ਹੋਣ ਵਾਲੇ ਬੱਚੇ ਉੱਤੇ ਪਿਤਾ ਦੀਆਂ ਸ਼ਰਾਬ ਨਾਲ ਜੁੜੀਆਂ ਆਦਤਾਂ ਦਾ ਕੀ ਅਸਰ ਹੁੰਦਾ ਹੈ

ਜੋੜਾ

ਤਸਵੀਰ ਸਰੋਤ, Getty Images

    • ਲੇਖਕ, ਅਮਾਂਡਾ ਰੁਗੇਰੀ
    • ਰੋਲ, ਬੀਬੀਸੀ ਪੱਤਰਕਾਰ

ਲੰਬੇ ਸਮੇਂ ਤੋਂ ਹੋਣ ਵਾਲੇ ਬੱਚੇ ਦੀ ਸਿਹਤ ਦੇ ਮੱਦੇ ਨਜ਼ਰ ਗਿਆਨੀਆਂ ਦਾ ਧਿਆਨ ਗਰਭਵਤੀ ਮਾਂ ਦੇ ਖਾਣ-ਪਾਣ ਉੱਤੇ ਹੀ ਕੇਂਦਰਿਤ ਰਿਹਾ ਹੈ। ਪਿਤਾ ਦੀਆਂ ਆਦਤਾਂ ਜ਼ਿਆਦਾਤਰ ਨਜ਼ਰਅੰਦਾਜ਼ ਰਹੀਆਂ ਹਨ। ਲੇਕਿਨ ਹੁਣ ਸ਼ਾਇਦ ਅਜਿਹਾ ਨਹੀਂ ਰਹੇਗਾ।

ਪਿਛਲੇ ਲਗਭਗ ਪੰਜਾਹ ਸਾਲ ਤੋਂ ਵਿਗਿਆਨੀਆਂ ਨੇ ਗਰਭਕਾਲ ਦੌਰਾਨ ਸ਼ਰਾਬ ਪੀਣ ਦੇ ਕੁੱਖ ਵਿੱਚ ਪਲ ਰਹੇ ਬੱਚੇ ਦੀ ਸਿਹਤ ਉੱਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਤੋਂ ਸੁਚੇਤ ਕੀਤਾ ਹੈ।

ਹਾਲ ਹੀ ਵਿੱਚ ਹੋਏ ਇੱਕ ਅਧਿਐਨ ਤੋਂ ਉਜਾਗਰ ਹੋਇਆ ਹੈ ਕਿ ਮਾਂ ਦੇ ਹਫ਼ਤੇ ਵਿੱਚ ਇੱਕ ਪੈਗ ਲਾਉਣ ਨਾਲ ਵੀ ਉਸਦੀ ਕੁੱਖ ਵਿੱਚ ਪਲ ਰਹੇ ਬੱਚੇ ਦੇ ਦਿਮਾਗੀ ਵਿਕਾਸ, ਬੌਧਿਕ ਸ਼ਕਤੀ ਅਤੇ ਵਿਹਾਰ ਤੋਂ ਲੈ ਕੇ ਉਸਦੇ ਚਿਹਰੇ ਦੀ ਬਣਤਰ ਉੱਤੇ ਵੀ ਪੈਂਦਾ ਅਸਰ ਹੈ। ਕਈ ਦਹਾਕਿਆਂ ਤੋਂ ਸਿਹਤ ਮਹਿਕਮੇ ਕਹਿੰਦੇ ਆਏ ਹਨ ਕਿ ਗਰਭਵਤੀ ਔਰਤ ਲਈ ਸ਼ਰਾਬ ਦੀ ਕੋਈ ਵੀ ਸੁਰੱਖਿਅਤ ਮਾਤਰਾ ਨਹੀਂ ਹੋ ਸਕਦੀ।

ਜਨਮ ਤੋਂ ਪਹਿਲਾਂ ਬੱਚੇ ਦੇ ਉੱਪਰ ਪੈਣ ਵਾਲੇ ਅਸਰਾਂ ਨੂੰ ਨਾ ਸਿਰਫ਼ ਫੋਇਟਲ ਐਲਕੋਹਲ ਸਪੈਕਟਰਮ ਡਿਸਆਰਡਰਾਂ (ਐੱਫਏਐੱਸਡੀ) ਨਾਲ, ਸਗੋਂ ਉਸ ਦੇ ਵਿਹਾਰ, ਬੌਧਿਕਤਾ ਅਤੇ ਸਿੱਖਣ ਸਮੱਸਿਆਵਾਂ, ਜਿਵੇਂ ਕਿ ਦੇਰੀ ਨਾਲ ਬੋਲਣਾ ਸਿੱਖਣ ਨਾਲ ਵੀ ਜੋੜਿਆ ਜਾਂਦਾ ਰਿਹਾ ਹੈ।

ਉੱਥੇ ਹੀ ਜਿੱਥੇ ਹੋਣ ਵਾਲੇ ਬੱਚੇ ਅਤੇ ਮਾਂ ਦੇ ਸ਼ਰਾਬ ਪੀਣ ਸੰਬੰਧੀ ਖੁੱਲ੍ਹੀ ਖੋਜ ਹੋਈ ਹੈ। ਉੱਥੇ ਹੀ ਪਿਤਾ ਦੀਆਂ ਸ਼ਰਾਬ ਨਾਲ ਜੁੜੀਆਂ ਆਦਤਾਂ ਅਤੇ ਉਨ੍ਹਾਂ ਦੇ ਹੋਣ ਵਾਲੇ ਬੱਚੇ ਉੱਪਰ ਅਸਰ ਦੇ ਮਾਮਲੇ ਵਿਚ ਅਜੇ ਉਨਾਂ ਕੰਮ ਨਹੀਂ ਹੋਇਆ ਹੈ।

ਅਮਰੀਕਾ ਦੀ ਟੈਕਸਾਸ ਏ ਐਂਡ ਐੱਮ ਯੂਨੀਵਰਸਿਟੀ ਵਿੱਚ ਵਿਕਾਸਾਤਮਿਕ ਮਨੋਵਿਗਿਆਨ ਦੇ ਪ੍ਰੋਫੈਸਰ ਮਾਈਕਲ ਗੋਲਡਿੰਗ, ਭਰੂਣ ਦੇ ਵਿਕਾਸ ਉੱਤੇ ਸ਼ਰਾਬ ਦੇ ਅਸਰ ਦਾ ਅਧਿਐਨ ਕਰਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਇਸ ਦਿਸ਼ਾ ਵਿੱਚ ਜ਼ਿਆਦਾਤਰ ਖੋਜ ਮਾਂ-ਕੇਂਦਰਿਤ ਹੀ ਰਹੀ ਹੈ ਅਤੇ ਅਸੀਂ ਪਿਤਾ ਵਾਲੇ ਪਾਸੇ ਜ਼ਿਆਦਾ ਧਿਆਨ ਨਹੀਂ ਦਿੱਤਾ ਹੈ।

ਲੇਕਿਨ ਉਨ੍ਹਾਂ ਕੋਲ ਅਜਿਹੀਆਂ ਮਾਵਾਂ ਆਉਂਦੀਆਂ ਰਹੀਆਂ ਹਨ ਜੋ ਕਹਿੰਦੀਆਂ ਸਨ ਕਿ ਮੈਂ ‘ਗਰਭਕਾਲ ਦੌਰਾਨ ਕਦੇ ਵੀ ਸ਼ਾਰਬ ਨਹੀਂ ਪੀਤੀ ਜਦਕਿ ਮੇਰਾ ਪੁਰਸ਼ ਸਾਥੀ ਗੰਭੀਰ ਸ਼ਰਾਬੀ ਸੀ, ਅਤੇ ਹੁਣ ਮੇਰੇ ਬੱਚੇ ਨੂੰ ਐੱਫਏਐੱਸਡੀ ਹੈ’।

ਪ੍ਰੋਫੈਸਰ ਦਾ ਕਹਿਣਾ ਹੈ ਕਿ ਅਜਿਹੀਆਂ ਕਹਾਣੀਆਂ ਨੂੰ ਅਕਸਰ ਇਹ ਕਹਿ ਕੇ ਅਣਗੌਲਿਆਂ ਕਰ ਦਿੱਤਾ ਗਿਆ ਸੀ ਕਿ ਮਾਂਵਾਂ ਜੇ ਪੂਰਾ ਝੂਠ ਨਹੀਂ ਵੀ ਬੋਲ ਰਹੀਆਂ ਤਾਂ ਭੁੱਲ ਜ਼ਰੂਰ ਰਹੀਆਂ ਹਨ।

ਤਾਜ਼ਾ ਖੋਜ ਹਾਲਾਂਕਿ ਇਸ ਦਿਸ਼ਾ ਵਿੱਚ ਨਵੀਂ ਸੰਭਾਵਨਾ ਪੈਦਾ ਕਰ ਰਹੀ ਹੈ— ਕਿ ਇਹ ਮਾਵਾਂ ਹਮੇਸ਼ਾ ਹੀ ਸਹੀ ਸਨ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਦਾ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਇਹ ਵਿਚਾਰ ਕਿ ਗਰਭ ਠਹਿਰਨ ਤੋਂ ਪਹਿਲਾਂ ਪਿਤਾ ਦੀ ਸ਼ਰਾਬ ਪੀਣ ਦੀ ਆਦਤ ਬੱਚੇ ਉੱਤੇ ਅਸਰ ਪਾ ਸਕਦੀ ਹੈ, ਬਹੁਤ ਅਸਪਸ਼ਟ ਪ੍ਰਤੀਤ ਹੁੰਦਾ ਹੈ। ਲੇਕਿਨ ਨਵੇਂ ਅਧਿਐਨ ਦਰਸਾਉਂਦੇ ਹਨ ਕਿ ਜਿਹੜੇ ਬੱਚਿਆਂ ਦੇ ਪਿਤਾ ਸ਼ਰਾਬ ਪੀਂਦੇ ਸਨ ਉਨ੍ਹਾਂ ਵਿੱਚ ਸਿਹਤ ਨਾਲ ਜੁੜੀਆਂ ਦਿੱਕਤਾਂ ਪੈਦਾ ਹੋਣ ਦੀਆਂ ਸੰਭਾਵਨਾਵਾਂ ਜ਼ਿਆਦਾ ਹਨ।

ਸਾਲ 2021 ਵਿੱਚ ਚੀਨ ਦੇ ਪੰਜ ਲੱਖ ਜੋੜਿਆਂ ਉੱਪਰ ਇੱਕ ਅਧਿਐਨ ਕੀਤਾ ਗਿਆ। ਅਧਿਐਨ ਮੁਤਾਬਕ ਜਮਾਂਦਰੂ ਨੁਕਸ, ਜਿਵੇਂ ਬੁੱਲ੍ਹ ਫਟਿਆ ਹੋਣਾ, ਦਿਲ ਦਾ ਰੋਗ ਅਤੇ ਪਾਚਨ ਤੰਤਰ ਦੇ ਵਿਗਾੜ ਉਨ੍ਹਾਂ ਬੱਚਿਆਂ ਵਿੱਚ ਜ਼ਿਆਦਾ ਸਨ ਜਿਨ੍ਹਾਂ ਦੇ ਪਿਤਾ ਗਰਭ ਠਹਿਰਨ ਤੋਂ ਪਹਿਲਾਂ ਸ਼ਰਾਬ ਪੀਂਦੇ ਸਨ ਅਤੇ ਮਾਂ ਬਿਲਕੁਲ ਵੀ ਨਹੀਂ ਪੀਂਦੀ ਸੀ।

ਚੀਨ ਵਿੱਚ ਹੀ 5000 ਦਿਲ ਦੀ ਜਮਾਂਦਰੂ ਬਿਮਾਰੀ ਵਾਲੇ ਬੱਚਿਆਂ ਦੀ 5000 ਦੂਜੇ ਬੱਚਿਆਂ ਨਾਲ ਤੁਲਨਾ ਕੀਤੀ ਗਈ। ਪਤਾ ਲੱਗਿਆ ਕਿ ਜਿਨ੍ਹਾਂ ਦੇ ਪਿਤਾ (ਗਰਭ ਠਹਿਰਨ ਤੋਂ ਤਿੰਨ ਮਹੀਨੇ ਪਹਿਲਾਂ 50 ਮਿਲੀ ਲੀਟਰ ਪ੍ਰਤੀ ਦਿਨ, ਜੇ ਪੀਂਦੇ ਸਨ) ਸ਼ਰਾਬ ਪੀਂਦੇ ਸਨ ਉਨ੍ਹਾਂ ਵਿੱਚ ਦਿਲ ਦੀ ਜਮਾਂਦਰੂ ਬੀਮਾਰੀ ਹੋਣ ਦੀ ਸੰਭਾਵਨਾ ਤਿੰਨ ਗੁਣਾਂ ਜ਼ਿਆਦਾ ਸੀ।

ਚੀਨ ਵਿੱਚ ਹੀ 1,65, 151 ਬੱਚਿਆਂ ਉੱਤੇ ਅਧਿਐਨ ਕੀਤਾ ਗਿਆ। ਪਤਾ ਲੱਗਿਆ ਕਿ ਇਨ੍ਹਾਂ ਵਿੱਚ ਜਿਹੜੇ ਬੱਚਿਆਂ ਦੇ ਪਿਤਾ ਸ਼ਰਾਬ ਨਹੀਂ ਪੀਂਦੇ ਸਨ, ਉਹਨਾਂ ਦੇ ਮੁਕਾਬਲੇ ਸ਼ਰਾਬ ਨਾ ਪੀਣ ਵਾਲਿਆਂ ਵਿੱਚ ਕੱਟੇ ਹੋਏ ਬੁੱਲ੍ਹ ਦੀ ਸਮੱਸਿਆ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲੀ। ਅਜਿਹੇ 105 ਬੱਚੇ ਪੈਦਾ ਹੋਏ।

ਮਨੁੱਖਾਂ ਉਤੇ ਅਧਿਐਨ ਕਰਨਾ ਕਿਉਂ ਮੁਸ਼ਕਿਲ ਹੈ?

ਕੋਲਾਜ

ਤਸਵੀਰ ਸਰੋਤ, Serenity Strull/Getty Images/BBC

ਤਸਵੀਰ ਕੈਪਸ਼ਨ, ਅਧਿਐਨਾਂ ਵਿੱਚ ਹਾਲਾਂਕਿ ਸਿਗਰਟਨੋਸ਼ੀ ਦੇ ਅਸਰ ਨੂੰ ਬਾਹਰ ਰੱਖਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਹੋਰ ਕਾਰਕਾਂ ਦੇ ਸੰਭਾਵੀ ਪ੍ਰਭਾਵ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ।

ਹਾਲਾਂਕਿ ਭਰੂਣ ਉੱਤੇ ਪਿਤਾ ਦੀਆਂ ਸ਼ਰਾਬ ਨਾਲ ਜੁੜੀਆਂ ਆਦਤਾਂ ਦਾ ਸਿੱਧਾ ਸੰਬੰਧ ਸਥਾਪਿਤ ਕਰਨਾ ਮੁਸ਼ਕਿਲ ਕੰਮ ਰਿਹਾ ਹੈ।

ਇਨ੍ਹਾਂ ਅਧਿਐਨਾਂ ਵਿੱਚ ਹਾਲਾਂਕਿ ਸਿਗਰਟਨੋਸ਼ੀ ਦੇ ਅਸਰ ਨੂੰ ਬਾਹਰ ਰੱਖਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਹੋਰ ਕਾਰਕਾਂ ਦੇ ਸੰਭਾਵੀ ਪ੍ਰਭਾਵ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ।

ਪ੍ਰੋਫੈਸਰ ਗੋਲਿਡਿੰਗ ਮੁਤਾਬਕ, “ਮਨੁੱਖਾਂ ਉੱਪਰ ਕੀਤੇ ਜਾਣ ਵਾਲੇ ਅਧਿਐਨ ਕਾਫ਼ੀ ਪੇਚੀਦਾ ਹੁੰਦੇ ਹਨ। ਇਨ੍ਹਾਂ ਵਿੱਚ ਕਈ ਕਾਰਕ ਆਪਸ ਵਿੱਚ ਕਿਰਿਆ ਕਰਦੇ ਹਨ। ਜਿਵੇਂ ਖਾਣ-ਪਾਣ, ਕਸਰਤ ਵਗੈਰਾ।”

ਅਜਿਹੇ ਅਧਿਐਨਾਂ ਵਿੱਚ ਬਿਲਕੁਲ ਹੀ ਰੈਂਡਮਾਈਜ਼ਡ ਕੰਟਰੋਲਡ ਪ੍ਰੀਖਣ ਕਰਨਾ ਸੰਭਵ ਨਹੀਂ ਹੈ। ਇਹ ਉਹ ਅਧਿਐਨ ਹੁੰਦੇ ਹਨ ਜਿੱਥੇ ਅਧਿਐਨ ਕੀਤੇ ਜਾ ਰਹੇ ਦੋ ਸਮੂਹਾਂ ਨੂੰ ਜਿੱਥੋਂ ਤੱਕ ਹੋ ਸਕੇ ਬਰਾਬਰ ਬਣਾਇਆ ਜਾਂਦਾ ਹੈ। ਇਹ ਬੱਚਿਆਂ ਦੇ ਟੀਮ ਪੁੱਗਣ ਵਾਂਗ ਹੈ। ਜਿਸ ਕਾਰਕ ਦਾ ਅਧਿਐਨ ਕਰਨਾ ਹੋਵੇ ਉਸੇ ਦਾ ਫਰਕ ਕੀਤਾ ਜਾਂਦਾ ਹੈ। ਨਤੀਜਿਆਂ ਵਿੱਚ ਆਏ ਫਰਕ ਦਾ ਸਿਹਰਾ ਉਸ ਕਾਰਕ ਨੂੰ ਦੇ ਦਿੱਤਾ ਜਾਂਦਾ ਹੈ।

ਇੱਕ ਪਲ ਲਈ ਕਿਸੇ ਪਿਤਾ ਨੂੰ ਇਹ ਜਾਣਦੇ ਹੋਏ ਕਿ ਇਸਦੇ ਹੋਣ ਵਾਲੇ ਬੱਚੇ ਉੱਪਰ ਮਾੜਾ ਅਸਰ ਪੈ ਸਕਦਾ ਹੈ, ਸ਼ਰਾਬ ਪੀਣ ਲਈ ਕਹਿਣਾ ਸਹੀ ਵੀ ਹੋਵੇ। ਇਸ ਦੀ ਸੰਭਾਵਨਾ ਨਾ ਦੇ ਬਰਾਬਰ ਹੈ ਕਿ ਜੋ ਲੋਕ ਸ਼ਰਾਬ ਨਹੀਂ ਪੀਂਦੇ ਉਹ ਅਧਿਐਨ ਦਾ ਹਿੱਸਾ ਬਣਨ ਲਈ ਸ਼ਰਾਬ ਪੀ ਲੈਣਗੇ। ਦੂਜੇ ਪਾਸੇ ਜੋ ਲੋਕ ਪੀਂਦੇ ਹਨ ਉਹ ਬਿਲਕੁਲ ਛੱਡ ਦੇਣਗੇ ਅਜਿਹਾ ਵੀ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ।

ਲੇਕਿਨ ਅਜਿਹੇ ਗਰੁੱਪ ਜਾਨਵਰਾਂ ਖਾਸ ਕਰ ਚੂਹਿਆਂ ਵਿੱਚ ਬਣਾਏ ਜਾ ਸਕਦੇ ਹਨ।

ਚੂਹਿਆਂ ਉੱਤੇ ਅਧਿਐਨ

ਗੋਲਡਿੰਗ ਇਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੀ ਟੀਮ ਨੇ ਐੱਫਏਐੱਸਡੀ ਨਾਲ ਪੈਣ ਵਾਲੇ ਨੁਕਸਾਂ ਦੀ ਸੂਚੀ ਤਿਆਰ ਕੀਤੀ। ਜਿਵੇਂ ਛੋਟੀਆਂ ਅੱਖਾਂ ਅਤੇ ਛੋਟਾ ਦਿਮਾਗ।

ਫਿਰ ਚੂਹਿਆਂ ਨੂੰ ਵੰਡਿਆ ਗਿਆ। ਪਹਿਲੇ ਗਰੁੱਪ ਵਿੱਚ ਸਿਰਫ਼ ਗਰਭਵਤੀ ਚੂਹੀਆਂ ਨੂੰ ਸ਼ਰਾਬ ਦਿੱਤੀ ਗਈ। ਦੂਜੇ ਵਿੱਚ ਸਿਰਫ ਚੂਹੇ ਨੂੰ, ਤੀਜੇ ਵਿੱਚ ਦੋਵਾਂ ਨੂੰ, ਚੌਥੇ ਵਿੱਚ ਗਰਭ ਠਹਿਰਣ ਤੋਂ ਪਹਿਲਾਂ ਪਿਤਾ ਨੂੰ। ਜਦੋਂ ਨਤੀਜਿਆਂ ਦੀ ਤੁਲਨਾ ਕੀਤੀ ਗਈ ਤਾਂ ਸਪਸ਼ਟ ਪੈਟਰਨ ਦੇਖਣ ਨੂੰ ਮਿਲਿਆ।

ਜੇ ਗਰਭ ਦੌਰਾਨ ਚੂਹੀ ਨੇ ਸ਼ਰਾਬ ਲਈ ਸੀ ਤਾਂ ਬੱਚੇ ਵਿੱਚ ਐੱਫਏਐੱਸਡੀ ਆਈ, ਜੋ ਕਿ ਉਮੀਦ ਮੁਤਾਬਕ ਸੀ। ਲੇਕਿਨ ਜਿੱਥੇ ਦੋਵਾਂ ਨੂੰ ਸ਼ਰਾਬ ਦਿੱਤੀ ਗਈ ਸੀ ਉੱਥੇ ਸਿਰ ਅਤੇ ਚਿਹਰੇ ਦੇ ਪੈਟਰਨ ਵਿੱਚ ਕੁਝ ਤਬਦੀਲੀਆਂ ਸਨ। ਜਦੋਂ ਦੋਵੇਂ ਮਾਪਿਆਂ ਨੂੰ ਸ਼ਰਾਬ ਦਿੱਤੀ ਗਈ ਤਾਂ ਸਮੁੱਚਾ ਵਿਕਾਸ ਹੀ ਪ੍ਰਭਾਵਿਤ ਹੋਇਆ। ਦੂਜੇ ਪਾਸੇ ਜਿੱਥੇ ਸਿਰਫ ਪਿਤਾ ਨੂੰ ਸ਼ਰਾਬ ਦਿੱਤੀ ਗਈ ਉੱਥੇ ਬੱਚਿਆਂ ਦੇ ਦੰਦਾਂ ਵਿੱਚ ਫਰਕ, ਅੱਖਾਂ ਦਾ ਅਕਾਰ ਅਤੇ ਅੱਖਾਂ ਵਿਚਲਾ ਫਰਕ ਵਰਗੇ ਮਨੁੱਖੀ ਐੱਫਏਐੱਸਡੀ ਦੇ ਸਾਰੇ ਲੱਛਣ ਨਜ਼ਰ ਆਏ।

ਗੋਲਡਿੰਗ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਆਪਣੇ ਵਿਦਿਆਰਥੀਆਂ ਨੂੰ ਅਧਿਐਨ ਦੁਬਾਰਾ ਕਰਨ ਲਈ ਕਿਹਾ। ਦੁਬਾਰਾ ਅਧਿਐਨ ਕੀਤਾ ਗਿਆ ਅਤੇ ਜਿੰਨੀ ਵਾਰ ਵੀ ਦੁਹਰਾਇਆ ਗਿਆ ਸਾਵੇਂ ਨਤੀਜੇ ਆਏ।

ਗੋਲਡਿੰਗ ਦੀ ਟੀਮ ਨੇ ਚੂਹਿਆਂ ਦੇ ਅਧਿਐਨ ਤੋਂ ਇੱਕ ਹੋਰ ਸਿੱਟਾ ਇਹ ਕੱਢਿਆ ਕਿ ਪਿਤਾ ਦੇ ਸ਼ਰਾਬ ਪੀਣ ਨਾਲ ਹੋਣ ਵਾਲੇ ਬੱਚੇ ਉੱਤੇ ਹਾਂ-ਜਾਂ-ਨਾਂਹ ਵਾਲਾ ਹੀ ਅਸਰ ਨਹੀਂ ਪੈਂਦਾ। ਸਗੋਂ ਉਹ ਕਿੰਨੀ ਸ਼ਰਾਬ ਪੀਂਦਾ ਹੈ ਉਸ ਮੁਤਾਬਕ ਬੱਚਾ ਪ੍ਰਭਾਵਿਤ ਹੁੰਦਾ ਹੈ।

ਸ਼ਰਾਬ ਦਾ ਗਿਲਾਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ਰਾਬ ਸ਼ੁਕਰਾਣੂ ਦੀ ਸਧਾਰਣ ਡੀਐੱਨਏ ਮਿਥਾਈਲੇਸ਼ਨ ਨੂੰ ਪ੍ਰਭਾਵਿਤ ਕਰ ਦਿੰਦੀ ਹੈ।

ਇਹ ਤਾਂ ਅਸੀਂ ਜਾਣਦੇ ਹਾਂ ਕਿ ਸਾਡੇ ਦਿਮਾਗ ਦੇ ਵੱਖ-ਵੱਖ ਹਿੱਸੇ ਹਨ, ਜੋ ਵੱਖ-ਵੱਖ ਕਾਰਜ ਕਰਦੇ ਹਨ। ਦਿਮਾਗ ਦੇ ਇਨ੍ਹਾਂ ਹਿੱਸਿਆਂ ਵਿੱਚ ਸਪਸ਼ਟ ਵੰਡ ਹੁੰਦੀ ਹੈ ਜੋ ਦੇਖਣ ਤੋਂ ਪਤਾ ਲਗਦੀ ਹੈ। ਕੈਲੀਫੋਰਨੀਆ ਰਿਵਰਸਾਈਡ ਯੂਨੀਵਰਸਿਟੀ ਦੇ ਪ੍ਰੋਫੈਸਰ ਕੈਲੀ ਹਫਮੈਨ ਨੇ ਆਪਣੇ ਅਧਿਐਨਾਂ ਵਿੱਚ ਦੇਖਿਆ ਕਿ ਚੂਹਿਆਂ ਦੇ ਜਿਹੜੇ ਬੱਚਿਆਂ ਦੇ ਪਿਤਾ ਸ਼ਰਾਬ ਪੀਂਦੇ ਸਨ, ਉਨ੍ਹਾਂ ਦੇ ਦਿਮਾਗੀ ਹਿੱਸਿਆਂ ਵਿੱਚ ਵੰਡ ਆਮ ਜਿੰਨੀ ਸਪਸ਼ਟ ਨਹੀਂ ਸੀ।

ਹੁਣ ਗਰਭ ਵਿੱਚ ਬੱਚੇ ਨੂੰ ਸਿੱਧੀ ਸ਼ਰਾਬ ਤਾਂ ਦਿੱਤੀ ਨਹੀਂ ਜਾਂਦੀ, ਤਾਂ ਫਿਰ ਇਹ ਕਿਸ ਤਰ੍ਹਾਂ ਹੁੰਦਾ ਹੈ? ਇਸ ਪ੍ਰਕਿਰਿਆ ਨੂੰ ਐਪੀਜਨੈਟਿਕਸ ਕਿਹਾ ਜਾਂਦਾ ਹੈ। ਇਸ ਵਿੱਚ ਜੀਨੋਮ ਦੇ ਕੁਝ ਹਿੱਸੇ ਚਾਲੂ ਜਾਂ ਬੰਦ ਹੋ ਜਾਂਦੇ ਹਨ। ਇਸ ਨਾਲ ਡੀਐੱਨਏ ਦੀ ਭੌਤਿਕ ਬਣਤਰ ਵਿੱਚ ਤਾਂ ਕੋਈ ਫਰਕ ਨਹੀਂ ਆਉਂਦੀ ਪਰ ਸੰਖੇਪ ਵਿੱਚ ਕਿਹਾ ਜਾਵੇ ਤਾਂ ਉਸਦਾ ਕੋਡ ਇੱਕ ਲਿਹਾਜ਼ ਨਾਲ ਬਦਲ ਜਾਂਦਾ ਹੈ। ਇਸ ਕੋਡ ਦੀ ਪੜ੍ਹਤ (ਡੀਐੱਨਏ ਮਿਥਾਈਲੇਸ਼ਨ) ਮੁਤਾਬਕ ਹੀ ਬੱਚੇ ਦਾ ਵਿਕਾਸ ਹੁੰਦਾ ਹੈ।

ਸ਼ਰਾਬ ਸ਼ੁਕਰਾਣੂ ਦੀ ਸਧਾਰਣ ਡੀਐੱਨਏ ਮਿਥਾਈਲੇਸ਼ਨ ਨੂੰ ਪ੍ਰਭਾਵਿਤ ਕਰ ਦਿੰਦੀ ਹੈ। ਪੜ੍ਹਤ ਬਦਲਣ ਨਾਲ ਭਰੂਣ ਵਿੱਚ ਵੀ ਉਹ ਬਦਲਾਅ ਨਜ਼ਰ ਆਉਂਦੇ ਹਨ।

ਇਸ ਨੂੰ ਇੰਝ ਸਮਝਿਆ ਜਾ ਸਕਦਾ ਹੈ ਕਿ ਡੀਐੱਨਏ ਦੇ ਕੋਡ ਵਿੱਚ ਨਿਹਿੱਤ ਹੁੰਦਾ ਹੈ ਕਿ ਬੱਚੇ ਦੀਆਂ ਅੱਖਾਂ ਕਿਵੇਂ ਦੀਆਂ ਹੋਣਗੀਆਂ, ਉਸਦੇ ਵਾਲਾਂ, ਚਮੜੀ ਦਾ ਰੰਗ, ਵਗੈਰਾ ਕਿਸ ਤਰ੍ਹਾਂ ਦਾ ਹੋਵੇਗਾ।

ਅਧਿਐਨਾਂ ਮੁਤਾਬਕ ਸ਼ਰਾਬ ਡੀਐੱਨਏ ਕੋਡ ਦੇ ਉਨ੍ਹਾਂ ਹਿੱਸਿਆਂ ਨੂੰ ਪ੍ਰਭਾਵਿਤ ਕਰਦੀ ਹੈ।

ਤਾਂ ਕੀ ਅਧਿਐਨ ਦੇ ਅਧਾਰ ਉੱਤੇ ਕਿਹਾ ਜਾ ਸਕਦਾ ਹੈ ਕਿ ਸ਼ਰਾਬ ਦੀ ਕਿੰਨੀ ਮਾਤਰਾ ਹੋਣ ਵਾਲੇ ਪਿਤਾ ਲਈ ਸੁਰੱਖਿਅਤ ਹੈ। ਸਾਡੇ ਕੋਲ ਇਸ ਦਾ ਜਵਾਬ ਦੇਣ ਲਈ ਕੋਈ ਡੇਟਾ ਨਹੀਂ ਹੈ।

ਲੇਕਿਨ ਗੋਲਡਿੰਗ ਦਾ ਮੰਨਣਾ ਹੈ ਕਿ ਬਹੁਤ ਕਦੇ-ਕਦਾਈਂ ਪੀਣਾ ਸ਼ਾਇਦ ਠੀਕ ਹੋਵੇ। ਖਾਸ ਕਰਕੇ ਜਦੋਂ ਪਿਤਾ ਸਿਹਤ ਨੂੰ ਪ੍ਰਭਾਵਿਤ ਕਰਨ ਵਾਲੇ ਹੋਰ ਕਾਰਕਾਂ ਦੇ ਨਾਲ ਮਿਲਵੇਂ ਰੂਪ ਵਿੱਚ ਸ਼ਰਾਬ ਦੀ ਮਾਤਰਾ ਸੀਮਤ ਕਰਦਾ ਹੈ। ਜਿਵੇਂ ਕਿ ਕਸਰਤ ਕਰਨਾ ਅਤੇ ਚੰਗੀ ਖੁਰਾਕ ਖਾਣਾ। ਲੇਕਿਨ ਉਹ ਕਹਿੰਦੇ ਹਨ ਜੇ ਉਹ ਮੇਰੇ ਪੁੱਤਰ ਹੁੰਦੇ ਤਾਂ ਮੈਂ ਉਨ੍ਹਾਂ ਨੂੰ ਸ਼ਰਾਬ ਮੂਲੋਂ ਹੀ ਛੱਡ ਦੇਣ ਲਈ ਕਹਿੰਦਾ।

ਇਸ ਤਰ੍ਹਾਂ ਮਾਪਿਆਂ ਦੇ ਸ਼ਰਾਬ ਪੀਣ ਦੀਆਂ ਆਦਤਾਂ ਦੇ ਬੱਚਿਆਂ ਕੀ ਪ੍ਰਭਾਵ ਪੈਂਦੇ ਹਨ, ਇਸ ਬਾਰੇ ਤਾਂ ਭਾਵੇਂ ਹਾਲੇ ਵਿਗਿਆਨੀ ਖੋਜ ਕਰ ਰਹੇ ਹਨ। ਲੇਕਿਨ ਇੱਕ ਗੱਲ ਉੱਤੇ ਉਹ ਸਹਿਮਤ ਹਨ—

“ਔਰਤਾਂ ਉੱਪਰ ਬਹੁਤ ਜ਼ਿਆਦਾ ਬੋਝ ਹੈ। ਲੇਕਿਨ ਭਰੂਣ ਦੇ ਵਿਕਾਸ ਲਈ ਪੁਰਸ਼ ਦੀ ਸਿਹਤ ਵੀ ਮਹੱਤਵਪੂਰਨ ਹੈ। ਬੱਚੇ ਨੂੰ ਤੰਦਰੁਸਤੀ ਦੇਣਾ ਦੋਵਾਂ ਧਿਰਾਂ ਦੀ ਜ਼ਿੰਮੇਵਾਰੀ ਹੈ।”

ਇਹ ਲੇਖ ਬੀਬੀਸੀ ਪੱਤਰਕਾਰ ਅਮਾਂਡਾ ਰੁਗੇਰੀ ਦੀ ਰਿਪੋਰਟ ਦਾ ਸੰਖੇਪ ਰੂਪ ਹੈ, ਜੋ ਤੁਸੀਂ ਇਸ ਲਿੰਕ ਉੱਤੇ ਕਲਿੱਕ ਕਰਕੇ ਪੂਰੀ ਪੜ੍ਹ ਸਕਦੇ ਹੋ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)