ਅੱਖਾਂ ਤੋਂ ਦੇਖ ਨਹੀਂ ਸਕਦੀ ਪਰ ਬ੍ਰਿਟੇਨ ਦੀ ਰਾਜਦੂਤ ਬਣ ਕੇ ਵਿਦੇਸ਼ 'ਚ ਕਿਵੇਂ ਕੰਮ ਕਰਦੀ ਹੈ ਇਹ ਕੁੜੀ

ਵਿਕਟੋਰੀਆ ਆਪਣੇ ਅਗਵਾਈ ਕੁੱਤੇ ਓਟੋ ਨਾਲ
    • ਲੇਖਕ, ਮੁਨਾਜ਼ਾ ਰਫੀਕ਼
    • ਰੋਲ, ਡਿਸੇਬਲਿਟੀ ਮਾਮਲਿਆਂ ਦੇ ਪ੍ਰੋਡਿਊਸਰ

ਵਿਕਟੋਰੀਆ ਹੈਰੀਸਨ ਬ੍ਰਿਟੇਨ ਦੀ ਪਹਿਲੀ ਪੂਰਨ ਰੂਪ ਵਿੱਚ ਜੋਤ ਹੀਣ ਮਹਿਲਾ ਹੈ। ਜੋ ਦੇਸ ਦੀ ਵਿਦੇਸ਼ ਵਿੱਚ ਰਾਜਦੂਤ ਦੇ ਅਹੁਦੇ ਤੱਕ ਪਹੁੰਚੇ ਹਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦਾ ਜੋਤਹੀਣ ਹੋਣਾ ਕਿਵੇਂ ਪੂਰੀ ਦੁਨੀਆਂ ਵਿੱਚ ਅਸਰਦਾਰ ਹਸਤੀਆਂ ਨਾਲ ਰਿਸ਼ਤੇ ਬਣਾਉਣ ਵਿੱਚ ਉਨ੍ਹਾਂ ਦੀ ਮਦਦ ਕਰ ਸਕਦਾ ਹੈ।

ਵਿਕਟੋਰੀਆ ਅਗਸਤ ਵਿੱਚ ਸਲੋਵੇਨੀਆ ਦੀ ਰਾਜਧਾਨੀ ਲਿਉਬਲਿਆਨਾ ਵਿੱਚ ਬ੍ਰਿਟੇਨ ਦੀ ਨੁਮਾਇੰਦਗੀ ਕਰਨਗੇ।

ਉਸ ਤੋਂ ਪਹਿਲਾਂ ਉਹ ਸਲੋਵੇਨ ਬੋਲੀ ਵਿੱਚ ਮੁਹਾਰਤ ਬਣਾਉਣ ਵਿੱਚ ਰੁੱਝੇ ਹੋਏ ਹਨ।

ਕਿਸੇ ਵੀ ਕੂਟਨੀਤਿਕ ਲਈ ਕੋਈ ਵਿਦੇਸ਼ੀ ਭਾਸ਼ਾ ਸਿੱਖਣਾ ਅਹਿਮ ਹੁੰਦਾ ਹੈ ਅਤੇ ਵਿਕਟੋਰੀਆ ਨੂੰ ਲਗਦਾ ਹੈ ਕਿ ਉਨ੍ਹਾਂ ਦੇ ਨਾਮ ਅੱਗੇ ਲੱਗਣ ਵਾਲਾ ਵਿਕਲਾਂਗ ਸ਼ਬਦ, ਉਨ੍ਹਾਂ ਦੀ ਸਥਿਤੀ ਨੂੰ ਖਾਸ ਬਣਾਉਂਦਾ ਹੈ।

ਨਵੇਂ ਘਰ ਤੋਂ ਜਾਣੂ ਹੋਣਾ, ਨਵੇਂ ਰਸਤਿਆਂ ਨੂੰ ਯਾਦ ਕਰਨਾ ਅਤੇ ਆਪਣੇ ਕੁੱਤੇ ਓਟੋ, ਦੀ ਮਦਦ ਨਾਲ ਦਫ਼ਤਰ ਅਤੇ ਰੈਸਟੋਰੈਂਟਾਂ ਬਾਰੇ ਜਾਨਣਾ (ਆਪਣੇ ਕੰਮ ਤੋਂ ਇਲਾਵਾ) ਵਿਕਟੋਰੀਆ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਹੈ।

ਉਹ ਦੱਸਦੇ ਹਨ,“ਆਪਣੀ ਪਹਿਲੀ ਵਿਦੇਸ਼ੀ ਨਿਯੁਕਤੀ ਵਿੱਚ, ਮੈਨੂੰ ਨਹੀਂ ਪਤਾ ਸੀ ਕਿ ਮੇਰੀ ਰਿਹਾਇਸ਼ ਦੇ ਨਾਲ ਹੀ ਇੱਕ ਬਹੁਤ ਵਧੀਆ ਕੈਫੇ ਸੀ, ਕਿਉਂਕਿ ਮੈਂ ਕਦੇ ਉੱਥੇ ਗਈ ਹੀ ਨਹੀਂ, ਬਸ ਸਾਹਮਣੇ ਤੋਂ ਲੰਘ ਜਾਂਦੀ ਸੀ।”

ਜਨਮ ਸਮੇਂ ਵਿਕਟੋਰੀਆ ਦੀ ਨਜ਼ਰ ਸਧਾਰਣ ਸੀ ਪਰ ਬਾਅਦ ਵਿੱਚ ਅੱਖ ਵਿੱਚ ਕੁਝ ਨੁਕਸ ਪੈਦਾ ਹੋ ਗਿਆ ਅਤੇ ਹੌਲੀ-ਹੌਲੀ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਜਾਂਦੀ ਰਹੀ।

ਯੂਨੀਵਰਸਿਟੀ ਦੀ ਪੜ੍ਹਾਈ ਤੋਂ ਬਾਅਦ ਉਨ੍ਹਾਂ ਦੀ ਨਜ਼ਰ ਬਿਲਕੁਲ ਹੀ ਚਲੀ ਗਈ ਸੀ।

“ਦੂਜੇ ਲੋਕਾਂ ਦੇ ਮੁਕਾਬਲੇ ਘੱਟ ਨਜ਼ਰ ਨਾਲ ਵੱਡੇ ਹੋਣਾ ਹਮੇਸ਼ਾ ਸੌਖਾ ਨਹੀਂ ਰਿਹਾ।”

ਹਾਲਾਂਕਿ ਉਨ੍ਹਾਂ ਨੂੰ ਅਜਿਹਾ ਕਦੇ ਨਹੀਂ ਲੱਗਿਆ ਕਿ ਜੋਤਹੀਣ ਹੋਣਾ ਉਨ੍ਹਾਂ ਨੂੰ ਕੂਟਨੀਤੀ ਵਿੱਚ ਜ਼ਿੰਦਗੀ ਬਣਾਉਣ ਤੋਂ ਰੋਕ ਸਕਦਾ ਹੈ।

ਇੱਕ ਅਲ੍ਹੱੜ ਵਜੋਂ ਜਦੋਂ ਉਨ੍ਹਾਂ ਨੇ ਬਰਲਿਨ ਦੀ ਕੰਧ ਢਾਹੇ ਜਾਣ ਦੀਆਂ ਖ਼ਬਰਾਂ ਦੇਖੀਆਂ ਤਾਂ ਉਨ੍ਹਾਂ ਦੀ ਦਿਲਚਸਪੀ ਵਿਦੇਸ਼ੀ ਕੂਟਨੀਤੀ ਵਿੱਚ ਪੈਦਾ ਹੋਈ।

ਉਨ੍ਹਾਂ ਨੇ ਆਪਣੇ ਪਿਤਾ ਨੂੰ ਪੁੱਛਿਆ ਕਿ ਕੂਟਨੀਤਿਕ ਕੀ ਕਰਦੇ ਹਨ, ਜਵਾਬ ਮਿਲਿਆ, “ਉਨ੍ਹਾਂ ਨੂੰ ਦੁਨੀਆਂ ਵਿੱਚ ਘੁੰਮਣ, ਭਾਸ਼ਾਵਾਂ ਸਿੱਖਣ ਅਤੇ ਆਪਣੇ ਦੇਸ ਦੀ ਨੁਮਾਇੰਦਗੀ ਕਰਨ ਦੇ ਪੈਸੇ ਮਿਲਦੇ ਹਨ।”

ਵਿਕਟੋਰੀਆ ਨੂੰ ਇਹ ਦਿਲਚਸਪ ਲੱਗਿਆ।

ਬਰਲਿਨ ਦੀ ਕੰਧ ਢਾਹੇ ਜਾਣ ਦਾ ਦ੍ਰਿਸ਼

ਤਸਵੀਰ ਸਰੋਤ, PATRICK HERTZOG/AFP via Getty Images

'ਇੱਥੇ ਤਾਂ ਬਹੁਤ ਮੁਕਾਬਲਾ ਹੈ'

ਵਿਕਲਾਂਗ ਲੋਕਾਂ ਨੂੰ ਰੁਜ਼ਗਾਰ ਵਿੱਚ ਦਰਪੇਸ਼ ਮੁਸ਼ਕਿਲਾਂ ਅਤੇ ਅੜਚਨਾਂ ਨੂੰ ਹਟਾਉਣ ਲਈ ਸੰਨ 1995 ਵਿੱਚ ਡਿਸੇਬਲਿਟੀਜ਼ ਡਿਸਕ੍ਰਿਮੀਨੇਸ਼ਨ ਐਕਟ ਲਿਆਂਦਾ ਗਿਆ ਸੀ, ਜਿਸ ਦੀ ਥਾਂ ਬਾਅਦ ਵਿੱਚ ਇਕੂਐਲਿਟੀਜ਼ ਐਕਟ ਲਾਗੂ ਕਰ ਦਿੱਤਾ ਗਿਆ ਸੀ।

ਇਸ ਤੋਂ ਇੱਕ ਸਾਲ ਬਾਅਦ ਵਿਕਟੋਰੀਆ ਨੂੰ ਬ੍ਰਿਟੇਨ ਦੇ ਵਿਦੇਸ਼ ਮੰਤਰਾਲੇ ਵਿੱਚ ਅੰਡਰ-ਗਰੈਜੂਏਟ ਵਰਕ-ਐਕਸਪੀਰੀਐਂਸ ਯੋਜਨਾ ਦੇ ਤਹਿਤ ਕੰਮ ਕਰਨ ਦਾ ਮੌਕਾ ਮਿਲਿਆ। ਕੰਮ ਕਰਨ ਬਾਰੇ ਉਨ੍ਹਾਂ ਦੇ ਡਰ ਵਿਕਲਾਂਗਤਾ ਨਾਲ ਜੁੜੇ ਹੋਏ ਨਹੀਂ ਸਨ ਸਗੋਂ ਉਨ੍ਹਾਂ ਦੇ ਆਪਣੇ ਤੌਖਲ ਸਨ।

ਉਹ ਕਹਿੰਦੇ ਹਨ, ਮੈਨੂੰ ਲੱਗਿਆ, “ਮੈਂ ਸ਼ਾਇਦ ਇੰਨੀ ਹੁਸ਼ਿਆਰ ਨਹੀਂ ਹਾਂ, ਮੈਂ ਆਕਸਫੋਰਡ ਨਹੀਂ ਗਈ ਹਾਂ। ਇਸ ਵਿੱਚ ਤਾਂ ਬਹੁਤ ਮੁਕਾਬਲਾ ਹੈ।”

ਵਿਦੇਸ਼ ਅਤੇ ਰਾਸ਼ਟਰਮੰਡਲ ਮੰਤਰਾਲੇ ਨੇ ਵਿਕਟੋਰੀਆ ਨੂੰ ਮਾਸਕੋ ਵਿੱਚ ਇੰਟਰਨਸ਼ਿਪ ਦੀ ਪੇਸ਼ਕਸ਼ ਕੀਤੀ। ਜਦੋਂ ਉਨ੍ਹਾਂ ਨੇ ਦੱਸਿਆ ਕਿ ਉਹ “ਇੱਕ ਜੋਤਹੀਣ ਵਜੋਂ ਰਜਿਸਟਰਡ ਹਨ ਤਾਂ ਫੋਨ ਦੇ ਦੂਜੇ ਪਾਸੇ ਚੁੱਪ ਪਸਰ ਗਈ।“

“ਫਿਰ ਉਨ੍ਹਾਂ ਨੇ ਕਿਹਾ, ਸਾਡੇ ਸੰਗਠਨ ਵਿੱਚ ਕੋਈ ਵੀ ਵਿਅਕਤੀ ਜੋਤਹੀਣ ਨਹੀਂ ਹੈ।”

ਉਨ੍ਹਾਂ ਨੂੰ ਉਸ ਫੋਨ ਕਾਲ ਤੋਂ ਦੁਖ ਨਾਲੋਂ ਕਿਤੇ ਜ਼ਿਆਦਾ ਹੈਰਾਨੀ ਹੋਈ।

ਉਨ੍ਹਾਂ ਨੂੰ ਹਮੇਸ਼ਾ ਲੱਗਿਆ ਕਿ ਹੈ ਜੋਤਹੀਣ ਹੋਣ ਨਾਲੋਂ ਉਨ੍ਹਾਂ ਦਾ ਜੂਨੀਅਰ ਹੋਣਾ ਜਾਂ ਇੱਕ ਔਰਤ ਹੋਣਾ ਉਨ੍ਹਾਂ ਦੇ ਰਸਤੇ ਦੀ ਰੁਕਾਵਟ ਜ਼ਿਆਦਾ ਬਣ ਸਕਦਾ ਹੈ।

ਕੁਝ ਦਿਨਾਂ ਬਾਅਦ ਉਨ੍ਹਾਂ ਦੀ ਨਿਯੁਕਤੀ ਦੀ ਪੁਸ਼ਟੀ ਕਰ ਦਿੱਤੀ ਗਈ।

'ਇਹ ਇੱਕ ਨਵੇਕਲਾਪਨ ਸੀ'

ਵਿਕਟੋਰੀਆ ਦੀ ਅਲ੍ਹੜ ਉਮਰ ਦੀ ਤਸਵੀਰ

ਤਸਵੀਰ ਸਰੋਤ, Victoria Harrison

ਸੰਨ 1997 ਵਿੱਚ ਵਿਕਟੋਰੀਆ ਨੂੰ ਵਿਦੇਸ਼ ਮੰਤਰਾਲੇ ਵਿੱਚ ਸਥਾਈ ਨੌਕਰੀ ਮਿਲ ਗਈ। ਜਿੱਥੇ ਉਹ ਕਿਸੇ ਘੋਸ਼ਿਤ ਵਿਕਲਾਂਗਤਾ ਨਾਲ ਕੰਮ ਕਰਨ ਵਾਲੇ ਪਹਿਲੇ ਜਣੇ ਸਨ।

ਵਿਕਟੋਰੀਆ ਦੱਸਦੇ ਹਨ, “ਇਹ ਇੱਕ ਨਵੇਕਲਾਪਨ ਸੀ”।

ਉੱਥੇ (ਹੋਰ) ਲੋਕ ਨਹੀਂ ਸਨ ਜਿਨ੍ਹਾਂ ਵਿੱਚ ਬਹੁਤ ਮਹੱਤਵਪੂਰਨ ਵਿਕਲਾਂਗਤਾਵਾਂ ਹੋਣ।

ਵਿਦੇਸ਼ ਮੰਤਰਾਲੇ ਅਜੇ ਡਿਸੇਬਲਿਟੀ ਡਿਸਕ੍ਰਿਮੀਨੇਸ਼ਨ ਐਕਟ ਨਾਲ ਆਉਣ ਵਾਲੀਆਂ ਤਬਦੀਲੀਆਂ ਸਦਕਾ ਪੈਦਾ ਹੋਣ ਵਾਲੀਆਂ ਚੁਣੌਤੀਆਂ ਨਾਲ ਸਿੱਝਣਾ ਸਿੱਖ ਰਿਹਾ ਸੀ।

ਉਨ੍ਹਾਂ ਕੋਈ ਅਜਿਹਾ ਕੰਪਿਊਟਰ ਦੇਣ ਵਿੱਚ ਛੇ ਮਹੀਨੇ ਲੱਗ ਗਏ ਜਿਸ ਉੱਤੇ ਵਿਕਟੋਰੀਆ ਕੰਮ ਕਰ ਸਕਣ।

ਉਹ ਦੱਸਦੇ ਹਨ,“ਅਜਿਹਾ ਨਹੀਂ ਸੀ ਕਿ ਲੋਕ ਮੇਰੀ ਮਦਦ ਨਹੀਂ ਕਰਨਾ ਚਾਹੁੰਦੇ ਸਨ। ਸਗੋਂ ਅਸੀਂ ਇੱਕ ਅਜਿਹੇ ਸੰਗਠਨ ਵਿੱਚ ਸੀ...ਜਿੱਥੇ ਅਸੀਂ ਇੱਕੋ ਸਮੇਂ ਜਹਾਜ਼ ਬਣਾ ਵੀ ਰਹੇ ਸੀ ਅਤੇ ਉਡਾ ਵੀ ਰਹੇ ਸੀ।”

ਉਨ੍ਹਾਂ ਦੇ ਅੰਦਰ ਖੁਦ ਨੂੰ ਲੈ ਕੇ ਸ਼ੱਕ ਉਦੋਂ ਪੈਦਾ ਹੋਣ ਲੱਗੇ ਜਦੋਂ ਉਨ੍ਹਾਂ ਨੇ ਸਹਿ-ਕਰਮੀ ਤਰੱਕੀ ਕਰਦੇ ਦੇਖਿਆ।

“ਅਤੇ ਮੇਰੇ ਲੋਕ ਤਾਂ ਮਨ੍ਹਾਂ ਕਰਨ ਵਾਲਿਆਂ ਨੂੰ ਗ਼ਲਤ ਸਾਬਤ ਕਰਨ ਦਾ ਮੌਕਾ ਵੀ ਨਹੀਂ ਸੀ।”

ਕੁਝ ਲੋਕਾਂ ਨੇ ਤਾਂ ਇਹ ਵੀ ਕਿਹਾ ਕਿ ਵਿਕਟੋਰੀਆ ਨੂੰ ਇਹ ਨੌਕਰੀ ਮਹਿਜ਼ ਇੱਕ ਟੋਕਨਵਾਦ ਹੈ ਜਾਂ ਬਰਾਬਰੀ ਦੇ ਆਂਕੜਿਆਂ ਨੂੰ ਵਧੀਆ ਕਰਨ ਲਈ ਦਿੱਤੀ ਗਈ ਹੈ।

ਬ੍ਰਿਟੇਨ ਵਿੱਚ ਲੋਕਾਂ ਦਾ ਨਜ਼ਰੀਆ ਹੌਲੀ-ਹੌਲੀ ਬਦਲਣਾ ਸ਼ੁਰੂ ਹੋਇਆ ਸੀ— ਪਰ ਦੋ ਸਾਲ ਬਾਅਦ ਜਦੋਂ ਉਹ ਕਿਸੇ ਵਿਦੇਸ਼ੀ ਧਰਤੀ ਉੱਪਰ ਆਪਣੀ ਪਹਿਲੀ ਨਿਯੁਕਤੀ ਦੀ ਕੋਸ਼ਿਸ਼ ਕਰ ਰਹੇ ਸਨ— ਤਾਂ ਕੁਝ ਸਫਾਰਤਖਾਨਿਆਂ ਦੀ ਉਨ੍ਹਾਂ ਦੀ ਵਿਕਲਾਂਗਤਾ ਪ੍ਰਤੀ ਹੈਰਾਨੀਜਨਕ ਪ੍ਰਤੀਕਿਰਿਆ ਸੀ।

ਉਨ੍ਹਾਂ ਦੇ ਯਾਦ ਹੈ ਕਿਸੇ ਨੇ ਕਿਹਾ ਸੀ, “ਇਸ ਵਿਅਕਤੀ ਨੂੰ ਵਿਦੇਸ਼ੀ ਬੋਲੀ ਬੋਲਣੀ ਪਵੇਗੀ ਅਤੇ ਇੱਕ ਜੋਤ ਹੀਣ ਹੋਣ ਕਾਰਨ ਇਹ ਨਹੀਂ ਸਿੱਖ ਸਕੇਗੀ।”

ਉਦੋਂ ਤੋਂ ਵਿਕਟੋਰੀਆ ਹੈਲਸੈਂਕੀ ਅਤੇ ਸਾਰਾਜੇਵੋ ਵਿੱਚ ਨਿਯੁਕਤ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਰੇਕ ਦੇਸ ਨਵੇਕਲੀਆਂ ਚੁਣੌਤੀਆਂ ਲੈ ਕੇ ਆਉਂਦਾ ਹੈ।

ਉਨ੍ਹਾਂ ਨੂੰ ਲਗਦਾ ਹੈ ਕਿ ਲੋਕਾਂ ਦੀ ਉਨ੍ਹਾਂ ਵਿੱਚ ਸੁਭਾਵਕ ਦਿਲਚਸਪੀ ਹੁੰਦੀ ਹੈ— ਅਤੇ ਜੋਤ ਹੀਣ ਹੋਣ ਕਾਰਨ ਵਿਚਾਰ-ਚਰਚਾ ਦੀ ਨਫ਼ਾਸਤ ਦੌਰਾਨ ਨਿੱਜੀ ਰਿਸ਼ਤੇ ਬਣਾਉਣ ਵਿੱਚ ਉਨ੍ਹਾਂ ਦੀ ਮਦਦ ਕਰਦਾ ਹੈ।

ਵਿਕਟੋਰੀਆ ਕਹਿੰਦੇ ਹਨ, “ਹੋ ਸਕਦਾ ਹੈ ਮੈਨੂੰ ਕਿਸੇ ਬੈਠਕ ਤੋਂ ਬਾਹਰ ਆਉਣ ਲਈ ਕਿਸੇ ਦੀ ਬਾਂਹ ਫੜਨੀ ਪਵੇ।”

“ਅਜਿਹੀਆਂ ਚੀਜ਼ਾਂ ਇੱਕ ਮਨੁੱਖੀ ਜੁੜਾਅ ਪੈਦਾ ਕਰਦੀਆਂ ਹਨ ਜੋ ਰਿਸ਼ਤੇ ਖੜ੍ਹੇ ਕਰਨ ਵਿੱਚ ਵਾਕਈ ਮਦਦਗਾਰ ਹੈ।”

ਇਹ ਪੱਖ ਵਿਕਟੋਰੀਆ ਦੇ ਲਈ ਹੋਰ ਵੀ ਪਹਿਲੂਆਂ ਤੋਂ ਉਪਯੋਗੀ ਹੈ।

ਉਹ ਅਕਸਰ ਆਪਣੇ ਬਾਰੇ ਸਾਵਧਾਨ ਰਹਿੰਦੇ ਹਨ। ਖਾਸ ਕਰਕੇ ਜਿਹੜੇ ਮੌਕਿਆਂ ਉੱਤੇ ਖਾਣਾ-ਪੀਣਾ ਵੀ ਸ਼ਾਮਲ ਹੋਵੇ। ਉਦੋਂ ਕਈ ਵਾਰ ਉਨ੍ਹਾਂ ਨੂੰ ਵਾਈਨ ਦਾ ਕੋਈ ਗਲਾਸ ਡੇਗ ਦੇਣ ਦੀ ਫਿਕਰ ਲੱਗੀ ਰਹਿੰਦੀ ਹੈ।

ਅਜਿਹੇ ਹੀ ਇੱਕ ਰਾਤਰੀ ਭੋਜ ਸਮੇਂ ਯੂਕੇ ਦੇ ਫੌਰਨ ਸੈਕਰੇਟਰੀ ਦੀ ਟੀਮ ਨੇ ਦੇਖਿਆ ਕਿ ਵਿਕਟੋਰੀਆ ਨੇ ਆਪਣਾ ਛੁਰੀ ਕਾਂਟਾ ਉਦੋਂ ਚੁੱਕ ਲਿਆ ਸੀ ਜਦੋਂ ਕਿ ਅਜੇ ਸਿਰਫ਼ ਸਟਾਰਟਰ ਹੀ ਲਾਇਆ ਗਿਆ ਸੀ।

ਫਿਰ ਉਨ੍ਹਾਂ ਨੇ ਵਿਕਟੋਰੀਆ ਦੇ ਕੰਨ ਵਿੱਚ ਦੱਸਿਆ ਕਿ ਇਹ ਤਾਂ ਸੂਪ ਹੈ, ਤਾਂ ਜੋ ਉਹ ਚਮਚਾ ਚੁੱਕ ਸਕਣ।

ਵਿਕਟੋਰੀਆ ਕਹਿੰਦੇ ਹਨ, “ਮੈਂ ਕਿਹਾ ਸ਼ੁਕਰ ਹੈ”।

“ਇਸ ਨਾਲ ਮੈਂ ਗੱਲਬਾਤ ਉੱਪਰ ਵੀ ਧਿਆਨ ਦੇ ਸਕੀ, ਜਿਸ ਬਾਰੇ ਮੈਂ ਬਾਅਦ ਵਿੱਚ ਰਿਪੋਰਟ ਲਿਖਣੀ ਸੀ।”

'ਬਹੁਤ ਥਾਂ 'ਤੇ ਪਹਿਲੀ ਰਹੀ ਹਾਂ'

ਵਿਕਟੋਰੀਆ ਵਿਦੇਸ਼ ਮੰਤਰਾਲੇ ਵਿੱਚ ਕੰਮ ਕਰਨ ਵਾਲਾ ਪਹਿਲਾ ਜੋਤ ਹੀਣ, ਵਿਦੇਸ਼ ਵਿੱਚ ਕੰਮ ਕਰਨ ਵਾਲਾ ਪਹਿਲਾ ਜੋਤ ਹੀਣ ਅਤੇ ਹੁਣ ਸਲੋਵੇਨੀਆ ਦੀ ਭੂਮਿਕਾ ਵਿੱਚ ਉਹ ਪਹਿਲੇ ਜੋਤ ਹੀਣ ਰਾਜਦੂਤ ਬਣਨ ਜਾ ਰਹੇ ਹਨ।

ਇਹ ਕਿਵੇਂ ਲਗਦਾ ਹੈ ਤਾਂ ਉਹ ਹਸਦੇ ਹੋਏ ਕਹਿੰਦੇ ਹਨ “ਇਹ ਮੋਹਰੀ ਹੋਣ ਵਰਗਾ ਹੈ।”

ਇਹ “ਤਕਨੀਕੀ ਰੂਪ ਹਾਂ ਮੈਂ, ਬਹੁਤ ਕੁਝ ਪਹਿਲੀ ਵਾਰ ਕੀਤਾ ਹੈ।”

ਉਹ ਕਹਿੰਦੇ ਹਨ, “ਮੈਨੂੰ ਪਹਿਲਾ ਸ਼ਬਦ ਪਸੰਦ ਨਹੀਂ ਹੈ। ਕਿਉਂਕਿ ਇਸ ਤੋਂ ਇੰਝ ਲਗਦਾ ਹੈ ਜਿਵੇਂ ਮੈਂ ਹੀ ਸਾਰਾ ਕੁਝ ਸ਼ੁਰੂ ਕੀਤਾ ਹੋਵੇ— ਇਹ ਤਾਂ ਬਸ ਹੋ ਗਿਆ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)