ਹਿਮਾਲਿਆ ਦੀਆਂ ਪਹਾੜੀਆਂ ’ਚ ਫਸੀਆਂ ਮਹਿਲਾ ਪਰਬਤਾਰੋਹੀਆਂ ਨੇ ਬਰਫ਼ ਖਾ ਕੇ ਗੁਜ਼ਾਰਿਆ ਸਮਾਂ, ਕਿਵੇਂ ਬਚੀ ਜਾਨ

ਤਸਵੀਰ ਸਰੋਤ, Fay Manners
- ਲੇਖਕ, ਆਸਿਫ ਅਲੀ
- ਰੋਲ, ਬੀਬੀਸੀ ਹਿੰਦੀ
ਭਾਰਤ ਦੇ ਉੱਤਰੀ ਹਿਮਾਲਿਆ ਵਿੱਚ ਇੱਕ ਬਰਫ਼ੀਲੇ ਪਹਾੜ ’ਤੇ ਤਿੰਨ ਦਿਨਾਂ ਤੱਕ ਫਸੇ ਰਹਿਣ ਤੋਂ ਬਾਅਦ ਬ੍ਰਿਟਿਸ਼ ਅਤੇ ਅਮਰੀਕੀ ਪਰਬਤਾਰੋਹੀਆਂ ਨੂੰ ਬਚਾ ਲਿਆ ਗਿਆ।
ਬ੍ਰਿਟੇਨ ਦੀ 37 ਸਾਲਾ ਫੇ ਜੇਨ ਮੈਨਰਸ ਅਤੇ ਅਮਰੀਕਾ ਦੀ 31 ਸਾਲਾ ਮਿਸ਼ੇਲ ਥੇਰੇਸਾ ਡਵੋਰਕ ਉਤਰਾਖੰਡ ਸੂਬੇ ’ਚ ਜਨਪਦ ਚਮੋਲੀ ਦੇ ਚੌਖੰਬਾ-3 ਚੋਟੀ ਦੇ ਇੱਕ ਚੱਟਾਨੀ ਹਿੱਸੇ ’ਤੇ ਚੜ੍ਹਾਈ ਕਰ ਰਹੀਆਂ ਸਨ।
ਉਦੋਂ ਹੀ ਇੱਕ ਚੱਟਾਨ ਡਿੱਗਣ ਨਾਲ ਉਨ੍ਹਾਂ ਦੇ ਉਪਕਰਨਾਂ ਨਾਲ ਜੁੜੀ ਰੱਸੀ ਕੱਟੀ ਗਈ ਅਤੇ ਉਹ 6015 ਮੀਟਰ ਦੀ ਉਚਾਈ ’ਤੇ ਫਸ ਗਈਆਂ।

ਚੌਖੰਬਾ-3 ਉੱਤਰ ਭਾਰਤ ਵਿੱਚ ਗੜਵਾਲ ਹਿਮਾਲਿਆ ਦੀ ਇੱਕ ਪਰਬਤ ਚੋਟੀ ਹੈ। ਦੋ ਹੈਲੀਕਾਪਟਰਾਂ ਦੀ ਸਹਾਇਤਾ ਨਾਲ ਇਨ੍ਹਾਂ ਦੋਵੇਂ ਮਹਿਲਾਵਾਂ ਦੀ ਖੋਜ ਕੀਤੀ ਗਈ ਅਤੇ ਕਾਫੀ ਕੋਸ਼ਿਸ਼ਾਂ ਦੇ ਬਾਅਦ ਛੇ ਅਕਤੂਬਰ ਨੂੰ ਇਨ੍ਹਾਂ ਪਰਬਤਾਰੋਹੀਆਂ ਨੂੰ ਬਚਾਇਆ ਗਿਆ।
ਕਿਵੇਂ ਫਸੇ ਬਰਫ਼ੀਲੀ ਚੋਟੀ ’ਤੇ
ਅਮਰੀਕੀ ਪਰਬਤਾਰੋਹੀ ਮਿਸ਼ੇਲ ਥੇਰੇਸਾ ਡਵੋਰਕ ਅਤੇ ਬ੍ਰਿਟੇਨ ਦੀ ਫੇ ਜੇਨ ਮੈਨਰਸ ਨੇ ਬੀਬੀਸੀ ਨਾਲ ਆਪਣੇ ਤਜਰਬੇ ਨੂੰ ਸਾਂਝਾ ਕੀਤਾ ਹੈ।
ਦੋਵਾਂ ਪਰਬਤਾਰੋਹੀਆਂ ਨੇ ਦੱਸਿਆ ਕਿ ਉਹ ਤਿੰਨ ਦਿਨਾਂ ਤੱਕ ਸਿਫ਼ਰ ਡਿਗਰੀ ਤੋਂ ਘੱਟ ਤਾਪਮਾਨ ’ਚ ਫਸੇ ਰਹੇ ਅਤੇ ਮੁਸ਼ਕਲਾਂ ਦਾ ਸਾਹਮਣਾ ਕੀਤਾ।
ਇਸ ਮੁਹਿੰਮ ’ਚ ਅਸਫਲ ਹੋ ਕੇ ਬਚ ਨਿਕਲਣ ਤੋਂ ਬਾਅਦ ਹਾਲੇ ਵੀ ਉਨ੍ਹਾਂ ਵਿੱਚ ਥਕਾਵਟ ਜ਼ਰੂਰ ਹੈ ਪਰ ਉਹ ਆਤਮਵਿਸ਼ਵਾਸ ਨਾਲ ਭਰੇ ਹੋਏ ਹਨ।
ਦੋਵੇਂ ਪਰਬਤਾਰੋਹੀਆਂ ਨੇ ਜਲਦ ਹੀ ਅਗਲੀ ਵਾਰ ਫਿਰ ਇਸੇ ਮੁਹਿੰਮ ’ਤੇ ਜਾਣ ਦੀ ਇੱਛਾ ਜਤਾਈ ਹੈ।
ਅਮਰੀਕੀ ਪਰਬਤਾਰੋਹੀ ਮਿਸ਼ੇਲ ਥੇਰੇਸਾ ਡਵੋਰਕ ਨੇ ਮੁਹਿੰਮ ਬਾਰੇ ਦੱਸਿਆ,“ਸਾਡਾ ਬੇਸ ਕੈਂਪ ਤੱਕ ਦਾ ਟਰੈਕ ਬਹੁਤ ਵਧੀਆ ਸੀ, ਪਰ ਅਸਲੀ ਮੁਹਿੰਮ ਦੀ ਚੜ੍ਹਾਈ ਮੁਸ਼ਕਲ ਸੀ। ਉਸ ਪਹਾੜੀ ’ਤੇ ਸਾਡਾ ਫਸਣਾ ਵਾਕਈ ਵੱਖਰੀ ਤਰ੍ਹਾਂ ਦਾ ਤਜਰਬਾ ਸੀ।”
“ਅਸੀਂ ਪਹਾੜੀ ’ਤੇ ਚੜ੍ਹਾਈ ਦੇ ਚੌਥੇ ਦਿਨ ਸੀ ਅਤੇ ਅਸੀਂ ਆਪਣਾ ਇੱਕ ਬੈਗ ਖੋਹ ਦਿੱਤਾ, ਜਿਸ ’ਚ ਸਾਡਾ ਬਹੁਤ ਜ਼ਰੂਰੀ ਸਾਮਾਨ ਸੀ। ਉਸ ਤੋਂ ਬਾਅਦ ਸਾਡੇ ਕੋਲ ਤੰਬੂ, ਕੁਝ ਕੱਪੜੇ, ਕੁਹਾੜੀ ਅਤੇ ਪੌੜ੍ਹੀ ਵਰਗੀਆਂ ਜ਼ਰੂਰੀ ਚੀਜ਼ਾਂ ਨਹੀਂ ਸਨ, ਜੋ ਪਹਾੜ ਤੋਂ ਉਤਰਨ ਵਿੱਚ ਮਦਦ ਕਰਦੀਆਂ।”
ਉਨ੍ਹਾਂ ਨੇ ਦੱਸਿਆ,“ਜ਼ਰੂਰੀ ਸਾਮਾਨ ਦਾ ਬੈਗ ਹੇਠਾਂ ਡਿੱਗਣ ਤੋਂ ਬਾਅਦ ਲੱਗਿਆ ਕਿ ਹੁਣ ਅਸੀਂ ਫਸ ਗਏ ਹਾਂ। ਪਰ ਕਿਤੇ ਨਾ ਕਿਤੇ ਸਾਨੂੰ ਉਮੀਦ ਸੀ ਕਿ ਸਾਨੂੰ ਬਚਾਅ ਲਿਆ ਜਾਵੇਗਾ ਕਿਉਂਕਿ ਉਸ ਦਿਨ ਸਵੇਰ ਦਾ ਮੌਸਮ ਠੀਕ ਸੀ।”
“ਪਹਾੜੀ ’ਤੇ ਫਸੇ ਰਹਿਣ ਦੌਰਾਨ ਉਸ ਸਮੇਂ ਅਸੀਂ ਸੋਚ ਰਹੇ ਸੀ ਕਿ ਸਾਨੂੰ ਜਿੰਨਾ ਸੰਭਵ ਹੋ ਸਕੇ ਹੇਠਾਂ ਉਤਰ ਜਾਣਾ ਚਾਹੀਦਾ ਜਾਂ ਇੰਤਜ਼ਾਰ ਕਰਨਾ ਚਾਹੀਦਾ। ਬਿਨਾਂ ਤੰਬੂ ਜਾਂ ਸ਼ੈਲਟਰ ਦੇ ਬਾਹਰ ਸੌਣਾ ਹੀ ਸਾਡੇ ਕੋਲ ਇਕਮਾਤਰ ਰਾਹ ਸੀ।”
ਬਰਫ਼ਵਾਰੀ ਵਿੱਚ ਇਸ ਤਰ੍ਹਾਂ ਬਚਾਈ ਜਾਨ

ਤਸਵੀਰ ਸਰੋਤ, Manish Srivastana, Army PRO, Dehradoon
ਉਨ੍ਹਾਂ ਨੇ ਦੱਸਿਆ,“ਅਸੀਂ ਇਹ ਵੀ ਸੋਚ ਰਹੇ ਸੀ ਕਿ ਸ਼ਾਇਦ ਸਾਡੇ ’ਚੋਂ ਕਿਸੇ ਇੱਕ ਨੂੰ ਬੇਸ ਕੈਂਪ ਵਿੱਚ ਵਾਪਸ ਜਾਣਾ ਚਾਹੀਦਾ ਅਤੇ ਮਦਦ ਲਿਆਉਣੀ ਚਾਹੀਦੀ ਹੈ। ਠੰਢ ਅਤੇ ਭੁੱਖ ਕਾਰਨ ਅਸੀਂ ਬਹੁਤ ਪ੍ਰੇਸ਼ਾਨ ਸੀ। ਅਸੀਂ ਕੁਝ ਸਮਾਂ ਇੰਤਜ਼ਾਰ ਕੀਤਾ, ਬਰਫ਼ ਖਾ ਕੇ ਕੰਮ ਚਲਾਇਆ ਅਤੇ ਜਦੋਂ ਮੌਸਮ ਠੀਕ ਸੀ ਤਾਂ ਪਹਾੜ ਤੋਂ ਉਤਰਨ ਦੀ ਕੋਸ਼ਿਸ਼ ਵੀ ਕੀਤੀ। ਹਾਂ, ਇੱਕ ਸਮਾਂ ਅਜਿਹਾ ਵੀ ਆਇਆ ਕਿ ਜਦੋਂ ਸਾਨੂੰ ਆਪਣੇ ਕੋਲ ਖਾਣੇ ਅਤੇ ਪਾਣੀ ਦੀ ਕਮੀ ਮਹਿਸੂਸ ਹੋਣ ਲੱਗੀ ਸੀ।”
“ਇਸ ਲਈ ਅਸੀਂ ਬਰਫ਼ ਪਿਘਲਾ ਕੇ ਪਾਣੀ ਬਣਾਇਆ ਅਤੇ ਜੋ ਕੁਝ ਥੋੜ੍ਹਾ ਬਹੁਤ ਸਾਡੇ ਕੋਲ ਖਾਣ ਨੂੰ ਬਚਿਆ ਸੀ, ਉਹੀ ਜਮੀਆਂ ਚੀਜ਼ਾਂ ਨੂੰ ਖਾਦਾ।”
ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਪਰਬਤਾਰੋਹੀਆਂ ਨੂੰ ਲੱਗਿਆ ਕਿ ਉਹ ਜ਼ਿੰਦਾ ਨਹੀਂ ਬਚ ਪਾਉਣਗੇ ਕਿਉਂਕਿ ਖਰਾਬ ਮੌਸਮ ਵਿੱਚ ਬਿਨਾਂ ਸ਼ੈਲਟਰ ਤੇ ਕੱਪੜਿਆਂ ਦੇ ਰਾਤ ਗੁਜ਼ਾਰਨਾ ਚੁਣੌਤੀਪੂਰਨ ਸੀ।
ਬ੍ਰਿਟੇਨ ਦੀ 37 ਸਾਲਾ ਫੇ ਜੇਨ ਮੈਨਰਸ ਨੇ ਦੱਸਿਆ,“ਅਸੀਂ ਪਹਾੜ ’ਤੇ ਕਾਫੀ ਉਪਰ ਤੱਕ ਚੜ੍ਹ ਗਏ ਸੀ। ਉਸ ਪਹਾੜ ’ਤੇ ਕੁਝ ਕਮਜ਼ੋਰ ਚੱਟਾਨਾਂ ਜਦੋਂ ਡਿੱਗੀਆਂ ਤਾਂ ਉਨ੍ਹਾਂ ਨੇ ਉਸ ਰੱਸੀ ਨੂੰ ਕੱਟ ਦਿੱਤਾ, ਜਿਸ ’ਤੇ ਸਾਡਾ ਸਾਰਾ ਸਾਮਾਨ ਸੀ। ਇਸ ਲਈ ਬੈਗ ਕਾਫੀ ਦੂਰ ਡਿੱਗ ਗਏ।”
ਜਿਥੇ ਇਹ ਲੋਕ ਫਸੇ ਸੀ, ਉਥੇ ਬਰਫ਼ਵਾਰੀ ਵੀ ਹੋ ਰਹੀ ਸੀ ਅਤੇ ਠੰਢ ਤੇ ਗਿੱਲੇਪਣ ਤੋਂ ਬਚਣ ਲਈ ਦੋਵਾਂ ਨੇ ਇੱਕ-ਦੂਜੇ ਦੇ ਨੇੜੇ ਰਹਿ ਕੇ ਖੁਦ ਨੂੰ ਗਰਮ ਕੀਤਾ।
ਉਨ੍ਹਾਂ ਨੇ ਦੱਸਿਆ,“ਅਸੀਂ ਦੋ ਦਿਨ ਪਹਾੜੀ ’ਤੇ ਬਿਤਾ ਚੁੱਕੇ ਸੀ। ਉਸ ਸਮੇਂ ਇਹੀ ਸੋਚ ਸੀ ਕਿ ਸਾਨੂੰ ਬਸ ਇਸ ਸਥਿਤੀ ’ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨੀ ਹੋਵੇਗੀ ਅਤੇ ਕਿਸੇ ਤਰ੍ਹਾਂ ਹੇਠਾਂ ਜਾਣਾ ਹੋਵੇਗਾ। ਉਹ ਸਮਾਂ ਸਾਡਾ ਲਈ ਥੋੜ੍ਹਾ ਭਾਰੀ ਰਿਹਾ ਪਰ ਹੁਣ ਅਸੀਂ ਥੋੜ੍ਹਾ ਆਰਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।”
ਮਿਸ਼ੇਲ ਅਤੇ ਫੇ ਜੇਨ ਮੈਨਰਸ ਨੇ ਦੱਸਿਆ,“ਇਸ ਘਟਨਾ ਤੋਂ ਸਾਨੂੰ ਸਬਕ ਮਿਲਿਆ ਕਿ ਨਾਲ ਹੋਰ ਲੋਕਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਸ਼ਾਇਦ ਅਗਲੀ ਮੁਹਿੰਮ ਵਿੱਚ ਅਸੀਂ ਵੱਧ ਲੋਕਾਂ ਨਾਲ ਜਾਵਾਂਗੇ।”
ਪਰਬਤਾਰੋਹੀਆਂ ਨੂੰ ਨਜ਼ਰ ਆ ਰਿਹਾ ਸੀ ਹੈਲੀਕਾਪਟਰ

ਤਸਵੀਰ ਸਰੋਤ, District Information Officer, Chamoli
ਛੇ ਅਕਤੂਬਰ ਐਤਵਾਰ ਸਵੇਰੇ ਫੇ ਜੇਨ ਮੈਨਰਸ ਅਤੇ ਮਿਸ਼ੇਲ ਥੇਰੇਸਾ ਡਵੋਰਕ ਨੂੰ ਰੈਸਕਿਊ ਕੀਤੇ ਜਾਣ ਤੋਂ ਬਾਅਦ ਦਿੱਲੀ ਰਵਾਨਾ ਕੀਤਾ ਗਿਆ।
ਸੱਤ ਅਕਤੂਬਰ ਸੋਮਵਾਰ ਨੂੰ ਦਿੱਲੀ ਸਥਿਤ ਇੰਡੀਅਨ ਮਾਊਂਟੇਨਰਿੰਗ ਫਾਊਂਡੇਸ਼ਨ (ਆਈਐੱਮਐੱਫ) ਦੇ ਸਾਹਮਣੇ ਦੋਵਾਂ ਦੀ ਬ੍ਰੀਫਿੰਗ ਹੋਈ।
ਆਈਐੱਮਐੱਫ ਦੇ ਡਾਇਰੈਕਟਰ ਕਰਨਲ ਮਦਨ ਗੁਰੂੰਗ ਨੇ ਬੀਬੀਸੀ ਨੂੰ ਦੱਸਿਆ,“ਜਦੋਂ ਦੋਵੇਂ ਮਹਿਲਾ ਪਰਬਤਾਰੋਹੀ ਸਾਡੇ ਸਾਹਮਣੇ ਆਈਆਂ ਉਦੋਂ ਉਨ੍ਹਾਂ ਨੂੰ ਥਕਾਵਟ ਜ਼ਰੂਰ ਸੀ ਪਰ ਉਨ੍ਹਾਂ ’ਚ ਆਤਮਵਿਸ਼ਵਾਸ ਸੀ।”
ਸਰਚ ਅਪਰੇਸ਼ਨ ਦੀਆਂ ਮੁਸ਼ਕਲਾਂ ਬਾਰੇ ਮਦਨ ਗੁਰੂੰਗ ਨੇ ਦੱਸਿਆ,“ਅਗਲੇ ਦਿਨ ਇਹ ਦੋਵੇਂ ਪਰਬਤਾਰੋਹੀ ਥੋੜ੍ਹਾ ਹੇਠਾਂ ਆਏ ਅਤੇ ਬਰਫ਼ ਨੂੰ ਪਿਘਲਾ ਕੇ ਪਾਣੀ ਪੀਤਾ। ਦੋਵੇਂ ਪਰਬਤਾਰੋਹੀ ਦੋ-ਤਿੰਨ ਦਿਨਾਂ ਤੋਂ ਹੈਲੀਕਾਪਟਰ ਨੂੰ ਘੁੰਮਦਾ ਦੇਖ ਰਹੇ ਸਨ ਪਰ ਬਦਕਿਸਮਤੀ ਨਾਲ ਮਿਲ ਨਹੀਂ ਰਹੇ ਸਨ।”
ਇਸ ਲਈ ਦੋਵਾਂ ਨੂੰ ਬਚਾਅ ਜਾਣ ਦੀ ਪੂਰੀ ਉਮੀਦ ਸੀ।
ਮਦਨ ਗੁਰੂੰਗ ਨੇ ਕਿਹਾ,“ਪਰਬਤਾਰੋਹੀ ਦੀ ਇਸ ਮੁਹਿੰਮ ਨੂੰ ਕਾਫੀ ਮੁਸ਼ਕਲ ਮੰਨਿਆ ਜਾਂਦਾ ਹੈ। ਪਰ ਇਹ ਦੋਵੇਂ ਹੀ ਬਹੁਤ ਹੁਨਰਮੰਦ ਪਰਬਤਾਰੋਹੀ ਹਨ। ਇਨ੍ਹਾਂ ਦੋਵਾਂ ਦਾ ਅਲਪਾਈਨ ਖੇਤਰ ਦਾ ਵੀ ਕਾਫੀ ਚੰਗਾ ਤਜਰਬਾ ਹੈ। ਦੋਵਾਂ ਦੀ ਆਪਣੀ ਪੂਰੀ ਤਿਆਰੀ ਸੀ। ਇਸ ਲਈ ਦੋਵਾਂ ਨੇ ਇਹ ਰੂਟ ਅਤੇ ਉਸ ਚੌਖੰਬਾ ֹ‘ਥ੍ਰੀ’ ਪਹਾੜੀ ਨੂੰ ਚੁਣਿਆ।”
ਆਈਐੱਮਐੱਫ ਦੇ ਡਾਇਰੈਕਟਰ ਨੇ ਦੱਸਿਆ, “ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਤੁਸੀਂ ਅਗਲੀ ਵਾਰ ਫਿਰ ਇਸ ਮੁਹਿੰਮ ’ਤੇ ਜਾਣਾ ਚਾਹੋਗੇ ਤਾਂ ਉਨ੍ਹਾਂ ਨੇ ਹਾਂ ਵਿੱਚ ਜਵਾਬ ਦਿੱਤਾ।”
ਜਦੋਂ ਦੋਵਾਂ ਪਰਬਤਾਰੋਹੀਆਂ ਨੂੰ ਚੌਖੰਬਾ ਦੀ ਪਹਾੜੀ ਤੋਂ ਏਅਰ ਲਿਫਟ ਕੀਤਾ ਗਿਆ ਸੀ, ਉਦੋਂ ਉਹ ਆਪਣੇ ਕਲਿੰਬਿੰਗ ਗੇਅਰ ਵਿੱਚ ਹੀ ਸਨ। ਜਿਸ ਤੋਂ ਬਾਅਦ ਉਹ ਸਿੱਧਾ ਦਿੱਲੀ ਹੀ ਪਹੁੰਚੇ। ਉਨ੍ਹਾਂ ਦਾ ਸਾਮਾਨ ਉਥੋਂ ਆਉਣਾ ਹਾਲੇ ਬਾਕੀ ਹੈ।
ਮੁਸ਼ਕਿਲ ਸੀ ਬਚਾਅ ਕਾਰਜ

ਤਸਵੀਰ ਸਰੋਤ, Manish Srivastana, Army PRO, Dehradoon
ਬਚਾਅ ਕਾਰਜ ਪੂਰਾ ਹੋਣ ’ਚ ਲਗਭਗ 80 ਘੰਟੇ ਲੱਗੇ ਅਤੇ ਇਸ ’ਚ ਭਾਰਤੀ ਹਵਾਈ ਸੈਨਾ ਅਤੇ ਉਤਰਾਖੰਡ ਰਾਜ ਆਫ਼ਤ ਪ੍ਰਬੰਧਨ ਬਲ (ਐੱਸਡੀਆਰਐੱਫ) ਸ਼ਾਮਲ ਸਨ।
ਚਮੋਲੀ ਜ਼ਿਲ੍ਹੇ ਦੇ ਡੀਐੱਮ ਸੰਦੀਪ ਤਿਵਾਰੀ ਨੇ ਬੀਬੀਸੀ ਨੂੰ ਦੱਸਿਆ,“ਇਹ ਅਪਰੇਸ਼ਨ ਇਸ ਲਈ ਵੀ ਬਹੁਤ ਅਹਿਮ ਸੀ ਕਿਉਂਕਿ ਦੋ ਵਿਦੇਸ਼ੀ ਇਥੇ ਫਸੇ ਹੋਏ ਸਨ।”
“ਆਈਐੱਮਐੱਫ ਵੱਲੋਂ ਸਾਨੂੰ ਬੇਨਤੀ ਕਰਨ ਤੋਂ ਅਗਲੇ ਹੀ ਦਿਨ ਦੋ ਹੈਲੀਕਾਪਟਰ ਖੋਜ ਲਈ ਭੇਜੇ ਗਏ ਸਨ ਪਰ ਬਦਕਿਸਮਤੀ ਨਾਲ ਉਹ ਲੱਭੇ ਨਹੀਂ ਜਾ ਸਕੇ।”
ਸੈਨਾ ਦੇ ਪੀਆਰਓ ਲੈਫਟੀਨੈਂਟ ਕਰਨਲ ਮਨੀਸ਼ ਸ੍ਰੀਵਾਸਤਵ ਨੇ ਦੱਸਿਆ,“ਖੋਜ ’ਚ ਮਦਦ ਲਈ ਸਭ ਤੋਂ ਪਹਿਲਾਂ ਐੱਮਆਈ-17 ਭੇਜਿਆ ਗਿਆ ਸੀ ਪਰ ਉਹ ਜ਼ਿਆਦਾ ਹੇਠਾਂ ਨਹੀਂ ਜਾ ਸਕਦਾ ਸੀ। ਜਿਸ ਤੋਂ ਬਾਅਦ ਦੋ ਹੈਲੀਕਾਪਟਰਾਂ ਨੂੰ ਖੋਜ ਮੁਹਿੰਮ ਵਿੱਚ ਲਗਾਇਆ ਗਿਆ। ਪਰ ਫਿਰ ਵੀ ਪਤਾ ਨਹੀਂ ਚੱਲ ਸਕਿਆ।”
ਪੰਜ ਅਕਤੂਬਰ ਸ਼ਨਿਚਰਵਾਰ ਨੂੰ ਇੱਕ ਫਰਾਂਸਿਸੀ ਪਰਬਤਾਰੋਹੀ ਦਲ, ਜੋ ਚੌਖੰਬਾ-3 ਚੋਟੀ ’ਤੇ ਚੜ੍ਹਨ ਦਾ ਯਤਨ ਕਰ ਰਹੇ ਸਨ। ਉਨ੍ਹਾਂ ਨੇ ਫਸੇ ਹੋਏ ਪਰਬਤਾਰੋਹੀਆਂ ਦਾ ਪਤਾ ਲਗਾਇਆ ਅਤੇ ਬਚਾਅ ਅਧਿਕਾਰੀਆਂ ਨੂੰ ਉਨ੍ਹਾਂ ਦੀ ਲੋਕੇਸ਼ਨ ਭੇਜੀ।
ਉਹ ਕਹਿੰਦੇ ਹਨ,“ਪਰ ਉਸ ਦਿਨ ਰਾਤ ਹੋ ਗਈ ਸੀ। ਇਸ ਲਈ ਉਸ ਦਿਨ ਪਰਬਤਾਰੋਹੀਆਂ ਨੂੰ ਲੱਭਣਾ ਸੰਭਵ ਨਹੀਂ ਸੀ। ਛੇ ਅਕਤੂਬਰ ਐਤਵਾਰ ਨੂੰ ਲਗਭਗ ਸਵੇਰੇ ਸਾਢੇ ਸੱਤ ਵਜੇ ਹੈਲੀਕਾਪਟਰ ਉਨ੍ਹਾਂ ਨੂੰ ਲੈਣ ਲਈ ਨਿਕਲੇ।”
ਆਈਜੀ ਐੱਸਡੀਆਰਐੱਫ ਰਿਧਿਮ ਅਗਰਵਾਲ ਨੇ ਦੱਸਿਆ,“ਉਚਾਈ ’ਤੇ ਆਕਸੀਜਨ ਦੀ ਘਾਟ ਅਤੇ ਪਹੁੰਚਯੋਗ ਰਾਸਤਿਆਂ ਦੀਆਂ ਚੁਣੌਤੀਆਂ ਦੇ ਬਾਵਜੂਦ, ਸਾਡੀ ਟੀਮ ਨੇ ਸਰਚ ਅਪਰੇਸ਼ਨ ਨੂੰ ਚਲਾਇਆ। ਦੋਵੇਂ ਪਰਬਤਾਰੋਹੀਆਂ ਨੂੰ ਏਅਰਲਿਫਟ ਕਰ ਕੇ ਜੋਸ਼ੀਮਠ ਹੈਲੀਪੈਡ ’ਤੇ ਪਹੁੰਚਾਇਆ ਗਿਆ।”
ਸਟੇਟ ਡਿਜਾਸਟਰ ਰਿਸਪਾਂਸ ਫੋਰਸ ਦੇ ਕਮਾਂਡੈਂਟ ਅਰਪਣ ਯਦੁਵੰਸ਼ੀ ਨੇ ਦੱਸਿਆ,“ਇਸ ਮਿਸ਼ਨ ਦੇ ਲਈ 11 ਮਾਹਿਰਾਂ ਦੀ ਇੱਕ ਟੀਮ ਤਾਇਨਾਤ ਕੀਤੀ ਗਈ ਸੀ। ਘਟਨਾ ਸਥਾਨ 6,200 ਮੀਟਰ ’ਤੇ ਸੀ ਅਤੇ ਸਾਡੀ ਟੀਮ 4,900 ਮੀਟਰ ’ਤੇ ਸਥਿਤ ਇੱਕ ਫਾਰਵਰਡ ਬੇਸ ਕੈਂਪ ਤੋਂ ਆਪਰੇਟ ਕਰ ਰਹੀ ਸੀ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












