ਰੂਪਕੰਵਰ ਸਤੀ ਕਾਂਡ: ਅੱਠ ਮੁਲਜ਼ਮ ਬਰੀ ਪਰ ਇਸ ਮਾਮਲੇ ਨੇ ਕਿਵੇਂ ਰਾਜਸਥਾਨ ਦੀ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ

ਤਸਵੀਰ ਸਰੋਤ, Mohar Singh/BBC
- ਲੇਖਕ, ਤ੍ਰਿਭੂਵਨ
- ਰੋਲ, ਸੀਨੀਅਰ ਪੱਤਰਕਾਰ
ਰਾਜਸਥਾਨ ਦੇ ਮਸ਼ਹੂਰ ਰੂਪਕੰਵਰ ਸਤੀ ਕਾਂਡ ਦੇ ਅੱਠ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ।
ਇਸ ਫ਼ੈਸਲੇ ਤੋਂ ਬਾਅਦ 14 ਮਹਿਲਾ ਸੰਗਠਨਾਂ ਦੇ ਸਮੂਹ ਨੇ ਕਿਹਾ ਹੈ ਕਿ ਇਹ ਫ਼ੈਸਲਾ ਸਤੀ ਪ੍ਰਥਾ ਨੂੰ ਉਤਸ਼ਾਹਿਤ ਕਰਨ ਵਾਲਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਮੁੱਖ ਮੰਤਰੀ ਭਜਨ ਲਾਲ ਤੋਂ ਇਸ ਫ਼ੈਸਲੇ ਖ਼ਿਲਾਫ਼ ਅਪੀਲ ਦਾਇਰ ਕਰਨ ਦੀ ਮੰਗ ਕੀਤੀ ਹੈ।
ਦਿਵਰਾਲਾ ਸਤੀ ਕਾਂਡ ਵੇਲੇ ਰੂਪਕੰਵਰ ਦੀ ਉਮਰ 18 ਸਾਲ ਅਤੇ ਕੁਝ ਮਹੀਨੇ ਸੀ।
ਘਟਨਾ ਤੋਂ 37 ਸਾਲ ਬਅਦ ਇਸ ਮਾਮਲੇ ਦਾ ਫ਼ੈਸਲਾ ਆਇਆ ਹੈ। ਸਤੀ ਕਾਂਡ ਤੋਂ ਬਾਅਦ ਸਤੀ ਪ੍ਰਥਾ ਨੂੰ ਉਤਸ਼ਾਹਿਤ ਕਰਨ ਵਾਲਿਆਂ ਖ਼ਿਲਾਫ਼ ਮੁਕੱਦਮਾ ਚੱਲ ਰਿਹਾ ਸੀ।
ਇਸ ਦਾ ਮਤਲਬ ਹੈ ਕਿ ਰੂਪਕੰਵਰ ਦੀ ਉਮਰ ਨਾਲੋਂ ਦੁੱਗਣਾ ਸਮਾਂ ਅਦਾਲਤ ਵਿੱਚ ਲੱਗਿਆ।
ਸਮਾਜਿਕ ਨਿਆਂ ਅਤੇ ਔਰਤਾਂ ਦੇ ਅਧਿਕਾਰਾਂ ਲਈ ਲਗਾਤਾਰ ਸੰਘਰਸਸ਼ੀਲ ਰਹੇ ਕਵਿਤਾ ਸ਼੍ਰੀਵਾਸਤਵ ਦੇ 1215 ਦੇ ਮੈਗਨਾਕਾਰਟਾ ਤੋਂ ਵੀ ਪੁਰਾਣੇ ਸਮੇਂ ਤੋਂ ਚਲੀ ਆ ਰਹੇ ਅਜਿਹੇ ਫ਼ੈਸਲਿਆਂ ਨੂੰ ਰੇਖਾਂਕਿਤ ਕਰਨ ਵਾਲੇ ਬਿਆਨ ਨੂੰ ਦੁਹਰਾਇਆ ਹੈ, “ਨਿਆਂ ਵਿੱਚ ਦੇਰੀ ਹੋਈ, ਨਿਆਂ ਤੋਂ ਇਨਕਾਰ ਕੀਤਾ ਗਿਆ। ਕਰੀਬ 37 ਸਾਲਾਂ ਬਾਅਦ ਹੁਣ ਇਸ ਦਾ ਕੀ ਮਤਲਬ ਹੈ?”
“ਇਸ ਮਾਮਲੇ 'ਚ 2004 'ਚ ਜਦੋਂ ਭਾਜਪਾ ਅਤੇ ਕਾਂਗਰਸ ਦੇ ਆਗੂਆਂ ਸਣੇ ਲੋਕ ਬਰੀ ਹੋ ਗਏ ਸਨ। ਇਸ ਲਈ ਤਤਕਾਲੀ ਵਸੁੰਧਰਾ ਰਾਜੇ ਸਰਕਾਰ ਨੇ ਅਪੀਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਵੀ ਕੋਈ ਅਪੀਲ ਹੋਵੇਗੀ, ਇਸ ਦੀ ਸੰਭਾਵਨਾ ਨਹੀਂ ਹੈ।"
ਰਾਜਸਥਾਨ ਦੇ ਤਤਕਾਲੀ ਮੁੱਖ ਮੰਤਰੀ ਹਰੀਦੇਵ ਜੋਸ਼ੀ ਨੂੰ ਅਸਤੀਫ਼ਾ ਦੇਣਾ ਪਿਆ ਸੀ।
ਰੂਪਕੰਵਰ ਦੇ ਸਤੀ ਕੇਸ ਵਿੱਚੋਂ ਭਾਵੇਂ ਇੱਕ-ਇੱਕ ਕਰਕੇ ਬਹੁਤੇ ਮੁਲਜ਼ਮ ਬਰੀ ਹੁੰਦੇ ਰਹੇ ਹੋਣ ਪਰ ਅੱਜ ਵੀ ਇਸ ਘਟਨਾ ਨੂੰ ਲੈ ਕੇ ਦਿਬਰਾਲਾ ਵਿੱਚ ਚੁੱਪ ਗੂੰਜਦੀ ਹੈ।
ਇੰਝ ਜਾਪਦਾ ਹੈ ਜਿਵੇਂ ਲੋਕ ਬੇਜ਼ੁਬਾਨ ਹੋ ਗਏ ਹੋਣ।
ਦੁਨੀਆਂ ਭਰ ਵਿੱਚ ਰੌਲਾ ਪਾਉਣ ਵਾਲੇ ਇਸ ਪਿੰਡ ਵਿੱਚ ਹੁਣ ਸਤੀ ਪ੍ਰਥਾ ਬਾਰੇ ਕੋਈ ਆਵਾਜ਼ ਨਹੀਂ ਉੱਠਦੀ।

ਕੀ ਕਿਹਾ ਮਹਿਲਾ ਸੰਗਠਨਾਂ ਨੇ?
ਰੂਪ ਕੰਵਰ ਸਤੀ ਕਾਂਡ ਮਾਮਲੇ ਵਿੱਚ ਫ਼ੈਸਲਾ ਆਉਣ ਤੋਂ ਬਾਅਦ 14 ਮਹਿਲਾ ਸੰਗਠਨਾਂ ਦੇ ਸਮੂਹ ਨੇ ਸਾਂਝਾ ਬਿਆਨ ਜਾਰੀ ਕੀਤਾ ਹੈ।
ਇਸ ਬਿਆਨ ਵਿੱਚ ਜਥੇਬੰਦੀਆਂ ਨੇ ਮੁੱਖ ਮੰਤਰੀ ਭਜਨ ਲਾਲ ਤੋਂ ਮੰਗ ਕੀਤੀ ਹੈ ਕਿ ਬਰੀ ਕੀਤੇ ਗਏ ਵਿਅਕਤੀਆਂ ਖ਼ਿਲਾਫ਼ ਅਪੀਲ ਦਾਇਰ ਕੀਤੀ ਜਾਵੇ ਜਾਂ ਕੋਈ ਹੋਰ ਕਦਮ ਚੁੱਕੇ ਜਾਣ, ਤਾਂ ਜੋ ਇਨਸਾਫ਼ ਵਿੱਚ ਯਕੀਨ ਬਣਿਆ ਰਹਿ ਸਕੇ।
ਨਾਲ ਹੀ ਇਨ੍ਹਾਂ ਸਮੂਹਾਂ ਨੇ ਸੂਬੇ ਵਿੱਚ ਸਤੀ ਪ੍ਰਥਾ ਨੂੰ ਉਤਸ਼ਾਹਿਤ ਨਾ ਕਰਨ ਦੀ ਅਪੀਲ ਕੀਤੀ ਹੈ।
ਸੰਗਠਨਾਂ ਨੇ ਕਿਹਾ ਹੈ, “31 ਜਨਵਰੀ 2004 ਨੂੰ 17 ਤੋਂ ਵੱਧ ਲੋਕਾਂ ਨੂੰ ਬਰੀ ਕਰ ਦਿੱਤਾ ਗਿਆ ਸੀ।”
“ਇਨ੍ਹਾਂ ਵਿੱਚ ਉਹ ਮਾਮਲੇ ਵੀ ਸ਼ਾਮਲ ਸਨ, ਜਿਨ੍ਹਾਂ ਵਿੱਚ ਤਤਕਾਲੀ ਸਿਹਤ ਮੰਤਰੀ ਰਾਜਿੰਦਰ ਸਿੰਘ ਰਾਠੌਰ, ਖੁਰਾਕ ਤੇ ਆਵਾਜਾਈ ਮੰਤਰੀ ਪ੍ਰਤਾਪ ਸਿੰਘ ਖਾਚਰਿਯਾਵਾਸ, ਸਤੀ ਧਰਮ ਰਕਸ਼ਾ ਸਮਿਤੀ ਅਤੇ ਰਾਜਪੂਤ ਸਭਾ ਭਵਨ ਜੈਪੁਰ ਦੇ ਸੀਨੀਅਰ ਆਗੂ ਸ਼ਾਮਲ ਸਨ।”
“ਸੂਬਾ ਸਰਕਾਰ ਦੇ ਕਾਨੂੰਨ ਵਿਭਾਗ ਨੇ ਅਪੀਲ ਨਾ ਕਰਨ ਦਾ ਫ਼ੈਸਲਾ ਕੀਤਾ ਸੀ,
“ਜਦੋਂ ਕਿ ਮਹਿਲਾ ਸੰਗਠਨਾਂ ਨੇ ਇਨ੍ਹਾਂ ਲੋਕਾਂ ਦੇ ਬਰੀ ਹੋਣ ਨੂੰ ਚੁਣੌਤੀ ਦੇਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਸੀ।"
ਸੰਗਠਨਾਂ ਨੇ ਕਿਹਾ, “ਇਹ ਮਾਮਲਾ ਬਹੁਤ ਲਾਪਰਵਾਹੀ ਭਰਿਆ ਸੀ ਅਤੇ ਨਾ ਤਾਂ ਪੁਲਿਸ ਨੇ, ਨਾ ਹੀ ਇਸਤਗਾਸਾ ਅਤੇ ਨਾ ਹੀ ਜੈਪੁਰ ਦੀ ਵਿਸ਼ੇਸ਼ ਸਤੀ ਅਦਾਲਤ ਦੇ ਜੱਜ ਨੇ ਨਿਰਪੱਖਤਾ ਨਾਲ ਕੰਮ ਕੀਤਾ। ਇਹ ਅਪੀਲ ਕਰਨ ਲਈ ਇੱਕ ਸਪੱਸ਼ਟ ਕੇਸ ਸੀ।”
"ਮੁੱਖ ਮੰਤਰੀ ਵਸੁੰਧਰਾ ਰਾਜੇ ਦਾ ਰੁਖ਼ ਸੀ ਕਿ ਇਸ ਮਾਮਲੇ ਵਿੱਚ ਹੋਰ ਕਾਨੂੰਨੀ ਕਾਰਵਾਈ ਦੀ ਲੋੜ ਨਹੀਂ ਹੈ।"
ਸੰਗਠਨਾਂ ਨੇ ਕਿਹਾ, “ਸਾਡੇ ਕੋਲ ਕੋਈ ਵਿਕਲਪ ਨਹੀਂ ਸੀ, 14 ਸੰਗਠਨਾਂ ਅਤੇ ਲੋਕਾਂ ਦੇ ਨਾਲ ਅਸੀਂ ਰਾਜਸਥਾਨ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ। ਸਾਡੀ ਪਟੀਸ਼ਨ ਪਿਛਲੇ 20 ਸਾਲਾਂ ਤੋਂ ਲੰਬਿਤ ਹੈ।”

ਤਸਵੀਰ ਸਰੋਤ, Mohar Singh/BBC
ਹੁਣ ਦਿਵਰਾਲਾ ਦਾ ਮਾਹੌਲ ਕਿਹੋ ਜਿਹਾ ਹੈ?
ਭਾਵੇਂ ਰੂਪਕੰਵਰ ਦੇ ਸਤੀ ਕਾਂਡ ਦੀਆਂ ਕਹਾਣੀਆਂ ਦਿਵਰਾਲਾ ਪਿੰਡ ਦੇ ਹਰ ਕੋਨੇ ਵਿੱਚ ਪਈਆਂ ਹਨ।
ਪਰ ਜਦੋਂ ਕਿਸੇ ਨਾਲ ਗੱਲ ਕਰਦੇ ਹਾਂ ਤਾਂ ਇੰਝ ਲੱਗਦਾ ਹੈ ਜਿਵੇਂ ਕੋਈ ਘਟਨਾ ਵਾਪਰੀ ਹੀ ਨਾ ਹੋਵੇ।
ਸੀਕਰ ਦੇ ਦਿਵਰਾਲਾ ਵਿੱਚ 4 ਸਤੰਬਰ 1987 ਨੂੰ ਵਾਪਰੇ ਰੂਪਕੰਵਰ ਸਤੀ ਕਾਂਡ ਤੋਂ ਬਾਅਦ ਇਸ ਮਾਮਲੇ ਦੀ ਵਡਿਆਈ ਕਰਨ ਵਾਲੇ ਅੱਠ ਮੁਲਜ਼ਮਾਂ ਨੂੰ ਜਦੋਂ ਸਤੀ ਪ੍ਰਥਾ ਰੋਕਣ ਲਈ ਬਣੀ ਵਿਸ਼ੇਸ਼ ਅਦਾਲਤ ਨੇ ਬੁੱਧਵਾਰ ਨੂੰ ਬਰੀ ਕਰ ਦਿੱਤਾ ਤਾਂ ਦਿਵਰਾਲਾ ਵਿੱਚ ਚੁੱਪ ਛਾ ਗਈ।
ਲੋਕਾਂ ਦੀ ਮਾਨਸਿਕ ਸਥਿਤੀ ਅਜਿਹੀ ਹੈ ਕਿ ਅਤੀਤ ਵਿੱਚ ਕਈ ਟੀਵੀ ਚੈਨਲਾਂ 'ਤੇ ਬਹਿਸ ਵਿੱਚ ਹਿੱਸਾ ਲੈਣ ਵਾਲੇ ਵੀ ਡਰੇ ਹੋਏ ਹਨ ਅਤੇ ਕਿਸੇ ਵਿਵਾਦ ਵਿੱਚ ਨਹੀਂ ਪੈਣਾ ਚਾਹੁੰਦੇ ਸਨ।
ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਹ ਬੋਲਣਗੇ ਤਾਂ ਜਾਂ ਤਾਂ ਸਮਾਜ ਦੇ ਲੋਕ ਨਾਰਾਜ਼ ਹੋ ਜਾਣਗੇ ਜਾਂ ਪੁਲਿਸ ਉਨ੍ਹਾਂ ਤੰਗ-ਪਰੇਸ਼ਾਨ ਕਰੇਗੀ।
ਪਰ ਦੇਸ਼ ਅਤੇ ਦੁਨੀਆ ਵਿੱਚ ਰਾਜਸਥਾਨ ਅਤੇ ਦੇਸ਼ ਦੀ ਆਧੁਨਿਕਤਾ 'ਤੇ ਕਾਲਾ ਨਿਸ਼ਾਨ ਛੱਡਣ ਵਾਲੇ ਸਤੀ ਕਾਂਡ ਦੇ 37 ਸਾਲ ਬਾਅਦ ਵੀ ਉਸ ਘਟਨਾ ਦੀਆਂ ਸਾਰੀਆਂ ਯਾਦਾਂ ਲੋਕਾਂ ਦੇ ਮਨਾਂ ਵਿੱਚ ਤਾਜ਼ਾ ਹਨ।
ਹਾਲਾਂਕਿ ਕੋਈ ਇਹ ਕਹਿਣਾ ਨਹੀਂ ਚਾਹੁੰਦਾ ਕਿ ਇਸ ਪਿੰਡ ਵਿੱਚ 18 ਸਾਲ ਅਤੇ ਕੁਝ ਮਹੀਨਿਆਂ ਦੀ ਨੌਜਵਾਨ ਕੁੜੀ ਰੂਪਕੰਵਰ ਨੂੰ ਉਸਦੇ ਪਤੀ ਨਾਲ ਚਿਤਾ ਵਿੱਚ ਜ਼ਿੰਦਾ ਸਾੜ ਦਿੱਤਾ ਗਿਆ ਸੀ।
ਅਦਾਲਤ 'ਚ ਕੀ ਹੋਇਆ?
ਸਤੀ ਦੇ ਮਾਮਲਿਆਂ ਲਈ ਬਣੀ ਵਿਸ਼ੇਸ਼ ਅਦਾਲਤ ਵਿੱਚ ਇਸਤਗਾਸਾ ਪੱਖ ਕਿਸੇ ਮੁਲਜ਼ਮ ਵਿਰੁੱਧ ਕੋਈ ਦੋਸ਼ ਸਾਬਤ ਨਹੀਂ ਕਰ ਸਕਿਆ।
ਮੁਲਜ਼ਮਾਂ ਦੇ ਵਕੀਲ ਅਮਨ ਚੈਨ ਸਿੰਘ ਸ਼ੇਖਾਵਤ ਦਾ ਕਹਿਣਾ ਹੈ ਕਿ ਜਿਨ੍ਹਾਂ ਨੂੰ ਬਰੀ ਕੀਤਾ ਗਿਆ ਹੈ, ਘਟਨਾ ਦੇ ਸਮੇਂ ਇਹ 12-15 ਤੋਂ 17-18 ਸਾਲ ਦੇ ਸਕੂਲੀ ਵਿਦਿਆਰਥੀ ਸਨ ਅਤੇ ਉਨ੍ਹਾਂ ਦੇ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲਿਆ ਕਿ ਉਨ੍ਹਾਂ ਨੇ ਸਤੀ ਬਾਰੇ ਵਧਾ-ਚੜ੍ਹਾਅ ਕੇ ਕੁਝ ਦੱਸਿਆ ਸੀ।
ਇਸੇ ਅਦਾਲਤ ਨੇ 31 ਜਨਵਰੀ 2004 ਨੂੰ ਭਾਜਪਾ ਆਗੂ ਰਾਜਿੰਦਰ ਸਿੰਘ ਰਾਠੌਰ ਅਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਖਾਚਰੀਯਾਵਾਸ ਨੂੰ ਅਤੇ ਰੂਪਕੰਵਰ ਦੇ ਭਰਾ ਗੋਪਾ ਸਿੰਘ ਰਾਠੌੜ ਸਮੇਤ 25 ਲੋਕਾਂ ਨੂੰ ਬਰੀ ਕਰ ਦਿੱਤਾ ਸੀ।
ਅਸਲ ਘਟਨਾ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ 32 ਲੋਕਾਂ ਨੂੰ ਅਕਤੂਬਰ 1996 ਵਿੱਚ ਸੀਕਰ ਦੇ ਨੀਮ ਕਾ ਥਾਣੇ ਦੀ ਏਡੀਜੇ ਅਦਾਲਤ ਨੇ ਬਰੀ ਕਰ ਦਿੱਤਾ ਸੀ।
ਇਸ ਘਟਨਾਕ੍ਰਮ ਨੇ ਰਾਜਸਥਾਨ ਦੀ ਸਿਆਸਤ ਦਾ ਸਾਰਾ ਢਾਂਚਾ ਹੀ ਪਲਟ ਦਿੱਤਾ ਸੀ।
ਇਸ ਸਾਰੀ ਪ੍ਰੀਕਿਰਿਆ ਵਿੱਚ ਸੱਤਾਧਾਰੀ ਪਾਰਟੀ ਦੇ ਪਹਾੜ ਵਰਗੇ ਆਗੂ ਹਰੀਦੇਵ ਜੋਸ਼ੀ ਸਭ ਤੋਂ ਵੱਧ ਪ੍ਰਭਾਵਿਤ ਹੋਏ ਸਨ।

ਤਸਵੀਰ ਸਰੋਤ, Getty Images
ਉਸ ਸਮੇਂ ਸਰਕਾਰ ਦਾ ਰਵੱਈਆ ਕੀ ਸੀ?
ਸੂਬੇ ਦਾ ਰਾਜਪੂਤ ਭਾਈਚਾਰਾ ਇਸ ਮਾਮਲੇ ਨੂੰ ਲੈ ਕੇ ਕਾਫੀ ਹੱਦ ਤੱਕ ਭੜਕਿਆ ਹੋਇਆ ਸੀ ਅਤੇ ਮੰਨਦਾ ਸੀ ਕਿ ਇਹ ਉਨ੍ਹਾਂ ਦਾ ਧਾਰਮਿਕ ਮਾਮਲਾ ਹੈ ਅਤੇ ਸਰਕਾਰ ਨੂੰ ਇਸ ਵਿੱਚ ਦਖਲ ਨਹੀਂ ਦੇਣਾ ਚਾਹੀਦਾ।
ਇਸ ਮਾਮਲੇ ਵਿੱਚ ਰਾਜਪੂਤ ਭਾਈਚਾਰੇ ਦੇ ਨਾਲ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਅਤੇ ਵਿਧਾਇਕ ਵੀ ਸ਼ਾਮਲ ਹੋ ਗਏ ਸਨ।
ਪਰ ਇੱਕ ਤਤਕਾਲੀ ਭਾਜਪਾ ਆਗੂ ਅਤੇ ਜਾਤ ਪੱਖੋਂ ਇੱਕ ਰਾਜਪੂਤ ਹੋਣ ਦੇ ਬਾਵਜੂਦ, ਭੈਰੋ ਸਿੰਘ ਸ਼ੇਖਾਵਤ ਇਸ ਦੇ ਵਿਰੁੱਧ ਡਟੇ ਰਹੇ ਸਨ ।
ਉਨ੍ਹਾਂ ਨੇ ਕਿਹਾ ਕਿ ਇਹ ਇੱਕ ਬੁਰੀ ਪਰੰਪਰਾ ਹੈ ਅਤੇ ਇੱਕ ਆਧੁਨਿਕ ਸਮਾਜ ਨੂੰ ਅਜਿਹੀਆਂ ਰਿਵਾਇਤਾਂ ਦਾ ਪਾਲਣ ਨਹੀਂ ਕਰਨਾ ਚਾਹੀਦਾ।
ਭੈਰੋ ਸਿੰਘ ਸ਼ੇਖਾਵਤ ਰਾਜਪੂਤ ਭਾਈਚਾਰੇ ਵਲੋਂ ਕੱਢੇ ਗਏ ਮਾਰਚ ਵਿੱਚ ਵੀ ਨਹੀਂ ਗਏ ਸਨ। ਉਨ੍ਹਾਂ ਇਸ 'ਤੇ ਨਾਰਾਜ਼ਗੀ ਵੀ ਜ਼ਾਹਰ ਕੀਤੀ ਸੀ।
ਉਸ ਦੌਰ ਦੀ ਸਿਆਸਤ 'ਤੇ ਗਹਿਰੀ ਨਜ਼ਰ ਰੱਖਣ ਵਾਲਿਆਂ ਮੁਤਾਬਕ ਉਸ ਸਮੇਂ ਦੇ ਮੁੱਖ ਮੰਤਰੀ ਹਰੀਦੇਵ ਜੋਸ਼ੀ ਨੇ ਮੰਨਿਆ ਸੀ ਕਿ ਸਤੀ ਹੋਣ ਤੋਂ ਬਾਅਦ ਪਰਿਵਾਰ ਨੂੰ ਸੰਸਕਾਰ ਕਰਨ ਤੋਂ ਨਹੀਂ ਰੋਕਿਆ ਜਾਣਾ ਚਾਹੀਦਾ।
ਸੂਬੇ ਦੇ ਗ੍ਰਹਿ ਮੰਤਰੀ ਗੁਲਾਬ ਸਿੰਘ ਸ਼ਕਤਾਵਤ ਨੇ ਪੂਰੇ ਘਟਨਾਕ੍ਰਮ ਨੂੰ ਧਾਰਮਿਕ ਮਾਮਲਾ ਦੱਸਿਆ ਅਤੇ ਇਸ ਵਿੱਚ ਦਖ਼ਲ ਦੇਣ ਤੋਂ ਇਨਕਾਰ ਕਰਦੇ ਰਹੇ ਸਨ।
ਜੋਸ਼ੀ ਦਾ ਮੰਨਣਾ ਸੀ ਕਿ ਅਜਿਹਾ ਕਰਨ ਨਾਲ ਰਾਜਪੂਤ ਸਮਾਜ ਵਿੱਚ ਕਾਂਗਰਸ ਪ੍ਰਤੀ ਗੁੱਸਾ ਵਧੇਗਾ। ਇਹ ਸਿਆਸੀ ਅਤੇ ਪ੍ਰਸ਼ਾਸਨਿਕ ਨਜ਼ਰੀਏ ਤੋਂ ਉਚਿਤ ਨਹੀਂ ਹੋਵੇਗਾ।
ਇਸ ਲਈ ਪ੍ਰਸ਼ਾਸਨ ਨੂੰ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਪਰਿਵਾਰ ਨੂੰ ਮੌਤ ਤੋਂ ਬਾਅਦ ਦੀਆਂ ਸਾਰੀਆਂ ਰਸਮਾਂ ਹਿੰਦੂ ਰੀਤੀ-ਰਿਵਾਜ਼ਾਂ ਮੁਤਾਬਕ ਅਤੇ ਬਿਨਾਂ ਕਿਸੇ ਰੁਕਾਵਟ ਦੇ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।
ਤਤਕਾਲੀ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਚਾਹੁੰਦੇ ਸਨ ਕਿ ਸਰਕਾਰ ਇਨ੍ਹਾਂ ਸਮਾਜਿਕ ਰਸਮਾਂ ਨੂੰ ਤੁਰੰਤ ਪ੍ਰਭਾਵ ਨਾਲ ਰੋਕੇ।
ਜਦੋਂ ਜੋਸ਼ੀ ਨੇ ਬੂਟਾ ਸਿੰਘ ਦੀ ਸਲਾਹ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਵਿਵਾਦ ਵਧ ਗਿਆ ਅਤੇ ਜੋਸ਼ੀ ਖ਼ਿਲਾਫ਼ ਕਈ ਸ਼ਿਕਾਇਤਾਂ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਕੀਤੀਆਂ ਗਈਆਂ।
ਰਾਜੀਵ ਗਾਂਧੀ ਵੀ ਹਰੀਦੇਵ ਜੋਸ਼ੀ ਤੋਂ ਬਹੁਤ ਨਾਰਾਜ਼ ਹੋ ਗਏ ਸਨ।
ਕੇਂਦਰ ਦੇ ਦਬਾਅ ਤੋਂ ਬਾਅਦ ਬਣਿਆ ਕਾਨੂੰਨ
ਇਸ ਦੌਰਾਨ ਸਤੀ ਪ੍ਰਥਾ ਦੇ ਸਮਰਥਕਾਂ ਅਤੇ ਸਰਕਾਰ ਵਿਚਕਾਰ ਟਕਰਾਅ ਜਾਰੀ ਰਿਹਾ ਅਤੇ ਆਖਰਕਾਰ ਸਤੀ ਪ੍ਰਥਾ ਦੇ ਵਿਰੋਧੀਆਂ ਅਤੇ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਭਾਰੀ ਦਬਾਅ ਤੋਂ ਬਾਅਦ, 3 ਜਨਵਰੀ 1988 ਨੂੰ ਰਾਜ ਵਿੱਚ ਸਤੀ ਰੋਕੂ ਕਾਨੂੰਨ ਲਾਗੂ ਹੋਇਆ।
ਪਰ 1988 ਵਿੱਚ ਰੂਪਕੰਵਰ ਦੇ ਸਤੀ ਹੋਣ ਦੀ ਪਹਿਲੀ ਬਰਸੀ ਮੌਕੇ ਦਿਰਵਾਲਾ ਵਿੱਚ ਉਸ ਥਾਂ ਜਿੱਥੇ ਰੂਪਕੰਵਰ ਨੂੰ ਸਤੀ ਕੀਤਾ ਗਿਆ ਸੀ, ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿੱਚ ਚੁਨਰੀ ਮਹਾਉਤਸਵ ਕਰਵਾਇਆ ਗਿਆ।
ਇਸ ਲਈ ਇਹ ਕਿੱਸਾ ਇੱਕ ਵਾਰ ਫਿਰ ਦੇਸ਼ ਅਤੇ ਦੁਨੀਆ ਦੇ ਮੀਡੀਆ ਦੀਆਂ ਸੁਰਖੀਆਂ ਵਿੱਚ ਆ ਗਿਆ ਸੀ।
ਜੋਸ਼ੀ ਸਰਕਾਰ ਨੇ ਇਸ ਸਮਾਰੋਹ ਨੂੰ ਬਿਨਾਂ ਕਿਸੇ ਗੜਬੜੀ ਜਾਂ ਦਖ਼ਲਅੰਦਾਜ਼ੀ ਦੇ ਪੁਲਿਸ ਸੁਰੱਖਿਆ ਮੁਹੱਈਆ ਕਰਵਾ ਕੇ ਹੋਣ ਦਿੱਤਾ।
ਉਸ ਸਮੇਂ ਮੁੱਖ ਮੰਤਰੀ ਜੋਸ਼ੀ ਵੱਲੋਂ ਚੁੱਕੇ ਗਏ ਕਦਮਾਂ ਪ੍ਰਤੀ ਹਮਦਰਦੀ ਰੱਖਣ ਵਾਲੇ ਪੁਰਾਣੇ ਪੱਤਰਕਾਰ ਸੀਤਾਰਾਮ ਝਲਾਨੀ ਨੇ ਉਸ ਸਮੇਂ ਦੀਆਂ ਘਟਨਾਵਾਂ ਦਾ ਬਾਰੀਕੀ ਨਾਲ ਹਵਾਲਾ ਦਿੰਦੇ ਹੋਏ ਕਿਹਾ ਕਿ ਜੋਸ਼ੀ ਨੂੰ ਕਾਂਗਰਸ ਸੰਗਠਨ ਦੀ ਚਿੰਤਾ ਸੀ ਅਤੇ ਉਨ੍ਹਾਂ ਨੂੰ ਡਰ ਸੀ ਕਿ ਰੂਪਕੰਵਰ ਸਤੀ ਮਾਮਲੇ ਕਰਕੇ ਰਾਜਪੂਤ ਸਮਾਜ ਕਾਂਗਰਸ ਤੋਂ ਪੂਰੀ ਤਰ੍ਹਾਂ ਦੂਰ ਹੋ ਜਾਵੇਗਾ ਅਤੇ ਬਾਅਦ ਵਿੱਚ ਹੋਇਆ ਵੀ ਅਜਿਹਾ ਹੀ।
ਰਾਜਸਥਾਨ ਦੀ ਸਿਆਸਤ ਵਿੱਚ ਵੋਟਾਂ ਦੇ ਹਿਸਾਬ ਨਾਲ ਇਹ ਬਹੁਤ ਨਾਜ਼ੁਕ ਮਾਮਲਾ ਸੀ।
ਪਰ ਹੱਦ ਉਸ ਸਮੇਂ ਹੋ ਗਈ ਜਦੋਂ ਰਾਜਪੂਤ ਭਾਈਚਾਰੇ ਨੇ ਜੈਪੁਰ ਦੀਆਂ ਸੜਕਾਂ 'ਤੇ ਨੰਗੀਆਂ ਤਲਵਾਰਾਂ ਨਾਲ ਮਾਰਚ ਕੱਢਿਆ।
ਮੁੱਖ ਮੰਤਰੀ ਜੋਸ਼ੀ ਨੇ ਪੁਲਿਸ ਡਾਇਰੈਕਟਰ ਜਨਰਲ ਨੂੰ ਹੁਕਮ ਦਿੱਤਾ ਕਿ ਨੰਗੀਆਂ ਤਲਵਾਰਾਂ ਦੇ ਇਸ ਮਾਰਚ ਵਿੱਚ ਕੋਈ ਵਿਘਨ ਨਾ ਪਾਇਆ ਜਾਵੇ।
ਜਦੋਂ ਕਿ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਚਾਹੁੰਦੇ ਸਨ ਕਿ ਜੇਕਰ ਇਸ ਮਾਰਚ ਨੂੰ ਰੋਕਣ ਲਈ ਫੌਜ ਬੁਲਾਉਣ ਦੀ ਲੋੜ ਵੀ ਪਵੇ ਤਾਂ ਅਜਿਹਾ ਕੀਤਾ ਜਾਵੇ।
ਦਿਵਰਾਲਾ ਸਤੀ ਕਾਂਡ ਦਾ ਲੋਕ ਸਭਾ ਵਿੱਚ ਭਾਰੀ ਵਿਰੋਧ ਹੋਇਆ ਅਤੇ ਕਾਂਗਰਸ ਦੀ ਭਾਰੀ ਆਲੋਚਨਾ ਹੋਈ।
ਕਾਂਗਰਸ ਦੇ ਆਪਣੇ ਵਿਧਾਇਕ ਅਤੇ ਸਾਬਕਾ ਮੰਤਰੀ ਨਰਿੰਦਰ ਸਿੰਘ ਭਾਟੀ ਨੇ ਸਤੀ ਦੇ ਮੁੱਦੇ 'ਤੇ ਵਿਧਾਨ ਸਭਾ 'ਚ ਜੋਸ਼ੀ ਸਰਕਾਰ ਖ਼ਿਲਾਫ਼ ਰੱਜ ਕੇ ਬੋਲੇ।
ਉਸ ਸਮੇਂ ਕਈ ਮਹਿਲਾ ਸੰਗਠਨਾਂ ਨੇ ਚੁਨਰੀ ਮਹਾਉਤਸਵ ਨੂੰ ਸਤੀ ਪ੍ਰਥਾ ਦੀ ਵਡਿਆਈ ਦੱਸਿਆ ਸੀ ਅਤੇ ਉਹ ਇਸ ਦੇ ਵਿਰੋਧ 'ਚ ਉਤਰ ਆਈਆਂ ਸਨ।

ਤਸਵੀਰ ਸਰੋਤ, hcraj.nic.in
ਹਾਈ ਕੋਰਟ ਦੀ ਪਾਬੰਦੀ ਦੇ ਬਾਵਜੂਦ ਚੁਨਰੀ ਮਹਾਉਤਸਵ
ਸਮਾਜਿਕ ਕਾਰਕੁਨਾਂ ਅਤੇ ਵਕੀਲਾਂ ਨੇ ਮਹਾਉਤਸਵ ਨੂੰ ਰੋਕਣ ਲਈ ਰਾਜਸਥਾਨ ਹਾਈ ਕੋਰਟ ਦੇ ਤਤਕਾਲੀ ਚੀਫ਼ ਜਸਟਿਸ ਜੇਐੱਸ ਵਰਮਾ ਨੂੰ ਪੱਤਰ ਲਿਖਿਆ ਸੀ।
15 ਸਤੰਬਰ ਨੂੰ ਜਸਟਿਸ ਵਰਮਾ ਨੇ ਪੱਤਰ ਨੂੰ ਹੀ ਜਨਹਿੱਤ ਪਟੀਸ਼ਨ ਮੰਨਦਿਆਂ ਸਮਾਗਮ ’ਤੇ ਪਾਬੰਦੀ ਲਾ ਦਿੱਤੀ ਸੀ।
ਹਾਈਕੋਰਟ ਨੇ ਚੁਨਰੀ ਮਹਾਉਤਸਵ ਨੂੰ ਸਤੀ ਪ੍ਰਥਾ ਦੀ ਵਡਿਆਈ ਵਿੱਚ ਕੀਤਾ ਜਾਣ ਵਾਲਾ ਸਮਾਗਮ ਮੰਨਦਿਆਂ ਸਰਕਾਰ ਨੂੰ ਹੁਕਮ ਦਿੱਤਾ ਕਿ ਇਹ ਮਹਾਉਤਸਵ ਕਿਸੇ ਵੀ ਹਾਲਤ ਵਿੱਚ ਨਾ ਹੋਵੇ।
ਪਾਬੰਦੀ ਦੇ ਬਾਵਜੂਦ 15 ਸਤੰਬਰ ਦੀ ਰਾਤ ਤੋਂ ਹੀ ਪਿੰਡ ਦਿਵਰਾਲਾ ਵਿੱਚ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ।
ਚੁਨਰੀ ਮਹਾਉਤਸਵ ਲਈ ਬਾਹਰੋਂ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਿੰਡ ਵਿੱਚ ਇਕੱਠੇ ਹੋਏ ਸਨ।
ਰੂਪਕੰਵਰ ਸਤੀ ਕਾਂਡ ਨੇ ਰਾਜਸਥਾਨ ਦੀ ਕਾਂਗਰਸ ਸਰਕਾਰ ਦੀ ਸਾਖ ਨੂੰ ਢਾਹ ਲਾਈ ਸੀ ਅਤੇ ਦੇਸ਼ ਭਰ ਵਿੱਚ ਇਸ ਦੀ ਆਲੋਚਨਾ ਹੋਈ ਸੀ।
ਤਤਕਾਲੀ ਮੁੱਖ ਮੰਤਰੀ ਹਰੀਦੇਵ ਜੋਸ਼ੀ ਨੇ ਗ੍ਰਹਿ ਮੰਤਰੀ ਗੁਲਾਬ ਸਿੰਘ ਸ਼ਕਤੀਵਤ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਦਾ ਗਠਨ ਕੀਤਾ ਸੀ।
1 ਅਕਤੂਬਰ 1987 ਨੂੰ ਸੂਬਾ ਸਰਕਾਰ ਨੇ ਸਤੀ ਪ੍ਰਥਾ ਇਸ ਦੇ ਗੁਣਗਾਣ ਨੂੰ ਰੋਕਣ ਲਈ ਇੱਕ ਆਰਡੀਨੈਂਸ ਲਿਆਂਦਾ ਸੀ।
ਕਵਿਤਾ ਸ਼੍ਰੀਵਾਸਤਵ ਯਾਦ ਕਰਦੇ ਹਨ ਕਿ ਇਹ ਕਾਨੂੰਨ ਔਰਤਾਂ ਦੇ ਅਧਿਕਾਰਾਂ ਦੀ ਗੱਲ ਕਰਨ ਵਾਲੀਆਂ ਸੰਸਥਾਵਾਂ ਦੇ ਦਬਾਅ ਕਾਰਨ ਬਣਾਇਆ ਗਿਆ ਸੀ।
ਆਰਡੀਨੈਂਸ ਤਹਿਤ, ਵਿਧਵਾ ਨੂੰ ਸਤੀ ਹੋਣ ਲਈ ਸਿੱਧੇ ਜਾਂ ਅਸਿੱਧੇ ਤੌਰ 'ਤੇ ਉਕਸਾਉਣ ਵਾਲਿਆਂ ਨੂੰ ਮੌਤ ਜਾਂ ਉਮਰ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਅਤੇ ਇਸ ਤਹਿਤ ਅਜਿਹੇ ਮਾਮਲਿਆਂ ਦੀ ਵਡਿਆਈ ਕਰਨ ਵਾਲਿਆਂ ਨੂੰ ਸੱਤ ਸਾਲ ਦੀ ਕੈਦ ਅਤੇ ਵੱਧ ਤੋਂ ਵੱਧ 30,000 ਰੁਪਏ ਜੁਰਮਾਨਾ ਕਰਨ ਦੀ ਵਿਵਸਥਾ ਕੀਤੀ ਗਈ ਸੀ।
ਬਾਅਦ ਵਿੱਚ ਰਾਜਸਥਾਨ ਸਰਕਾਰ ਨੇ 1987 ਵਿੱਚ ਇੱਕ ਕਾਨੂੰਨ ਬਣਾਇਆ, ਜੋ ਜਨਵਰੀ 1988 ਵਿੱਚ ਲਾਗੂ ਹੋਇਆ।
ਸੀਨੀਅਰ ਪੱਤਰਕਾਰ ਸ਼ਕੀਲ ਅਖ਼ਤਰ ਉਸ ਸਮੇਂ 'ਨਵਭਾਰਤ ਟਾਈਮਜ਼' ਵਿੱਚ ਸਨ ਅਤੇ 1987 'ਚ ਜਦੋਂ ਸਵਾਮੀ ਅਗਨੀਵੇਸ਼ ਨੇ ਲਾਲ ਕਿਲ੍ਹੇ ਤੋਂ ਦਿਵਰਾਲਾ ਤੱਕ ਮਾਰਚ ਕੀਤਾ ਤਾਂ ਉਨ੍ਹਾਂ ਨੇ ਇਸ ਨੂੰ ਕਵਰ ਕੀਤਾ ਸੀ।
ਉਹ ਯਾਦ ਕਰਦੇ ਹੈ, "ਬਹੁਤ ਤਣਾਅ ਸੀ। ਰਾਜਸਥਾਨ ਵਿੱਚ ਸਤੀ ਸਮਰਥਕ ਨੰਗੀਆਂ ਤਲਵਾਰਾਂ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ।"
ਫੌਜ ਵਿੱਚ ਰਹਿ ਚੁੱਕੇ ਅਤੇ ਉਸ ਸਮੇਂ ਪਿੰਡ ਦੇ ਪੰਚ ਮੰਗੂ ਸਿੰਘ ਸ਼ੇਖਾਵਤ, ਕਹਿੰਦੇ ਹਨ ਕਿ ਹੁਣ ਪਿੰਡ ਵਿੱਚ ਸਭ ਕੁਝ ਸ਼ਾਂਤੀ ਹੈ ਅਤੇ ਸਤੀ ਕਾਂਡ ਵਰਗਾ ਕੁਝ ਨਹੀਂ ਹੈ।
ਪਰ ਪਿੰਡ ਦੇ ਸਰਪੰਚ ਸਣੇ ਕਈ ਲੋਕ ਨੁਮਾਇੰਦੇ ਹੁਣ ਇਸ ਮੁੱਦੇ ’ਤੇ ਗੱਲ ਕਰਨ ਤੋਂ ਝਿਜਕਦੇ ਹਨ।
ਹਾਲਾਂਕਿ, ਇੱਕ ਬਜ਼ੁਰਗ ਜੋ ਉਸ ਸਮੇਂ ਇਸ ਇਲਾਕੇ ਵਿੱਚ ਅਧਿਆਪਕ ਸਨ ਦੱਸਦੇ ਹਨ, “ਅੰਤਿਮ ਸੰਸਕਾਰ ਦੀ ਚਿਖਾ ਉੱਤੇ ਸੜਦੀ ਹੋਈ 18 ਸਾਲਾਂ ਦੀ ਰੂਪਕੰਵਰ ਨੂੰ ਦੇਖਣਾ ਇੱਕ ਡਰਾਉਣ ਮੰਜ਼ਰ ਸੀ।”
“ਇਹ ਵੀ ਹੈਰਾਨੀਜਨਕ ਸੀ ਕਿ ਉਸ ਦਿਨ ਦੂਰ-ਦੂਰ ਤੋਂ ਲੋਕ ਇਹ ਦ੍ਰਿਸ਼ ਦੇਖਣ ਲਈ ਉਤਸੁਕਤਾ ਨਾਲ ਪਿੰਡ ਵੱਲ ਆ ਰਹੇ ਸਨ।"
ਲੋਕਾਂ ਨੇ ਆਪਣੇ ਪੱਧਰ 'ਤੇ ਇਸ ਸਬੰਧੀ ਵੱਖ-ਵੱਖ ਦਾਅਵੇ ਕੀਤੇ। ਲੋਕਾਂ ਨੇ ਇਹ ਵੀ ਦਾਅਵਾ ਕੀਤਾ ਕਿ ਰੂਪਕੰਵਰ ਨੇ ਆਪਣੀ ਮਰਜ਼ੀ ਨਾਲ ਅਜਿਹਾ ਕੀਤਾ ਸੀ।

ਤਸਵੀਰ ਸਰੋਤ, Getty Images
ਰੂਪਕੰਵਰ ਕੌਣ ਸੀ?
ਮੀਡੀਆ ਅਤੇ ਪੁਲਿਸ ਦੀਆਂ ਸਾਰੀਆਂ ਰਿਪੋਰਟਾਂ ਵਿੱਚ ਇਹ ਦੱਸਿਆ ਗਿਆ ਹੈ ਕਿ ਰੂਪਕੰਵਰ ਸਵੈਇੱਛਾ ਨਾਲ ਸਤੀ ਹੋਈ ਸੀ।
ਉਸ ਦਾ ਮਹਿਜ਼ ਸੱਤ ਮਹੀਨੇ ਪਹਿਲਾਂ ਹੀ ਮਾਲ ਸਿੰਘ ਨਾਲ ਵਿਆਹ ਹੋਇਆ ਸੀ।
ਮਾਲ ਸਿੰਘ ਬੀਐੱਸਸੀ ਦਾ ਵਿਦਿਆਰਥੀ ਸੀ ਅਤੇ ਆਪਣੇ ਪਰਿਵਾਰ ਨਾਲ ਦਿਵਰਾਲਾ ਵਿੱਚ ਰਹਿੰਦਾ ਸੀ।
ਪਰ ਹੈਰਾਨੀ ਦੀ ਗੱਲ ਇਹ ਵੀ ਸੀ ਕਿ ਇਹ ਘਟਨਾ ਇੱਕ ਅਧਿਆਪਕ ਦੇ ਘਰ ਵਾਪਰੀ। ਰੂਪਕੰਵਰ ਦਾ ਸਹੁਰਾ ਇੱਕ ਅਧਿਆਪਕ ਸੀ।
ਰੂਪਕੰਵਰ ਕੋਈ ਅਨਪੜ੍ਹ ਕੁੜੀ ਨਹੀਂ ਸੀ। ਉਸਨੇ ਮੈਟ੍ਰਿਕ ਤੱਕ ਦੀ ਪੜ੍ਹਾਈ ਟਰਾਂਸਪੋਰਟ ਨਗਰ, ਜੈਪੁਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਕੀਤੀ ਸੀ।
ਉਹ ਕਿਸੇ ਵੀ ਤਰ੍ਹਾਂ ਕੱਟੜਪੰਥੀ ਨਹੀਂ ਲੱਗਦੀ ਸੀ ਅਤੇ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਉਹ ਅਜਿਹਾ ਕਰ ਸਕਦੀ ਹੈ।
ਉਸ ਦੇ ਵਿਆਹ ਦੀਆਂ ਤਸਵੀਰਾਂ ਵਿੱਚ ਰੂਪਕੰਵਰ ਰਵਾਇਤੀ ਪਰਦੇ ਦੀ ਬਜਾਇ ਬਿਨਾਂ ਘੁੰਡ ਦੇ ਨਜ਼ਰ ਆ ਰਹੀ ਹੈ।
ਪਰ ਪਿੰਡ ਦੇ ਲੋਕਾਂ ਦਾ ਮੰਨਣਾ ਸੀ ਕਿ ਉਹ ਹਰ ਰੋਜ਼ ਚਾਰ ਘੰਟੇ ਸਤੀ ਦੇਵੀ ਦੀ ਪੂਜਾ ਕਰਦੀ ਸੀ। ਉਹ ਗੀਤਾ ਪੜ੍ਹਦੀ ਸੀ।
ਉਹ ਹਨੂੰਮਾਨ ਚਾਲੀਸਾ ਦਾ ਪਾਠ ਕਰਦੀ ਸੀ ਅਤੇ ਮੰਤਰਾਂ ਦਾ ਜਾਪ ਕਰਦੀ ਸੀ। ਕਿਹਾ ਜਾਂਦਾ ਸੀ ਕਿ ਉਹ ਖੁਸ਼ੀ ਨਾਲ ਸਤੀ ਹੋਈ ਸੀ।
ਸੂਬੇ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ, “ਸੂਬਾ ਸਰਕਾਰ 4 ਸਤੰਬਰ ਤੋਂ 16 ਸਤੰਬਰ ਦਰਮਿਆਨ ਪੂਰੀ ਤਰ੍ਹਾਂ ਅਪਹਾਜ਼ ਨਜ਼ਰ ਆ ਰਹੀ ਸੀ।”
“ਚੁਨਰੀ ਮਹਾਉਤਸਵ ਦੇ ਦਿਨ ਤੱਕ ਗ੍ਰਹਿ ਮੰਤਰੀ ਗੁਲਾਬ ਸਿੰਘ ਸ਼ਕਤੀਵਤ ਇਸ ਨੂੰ ਧਾਰਮਿਕ ਮਾਮਲਾ ਦੱਸ ਕੇ ਇਸ ਵਿੱਚ ਦਖ਼ਲਅੰਦਾਜ਼ੀ ਦੇ ਖ਼ਿਲਾਫ਼ ਸਨ।”
“ਉਨ੍ਹਾਂ ਦੇ ਸਪੱਸ਼ਟ ਹੁਕਮ ਸਨ ਕਿ ਹੁਣ ਪੁਲਿਸ ਨੂੰ ਇਸ ਮਾਮਲੇ ਵਿੱਚ ਦਖ਼ਲ ਨਹੀਂ ਦੇਣਾ ਚਾਹੀਦਾ।
ਚੁਨਰੀ ਮਹਾਉਤਸਵ ਵਿੱਚ ਰੂਪਕੰਵਰ ਦੇ ਪਿਤਾ ਬਾਲ ਸਿੰਘ ਰਾਠੌਰ ਨੇ ਵੀ ਸ਼ਿਰਕਤ ਕੀਤੀ। ਉਸ ਦਿਨ ਦੇਸ਼ ਭਰ ਤੋਂ ਦੋ ਲੱਖ ਦੇ ਕਰੀਬ ਲੋਕ ਸਤੀ ਸਥਾਨ 'ਤੇ ਆਏ ਸਨ।
ਜਦੋਂ ਤੱਕ ਚੁਨਰੀ ਮਹਾਉਤਸਵ ਦਾ ਦਿਨ ਆਇਆ ਕਰੀਬ 5 ਲੱਖ ਲੋਕ ਆ ਚੁੱਕੇ ਸਨ।
ਪੁਲਿਸ ਨੇ ਰੂਪਕੰਵਰ ਦੇ ਸਹੁਰੇ ਸੁਮੇਰ ਸਿੰਘ, ਉਨ੍ਹਾਂ ਦੇ ਭਰਾ ਮੰਗੇਸ਼ ਸਿੰਘ, ਮ੍ਰਿਤਕ ਪਤੀ ਦੇ 10 ਸਾਲਾ ਭਰਾ ਭੂਪੇਂਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।
ਪਰਿਵਾਰ ਦੇ ਮਰਦਾਂ ਦੇ ਸਿਰ ਮੁੰਨਣ ਵਾਲੇ ਨਾਈ ਬੰਸੀਧਰ ਅਤੇ ਅੰਤਿਮ ਸੰਸਕਾਰ ਕਰਨ ਵਾਲੇ ਪੁਜਾਰੀ ਬਾਬੂ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਪਰ ਬਾਅਦ 'ਚ ਹੌਲੀ-ਹੌਲੀ ਸਾਰਿਆਂ ਨੂੰ ਰਿਹਾਈ ਮਿਲਣੀ ਸ਼ੁਰੂ ਹੋ ਗਈ। ਨਾ ਹੀ ਸਰਕਾਰਾਂ ਦੇ ਹੁਕਮਾਂ ’ਤੇ ਅਦਾਲਤਾਂ ਵਿੱਚ ਸਹੀ ਪੈਰਵੀ ਹੋਈ ਸੀ ਅਤੇ ਨਾ ਹੀ ਅਦਾਲਤਾਂ ਵਿੱਚ ਸਰਕਾਰੀ ਵਕੀਲਾਂ ਨੇ ਕਿਸੇ ਨੂੰ ਸਜ਼ਾ ਦਿਵਾਉਣ ਲਈ ਕੋਈ ਉਪਰਾਲਾ ਕੀਤਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












