ਟਾਟਾ ਟਰੱਸਟ ਦੇ ਨਵੇਂ ਚੇਅਰਮੈਨ ਨੋਏਲ ਟਾਟਾ ਕੌਣ ਹਨ

ਤਸਵੀਰ ਸਰੋਤ, Getty Images
- ਲੇਖਕ, ਆਸ਼ੇ ਯੇਡਗੇ
- ਰੋਲ, ਬੀਬੀਸੀ ਮਰਾਠੀ ਪੱਤਰਕਾਰ
ਨੋਏਲ ਟਾਟਾ, ਟਾਟਾ ਟਰੱਸਟਸ ਦੇ ਨਵੇਂ ਚੇਅਰਮੈਨ ਹੋਣਗੇ। ਟਾਟਾ ਟਰੱਸਟਸ, ਟਾਟਾ ਗਰੁੱਪ ਦੇ ਕਈ ਟਰੱਸਟਾਂ ਤੋਂ ਮਿਲ ਕੇ ਬਣਿਆ ਹੈ।
ਨੋਏਲ ਟਾਟਾ ਮਰਹੂਮ ਰਤਨ ਟਾਟਾ ਦੇ ਮਤਰੇਏ ਭਰਾ ਹਨ।
ਰਤਨ ਟਾਟਾ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ ਸੀ। ਉਸ ਤੋਂ ਬਾਅਦ ਸ਼ੁੱਕਰਵਾਰ ਨੂੰ ਹੋਈ ਬੋਰਡ ਦੀ ਬੈਠਕ ਵਿੱਚ ਨਵੇਂ ਚੇਅਰਮੈਨ ਦੇ ਨਾਮ ਉੱਤੇ ਵਿਚਾਰ ਕੀਤਾ ਗਿਆ ਅਤੇ ਆਮ ਸਹਿਮਤੀ ਨਾਲ 67 ਸਾਲਾਂ ਨੋਏਲ ਨਵਲ ਟਾਟਾ ਨੂੰ ਚੇਅਰਮੈਨ ਚੁਣ ਲਿਆ ਗਿਆ।
ਨੋਏਲ ਟਾਟਾ ਪਹਿਲਾਂ ਹੀ ਟਾਟਾ ਸੰਨਸ ਨੂੰ ਸੰਭਾਲ ਰਹੇ ਹਨ। ਰਤਨ ਟਾਟਾ ਤੋਂ ਬਾਅਦ ਹੁਣ ਨੋਏਲ ਲਗਭਗ 34 ਲੱਖ ਕਰੋੜ ਰੁਪਏ ਦੇ ਟਾਟਾ ਸਮੂਹ ਦੀ ਅਗਵਾਈ ਕਰਨਗੇ।
ਟਾਟਾ ਟਰੱਸਟ ਵੱਲੋਂ ਜਾਰੀ ਇੱਕ ਪ੍ਰੈੱਸ ਬਿਆਨ ਵਿੱਚ ਨੋਏਲ ਟਾਟਾ ਦੀ ਨਿਯੁਕਤੀ ਦਾ ਰਸਮੀ ਐਲਾਨ ਵੀ ਕਰ ਦਿੱਤਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਨਿਯੁਕਤੀ ਤਤਕਾਲ ਪ੍ਰਭਾਵ ਤੋਂ ਲਾਗੂ ਹੋਵੇਗੀ।
ਨੋਏਲ ਟਾਟਾ ਦੀ ਦਾਅਵੇਦਾਰੀ ਸਭ ਤੋਂ ਮਜ਼ਬੂਤ ਸੀ
ਰਤਨ ਟਾਟਾ ਨੇ ਵਿਆਹ ਨਹੀਂ ਕਰਵਾਇਆ ਸੀ ਅਤੇ ਉਨ੍ਹਾਂ ਦੀ ਕੋਈ ਸੰਤਾਨ ਨਹੀਂ ਸੀ। ਇਸ ਲਈ ਇਹ ਗੱਲ ਵਿਚਾਰੀ ਜਾ ਰਹੀ ਸੀ ਕਿ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਵਿੱਚੋਂ ਕਿਸ ਨੂੰ ਸਮੂਹ ਦੀ ਲਗਾਮ ਸੰਭਾਲੀ ਜਾ ਸਕਦੀ ਹੈ।
ਰਤਨ ਟਾਟਾ ਦੇ ਦੇਹਾਂਤ ਤੋਂ ਬਾਅਦ ਸਭ ਤੋਂ ਜ਼ਿਆਦਾ ਅੰਦਾਜ਼ੇ ਇਸ ਗੱਲ ਬਾਰੇ ਲਾਏ ਜਾ ਰਹੇ ਸਨ ਕਿ ਆਖਰ ਉਨ੍ਹਾਂ 13 ਟਰੱਸਟਾਂ ਦੀ ਕਮਾਂਡ ਕਿਸੇ ਦੇ ਹੱਥਾਂ ਵਿੱਚ ਹੋਵੇਗੀ, ਜਿਨ੍ਹਾਂ ਦੀ 34 ਲੱਖ ਕਰੋੜ ਰੁਪੜੇ ਦੇ ਟਾਟਾ ਸਮੂਹ ਵਿੱਚ 66.4 ਫ਼ੀਸਦੀ ਹਿੱਸੇਦਾਰੀ ਹੈ।
ਜਿਸ ਕੋਲ ਵੀ ਇਨ੍ਹਾਂ ਟਰੱਸਟਾਂ ਦੀ ਲੀਡਰਸ਼ਿਪ ਹੁੰਦੀ ਹੈ, ਉਸੇ ਕੋਲ ਟਾਟਾ ਸਮੂਹ ਨੂੰ ਚਲਾਉਣ ਦੀ ਕੁੱਲ ਮਿਲਾ ਕੇ ਉਸੇ ਕੋਲ ਹੁੰਦੀ ਹੈ।
ਰਤਨ ਟਾਟਾ ਵੱਲੋਂ ਇਨ੍ਹਾਂ ਟਰੱਸਟਾਂ ਲਈ ਆਪਣਾ ਕੋਈ ਉਤਰਾਅਧਿਕਾਰੀ ਨਿਯੁਕਤ ਨਾ ਕੀਤਾ ਜਾਣ ਕਰਕੇ ਉਨ੍ਹਾਂ ਦੇ ਮਤਰੇਏ ਭਰਾ ਨੋਏਲ ਸਭ ਤੋਂ ਮਜ਼ਬੂਤ ਦਾਅਵੇਦਾਰ ਬਣ ਕੇ ਉੱਭਰੇ ਸਨ।
ਨੋਏਲ ਟਾਟਾ ਇਨ੍ਹਾਂ 13 ਟਰੱਸਟਾਂ ਵਿੱਚ ਸਭ ਤੋਂ ਮਜ਼ਬੂਤ ਦੋਰਾਬਜੀ ਟਾਟਾ ਟਰੱਸਟ ਅਤੇ ਰਤਨ ਟਾਟਾ ਟਰੱਸਟ ਦੇ ਟਰੱਸਟੀ ਹਨ।
ਮਹਿਜ਼ ਇਨ੍ਹਾਂ ਦੋ ਟਰੱਸਟਾਂ ਕੋਲ ਹੀ ਟਾਟਾ ਸੰਨਸ ਦੀ 55 ਫੀਸਦੀ ਹਿੱਸੇਦਾਰੀ ਸੀ।
ਰਤਨ ਟਾਟਾ ਦਾ ਦੇਹਾਂਤ

ਤਸਵੀਰ ਸਰੋਤ, Getty Images
ਰਤਨ ਟਾਟਾ 9 ਅਕਤੂਬਰ ਨੂੰ ਅਕਾਲ ਚਲਾਣਾ ਕਰ ਗਏ। ਹੁਣ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਸਵਾਲ ਹਨ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਕੌਣ-ਕੌਣ ਹਨ ਅਤੇ ਟਾਟਾ ਦੀ ਕਾਰੋਬਾਰੀ ਵਿਰਾਸਤ ਦਾ ਵਾਰਸ ਕੋਣ ਹੋਵੇਗਾ?
ਰਤਨ ਟਾਟਾ ਨੇ 86 ਸਾਲ ਦੀ ਉਮਰ ਵਿੱਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਖਰੀ ਸਾਹ ਲਏ।
ਸੱਤ ਅਕਤੂਬਰ ਨੂੰ ਉਨ੍ਹਾਂ ਨੂੰ ਨਿਯਮਤ ਸਿਹਤ ਜਾਂਚ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਇਹ ਜਾਣਕਾਰੀ ਉਨ੍ਹਾਂ ਨੇ ਖ਼ੁਦ ਐਕਸ ਉੱਤੇ ਪੋਸਟ ਪਾ ਕੇ ਸਾਂਝੀ ਕੀਤੀ ਸੀ।
“ਇੰਨੇ ਵੱਡੇ ਸਮੂਹ ਦੇ ਇੰਚਾਰਜ ਨੂੰ ਨਿਮਰ ਹੋਣਾ ਚਾਹੀਦਾ ਹੈ। ਉਸ ਵਿੱਚ ਕੋਈ ਹੰਕਾਰ ਨਹੀਂ ਹੋਣਾ ਚਾਹੀਦਾ ਅਤੇ ਜ਼ਿੰਮੇਵਾਰੀ ਲੈਣ ਤੋਂ ਬਾਅਦ ਉਸ ਨੂੰ ਉੱਪਰ-ਹੇਠ ਨਹੀਂ ਹੋਣਾ ਚਾਹੀਦਾ ਹੈ...”
ਕਿਸੇ ਵਿੱਚ ਟਾਟਾ ਗਰੁੱਪ ਦਾ ਵਾਰਸ ਹੋਣ ਲਈ ਕੀ ਗੁਣ ਹੋਣੇ ਚਾਹੀਦੇ ਹਨ? ਇਹ ਸਤਰਾਂ ਰਤਨ ਟਾਟਾ ਦੇ ਇਸ ਬਾਰੇ ਵਿਚਾਰ ਹਨ।
ਸੀਨੀਅਰ ਸੰਪਾਦਕ ਗਿਰੀਸ਼ ਕੁਬੇਰ ‘ਦਿ ਟਾਟਾਸ’ ਦੇ ਲੇਖਕ ਹਨ, ਉਨ੍ਹਾਂ ਨੇ ਰਤਨ ਟਾਟਾ ਅਤੇ ਟਾਟਾ ਖ਼ਾਨਦਾਨ ਬਾਰੇ ਵਿਸਥਾਰ ਨਾਲ ਲਿਖਿਆ ਹੈ।
ਫਿਲਹਾਲ ਟਾਟਾ ਸਨਸ ਦੇ ਚੇਅਰਮੈਨ ਐੱਨ ਚੰਦਰਸ਼ੇਖਰਨ ਰਤਨ ਟਾਟਾ ਤੋਂ ਬਾਅਦ ਕਾਰੋਬਾਰ ਦੇ ਇੰਚਾਰਜ ਸਨ। ਰਤਨ ਟਾਟਾ ਦੇ ਮਤਰੇਏ ਭਰਾ ਨੋਏਲ ਟਾਟਾ ਅਤੇ ਉਨ੍ਹਾਂ ਦੇ ਪੁੱਤਰ ਲੀਆ, ਮਾਇਆ ਅਤੇ ਨੇਵਿਲ ਟਾਟਾ ਨੂੰ ਰਤਨ ਟਾਟਾ ਦੀ ਅਗਲੀ ਪੀੜ੍ਹੀ ਕਿਹਾ ਜਾ ਰਿਹਾ ਹੈ।
ਟਾਟਾ ਸਮੂਹ ਦੀ ਅਗਲੀ ਪੀੜ੍ਹੀ ਕੌਣ ਹੈ?
ਜਾਣਦੇ ਹਾਂ ਉਨ੍ਹਾਂ ਨਾਵਾਂ ਬਾਰੇ ਜਿਨ੍ਹਾਂ ਦੀ ਉਨ੍ਹਾਂ ਦੇ ਕਾਰੋਬਾਰ ਅਤੇ ਟਾਟਾ ਸਮੂਹ ਦੇ ਸਮੁੱਚੇ ਵਾਰਸ ਬਾਰੇ ਚਰਚਾ ਹੋ ਰਹੀ ਸੀ।
ਕੌਣ ਹਨ ਮਤਰੇਏ ਭਰਾ ਨੋਏਲ ਟਾਟਾ

ਤਸਵੀਰ ਸਰੋਤ, Getty Images
ਸ਼ੁਰੂ ਵਿੱਚ ਰਤਨ ਟਾਟਾ ਅਤੇ ਨੋਏਲ ਟਾਟਾ ਦੇ ਰਿਸ਼ਤੇ ਚੰਗੇ ਨਹੀਂ ਸਨ। ਲੇਕਿਨ ਸਮੇਂ ਦੇ ਨਾਲ ਨੋਏਲ ਦਾ ਕੱਦ ਟਾਟਾ ਸਮੂਹ ਵਿੱਚ ਉੱਚਾ ਹੁੰਦਾ ਗਿਆ। ਹਾਲ ਦੇ ਦਿਨਾਂ ਵਿੱਚ ਟਾਟਾ ਸਮੂਹ ਨੂੰ ਕੰਟਰੋਲ ਕਰਨ ਵਾਲੇ ਟਰੱਸਟਾਂ ਵਿੱਚ ਉਨ੍ਹਾਂ ਆਪਣੀ ਭੂਮਿਕਾ ਵਧਾਉਣੀ ਸ਼ੁਰੂ ਕੀਤੀ।
ਸਾਲ 2012 ਵਿੱਚ ਜਦੋਂ ਰਤਨ ਟਾਟਾ ਦੇ ਰਿਟਾਇਰ ਹੋਣ ਦੀ ਚਰਚਾ ਹੋ ਰਹੀ ਸੀ ਤਾਂ ਇਸ ਦੇ ਨਾਲ ਹੀ ਨੋਏਲ ਟਾਟਾ ਦੇ ਉਨ੍ਹਾਂ ਦਾ ਵਾਰਸ ਬਣਨ ਦੀ ਚਰਚਾ ਵੀ ਕੀਤੀ ਜਾ ਰਹੀ ਸੀ।
ਹਾਲਾਂਕਿ ਸਾਇਰਸ ਮਿਸਤਰੀ ਨੂੰ ਨੋਏਲ ਟਾਟਾ ਦੀ ਥਾਂ ਰਤਨ ਟਾਟਾ ਦਾ ਉਤਰਾਅਧਿਕਾਰੀ ਚੁਣ ਲਿਆ ਗਿਆ। ਟਾਟਾ ਸਮੂਹ ਦੀ ਚੋਣ ਕਮੇਟੀ ਨੇ ਉਸ ਸਮੇਂ ਪਾਲੋਨਜੀ ਸਮੂਹ ਦੇ ਸਾਇਰਸ ਨੂੰ ਰਤਨ ਟਾਟਾ ਦਾ ਉਤਰਾਅਧਿਕਾਰੀ ਚੁਣ ਲਿਆ ਸੀ।
ਉਹ ਇਸ ਸਮੂਹ ਦੇ ਦੂਜੇ ਚੇਅਰਮੈਨ ਸਨ, ਜਿਨ੍ਹਾਂ ਦਾ ਆਖਰੀ ਨਾਮ ਟਾਟਾ ਨਹੀਂ ਸੀ। ਉਨ੍ਹਾਂ ਤੋਂ ਪਹਿਲਾਂ ਨਾਰੋਜੀ ਸਕਲਤਾਵਾਲਾ ਪਹਿਲੇ ਅਜਿਹੇ ਵਿਅਕਤੀ ਸਨ।
ਲੇਕਿਨ 24 ਅਕਤੂਬਰ 2016 ਨੂੰ ਸਾਇਰਸ ਮਿਸਤਰੀ ਨੂੰ ਟਾਟਾ ਸਮੂਹ ਦੇ ਮੁਖੀ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ। ਬਾਅਦ ਵਿੱਚ ਰਤਨ ਟਾਟਾ ਦੀ ਸਿਫ਼ਾਰਿਸ਼ ਉੱਤੇ ਐੱਨ ਚੰਦਰਸ਼ੇਖਰਨ ਨੂੰ ਟਾਟਾ ਸਨਸ ਦਾ ਚੇਅਰਮੈਨ ਥਾਪ ਦਿੱਤਾ ਗਿਆ।

ਮੰਨਿਆ ਜਾਂਦਾ ਹੈ ਕਿ ਸਾਇਸਰ ਮਿਸਤਰੀ ਅਤੇ ਰਤਨ ਟਾਟਾ ਵਿੱਚ ਟਾਟਾ ਸਮੂਹ ਦੇ ਭਵਿੱਖੀ ਵਾਧੇ ਪ੍ਰਤੀ ਵਿਚਾਰਧਾਰਕ ਮਤਭੇਦ ਸਨ।
ਹੁਣ ਸਵਾਲ ਇਹ ਹੈ ਕਿ ਰਤਨ ਟਾਟਾ ਨੇ ਨੋਏਲ ਨੂੰ ਇੱਕ ਮੌਕਾ ਕਿਉਂ ਨਹੀਂ ਦਿੱਤਾ?
ਰਤਨ ਟਾਟਾ ਦੇ ਪਿਤਾ ਨਵਲ ਟਾਟਾ ਦੇ ਆਪਣੀ ਪਹਿਲੀ ਪਤਨੀ ਸੂਨੀ ਟਾਟਾ ਤੋਂ ਦੋ ਪੁੱਤਰ ਸਨ, ਰਤਨ ਅਤੇ ਜਿੰਮੀ।
ਰਤਨ ਟਾਟਾ ਮਹਿਜ਼ 10 ਸਾਲਾਂ ਦੇ ਸਨ ਜਦੋਂ ਮਾਤਾ-ਪਿਤਾ ਦਾ ਤਲਾਕ ਹੋ ਗਿਆ ਸੀ।
ਰਤਨ ਟਾਟਾ 18 ਸਾਲ ਦੇ ਹੋਏ ਤਾਂ ਉਨ੍ਹਾਂ ਦੇ ਪਿਤਾ ਨਵਲ ਨੇ ਦੂਜਾ ਵਿਆਹ ਕਰਵਾ ਲਿਆ ਸੀ ਜਦਕਿ ਉਨ੍ਹਾਂ ਦੀ ਮਾਂ ਨੇ ਜਮਸ਼ੇਦਜੀ ਜੀਜਾਭਾਈ ਨਾਲ ਵਿਆਹ ਕਰਵਾ ਲਿਆ।
ਰਤਨ ਟਾਟਾ ਦਾ ਪਾਲਣ-ਪੋਸ਼ਣ ਉਨ੍ਹਾਂ ਦੀ ਦਾਦੀ ਲੇਡੀ ਨਵਾਜ਼ਭਾਈ ਨੇ ਕੀਤਾ।

ਤਸਵੀਰ ਸਰੋਤ, Getty Images
ਨਵਲ ਟਾਟਾ ਨੇ ਦੂਜਾ ਵਿਆਹ ਸਵਿਟਜ਼ਰਲੈਂਡ ਦੀ ਸੀਮੋਨ ਦੁਨੀਏਰ ਨਾਲ ਕਰਵਾਇਆ। ਇਸ ਵਿਆਹ ਤੋਂ ਨਵਲ ਨੂੰ ਨੋਏਲ ਤੇ ਸੀਮੋਨ ਸੰਤਾਨ ਹੋਈ।
ਗਿਰੀਸ਼ ਕੁਬੇਰ ਦੀ ਕਿਤਾਬ ਮੁਤਾਬਕ ਉਨ੍ਹਾਂ ਨੇ ਨੋਏਲ ਟਾਟਾ ਦੀ ਮਾਂ ਵੱਲੋਂ ਕਾਇਮ ਕੀਤੀ ਟਰੇਂਟ ਕੰਪਨੀ ਨੂੰ ਚਲਾਇਆ ਸੀ।
ਨੋਏਲ ਦੀ ਟਾਟਾ ਗਰੁੱਪ ਦੇ ਰਿਟੇਲ ਕਾਰੋਬਾਰ ਨੂੰ ਵਧਾਉਣ ਵਿੱਚ ਵੱਡੀ ਭੂਮਿਕਾ ਰਹੀ ਹੈ।
ਦੂਜੇ ਨੋਏਲ ਟਾਟਾ ਪਾਲੋਨਜੀ ਮਿਸਤਰੀ ਦੇ ਜਵਾਈ ਹਨ, ਜਿਨ੍ਹਾਂ ਕੋਲ ਟਾਟਾ ਗਰੁੱਪ ਦੀ ਜ਼ਿਆਦਾਤਰ ਹਿੱਸੇਦਾਰੀ ਹੈ। ਪੋਲਾਨਜੀ ਮਿਸਤਰੀ ਦੀ ਬੇਟੀ ਆਲੂ ਮਿਸਤਰੀ ਨੋਏਲ ਟਾਟਾ ਨਾਲ ਵਿਆਹੀ ਹੈ।
ਪਾਲੋਨਜੀ ਦੀ ਟਾਟਾ ਗਰੁੱਪ ਵਿੱਚ 18 ਫੀਸਦੀ ਹਿੱਸੇਦਾਰੀ ਸੀ।

ਤਸਵੀਰ ਸਰੋਤ, Getty Images
ਫਰਵਰੀ 2019 ਵਿੱਚ ਉਨ੍ਹਾਂ ਨੂੰ ਟਾਟਾ ਟਰੱਸਟ ਦੇ ਬੋਰਡ ਵਿੱਚ ਸ਼ਾਮਿਲ ਕੀਤਾ ਗਿਆ। ਉਸ ਤੋਂ ਪਹਿਲਾਂ 2018 ਵਿੱਚ ਟਾਟਾ ਸਮੂਹ ਦੀ ਅਹਿਮ ਕੰਪਨੀ ਟਾਈਟਨ ਵਿੱਚ ਉਪ ਚੇਅਰਮੈਨ ਬਣਾਇਆ ਗਿਆ।
ਮਾਰਚ 2024 ਵਿੱਚ ਉਨ੍ਹਾਂ ਨੂੰ ਟਾਟਾ ਸਟੀਲ ਦਾ ਉਪ ਚੇਅਰਮੈਨ ਲਾਇਆ ਗਿਆ।
ਨੋਏਲ ਨੂੰ ਸਾਲ 2011 ਵਿੱਚ ਟਾਟਾ ਇੰਟਰਨੈਸ਼ਨਲ ਦਾ ਚੇਅਰਮੈਨ ਬਣਾਇਆ ਗਿਆ ਸੀ ਅਤੇ ਫਿਰ ਅਗਲੇ ਇੱਕ ਦਹਾਕੇ ਦੌਰਾਨ ਉਹ ਟਾਟਾ ਦੀ ਰਿਟੇਲ ਚੇਨ ਟਰੇਂਟ ਦੇ ਚੇਅਰਮੈਨ ਰਹੇ।
ਟਰੇਂਟ ਹੀ ਕਰੋਮਾ, ਵੈਸਟਸਾਈਡ, ਜ਼ੂਡੀਓ, ਸਟਾਰ ਬਾਜ਼ਾਰ ਵਰਗੀਆਂ ਰਿਟੇਲ ਚੇਨ ਚਲਾਉਂਦੀ ਹੈ। ਹਾਲਾਂਕਿ ਇਸ ਵਿੱਚੋਂ ਸਟਾਰਬਕਸ, ਟਾਈਟਨ ਅਤੇ ਤਨਿਸ਼ਕ ਸ਼ਾਮਲ ਨਹੀਂ ਹਨ।
ਨੋਏਲ ਟਾਟਾ ਵੋਲਟਾਸ ਅਤੇ ਟਾਟਾ ਇਨਵੈਸਟਮੈਂਟ ਦੇ ਵੀ ਚੇਅਰਮੈਨ ਹਨ।
ਨੋਏਲ ਟਾਟਾ ਸਾਲ 2010 ਤੋਂ 2021 ਤੱਕ ਟਾਟਾ ਇੰਟਰਨੈਸ਼ਨਲ ਲਿਮਟਿਡ ਦੇ ਪ੍ਰਬੰਧਕੀ ਨਿਰਦੇਸ਼ਕ ਰਹੇ ਅਤੇ ਇਸ ਦੌਰਾਨ ਉਨ੍ਹਾਂ ਨੇ ਇਸਦਾ ਟਰਨ ਓਵਰ 50 ਕਰੋੜ ਡਾਲਰ ਤੋਂ ਵਧਾ ਕੇ ਤਿੰਨ ਅਰਬ ਡਾਲਰ ਤੱਕ ਪਹੁੰਚਾ ਦਿੱਤਾ।
ਉਨ੍ਹਾਂ ਦੀ ਅਗਵਾਈ ਵਿੱਚ 1998 ਵਿੱਟ ਟਰੇਂਟ ਦੀ ਸ਼ੁਰੂਆਤ ਇੱਕ ਸਟੋਰ ਤੋਂ ਹੋਈ ਸੀ, ਲੇਕਿਨ ਅੱਜ ਇਸਦੇ 700 ਸਟੋਰ ਹਨ।

ਰਤਨ ਟਾਟਾ ਆਪਣੇ ਉਤਰਾਅਧਿਕਾਰੀਆਂ ਬਾਰੇ ਕੀ ਰਾਇ ਰੱਖਦੇ ਸਨ?
ਉਤਰਾਅਧਿਕਾਰੀਆਂ ਬਾਰੇ ਰਤਨ ਟਾਟਾ ਦੇ ਵਿਚਾਰ ਸਪੱਸ਼ਟ ਸਨ।
ਉਹ ਚਾਹੁੰਦੇ ਸਨ ਕਿ ਉਨ੍ਹਾਂ ਦਾ ਉਤਰਾਅਧਿਕਾਰੀ ਦੂਰ-ਅੰਦੇਸ਼ੀ ਅਤੇ ਉਸਦੀ ਉਮਰ ਇੰਨੀ ਕੁ ਹੋਵੇ ਕਿ ਆਉਣ ਵਾਲੇ ਘੱਟੋ-ਘੱਟ ਦੋ ਤੋਂ ਤਿੰਨ ਦਹਾਕੇ ਤੱਕ ਅਗਵਾਈ ਕਰ ਸਕੇ।
ਉਨ੍ਹਾਂ ਨੇ ਇੱਕ ਹੋਰ ਅਹਿਮ ਅਤੇ ਵੱਖਰੀ ਸ਼ਰਤ ਲਗਾਈ ਸੀ ਕਿ ਉਨ੍ਹਾਂ ਦੇ ਉਤਰਾਅਧਿਕਾਰੀ ਵਿੱਚ ਹੰਕਾਰ ਨਹੀਂ ਹੋਣਾ ਚਾਹੀਦਾ। ਇੱਕ ਵਿਅਕਤੀ ਵਜੋਂ ਕੋਈ ਵੀ ਇੰਨੇ ਵੱਡੇ ਕਾਰੋਬਾਰ ਦੇ ਮੁਖੀ ਵਜੋਂ ਉੱਭਰ ਸਕਦਾ ਸੀ।
ਉਹ ਆਪਣੇ ਉਤਰਾਅਧਿਕਾਰੀ ਵਿੱਚ ਘਮੰਡ ਨਹੀਂ ਚਾਹੁੰਦੇ ਸਨ।
ਐੱਨ ਚੰਦਰਸ਼ੇਖਰਨ ਕੌਣ ਹਨ?

ਤਸਵੀਰ ਸਰੋਤ, Getty Images
ਸਾਇਰਸ ਮਿਸਤਰੀ ਦੇ ਬਾਹਰ ਜਾਣ ਤੋਂ ਬਾਅਦ ਟਾਟਾ ਕੰਸਲਟੈਂਸੀ ਸਰਵਿਸਿਜ਼ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਐੱਨ ਕੇ ਸਿੰਘ ਅਤੇ ਐੱਨ ਚੰਦਰਸ਼ੇਖਰਨ ਦਾ ਨਾਮ ਸਾਹਮਣੇ ਆਇਆ।
ਚੰਦਰਸ਼ੇਖਰਨ ਨੂੰ ਰਤਨ ਟਾਟਾ ਦੀ ਮਦਦ ਨਾਲ ਟਾਟਾ ਸੰਨਸ ਦਾ ਚੇਅਰਮੈਨ ਚੁਣ ਲਿਆ ਗਿਆ।
ਉਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਉਮੀਦਵਾਰ ਸਨ। ਲੇਕਿਨ ਚੰਦਰਸ਼ੇਖਰਨ ਨੂੰ ਚੁਣ ਲਿਆ ਗਿਆ ਕਿਉਂਕਿ ਉਨ੍ਹਾਂ ਨੇ ਟਾਟਾ ਘਰਾਣੇ ਨਾਲ ਤੀਹ ਸਾਲ ਬਿਤਾਏ ਸਨ ਅਤੇ ਇਸ ਦੌਰਾਨ ਆਪਣੇ ਆਪ ਨੂੰ ਸਾਬਿਤ ਕੀਤਾ ਸੀ।
ਉਨ੍ਹਾਂ ਦੀ ਅਗਵਾਈ ਵਿੱਚ ਹੀ ਟੀਸੀਐੱਸ ਦੇਸ਼ ਦੀ ਸਭ ਤੋਂ ਵੱਡੀ ਸਾਫਟਵੇਅਰ ਕੰਪਨੀ ਬਣ ਕੇ ਉੱਭਰੀ।
ਟਾਟਾ ਸਮੂਹ ਦੀ ਵੈਬਸਾਈਟ ਮੁਤਾਬਕ ਐੱਨ ਚੰਦਰਸ਼ੇਖਰਨ ਅਕਤੂਬਰ 2016 ਵਿੱਚ ਟਾਟਾ ਸੰਨਸ ਦੇ ਨਿਰਦੇਸ਼ਕੀ ਮੰਡਲ ਵਿੱਚ ਸ਼ਾਮਲ ਹੋਏ ਸਨ ਅਤੇ ਜਨਵਰੀ 2017 ਵਿੱਚ ਚੇਅਰਮੈਨ ਨਿਯੁਕਤ ਕਰ ਦਿੱਤੇ ਗਏ। ਉਹ ਟਾਟਾ ਸਮੂਹ ਦੀਆਂ ਕਈ ਕੰਪਨੀਆਂ ਜਿਵੇਂ, ਟਾਟਾ ਸਟੀਲ, ਟਾਟਾ ਮੋਟਰਜ਼, ਟਾਟਾ ਪਾਵਰ, ਏਅਰ ਇੰਡੀਆ, ਟਾਟਾ ਕੈਮੀਕਲਸ, ਟਾਟਾ ਕੰਜ਼ਿਊਮਰ ਪ੍ਰੋਡਕਟਸ ਅਤੇ ਟੀਸੀਐੱਸ ਦੇ ਚੇਅਰਮੈਨ ਹਨ।
ਐੱਨ ਚੰਦਰਸ਼ੇਖਰਨ ਹੁਣ ਟਾਟਾ ਕਾਰੋਬਾਰ ਦੇ ਮੁਖੀ ਹੋਣਗੇ।
ਟਾਟਾ ਘਰਾਣੇ ਦੀ ਅਗਲੀ ਪੀੜ੍ਹੀ?
ਨੋਏਲ ਟਾਟਾ ਦੇ ਤਿੰਨ ਬੱਚੇ ਹਨ। ਉਨ੍ਹਾਂ ਦਾ ਨਾਮ ਹੀ ਹੁਣ ਟਾਟਾ ਪਰਿਵਾਰ ਦੀ ਅਗਲੀ ਪੀੜ੍ਹੀ ਵਜੋਂ ਵਿਚਾਰਿਆ ਜਾ ਰਿਹਾ ਹੈ। ਕਈਆਂ ਦੀ ਰਾਇ ਹੈ ਕਿ ਟਾਟਾ ਦੇ ਬੱਚੇ ਲੀਆ ਟਾਟਾ, ਮਾਇਆ ਟਾਟਾ ਅਤੇ ਨੇਵਿਲ ਟਾਟਾ ਉਨ੍ਹਾਂ ਦੇ ਵਾਰਸ ਹੋਣਗੇ।
ਤਿੰਨਾਂ ਬੱਚਿਆਂ ਵਿੱਚੋਂ ਲੀਆ ਟਾਟਾ ਕੋਲ ਆਈ ਬਿਜ਼ਨਸ ਸਕੂਲ, ਮੈਡਰਿਡ ਸਪੇਨ ਤੋਂ ਮਾਰਕਿਟਿੰਗ ਵਿੱਚ ਮਾਸਟਰ ਦੀ ਡਿਗਰੀ ਹੈ।

ਤਸਵੀਰ ਸਰੋਤ, Getty Images
ਲੀਆ ਤਾਜ ਹੋਟਲਸ ਰਿਜ਼ੌਰਟ ਐਂਡ ਪੈਲੇਸਜ਼ ਵਿੱਚ ਸਹਾਇਕ ਸੇਲਜ਼ ਮੈਨੇਜਰ ਵਜੋਂ ਟਾਟਾ ਗਰੁੱਪ ਵਿੱਚ ਸ਼ਾਮਲ ਹੋਏ ਸਨ। ਫਿਲਹਾਲ ਉਹ ਇੰਡੀਅਨ ਹੋਟਲ ਕੰਪਨੀ ਲਿਮਟਿਡ (ਆਈਐੱਚਸੀਐੱਲ) ਦੇ ਵਾਈਸ ਪ੍ਰੈਜ਼ੀਡੈਂਟ ਹਨ।
ਮਾਇਆ ਟਾਟਾ ਜੋ ਕਿ ਤਿੰਨਾਂ ਵਿੱਚੋਂ ਸਭ ਤੋਂ ਛੋਟੀ ਹੈ। ਉਹ ਟਾਟਾ ਕੈਪੀਟਲ ਵਿੱਚ ਇੱਕ ਵਿਸ਼ਲੇਸ਼ਕ ਵਜੋਂ ਸ਼ਾਮਲ ਹੋਏ ਸਨ।
ਲੀਆ ਅਤੇ ਮਾਇਆ ਦੇ ਭਰਾ ਨੇਵਿਲ ਟਾਟਾ ਨੇ ਆਪਣਾ ਕਾਰੋਬਾਰੀ ਜੀਵਨ ਟਰੇਂਟ ਕੰਪਨੀ ਨਾਲ ਸ਼ੁਰੂ ਕੀਤਾ ਸੀ। ਮਾਇਆ 34 ਸਾਲ ਦੇ ਹਨ ਅਤੇ ਉਨ੍ਹਾਂ ਨੇ ਟਾਟਾ ਸਮੂਹ ਵਿੱਚ ਗਾਹੇ-ਬਗਾਹੇ ਕੁਝ ਰੋਲ ਨਿਭਾਏ ਹਨ।
ਉਨ੍ਹਾਂ ਨੇ ਯੂਨੀਵਰਸਿਟੀ ਆਫ਼ ਵਾਰਵਿਕ ਅਤੇ ਬੇਇਸ ਬਿਜ਼ਨਸ ਸਕੂਲ ਤੋਂ ਪੜ੍ਹਾਈ ਕੀਤੀ ਹੈ। ਉਹ ਟਾਟਾ ਔਪਰਚਿਊਨਿਟੀਜ਼ ਫੰਡ ਅਤੇ ਟਾਟਾ ਡਿਜੀਟਲ ਵਿੱਚ ਅਹਿਮ ਅਹੁਦਿਆਂ ਉੱਤੇ ਰਹੇ ਹਨ। ਟਾਟਾ ਨੀਓ ਐਪ ਲਾਂਚ ਕਰਨ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ।
ਨੇਵਿਲ ਟਾਟਾ (32) ਟਾਟਾ ਸਮੂਹ ਦੇ ਕਾਰੋਬਾਰ ਵਿੱਚ ਸਰਗਰਮ ਹਨ। ਉਹ ਮਾਨਸੀ ਕਿਰਲੋਸਕਰ (ਟੋਇਓਟਾ ਕਿਰਲੋਸਕਰ) ਨਾਲ ਵਿਆਹੇ ਹਨ। ਨੇਵਿਲ ਟਰੇਂਟ ਲਿਮਟਿਡ ਵਿੱਚ ਸਟਾਰ ਬਾਜ਼ਾਰ ਅਤੇ ਵੈਸਟੈਂਡ ਅਦਿ ਕੰਪਨੀਆਂ ਦੇ ਮੁਖੀ ਹਨ।
ਰਤਨ ਟਾਟਾ ਨੇ 32 ਸਾਲ ਦੀ ਉਮਰ ਵਿੱਚ ਟਾਟਾ ਸਮੂਹ ਵਿੱਚ ਚੇਅਰਮੈਨ ਦਾ ਅਹੁਦਾ ਸੰਭਾਲਿਆ ਸੀ। ਉਨ੍ਹਾਂ ਦੇ ਦਾਦਾ ਨੇ ਲਗਭਗ ਇੱਕ ਸਦੀ ਪਹਿਲਾਂ ਇਸ ਮਹਾਨ ਕਾਰੋਬਾਰੀ ਘਰਾਣੇ ਦੀ ਨੀਂਹ ਰੱਖੀ।
ਉਨ੍ਹਾਂ ਦੀ ਅਗਵਾਈ ਵਿੱਚ 1996 ਵਿੱਚ ਟਾਟਾ ਟੈਲੀਸਰਵਿਸ ਸ਼ੁਰੂ ਕੀਤੀ ਗਈ ਅਤੇ 2004 ਵਿੱਚ ਟਾਟਾ ਕੰਸਲਟੈਂਸੀ ਸਰਵਿਸਿਜ਼ ਜਨਤਕ ਖੇਤਰ ਵਿੱਚ ਲਿਸਟ ਹੋਈ।
ਟਾਟਾ ਸਮੂਹ ਦੀ ਵੈਬਸਾਈਟ ਮੁਤਾਬਕ ਰਤਨ ਟਾਟਾ ਨੇ ਸਮੂਹ ਦੀ 1991 ਤੋਂ 28 ਦਸੰਬਰ 2012, ਤੱਕ ਚੇਅਰਮੈਨ ਵਜੋਂ ਅਗਵਾਈ ਕੀਤੀ।
ਰਤਨ ਟਾਟਾ ਨੂੰ ਉਨ੍ਹਾਂ ਦੀ ਸੇਵਾਮੁਕਤੀ ਤੋਂ ਅਗਲੇ ਦਿਨ ਟਾਟਾ ਸੰਨਸ, ਟਾਟਾ ਮੋਟਰਸ, ਟਾਟਾ ਸਟੀਲ ਅਤੇ ਟਾਟਾ ਕੈਮੀਕਲ ਦੇ ਚੇਅਰਮੈਨ ਐਮੀਰਾਟਸ ਦੇ ਆਨਰੇਰੀ ਅਹੁਦੇ ਨਾਲ ਸਨਮਾਨਿਤ ਕੀਤਾ ਗਿਆ।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












