਿੰਦੇ ਇੱਕ ਸਥਾਨਕ ਵਿਅਕਤੀ ਨੇ ਬੀਬੀਸੀ ਪਰਸ਼ੀਅਨ ਨੂੰ ਦੱਸਿਆ, "ਅਸੀਂ ਇਸ ਵੇਲੇ ਜੋ ਅਨੁਭਵ ਕਰ ਰਹੇ ਹਾਂ, ਉਹ 12 ਦਿਨਾਂ ਦੀ ਲੜਾਈ ਦੌਰਾਨ ਅਸੀਂ ਜੋ ਅਨੁਭਵ ਕੀਤਾ ਸੀ, ਉਸ ਤੋਂ ਕਾਫ਼ੀ ਵੱਧ ਹੈ।"
ਉਨ੍ਹਾਂ ਨੇ ਪਿਛਲੇ ਸਾਲ ਇਜ਼ਰਾਇਲ ਅਤੇ ਈਰਾਨ ਵਿਚਕਾਰ ਹੋਏ ਤਣਾਅ ਦਾ ਜ਼ਿਕਰ ਕੀਤਾ।
ਕੁਝ ਨੂੰ ਡਰ ਤੇ ਕੁਝ ਨੂੰ ਉਮੀਦ

ਤਸਵੀਰ ਸਰੋਤ, Getty Images
ਕੁਝ ਈਰਾਨੀ ਲੋਕਾਂ ਦਾ ਕਹਿਣਾ ਹੈ ਕਿ ਲਗਾਤਾਰ ਹੋ ਰਹੇ ਹਮਲਿਆਂ ਨਾਲ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਲਈ ਡਰ ਲੱਗਣ ਲੱਗ ਪਿਆ ਹੈ, ਜਦਕਿ ਹੋਰ ਲੋਕ ਸਰਕਾਰ ਨੂੰ ਡਰਿਆ ਹੋਇਆ ਦੱਸ ਰਹੇ ਹਨ ਅਤੇ ਦੇਸ਼ ਦੇ ਭਵਿੱਖ ਨੂੰ ਲੈ ਉਮੀਦ ਜਤਾਉਂਦੇ ਹਨ।
ਹਮਲਿਆਂ ਦੀ ਪਹਿਲੀ ਲਹਿਰ ਵਿੱਚ ਈਰਾਨ ਦੇ ਸੁਪਰੀਮ ਲੀਡਰ ਆਯਤੁੱਲਾ ਅਲੀ ਖਾਮੇਨਈ ਦੀ ਮੌਤ ਹੋ ਗਈ ਸੀ, ਪਰ ਉਸ ਮਗਰੋਂ ਹਵਾਈ ਹਮਲਿਆਂ ਵਿੱਚ ਕੋਈ ਕਮੀ ਨਹੀਂ ਆਈ ਹੈ।
ਸਾਲਾਰ ਕਹਿੰਦੇ ਹਨ, "ਹਰ ਦਿਨ ਇੱਕ ਮਹੀਨੇ ਵਰਗਾ ਲੱਗ ਰਿਹਾ ਹੈ। ਹਮਲੇ ਬਹੁਤ ਜ਼ਿਆਦਾ ਹੋ ਰਹੇ ਹਨ।''
ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿੱਚ ਹੋਏ ਹਵਾਈ ਹਮਲੇ ਨਾਲ ਉਨ੍ਹਾਂ ਦਾ ਪੂਰਾ ਘਰ ਹਿੱਲ ਗਿਆ ਸੀ ਅਤੇ ਦੱਸਿਆ ਕਿ ਉਨ੍ਹਾਂ ਨੂੰ ਆਪਣੀਆਂ ਖਿੜਕੀਆਂ ਖੁੱਲ੍ਹੀਆਂ ਰੱਖਣੀਆਂ ਪਈਆਂ ਤਾਂ ਜੋ ਕੱਚ ਨਾ ਟੁੱਟੇ।
ਅੰਤਰਰਾਸ਼ਟਰੀ ਸਮਾਚਾਰ ਸੰਸਥਾਵਾਂ ਨੂੰ ਅਕਸਰ ਈਰਾਨ ਦਾ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਦੇਸ਼ ਦੇ ਅੰਦਰ ਕੀ ਹੋ ਰਿਹਾ ਹੈ ਇਸ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਉਨ੍ਹਾਂ ਦੀ ਸਮਰੱਥਾ ਬਹੁਤ ਘੱਟ ਹੋ ਜਾਂਦੀ ਹੈ। ਇੰਟਰਨੈੱਟ ਬਲੈਕਆਉਟ ਨੇ ਸਥਿਤੀ ਨੂੰ ਹੋਰ ਵੀ ਮੁਸ਼ਕਲ ਬਣਾ ਦਿੱਤਾ ਹੈ।
ਜ਼ਿਆਦਾਤਰ ਲੋਕ ਘਰਾਂ ਦੇ ਅੰਦਰ ਹੀ ਰਹਿ ਰਹੇ ਹਨ, ਸਿਰਫ਼ ਸਮਾਨ ਆਦਿ ਲੈਣ ਲਈ ਬਾਹਰ ਨਿਕਲ ਰਹੇ ਹਨ। ਇੰਝ ਲੱਗਦਾ ਹੈ ਕਿ ਸਰਕਾਰ ਨੇ ਸੜਕਾਂ 'ਤੇ ਆਪਣੀ ਸੁਰੱਖਿਆ ਵਧਾ ਦਿੱਤੀ ਹੈ, ਜਿਸ ਨੂੰ ਈਰਾਨੀਆਂ ਨੇ ਅਯਾਤੁੱਲਾ ਦੀ ਮੌਤ ਤੋਂ ਬਾਅਦ ਦਿਖਾਈ ਗਈ ਨਾਰਾਜ਼ਗੀ ਦੇ ਜਵਾਬ ਵਜੋਂ ਵੇਖਿਆ ਹੈ।
"ਅਸੀਂ ਉਸ ਵੱਡੇ ਪਲ ਦਾ, ਆਖ਼ਰੀ ਪਲ ਦਾ ਇੰਤਜ਼ਾਰ ਕਰ ਰਹੇ ਹਾਂ...''

ਤਸਵੀਰ ਸਰੋਤ, AFP via Getty Images
ਤੇਹਰਾਨ ਵਿੱਚ ਇੱਕ 25 ਸਾਲ ਦੇ ਵਿਦਿਆਰਥੀ ਦਾ ਕਹਿਣਾ ਹੈ, "ਹਰ ਥਾਂ ਚੈਕਪੁਆਇੰਟ ਹਨ। ਉਹ ਆਪਣੇ ਪਰਛਾਂਵੇ ਤੋਂ ਹੀ ਡਰ ਜਾਂਦੇ ਹਨ।''
"ਅਸੀਂ ਉਸ ਵੱਡੇ ਪਲ ਦਾ, ਆਖ਼ਰੀ ਪਲ ਦਾ ਇੰਤਜ਼ਾਰ ਕਰ ਰਹੇ ਹਾਂ, ਜਦੋਂ ਅਸੀਂ ਸਭ ਬਾਹਰ ਨਿਕਲਾਂਗੇ ਅਤੇ ਅਸੀਂ ਜਿੱਤਾਂਗੇ।"
ਉਸਨੇ ਕਿਹਾ ਕਿ ਆਂਡੇ ਅਤੇ ਆਲੂ ਵਰਗੀਆਂ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਵੀ ਆਸਮਾਨ ਛੂਹ ਰਹੀਆਂ ਹਨ, ਅਤੇ ਪੈਟਰੋਲ ਅਤੇ ਬ੍ਰੈੱਡ ਲਈ ਲਾਈਨਾਂ ਲੱਗਦੀਆਂ ਹਨ, "ਯਕੀਨ ਨਹੀਂ ਹੁੰਦਾ"।
ਰਾਜਧਾਨੀ ਦੇ ਇੱਕ ਹੋਰ ਮਹਿਲਾ ਵਸਨੀਕ ਨੇ ਬੀਬੀਸੀ ਨੂੰ ਦੱਸਿਆ ਕਿ ਜ਼ਿਆਦਾਤਰ ਦੁਕਾਨਾਂ ਬੰਦ ਹਨ ਅਤੇ ਕੁਝ ਕੈਸ਼ ਮਸ਼ੀਨਾਂ ਕੰਮ ਨਹੀਂ ਕਰ ਰਹੀਆਂ ਹਨ, ਹਾਲਾਂਕਿ ਸੁਪਰਮਾਰਕਿਟ ਅਤੇ ਬੇਕਰੀਆਂ ਖੁਲ੍ਹੀਆਂ ਹੋਈਆਂ ਹਨ।
ਉਹ ਕਹਿੰਦੀ ਹੈ ਕਿ ਤੇਹਰਾਨ "ਖਾਲੀ" ਲੱਗਦਾ ਹੈ ਅਤੇ ਜੇ ਕੋਈ ਘਰੋਂ ਬਾਹਰ ਆ ਰਿਹਾ ਹੈ ਉਸ ਦਾ ਕੋਈ ''ਜ਼ਰੂਰੀ ਕਾਰਨ'' ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ, "ਪਹਿਲੇ ਦਿਨ, ਲੋਕ ਨਾਅਰੇ ਲਗਾ ਰਹੇ ਸਨ ਅਤੇ ਸਭ ਖੁਸ਼ ਲੱਗ ਰਹੇ ਸਨ। ਪਰ ਹੁਣ ਚਾਰੇ ਪਾਸੇ ਪੁਲਿਸ ਫੋਰਸ ਹੈ।"

ਤਸਵੀਰ ਸਰੋਤ, supplied
ਸਾਲਾਰ ਨੇ ਦੇਸ਼ ਦੇ ਸ਼ਾਸਨ ਦੇ ਖ਼ਿਲਾਫ਼ ਬੋਲਣ 'ਤੇ ਸਿਕਿਊਰਟੀ ਫੋਰਸ ਤੋਂ ਮਿਲਣ ਵਾਲੀਆਂ ਧਮਕੀਆਂ ਬਾਰੇ ਦੱਸਿਆ।
ਹਾਲਾਂਕਿ ਇੰਡੀਪੈਂਡੈਂਟ ਜਾਣਕਾਰੀ ਮਿਲਣਾ ਮੁਸ਼ਕਲ ਰਿਹਾ ਹੈ, ਸਾਲਾਰ ਦਾ ਕਹਿਣਾ ਹੈ ਕਿ ਈਰਾਨੀ ਸਿਕਿਊਰਟੀ ਫੋਰਸ ਆਪਣੀਆਂ ਮੰਗਾਂ ਸਾਫ਼ ਕਰ ਰਹੀ ਹੈ।
ਉਹ ਕਹਿੰਦੇ ਹਨ, "ਹਰ ਦਿਨ ਉਹ ਮੈਸੇਜ ਮੈਸੇਜ ਭੇਜ ਕੇ ਚੇਤਾਵਨੀ ਦਿੰਦੇ ਹਨ ਕਿ ਜੇ ਅਸੀਂ ਬਾਹਰ ਗਏ, ਤਾਂ ਉਹ ਸਾਡੇ ਨਾਲ ਸਖ਼ਤੀ ਨਾਲ ਪੇਸ਼ ਆਉਣਗੇ।"
"ਇੱਕ ਮੈਸੇਜ ਆਇਆ ਜਿਸ ਵਿੱਚ ਕਿਹਾ ਗਿਆ ਸੀ ਕਿ ਜੇ ਤੁਹਾਡੇ ਵਿੱਚੋਂ ਕੋਈ ਵੀ ਬਾਹਰ ਜਾ ਕੇ ਵਿਰੋਧ ਕਰਦਾ ਹੈ ਤਾਂ 'ਅਸੀਂ ਤੁਹਾਨੂੰ ਇਜ਼ਰਾਈਲੀ ਸਹਿਯੋਗੀ ਮੰਨਦੇ ਹਾਂ'।"
ਉਨ੍ਹਾਂ ਦਾ ਮੰਨਣਾ ਹੈ ਕਿ ਮੈਸੇਜ ਦੇ ਲਹਿਜ਼ੇ ਤੋਂ ਅਜਿਹਾ ਲੱਗ ਰਿਹਾ ਸੀ ਕਿ ਜੋ ਕੋਈ ਵੀ ਗੱਲ ਨਹੀਂ ਮੰਨੇਗਾ, ਉਸ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ, ਜਾਂ ਉਸਨੂੰ ਮਾਰਿਆ ਵੀ ਜਾ ਸਕਦਾ ਹੈ।
ਜਿਵੇਂ-ਜਿਵੇਂ ਦਿਨ ਲੰਘ ਰਹੇ ਹਨ ਹੋਰ ਲੋਕ ਤੇਹਰਾਨ ਛੱਡ ਰਹੇ ਹਨ

ਤਸਵੀਰ ਸਰੋਤ, AFP via Getty Images
ਬੀਬੀਸੀ ਪਰਸ਼ੀਅਨ ਨੇ ਕਾਵੇਹ ਨਾਲ ਵੀ ਗੱਲ ਕੀਤੀ, ਉਨ੍ਹਾਂ ਦਾ ਨਾਮ ਵੀ ਬਦਲ ਦਿੱਤਾ ਗਿਆ ਹੈ। ਕਾਵੇਹ ਤੇਹਰਾਨ ਤੋਂ ਲਗਭਗ 275 ਕਿਲੋਮੀਟਰ ਉੱਤਰ-ਪੂਰਬ ਵਿੱਚ ਜ਼ੰਜਾਨ ਸ਼ਹਿਰ ਵਿੱਚ ਰਹਿੰਦੇ ਹਨ, ਇਸ ਸ਼ਹਿਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।
ਉਹ ਕਹਿੰਦੇ ਹਨ, "ਪਹਿਲੇ ਤਿੰਨ ਦਿਨਾਂ ਵਿੱਚ ਸਾਡੇ ਸ਼ਹਿਰ 'ਤੇ ਭਾਰੀ ਬੰਬਾਰੀ ਹੋਈ। ਅਸੀਂ ਅਜਿਹੇ ਇਲਾਕੇ ਵਿੱਚ ਰਹਿੰਦੇ ਹਾਂ ਜਿੱਥੇ ਫਾਈਟਰ ਜੈੱਟ ਲਗਾਤਾਰ ਉੱਪਰੋਂ ਗੁਜ਼ਰਦੇ ਰਹਿੰਦੇ ਹਨ।"
ਉਹ ਅੱਗੇ ਕਹਿੰਦੇ ਹਨ ਕਿ ਜੰਗ ਸ਼ੁਰੂ ਹੋਣ ਤੋਂ ਬਾਅਦ ਹਵਾਈ ਹਮਲਿਆਂ ਵਾਲੀਆਂ ਥਾਵਾਂ ਤੋਂ ਉੱਠਦੇ ਧੂੰਏਂ ਦੇ ਗੁਬਾਰ ਨਾਲ ਆਸਮਾਨ ਲਗਾਤਾਰ ਧੁੰਦਲਾ ਰਿਹਾ ਹੈ, ਇੱਕ ਅਜਿਹੀ ਤਸਵੀਰ ਜਿਸਨੂੰ ਉਹ "ਇੱਕੋ ਸਮੇਂ ਸੋਹਣੀ ਅਤੇ ਡਰਾਉਣੀ" ਦੋਵੇਂ ਦੱਸਦੇ ਹਨ।
ਸਾਲਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਮਾਪਿਆਂ ਨੂੰ ਉੱਤਰ ਵੱਲ ਭੇਜ ਦਿੱਤਾ, ਹਾਲਾਂਕਿ ਉਨ੍ਹਾਂ ਨੂੰ ਪੱਕਾ ਨਹੀਂ ਸੀ ਕਿ ਕਿਹੜੇ ਸ਼ਹਿਰ ਸੁਰੱਖਿਅਤ ਰਹਿਣਗੇ। ਉਨ੍ਹਾਂ ਦਾ ਘਰ ਤੇਹਰਾਨ ਦੇ ਸ਼ਰਿਆਤੀ ਇਲਾਕੇ ਵਿੱਚ ਹੈ, ਜਿੱਥੇ ਕਈ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਉਹ ਕਹਿੰਦੇ ਹਨ, "ਮੇਰੀ ਮਾਂ ਦੀ ਹਾਲਤ ਬਹੁਤ ਖ਼ਰਾਬ ਸੀ, ਉਹ ਬਹੁਤ ਡਰੀ ਹੋਈ ਸੀ।''
ਉਨ੍ਹਾਂ ਇਹ ਵੀ ਕਿਹਾ ਕਿ ਮੌਜੂਦਾ ਹਮਲੇ, 1980 ਦੇ ਦਹਾਕੇ ਵਿੱਚ ਅੱਠ ਸਾਲਾਂ ਦੀ ਈਰਾਨ-ਇਰਾਕ ਜੰਗ ਦੌਰਾਨ ਉਨ੍ਹਾਂ ਵੱਲੋਂ ਝੱਲੇ ਕਿਸੇ ਵੀ ਹਮਲੇ ਨਾਲੋਂ ਵੱਧ ਬੁਰੇ ਹਨ।
ਉਹ ਕਹਿੰਦੇ ਹਨ ਕਿ ਜਿਵੇਂ-ਜਿਵੇਂ ਦਿਨ ਲੰਘ ਰਹੇ ਹਨ, ਹੋਰ ਲੋਕ ਤੇਹਰਾਨ ਛੱਡ ਰਹੇ ਹਨ, ਪਰ ਇਹ ਹਰ ਕਿਸੇ ਲਈ ਇੱਕ ਓਪਸ਼ਨ ਨਹੀਂ ਹੈ।
"ਮੇਰੇ ਦੋਸਤ ਦੀ ਦਾਦੀ ਬੀਮਾਰ ਹੈ ਅਤੇ ਉਹ ਉਨ੍ਹਾਂ ਨੂੰ ਕਿਸੇ ਹੋਰ ਥਾਂ ਨਹੀਂ ਲਿਜਾ ਸਕਦੇ।"
ਇੰਟਰਨੈੱਟ ਬਲੈਕਆਉਟ ਵੱਡੀ ਦਿੱਕਤ
ਇੰਟਰਨੈੱਟ ਬਲੈਕਆਉਟ ਦੀ ਵਜ੍ਹਾ ਨਾਲ ਈਰਾਨੀਆਂ ਲਈ ਆਪਣੇ ਨਾਤੇ-ਰਿਸ਼ਤੇਦਾਰਾਂ ਜਾਂ ਦੋਸਤਾਂ-ਮਿੱਤਰਾਂ ਨਾਲ ਸੰਪਰਕ ਕਰਨਾ ਵੀ ਬਹੁਤ ਮੁਸ਼ਕਲ ਹੋ ਗਿਆ ਹੈ।
ਕਾਵੇਹ ਕਹਿੰਦੇ ਹਨ ਕਿ ਜ਼ਿੰਦਾ ਰਹਿਣ ਦੇ ਨਾਲ-ਨਾਲ ਉਨ੍ਹਾਂ ਦੀ ਸਭ ਤੋਂ ਵੱਡੀ ਚਿੰਤਾ ਇਹੀ ਰਹੀ ਹੈ ਕਿ ਪਰਿਵਾਰ ਅਤੇ ਦੋਸਤਾਂ ਨਾਲ ਸੰਪਰਕ ਕਿਵੇਂ ਬਣਾ ਕੇ ਰੱਖਿਆ ਜਾਵੇ ਅਤੇ ਭਰੋਸੇਯੋਗ ਖ਼ਬਰਾਂ ਕਿਵੇਂ ਮਿਲਣ।
ਉਨ੍ਹਾਂ ਨੂੰ ਯਾਦ ਹੈ ਕਿ ਹਮਲਿਆਂ ਦੇ ਪਹਿਲੇ ਦਿਨ ਦੁਪਹਿਰ ਦੇ ਆਸ-ਪਾਸ ਉਨ੍ਹਾਂ ਦਾ ਇੰਟਰਨੈੱਟ ਕਨੈਕਸ਼ਨ ਕਟ ਗਿਆ ਸੀ ਅਤੇ ਉਹ ਦੋ ਦਿਨਾਂ ਤੱਕ ਆਨਲਾਈਨ ਨਹੀਂ ਆ ਸਕੇ ਸਨ।
ਕਾਵੇਹ ਅਤੇ ਸਾਲਾਰ ਦੋਵੇਂ ਵਰਚੁਅਲ ਪ੍ਰਾਈਵੇਟ ਨੈੱਟਵਰਕ (ਵੀਪੀਐਨ) ਦਾ ਇਸਤੇਮਾਲ ਕਰ ਰਹੇ ਹਨ, ਜਿਸ ਨਾਲ ਉਹ ਉਨ੍ਹਾਂ ਇੰਟਰਨੈੱਟ ਸਾਈਟਾਂ ਨੂੰ ਐਕਸੈਸ ਕਰ ਸਕਦੇ ਹਨ, ਜਿਨ੍ਹਾਂ ਨੂੰ ਈਰਾਨੀ ਸਰਕਾਰ ਨੇ ਬਲਾਕ ਕਰ ਦਿੱਤਾ ਹੈ, ਪਰ ਇਹ ਕੋਈ ਸੌਖਾ ਕੰਮ ਨਹੀਂ ਹੈ।
ਜਦੋਂ ਉਹ ਆਨਲਾਈਨ ਹੁੰਦੇ ਹਨ ਤਾਂ ਕਾਵੇਹ "ਈਰਾਨ ਤੋਂ ਬਾਹਰ ਦੇ ਉਨ੍ਹਾਂ ਦੇ ਦੋਸਤਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ ਜਿਨ੍ਹਾਂ ਕੋਲ ਆਪਣੇ ਪਰਿਵਾਰਾਂ ਦੀ ਕੋਈ ਖ਼ਬਰ ਨਹੀਂ ਹੈ, ਤਾਂ ਜੋ ਉਨ੍ਹਾਂ ਨੂੰ ਅਪਡੇਟ ਮਿਲ ਸਕਣ ਜਾਂ ਮੈਸੇਜ ਭੇਜੇ ਜਾ ਸਕਣ"।
"ਹਮੇਸ਼ਾ ਸੋਚਦਾ ਸੀ ਕਿ ਉਹ ਪਲ ਖੁਸ਼ੀ ਵਾਲਾ ਹੋਵੇਗਾ, ਪਰ ਅਜਿਹਾ ਨਹੀਂ ਹੋਇਆ"

ਈਰਾਨ ਵਿੱਚ ਇਸ ਵੇਲੇ ਸਖਤ ਸੁਰੱਖਿਆ ਵਾਲੀ ਸਥਿਤੀ ਕਾਰਨ, ਸੁਪਰੀਮ ਲੀਡਰ ਦੀ ਮੌਤ 'ਤੇ ਪੂਰੀ ਪ੍ਰਤੀਕਿਰਿਆ ਦਾ ਅੰਦਾਜ਼ਾ ਲਗਾਉਣਾ ਮੁਮਕਿਨ ਨਹੀਂ ਹੈ।
ਕੁਝ ਲੋਕ ਜਸ਼ਨ ਮਨਾਉਣ ਲਈ ਸੜਕਾਂ 'ਤੇ ਉਤਰ ਆਏ, ਤਾਂ ਕੁਝ ਨੇ ਸਰਕਾਰੀ ਅਧਿਕਾਰੀਆਂ ਦੀ ਅਗਵਾਈ ਵਿੱਚ ਜਨਤਕ ਤੌਰ 'ਤੇ ਸ਼ੋਕ ਜਤਾਇਆ।
ਕਾਵੇਹ ਨੂੰ ਪਹਿਲਾਂ ਤਾਂ ਖਾਮੇਨਈ ਦੀ ਹੱਤਿਆ ਦੀ ਖ਼ਬਰ 'ਤੇ ਯਕੀਨ ਹੀ ਨਹੀਂ ਹੋਇਆ।
ਉਹ ਕਹਿੰਦੇ ਹਨ, "ਮੈਂ ਹਮੇਸ਼ਾ ਸੋਚਦਾ ਸੀ ਕਿ ਉਹ ਪਲ ਖੁਸ਼ੀ ਵਾਲਾ ਹੋਵੇਗਾ, ਪਰ ਅਜਿਹਾ ਨਹੀਂ ਹੋਇਆ।"
"ਮੇਰੀ ਜ਼ਿੰਦਗੀ ਦੇ ਲਗਭਗ ਸਾਰੇ ਸਾਲ ਅਤੇ ਮੇਰੇ ਵਰਗੇ ਲੱਖਾਂ ਲੋਕਾਂ ਦੀ ਜ਼ਿੰਦਗੀ ਬਰਬਾਦ ਹੋ ਗਈ ਅਤੇ ਹਜ਼ਾਰਾਂ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਅਤੇ ਫਿਰ ਵੀ ਉਹ ਖੁਦ ਇੱਕ ਹੀ ਪਲ ਵਿੱਚ ਉਸ ਪੂਰੀ ਤਸਵੀਰ ਤੋਂ ਚਲੇ ਗਏ, [ਜਿਸ ਨਾਲ] ਮੈਨੂੰ ਸੱਚਮੁੱਚ ਗੁੱਸਾ ਆਇਆ।"
ਸਾਲੇਹ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਸੁਪਰੀਮ ਲੀਡਰ ਦੀ ਮੌਤ ਦੀ ਖ਼ਬਰ 'ਤੇ ਸੜਕਾਂ 'ਤੇ ਜਸ਼ਨ ਮਨਾਇਆ ਜਾਵੇਗਾ।
ਉਨ੍ਹਾਂ ਕਿਹਾ, "ਹਮਲੇ ਤੋਂ ਬਾਅਦ ਸ਼ਹਿਰ ਦਾ ਮਾਹੌਲ ਬਹੁਤ ਸੁਰੱਖਿਆ ਵਾਲਾ ਸੀ। ਹੁਣ ਵੀ ਹੈ।"
ਜੰਗ "ਓਨੀ ਜਲਦੀ ਖ਼ਤਮ ਨਹੀਂ ਹੋਵੇਗੀ ਜਿੰਨੀ ਅਸੀਂ ਸੋਚੀ ਸੀ''

ਤਸਵੀਰ ਸਰੋਤ, Majid Saeedi/Getty Images
ਦੋਨਾਂ ਵਿੱਚੋਂ ਕਿਸੇ ਨੂੰ ਨਹੀਂ ਪਤਾ ਕਿ ਜੰਗ ਦਾ ਉਨ੍ਹਾਂ ਲਈ, ਉਨ੍ਹਾਂ ਦੇ ਪਰਿਵਾਰਾਂ ਲਈ ਜਾਂ ਉਨ੍ਹਾਂ ਦੇ ਦੇਸ਼ ਲਈ ਕੀ ਮਤਲਬ ਹੋਵੇਗਾ।
ਸਾਲਾਰ ਕਹਿੰਦੇ ਹਨ, "ਮੈਨੂੰ ਖਦਸ਼ਾ ਹੈ ਕਿ ਸਾਡੇ ਵਿੱਚੋਂ ਕੋਈ ਵੀ ਕਦੇ ਪਹਿਲਾਂ ਵਰਗਾ ਹੋ ਸਕੇਗਾ," ਅਤੇ ਇਹ ਵੀ ਕਹਿੰਦੇ ਹਨ ਕਿ ਬਹੁਤ ਸਾਰੇ ਲੋਕ ਬਹੁਤ ਜ਼ਿਆਦਾ ਤਣਾਅ ਵਿੱਚ ਹਨ।
ਈਰਾਨ ਦੇ ਪੁਰਾਣੇ ਸ਼ਾਹੀ ਪਰਿਵਾਰ ਦੇ ਪੁੱਤਰ ਦੇ ਸਮਰਥਕਾਂ ਦਾ ਜ਼ਿਕਰ ਕਰਦੇ ਹੋਏ ਜਿਨ੍ਹਾਂ ਨੇ ਯੂਐਸ ਅਤੇ ਇਜ਼ਰਾਇਲੀ ਫੌਜੀ ਕਾਰਵਾਈ ਦਾ ਸਮਰਥਨ ਕੀਤਾ ਹੈ, ਬਾਰੇ ਬੋਲਦਿਆਂ ਉਹ ਕਹਿੰਦੇ ਹਨ, "ਵਿਦੇਸ਼ ਵਿੱਚ ਰਹਿਣ ਵਾਲੇ ਲੋਕ, ਖ਼ਾਸ ਕਰਕੇ ਰਾਜਸ਼ਾਹੀ ਸਮਰਥਕ ਇਹ ਵਾਕਈ ਨਹੀਂ ਜਾਣਦੇ ਕਿ ਅਸੀਂ ਕੀ ਮਹਿਸੂਸ ਕਰ ਰਹੇ ਹਾਂ।''
ਉਹ ਅੱਗੇ ਕਹਿੰਦੇ ਹਨ, "ਕਾਸ਼ ਉਨ੍ਹਾਂ ਨੂੰ ਕਦੇ ਅਜਿਹਾ ਮਹਿਸੂਸ ਨਾ ਕਰਨਾ ਪਵੇ।"
ਕਾਵੇਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜੰਗ "ਓਨੀ ਜਲਦੀ ਖ਼ਤਮ ਨਹੀਂ ਹੋਵੇਗੀ ਜਿੰਨੀ ਅਸੀਂ ਸੋਚੀ ਸੀ।''
"ਪਰ ਫਿਰ ਵੀ, ਮੇਰੀ ਉਮੀਦ ਘੱਟ ਨਹੀਂ ਹੋਈ ਹੈ। ਜੇ ਕੁਝ ਹੋਇਆ ਹੈ ਤਾਂ ਇਹ ਹੋਇਆ ਹੈ ਕਿ ਇਹ ਹਰ ਦਿਨ ਹੋਰ ਮਜ਼ਬੂਤ ਹੋ ਰਹੀ ਹੈ।"
ਉਹ ਕਹਿੰਦੇ ਹਨ, "ਮੈਨੂੰ ਨਹੀਂ ਪਤਾ ਕਿ ਇਸ 'ਆਪ੍ਰੇਸ਼ਨ' ਤੋਂ ਬਾਅਦ ਕੀ ਹੋਵੇਗਾ," ਪਰ ਇਹ ਵੀ ਕਹਿੰਦੇ ਹਨ ਕਿ ਇਸ ਦੇ ਬਿਨਾਂ, "ਕੁਝ ਹੋਰ ਬੁਰਾ ਜ਼ਰੂਰ ਹੁੰਦਾ"।
"ਇਸ ਤਰ੍ਹਾਂ, ਘੱਟੋ-ਘੱਟ ਜ਼ਿੰਦਗੀ ਅਤੇ ਆਉਣ ਵਾਲੇ ਕੱਲ੍ਹ ਲਈ ਅਜੇ ਵੀ ਇੱਕ ਮੌਕਾ ਹੈ।"
ਐਡੀਸ਼ਨਲ ਰਿਪੋਰਟਿੰਗ - ਐਲੇਕਸ ਬੋਇਡ, ਘੋਨਚੇਹ ਹਬੀਬਿਆਜ਼ਾਦ, ਕੈਰੋਲਿਨ ਹੌਲੇ ਅਤੇ ਟੌਮ ਮੈਕਆਰਥਰ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ


























