‘400 ਸਕਿੰਟਾਂ ਵਿੱਚ ਤੇਲ ਅਵੀਵ’: ਪਾਬੰਦੀਆਂ ਦੇ ਬਾਵਜੂਦ ਈਰਾਨ ਨੇ ਇਜ਼ਰਾਈਲ ਤੱਕ ਜਾਣ ਵਾਲੀ ਹਾਈਪਰਸੋਨਿਕ ਮਿਜ਼ਾਈਲ ਕਿਵੇਂ ਬਣਾਈ?

ਇਜ਼ਰਾਇਲ
    • ਲੇਖਕ, ਫ਼ਰਜ਼ਾਦ ਸੈਫ਼ੀ ਕਾਰਾਨ
    • ਰੋਲ, ਬੀਬੀਸੀ ਪੱਤਰਕਾਰ

13 ਅਪ੍ਰੈਲ 2024 ਦਾ ਦਿਨ ਸੀ ਜਦੋਂ ਰਾਤ ਦੇ ਹਨੇਰੇ ਅਤੇ ਅਲ-ਅਕਸਾ ਮਸਜਿਦ ਦੇ ਸੁਨਹਿਰੀ ਗੁੰਬਦ ਦੇ ਉੱਪਰੋਂ ਈਰਾਨੀ ਬੈਲਿਸਟਿਕ ਮਿਜ਼ਾਈਲ ਦੀ ਰੌਸ਼ਨੀ ਨਾਲ ਪਹਿਲੀ ਵਾਰ ਇੱਕ ਅਜਿਹੀ ਤਸਵੀਰ ਸਾਹਮਣੇ ਆਈ ਜੋ ਦੁਨੀਆਂ ਨੂੰ ਸ਼ਾਇਦ ਲੰਬੇ ਸਮੇਂ ਤੱਕ ਯਾਦ ਰਹੇਗੀ।

ਈਰਾਨ ਦਾ ਉਹ ਮਿਜ਼ਾਈਲ ਤੇ ਡਰੋਨ ਹਮਲਾ ਇਜ਼ਰਾਈਲ ਦੀ ਉਸ ਪ੍ਰਸਿੱਧ ਰੱਖਿਆ ਪ੍ਰਣਾਲੀ ਤੋਂ ਕਾਫ਼ੀ ਹੱਦ ਤੱਕ ਬਚਣ ਵਿੱਚ ਸਫ਼ਲ ਰਿਹਾ ਜਿਸ ਨੂੰ ਆਇਰਨ ਡੋਮ ਕਿਹਾ ਜਾਂਦਾ ਹੈ।

ਈਰਾਨ ਤੋਂ ਛੱਡੀ ਗਈ ਬੈਲਿਸਟਿਕ ਮਿਜ਼ਾਈਲ ਅਤੇ ਡਰੋਨ ਇੱਕ ਹਵਾਈ ਪੱਟੀ ਸਣੇ ਦੇਸ਼ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਡਿੱਗੇ।

ਤਕਰੀਬਨ ਛੇ ਮਹੀਨੇ ਬਾਅਦ ਪਹਿਲੀ ਅਕਤੂਬਰ 2024 ਦੀ ਰਾਤ ਉਸ ਹਮਲੇ ਨੂੰ ਇੱਕ ਵਾਰ ਫਿਰ ਦੁਹਰਾਇਆ ਗਿਆ ਅਤੇ ਇਸ ਵਾਰ ਪਹਿਲਾਂ ਦੇ ਮੁਕਾਬਲੇ ਵਿੱਚ ਈਰਾਨੀ ਰੈਵਲੂਸ਼ਨਰੀ ਗਾਰਡ (ਆਈਆਰਜੀਸੀ) ਨੇ ਵੱਡੀ ਗਿਣਤੀ ਵਿੱਚ ਮਿਜ਼ਾਈਲਾਂ ਦਾਗ਼ੀਆਂ ਅਤੇ ਪਹਿਲਾਂ ਨਾਲੋਂ ਜ਼ਿਆਦਾ ਇਜ਼ਰਾਈਲੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ।

ਆਇਰਨ ਡੋਮ
ਤਸਵੀਰ ਕੈਪਸ਼ਨ, ਮਈ 2021 ਵਿੱਚ ਗਾਜ਼ਾ ਵਿੱਚੋਂ ਚਲਾਏ ਰਾਕੇਟ ਹਮਲੇ ਤੋਂ ਬਾਅਦ ਇਜ਼ਰਾਈਲੀ ਤਕਨੀਕ ਰਾਹੀਂ ਇਸ ਨੂੰ ਰੋਕਿਆ ਗਿਆ

ਸਟਿਮਸਨ ਇੰਸਟੀਚਿਊਟ ਦੇ ਖੋਜਕਾਰ ਅਤੇ ਨਾਟੋ ਦੇ ਹਥਿਆਰ ਕੰਟਰੋਲ ਪ੍ਰੋਗਰਾਮ ਦੇ ਸਾਬਕਾ ਨਿਰਦੇਸ਼ਕ ਵਿਲੀਅਮ ਅਲਬਰਕ ਕਹਿੰਦੇ ਹਨ ਕਿ ਤਾਜ਼ਾ ਹਮਲੇ ਨੇ ਪੱਛਮੀ ਏਸ਼ੀਆ ਦੀ ਸਥਿਤੀ ਨੂੰ ਹਮੇਸ਼ਾ ਲਈ ਬਦਲ ਕੇ ਰੱਖ ਦਿੱਤਾ ਹੈ।

ਧਿਆਨ ਰਹੇ ਕਿ ਇਹ ਮਾਮਲਾ ਜਿਸ ਈਰਾਨੀ ਮਿਜ਼ਾਈਲ ਪ੍ਰੋਗਰਾਮ ਨਾਲ ਸੰਭਵ ਹੋਇਆ ਹੈ ਉਹ ਦਹਾਕਿਆਂ ਤੋਂ ਹੈਰਾਨੀਜਨਕ ਰਫ਼ਤਾਰ ਨਾਲ ਅੱਗੇ ਵਧਦਾ ਰਿਹਾ ਹੈ। ਈਰਾਨੀ ਸਰਕਾਰ ਨੇ ਇਸ ਉੱਤੇ ਇੰਨਾ ਭਰੋਸਾ ਕੀਤਾ ਹੈ ਕਿ ਇਨ੍ਹਾਂ ਮਿਜ਼ਾਈਲਾਂ ਦੇ ਟੀਚਿਆਂ ਨੂੰ ਨਿਸ਼ਾਨਾ ਬਣਾਉਣ ਦੀ ਸਮਰੱਥਾ ਦੇ ਕਾਰਨ ਉਨ੍ਹਾਂ ਲਈ ‘ਪੁਆਇੰਟਰ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ।

ਇਸ ਲਈ ਇਹ ਮਿਜ਼ਾਈਲ ਪ੍ਰੋਗਰਾਮ ਪੱਛਮੀ ਦੁਨੀਆਂ ਅਤੇ ਇਜ਼ਰਾਈਲ ਦੇ ਨਾਲ-ਨਾਲ ਪੱਛਮੀ ਏਸ਼ੀਆ ਦੇ ਕੁਝ ਅਰਬ ਦੇਸ਼ਾਂ ਲਈ ਵੀ ਗੰਭੀਰ ਸਮੱਸਿਆ ਬਣ ਰਿਹਾ ਹੈ।

ਇਹ ਮਿਜ਼ਾਈਲ ਪ੍ਰੋਗਰਾਮ ਕੀ ਹੈ? ਈਰਾਨ ਦੇ ਕੋਲ ਕਿਸ ਤਰ੍ਹਾਂ ਦੀਆਂ ਅਤੇ ਕਿੰਨੀ ਦੂਰੀ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਹਨ? ਅਤੇ ਹਰ ਤਰ੍ਹਾਂ ਦੀਆਂ ਪਾਬੰਦੀਆਂ ਦੇ ਬਾਵਜੂਦ ਈਰਾਨੀ ਮਿਜ਼ਾਈਲ ਪ੍ਰੋਗਰਾਮ ਇੰਨਾਂ ਆਧੁਨਿਕ ਕਿਵੇਂ ਬਣਿਆ? ਆਓ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਾਣਦੇ ਹਾਂ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਪਾਬੰਦੀਆਂ ਦੇ ਬਾਵਜੂਦ ਈਰਾਨੀ ਮਿਜ਼ਾਈਲ ਪ੍ਰੋਗਰਾਮ ਦਾ ਵਿਕਸਿਤ ਹੋਣਾ

ਅਮਰੀਕੀ ਸੰਸਥਾ ‘ਪੀਸ ਇੰਸਟੀਚਿਊਟ’ ਦੇ ਮੁਤਾਬਕ ਪੱਛਮ ਏਸ਼ੀਆ ਵਿੱਚ ਈਰਾਨ ਦੇ ਕੋਲ ਸਭ ਤੋਂ ਵੱਡਾ ਕਈ ਕਿਸਮ ਦੀਆਂ ਬੈਲਿਸਟਿਕ ਮਿਜ਼ਾਈਲਾਂ ਦਾ ਜ਼ਖੀਰਾ ਮੌਜੂਦ ਹੈ।

ਇਸ ਤੋਂ ਇਲਾਵਾ ਈਰਾਨ ਇਸ ਖਿੱਤੇ ਦਾ ਵਾਹਦ ਦੇਸ਼ ਹੈ ਜਿਸ ਕੋਲ ਪਰਮਾਣੂ ਹਥਿਆਰ ਨਹੀਂ ਹਨ ਪਰ ਉਸਦੀ ਬੈਲਿਸਟਿਕ ਮਿਜ਼ਾਈਲ 2000 ਕਿਲੋਮੀਟਰ ਤੱਕ ਪਹੁੰਚ ਜਾਂਦੀ ਹੈ।

ਬੈਲਿਸਟਿਕ ਤਕਨੀਕ ਤਾਂ ਦੂਜੇ ਵਿਸ਼ਵ-ਯੁੱਧ ਦੌਰਾਨ ਹੀ ਤਿਆਰ ਹੋ ਚੁੱਕੀ ਸੀ, ਪਰ ਦੁਨੀਆਂ ਵਿੱਚ ਸਿਰਫ ਕੁਝ ਹੀ ਦੇਸ਼ਾਂ ਕੋਲ ਇਹ ਸਮਰੱਥਾ ਹੈ ਕਿ ਉਹ ਆਪ ਇਸ ਤਕਨੀਕ ਦੀ ਮਦਦ ਨਾਲ ਬੈਲਿਸਿਟਿਕ ਮਿਜ਼ਾਈਲ ਬਣਾ ਸਕਣ।

ਈਰਾਨ ਨੇ ਬੇਹੱਦ ਸਖ਼ਤ ਕੌਮਾਂਤਰੀ ਬੰਦਿਸਾਂ ਦੇ ਬਾਵਜੂਦ ਇਹ ਤਕਨੀਕ ਹਾਸਲ ਕੀਤੀ ਅਤੇ ਬੈਲਿਸਟਿਕ ਮਿਜ਼ਾਈਲ ਤਿਆਰ ਵੀ ਕੀਤੀ।

ਈਰਾਨ ਦੇ ਸਰਬਉੱਚ ਆਗੂ ਅਲੀ ਖਾਮੇਨਈ ਨੇ ਹਾਲ ਹੀ ਵਿੱਚ ਇੱਕ ਭਾਸ਼ਨ ਦੌਰਾਨ ਕਿਹਾ ਸੀ ਕਿ ਜਿਸ ਸੈਨਿਕ ਅਤੇ ਮਿਜ਼ਾਈਲ ਪ੍ਰੋਗਰਾਮ ਤੋਂ ਪੱਛਮ ਪਰੇਸ਼ਾਨ ਹੈ ਉਹ ਸਾਰੀਆਂ ਰੋਕਾਂ ਦੇ ਬਾਵਜੂਦ ਤਿਆਰ ਕੀਤਾ ਗਿਆ ਹੈ।

ਸਾਲ 2006 ਵਿੱਚ ਸੰਯੁਕਤ ਰਾਸ਼ਟਰ ਦੀ ਰੱਖਿਆ ਕਾਊਂਸਲ ਨੇ ਇੱਕ ਮਤਾ ਪਾਸ ਕਰਕੇ ਈਰਾਨ ਨੂੰ ਕਿਸੇ ਵੀ ਤਰ੍ਹਾਂ ਦੇ ਪਰਮਾਣੂ ਹਥਿਆਰ ਜਾਂ ਸਮੱਗਰੀ ਵੇਚਣ ਉੱਤੇ ਰੋਕ ਲਾ ਦਿੱਤੀ ਗਈ ਸੀ।

ਇਸ ਵਿੱਚ ਉਹ ਸਮਾਨ ਵੀ ਸ਼ਾਮਲ ਸੀ ਜਿਸ ਨੂੰ ਕਿਸੇ ਉਸ ਮਕਸਦ ਦੇ ਨਾਲ-ਨਾਲ ਫ਼ੌਜੀ ਉਦੇਸ਼ਾਂ ਲਈ ਵੀ ਵਰਤਿਆ ਜਾ ਸਕਣ ਦੀ ਸੰਭਾਵਨਾ ਹੋਵੇ।

ਤਿੰਨ ਹੀ ਮਹੀਨਿਆਂ ਬਾਅਦ ਸੰਯੁਕਤ ਰਾਸ਼ਟਰ ਦੀ ਰੱਖਿਆ ਕਾਊਂਸਲ ਨੇ ਇੱਕ ਹੋਰ ਮਤੇ ਵਿੱਚ ਈਰਾਨ ਨਾਲ ਰਵਾਇਤੀ ਹਥਿਆਰਾਂ ਦੇ ਲੈਣ-ਦੇਣ ਉੱਤੇ ਵੀ ਪੂਰਨ ਰੋਕ ਲਗਾ ਦਿੱਤੀ, ਇਸ ਵਿੱਚ ਮਿਲਟਰੀ ਟੈਕਨਾਲੋਜੀ ਵੀ ਸ਼ਾਮਲ ਸੀ।

ਇਸ ਮਤੇ ਦੀਆਂ ਰੋਕਾਂ ਦੇ ਘੇਰੇ ਵਿੱਚ ਈਰਾਨ ਦਾ ਪਰਮਾਣੂ ਹਥਿਆਰ ਪ੍ਰੋਗਾਰਾਮ ਦੇ ਨਾਲ-ਨਾਲ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਵੀ ਆਇਆ।

ਅਜਿਹੇ ਵਿੱਚ ਈਰਾਨ ਦੇ ਲਈ ਰੂਸ ਅਤੇ ਚੀਨ ਵਰਗੇ ਦੇਸ਼ਾਂ ਤੋਂ ਵੀ ਹਥਿਆਰ ਖ਼ਰੀਦਣੇ ਸੌਖੇ ਨਾ ਰਹੇ। ਜਿਨ੍ਹਾਂ ਤੋਂ ਇਹ ਇਰਾਕ ਜੰਗ ਦੇ ਸਮੇਂ ਤੋਂ ਹੀ ਹਥਿਆਰ ਖ਼ਰੀਦ ਰਿਹਾ ਸੀ।

ਅਯਾਤੁੱਲਾ ਅਲੀ ਖ਼ਾਮੇਨੇਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਈਰਾਨ ਦੇ ਸਰਬਉੱਚ ਆਗੂ ਅਯਾਤੁੱਲ੍ਹਾ ਅਲੀ ਖ਼ਾਮੇਨੇਈ ਨੇ ਕਿਹਾ ਕਿ ਮਿਜ਼ਾਈਲ ਪ੍ਰੋਗਰਾਮ ਤੋਂ ਪਰੇਸ਼ਾਨ ਹਨ, ਉਹ ਸਾਰਾ ਕੁਝ ਪਾਬੰਦੀਆਂ ਦੌਰਾਨ ਤਿਆਰ ਹੋਇਆ

ਬੈਲਿਸਟਿਕ ਮਿਜ਼ਾਈਲ ਨਿਊਕਲੀਅਰ ਹੈਡਗੇਅਰ ਲਿਜਾ ਸਕਦੀ ਹੈ। ਪੱਛਮੀ ਦੇਸ਼ਾਂ ਮੁਤਾਬਕ ਕਿਉਂਕਿ ਈਰਾਨ ਨੇ ਬੈਲਿਸਟਿਕ ਮਿਜ਼ਾਈਲ ਟੈਕਨਾਲੋਜੀ ਹਾਸਲ ਕਰ ਲਈ ਹੈ, ਇਸ ਲਈ ਇਹ ਪਰਮਾਣੂ ਊਰਜਾ ਹਾਸਲ ਕਰਨ ਅਤੇ ਪਰਮਾਣੂ ਹਥਿਆਰ ਬਣਾਉਣ ਲਈ ਜ਼ਰੂਰੀ ਹੱਦ ਤੱਕ ਯੁਰੇਨੀਅਮ ਨੂੰ ਸੋਧਣ ਵੱਲ ਕਦਮ ਵਧਾਉਣ ਵਿੱਚ ਵੀ ਕੋਈ ਕਸਰ ਬਾਕੀ ਨਹੀਂ ਛੱਡੇਗਾ।

ਜੁਲਾਈ 2015 ਵਿੱਚ ਈਰਾਨ ਅਤੇ ਛੇ ਵਿਸ਼ਵੀ ਸ਼ਕਤੀਆਂ ਦਰਮਿਆਨ ਸੰਯੁਕਤ ਵਿਆਪਕ ਕਾਰਜ ਯੋਜਨਾ ਸਮਝੌਤੇ ਦੇ ਅੰਤ ਅਤੇ ‘ਮਤਾ- 2231’ ਦੀ ਪ੍ਰਵਾਨਗੀ ਤੋਂ ਬਾਅਦ ਈਰਾਨ ਦੇ ਖ਼ਿਲਾਫ਼ ਸੰਯੁਕਤ ਰਾਸ਼ਟਰ ਦੀ ਰੱਖਿਆ ਪ੍ਰੀਸ਼ਦ ਦੀਆਂ ਸਾਰੀਆਂ ਪਾਬੰਦੀਆਂ ਚੁੱਕ ਦਿੱਤੀਆਂ ਗਈਆਂ।

ਪਰ ਟ੍ਰਿਗਰ/ ਸਕਰੈਪ ਬੈਕ ਮੈਕਾਨਿਜ਼ਮ ਦੇ ਨਾਮ ਨਾਲ ਜਾਣੀ ਵਾਲੀ ਧਾਰਾ ਨੇ ਹਥਿਆਰਾਂ ਦੀ ਪਾਬੰਦੀ ਨੂੰ ਜਾਰੀ ਰੱਖਿਆ ਜਿਸ ਦੇ ਤਹਿਤ ਵਿਸ਼ੇਸ਼ ਤੌਰ ਉੱਤੇ ਪੰਜ ਸਾਲ ਤੱਕ ਈਰਾਨ ਦੇ ਮਿਜ਼ਾਈਲ ਪ੍ਰੋਗਰਾਮ ਦੀ ਨਿਗਰਾਨੀ ਕੀਤੀ ਜਾਣੀ ਸੀ।

ਇਹ ਈਰਾਨ ਉੱਤੇ ਦਬਾਅ ਪਾਉਣ ਅਤੇ ਇਸਦੇ ਮਿਜ਼ਾਈਲ ਪ੍ਰੋਗਰਾਮ ਨੂੰ ਕਾਬੂ ਕਰਨ ਦਾ ਇੱਕ ਉਪਰਾਲਾ ਸੀ।

ਈਰਾਨ ਨੇ ਆਪਣਾ ਮਿਜ਼ਾਈਲ ਪ੍ਰੋਗਰਾਮ ਇਸ ਹੱਦ ਤੱਕ ਵਧਾਇਆ ਕਿ ਮਾਰਚ 2016 ਵਿੱਚ ਅਮਰੀਕਾ, ਬਰਤਾਨੀਆਂ, ਫਰਾਂਸ ਅਤੇ ਜਰਮਨ ਨੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਥਰ ਨੂੰ ਇੱਕ ਸਾਂਝੀ ਚਿੱਠੀ ਲਿਖਕੇ ਈਰਾਨ ਉੱਤੇ ਮਿਜ਼ਾਈਲ ਪ੍ਰੀਖਣ ਦਾ ਇਲਜ਼ਾਮ ਲਾਇਆ ਅਤੇ ਕਿਹਾ ਕਿ ਉਸ ਨੇ ‘ਜੀਸੀਪੀਓਏ’ ਸਮਝੌਤੇ ਤੋਂ ਬਾਅਦ ਰੱਖਿਆ ਪ੍ਰੀਸ਼ਦ ਦੇ ‘2231 ਮਤੇ’ ਦੀ ਉਲੰਘਣਾ ਕੀਤੀ ਹੈ।

ਹਾਲਾਂਕਿ ਈਰਾਨ ਨੇ ਇਹ ਜਤਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਸੰਯੁਕਤ ਵਿਆਪਕ ਪਲਾਨ ਆਫ਼ ਐਕਸ਼ਨ ਦਾ ਹਿੱਸਾ ਹੈ ਪਰ ‘ਪ੍ਰਸਤਾਵ 2231’ ਵਿੱਚ ਡੈਡ ਲਾਈਨ ਦੇ ਅੰਤ ਤੱਕ ਹੀ ਈਰਨੀ ਸਰਕਾਰ ਨੇ ਅਕਤੂਬਰ 2021 ਵਿੱਚ ਰੂਸ ਅਤੇ ਚੀਨ ਤੋਂ ਹਥਿਆਰਾਂ ਦੀ ਖ਼ਰੀਦਦਾਰੀ ਲਈ ਇਸ਼ਤਿਹਾਰ ਦੇ ਦਿੱਤੇ ਪਰ ਪਾਬੰਦੀ ਹੁਣ ਤੱਕ ਜਾਰੀ ਹੈ ਅਤੇ ਈਰਾਨ ਦੀ ਇਹ ਇੱਛਾ ਪੂਰੀ ਨਹੀਂ ਹੋ ਸਕੀ ਹੈ।

ਈਰਾਨ ਉਸ ਸਮੇਂ ਤੋਂ 50 ਤੋਂ ਵੱਧ ਤਰ੍ਹਾਂ ਦੇ ਰਾਕੇਟ, ਬੈਲਿਸਟਿਕ ਅਤੇ ਕਰੂਜ਼ ਮਿਜ਼ਾਈਲ ਦੇ ਨਾਲ-ਨਾਲ ਮਿਲਟਰੀ ਡਰੋਨ ਵੀ ਤਿਆਰ ਕਰਦਾ ਹੈ, ਜਿਨ੍ਹਾਂ ਵਿੱਚੋਂ ਕੁਝ ਰੂਸ ਅਤੇ ਯੂਕਰੇਨ ਜੰਗ ਵਰਗੇ ਕੌਮਾਂਤਰੀ ਵਿਵਾਦ ਵਿੱਚ ਵੀ ਵਰਤੇ ਗਏ ਹਨ।

ਮਿਜ਼ਾਈਲ

ਤਸਵੀਰ ਸਰੋਤ, TASNIM

ਤਸਵੀਰ ਕੈਪਸ਼ਨ, 300 ਕਿਲੋਮੀਟਰ ਦੀ ਰੇਂਜ ਵਾਲੀ 'ਸਕਡ ਬੀ' ਬੈਲਿਸਟਿਕ ਮਿਜ਼ਾਈਲ

ਜ਼ੀਰੋ ਪੁਆਇੰਟ: ਰਿਵਰਸ ਇੰਜੀਨਿਅਰਿੰਗ

ਈਰਾਨ-ਇਰਾਕ ਯੁੱਧ ਦੇ ਦੌਰਾਨ ਈਰਾਨ ਦੇ ਤੋਪਖ਼ਾਨੇ ਦੀ ਮਾਰ ਦੀ ਹੱਦ 35 ਕਿਲੋਮੀਟਰ ਸੀ ਜਦਕਿ ਇਰਾਕੀ ਫ਼ੌਜ ਦੇ ਕੋਲ 300 ਕਿਲੋਮੀਟਰ ਤੱਕ ਮਾਰ ਕਰਨ ਵਾਲੀ ਸਕਡ ਬੀ ਬੈਲਿਸਟਿਕ ਮਿਜ਼ਾਈਲ ਸੀ ਜੋ ਈਰਾਨ ਦੇ ਅੰਦਰ ਕਈ ਸ਼ਹਿਰਾਂ ਦੇ ਅੰਦਰ ਮਾਰ ਕਰਦੀ ਸੀ।

ਜਦੋਂ ਇਰਾਕੀ ਫ਼ੌਜ ਦਾ ਮਿਜ਼ਾਈਲ ਹਮਲੇ ਕਾਰਨ ਹੱਥ ਭਾਰੂ ਹੋਇਆ ਤਾਂ ਈਰਾਨ ਨੇ ਵੀ ਮਿਜ਼ਾਈਲ ਵਰਤਣ ਦੀ ਸੋਚੀ ਅਤੇ ਤਤਕਾਲੀ ਈਰਨੀ ਸਰਬਉੱਚ ਆਗੂ ਰੂਹੁਲੱਹ੍ਹਾ ਖਾਮੇਨਈ ਨੇ ਈਰਾਨ ਨੂੰ ਮਿਜ਼ਾਈਲ ਹਮਲੇ ਦਾ ਮੁਕਾਬਲਾ ਕਰਨ ਦੀ ਆਗਿਆ ਦਿੱਤੀ।

ਇਸੇ ਸਿਲਸਿਲੇ ਵਿੱਚ ਨਵੰਬਰ 1984 ਵਿੱਚ ਹਸਨ ਤੇਹਰਾਨੀ ਮੁਕੱਦਮ ਦੀ ਅਗਵਾਈ ਵਿੱਚ ਰੈਵਲੂਸ਼ਨਰੀ ਗਾਰਡਸ ਮਿਜ਼ਾਈਲ ਕਮਾਂਡ ਦੀ ਸ਼ੁਰੂਆਤ ਕੀਤੀ ਗਈ।

ਈਰਾਨ ਨੇ 1985 ਵਿੱਚ ਪਹਿਲੀ ਵਾਰ ਲਿਬੀਆ ਤੋਂ ਰੂਸ ਵਿੱਚ ਬਣੀ ਸਕਡ-ਬੀ ਮਿਜ਼ਾਈਲ ਖ਼ਰੀਦੀ ਅਤੇ 30 ਮਿਜ਼ਾਈਲਾਂ ਦੀ ਖੇਪ ਦੇ ਨਾਲ ਹੀ ਲਿਬੀਆ ਨਾਲ ਤਕਨੀਕੀ ਸਹਿਯੋਗ ਲਈ ਸਲਾਹਕਾਰ ਵੀ ਈਰਾਨ ਆਏ। ਈਰਾਨ ਦਾ ਮਿਜ਼ਾਈਲ ਅਪਰੇਸ਼ਨ ਉਨ੍ਹਾਂ ਦੀ ਮਦਦ ਨਾਲ ਪੂਰਾ ਹੋਇਆ।

ਉਸ ਸਮੇਂ ਰੈਵਲੂਸ਼ਨਰੀ ਗਾਰਡਸ ਦੀ ਏਅਰੋ ਸਪੇਸ ਫੋਰਸ ਦੇ ਕਮਾਂਡਰ ਅਲ਼ੀ ਹਾਜੀਜ਼ਾਦਾ ਮਿਜ਼ਾਈਲ ਯੁਨਿਟ ਨਿਰਮਾਣ ਦੇ ਮੁਖੀ ਬਣੇ ਅਤੇ ਮਿਜ਼ਾਈਲ ਗਤੀਵਿਧੀਆਂ ਦੇ ਲਈ ਈਰਾਨ ਦੇ ਪੱਛਮ ਵਿੱਚ ਸਥਿਤ ਸ਼ਹਿਰ ਕਿਰਮਾਨ ਵਿੱਚ ਪਹਿਲਾ ਅੱਡਾ ਤਿਆਰ ਕੀਤਾ ਗਿਆ।

ਇਰਾਕ ਉੱਤੇ ਈਰਾਨ ਵੱਲੋਂ ਪਹਿਲਾਂ ਮਿਜ਼ਾਈਲੀ ਹਮਲਾ 21 ਮਾਰਚ 1985 ਨੂੰ ਹੋਇਆ। ਇਸ ਵਿੱਚ ਕਿਕੂਕ ਸ਼ਹਿਰ ਨੂੰ ਨਿਸ਼ਾਨਾ ਬਣਾਇਆ ਗਿਆ। ਦੋ ਦਿਨਾਂ ਬਾਅਦ ਦੂਜਾ ਈਰਾਨੀ ਹਮਲਾ ਬਗ਼ਦਾਦ ਵਿੱਚ ਇਰਾਕੀ ਆਰਮੀ ਆਫ਼ਿਸਰਜ਼ ਕਲੱਬ ਉੱਤੇ ਕੀਤਾ ਗਿਆ ਜਿਸ ਵਿੱਚ ਕਰੀਬ 200 ਇਰਾਕੀ ਕਮਾਂਡਰ ਮਾਰੇ ਗਏ।

ਈਰਾਨ ਦੇ ਇਸ ਮਿਜ਼ਾਈਲ ਹਮਲੇ ਤੋਂ ਬਾਅਦ ਅਰਬ ਦੇਸ਼ਾਂ ਵੱਲੋਂ ਅਤੇ ਲਿਬੀਆ ਵੱਲੋਂ ਵਿਰੋਧ ਕੀਤਾ ਗਿਆ। ਇਸ ਦੇ ਨਾਲ ਹੀ ਲਿਬੀਆ ਦੇ ਸਲਾਹਕਾਰਾਂ ਨੇ ਈਰਾਨ ਛੱਡ ਦਿੱਤਾ ਅਤੇ ਜਾਣ ਤੋਂ ਪਹਿਲਾਂ ਮਿਜ਼ਾਈਲ ਲਾਂਚਿੰਗ ਪ੍ਰਣਾਲੀ ਨੂੰ ਅਕਿਰਿਆਸ਼ੀਲ ਕਰ ਦਿੱਤਾ।

ਹਸਨ ਤਹਿਰਾਨੀ ਮੁਕੱਦਮ ਅਤੇ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖ਼ਾਮੇਨੇਈ

ਤਸਵੀਰ ਸਰੋਤ, TASNIM

ਤਸਵੀਰ ਕੈਪਸ਼ਨ, ਹਸਨ ਤਹਿਰਾਨੀ ਮੁਕੱਦਮ ਅਤੇ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖ਼ਾਮੇਨੇਈ

ਇਸ ਸਥਿਤੀ ਵਿੱਚ ਈਰਾਨੀ ਹਵਾਈ ਫ਼ੌਜ ਦੇ ਮੈਂਬਰਾਂ ਦੇ ਗਰੁੱਪ ਨੇ ਖ਼ੁਦ ਇਨ੍ਹਾਂ ਮਿਜ਼ਾਈਲਾਂ ਦੇ ਪ੍ਰੀਖਣ ਦੀ ਸ਼ੁਰੂਆਤ ਕਰ ਦਿੱਤੀ।

ਆਈਆਰਜੀਸੀ ਦੇ ਛੋਟੇ ਜਿਹੇ ਗਰੁੱਪ ਨੇ ਰਾਕਟਾਂ ਅਤੇ ਲਾਂਚਰਾਂ ਦੇ ਪੁਰਜ਼ੇ ਖੋਲ੍ਹ ਕੇ ਉਨ੍ਹਾਂ ਦੀ ਰਿਵਰਸ ਇੰਜੀਨਿਅਰਿੰਗ ਸ਼ੁਰੂ ਕੀਤੀ।

ਹਸਨ ਤੇਹਰਾਨੀ ਮੁਕੱਦਮ, ਜਿਨ੍ਹਾਂ ਨੂੰ ਈਰਾਨੀ ਮਿਜ਼ਾਈਲ ਪ੍ਰੋਗਰਾਮ ਦੇ ਪਿਤਾਮਾ ਮੰਨਿਆ ਜਾਂਦਾ ਹੈ।

ਜ਼ੀਰੋ ਟੂ ਵਨ ਮਿਜ਼ਾਈਲ ਪ੍ਰੋਗਰਾਮ ਨਾਮ ਦੀ ਡਾਕੂਮੈਂਟਰੀ ਵਿੱਚ ਦੱਸਦੇ ਹਨ ਕਿ ਈਰਾਨ ਤੋਂ ਲਿਬੀਆ ਦੇ ਸਲਾਹਕਾਰਾਂ ਦੇ ਪਰਤ ਜਾਣ ਤੋਂ ਬਾਅਦ ਰੈਵਲੂਸ਼ਨਰੀ ਗਾਰਡਸ ਦੇ 13 ਮੈਂਬਰਾਂ ਦੇ ਇੱਕ ਸਕੁਐਡ ਨੂੰ ਬਲੈਸਟਿਕ ਮਿਜ਼ਾਈਲ ਉੱਤੇ ਕੰਮ ਕਰਨ ਦੀ ਸਿਖਲਾਈ ਲਈ ਸੀਰੀਆ ਭੇਜਿਆ ਗਿਆ।

ਇੱਕ ਸੀਮਤ ਸਮੇਂ ਦੇ ਅੰਦਰ ਉਨ੍ਹਾਂ ਨੇ ਸਕਡ ਮਿਜ਼ਾਈਲ ਨੂੰ ਸਮਝ ਲਿਆ।

ਸੰਨ 1986 ਵਿੱਚ ਮੁਕੱਦਮ ਨੂੰ ਈਰਾਨੀ ਹਵਾਈ ਫ਼ੌਜ ਦਾ ਮਿਜ਼ਾਈਲ ਕਮਾਂਡਰ ਲਾਇਆ ਗਿਆ ਅਤੇ ਫਿਰ ਸਾਲ 1986 ਤੋਂ ਬਾਅਦ ਈਰਾਨੀ ਰੈਵਲੂਸ਼ਨਰੀ ਗਾਰਡਸ ਕੋਰ ਨੇ ਗੰਭੀਰਤਾ ਨਾਲ ਮਿਜ਼ਾਈਲ ਬਣਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ।

ਸਿਸਟਮ ਇੰਸਟੀਚਿਊਟ ਵਿੱਚ ਵਿਸ਼ਵ ਸੁਰੱਖਆ ਅਤੇ ਉਸ ਨਾਲ ਜੁੜੀ ਤਕਨੀਕ ਦੇ ਖੋਜਕਰਤਾ ਅਤੇ ਨਾਟੋ ਦੇ ਹਥਿਆਰ ਕੰਟਰੋਲ ਪ੍ਰੋਗਰਾਮ ਦੇ ਸਾਬਕਾ ਨਿਰਦੇਸ਼ਕ ਵਿਲੀਅਮ ਅਲਬਰਕ ਨੇ ਬੀਬੀਸੀ ਫ਼ਾਰਸੀ ਨਾਲ ਗੱਲਬਾਤ ਕੀਤੀ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਤਿੰਨ ਸਾਲਾਂ ਵਿੱਚ ਚੀਨ ਅਤੇ ਉੱਤਰੀ ਕੋਰੀਆਂ ਨੇ ਵੀ ਈਰਾਨ ਦੇ ਨਾਲ ਵਿਆਪਕ ਪੈਮਾਨੇ ਉੱਤੇ ਮਿਜ਼ਾਈਲਾਂ ਲਈ ਸਹਿਯੋਗ ਕੀਤਾ ਸੀ। ਬਾਅਦ ਵਿੱਚ ਈਰਾਨ ਨੂੰ ਆਪਣੇ ਮਿਜ਼ਾਈਲ ਪ੍ਰੋਗਰਾਮ ਨੂੰ ਵਧਾਉਣ ਲਈ ਰੂਸ ਦਾ ਸਾਥ ਮਿਲਿਆ।

ਉਨ੍ਹਾਂ ਦਾ ਇਹ ਵੀ ਕਹਿਣਾ ਹੈ, “ਇਸ ਸੱਚਾਈ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਈਰਾਨ ਤਕਨੀਕ ਦੇ ਲਿਹਾਜ਼ ਨਾਲ ਬਹੁਤ ਵਿਕਸਿਤ ਦੇਸ਼ ਹੈ ਅਤੇ ਉਸ ਨੇ ਰਿਵਰਸ ਇੰਜਿਨੀਅਰਿੰਗ ਕਰਕੇ ਉਨ੍ਹਾਂ ਮਿਜ਼ਾਈਲ ਦੇ ਪੁਰਜ਼ਿਆਂ ਨੂੰ ਵੱਖ-ਵੱਖ ਕਰਨ ਅਤੇ ਮੁੜ ਜੋੜਨ ਦਾ ਤਰੀਕਾ ਸਿੱਖਣ ਦੇ ਲਈ ਬਹੁਤ ਖੋਜ ਕੀਤੀ ਹੈ।”

ਸਾਲ 1990 ਦੇ ਦਹਾਕੇ ਵਿੱਚ ਉੱਤਰੀ ਕੋਰੀਆ ਅਤੇ ਬਾਅਦ ਵਿੱਚ ਚੀਨ ਈਰਾਨ ਦੇ ਮਿਜ਼ਾਈਲ ਪ੍ਰੋਗਰਾਮ ਦੀ ਮਦਦ ਲਈ ਅੱਗੇ ਆਏ।

ਇਸਦਾ ਨਤੀਜਾ ਇਹ ਨਿਕਲਿਆ ਕਿ ਕੁਝ ਵਿਸ਼ਵ ਸ਼ਕਤੀਆਂ ਨੇ ਚੀਨ ਨੂੰ ਮਿਜ਼ਾਈਲ ਕੰਟਰੋਲ ਰਿਜ਼ੀਮ ਦਾ ਮੈਂਬਰ ਬਣਾਉਣ ਦੀ ਕੋਸ਼ਿਸ਼ ਕੀਤੀ।

ਜੋ ਮਿਜ਼ਾਈਲ ਦੇ ਉਤਪਾਦਨ, ਵਿਕਾਸ ਅਤੇ ਤਕਨੀਕ ਨੂੰ ਸੀਮਤ ਕਰਨ ਲਈ 35 ਮੈਂਬਰ ਦੇਸ਼ਾਂ ਦੇ ਵਿੱਚ ਇੱਕ ਗੈਰ-ਰਸਮੀ ਸਮਝੌਤਾ ਹੈ।

ਮਿਜ਼ਾਈਲ

ਤਸਵੀਰ ਸਰੋਤ, TASNIM

ਤਸਵੀਰ ਕੈਪਸ਼ਨ, ਈਰਾਨ ਦੇ ਮਿਜ਼ਾਈਲ ਪ੍ਰੋਗਰਾਮ ਦਾ ਦੂਜਾ ਪੜਾਅ 'ਫਤਹਿ 110' ਮਿਜ਼ਾਈਲ ਦੀ ਤਿਆਰੀ ਨਾਲ ਸ਼ੁਰੂ ਹੋਇਆ।

ਚੀਨ ਇਸ ਸਮਝੌਤੇ ਦਾ ਹਿੱਸਾ ਬਣਨ ਲਈ ਤਿਆਰ ਨਹੀਂ ਹੋਇਆ। ਪਰ ਉਸ ਨੇ ਸਮਝੌਤੇ ਦੀਆਂ ਸ਼ਰਤਾਂ ਉੱਤੇ ਤੁਰਨ ਦਾ ਫ਼ੈਸਲਾ ਲਿਆ।

‘ਨਾਜ਼ੇਆਤ’ ਅਤੇ ‘ਮੁਜ਼ਤਮਾ’ ਰਾਕੇਟ ਈਰਾਨ ਵਿੱਚ ਬਣਾਏ ਗਏ, ਰਾਕਟਾਂ ਦੀ ਪਹਿਲੀ ਪੀੜ੍ਹੀ ਦੇ ਸਨ ਅਤੇ ਇਸ ਤੋਂ ਤੁਰੰਤ ਮਗਰੋਂ ‘ਥੰਡਰ-69’ ਮਿਜ਼ਾਈਲ ਸਾਹਮਣੇ ਆਈ ਜੋ ਅਸਲ ਵਿੱਚ ਥੋੜ੍ਹੀ ਦੂਰੀ ਤੱਕ ਮਾਰ ਕਰਨ ਵਾਲੀ ਚੀਨੀ ‘ਬੀ-610’ ਮਿਜ਼ਾਈਲ ਹੈ ਜਿਸ ਨੂੰ ਈਰਾਨੀ ਹਥਿਆਰਬੰਦ ਫ਼ੌਜਾਂ ਨੇ ਨਵੇਂ ਸਿਰੇ ਤੋਂ ਤਿਆਰ ਕਰਕੇ ਵਰਤਿਆ ਹੈ।

ਈਰਾਨ ਦੇ ਮਿਜ਼ਾਈਲ ਪ੍ਰੋਗਰਾਮ ਰੈਵਲੂਸ਼ਨਰੀ ਗਾਰਡਸ ਦੇ ਏਅਰੋਸਪੇਸ ਯੁਨਿਟ ਵਿੱਚ ਹਸਨ ਤੇਹਰਾਨੀ ਮੁਕੱਦਮ ਦੀ ਨਿਗਰਾਨੀ ਵਿੱਚ ਅਤੇ ਉਸ ਸਮੇਂ ਆਈਆਰਜੀਸੀ ਏਅਰ ਫੋਰਸ ਦੇ ਕਮਾਂਡਰ ਅਹਿਮਦ ਕਾਜ਼ਮੀ ਦੀ ਮਦਦ ਨਾਲ ਸੰਨ 200 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਬਣਿਆ ਸੀ।

ਇਸ ਦਾ ਮਕਸਦ ਇਹ ਸੀ ਕਿ ਜ਼ਿਆਦਾ ਆਧੁਨਿਕ ਤਕਨੀਕ ਜਿਵੇਂ ਬੈਲਿਸਟਿਕ ਅਤੇ ਸੈਟੇਲਾਈਟ ਇੰਜਣ ਦੇ ਨਿਰਮਾਣ ਵਿੱਚ ਕਾਮਯਾਬੀ ਹਾਸਲ ਕੀਤੀ ਜਾਵੇ।

ਈਰਾਨ ਦੇ ਮਿਜ਼ਾਈਲ ਪ੍ਰੋਗਰਾਮ ਦੇ ਦੂਜੇ ਅਤੇ ਗੰਭੀਰ ਪੜਾਅ ਦੀ ਸ਼ੁਰੂਆਤ ਫ਼ਤਿਹ-110 ਮਿਜ਼ਾਈਲ ਦੀ ਤਿਆਰੀ ਨਾਲ ਸ਼ੁਰੂ ਹੋਈ।

ਈਰਾਨ ਦੇ ਮਿਜ਼ਾਈਲ ਪ੍ਰੋਗਰਾਮ ਦੇ ਵਿਕਾਸ ਵਿੱਚ ਹਸਨ ਮੁਕੱਦਮ ਸਭ ਤੋਂ ਅਹਿਮ ਹਸਤੀ ਸਨ। ਸੰਨ 2009 ਵਿੱਚ ਉਨ੍ਹਾਂ ਨੇ ਇੱਕ ਪ੍ਰੋਗਰਾਮ ਦੇ ਦੌਰਾਨ ਪਹਿਲੀ ਵਾਰ ‘ਐਕਸਟਰਾ ਹੈਵੀ ਸੈਟਲਾਈਟ ਇੰਜਣ’ ਸੀਰੀਜ਼ ਦਾ ਨਿਰੀਖਣ ਕੀਤਾ।

ਈਰਾਨੀ ਬਿਆਨ ਦੇ ਮੁਤਾਬਕ ਜਦੋਂ ਹਸਨ ਮੁਕੱਦਮ ਇੱਕ ਨਵੇਂ ਮਿਜ਼ਾਈਲ ਪ੍ਰੀਖਣ ਦੀ ਤਿਆਰੀ ਕਰ ਰਹੇ ਸਨ ਤਾਂ ਦੋ ਧਮਾਕੇ ਹੋਏ ਅਤੇ ਉਹ ਦੂਜੇ ਧਮਾਕੇ ਵਿੱਚ ਮਾਰੇ ਗਏ।

ਧਮਾਕੇ ਦੀ ਅਸਲ ਵਜ੍ਹਾ ਅਜੇ ਤੱਕ ਤੈਅ ਨਹੀਂ ਹੋ ਸਕੀ ਲੇਕਿਨ ਹਸਨ ਮੁਕੱਦਮ ਹੀ ਸਨ ਜਿਨ੍ਹਾਂ ਦੀ ਕਬਰ ਉੱਤੇ ਲਿਖਿਆ ਗਿਆ ਸੀ ਕਿ ਇੱਥੇ ਉਹ ਸ਼ਖਸ਼ ਦਫ਼ਨ ਹੈ ਜੋ ਇਜ਼ਰਾਈਲ ਨੂੰ ਤਬਾਹ ਕਰਨਾ ਚਾਹੁੰਦਾ ਸੀ।

ਇਸ ਸਮੇਂ ਅਮੀਰ ਅਲੀ ਹਾਜੀਜ਼ਾਦਾ ਦੀ ਅਗਵਾਈ ਵਿੱਚ ਰੈਵਲੂਸ਼ਨਰੀ ਗਾਰਡਸ ਦੀ ਏਅਰੋਸਪੇਸ ਫੋਰਸ ਈਰਾਨ ਦੀਆਂ ਹਥਿਆਰਬੰਦ ਫ਼ੌਜਾਂ ਲਈ ਮਿਜ਼ਾਈਲ ਅਤੇ ਡਰੋਨ ਬਣਾਉਣ ਵਾਲੀ ਸਭ ਤੋਂ ਵੱਡੀ ਸੰਸਥਾ ਹੈ।

ਅਸਲ ਵਿੱਚ ਇਹ ਪਿਛਲੇ ਕਈ ਸਾਲਾਂ ਵਿੱਚ ਈਰਾਨੀ ਫ਼ੌਜ ਦੀ ਥਾਂ ਈਰਾਨੀ ਦੀਆਂ ਵਿਦੇਸ਼ ਵਿੱਚ ਕਾਰਵਾਈਆਂ ਦੀ ਜ਼ਿੰਮੇਵਾਰ ਰਹੀ ਹੈ।

ਮਿਜ਼ਾਈਲਾਂ ਦਾ ਅੰਡਰਗਰਾਊਂਡ ਸ਼ਹਿਰ

ਈਰਾਨ ਹਮੇਸ਼ਾ ਆਪਣੀ ਮਿਜ਼ਾਈਲ ਦੀ ਨੁਮਾਇਸ਼ ਕਰਦਾ ਹੈ ਅਤੇ ਉਨ੍ਹਾਂ ਨੂੰ ਸੈਨਿਕ ਹਥਿਆਰਾਂ ਦੀ ਤਿਆਰੀ ਦੇ ਮੈਦਾਨ ਵਿੱਚ ਇੱਕ ਅਹਿਮ ਕਾਮਯਾਬੀ ਦੇ ਤੌਰ ਉੱਤੇ ਪੇਸ਼ ਕਰਦਾ ਹੈ, ਲੇਕਿਨ ਇਸ ਦੇ ਮਿਜ਼ਾਈਲ ਪ੍ਰੋਗਰਾਮ ਅਤੇ ਮਿਜ਼ਾਈਲ ਟਿਕਾਣਿਆਂ ਦੇ ਵਿਕਾਸ ਲੁਕੇ ਰਹੇ ਹਨ।

ਰੈਵਲੂਸ਼ਨਰੀ ਗਾਰਡਸ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਪਹਾੜਾਂ ਵਿੱਚ ਸੁਰੰਗ ਦੇ ਰੂਪ ਵਿੱਚ ਖਾਸ ਤੌਰ ਉੱਤੇ ਇੰਜੀਨਿਅਰਿੰਗ ਅਤੇ ਡਰਿਲਿੰਗ ਦੇ ਨਾਲ ਬਣਾਏ ਗਏ ਮਿਜ਼ਾਈਲ ਅੱਡੇ ਹਨ।

ਸਾਲ 2014 ਵਿੱਚ ਪਹਿਲੀ ਵਾਰ ਆਈਆਰਜੀਸੀ ਦੀ ਹਵਾਈ ਫ਼ੌਜ ਦੇ ਕਮਾਂਡਰ ਅਮੀਰ ਅਲੀ ਹਾਜੀਜ਼ਾਦਾ ਨੇ ਅਜਿਹੇ ਮਿਜ਼ਾਈਲ ਅੱਡਿਆਂ ਬਾਰੇ ਪਹਿਲੀ ਵਾਰ ਗੱਲ ਕੀਤੀ ਸੀ ਜੋ ਕਿ ਈਰਾਨ ਦੇ ਵੱਖ-ਵੱਖ ਸੂਬਿਆਂ ਵਿੱਚ ਜ਼ਮੀਨ ਦੇ ਅੰਦਰ 500 ਮੀਟਰ ਡੁੰਘਾਈ ਤੱਕ ਬਣਾਏ ਗਏ ਹਨ।

ਇਨ੍ਹਾਂ ਜ਼ਮੀਨਦੋਜ਼ ਮਿਜ਼ਾਈਲ ਅੱਡਿਆਂ ਨੂੰ ਕਦੋਂ ਬਣਇਆ ਗਿਆ, ਇਸ ਦੇ ਬਾਰੇ ਕੋਈ ਭਰੋਸੇਯੋਗ ਜਾਣਕਾਰੀ ਨਹੀਂ ਮਿਲਦੀ ਹੈ।

ਈਰਾਨੀ ਖ਼ਬਰ ਏਜੰਸੀ ਦੇ ਸੈਨਿਕ ਵਿਭਾਗ ਦੇ ਪੱਤਰਕਾਰ ਮੇਹਦੀ ਬਖ਼ਤਿਆਰੀ ਨੇ ਅਲ ਜਜ਼ੀਰਾ ਨੂੰ ਇੰਟਰਵਿਊ ਦਿੰਦੇ ਹੋਏ ਕਿਹਾ ਸੀ ਕਿ ਪੱਛਮੀ ਈਰਾਨ ਵਿੱਚ ਪਹਿਲਾ ਜ਼ਮੀਨਦੋਜ਼ ਮਿਜ਼ਾਈਲ ਅੱਡਾ ਸੰਨ 1984 ਵਿੱਚ ਬਣਾਇਆ ਗਿਆ ਸੀ ਅਤੇ ਉਸੇ ਸਮੇਂ ਈਰਾਨ ਦੇ ਮਿਜ਼ਾਈਲ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਸੀ।

ਈਰਾਨੀ ਮੀਡੀਆ ਅਤੇ ਰੈਵਲੂਸ਼ਨਰੀ ਗਾਰਡਸ ਨੇ ਹੁਣ ਤੱਕ ਕੋਈ ਅੰਡਰ ਗਰਾਊਂਡ ਮਿਜ਼ਾਈਲ ਅੱਡਿਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਜਿਨ੍ਹਾਂ ਨੂੰ ਉਹ ਮਿਜ਼ਾਈਲ ਸਿਟੀ ਕਹਿੰਦੇ ਹਨ। ਇਨ੍ਹਾਂ ਮਿਜ਼ਾਈਲ ਅੱਡਿਆਂ ਦੀ ਸਹੀ ਜਗ੍ਹਾ ਨਹੀਂ ਪਤਾ ਅਤੇ ਨਾ ਹੀ ਸਰਕਾਰੀ ਤੌਰ ਉੱਤੇ ਇਸ ਬਾਰੇ ਕੋਈ ਜਾਣਕਾਰੀ ਦਿੱਤੀ ਜਾਂਦੀ ਹੈ।

ਇਨ੍ਹਾਂ ਗੁਪਤ ਅੰਡਰ ਗਰਾਊਂਡ ਅੱਡਿਆਂ ਦੀਆਂ ਛਪਣ ਵਾਲੀਆਂ ਤਸਵੀਰਾਂ ਦੇ ਅਨੁਸਾਰ, ਉਨ੍ਹਾਂ ਵਿੱਚੋਂ ਇੱਕ ਵੱਡਾ ਮਾਲੂਮ ਹੁੰਦਾ ਹੈ, ਰੈਵਲੂਸ਼ਨਰੀ ਗਾਰਡਸ ਦੇ ਸਭ ਤੋਂ ਅਹਿਮ ਮਿਜ਼ਾਈਲ ਅਤੇ ਡਰੋਨ ਹਥਿਆਰ ਰੱਖੇ ਗਏ ਹਨ।

ਮਿਜ਼ਾਈਲ

ਤਸਵੀਰ ਸਰੋਤ, IMA

ਤਸਵੀਰ ਕੈਪਸ਼ਨ, ਈਰਾਨੀ ਮੀਡੀਆ ਅਤੇ ਰੈਵੋਲਿਊਸ਼ਨਰੀ ਗਾਰਡਜ਼ ਨੇ ਹੁਣ ਤੱਕ ਕਈ ਅੰਡਰਗਰਾਊਂਡ ਮਿਜ਼ਾਈਲ ਟਿਕਾਣਿਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ

ਜੋ ਵੀਡੀਓ ਜਾਰੀ ਕੀਤੇ ਗਏ ਹਨ, ਉਨ੍ਹਾਂ ਵਿੱਚੋਂ ਇੱਕ ਵਿੱਚ ਮਿਜ਼ਾਈਲ ਅਤੇ ਉਨ੍ਹਾਂ ਦੇ ਲਾਂਚਰਾਂ ਨਾਲ ਭਰਿਆ ਵਰਾਂਢਾ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਉਹ ਥਾਂ ਵੀ ਦਿਖਾਈ ਗਈ ਹੈ ਜਿੱਥੇ ਮਿਜ਼ਾਈਲ ਦਾਗੇ ਜਾਣ ਲਈ ਤਿਆਰ ਰਹਿੰਦੀ ਹੈ।

ਮਾਰਚ 2019 ਵਿੱਚ ਰੈਵਲੂਸ਼ਨਰੀ ਗਾਰਡਸ ਕੋਰ ਨੇ ਫਾਰਸ ਦੀ ਖਾੜੀ ਦੇ ਸਮੁੰਦਰੀ ਕਿਨਾਰੇ ਉੱਤੇ ਇੱਕ ਸਮੁੰਦਰੀ ਮਿਜ਼ਾਈਲ ਸ਼ਹਿਰ ਨੂੰ ਜਨਤਕ ਕੀਤਾ ਸੀ। ਇਸ ਅੱਡੇ ਦੀ ਅਸਲੀ ਥਾਂ ਤਾਂ ਪਹਿਲਾਂ ਵਾਂਗ ਹੀ ਨਹੀਂ ਦੱਸੀ ਗਈ ਲੇਕਿਨ ਹਰਮੁਜ਼ਗਾਨ ਸੂਬੇ ਦੇ ਸਥਾਨਕ ਮੀਡੀਆ ਨੇ ਇਸ ਅੱਡੇ ਬਾਰੇ ਖ਼ਬਰਾਂ ਦਿੱਤੀਆਂ ਸਨ।

ਈਰਾਨੀ ਰੈਵਲੂਸ਼ਨਰੀ ਗਾਰਡਸ ਦੇ ਕਮਾਂਡਰ ਇਨ ਚੀਫ਼ ਹੁਸੈਨ ਸਲਾਮੀ ਨੇ ਫਾਰਸ ਦੀ ਖਾੜੀ ਦੇ ਸਮੁੰਦਰੀ ਕਿਨਾਰਿਆਂ ਉੱਤੇ ਸਥਿਤ ਇਸ ਮੇਰੀਅਨ ਮਿਜ਼ਾਈਲ ਸਿਟੀ ਦੇ ਬਾਰੇ ਕਿਹਾ ਸੀ ਕਿ ਇਹ ਕੰਪਲੈਕਸ ਈਰਾਨੀ ਰੈਵਲੂਸ਼ਨਰੀ ਗਾਰਡਸ ਦੀ ਜਲ ਸੈਨਾ ਦੇ ਉਨ੍ਹਾਂ ਕੇਂਦਰਾਂ ਵਿੱਚੋਂ ਇੱਕ ਹੈ, ਜਿੱਥੇ ਉਹ ਰਣਨੀਤਿਕ ਮਿਜ਼ਾਈਲਾਂ ਨੂੰ ਜਮ੍ਹਾਂ ਕਰਦੀ ਹੈ।

ਈਰਾਨ ਦੇ ਅੰਡਰ ਗਰਾਊਂਡ ਮਿਜ਼ਾਈਲ ਅੱਡਿਆਂ ਦੀ ਸਹੀ ਗਿਣਤੀ ਵੀ ਨਹੀਂ ਪਤਾ।

ਲੇਕਿਨ ਈਰਾਨ ਦੀ ਥਲ ਸੈਨਾ ਦੇ ਕਮਾਂਡਰ ਅਹਿਮਦ ਰਜ਼ਾ ਪੋਦਰਿਸਤਾਨ ਨੇ ਜਨਵਰੀ 2014 ਵਿੱਚ ਐਲਾਨ ਕੀਤਾ ਸੀ ਕਿ ਮਿਜ਼ਾਈਲ ਵਾਲੇ ਅੰਡਰ ਗਰਾਊਂਡ ਸ਼ਹਿਰ ਸਿਰਫ ਰੈਵਲੂਸ਼ਨਰੀ ਗਾਰਡਸ ਦੇ ਲਈ ਨਹੀਂ ਹਨ ਅਤੇ ਈਰਾਨੀ ਫ਼ੌਜ ਵੀ ਇਨ੍ਹਾਂ ਦੀ ਮਾਲਕ ਹੈ।

ਅਮੀਰ ਅਲੀ ਹਾਜੀਜ਼ਾਦਾ ਨੇ ਆਈਆਰਜੀਸੀ ਵੱਲੋਂ ਈਰਾਨ ਵਿੱਚ ਮਿਜ਼ਾਈਲ ਬਣਾਉਣ ਵਾਲੇ ਤਿੰਨ ਅੰਡਰ ਗਰਾਊਂਡ ਕਾਰਖ਼ਾਨੇ ਦੀ ਮੌਜੂਦਗੀ ਦਾ ਵੀ ਐਲਾਨ ਕਰ ਚੁੱਕੇ ਹਨ।

ਮਿਜ਼ਾਈਲਾਂ

ਤਸਵੀਰ ਸਰੋਤ, IMA

ਤਸਵੀਰ ਕੈਪਸ਼ਨ, ਈਰਾਨ ਬਹੁਤ ਸਾਰੀਆਂ ਬੈਲਿਸਟਿਕ ਮਿਜ਼ਾਈਲਾਂ ਦਾ ਉਤਪਾਦਨ ਕਰਦਾ ਹੈ

ਹਰ ਤਰ੍ਹਾਂ ਦੀ ਮਿਜ਼ਾਈਲ ਈਰਾਨ ਵਿੱਚ ਬਣਦੀ ਹੈ

ਈਰਾਨ ਦੇ ਹਥਿਆਰਬੰਦ ਬਲਾਂ, ਖ਼ਾਸ ਤੌਰ 'ਤੇ ਰੈਵੋਲਿਊਸ਼ਨਰੀ ਗਾਰਡਜ਼ ਦੇ ਐਰੋਸਪੇਸ ਫੋਰਸਿਜ਼, ਰਾਕੇਟ, ਕਰੂਜ਼ ਅਤੇ ਬੈਲਿਸਟਿਕ ਮਿਜ਼ਾਈਲਾਂ ਦੀ ਇੱਕ ਵਿਆਪਕ ਰੇਂਜ ਤਿਆਰ ਕਰਦੇ ਹਨ।

ਬੈਲਿਸਟਿਕ ਮਿਜ਼ਾਈਲ ਈਰਾਨ ਵਿੱਚ ਤਿਆਰ ਕੀਤੀਆਂ ਜਾਣ ਵਾਲੀਆਂ ਮਿਜ਼ਾਈਲਾਂ ਵਿੱਚੋਂ ਸਭ ਤੋਂ ਅਹਿਮ ਹਨ। ਬੈਲਿਸਟਿਕ ਮਿਜ਼ਾਈਲ ਉਚਾਈ 'ਤੇ ਇੱਕ ʻਆਰਕʼ ਵਿੱਚ ਉਡਾਣ ਭਰਦੀ ਹੈ।

ਇਸ ਦੇ ਫਾਇਰਿੰਗ ਦੇ ਤਿੰਨ ਪੜਾਅ ਹੁੰਦੇ ਹਨ। ਦੂਜੇ ਪੜਾਅ ਵਿੱਚ ਇਸਦੀ ਰਫ਼ਤਾਰ ਲਗਭਗ 24 ਹਜ਼ਾਰ ਕਿਲੋਮੀਟਰ ਪ੍ਰਤੀ ਘੰਟੇ ਤੱਕ ਜਾਂਦੀ ਹੈ।

ਕਰੂਜ਼ ਮਿਜ਼ਾਈਲ ਪੂਰੀ ਤਰ੍ਹਾਂ ਗਾਈਡੇਡ ਹੁੰਦੀ ਹੈ ਅਤੇ ਘੱਟ ਉੱਚਾਈ ʼਤੇ ਉਡਾਣ ਦੀ ਸਮਰੱਥਾ ਰੱਖਦੀ ਹੈ। ਜਿਸ ਦੇ ਕਾਰਨ ਉਹ ਰਡਾਰ ਦਾ ਮੁਕਾਬਲਾ ਕਰਨ ਦੀ ਸਮਰੱਥਾ ਦਿੰਦੀ ਹੈ।

ਕਰੂਜ਼ ਮਿਜ਼ਾਈਲ ਦੀ ਰਫ਼ਤਾਰ 800 ਕਿਲੋਮੀਟਰ ਪ੍ਰਤੀ ਘੰਟੇ ਨਾਲ ਸ਼ੁਰੂ ਹੁੰਦੀ ਹੈ।

ਈਰਾਨ ਮਿਜ਼ਾਇਲਾਂ ਨੂੰ ਚਾਰ ਹਿੱਸਿਆ ਵਿੱਚ ਵੰਡਿਆ ਜਾ ਸਕਦਾ ਹੈ-

  • ਰਾਕੇਟ
  • ਕਰੂਜ਼ ਮਿਜ਼ਾਈਲ
  • ਬੈਲਿਸਟਿਕ ਮਿਜ਼ਾਈਲ
  • ਹਾਈਪਰਸੋਨਿਕ ਮਿਜ਼ਾਈਲ

ਈਰਾਨ ਨਿਰਮਿਤ ਮਿਜ਼ਾਈਲਾਂ ਨੇ ਇਨ੍ਹਾਂ ਚਾਰ ਸਮੂਹਾਂ ਵਿੱਚ ਬੁਨਿਆਦੀ ਤੌਰ ʼਤੇ ਜ਼ਮੀਨ ਤੋਂ ਜ਼ਮੀਨ ʼਤੇ ਅਤੇ ਜ਼ਮੀਨ ਤੋਂ ਸਮੁੰਦਰ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਸ਼ਾਮਲ ਹਨ।

ਹਾਲਾਂਕਿ, ਰੱਖਿਆ ਪ੍ਰਣਾਲੀ ਦੀ ਮਿਜ਼ਾਈਲ ਵੀ ਈਰਾਨ ਦੇ ਹਥਿਆਰਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਵਿੱਚ ਕੁਝ ਰੂਸ ਅਤੇ ਚੀਨ ਦੀ ਬਣਾਈ ਹੋਈ ਹੈ ਅਤੇ ਈਰਾਨੀ ਹਥਿਆਰਬੰਦ ਫੌਜਾਂ ਦੀ ਆਪਣੀ ਕੋਸ਼ਿਸ਼ ਨਾਲ ਬਣੀ ਹੈ, ਜਿਨ੍ਹਾਂ ਦਾ ਇੱਥੇ ਜ਼ਿਕਰ ਨਹੀਂ ਕੀਤਾ ਗਿਆ ਹੈ।

ਅਪ੍ਰੈਲ 2024 ਵਿੱਚ ਇਜ਼ਰਾਈਲ ʼਤੇ ਆਪਣੇ ਮਿਜ਼ਾਈਲ ਹਮਲੇ ਵਿੱਚ ਈਰਾਨ ਨੇ ʻਇਮਾਦ ਥ੍ਰੀʼ ਬੈਲਿਸਟਿਕ ਮਿਜ਼ਾਈਲ, ʻਪਾਵਹʼ ਕਰੂਜ਼ ਮਿਜ਼ਾਈਲ ਅਤੇ ʻਸ਼ਾਹਿਦ 136ʼ ਡਰੋਨ ਦਾ ਇਸਤੇਮਾਲ ਕੀਤਾ।

ਪਰ ਈਰਾਨ ਦੀ ਸਰਕਾਰੀ ਸਮਾਚਾਰ ਏਜੰਸੀ ਨੇ ʻਖ਼ੈਬਰ ਸ਼ਿਕਨʼ ਬੈਲਿਸਟਿਕ ਮਿਜ਼ਾਈਲ ਦਾਗਣ ਦਾ ਵੀ ਦਾਅਵਾ ਕੀਤਾ ਸੀ।

ਇਮਾਦ ਬੈਲਿਸਟਿਕ ਮਿਜ਼ਾਈਲ ਮੱਧ ਦੂਰੀ ਤੱਕ ਮਾਰ ਕਰਨ ਵਾਲਾ ਹਥਿਆਰ ਹੈ ਅਤੇ ਉਸ ਦੀ ਰੇਂਜ 1700 ਕਿਲੋਮੀਟਰ ਤੱਕ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਇਸ ਮਿਜ਼ਾਈਲ ਦੀ ਲੰਬਾਈ 15 ਮੀਟਰ ਹੈ ਅਤੇ ਕਿਹਾ ਜਾਂਦਾ ਹੈ ਇਸ ਦੇ ਵਾਰਹੈੱਡ ਦਾ ਭਾਰ 750 ਕਿਲੋਗ੍ਰਾਮ ਹੈ।

ਇਸ ਮਿਜ਼ਾਈਲ ਨੂੰ ਸੰਨ 2015 ਵਿੱਚ ਜਨਤਕ ਕੀਤਾ ਗਿਆ ਸੀ। ਇਮਾਦ ਮਿਜ਼ਾਈਲ ʻਅਲ ਕਦਰʼ ਬੈਲਿਸਟਿਕ ਮਿਜ਼ਾਈਲ ਦਾ ਬਿਹਤਰ ਰੂਪ ਹੈ।

ʻਪਾਵਹʼ ਮੱਧ ਦੂਰੀ ਤੱਕ ਮਾਰਗ ਕਰਨ ਵਾਲੀ ਕਰੂਜ਼ ਮਿਜ਼ਾਈਲ ਦੀ ਇੱਕ ਲੜੀ ਹੈ, ਜਿਸ ਦੀ ਰੇਂਜ 1650 ਕਿਲੋਮੀਟਰ ਹੈ ਅਤੇ ਕਿਹਾ ਜਾਂਦਾ ਹੈ ਕਿ ਇਹ ਮਿਜ਼ਾਈਲਾਂ ਦੀ ਇੱਕ ਅਜਿਹੀ ਪੀੜ੍ਹੀ ਹੈ ਜੋ ਟੀਚੇ ਤੱਕ ਪਹੁੰਚਣ ਲਈ ਵੱਖ-ਵੱਖ ਰਸਤੇ ਅਪਣਾ ਸਕਦੀ ਹੈ।

ʻਪਾਵਹʼ ਮਿਜ਼ਾਈਲ ਗਰੁੱਪ ਵਿੱਚ ਹਮਲਾ ਕਰਨ ਅਤੇ ਹਮਲੇ ਦੌਰਾਨ ਇੱਕ ਦੂਜੇ ਨਾਲ ਸੰਪਰਕ ਕਰਨ ਦੀ ਸਮਰੱਥਾ ਰੱਖਦੀ ਹੈ ਅਤੇ ਸ਼ਾਇਦ ਇਸੇ ਕਾਰਨ ਇਸ ਨੂੰ ਇਜ਼ਰਾਇਲ ʼਤੇ ਹਮਲੇ ਲਈ ਚੁਣਿਆ ਗਿਆ ਸੀ।

ʻਪਾਵਹʼ ਮਿਜ਼ਾਈਲ ਨੂੰ ਫਰਵਰੀ 2023 ਵਿੱਚ ਜਨਤਕ ਕੀਤਾ ਗਿਆ ਸੀ ਅਤੇ ਈਰਾਨ ਨੇ ਦਾਅਵਾ ਕੀਤਾ ਸੀ ਕਿ ਇਹ ਮਿਜ਼ਾਈਲ ਇਜ਼ਰਾਇਲ ਤੱਕ ਪਹੁੰਚਣ ਦੀ ਸਮਰੱਥਾ ਰੱਖਦੀ ਹੈ। ਇਹ ਦਾਅਵਾ 13 ਅਪ੍ਰੈਲ ਨੂੰ ਹੋਏ ਹਮਲੇ ਵਿੱਚ ਸਹੀ ਸਾਬਿਤ ਹੋਇਆ।

ਈਰਾਨ ਦੇ ਕੋਲ ਇਸ ਵੇਲੇ ਮਿਜ਼ਾਈਲ ਦੀ ਵੱਧ ਤੋਂ ਵੱਧ ਪ੍ਰਭਾਵੀ ਰੇਂਜ ਦੋ ਹਜ਼ਾਰ ਤੋਂ ਢਾਈ ਹਜ਼ਾਰ ਕਿਲੋਮੀਟਰ ਵਿਚਾਲੇ ਦੀ ਹੈ ਅਤੇ ਫਿਲਹਾਲ ਯੂਰਪੀ ਦੇਸ਼ਾਂ ਨੂੰ ਨਿਸ਼ਾਨਾ ਬਣਾਉਣ ਦੀ ਸਮਰੱਥਾ ਨਹੀਂ ਰੱਖਦੀ ਹੈ।

ਈਰਾਨ ਦੀਆਂ ਹਥਿਆਰਬੰਦ ਫੌਜਾਂ ਨੇ ਦਾਅਵਾ ਕੀਤਾ ਹੈ ਕਿ ਅਜਿਹਾ ਸਰਬਉੱਚ ਨੇਤਾ ਅਲੀ ਖ਼ਾਮੇਨੇਈ ਦੇ ਨਿਰਦੇਸ਼ ʼਤੇ ਹੈ, ਜਿਨ੍ਹਾਂ ਨੇ ਕਿਹਾ ਸੀ ਕਿ ਫਿਲਹਾਲ ਈਰਾਨੀ ਮਿਜ਼ਾਈਲ ਦੀ ਰੇਂਜ ਦੋ ਹਜ਼ਾਰ ਕਿਲੋਮੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਇਸ ਨਿਰਦੇਸ਼ ਤੋਂ ਬਾਅਦ ਲੰਬੀ ਦੂਰੀ ਤੱਕ ਮਾਰ ਕਰਨ ਵਾਲੀ ਮਿਜ਼ਾਈਲ ਦੀ ਤਿਆਰੀ ਦਾ ਸਿਲਸਿਲਾ ਰੋਕ ਦਿੱਤਾ ਗਿਆ ਹੈ।

ਅਯਾਤੁੱਲ੍ਹਾ ਖ਼ਾਮੇਨੇਈ ਅਨੁਸਾਰ, ਇਸ ਫ਼ੈਸਲੇ ਦਾ ਇੱਕ ʻਕਾਰਨʼ ਹੈ ਪਰ ਉਨ੍ਹਾਂ ਨੇ ਉਹ ਕਾਰਨ ਨਹੀਂ ਦੱਸਿਆ।

ʻਜ਼ੁਲਫ਼ੀਕਾਰʼ ਇੱਕ ਹੋਰ ਘੱਟ ਦੂਰੀ (700 ਕਿਲੋਮੀਟਰ) ਤੱਕ ਮਾਰ ਕਰਨ ਵਾਲੀ ਬੈਲਿਸਟਿਕ ਮਿਜ਼ਾਈਲ ਹੈ, ਜਿਸ ਨੂੰ ਸੰਨ 2017 ਅਤੇ 2018 ਵਿੱਚ ਦਾਏਸ਼ (ਆਈਐੱਸਆਈਐੱਸ) ਦੇ ਟਿਕਾਣਿਆਂ ʼਤੇ ਹਮਲਾ ਕਰਨ ਲਈ ਇਸਤੇਮਾਲ ਕੀਤਾ ਗਿਆ ਸੀ।

ਇਸ ਮਿਜ਼ਾਈਲ ਦੀ ਲੰਬਾਈ 10 ਮੀਟਰ ਹੈ, ਇਸ ਵਿੱਚ ਇੱਕ ਮੋਬਾਈਲ ਲਾਂਚ ਪਲੇਟਫਾਰਮ ਅਤੇ ਉਸ ਦੀ ਰਡਾਰ ʼਤੇ ਨਜ਼ਰ ਨਾ ਆਉਣ ਦੀ ਸਮਰੱਥਾ ਨਾਲ ਲੈਸ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ।

ʻਜ਼ੁਲਫ਼ੀਕਾਰʼ ਫਤਹਿ 110 ਮਿਜ਼ਾਈਲ ਦਾ ਬਿਹਤਰ ਰੂਪ ਹੈ ਅਤੇ ਇਸ ਦੇ ਵਾਰਹੈੱਡ ਦਾ ਭਾਰ 450 ਕਿਲੋਗ੍ਰਾਮ ਦੱਸਿਆ ਜਾਂਦਾ ਹੈ।

ਕੌਮਾਂਤਰੀ ਸੁਰੱਖਿਆ ਦੇ ਮਾਹਰ ਵਿਲੀਅਮ ਅਲਬਰਕ ਨੇ ਬੀਬੀਸੀ ਨੂੰ ਦੱਸਿਆ ਕਿ ਈਰਾਨ ਦੇ ਕੋਲ ਮਿਜ਼ਾਈਲ ਦੀ ਤਿਆਰੀ ਦੀ ਬਹੁਤ ਚੰਗੀ ਸਮਰੱਥਾ ਹੈ ਅਤੇ ਈਰਾਨ ਦੇ ਮਿਜ਼ਾਈਲ ਪ੍ਰੋਗਰਾਮ ਦਾ ਵਿਕਾਸ ਦੂਜੇ ਦੇਸ਼ਾਂ ਤੋਂ ਮਿਜ਼ਾਈਲ ਉਧਾਰ ਲੈਣ ਅਤੇ ਉਨ੍ਹਾਂ ਦੀ ਨਕਲ ਬਣਾਉਣ ਨਾਲ ਹੋਇਆ।

"ਉਹ ਤਰਲ ਈਂਧਨ ਨਾਲ ਠੋਸ ਈਂਧਨ ਵਾਲੇ ਰਾਕੇਟਾਂ ਅਤੇ ਮਿਜ਼ਾਈਲ ਵੱਲ ਵੱਧ ਰਹੇ ਹਨ। ਮਿਜ਼ਾਈਲ ਦੇ ਸਹੀ ਢੰਗ ਨਾਲ ਟੀਚੇ ਨੂੰ ਨਿਸ਼ਾਨਾ ਬਣਾਉਣ ਦੀ ਸਮਰੱਥਾ ਵਿੱਚ ਨਾਟਰੀ ਤੌਰ ʼਤੇ ਵਾਧਾ ਹੋਇਆ ਹੈ।"

"ਈਰਾਨ ਨੇ ਇਸ ਮਾਮਲੇ ਵਿੱਚ ਬਹੁਤ ਵਿਕਾਸ ਕੀਤਾ ਹੈ। ਇਸ ਸਮੇਂ ਉਸ ਦਾ ਪ੍ਰੋਗਰਾਮ ਛੋਟੀ ਅਤੇ ਮੱਧ ਦੂਰੀ ਤੱਕ ਮਾਰ ਕਰਨ ਵਾਲੀ ਬੈਲਿਸਟਿਕ ਅਤੇ ਕਰੂਜ਼ ਮਿਜ਼ਾਇਲਾਂ ਲਈ ਆਧੁਨਿਕ ਮਿਜ਼ਾਈਲ ਪ੍ਰੋਗਰਾਮਾਂ ਵਿੱਚੋਂ ਇੱਕ ਹੈ।"

ਮਿਜ਼ਾਈਲਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਈਰਾਨ ਮਿਜ਼ਾਇਲਾਂ ਨੂੰ ਚਾਰ ਹਿੱਸਿਆ ਵਿੱਚ ਵੰਡਿਆ ਜਾ ਸਕਦਾ ਹੈ

ਅਲ ਫਤਹਿ ਦੀ ਰਫ਼ਤਾਰ: 5 ਕਿਲੋਮੀਟਰ ਪ੍ਰਤੀ ਘੰਟਾ

ਵਿਲੀਅਮ ਅਲਬਰਕ ਨੇ ਹਾਲ ਹੀ ਦੇ ਸਾਲਾਂ 'ਚ ਈਰਾਨ ਅਤੇ ਰੂਸ ਵਿਚਾਲੇ ਫੌਜੀ ਸਹਿਯੋਗ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਸਹਿਯੋਗ ਨਾਲ ਈਰਾਨ ਨੂੰ ਰੂਸੀਆਂ ਤੋਂ ਸਿੱਖਣ ਦਾ ਮੌਕਾ ਮਿਲੇਗਾ ਅਤੇ ਉਸ ਨੂੰ ਹੋਰ ਆਧੁਨਿਕ ਮਿਜ਼ਾਈਲ ਡਿਜ਼ਾਈਨ, ਤਕਨੀਕ ਅਤੇ ਸਮਰੱਥਾ ਹਾਸਲ ਹੋਵੇਗੀ।

ਈਰਾਨ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਮਿਜ਼ਾਈਲ ਦੀ ਨਵੀਂ ਪੀੜ੍ਹੀ ਹਾਈਪਰਸੋਨਿਕ ਹਥਿਆਰਾਂ ਦੀ ਪੀੜ੍ਹੀ ਤੋਂ ਹੈ। ਹਾਈਪਰਸੋਨਿਕ ਦਾ ਮਤਲਬ ਹੈ ਉਹ ਹਥਿਆਰ ਜਿਨ੍ਹਾਂ ਦੀ ਗਤੀ ਆਮ ਤੌਰ 'ਤੇ ਆਵਾਜ਼ ਦੀ ਗਤੀ ਤੋਂ 5 ਤੋਂ 25 ਗੁਣਾ ਜ਼ਿਆਦਾ ਹੁੰਦੀ ਹੈ।

ਈਰਾਨ ਨੇ ਪਹਿਲੀ ਵਾਰ, ਫਤਿਹ ਮਿਜ਼ਾਈਲ ਨੂੰ ਬੈਲਿਸਟਿਕ ਅਤੇ ਕਰੂਜ਼ ਦੋਵਾਂ ਸ਼੍ਰੇਣੀਆਂ ਵਿੱਚ ਹਾਈਪਰਸੋਨਿਕ ਮਿਜ਼ਾਈਲ ਵਜੋਂ ਪੇਸ਼ ਕੀਤਾ ਸੀ।

ʻਅਲ-ਫਤਹਿʼ ਦੀ ਹਾਈਪਰਸੋਨਿਕ ਮਿਜ਼ਾਈਲ ਦੀ ਰੇਂਜ 1400 ਕਿਲੋਮੀਟਰ ਹੈ ਅਤੇ ਆਈਆਰਜੀਸੀ ਨੇ ਦਾਅਵਾ ਕੀਤਾ ਹੈ ਕਿ ਉਹ ਮਿਜ਼ਾਈਲ ਨੂੰ ਨਸ਼ਟ ਕਰ ਵਾਲੀਆਂ ਸਾਰੀਆਂ ਰੱਖਿਆ ਪ੍ਰਣਾਲੀਆਂ ਨੂੰ ਚਕਮਾ ਦੇ ਕੇ ਉਨ੍ਹਾਂ ਨੂੰ ਤਬਾਹ ਕਰਨ ਦੀ ਸਮਰੱਥਾ ਰੱਖਦੀ ਹੈ।

'ਅਲ-ਫਤਹਿʼ ਠੋਸ ਈਂਧਨ ਵਾਲੀ ਮਿਜ਼ਾਈਲ ਦੀ ਇੱਕ ਪੀੜ੍ਹੀ ਹੈ, ਜਿਸ ਦੀ ਗਤੀ ਟੀਚੇ ਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ 13 ਤੋਂ 15 'ਮੈਕ' ਤੱਕ ਹੈ। ਮੈਕ 15 ਦਾ ਮਤਲਬ ਹੈ ਪੰਜ ਕਿਲੋਮੀਟਰ ਪ੍ਰਤੀ ਸਕਿੰਟ ਦੀ ਰਫ਼ਤਾਰ।

ਰੈਵੋਲਿਊਸ਼ਨਰੀ ਗਾਰਡਜ਼ ਏਅਰੋਸਪੇਸ ਆਰਗੇਨਾਈਜ਼ੇਸ਼ਨ ਦੇ ਕਮਾਂਡਰ ਅਮੀਰ ਅਲੀ ਹਾਜੀਜ਼ਾਦਾ ਨੇ ਅਲ-ਫਤਹਿ ਮਿਜ਼ਾਈਲ ਦੇ ਉਦਘਾਟਨ ਸਮਾਰੋਹ 'ਚ ਕਿਹਾ ਸੀ ਕਿ ਇਹ ਮਿਜ਼ਾਈਲ ਤੇਜ਼ ਰਫਤਾਰ ਵਾਲੀ ਹੈ ਅਤੇ ਵਾਤਾਵਰਨ ਅੰਦਰ ਅਤੇ ਬਾਹਰ ਜਾ ਸਕਦੀ ਹੈ।

ਇਸ ਤੋਂ ਇਲਾਵਾ ਹਾਜੀਜ਼ਾਦਾ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਫਤਹਿ ਨੂੰ ਕਿਸੇ ਵੀ ਮਿਜ਼ਾਈਲ ਨਾਲ ਨਸ਼ਟ ਨਹੀਂ ਕੀਤਾ ਜਾ ਸਕਦਾ।

ਅਲ-ਫਤਹਿ ਬੈਲਿਸਟਿਕ ਮਿਜ਼ਾਈਲ ਦੇ ਉਦਘਾਟਨ ਤੋਂ ਬਾਅਦ, ਤਹਿਰਾਨ ਦੇ ʻਫ਼ਲਸਤੀਨ ਸਕੁਏਅਰʼ ਵਿੱਚ ਇਜ਼ਰਾਈਲ ਨੂੰ ਧਮਕੀ ਦੇਣ ਲਈ ਇੱਕ ਪੋਸਟਰ ਲਗਾਇਆ ਗਿਆ ਸੀ, ਜਿਸ 'ਤੇ '400 ਸਕਿੰਟਾਂ ਵਿੱਚ ਤੇਲ ਅਵੀਵ' ਲਿਖਿਆ ਗਿਆ ਸੀ।

ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਨੇ ਈਰਾਨ ਦੇ ਦਾਅਵਿਆਂ ਅਤੇ ਹਾਈਪਰਸੋਨਿਕ ਮਿਜ਼ਾਈਲ ਬਣਾਉਣ ਦੀ ਧਮਕੀ ਦੇ ਜਵਾਬ ਵਿੱਚ ਕਿਹਾ ਸੀ, “ਮੈਂ ਸੁਣਿਆ ਹੈ ਕਿ ਸਾਡੇ ਦੁਸ਼ਮਣ ਆਪਣੇ ਬਣਾਏ ਹੋਏ ਹਥਿਆਰਾਂ ਬਾਰੇ ਸ਼ੇਖੀ ਮਾਰ ਰਹੇ ਹਨ।"

"ਸਾਡੇ ਕੋਲ ਕਿਸੇ ਵੀ ਤਕਨਾਲੋਜੀ ਦਾ ਬਿਹਤਰ ਜਵਾਬ ਹੈ, ਭਾਵੇਂ ਇਹ ਜ਼ਮੀਨ 'ਤੇ ਹੋਵੇ, ਹਵਾ ਵਿੱਚ ਹੋਵੇ ਜਾਂ ਸਮੁੰਦਰ ਵਿੱਚ।"

'ਅਲ-ਫਤਹਿ 1' ਦੇ ਉਦਘਾਟਨ ਤੋਂ ਚਾਰ ਮਹੀਨਿਆਂ ਬਾਅਦ, ਰੈਵੋਲਿਊਸ਼ਨਰੀ ਗਾਰਡਜ਼ ਨੇ 'ਅਲ-ਫਤਹਿ 2' ਦਾ ਉਦਘਾਟਨ ਕੀਤਾ ਜੋ 15 ਕਿਲੋਮੀਟਰ ਮਾਰ ਕਰਨ ਵਾਲੀ ਕਰੂਜ਼ ਮਿਜ਼ਾਈਲਾਂ ਦੀ ਇੱਕ ਪੀੜ੍ਹੀ ਹੈ।

ਈਰਾਨੀ ਮੀਡੀਆ ਮੁਤਾਬਕ 'ਅਲ-ਫਤਹਿ 2' ਬਹੁਤ ਘੱਟ ਉਚਾਈ 'ਤੇ ਉੱਡਣ ਦੀ ਸਮਰੱਥਾ ਰੱਖਦੀ ਹੈ ਅਤੇ ਉਡਾਣ ਦੌਰਾਨ ਕਈ ਵਾਰ ਆਪਣਾ ਰਸਤਾ ਵੀ ਬਦਲ ਸਕਦੀ ਹੈ।

'ਅਲ-ਫਤਹਿ 2' ਕਰੂਜ਼ ਮਿਜ਼ਾਈਲ ਦਾ ਉਦੋਂ ਉਦਘਾਟਨ ਕੀਤਾ ਗਿਆ ਜਦੋਂ ਈਰਾਨ ਦੇ ਸੁਪਰੀਮ ਲੀਡਰ ਅਲੀ ਖ਼ਾਮੇਨੇਈ ਨੇ ਆਈਆਰਜੀਸੀ ਨਾਲ ਜੁੜੇ ਐਰੋਸਪੇਸ ਸਾਇੰਸਜ਼ ਐਂਡ ਟੈਕਨਾਲੋਜੀ ਦੀ ਅਸ਼ੂਰਾ ਯੂਨੀਵਰਸਿਟੀ ਦਾ ਦਾ ਦੌਰਾ ਕੀਤਾ, ਪਰ ਇਸ ਮਿਜ਼ਾਈਲ ਦੀ ਰੇਂਜ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

ਹਾਲਾਂਕਿ ਈਰਾਨ ਨੇ ਫਤਹਿ ਮਿਜ਼ਾਈਲ ਨੂੰ ਇਜ਼ਰਾਈਲ ਦੇ ਖ਼ਿਲਾਫ਼ ਖ਼ਤਰੇ ਨਾਲ ਨਜਿੱਠਣ ਲਈ ਸਾਹਮਣੇ ਲਿਆਂਦਾ ਸੀ, ਪਰ ਉਸ ਨੇ 13 ਅਪ੍ਰੈਲ ਅਤੇ ਫਿਰ 1 ਅਕਤੂਬਰ ਨੂੰ ਹੋਏ ਹਮਲਿਆਂ ਵਿੱਚ ਇਹਨਾਂ ਮਿਜ਼ਾਈਲਾਂ ਦੀ ਵਰਤੋਂ ਨਹੀਂ ਕੀਤੀ।

400 ਸਕਿੰਟਾਂ ਵਿੱਚ ਤੇਲ ਅਵੀਵ ਪਹੁੰਚਣ ਲਈ ਇਸ਼ਤਿਹਾਰ

ਤਸਵੀਰ ਸਰੋਤ, KHABAR ONLINE

ਤਸਵੀਰ ਕੈਪਸ਼ਨ, 400 ਸਕਿੰਟਾਂ ਵਿੱਚ ਤੇਲ ਅਵੀਵ ਪਹੁੰਚਣ ਲਈ ਇਸ਼ਤਿਹਾਰ

ਈਰਾਨ ਦਾ ਸਰਹੱਦ ʼਤੇ ਮਿਜ਼ਾਈਲ ਆਪਰੇਸ਼ਨ

ਪਿਛਲੇ ਦਹਾਕੇ ਵਿੱਚ ਈਰਾਨ ਕਈ ਕਾਰਨਾਂ ਕਰਕੇ ਖੇਤਰੀ ਵਿਵਾਦਾਂ ਵਿੱਚ ਸ਼ਾਮਿਲ ਹੋਇਆ ਹੈ ਅਤੇ ਉਸਨੇ ਆਪਣੀ ਧਰਤੀ ਤੋਂ ਵਿਰੋਧੀ ਗਿਰੋਹਾਂ, ਦਲਾਂ ਅਤੇ ਦੇਸ਼ਾਂ ਦੇ ਖ਼ਿਲਾਫ਼ ਸੀਮਾ ਪਾਰ ਕਾਰਵਾਈਆਂ ਕੀਤੀਆਂ ਹਨ।

ਈਰਾਨ ਦੀਆਂ ਸਾਰੀਆਂ ਵਿਦੇਸ਼ੀ ਕਾਰਵਾਈਆਂ ਰੈਵੋਲਿਊਸ਼ਨਰੀ ਗਾਰਡਜ਼ ਦੀ ਏਅਰ ਫੋਰਸ vs ਕੀਤੀਆਂ ਹਨ ਅਤੇ ਇਸ ਵਿਭਾਗ ਨੇ ਈਰਾਨ ਦੀ ਫੌਜ ਦੀ ਥਾਂ ਵਿਵਾਦਾਂ ਵਿੱਚ ਸ਼ਾਮਿਲ ਹੋਣ ਅਤੇ ਜਵਾਬ ਦੇਣ ਦੀ ਜ਼ਿੰਮੇਵਾਰੀ ਸੰਭਾਲੀ ਹੋਈ ਹੈ।

ਧਿਆਨ ਰਹੇ ਕਿ ਰੈਵੋਲਿਊਸ਼ਨਰੀ ਗਾਰਡਜ਼ ਦੀ ਵਿਦੇਸ਼ੀ ਸ਼ਾਖਾ 'ਕੁਦਸ ਫੋਰਸ' ਦੀ ਫੌਜ ਈਰਾਨ-ਇਰਾਕ ਜੰਗ ਦੇ ਖ਼ਾਤਮੇ ਤੋਂ ਬਾਅਦ ਅਫ਼ਗਾਨਿਸਤਾਨ ਤੋਂ ਲੈ ਕੇ ਬੋਸਨੀਆ ਅਤੇ ਹਰਜ਼ੇਗੋਵਿਨਾ, ਇਰਾਕ, ਸੀਰੀਆ ਅਤੇ ਲੇਬਨਾਨ ਆਦਿ 'ਚ ਮੌਜੂਦ ਸੀ ਪਰ ਉਸ ਨੂੰ ਈਰਾਨ ਦੀ ਸਰਕਾਰੀ ਮੌਜੂਦਗੀ ਜਾਂ ਪ੍ਰਤੀਕਿਰਿਆ ਵਜੋਂ ਨਹੀਂ ਸਮਝਿਆ ਗਿਆ।

ਈਰਾਨ-ਇਰਾਕ ਜੰਗ ਖ਼ਤਮ ਹੋਣ ਤੋਂ ਬਾਅਦ ਈਰਾਨ ਦੀ ਧਰਤੀ ਤੋਂ ਦੂਜੇ ਦੇਸ਼ 'ਤੇ ਪਹਿਲਾ ਹਮਲਾ ਸੀਰੀਆ ਦੇ ਸ਼ਹਿਰ ਦੀਰ ਅਲ-ਜ਼ੋਰ ਵਿੱਚ 'ਦਾਏਸ਼' ਖ਼ਿਲਾਫ਼ ਹੋਇਆ।

ਇਹ ਆਪਰੇਸ਼ਨ, ਜਿਸ ਨੂੰ 'ਲੈਲਾਤੁਲ ਕਦਰ' ਦਾ ਨਾਂ ਦਿੱਤਾ ਗਿਆ ਸੀ, ਇਸਲਾਮੀ ਕੌਂਸਲ 'ਤੇ 'ਦਾਏਸ਼' ਦੇ ਹਮਲੇ ਦੇ ਜਵਾਬ ਵਿੱਚ ਕੀਤਾ ਗਿਆ ਸੀ। ਇਸ 'ਚ ਕਿਰਮਨ ਸ਼ਾਹ ਅਤੇ ਕੁਰਦਿਸਤਾਨ ਤੋਂ 'ਦਾਏਸ਼' ਦੇ ਹੈੱਡਕੁਆਰਟਰ 'ਤੇ 6 ਮੱਧ ਦੂਰੀ ਤੱਕ ਮਾਰ ਕਰਨ ਵਾਲੀ ਛੇ 'ਜ਼ੁਲਫਿਕਾਰ' ਅਤੇ 'ਕਯਾਮ' ਬੈਲਿਸਟਿਕ ਮਿਜ਼ਾਈਲ ਦਾਗ਼ੀ ਗਈ ਸੀ।

ਫਿਰ ਇਰਾਕ ਦੇ ਕੁਰਦਿਸਤਾਨ ਖੇਤਰ ਵਿੱਚ ਸਥਿਤ ਕਵੈਸਨਜ਼ਕ ਵਿੱਚ ਕੁਰਦਿਸਤਾਨ ਡੈਮੋਕ੍ਰੇਟਿਕ ਪਾਰਟੀ ਆਫ ਈਰਾਨ ਦੇ ਮੁੱਖ ਦਫ਼ਤਰ ਨੂੰ ਸੱਤ 'ਅਲ-ਫਤਹਿ 110' ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾਇਆ ਗਿਆ।

ਇੱਕ ਬਿਆਨ ਵਿੱਚ, ਰੈਵੋਲਿਊਸ਼ਨਰੀ ਗਾਰਡਜ਼ ਨੇ ਐਲਾਨ ਕੀਤਾ ਕਿ ਇਹ ਜੁਲਾਈ 2017 ਵਿੱਚ ਮਾਰੀਵਾਨ ਵਿੱਚ ਸੱਯਦ ਅਲ-ਸ਼ੋਹਦਾ ਹਮਜ਼ਾ ਬੇਸ ਉੱਤੇ ਹਮਲੇ ਦਾ ਬਦਲਾ ਸੀ।

9 ਅਕਤੂਬਰ 2017 ਨੂੰ ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਨੇ ਅਹਵਾਜ ਵਿੱਚ ਹਥਿਆਰਬੰਦ ਬਲਾਂ ਦੀ ਪਰੇਡ 'ਤੇ ਹੋਏ ਹਮਲੇ ਦਾ ਜਵਾਬ ਦਿੰਦਿਆਂ ਹੋਇਆ 'ਮੁਹੱਰਮ ਦਾ ਹਮਲਾʼ ਨਾਮ ਦੀ ਕਾਰਵਾਈ ਵਿੱਚ ਛੇ 'ਕਯਾਮ' ਅਤੇ 'ਜ਼ੁਲਫਿਕਾਰ' ਮਿਜ਼ਾਈਲਾਂ ਤੋਂ ਇਲਾਵਾ ਸੱਤ ਮਿਲਟਰੀ ਡਰੋਨਾਂ ਦੀ ਮਦਦ ਨਾਲ ਫ਼ਰਾਤ ਨਦੀ ਦੇ ਕੰਢੇ ʻਦਾਏਸ਼ʼ ਦੇ ਟਿਕਾਣੇ ਨੂੰ ਤਬਾਹ ਕਰ ਦਿੱਤਾ।

ਮਿਜ਼ਾਈਲ

ਤਸਵੀਰ ਸਰੋਤ, ANI

18 ਜਨਵਰੀ 2018 ਨੂੰ, ਇਰਾਕ ਵਿੱਚ ਅਮਰੀਕਾ ਦੇ ਹੱਥੋਂ ਕੁਦਸ ਫੋਰਸ ਦੇ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਦੇ ਜਵਾਬ ਵਿੱਚ, ਰੈਵੋਲਿਊਸ਼ਨਰੀ ਗਾਰਡਜ਼ ਦੀ ਏਅਰ ਫੋਰਸ ਨੇ 'ਫਤਹਿ-313' ਅਤੇ 'ਕਾਇਮ 2' ਬੈਲਿਸਟਿਕ ਮਿਜ਼ਾਈਲਾਂ ਇਰਾਕ ਵਿੱਚ ਅਮਰੀਕੀ ਫੌਜ ਦੇ ਸਭ ਤੋਂ ਵੱਡੇ ਅੱਡੇ ਏਨੁਲ ਆਸਦ ʼਤੇ ਦਾਗ਼ੀ।

ਇਸ ਤੋਂ ਇਲਾਵਾ ਇਰਾਕ ਦੇ ਕੁਰਦਿਸਤਾਨ ਖੇਤਰ ਦੀ ਰਾਜਧਾਨੀ ਅਰਬੀਲ ਦੇ ਇੱਕ ਅੱਡੇ 'ਤੇ ਵੀ ਹਮਲਾ ਕੀਤਾ ਗਿਆ।

ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਈਰਾਨ ਦੇ ਗੁਆਂਢੀ ਦੇਸ਼ਾਂ 'ਤੇ ਮਿਜ਼ਾਈਲ ਹਮਲਿਆਂ 'ਚ ਵਾਧਾ ਹੋਇਆ ਹੈ।

ਮਾਰਚ 2022 ਵਿੱਚ ਰੈਵੋਲਿਊਸ਼ਨਰੀ ਗਾਰਡਜ਼ ਕੋਰ ਨੇ ਬਜ਼ਕਰੀਮ ਬਰਜ਼ੰਜੀ ਦੇ ਘਰ ਬਾਰ ਫਤਹਿ-110 ਬੈਲਿਸਟਿਕ ਮਿਜ਼ਾਈਲ ਦਾਗ਼ੀ, ਜਿਸ ਬਾਰੇ ਈਰਾਨ ਨੇ ਦਾਅਵਾ ਕੀਤਾ ਸੀ ਕਿ ਕੁਰਦਿਸਤਾਨ ਖੇਤਰ ਵਿੱਚ ਇਜ਼ਰਾਈਲ ਦੇ ਰਣਨੀਤਕ ਕੇਂਦਰਾਂ ਵਿੱਚੋਂ ਇੱਕ ਸੀ।

ਅਗਲੇ ਸਾਲ, ਰੈਵੋਲਿਊਸ਼ਨਰੀ ਗਾਰਡਜ਼ ਏਅਰ ਫੋਰਸ ਨੇ 'ਰਬੀ 1' ਅਤੇ 'ਰਬੀ 2' ਨਾਮ ਦੇ ਅਪਰੇਸ਼ਨਾਂ ਵਿੱਚ ਇਰਾਕੀ ਕੁਰਦਿਸਤਾਨ ਵਿੱਚ ਈਰਾਨੀ ਕੁਰਦ ਪਾਰਟੀਆਂ ਦੇ ਹੈੱਡਕੁਆਰਟਰ 'ਤੇ 'ਫਤਹਿ 360' ਮਿਜ਼ਾਈਲਾਂ ਨਾਲ ਹਮਲਾ ਕੀਤਾ।

ਜਨਵਰੀ 2024 ਵਿੱਚ, ਆਈਆਰਜੀਸੀ ਨੇ ਇੱਕ ਵਾਰ ਫਿਰ ਇਰਾਕੀ ਕੁਰਦ ਵਪਾਰੀ ਦੇ ਘਰ 'ਤੇ ਹਮਲਾ ਕੀਤਾ, ਜਿਸ ਨੂੰ ਇਸਨੇ ਮੋਸਾਦ ਦਾ ਮੁੱਖ ਦਫ਼ਤਰ ਦੱਸਿਆ ਸੀ ਅਤੇ ਨਾਲ ਹੀ ਅਦਲਿਬ ਵਿੱਚ 'ਦਾਏਸ਼' ਅਤੇ ਹਿਜ਼ਬ ਅਲ-ਤੁਰਕਿਸਤਾਨੀ ਦੇ ਟਿਕਾਣਿਆਂ 'ਤੇ ਵੀ ਹਮਲਾ ਕੀਤਾ ਸੀ।

26 ਜਨਵਰੀ, 2024 ਨੂੰ ਰੈਵੋਲਿਊਸ਼ਨਰੀ ਗਾਰਡ ਕੋਰ ਦੀ ਹਵਾਈ ਸੈਨਾ ਨੇ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਜੈਸ਼ ਅਲ-ਅਦਲ ਸਮੂਹ ਦੇ ਕੇਂਦਰ 'ਤੇ ਮਿਜ਼ਾਈਲ ਨਾਲ ਹਮਲਾ ਕੀਤਾ।

ਇਸ ਦੇ ਅਗਲੇ ਹੀ ਦਿਨ ਪਾਕਿਸਤਾਨ ਨੇ ਈਰਾਨ ਦੇ ਸਿਸਤਾਨ ਅਤੇ ਬਲੋਚਿਸਤਾਨ ਸੂਬੇ 'ਚ ਕਈ ਥਾਵਾਂ 'ਤੇ ਮਿਜ਼ਾਈਲਾਂ ਦਾਗ਼ੀਆਂ। ਇਹ ਪਹਿਲੀ ਵਾਰ ਸੀ ਜਦੋਂ ਕਿਸੇ ਦੇਸ਼ ਨੇ ਈਰਾਨ ਦੇ ਮਿਜ਼ਾਈਲ ਹਮਲੇ ਦਾ ਸਿੱਧਾ ਜਵਾਬ ਦਿੱਤਾ ਸੀ।

ਦਮਿਸ਼ਕ 'ਚ ਈਰਾਨ ਦੇ ਕੌਂਸਲ ਹਾਊਸ ਦੀ ਇਮਾਰਤ 'ਤੇ ਇਜ਼ਰਾਈਲ ਦੇ ਮਿਜ਼ਾਈਲ ਹਮਲੇ 'ਚ ਈਰਾਨੀ ਜਨਰਲ ਮੁਹੰਮਦ ਰਜ਼ਾ ਜ਼ਾਹਿਦੀ ਅਤੇ ਆਈਆਰਜੀਸੀ ਦੇ ਛੇ ਹੋਰ ਅਧਿਕਾਰੀਆਂ ਦੀ ਮੌਤ ਤੋਂ ਬਾਅਦ ਈਰਾਨ ਨੇ 'ਵਹਦਾਤੁਲ ਸਾਦਿਕ' ਨਾਂ ਦੀ ਕਾਰਵਾਈ ਦੌਰਾਨ ਸੈਂਕੜੇ ਡਰੋਨ ਅਤੇ ਕਰੂਜ਼ ਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਇਜ਼ਰਾਈਲ 'ਤੇ ਹਮਲੇ ਕੀਤੇ।

ਈਰਾਨ ਨੇ ਦਾਅਵਾ ਕੀਤਾ ਕਿ ਹਮਲਾ ਗੋਲਾਨ ਦੀਆਂ ਪਹਾੜੀਆਂ ਵਿੱਚ ਹਵਾਈ ਪੱਟੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਬੀਬੀਸੀ ਫਾਰਸੀ ਦੀ ਜਾਂਚ ਨੇ ਪਹਿਲਾਂ ਦੱਸਿਆ ਸੀ ਕਿ ਈਰਾਨੀ ਮਿਜ਼ਾਈਲ ਨੇ ਨਵਾਤੀਮ ਏਅਰ ਬੇਸ 'ਤੇ ਘੱਟੋ-ਘੱਟ ਦੋ ਥਾਵਾਂ ਨੂੰ ਨਿਸ਼ਾਨਾ ਬਣਾਇਆ ਅਤੇ ਨੁਕਸਾਨ ਪਹੁੰਚਾਇਆ।

ਕੌਮਾਂਤਰੀ ਸੁਰੱਖਿਆ ਖੋਜਕਾਰ ਵਿਲੀਅਮ ਅਲਬਰਕ ਨੇ ਬੀਬੀਸੀ ਨੂੰ ਦੱਸਿਆ ਕਿ ਇਜ਼ਰਾਈਲ 'ਤੇ ਈਰਾਨ ਦੇ ਮਿਜ਼ਾਈਲ ਹਮਲੇ ਵਿੱਚ ਟੀਚੇ ਨੂੰ ਨਿਸ਼ਾਨਾ ਬਣਾਉਣ ਅਤੇ ਸਹੀ ਟੀਚੇ ਤੱਕ ਪਹੁੰਚਣ ਦੀ ਈਰਾਨੀ ਮਿਜ਼ਾਈਲ ਦੀ ਸਮਰੱਥਾ ਵਿੱਚ ਕੁਝ ਕਮੀ ਦਿਖਾਈ ਹੈ, ਪਰ ਉਨ੍ਹਾਂ ਦੀ ਰਾਇ ਹੈ ਕਿ ਈਰਾਨ ਨੇ ਇਸ ਹਮਲੇ ਤੋਂ ਬਹੁਤ ਕੁਝ ਸਿੱਖਿਆ ਹੈ।

ਉਨ੍ਹਾਂ ਨੇ ਨਾ ਸਿਰਫ਼ ਇਜ਼ਰਾਈਲ ਦੀ ਰੱਖਿਆ ਸਮਰੱਥਾ ਬਾਰੇ ਸਿੱਖਿਆ, ਸਗੋਂ ਈਰਾਨੀ ਮਿਜ਼ਾਈਲਾਂ ਨੂੰ ਰੋਕਣ ਲਈ ਇਜ਼ਰਾਈਲ ਨਾਲ ਮਿਲ ਕੇ ਹੋਰ ਦੇਸ਼ਾਂ ਬਾਰੇ ਵੀ ਬਹੁਤ ਕੁਝ ਸਿੱਖਿਆ।

ਈਰਾਨ ਕਿਉਂ ਵਧਾਈ ਆਪਣੀਆਂ ਮਿਜ਼ਾਈਲਾਂ ਦੀ ਮਾਰਕ ਸਮਰੱਥਾ

ਇਜ਼ਰਾਈਲ ਉੱਤੇ ਇਰਾਨ ਦਾ ਮਿਜ਼ਾਈਲ ਹਮਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਜ਼ਰਾਈਲ ਉੱਤੇ ਇਰਾਨ ਦਾ ਮਿਜ਼ਾਈਲ ਹਮਲਾ

ਈਰਾਨੀ ਕ੍ਰਾਂਤੀ ਤੋਂ ਪਹਿਲਾਂ, ਈਰਾਨ ਦਾ ਸਭ ਤੋਂ ਵੱਡਾ ਸਹਿਯੋਗੀ ਅਮਰੀਕਾ ਸੀ ਅਤੇ ਜ਼ਿਆਦਾਤਰ ਸੈਨਿਕ ਹਥਿਆਰ, ਜਿਨ੍ਹਾਂ ਵਿੱਚ ਲੜਾਕੂ ਜਹਾਜ਼ਾਂ ਸ਼ਾਮਲ ਸਨ, ਅਮਰੀਕਾ ਤੋਂ ਖਰੀਦੇ ਗਏ ਸਨ।

ਈਰਾਨ ਨੇ 160 'ਐੱਫ-5' ਜਹਾਜ਼ ਖਰੀਦੇ ਜੋ ਉਨ੍ਹਾਂ ਦੇਸ਼ਾਂ ਲਈ ਸਸਤੇ ਲੜਾਕੂ ਜਹਾਜ਼ਾਂ ਵਜੋਂ ਤਿਆਰ ਕੀਤੇ ਗਏ ਸਨ ਜੋ ਮਹਿੰਗੇ ਲੜਾਕੂ ਜਹਾਜ਼ ਨਹੀਂ ਖਰੀਦ ਸਕਦੇ ਸਨ। ਪਹਿਲਵੀ ਸ਼ਾਸਨ ਦੌਰਾਨ ਈਰਾਨ ਲਈ ਮੈਕਡੋਨਲ ਡਗਲਸ ਐੱਫ-4 ਲੜਾਕੂ ਜਹਾਜ਼ਾਂ ਦੀ ਵੀ ਵੱਡੀ ਗਿਣਤੀ ਖਰੀਦੀ ਸੀ ਜੋ ਅੱਜ ਵੀ ਹਵਾਈ ਫੌਜ ਦੇ ਬੇੜੇ ਵਿੱਚ ਸ਼ਾਮਲ ਹਨ।

ਫਿਰ ਈਰਾਨ ਦੇ ਸ਼ਾਹ ਨੇ ਉਨ੍ਹਾਂ ਨੂੰ ਨਵਾਂ ਲੜਾਕੂ ਜਹਾਜ਼ ਨਾਲ ਬਦਲਣ ਦਾ ਫ਼ੈਸਲਾ ਕੀਤਾ ਅਤੇ 60 'ਐੱਫ-16' ਟਾਮ ਕੈਟ ਜਹਾਜ਼ ਖਰੀਦੇ ਗਏ। ਉਸ ਸਮੇਂ ਈਰਾਨ ਮੱਧ ਪੂਰਬ ਵਿੱਚ ਸਭ ਤੋਂ ਵੱਧ ਜੰਗੀ ਜਹਾਜ਼ਾਂ ਵਾਲੇ ਦੇਸ਼ਾਂ ਵਿੱਚੋਂ ਇੱਕ ਸੀ।

ਇਸਲਾਮਿਕ ਕ੍ਰਾਂਤੀ ਤੋਂ ਬਾਅਦ, ਤਹਿਰਾਨ ਵਿੱਚ ਦੂਤਾਵਾਸ ਉੱਤੇ ਹਮਲੇ ਅਤੇ ਕਬਜ਼ੇ ਕਾਰਨ ਈਰਾਨ ਅਤੇ ਅਮਰੀਕਾ ਦੇ ਸਬੰਧ ਹਮੇਸ਼ਾ ਲਈ ਖ਼ਤਮ ਹੋ ਗਏ।

ਹਥਿਆਰਾਂ ਦੀ ਪਾਬੰਦੀ ਸਮੇਤ ਕਈ ਅਮਰੀਕੀ ਪਾਬੰਦੀਆਂ ਨਾਲ ਈਰਾਨ ਨੂੰ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਆਧੁਨਿਕ ਹਥਿਆਰਾਂ ਅਤੇ ਲੜਾਕੂ ਜਹਾਜ਼ਾਂ ਨੂੰ ਖਰੀਦਣਾ ਸੰਭਵ ਨਹੀਂ ਸੀ ਅਤੇ ਯੁੱਧ ਦੌਰਾਨ ਇਰਾਕ ਦੀਆਂ ਬੈਲਿਸਟਿਕ ਮਿਜ਼ਾਈਲਾਂ ਨੇ ਈਰਾਨ ਨੂੰ ਅੰਦਰੋਂ ਨਿਸ਼ਾਨਾ ਬਣਾਇਆ, ਇਸ ਲਈ ਉਸ ਨੇ ਰਾਕੇਟ ਪ੍ਰੋਗਰਾਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ।

ਅਜਿਹੇ 'ਚ ਈਰਾਨ ਲਈ ਮਿਜ਼ਾਈਲ ਪ੍ਰੋਗਰਾਮ ਸਭ ਤੋਂ ਵਧੀਆ ਬਦਲ ਸੀ, ਜੋ ਉਸ ਨੂੰ ਰੱਖਿਆ ਹਥਿਆਰ ਦੇ ਤੌਰ 'ਤੇ ਇਸਤੇਮਾਲ ਕਰ ਸਕਦਾ ਸੀ ਅਤੇ ਜੰਗ ਦੀ ਸਥਿਤੀ 'ਚ ਇਸ ਦੀ ਵਰਤੋਂ ਦੂਜੇ ਦੇਸ਼ਾਂ ਤੱਕ ਵੀ ਹੋ ਸਕਦੀ ਸੀ।

ਇਸ ਕਾਰਨ, ਇਸ ਸਮੇਂ ਈਰਾਨ ਦਾ ਮਿਜ਼ਾਈਲ ਪ੍ਰੋਗਰਾਮ ਉਸ ਦੇਸ਼ ਦੇ ਸਭ ਤੋਂ ਆਧੁਨਿਕ ਅਤੇ ਸਭ ਤੋਂ ਮਹੱਤਵਪੂਰਨ ਹਥਿਆਰ ਪ੍ਰੋਗਰਾਮਾਂ ਵਿੱਚ ਗਿਣਿਆ ਜਾਂਦਾ ਹੈ।

ਕੌਮਾਂਤਰੀ ਸੁਰੱਖਿਆ ਅਤੇ ਉਸ ਨਾਲ ਸਬੰਧਤ ਤਕਨੀਕਾਂ ਦੇ ਖੋਜਕਾਰ ਵਿਲੀਅਮ ਅਲਬਰਕ ਦਾ ਕਹਿਣਾ ਹੈ ਕਿ ਇਹ ਮਿਜ਼ਾਈਲ ਲੜਾਕੂ ਜਹਾਜ਼ਾਂ ਦਾ ਇੱਕ ਵਧੀਆ ਬਦਲ ਸੀ।

ਇਸ ਨੂੰ ਜ਼ਿਆਦਾ ਸਿਖਲਾਈ ਅਤੇ ਪਾਇਲਟਾਂ ਦੀ ਲੋੜ ਨਹੀਂ ਸੀ ਅਤੇ ਇਸ ਵਿੱਚ ਆਮ ਨਾਗਰਿਕਾਂ ਲਈ ਘੱਟ ਖ਼ਤਰਾ ਪੈਦਾ ਹੁੰਦਾ ਸੀ ਕਿਉਂਕਿ ਉਨ੍ਹਾਂ ਨੂੰ ਦਾਗ਼ਣਾ ਸੌਖਾ ਸੀ।

ਬੀਬੀਸੀ ਨਾਲ ਗੱਲ ਕਰਦੇ ਹੋਏ, ਉਨ੍ਹਾਂ ਨੇ ਕਿਹਾ, "ਸਪੱਸ਼ਟ ਤੌਰ 'ਤੇ ਈਰਾਨ ਆਪਣੀ ਹਿਸਾਬ ਨਾਲ ਮਿਜ਼ਾਈਲਾਂ ਬਣਾ ਸਕਦਾ ਹੈ ਅਤੇ ਮਿਜ਼ਾਈਲਾਂ ਜੰਗੀ ਜਹਾਜ਼ਾਂ ਨਾਲੋਂ ਬਹੁਤ ਸਸਤੀਆਂ ਹਨ। ਅਜਿਹੇ 'ਚ ਕਈ ਕਾਰਨਾਂ ਕਰਕੇ ਈਰਾਨ ਮਿਜ਼ਾਈਲਾਂ ਦੀ ਤਲਾਸ਼ ਕਰ ਰਿਹਾ ਹੈ।"

ਨੇਟੋ ਹਥਿਆਰ ਨਿਯੰਤਰਣ ਦੇ ਇਸ ਸਾਬਕਾ ਮਾਹਰ ਦਾ ਕਹਿਣਾ ਹੈ ਕਿ ਇਹ ਮਿਜ਼ਾਈਲ ਈਰਾਨ ਲਈ ਸਬ-ਸਟੇਟ ਤੱਤਾਂ ਅਤੇ ਈਰਾਨ 'ਤੇ ਨਿਰਭਰ ਦੇਸ਼ਾਂ ਨਾਲ ਰਾਜਨੀਤਿਕ ਅਤੇ ਫੌਜੀ ਸਬੰਧਾਂ ਲਈ ਬਹੁਤ ਲਾਹੇਵੰਦ ਹਥਿਆਰ ਹੈ।

ਜਿਵੇਂ-ਜਿਵੇਂ ਈਰਾਨ ਦੀਆਂ ਮਿਜ਼ਾਈਲਾਂ ਬਾਰੇ ਜਾਣਕਾਰੀ ਅਤੇ ਹਥਿਆਰਾਂ ਦੇ ਭੰਡਾਰ ਵਧਦਾ ਜਾ ਰਿਹਾ ਹੈ, ਖੇਤਰ ਵਿਵਾਦ ਅਤੇ ਤਣਾਅ ਦਾ ਦਾਇਰਾ ਵੀ ਵਧਦਾ ਜਾ ਰਿਹਾ ਹੈ।

ਹਾਲਾਂਕਿ ਬਹੁਤ ਸਾਰੇ ਮਾਹਰਾਂ ਦੀ ਰਾਇ ਹੈ ਕਿ ਈਰਾਨ ਹੁਣ ਤੱਕ ਖੇਤਰ ਦੇ ਦੇਸ਼ਾਂ ਦੇ ਖ਼ਿਲਾਫ਼ ਕੀਤੇ ਜਾਣ ਵਾਲੇ ਮਿਜ਼ਾਈਲ ਹਮਲਿਆਂ ਤੋਂ ਬਚ ਨਿਕਲਣ ਵਿੱਚ ਸਫ਼ਲ ਰਿਹਾ ਹੈ, ਪਰ ਇਹ ਦੇਖਣਾ ਹੋਵੇਗਾ ਕਿ ਪੱਛਮੀ ਅਤੇ ਮੱਧ ਪੂਰਬ ਦੇ ਦੇਸ਼ਾਂ ਦਾ ਇਹ ਰਣਨੀਤਕ ਧੀਰਜ ਕਿੱਥੋਂ ਤੱਕ ਜਾਂਦਾ ਹੈ।

ਦੂਜੇ ਪਾਸੇ ਇਹ ਸਵਾਲ ਵੀ ਹੈ ਕਿ ਕੀ ਈਰਾਨ ਆਪਣੇ ਮਿਜ਼ਾਈਲ ਪ੍ਰੋਗਰਾਮਾਂ ਬਾਰੇ ਦੁਬਾਰਾ ਗ਼ੌਰ ਕਰਦੇ ਹੋਏ ਉਨ੍ਹਾਂ ਦਾ ਰੇਂਜ ਵਧਾਉਣ ʼਤੇ ਮਜਬੂਰ ਹੋਵੇਗਾ?

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)