ਦਾਈਆਂ ਜਿਨ੍ਹਾਂ ਨੇ ਕੁੜੀਆਂ ਮਾਰਨੀਆਂ ਛੱਡ ਕੇ ਬਚਾਉਣੀਆਂ ਸ਼ੁਰੂ ਕੀਤੀਆਂ

ਸੀਰੋ ਨੂੰ ਮਿਲਦੀ ਹੋਈ ਮੋਨੀਕਾ
ਤਸਵੀਰ ਕੈਪਸ਼ਨ, ਮੋਨਿਕਾ ਨੂੰ ਮਿਲ ਕੇ ਦਾਈ ਸੀਰੋ ਆਪਣੇ ਹੰਝੂ ਨਹੀਂ ਰੋਕ ਸਕੀ
    • ਲੇਖਕ, ਅਮਿਤਾਭ ਪਰਾਸ਼ਰ
    • ਰੋਲ, ਬੀਬੀਸੀ ਆਈ ਇਨਵੈਸਟੀਗੇਸ਼ਨਜ਼

ਦਾਈ ਸੀਰੋ ਦੇਵੀ ਜਦੋਂ ਮੋਨਿਕਾ ਥੱਟੇ ਨੂੰ ਮਿਲਦੀ ਹੈ ਤਾਂ ਉਸ ਦੇ ਗੱਲ਼ ਲੱਗ ਕੇ ਭਾਵੁਕ ਹੋ ਜਾਂਦੀ ਹੈ। ਕਰੀਬ 30 ਸਾਲਾਂ ਦੀ ਮੋਨਿਕਾ ਥੱਟੇ ਤਿੰਨ ਦਹਾਕਿਆਂ ਬਾਅਦ ਆਪਣੇ ਜਨਮ ਵਾਲੀ ਥਾਂ ਪਹੁੰਚੀ ਹੈ। ਇਹ ਇੱਕ ਭਾਰਤੀ ਕਸਬਾ ਹੈ ਜਿੱਥੇ ਸੀਰੋ ਨੇ ਸੈਂਕੜੇ ਬੱਚਿਆਂ ਨੂੰ ਦਾਈ ਵਜੋਂ ਜਨਮ ਦਿਵਾਇਆ।

ਪਰ ਸੀਰੋ ਦੇ ਹੰਝੂ ਸਿਰਫ਼ ਇਸ ਮਿਲਾਪ ਵਿੱਚੋਂ ਨਹੀਂ ਨਿਕਲੇ। ਮੋਨਿਕਾ ਦੇ ਜਨਮ ਤੋਂ ਕੁਝ ਚਿਰ ਪਹਿਲਾਂ ਤੱਕ, ਸੀਰੋ ਅਤੇ ਉਨ੍ਹਾਂ ਵਰਗੀਆਂ ਕਈ ਭਾਰਤੀ ਦਾਈਆਂ 'ਤੇ ਨਵਜੰਮੀਆਂ ਕੁੜੀਆਂ ਨੂੰ ਕਤਲ ਕਰਨ ਲਈ ਲਗਾਤਾਰ ਦਬਾਅ ਪਾਇਆ ਜਾਂਦਾ ਸੀ।

ਦਸਤਾਵੇਜ਼ ਦੱਸਦੇ ਹਨ ਕਿ ਮੋਨਿਕਾ ਵੀ ਉਨ੍ਹਾਂ ਬਚਾਈਆਂ ਗਈਆਂ ਕੁੜੀਆਂ ਵਿੱਚੋਂ ਇੱਕ ਸੀ।

ਮੈਂ 30 ਸਾਲਾਂ ਤੋਂ ਸੀਰੋ ਦੀ ਕਹਾਣੀ ’ਤੇ ਕੰਮ ਕਰ ਰਿਹਾ ਹਾਂ। ਉਸ ਸਮੇਂ ਤੋਂ ਜਦੋਂ ਮੈਂ ਸਾਲ 1996 ਵਿੱਚ ਭਾਰਤ ਦੇ ਸੂਬੇ ਬਿਹਾਰ ਵਿੱਚ ਸੀਰੋ ਅਤੇ ਉਨ੍ਹਾਂ ਵਰਗੀਆਂ ਹੋਰ ਚਾਰ ਦਾਈਆਂ ਦੀ ਇੰਟਰਵਿਊ ਕੀਤੀ ਸੀ।

ਕਟਿਹਾਰ ਜ਼ਿਲ੍ਹੇ ਦੀ ਇੱਕ ਐੱਨਜੀਓ ਨੇ ਇਨ੍ਹਾਂ ਦਾਈਆਂ ਦੀ ਪਛਾਣ ਛੋਟੀਆਂ ਕੁੜੀਆਂ ਦੇ ਕਤਲ ਵਿੱਚ ਸ਼ਾਮਿਲ ਹੋਣ ਵਜੋਂ ਕੀਤੀ ਸੀ। ਐੱਨਜੀਓ ਮੁਤਾਬਕ ਇਹ ਔਰਤਾਂ ਨਵਜੰਮੀਆਂ ਬੱਚੀਆਂ ਦੇ ਮਾਪਿਆਂ ਦੇ ਦਬਾਅ ਹੇਠ, ਨਵਜਾਤਾਂ ਨੂੰ ਕੁਝ ਰਸਾਇਣ ਖੁਆ ਕੇ, ਜਾਂ ਉਨ੍ਹਾਂ ਦੀਆਂ ਧੋਣਾਂ ਦਬਾ ਕੇ ਕਤਲ ਕਰ ਦਿੰਦੀਆਂ ਸਨ।

ਹਕੀਆ ਦੇਵੀ, ਜਿਨ੍ਹਾਂ ਦਾ ਮੈਂ ਇੰਟਰਵਿਊ ਕੀਤਾ ਸੀ ਤੇ ਉਨ੍ਹਾਂ ਦਾਈਆਂ ਵਿੱਚੋਂ ਸਭ ਤੋਂ ਵੱਡੀ ਉਮਰ ਦੀ ਸੀ। ਉਨ੍ਹਾਂ ਨੇ ਉਸ ਸਮੇਂ ਮੈਨੂੰ ਦੱਸਿਆ ਸੀ ਕਿ ਉਨ੍ਹਾਂ ਨੇ 12 ਜਾਂ 13 ਬੱਚੀਆਂ ਨੂੰ ਮਾਰਿਆ ਸੀ।

ਇੱਕ ਹੋਰ ਦਾਈ ਧਰਮੀ ਦੇਵੀ, ਨੇ ਘੱਟੋ-ਘੱਟ 15-20 ਬੱਚੀਆਂ ਨੂੰ ਕਤਲ ਕਰਨ ਦੀ ਗੱਲ ਕਬੂਲੀ ਸੀ।

ਜਿਸ ਤਰੀਕੇ ਨਾਲ ਅੰਕੜੇ ਇਕੱਠੇ ਕੀਤੇ ਗਏ ਹਨ, ਇਹ ਪਤਾ ਲਾਉਣਾ ਨਾਮੁਮਕਿਨ ਹੈ ਕਿ ਉਨ੍ਹਾਂ ਨੇ ਕੁੱਲ ਕਿੰਨੇ ਬੱਚੇ ਕਤਲ ਕੀਤੇ ਸਨ।

ਪਰ ਉਨ੍ਹਾਂ ਦਾ ਜ਼ਿਕਰ ਇੱਕ ਐੱਨਜੀਓ ਵਲੋਂ 1995 ਵਿੱਚ ਪ੍ਰਕਾਸ਼ਿਤ ਰਿਪੋਰਟ ਵਿੱਚ ਕੀਤਾ ਗਿਆ ਸੀ। ਇਹ ਰਿਪੋਰਟ ਉਨ੍ਹਾਂ ਸਣੇ 30 ਹੋਰ ਦਾਈਆਂ ਨਾਲ ਇੰਟਰਵਿਊਜ਼ ਦੇ ਅਧਾਰ ’ਤੇ ਤਿਆਰ ਕੀਤੀ ਗਈ ਸੀ।

ਜੇਕਰ ਰਿਪੋਰਟ ਦੇ ਅਨੁਮਾਨ ਸਹੀ ਹਨ, ਤਾਂ ਹਰ ਸਾਲ ਇੱਕ ਜ਼ਿਲ੍ਹੇ ਵਿੱਚ ਸਿਰਫ਼ 35 ਦਾਈਆਂ ਵਲੋਂ 1,000 ਤੋਂ ਵੱਧ ਬੱਚੀਆਂ ਦਾ ਕਤਲ ਕੀਤਾ ਜਾ ਰਿਹਾ ਸੀ।

ਬੀਬੀਸੀ ਪੰਜਾਬੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਵੀਡੀਓ ਕੈਪਸ਼ਨ, ਭਾਰਤ ਦੇ ਇਸ ਪਿੰਡ ਦੀਆਂ ਦਾਈਆਂ ਨੇ ਕੀਤੇ ਹੈਰਾਨੀਜਨਕ ਖ਼ੁਲਾਸੇ

ਦਾਈਆਂ ਦੀ ਬੇਬਸੀ

ਰਿਪੋਰਟ ਮੁਤਾਬਕ ਉਸ ਸਮੇਂ ਬਿਹਾਰ ਵਿੱਚ ਪੰਜ ਲੱਖ ਤੋਂ ਵੱਧ ਦਾਈਆਂ ਸਨ। ਇਹ ਭਰੂਣ ਹੱਤਿਆ ਸਿਰਫ ਬਿਹਾਰ ਤੱਕ ਸੀਮਤ ਨਹੀਂ ਸੀ।

ਹਕੀਆ ਕਹਿੰਦੇ ਹਨ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰਨ ਦਾ ਦਾਈਆਂ ਕੋਲ ਕੋਈ ਵਿਕਲਪ ਨਹੀਂ ਸੀ।

ਹਕੀਆ ਦੇਵੀ ਕਹਿੰਦੀ ਹੈ, “ਪਰਿਵਾਰ ਕਮਰੇ ਨੂੰ ਤਾਲਾ ਲਾ ਦੇਵੇਗਾ ਅਤੇ ਸਾਡੇ ਪਿੱਛੇ ਡੰਡੇ ਲਈ ਖੜ੍ਹਾ ਹੋਵੇਗਾ।”

“ਉਹ ਕਹਿੰਦੇ… ਸਾਡੀਆਂ ਪਹਿਲਾਂ ਹੀ ਚਾਰ-ਪੰਜ ਧੀਆਂ ਹਨ। ਇਹ ਸਾਡੀ ਸਾਰੀ ਦੌਲਤ ਖ਼ਤਮ ਕਰ ਦੇਣਗੀਆਂ। ਇੱਕ ਵਾਰ ਜਦੋਂ ਅਸੀਂ ਆਪਣੀਆਂ ਕੁੜੀਆਂ ਲਈ ਦਾਜ ਦਿੱਤਾ ਤਾਂ ਅਸੀਂ ਭੁੱਖੇ ਮਰ ਜਾਵਾਂਗੇ।”

“ਹੁਣ ਇੱਕ ਹੋਰ ਕੁੜੀ ਨੇ ਜਨਮ ਲਿਆ ਹੈ। ਉਸ ਨੂੰ ਮਾਰ ਦਿਓ।”

ਉਨ੍ਹਾਂ ਨੇ ਮੈਨੂੰ ਦੱਸਿਆ, “ਅਸੀਂ ਕਿਸ ਨੂੰ ਸ਼ਿਕਾਇਤ ਕਰ ਸਕਦੀਆਂ ਸਾਂ? ਅਸੀਂ ਡਰਦੀਆਂ ਸਾਂ। ਜੇਕਰ ਅਸੀਂ ਪੁਲਿਸ ਕੋਲ ਗਈਆਂ ਤਾਂ ਅਸੀਂ ਮੁਸੀਬਤ ਵਿੱਚ ਪੈ ਜਾਵਾਂਗੇ। ਜੇ ਅਸੀਂ ਗੱਲ ਕਰਦੀਆਂ ਤਾਂ ਡਰਦੀਆਂ ਉਹ ਲੋਕ ਸਾਨੂੰ ਧਮਕੀ ਦੇਣਗੇ।”

ਪੇਂਡੂ ਭਾਰਤ ਵਿੱਚ ਇੱਕ ਦਾਈ ਦੀ ਭੂਮਿਕਾ ਸੱਭਿਆਚਾਰ ਵਿੱਚ ਰਚੀ ਹੋਈ ਹੈ ਅਤੇ ਇਸ ਨਾਲ ਗਰੀਬੀ ਅਤੇ ਜਾਤ ਨਾਲ ਸਬੰਧਿਤ ਤਲਖ਼ ਹਕੀਕਤਾਂ ਵੀ ਜੁੜੀਆਂ ਹੋਈਆਂ ਹਨ।

ਮੈਂ ਜਿਨ੍ਹਾਂ ਦਾਈਆਂ ਦਾ ਇੰਟਰਵਿਊ ਲਿਆ ਸੀ, ਉਹ ਭਾਰਤ ਦੀਆਂ ਹੇਠਲੀਆਂ ਜਾਤਾਂ ਨਾਲ ਸਬੰਧਤ ਸਨ।

ਉਨ੍ਹਾਂ ਹਿੱਸੇ ਦਾਈ ਦਾ ਪੇਸ਼ਾ ਉਨ੍ਹਾਂ ਦੀਆਂ ਮਾਵਾਂ ਤੇ ਦਾਦੀਆਂ ਤੋਂ ਪੁਰਖ਼ੀ ਰੂਪ ਵਿੱਚ ਆਇਆ।

ਉਹ ਇੱਕ ਅਜਿਹੀ ਦੁਨੀਆਂ ਵਿੱਚ ਰਹਿੰਦੀਆਂ ਸਨ ਜਿੱਥੇ ਤਾਕਤਵਰ, ਉੱਚ ਜਾਤੀ ਦੇ ਪਰਿਵਾਰਾਂ ਦੇ ਹੁਕਮਾਂ ਤੋਂ ਇਨਕਾਰ ਕਰਨਾ ਅਸੰਭਵ ਸੀ।

ਅਮਿਤਾਭ
ਤਸਵੀਰ ਕੈਪਸ਼ਨ, ਅਮਿਤਾਭ 90 ਦੇ ਦਹਾਕੇ ਦੀਆਂ ਆਪਣੀਆਂ ਕੀਤੀਆਂ ਇੰਟਰਵਿਊਜ਼ ਦੇਖਦੇ ਹੋਏ

ਦਾਈਆਂ ਨੂੰ ਬੱਚੀ ਨੂੰ ਮਾਰਨ ਬਦਲੇ ਇੱਕ ਸਾੜ੍ਹੀ, ਅਨਾਜ ਦੀ ਬੋਰੀ ਜਾਂ ਥੋੜ੍ਹੀ ਜਿਹੀ ਰਕਮ ਦੇਣ ਦਾ ਵਾਅਦਾ ਕੀਤਾ ਜਾ ਸਕਦਾ ਹੈ। ਕਈ ਵਾਰ ਤਾਂ ਇਸ ਦਾ ਭੁਗਤਾਨ ਵੀ ਨਹੀਂ ਕੀਤਾ ਜਾਂਦਾ ਸੀ।

ਲੜਕੇ ਦੇ ਜਨਮ 'ਤੇ ਉਨ੍ਹਾਂ ਨੂੰ ਤਕਰੀਬਨ 1,000 ਰੁਪਏ ਦੀ ਕਮਾਈ ਹੁੰਦੀ ਸੀ।

ਕੁੜੀ ਦੇ ਜਨਮ ਉੱਤੇ ਉਨ੍ਹਾਂ ਦੀ ਕਮਾਈ ਅੱਧੀ ਕਰ ਦਿੱਤੀ ਜਾਂਦੀ ਸੀ।

ਉਨ੍ਹਾਂ ਦੱਸਿਆ ਕਿ ਇਸ ਨਾਬਰਾਬਰਤਾ ਦਾ ਕਾਰਨ ਭਾਰਤ ਦੀਆਂ ਜੜ੍ਹਾਂ ਵਿੱਚ ਵਸੀ ਦਾਜ ਦੇਣ ਦੀ ਪਰੰਪਰਾ ਸੀ।

ਹਾਲਾਂਕਿ ਇਸ ਰਿਵਾਜ ਨੂੰ 1961 ਵਿੱਚ ਗੈਰਕਾਨੂੰਨੀ ਕਰਾਰ ਦਿੱਤਾ ਗਿਆ ਸੀ, ਪਰ ਇਹ ਅਜੇ ਵੀ 90 ਦੇ ਦਹਾਕੇ ਵਿੱਚ ਵੀ ਮਜ਼ਬੂਤ ਹੈ ਅਤੇ ਅਸਲ ਵਿੱਚ ਤਾਂ ਇਹ ਰਿਵਾਇਤ ਅੱਜ ਵੀ ਜਾਰੀ ਹੈ।

ਦਾਜ ਕੁਝ ਵੀ ਹੋ ਸਕਦਾ ਹੈ - ਨਕਦੀ, ਗਹਿਣੇ, ਭਾਂਡੇ।

ਪਰ ਬਹੁਤ ਸਾਰੇ ਪਰਿਵਾਰਾਂ ਲਈ ਚਾਹੇ ਉਹ ਅਮੀਰ ਹੋਣ ਜਾਂ ਗਰੀਬ, ਇਹ ਵਿਆਹ ਦੀ ਇੱਕ ਸ਼ਰਤ ਹੈ।

ਦਾਜ ਇੱਕ ਅਜਿਹੀ ਰਿਵਾਇਤ ਹੈ ਜੋ ਬੀਤੇ ਸਾਲਾਂ ਵਿੱਚ ਅਤੇ ਕਈ ਪਰਿਵਾਰਾਂ ਲਈ ਅੱਜ ਵੀ ਪੁੱਤ ਦੇ ਜਨਮ ਨੂੰ ਇੱਕ ਜਸ਼ਨ ਬਣਾਉਂਦਾ ਹੈ ਅਤੇ ਧੀ ਦਾ ਜਨਮ ਇੱਕ ਵਿੱਤੀ ਬੋਝ ਹੋ ਜਾਂਦਾ ਹੈ।

ਸੀਰੋ ਦੇਵੀ, ਜਿਨ੍ਹਾਂ ਦੀ ਮੈਂ ਇੰਟਰਵਿਊ ਕੀਤੀ ਸੀ, ਉਨ੍ਹਾਂ ਵਿਚੋਂ ਇਕਲੌਤੀ ਦਾਈ, ਜੋ ਅਜੇ ਵੀ ਜ਼ਿੰਦਾ ਹੈ। ਉਨ੍ਹਾਂ ਨੇ ਸਥਿਤੀ ਵਿੱਚ ਇਸ ਨਾਬਰਾਬਰੀ ਨੂੰ ਸਮਝਾਉਣ ਲਈ ਇੱਕ ਸਪਸ਼ਟ ਤਸਵੀਰ ਦੀ ਵਰਤੋਂ ਕੀਤੀ।

“ਇੱਕ ਮੁੰਡਾ ਜ਼ਮੀਨ ਤੋਂ ਉੱਚਾ ਹੈ। ਇੱਕ ਧੀ ਹੇਠਾਂ-ਨੀਵੀਂ ਹੈ। ਪੁੱਤ ਚਾਹੇ ਆਪਣੇ ਮਾਤਾ-ਪਿਤਾ ਨੂੰ ਸੰਭਾਲਦਾ ਹੋਵੇ ਜਾਂ ਉਨ੍ਹਾਂ ਦੀ ਦੇਖਭਾਲ ਕਰਦਾ ਹੋਵੇ ਜਾਂ ਨਾ, ਉਹ ਸਾਰਿਆਂ ਨੂੰ ਮੁੰਡਾ ਹੀ ਚਾਹੀਦਾ ਹੈ।”

ਸੀਰੋ
ਤਸਵੀਰ ਕੈਪਸ਼ਨ, ਸੀਰੋ ਨੇ ਛੋਟੀ ਉਮਰ ਤੋਂ ਹੀ ਦਾਈ ਦਾ ਕੰਮ ਸ਼ੁਰੂ ਕਰ ਦਿੱਤਾ ਸੀ

ਅੰਕੜੇ

ਭਾਰਤ ਦੇ ਰਾਸ਼ਟਰੀ ਪੱਧਰ ਦੇ ਅੰਕੜਿਆਂ ਵਿੱਚ ਪੁੱਤਰਾਂ ਦੀ ਤਰਜ਼ੀਹ ਦੇਖੀ ਜਾ ਸਕਦੀ ਹੈ।

ਸਭ ਤੋਂ ਤਾਜ਼ਾ ਜਨਗਣਨਾ, 2011 ਵਿੱਚ ਹੋਈ ਜਿਸ ਵਿੱਚ ਅਨੁਪਾਤ ਦੇਖੀਏ ਤਾਂ ਹਰ 1000 ਮਰਦ ਮੁਕਾਬਲੇ 943 ਔਰਤਾਂ ਦਰਜ ਕੀਤੀਆਂ ਗਈਆਂ।

ਫਿਰ ਵੀ ਇਸ ਨੂੰ 1990 ਦੇ ਦਹਾਕੇ ਵਿੱਚ ਇੱਕ ਸੁਧਾਰ ਵਜੋਂ ਦੇਖਿਆ ਗਿਆ ਹੈ। ਕਿਉਂਜੋ 1991 ਦੀ ਜਨਗਣਨਾ ਵਿੱਚ, ਅਨੁਪਾਤ 1000 ਮਰਦਾਂ ਪਿੱਛੇ ਔਰਤਾਂ ਦੀ ਗਿਣਤੀ 926 ਸੀ।

2021 ਵਿੱਚ ਕੀਤੇ ਗਏ ਇੱਕ ਸਰਵੇਖਣ ਵਿੱਚ ਸਪੱਸ਼ਟ ਤੌਰ 'ਤੇ ਇਸ ਸੁਧਾਰ ਬਾਰੇ ਮੁੜ ਚਤਾਰਿਆ ਗਿਆ।

ਐੱਨਐੱਫ਼ਐੱਚਐੱਸ: ਕੀ ਭਾਰਤ ਵਿੱਚ ਸੱਚਮੁੱਚ ਮਰਦਾਂ ਨਾਲੋਂ ਔਰਤਾਂ ਵੱਧ ਹਨ? ਪਰ ਮੁਹਿੰਮ ਚਲਾਉਣ ਵਾਲਿਆਂ ਦਾ ਕਹਿਣਾ ਹੈ ਕਿ ਇਹ ਗਿਣਤੀ ਭਰੋਸੇਯੋਗ ਨਹੀਂ ਲੱਗਦੀ।

ਅਨੀਲਾ ਕੁਮਾਰੀ
ਤਸਵੀਰ ਕੈਪਸ਼ਨ, ਅਨੀਲਾ ਕੁਮਾਰੀ (ਖੱਬਿਓਂ ਦੂਜੀ), ਇੱਕ ਸਮਾਜ ਸੇਵੀ ਨੇ 1990 ਦੇ ਦਹਾਕੇ ਵਿੱਚ ਦਾਈਆਂ ਦੀ ਸੋਚ ਬਦਲਣ ਦੀ ਲਈ ਉਨ੍ਹਾਂ ਨਾਲ ਗੱਲਬਾਤ ਕੀਤੀ

ਬਦਲਾਅ

ਜਦੋਂ ਮੈਂ 1996 ਵਿੱਚ ਦਾਈਆਂ ਦੀਆਂ ਗਵਾਹੀਆਂ ਨੂੰ ਫਿਲਮਾਉਣ ਦਾ ਕੰਮ ਪੂਰਾ ਕੀਤਾ ਤਾਂ ਇੱਕ ਨਿੱਕਾ ਜਿਹਾ ਬਦਲਾਅ ਵੀ ਚੁੱਪ-ਚਪੀਤੇ ਸ਼ੁਰੂ ਹੋਇਆ ਸੀ।

ਕਦੀ ਇਨ੍ਹਾਂ ਹੁਕਮਾਂ ਨੂੰ ਮੰਨਣ ਵਾਲੀਆਂ ਦਾਈਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ।

ਇਸ ਬਦਲਾਅ ਦੀ ਚਿੰਣਗ ਇੱਕ ਸਮਾਜ ਸੇਵੀ ਅਨੀਲਾ ਕੁਮਾਰੀ ਨੇ ਭੜਕਾਈ ਗਈ ਸੀ। ਅਨੀਤਾ ਇੱਕ ਐੱਨਜੀਓ ਚਲਾਉਂਦੇ ਸਨ ਜੋ ਕਟਿਹਾਰ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਔਰਤਾਂ ਦੀ ਸਹਾਇਤਾ ਕਰਦੀ ਸੀ। ਉਨ੍ਹਾਂ ਦੀ ਐੱਨਜੀਓ ਇਨ੍ਹਾਂ ਕਤਲਾਂ ਦੇ ਮੂਲ ਕਾਰਨਾਂ ਨੂੰ ਹੱਲ ਕਰਨ ਪ੍ਰਤੀ ਸਮਰਪਿਤ ਸੀ।

ਅਨੀਲਾ ਦੀ ਪਹੁੰਚ ਸਧਾਰਨ ਸੀ।

ਉਨ੍ਹਾਂ ਨੇ ਦਾਈਆਂ ਨੂੰ ਪੁੱਛਿਆ, "ਕੀ ਤੁਸੀਂ ਆਪਣੀ ਧੀ ਨਾਲ ਅਜਿਹਾ ਕਰੋਗੇ?"

ਉਨ੍ਹਾਂ ਦੇ ਸਵਾਲ ਨੇ ਸਪੱਸ਼ਟ ਤੌਰ 'ਤੇ ਤਰਕਸੰਗਤ ਸੋਚ ਅਤੇ ਇਨਕਾਰ ਦੇ ਇਨ੍ਹਾਂ ਸਾਲਾਂ ’ਤੇ ਸਵਾਲੀਆ ਚਿੰਨ੍ਹ ਲਾਇਆ।

ਦਾਈਆਂ ਨੂੰ ਭਾਈਚਾਰਕ ਸਮੂਹਾਂ ਰਾਹੀਂ ਕੁਝ ਆਰਥਿਕ ਮਦਦ ਮਿਲੀ ਅਤੇ ਹੌਲੀ-ਹੌਲੀ ਹਿੰਸਾ ਦਾ ਇਹ ਚੱਕਾ ਰੁਕ ਗਿਆ।

ਸੀਰੋ ਨੇ 2007 ਵਿੱਚ ਮੇਰੇ ਨਾਲ ਗੱਲ ਕਰਦਿਆਂ ਇਸ ਬਦਲਾਅ ਬਾਰੇ ਦੱਸਿਆ ਸੀ।

"ਹੁਣ, ਜੋ ਵੀ ਮੈਨੂੰ ਮਾਰਨ ਲਈ ਕਹਿੰਦਾ ਹੈ, ਮੈਂ ਉਨ੍ਹਾਂ ਨੂੰ ਕਹਿੰਦੀ ਹਾਂ, 'ਦੇਖੋ, ਮੈਨੂੰ ਬੱਚਾ ਦਿਓ ਅਤੇ ਮੈਂ ਉਸਨੂੰ ਅਨੀਲਾ ਮੈਡਮ ਕੋਲ ਲੈ ਜਾਵਾਂਗੀ।'

ਦਾਈਆਂ ਨੇ 1995 ਅਤੇ 1996 ਦੇ ਵਿਚਕਾਰ ਘੱਟੋ-ਘੱਟ ਪੰਜ ਨਵਜੰਮੀਆਂ ਕੁੜੀਆਂ ਨੂੰ ਉਨ੍ਹਾਂ ਪਰਿਵਾਰਾਂ ਤੋਂ ਬਚਾਇਆ ਜੋ ਧੀਆਂ ਨੂੰ ਮਾਰਨਾ ਚਾਹੁੰਦੇ ਸਨ ਜਾਂ ਉਨ੍ਹਾਂ ਨੂੰ ਪਹਿਲਾਂ ਹੀ ਛੱਡ ਚੁੱਕੇ ਸਨ।

ਇੱਕ ਬੱਚੇ ਦੀ ਮੌਤ ਹੋ ਗਈ, ਪਰ ਅਨੀਲਾ ਨੇ ਬਾਕੀ ਚਾਰਾਂ ਨੂੰ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਇੱਕ ਐੱਨਜੀਓ ਕੋਲ ਭੇਜਣ ਦਾ ਪ੍ਰਬੰਧ ਕੀਤਾ ਜਿਸ ਨੇ ਉਨ੍ਹਾਂ ਨੂੰ ਗੋਦ ਲੈਣ ਲਈ ਇੱਕ ਪਰਿਵਾਰ ਨੂੰ ਭਾਲਿਆ।

ਕਹਾਣੀ ਉੱਥੇ ਹੀ ਖਤਮ ਹੋ ਸਕਦੀ ਸੀ। ਪਰ ਮੈਂ ਇਹ ਜਾਣਨਾ ਚਾਹੁੰਦਾ ਸੀ ਕਿ ਉਨ੍ਹਾਂ ਕੁੜੀਆਂ ਦਾ ਕੀ ਬਣ ਗਿਆ ਸੀ ਜਿਨ੍ਹਾਂ ਨੂੰ ਬਚਾਇਆ ਗਿਆ ਸੀ ਅਤੇ ਗੋਦ ਲਿਆ ਗਿਆ ਸੀ ਅਤੇ ਜ਼ਿੰਦਗੀ ਉਨ੍ਹਾਂ ਨੂੰ ਕਿੱਥੇ ਲੈ ਗਈ ਸੀ।

ਅਨੀਲਾ ਨੇ ਬਹੁਤ ਸਾਵਧਾਨੀ ਨਾਲ ਰਿਕਾਰਡ ਰੱਖੇ ਹੋਏ ਸਨ ਪਰ ਉਨ੍ਹਾਂ ਕੋਲ ਗੋਦ ਲੈਣ ਤੋਂ ਬਾਅਦ ਬਾਰੇ ਵੇਰਵੇ ਥੋੜੇ ਜਿਹੇ ਸਨ।

ਪਰ ਫਿਰ ਮੈਂ 90 ਦੇ ਦਹਾਕੇ ਦੀ ਮੇਧਾ ਸ਼ੇਕਰ ਨਾਂ ਦੀ ਔਰਤ ਨਾਲ ਸੰਪਰਕ ਕੀਤਾ।

ਉਹ ਬਿਹਾਰ ਵਿੱਚ ਭਰੂਣ ਹੱਤਿਆ ਦੀ ਖੋਜ ਕਰ ਰਹੀ ਸੀ, ਜਦੋਂ ਅਨੀਲਾ ਅਤੇ ਦਾਈਆਂ ਵਲੋਂ ਬਚਾਏ ਗਏ ਬੱਚੇ ਉਨ੍ਹਾਂ ਦੀ ਐਨਜੀਓ ਵਿੱਚ ਆਉਣੇ ਸ਼ੁਰੂ ਹੋ ਗਏ।

ਕਮਾਲ ਦੀ ਗੱਲ ਇਹ ਹੈ ਕਿ ਮੇਧਾ ਅਜੇ ਵੀ ਇੱਕ ਕੁੜੀ ਦੇ ਸੰਪਰਕ ਵਿੱਚ ਸੀ। ਜਿਸ ਬਾਰੇ ਉਨ੍ਹਾਂ ਦਾ ਮੰਨਣਾ ਹੈ ਕਿ ਉਹ ਉਨ੍ਹਾਂ ਬਚੇ ਹੋਏ ਬੱਚਿਆਂ ਵਿੱਚੋਂ ਇੱਕ ਸੀ।

ਅਨੀਲਾ ਨੇ ਮੈਨੂੰ ਦੱਸਿਆ ਕਿ ਉਸਨੇ ਦਾਈਆਂ ਵਲੋਂ ਬਚਾਈਆਂ ਸਾਰੀਆਂ ਕੁੜੀਆਂ ਨੂੰ ਉਨ੍ਹਾਂ ਦੇ ਨਾਮ ਦੇ ਅੱਗੇ ‘ਕੋਸੀֹ’ ਅਗੇਤਰ ਦਿੱਤਾ ਸੀ। ਬਿਹਾਰ ਵਿੱਚ ਵਹਿੰਦੀ ਕੋਸੀ ਨਦੀ ਨੂੰ ਸ਼ਰਧਾਂਜਲੀ ਵਜੋਂ।

ਮੇਧਾ ਨੂੰ ਯਾਦ ਹੈ ਕਿ ਗੋਦ ਲੈਣ ਤੋਂ ਪਹਿਲਾਂ ਮੋਨਿਕਾ ਦਾ ਨਾਂ ਇਸ 'ਕੋਸੀ' ਅਗੇਤਰ ਨਾਲ ਰੱਖਿਆ ਗਿਆ ਸੀ।

ਗੋਦ ਲੈਣ ਵਾਲੀ ਏਜੰਸੀ ਸਾਨੂੰ ਮੋਨਿਕਾ ਦੇ ਰਿਕਾਰਡਾਂ ਨੂੰ ਦੇਖਣ ਦੀ ਇਜ਼ਾਜਤ ਨਹੀਂ ਦੇਵੇਗੀ, ਇਸ ਲਈ ਅਸੀਂ ਕਦੇ ਵੀ ਯਕੀਨੀ ਨਹੀਂ ਹੋ ਸਕਦੇ।

ਪਰ ਉਸ ਦਾ ਪਿਛੋਕੜ ਪਟਨਾ ਦਾ ਹੈ ਉਸ ਦੀ ਅੰਦਾਜ਼ਨ ਜਨਮ ਮਿਤੀ ਅਤੇ ਅਗੇਤਰ ‘ਕੋਸੀֹ’ ਸਾਰੇ ਇੱਕੋ ਨਤੀਜੇ ਵੱਲ ਇਸ਼ਾਰਾ ਕਰਦੇ ਹਨ: ਪੂਰੀ ਸੰਭਾਵਨਾ ਹੈ ਮੋਨੀਕਾ ਉਨੀਂ ਦਿਨੀਂ ਅਨੀਲਾ ਅਤੇ ਦਾਈਆਂ ਦੁਆਰਾ ਬਚਾਏ ਗਏ ਪੰਜ ਬੱਚਿਆਂ ਵਿੱਚੋਂ ਇੱਕ ਹੈ।

ਜਦੋਂ ਮੈਂ ਪੁਣੇ ਵਿੱਚ ਤਕਰੀਬਨ 2,000 ਕਿਲੋਮੀਟਰ (1,242) ਮੀਲ ਦੂਰ ਉਸਦੇ ਮਾਤਾ-ਪਿਤਾ ਦੇ ਘਰ ਉਸਨੂੰ ਮਿਲਣ ਗਿਆ ਤਾਂ ਉਹ ਆਪਣੇ ਬਚਪਨ ਬਾਰੇ ਬਹੁਤ ਸਹਿਜ ਜਾਪਦੀ ਸੀ।

ਮੋਨਿਕਾ ਕਹਿੰਦੇ ਹਨ, “ਮੈਂ ਖੁਸ਼ਕਿਸਮਤ ਸੀ ਕਿ ਮੈਨੂੰ ਇੱਕ ਚੰਗਾ ਪਰਿਵਾਰ ਮਿਲਿਆ। ਇਹ ਇੱਕ ਆਮ ਖੁਸ਼ਹਾਲ ਜੀਵਨ ਦੀ ਮੇਰੀ ਪਰਿਭਾਸ਼ਾ ਹੈ ਅਤੇ ਮੈਂ ਇਸਨੂੰ ਜੀ ਰਹੀ ਹਾਂ।”

ਮੋਨਿਕਾ ਨੂੰ ਪਤਾ ਸੀ ਕਿ ਉਹ ਬਿਹਾਰ ਤੋਂ ਗੋਦ ਲਈ ਗਈ ਸੀ। ਪਰ ਅਸੀਂ ਉਸ ਨੂੰ ਗੋਦ ਲੈਣ ਦੇ ਹਾਲਾਤ ਬਾਰੇ ਹੋਰ ਵੇਰਵੇ ਦੇ ਸਕਦੇ ਸੀ।

ਮੋਨੀਕਾ ਅਤੇ ਉਨ੍ਹਾਂ ਦੇ ਪਿਤਾ
ਤਸਵੀਰ ਕੈਪਸ਼ਨ, ਮੋਨੀਕਾ ਅਤੇ ਉਨ੍ਹਾਂ ਦੇ ਪਿਤਾ

ਇਸ ਸਾਲ ਦੇ ਸ਼ੁਰੂ ਵਿੱਚ, ਮੋਨਿਕਾ ਬਿਹਾਰ ਗਈ ਸੀ ਅਨੀਲਾ ਅਤੇ ਸੀਰੋ ਨੂੰ ਮਿਲਣ ਲਈ।

ਪਰ ਮੋਨਿਕਾ ਨੇ ਆਪਣੀ ਹੋਂਦ ਨੂੰ ਅਨੀਲਾ ਅਤੇ ਹੋਰ ਦਾਈਆਂ ਦੀ ਸਾਲਾਂ ਦੀ ਸਖ਼ਤ ਮਿਹਨਤ ਦੇ ਸਿੱਟੇ ਵਜੋਂ ਦੇਖਿਆ।

“ਕੋਈ ਇਮਤਿਹਾਨ ਵਿੱਚ ਚੰਗਾ ਕਰਨ ਲਈ ਬਹੁਤ ਤਿਆਰੀ ਕਰਦਾ ਹੈ। ਮੈਨੂੰ ਅਜਿਹਾ ਲੱਗਦਾ ਹੈ। ਉਨ੍ਹਾਂ ਨੇ ਸਖ਼ਤ ਮਿਹਨਤ ਕੀਤੀ ਅਤੇ ਹੁਣ ਉਹ ਨਤੀਜੇ ਜਾਣਨ ਲਈ ਬਹੁਤ ਉਤਸੁਕ ਹਨ...ਇਸ ਲਈ ਯਕੀਨੀ ਤੌਰ 'ਤੇ, ਮੈਂ ਉਨ੍ਹਾਂ ਨੂੰ ਮਿਲਣਾ ਚਾਹਾਂਗਾ।”

ਮੋਨਿਕਾ ਨੂੰ ਮਿਲ ਕੇ ਅਨੀਲਾ ਖੁਸ਼ੀ ਦੇ ਹੰਝੂ ਰੋਈ। ਪਰ ਸੀਰੋ ਦਾ ਜਵਾਬ ਵੱਖਰਾ ਮਹਿਸੂਸ ਹੋਇਆ।

ਉਸਨੇ ਮੋਨਿਕਾ ਨੂੰ ਨੇੜੇ ਫੜਿਆ ਅਤੇ ਉਸਦੇ ਵਾਲਾਂ ਵਿੱਚ ਹੱਥ ਫ਼ੇਰਦਿਆਂ ਜ਼ੋਰ-ਜ਼ੋਰ ਨਾਲ ਰੋਣ ਲੱਗੀ।

ਉਸ ਨੇ ਕਿਹਾ, “ਮੈਂ ਤੁਹਾਡੀ ਜਾਨ ਬਚਾਉਣ ਲਈ ਤੁਹਾਨੂੰ [ਅਨਾਥ ਆਸ਼ਰਮ] ਲੈ ਗਈ...ਮੇਰੀ ਆਤਮਾ ਨੂੰ ਹੁਣ ਸਕੂਨ ਮਿਲਿਆ ਹੈ।”

ਪਰ ਜਦੋਂ, ਕੁਝ ਦਿਨ ਬਾਅਦ, ਮੈਂ ਸੀਰੋ ਨੂੰ ਉਸਦੀ ਪ੍ਰਤੀਕ੍ਰਿਆ ਬਾਰੇ ਹੋਰ ਘੋਖਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਹੋਰ ਜਾਂਚ ਦਾ ਵਿਰੋਧ ਕੀਤਾ।

ਉਸ ਨੇ ਕਿਹਾ, "ਜੋ ਕੁਝ ਅਤੀਤ ਵਿੱਚ ਹੋਇਆ, ਉਹ ਬੀਤ ਗਿਆ ਹੈ।"

ਪਰ ਜੋ ਨਹੀਂ ਬੀਤਿਆ ਉਹ ਹੈ ਪੱਖਪਾਤ, ਜੋ ਕਈ ਲੋਕ ਹਾਲੇ ਵੀ ਬੱਚੀਆਂ ਪ੍ਰਤੀ ਰੱਖਦੇ ਹਨ।

ਦੇਸ਼ ਦੀਆਂ ਕੁੜੀਆਂ ਨੂੰ ਬਚਾਉਣ ਲਈ ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਹਾਲੇ ਵੀ ਬਾਲ ਹੱਤਿਆਵਾਂ ਦਰਜ ਹੁੰਦੀਆਂ ਹਨ। ਹਾਲਾਂਕਿ, ਅੱਜਕੱਲ੍ਹ ਲਿੰਗ ਗ਼ੈਰ-ਬਰਾਬਰੀ ਹੀ ਗਰਭਪਾਤ ਦਾ ਮੁੱਖ ਕਾਰਨ ਹੈ।

ਅਲੀਨਾ
ਤਸਵੀਰ ਕੈਪਸ਼ਨ, ਸਾਲਾਂ ਬਾਅਦ ਮੋਨੀਕਾ ਨੂੰ ਮਿਲ ਕੇ ਅਲੀਨਾ ਭਾਵੁਕ ਹੋ ਗਈ

1994 ਵਿੱਚ, ਲਿੰਗ-ਚੋਣ ਉੱਤੇ ਅਧਾਰਿਤ ਗਰਭਪਾਤ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਸੀ।

ਪਰ ਮੁਹਿੰਮ ਕਰਤਾਵਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਲਿੰਗ-ਚੋਣ ਵਾਲੇ ਗਰਭਪਾਤ ਅਜੇ ਵੀ ਗੈਰ-ਕਾਨੂੰਨੀ ਤਰੀਕੇ ਨਾਲ ਕੀਤੇ ਜਾਂਦੇ ਹਨ।

ਜੇ ਕੋਈ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਬੱਚੇ ਦੇ ਜਨਮ ਸਮੇਂ ਗਾਏ ਜਾਣ ਵਾਲੇ ਰਵਾਇਤੀ ਲੋਕ ਗੀਤ ਸੋਹਰ ਨੂੰ ਸੁਣਦਾ ਹੈ ਤਾਂ ਸਮਝਦਾ ਹੈ ਕਿ ਬੱਚੇ ਦੇ ਜਨਮ ਨਾਲ ਜੁੜੀ ਖੁਸ਼ੀ ਇੱਕ ਪੁਰਸ਼ ਬੱਚੇ ਦੇ ਜਨਮ ਨਾਲ ਹੀ ਸਬੰਧਿਤ ਹੈ।

2024 ਵਿੱਚ ਵੀ ਸਥਾਨਕ ਗਾਇਕਾਂ ਨੇ ਗੀਤ ਦੇ ਬੋਲ ਬਦਲਣ ਦੀ ਕੋਸ਼ਿਸ਼ ਕੀਤੀ ਸੀ ਤਾਂ ਜੋ ਗੀਤ ਇੱਕ ਕੁੜੀ ਦੇ ਜਨਮ ਦਾ ਜਸ਼ਨ ਮਨਾਉਣ ਲਈ ਵੀ ਗਾਏ ਜਾ ਸਕਣ।

ਜਦੋਂ ਅਸੀਂ ਆਪਣੀ ਦਸਤਾਵੇਜ਼ੀ ਫਿਲਮ ਬਣਾ ਰਹੇ ਸੀ ਤਾਂ ਕਟਿਹਾਰ ਵਿੱਚ ਦੋ ਬੱਚੀਆਂ ਨੂੰ ਛੱਡ ਦਿੱਤਾ ਗਿਆ ਸੀ , ਇੱਕ ਨੂੰ ਝਾੜੀਆਂ ਵਿੱਚ ਤੇ ਦੂਜੀ ਨੂੰ ਸੜਕ ਕਿਨਾਰੇ। ਉਨ੍ਹਾਂ ਦੇ ਜਨਮ ਨੂੰ ਹਾਲੇ ਕੁਝ ਘੰਟੇ ਹੀ ਹੋਏ ਸਨ।

ਬਾਅਦ ਵਿੱਚ ਇੱਕ ਦੀ ਮੌਤ ਹੋ ਗਈ ਸੀ। ਦੂਜੀ ਨੂੰ ਬਾਅਦ ਵਿੱਚ ਗੋਦ ਲੈਣ ਦਾ ਸੋਚਿਆ ਗਿਆ ਸੀ।

ਝਾੜੀਆਂ ਵਿੱਚ ਛੱਡੀ ਗਈ ਨਵਜਾਤ ਬੱਚੀ
ਤਸਵੀਰ ਕੈਪਸ਼ਨ, ਨਵਜੰਮੀਆਂ ਬੱਚੀਆਂ ਵਿੱਚੋਂ ਇੱਕ ਜਿਸ ਨੂੰ ਝਾੜੀਆਂ ਵਿੱਚ ਛੱਡ ਦਿੱਤਾ ਗਿਆ

ਮੋਨਿਕਾ ਬਿਹਾਰ ਛੱਡਣ ਤੋਂ ਪਹਿਲਾਂ ਕਟਿਹਾਰ ਦੇ ਸਪੈਸ਼ਲ ਅਡਾਪਸ਼ਨ ਸੈਂਟਰ ਵਿੱਚ ਇਸ ਬੱਚੇ ਨੂੰ ਮਿਲਣ ਗਈ ਸੀ।

ਉਹ ਕਹਿੰਦੇ ਹੈ ਕਿ ਉਹ ਇਸ ਅਹਿਸਾਸ ਤੋਂ ਦੁਖੀ ਸੀ ਕਿ ਕੁੜੀਆਂ ਦੀ ਭਰੂਣ ਹੱਤਿਆ ਤਾਂ ਸ਼ਾਇਦ ਘੱਟ ਗਈ ਹੈ, ਪਰ ਬੱਚੀਆਂ ਨੂੰ ਜੰਮਣ ਤੋਂ ਬਾਅਦ ਛੱਡ ਦੇਣਾ।

"ਇਹ ਇੱਕ ਚੱਕਰ ਹੈ... ਮੈਂ ਕੁਝ ਸਾਲ ਪਹਿਲਾਂ ਆਪਣੇ ਆਪ ਨੂੰ ਉਸ ਹਾਲਾਤ ਵਿੱਚ ਮਹਿਸੂਸ ਕਰ ਸਕਦੀ ਹਾਂ ਅਤੇ ਹੁਣ ਫਿਰ ਮੇਰੇ ਵਰਗੀ ਕੋਈ ਕੁੜੀ ਉੱਥੇ ਹੈ।"

ਪਰ ਖੁਸ਼ਗਵਾਹ ਬਰਾਬਰੀਆਂ ਵੀ ਹੋਣੀਆਂ ਸਨ।

ਗੌਰਵ ਅਤੇ ਉਨ੍ਹਾਂ ਦਾ ਪਰਿਵਾਰ
ਤਸਵੀਰ ਕੈਪਸ਼ਨ, ਮਾਪਿਆਂ ਵਲੋਂ ਛੱਡੇ ਗਏ ਬੱਚੇ ਦਾ ਨਾਂ ਹੁਣ ਏਧਾ ਹੈ ਉਸ ਨੂੰ ਆਸਾਮ ਦੇ ਇੱਕ ਪਰਿਵਾਰ ਦੁਆਰਾ ਗੋਦ ਲਿਆ ਗਿਆ ਹੈ

ਬੱਚੇ ਨੂੰ ਉੱਤਰ-ਪੂਰਬੀ ਸੂਬੇ ਅਸਾਮ ਵਿੱਚ ਇੱਕ ਜੋੜੇ ਨੇ ਗੋਦ ਲਿਆ ਹੈ।

ਉਨ੍ਹਾਂ ਨੇ ਉਸ ਦਾ ਨਾਂ ਈਧਾ ਰੱਖਿਆ ਹੈ, ਜਿਸਦਾ ਅਰਥ ਹੈ ਖੁਸ਼ੀ।

ਉਸਦੇ ਗੋਦ ਲੈਣ ਵਾਲੇ ਪਿਤਾ ਗੌਰਵ, ਭਾਰਤੀ ਹਵਾਈ ਸੈਨਾ ਵਿੱਚ ਇੱਕ ਅਧਿਕਾਰੀ ਹਨ। ਗੌਰਵ ਨੇ ਕਿਹਾ, "ਅਸੀਂ ਉਸਦੀ ਫੋਟੋ ਦੇਖੀ ਅਤੇ ਅਸੀਂ ਸਪੱਸ਼ਟ ਸੀ, ਇੱਕ ਵਾਰ ਮਾਪਿਆਂ ਵਲੋਂ ਛੱਡੇ ਗਏ ਬੱਚੇ ਨੂੰ ਦੋ ਵਾਰ ਨਹੀਂ ਛੱਡਿਆ ਜਾ ਸਕਦਾ।"

ਹਰ ਕੁਝ ਹਫ਼ਤਿਆਂ ਬਾਅਦ ਗੌਰਵ ਮੈਨੂੰ ਉਸ ਬੱਚੀ ਦੀਆਂ ਨਵੀਂਆਂ ਹਰਕਤਾਂ ਦਾ ਵੀਡੀਓ ਭੇਜਦਾ ਹੈ।

ਮੈਂ ਉਨ੍ਹਾਂ ਨੂੰ ਕਦੇ-ਕਦੇ ਮੋਨਿਕਾ ਨਾਲ ਸਾਂਝਾ ਕਰਦਾ ਹਾਂ।

ਪਿੱਛੇ ਮੁੜ ਕੇ ਦੇਖੀਏ ਤਾਂ, ਇਸ ਕਹਾਣੀ 'ਤੇ ਬਿਤਾਏ 30 ਸਾਲ ਕਦੇ ਵੀ ਬੀਤੇ ਦੀ ਗੱਲ ਨਹੀਂ ਹੋਣਗੇ।

ਇਹ ਸਭ ਇੱਕ ਅਸਹਿਜ ਸੱਚਾਈ ਦਾ ਸਾਹਮਣਾ ਕਰਨ ਬਾਰੇ ਸੀ। ਅਤੀਤ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ, ਪਰ ਇਸਨੂੰ ਬਦਲਿਆ ਜਾ ਸਕਦਾ ਹੈ ਅਤੇ ਉਸ ਬਦਲਾਅ ਦੀ ਉਮੀਦ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)