ਜੰਮੂ ਦੇ ਸਰਹੱਦੀ ਇਲਾਕਿਆਂ ’ਚ ਕੱਟੜਪੰਥੀ ਹਮਲਿਆਂ ਦਾ ਨਵਾਂ ਪੈਟਰਨ ਕੀ ਹੈ : ਗਰਾਊਂਡ ਰਿਪੋਰਟ

ਤਸਵੀਰ ਸਰੋਤ, Getty Images
- ਲੇਖਕ, ਰਾਘਵੇਂਦਰ ਰਾਓ
- ਰੋਲ, ਬੀਬੀਸੀ ਪੱਤਕਾਰ
ਜੰਮੂ ਵਿੱਚ ਹਾਲ ਹੀ ’ਚ ਹੋਏ ਹਮਲੇ...
9 ਜੂਨ: ਰਿਆਸੀ
11 ਜੂਨ: ਕਠੂਆ
7 ਜੁਲਾਈ: ਰਾਜੌਰੀ
8 ਜੁਲਾਈ: ਕਠੂਆ
9 ਜੁਲਾਈ: ਡੋਡਾ
ਇਹ ਜੰਮੂ ਦੇ ਉਹ ਖੇਤਰ ਹਨ ਜਿੱਥੇ ਪਿਛਲੇ ਕੁਝ ਦਿਨਾਂ ਦੌਰਾਨ ਅੱਤਵਾਦੀ ਹਮਲੇ ਹੋਏ ਹਨ। ਹਮਲਿਆਂ ਵਿੱਚ ਵਾਧਾ ਅਜਿਹੇ ਸਮੇਂ ’ਚ ਹੋਇਆ ਹੈ ਜਦੋਂ ਕੇਂਦਰੀ ਚੋਣ ਕਮਿਸ਼ਨ ਸਤੰਬਰ ਮਹੀਨੇ ਤੋਂ ਜੰਮੂ-ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਕਰਵਾਉਣ ਜਾ ਰਿਹਾ ਹੈ।
ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਹਾਲ ਹੀ ਵਿੱਚ ਮੀਡੀਆ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਮੀਦ ਪ੍ਰਗਟ ਕੀਤੀ ਹੈ ਕਿ ਇਸ ਸਮੱਸਿਆ ਉੱਤੇ ਛੇਤੀ ਕਾਬੂ ਕਰ ਲਿਆ ਜਾਵੇਗਾ।
ਕਠੂਆ ਦੀ ਸਥਿਤੀ ਨੂੰ ਛੱਡ ਕੇ, ਇਨ੍ਹਾਂ ਹਮਲਿਆਂ ਦੇ ਲਈ ਜ਼ਿੰਮੇਵਾਰ ਦਹਿਸ਼ਤਗਰਦਾਂ ਨੂੰ ਨਾ ਤਾਂ ਫੜਿਆ ਗਿਆ ਹੈ ਅਤੇ ਨਾ ਹੀ ਉਹ ਕਿਸੇ ਮੁਕਾਬਲੇ ਵਿੱਚ ਹਲਾਕ ਹੋਏ ਹਨ।
ਜੇਕਰ ਜੰਮੂ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਹੋਈਆਂ ਕੱਟੜਪੰਥੀ ਘਟਨਾਵਾਂ ਉੱਤੇ ਨਜ਼ਰ ਮਾਰੀ ਜਾਵੇ ਤਾਂ ਹਮਲਾਵਰਾਂ ਦਾ ਫੜਿਆ ਨਾ ਜਾਣਾ ਇੱਕ ਨਵੇਂ ਪੈਟਰਨ ਵਜੋਂ ਉਭਰਦਾ ਵਿਖਾਈ ਦਿੰਦਾ ਹੈ।
ਇਸ ਪੈਟਰਨ ਦੀ ਸ਼ੁਰੂਆਤ ਅਕਤੂਬਰ 2021 ਵਿੱਚ ਹੋਈ ਸੀ ਜਦੋਂ ਜੰਮੂ ਦੇ ਪੁੰਛ ਅਤੇ ਮੇਂਢਰ ਇਲਾਕਿਆਂ ’ਚ ਕੱਟੜਪੰਥੀਆਂ ਨਾਲ ਹੋਏ ਮੁਕਾਬਲੇ ’ਚ ਕੁੱਲ 9 ਸੈਨਿਕ ਮਾਰੇ ਗਏ ਸਨ।
ਇਨ੍ਹਾਂ ਦੋਵਾਂ ਮੁਕਾਬਲਿਆਂ ਤੋਂ ਬਾਅਦ ਭਾਰਤੀ ਸੈਨਾ ਨੇ ਜੰਗਲਾਂ ਦੀ ਤਲਾਸ਼ੀ ਸ਼ੁਰੂ ਕੀਤੀ ਅਤੇ ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਖ਼ਬਰਾਂ ਆਉਂਦੀਆਂ ਰਹੀਆਂ ਕਿ ਫੌਜ ਅਤੇ ਕੱਟੜਪੰਥੀਆਂ ਦਰਮਿਆਨ ਸੰਘਣੇ ਜੰਗਲਾਂ ਵਿੱਚ ਮੁਕਾਬਲਾ ਜਾਰੀ ਹੈ।
ਇਸ ਨੂੰ ਹੁਣ ਤੱਕ ਦਾ ਸਭ ਤੋਂ ਲੰਬਾ ਸਮਾਂ ਚੱਲਣ ਵਾਲਾ ਮੁਕਾਬਲਾ ਮੰਨਿਆ ਗਿਆ। ਕਈ ਹਫ਼ਤੇ ਲੰਘ ਜਾਣ ਤੋਂ ਬਾਅਦ ਵੀ ਦਹਿਸ਼ਤਗਰਦਾਂ ਦਾ ਕੋਈ ਸੁਰਾਗ ਹੱਥ ਨਹੀਂ ਆਇਆ।
ਰਣਨੀਤੀ ਵਿੱਚ ਬਦਲਾਅ?
ਜੰਮੂ-ਕਸ਼ਮੀਰ ਪੁਲਿਸ ਦੇ ਸਾਬਕਾ ਡੀਜੀਪੀ ਐਪੀ ਵੈਦ ਦਾ ਮੰਨਣਾ ਹੈ ਕਿ ਦਹਿਸ਼ਤਗਰਦਾਂ ਦੀ ਰਣਨੀਤੀ ਵਿੱਚ ਬਦਲਾਅ ਆਇਆ ਹੈ।

ਉਨ੍ਹਾਂ ਦਾ ਕਹਿਣਾ ਹੈ, “ ਇੱਕ ਤਾਂ ਇਨ੍ਹਾਂ ਨੂੰ (ਦਹਿਸ਼ਤਗਰਦਾਂ ਨੂੰ) ਜੰਗਲ ਯੁੱਧ, ਪਹਾੜੀ ਯੁੱਧ ਦੀ ਸਿਖਲਾਈ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਨ੍ਹਾਂ ਕੋਲ ਆਧੁਨਿਕ ਹਥਿਆਰ ਵੀ ਹਨ, ਜਿਨ੍ਹਾਂ ਦੀ ਪਾਵਰ ਬਹੁਤ ਜ਼ਿਆਦਾ ਹੈ ਅਤੇ ਇਹ ਲਗਭਗ ਸਨਾਈਪਰ ਦੀ ਤਰ੍ਹਾਂ ਕੰਮ ਦੇ ਰਹੇ ਹਨ। ਇਨ੍ਹਾਂ ਹਥਿਆਰਾਂ ’ਚ ਨਾਈਟ ਵਿਜ਼ਨ ਹੈ, ਇਸ ਲਈ ਇਨ੍ਹਾਂ ਨੂੰ ਰਾਤ ਦੇ ਸਮੇਂ ਵਰਤਿਆ ਜਾ ਸਕਦਾ ਹੈ। ਦੂਜਾ ਇਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਫੌਜ ਉੱਤੇ ਅੱਖ ਰੱਖਣ ਅਤੇ ਮੌਕਾ ਮਿਲਦਿਆਂ ਹੀ ਹਮਲਾ ਕਰਨ ਅਤੇ ਤੁਰੰਤ ਆਪਣੇ ਭੱਜਣ ਦਾ ਰਾਹ ਦੇਖਣ।”
ਰਾਜੌਰੀ ਅਤੇ ਪੁੰਛ ਵਰਗੇ ਸਰਹੱਦੀ ਖੇਤਰਾਂ ਵਿੱਚ ਘੁਸਪੈਠ ਅਤੇ ਹਮਲੇ ਇੱਕ ਆਮ ਹੀ ਗੱਲ ਰਹੇ ਹਨ। ਬਦਲਾਅ ਇਹ ਹੈ ਕਿ ਹਮਲਾਵਰ ਬਿਨ੍ਹਾਂ ਕਿਸੇ ਸੁਰਾਗ ਦੇ ਹੀ ਗਾਇਬ ਹੋ ਰਹੇ ਹਨ ਅਤੇ ਸੁਰੱਖਿਆ ਦਸਤਿਆਂ ਲਈ ਇਹ ਸਥਿਤੀ ਬਹੁਤ ਹੀ ਵੱਡੀ ਚੁਣੌਤੀ ਦਾ ਰੂਪ ਧਾਰਨ ਕਰ ਰਹੀ ਹੈ।
ਇਸ ਕਾਰਨ ਆਮ ਲੋਕਾਂ ਵਿੱਚ ਵੀ ਡਰ ਅਤੇ ਚਿੰਤਾ ਦਾ ਮਾਹੌਲ ਹੈ।
ਡਾ. ਜ਼ਮਰੂਦ ਮੁਗਲ ਭਾਰਤ ਅਤੇ ਪਾਕਿਸਤਾਨ ਦੀ ਸੀਮਾ ਨਾਲ ਲੱਗਦੇ ਪੁੰਛ ਵਿੱਚ ਰਹਿੰਦੇ ਹਨ।

ਉਨ੍ਹਾਂ ਦਾ ਕਹਿਣਾ ਹੈ, “ ਉਹ (ਹਮਲਾਵਰ) ਆਉਂਦੇ ਹਨ, ਵਾਰਦਾਤ ਕਰਦੇ ਹਨ ਅਤੇ ਗਾਇਬ ਹੋ ਜਾਂਦੇ ਹਨ। ਉਹ ਗਾਇਬ ਕਿੱਥੇ ਹੋ ਜਾਂਦੇ ਹਨ? ਮਤਲਬ ਕਿ ਕੁਝ ਹੀ ਮਿੰਟਾਂ ਜਾਂ ਸੰਕਿਟਾਂ ਵਿੱਚ ਤਾਂ ਉਹ ਸਰਹੱਦ ਪਾਰ ਨਹੀਂ ਜਾ ਸਕਦੇ।
ਉਹ ਅੱਗੇ ਕਹਿੰਦੇ ਹਨ, ''ਇਸ ਲਈ ਇਸ ਦਾ ਮਤਲਬ ਹੈ ਕਿ ਉਹ ਉਰੇ ਹੀ ਕਿਤੇ ਹਨ। ਤੁਸੀਂ ਵੇਖਿਆ ਹੋਵੇਗਾ ਕਿ ਕਿੰਨੇ ਸੰਘਣੇ ਜੰਗਲ ਹਨ, ਵੱਡੇ-ਵੱਡੇ ਪਹਾੜ ਹਨ। ਇਨ੍ਹਾਂ ਮੁਸ਼ਕਲ ਇਲਾਕਾ ਹੈ। ਇਸ ਲਈ ਜੋ ਇਹ ਸਾਰੀਆਂ ਕਾਰਵਾਈਆਂ ਇੱਥੇ ਹੋ ਰਹੀਆਂ ਹਨ ਅਤੇ ਅੱਗੇ ਜੰਮੂ ਦਾ ਰੁਖ ਕੀਤਾ ਹੈ। ਉਹ ਇਸ ਲਈ ਵੀ ਹੈ ਕਿ ਇਸ ਇਲਾਕੇ ਵਿੱਚ ਦਹਿਸ਼ਤਗਰਦਾਂ ਨੂੰ ਲੱਭਣਾ ਕਸ਼ਮੀਰ ਦੇ ਮੁਕਾਬਲੇ ਬਹੁਤ ਔਖਾ ਹੈ।”
ਪੁੰਛ ਵਿੱਚ ਹੀ ਰਹਿਣ ਵਾਲੇ ਮੁਹਮੰਦ ਜ਼ਮਾਨ ਪੇਸ਼ੇ ਵੱਜੋਂ ਵਕੀਲ ਹਨ ਅਤੇ ਪੀਰ ਪੰਜਾਲ ਹਿਊਮਨ ਰਾਈਟਸ ਸੰਗਠਨ ਚਲਾਉਂਦੇ ਹਨ।
ਉਨ੍ਹਾਂ ਦਾ ਕਹਿਣਾ ਹੈ, “ ਅਸੀਂ ਤਾਂ ਇਹ ਸਮਝਦੇ ਹਾਂ ਕਿ ਪੂਰੀ ਰਣਨੀਤੀ ਹੀ ਤਬਦੀਲ ਹੋ ਗਈ ਹੈ। ਇੱਕ ਤਰ੍ਹਾਂ ਨਾਲ ਜੋ ਗੁਰੀਲਾ ਯੁੱਧ ਜੋ ਹੁੰਦਾ ਸੀ, ਅਸੀਂ ਸੁਣਿਆ ਕਰਦੇ ਸੀ, ਉਸੇ ਤਰ੍ਹਾਂ ਇਹ ਆ ਕੇ ਹਮਲੇ ਕਰਦੇ ਹਨ, ਵਾਹਨਾਂ ਉੱਤੇ ਕਰਦੇ ਹਨ, ਸੁਰੱਖਿਆ ਬਲਾਂ ਉੱਤੇ ਕਰਦੇ ਹਨ। ਉਸ ਤੋਂ ਬਾਅਦ ਟਰੇਸ ਨਾ ਹੋਣਾ ਅਤੇ ਜੰਗਲਾਂ ਵਿੱਚ ਲੁਕ ਜਾਣਾ, ਇਹ ਇੱਕ ਚਿੰਤਾਜਨਕ ਗੱਲ ਹੈ।”

ਭਾਰਤ ਸਰਕਾਰ ਵੱਲੋਂ ਸੰਸਦ ਵਿੱਚ ਦਿੱਤੀ ਜਾਣਕਾਰੀ ਮੁਤਾਬਕ ਜੰਮੂ-ਕਸ਼ਮੀਰ ਵਿੱਚ 21 ਜੁਲਾਈ, 2024 ਤੱਕ 11 ਅੱਤਵਾਦੀ ਹਮਲੇ ਹੋਏ ਜਿਨ੍ਹਾਂ ਵਿੱਚ 14 ਸੁਰੱਖਿਆ ਮੁਲਾਜ਼ਮ ਅਤੇ 14 ਨਾਗਰਿਕਾਂ ਸਮੇਤ 28 ਮੌਤਾਂ ਹੋਈਆਂ।
ਸਾਲ 2023 ਵਿੱ 46 ਦਹਿਸ਼ਤਗਰਦ ਹਮਲੇ ਹੋਏ, ਜਿਨ੍ਹਾਂ ਵਿੱਚ 44 ਮੌਤਾਂ ਹੋਈਆਂ ਅਤੇ ਮਰਨ ਵਾਲਿਆਂ ਵਿੱਚ 30 ਸੁਰੱਖਿਆ ਮੁਲਾਜ਼ਮ ਅਤੇ 14 ਨਾਗਰਿਕ ਸ਼ਾਮਲ ਸਨ।
ਇਸੇ ਤਰ੍ਹਾਂ ਸਾਲ 2023 ਵਿੱਚ ਕੁੱਲ 48 ਮੁਕਾਬਲੇ ਹੋਏ ਅਤੇ21 ਜੁਲਾਈ, 2024 ਤੱਕ 24 ਮੁਕਾਬਲੇ ਹੋਏ ਹਨ।
ਖ਼ੌਫ਼ ਦੇ ਪੜਛਾਵੇਂ ਹੇਠ ਜ਼ਿੰਦਗੀ
ਜੰਮੂ ਵਿੱਚ ਹੋਏ ਤਾਜ਼ਾ ਹਮਲਿਆਂ ਵਿੱਚੋਂ ਸਿਰਫ ਇੱਕ ਹੀ ਅਜਿਹਾ ਸੀ ਜਿਸ ਵਿੱਚ ਦੋਵੇਂ ਅੱਤਵਾਦੀ ਹਲਾਕ ਹੋ ਗਏ ਸਨ। ਇਹ ਹਮਲਾ 11 ਜੂਨ ਨੂੰ ਕਠੂਆ ਦੇ ਸੁਹਾਲ ਪਿੰਡ ’ਚ ਉਸ ਸਮੇਂ ਹੋਇਆ ਜਦੋਂ ਦੋ ਦਹਿਸ਼ਤਗਰਦਾਂ ਨੇ ਗੋਲੀਬਾਰੀ ਕੀਤੀ ਸੀ।
ਇਸ ਹਮਲੇ ’ਚ ਸ਼ਾਮਲ ਇੱਕ ਹਮਲਾਵਰ ਤਾਂ ਆਪਣੇ ਹੀ ਗ੍ਰੇਨੇਡ ਫਟਣ ਨਾਲ ਮਾਰਿਆ ਗਿਆ ਅਤੇ ਦੂਜਾ ਸੁਰੱਖਿਆ ਬਲਾਂ ਦੇ ਹੱਥੋਂ ਮੁਕਾਬਲੇ ਵਿੱਚ।
ਉਸ ਦਿਨ ਜੋ ਕੁਝ ਵੀ ਪਿੰਡ ’ਚ ਵਾਪਰਿਆ, ਉਸ ਦੀ ਜਾਣਕਾਰੀ ਪਿੰਡ ਦੇ ਕੁਝ ਚਸ਼ਮਦੀਦਾਂ ਨੇ ਸਾਨੂੰ ਦਿੱਤੀ।

ਪਿੰਡ ਦੇ ਇੱਕ ਨੌਜਵਾਨ ਨੇ ਕਿਹਾ, “ ਉਸ ਨੇ ਸਾਨੂੰ ਆਵਾਜ਼ ਮਾਰੀ ਅਤੇ ਪਾਣੀ ਪਿਲਾਉਣ ਲਈ ਕਿਹਾ। ਮੈਂ ਉਸ ਨੂੰ ਕਿਹਾ ਕਿ ਪਾਣੀ ਪਿਲਾਉਂਦੇ ਹਾਂ….ਪਰ ਤੂੰ ਹੈਂ ਕੌਣ? ਤਾਂ ਉਸ ਨੇ ਫਿਰ ਕਿਹਾ ਪਹਿਲਾਂ ਪਾਣੀ ਪਿਆ ਫਿਰ ਦੱਸਦਾ ਹਾਂ ਕਿ ਮੈਂ ਕੌਣ ਹਾਂ। ਫਿਰ ਮੈਂ ਉਸ ਨੂੰ ਕਿਹਾ ਕਿ ਠੀਕ ਹੈ ਤੂੰ ਇੱਕ ਕੰਮ ਕਰ, ਤੂੰ ਆਪਣਾ ਨਾਮ ਦੱਸਦੇ, ਅਤੇ ਕਿੱਥੋਂ ਆਇਆ ਹੈਂ ਇਹ ਦੱਸ ਦੇ, ਪਾਣੀ ਮੈਂ ਲੈ ਆਉਂਦਾ ਹਾਂ। ਉਸ ਨੇ ਮੈਨੂੰ ਕਿਹਾ, ਆ ਬੈਠ ਕੇ ਗੱਲ ਕਰਦੇ ਹਾਂ। ਡੋਗਰੀ ਪੰਜਾਬੀ ਮਿਕਸ ਹੀ ਬੋਲ ਰਿਹਾ ਸੀ। ਜਿਵੇਂ ਹੀ ਮੈਂ ਆਪਣੇ ਕਦਮ ਅੱਗੇ ਵੱਲ ਨੂੰ ਵਧਾਏ ਉਸ ਨੇ ਆਪਣੀ ਪਿੱਠ ਪਿੱਛੇ ਟੰਗਿਆ ਹਥਿਆਰ ਆਪਣੇ ਹੱਥ ਵਿੱਚ ਫੜ ਲਿਆ। ਮੈਂ ਪਿੱਛੇ ਵੱਲ ਨੂੰ ਭੱਜਿਆ। ਫਿਰ ਇੱਕ ਮਿੰਟ ਬਾਅਦ ਹੀ ਉਸ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।”
ਸੁਹਾਲ ਪਿੰਡ ਦੇ ਇੱਕ ਬਜ਼ੁਰਗ ਦੁਕਾਨਦਾਰ ਨੇ ਦੱਸਿਆ ਕਿ ਦੋਵੇਂ ਹਮਲਾਵਰਾਂ ਨੇ ਉਨ੍ਹਾਂ ਤੋਂ ਪੀਣ ਲਈ ਪਾਣੀ ਮੰਗਿਆ ਸੀ। ਉਨ੍ਹਾਂ ਨੇ ਦੱਸਿਆ, “ ਪਾਣੀ ਪੀਣ ਤੋਂ ਬਾਅਦ ਉਨ੍ਹਾਂ ਨੇ ਖੁੱਲ੍ਹੇ ਵਿੱਚ 4-5 ਗੋਲੀਆਂ ਚਲਾਈਆਂ। ਉਸ ਤੋਂ ਬਾਅਦ ਮੈਂ ਆਪਣੀ ਦੁਕਾਨ ਦਾ ਸ਼ਟਰ ਬੰਦ ਕਰ ਦਿੱਤਾ ਅਤੇ ਸਵੇਰ ਤੱਕ ਅੰਦਰ ਹੀ ਪਿਆ ਰਿਹਾ।”
ਇਸ ਪਿੰਡ ਦੇ ਇੱਕ ਘਰ ਦੀਆਂ ਕੰਧਾਂ ’ਤੇ ਸਾਨੂੰ ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਓਮਕਾਰ ਨਾਥ ਦੇ ਹੱਥ ਵਿੱਚ ਉਸ ਸਮੇਂ ਗੋਲੀ ਲੱਗ ਗਈ ਸੀ, ਜਦੋਂ ਹਮਲਾਵਰਾਂ ਨੇ ਉਨ੍ਹਾਂ ਦੇ ਘਰ ’ਤੇ ਗੋਲੀਬਾਰੀ ਕਰ ਦਿੱਤੀ ਸੀ।
ਉਨ੍ਹਾਂ ਦੀ 90 ਸਾਲਾ ਮਾਂ ਗਿਆਨੋ ਦੇਵੀ ਨੇ ਕਿਹਾ, “ ਦੱਸ ਰਹੇ ਸਨ ਕਿ ਅੱਤਵਾਦੀ ਆ ਗਏ ਹਨ। ਉਨ੍ਹਾਂ ਨੇ ਗ੍ਰੇਨੇਡ ਸੁੱਟਿਆ। ਓਮਕਾਰ ਵੇਖਣ ਲਈ ਬਾਹਰ ਗਿਆ ਤਾਂ ਹਮਲਾਵਰਾਂ ਨੇ ਉਸ ’ਤੇ ਗੋਲੀ ਚਲਾ ਦਿੱਤੀ। ਉਨ੍ਹਾਂ ਨੇ ਚਾਰ ਗੋਲੀਆਂ ਚਲਾਈਆਂ। ਅਸੀਂ ਡਰੇ ਹੋਏ ਹਾਂ। ਸ਼ਾਮ ਨੂੰ 6 ਵਜੇ ਤੋਂ ਬਾਅਦ ਸਾਰੇ ਪਿੰਡ ਸੁੰਨਸਾਨ ਹੋ ਜਾਂਦਾ ਹੈ। ਲੋਕਾਂ ਨੂੰ ਡਰ ਹੈ ਕਿ ਉਹ ਲੋਕ ਕਿਤੇ ਫਿਰ ਨਾ ਆ ਜਾਣ।”
ਭਾਵੇਂ ਕਿ ਸੁਹਾਲ ਪਿੰਡ ’ਤੇ ਹਮਲਾ ਕਰਨ ਵਾਲੇ ਦੋਵੇਂ ਹੀ ਹਮਲਾਵਰ ਮਾਰੇ ਗਏ ਹਨ ਪਰ ਇਸ ਪਿੰਡ ਦੇ ਲੋਕਾਂ ਦੀਆਂ ਚਿੰਤਾਵਾਂ ਅਜੇ ਵੀ ਬਰਕਰਾਰ ਹਨ।
ਸੁਹਾਲ ਦੇ ਹੀ ਰਿੰਕੂ ਸ਼ਰਮਾ ਦਾ ਕਹਿਣਾ ਹੈ, “ ਲੋਕਾਂ ਵਿੱਚ ਸਹਿਮ ਅਤੇ ਡਰ ਦਾ ਮਾਹੌਲ ਹੈ, ਕਿਉਂਕਿ ਅਜੇ ਵੀ ਲੋਕਾਂ ਨੂੰ ਲੱਗਦਾ ਹੈ ਕਿ ਉਹ ਆਸ-ਪਾਸ ਹੀ ਹਨ। ਫਿਲਹਾਲ ਜੋ ਹਮਲੇ ਹੋ ਰਹੇ ਹਨ। ਪਿੰਡ ਦੇ ਸੱਜੇ-ਖੱਬੇ ਤਾਂਸਾਰਾ ਜੰਗਲੀ ਇਲਾਕਾ ਹੈ ਅਤੇ ਜੰਗਲੀ ਖੇਤਰ ਹੋਣ ਦੇ ਕਾਰਨ ਲੋਕਾਂ ਵਿੱਚ ਜ਼ਿਆਦਾ ਦਹਿਸ਼ਤ ਫੈਲ ਗਈ ਹੈ।”

ਸੁਹਾਲ ਪਿੰਡ ਵਾਂਗ ਹੀ ਜੰਮੂ ਦੇ ਹੋਰ ਕਈ ਇਲਾਕੇ ਸੰਘਣੇ ਜੰਗਲਾਂ ਨਾਲ ਘਿਰੇ ਹੋਏ ਹਨ। ਭਾਰਤ-ਪਾਕਿਸਤਾਨ ਕੌਮਾਂਤਰੀ ਹੱਦ ਇਨ੍ਹਾਂ ਇਲਾਕਿਆਂ ਤੋਂ ਲਗਭਗ 20 ਕਿਲੋਮੀਟਰ ਹੀ ਦੂਰ ਹੈ। ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਸੰਘਣੇ ਜੰਗਲਾਂ ’ਚ ਲੁਕ ਕੇ ਹੀ ਅੱਤਵਾਦੀ ਸਰਹੱਦ ਪਾਰ ਤੋਂ ਭਾਰਤ ’ਚ ਦਾਖਲ ਹੁੰਦੇ ਹਨ।
11 ਜੂਨ ਨੂੰ ਸੁਹਾਲ ਪਿੰਡ ’ਚ ਵਾਪਰੀ ਹਿੰਸਕ ਘਟਨਾ ਤੋਂ ਬਾਅਦ ਇੱਥੋਂ ਦੇ ਲੋਕਾਂ ਵਿਚਾਲੇ ਸੁਰੱਖਿਆ ਨੂੰ ਲੈ ਕੇ ਚਿੰਤਾ ਵੱਧ ਗਈ ਹੈ। ਇਨ੍ਹਾਂ ਇਲਾਕਿਆਂ ਦੇ ਲੋਕ ਲਗਾਤਾਰ ਡਰ ਦੇ ਮਾਹੌਲ ਵਿੱਚ ਜਿਉਂ ਰਹੇ ਹਨ।
ਪੁਰਾਣੇ ਜ਼ਖਮ ਅਜੇ ਵੀ ਅੱਲ੍ਹੇ ਹਨ
ਜਿੱਥੇ ਜੰਮੂ ਖੇਤਰ ’ਚ ਹਾਲ ਹੀ ’ਚ ਵਾਪਰੀਆਂ ਹਿੰਸਕ ਘਟਨਾਵਾਂ ਦੇ ਮੱਦੇਨਜ਼ਰ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪਿਛਲੇ ਦੋ ਸਾਲਾਂ ਦੌਰਾਨ ਹੋਈ ਹਿੰਸਾ ਦੇ ਜ਼ਖਮ ਅਜੇ ਵੀ ਅੱਲ੍ਹੇ ਹਨ।
ਰਾਜੌਰੀ ਦੇ ਢਾਂਗਰੀ ਪਿੰਡ ਦੇ ਇੱਕ ਘਰ ’ਤੇ ਹੁਣ ਹਰ ਵੇਲੇ ਨੀਮ ਫੌਜੀ ਦਸਤਿਆਂ ਦਾ ਪਹਿਰਾ ਰਹਿੰਦਾ ਹੈ।
ਇਹ ਉਹੀ ਜਗ੍ਹਾ ਹੈ ਜਿੱਥੇ 31 ਦਸੰਬਰ, 2022 ਦੀ ਰਾਤ ਨੂੰ 2 ਦਹਿਸ਼ਤਗਰਦਾਂ ਨੇ ਗੋਲੀਆਂ ਚਲਾਈਆਂ ਸਨ। ਅਗਲੇ ਹੀ ਦਿਨ ਇਸ ਘਰ ਦੇ ਕੋਲ ਬੰਬ ਧਮਾਕਾ ਵੀ ਹੋਇਆ। ਇਨ੍ਹਾਂ ਦੋਵੇਂ ਘਟਨਾਵਾਂ ਵਿੱਚ ਦੋ ਬੱਚਿਆਂ ਸਮੇਤ ਕੁੱਲ 7 ਲੋਕਾਂ ਦੀ ਮੌਤ ਹੋਈ ਸੀ।

ਸਰੋਜ ਬਾਲਾ ਦੇ ਦੋ ਗੱਭਰੂ ਪੁੱਤਰ ਵੀ ਇਸ ਹਮਲੇ ਦਾ ਸ਼ਿਕਾਰ ਹੋ ਗਏ ਅਤੇ ਹਮਲਾਵਰ ਭੱਜਣ ਵਿੱਚ ਕਾਮਯਾਬ ਰਹੇ। ਉਹ ਅੱਜ ਵੀ ਇਨਸਾਫ਼ ਦੀ ਉਡੀਕ ਕਰ ਰਹੇ ਹਨ।
ਸਰੋਜ ਬਾਲਾ ਦਾ ਕਹਿਣਾ ਹੈ, “ਕੋਈ ਭੁੱਲ ਸਕਦਾ ਹੈ ਆਪਣੇ ਬੱਚਿਆਂ ਨੂੰ, ਨਹੀਂ ਕੋਈ ਭੁੱਲ ਸਕਦਾ। ਲੋਕਾਂ ਦੀਆਂ ਗੱਡੀਆਂ ਆਉਂਦੀਆਂ ਹਨ ਤਾਂ ਮੈਨੂੰ ਲਗਦਾ ਹੈ ਕਿ ਮੇਰੇ ਬੱਚੇ ਆ ਰਹੇ ਹਨ। ਮੈਨੂੰ ਅਜੇ ਵੀ ਲਗਦਾ ਹੈ ਕਿ ਮੇਰੇ ਬੱਚੇ ਜ਼ਿੰਦਾ ਹਨ। ਮੇਰੇ ਘਰ ਵਿੱਚ ਤਾਂ ਹੁਣ ਸਿਰਫ ਇੱਟਾਂ ਅਤੇ ਪੱਥਰ ਹੀ ਬਚੇ ਹਨ। ਮੇਰੇ ਬੱਚਿਆਂ ਨੂੰ 18 ਮਹੀਨੇ ਹੋ ਗਏ ਹਨ। ਇੰਨੀਆਂ ਵੱਡੀਆਂ ਖੁਫ਼ੀਆ ਏਜੰਸੀਆਂ ਲਾਈਆਂ ਹੋਈਆਂ ਹਨ, ਇਨ੍ਹਾਂ ਨੇ ਪਰ ਸਾਨੂੰ ਤਾਂ ਅਜੇ ਤੱਕ ਉਨ੍ਹਾਂ ਤੋਂ ਕੁਝ ਵੀ ਹਾਸਲ ਨਹੀਂ ਹੋਇਆ ਹੈ। ਅਸੀਂ ਵੀ ਉਨ੍ਹਾਂ ਦੀ ਆਸ ਲਾਈ ਬੈਠੇ ਹਾਂ। ਰੱਬ, ਸਾਨੂੰ ਬੱਚਿਆਂ ਇੱਕ ਦਿਨ ਇਨਸਾਫ਼ ਜ਼ਰੂਰ ਦੇਵੇਗਾ।”
ਸਰੋਜ ਬਾਲਾ ਇਸ ਸਵਾਲ ਦਾ ਜਵਾਬ ਲੱਭ ਰਹੇ ਹਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਮਾਰਨ ਵਾਲੇ ਕੌਣ ਸਨ ਅਤੇ ਉਹ ਅਜੇ ਤੱਕ ਫੜੇ ਕਿਉਂ ਨਹੀਂ ਗਏ ਹਨ।
ਉਹ ਕਹਿੰਦੇ ਹਨ, “ ਇੰਨੇ ਲੋਕ ਜੇਕਰ ਕਹਿਣ ਕਿ ਪਾਕਿਸਤਾਨ ਤੋਂ ਆਏ ਹਨ ਤਾਂ ਸਾਡੀਆਂ ਏਜੰਸੀਆਂ ਕੀ ਕਰ ਰਹੀਆਂ ਹਨ? ਉਨ੍ਹਾਂ ਦੀ ਕੀ ਡਿਊਟੀ ਹੈ? ਵੇਖੋ, ਜੇਕਰ ਸਾਰੀਆਂ ਸਰਹੱਦਾਂ ਬੰਦ ਹਨ ਤਾਂ ਉਨ੍ਹਾਂ ਦੇ ਆਉਣ ਦਾ ਕੋਈ ਨਾ ਕੋਈ ਤਾਂ ਰਸਤਾ ਹੋਵੇਗਾ। ਉਸ ਰਸਤੇ ਨੂੰ ਬੰਦ ਕਰ ਸਕਦੇ ਹਨ।”
ਨਾਲ ਹੀ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਹਿੰਸਕ ਹਮਲੇ ਸਥਾਨਕ ਮਦਦ ਤੋਂ ਬਿਨਾਂ ਸੰਭਵ ਨਹੀਂ ਹਨ।

ਉਹ ਕਹਿੰਦੇ ਹਨ,“ਜੇਕਰ ਉਨ੍ਹਾਂ ਨੂੰ ਸਥਾਨਕ ਲੋਕਾਂ ਦਾ ਸਹਿਯੋਗ ਨਹੀਂ ਮਿਲੇਗਾ ਤਾਂ ਉਹ ਕਿੱਥੇ ਰਹਿਣਗੇ, ਖਾਣਾ ਕਿੱਥੋਂ ਖਾਣਗੇ, ਆਪਣਾ ਸਾਮਾਨ ਜੋ ਉਹ ਨਾਲ ਲੈ ਕੇ ਆਉਂਦੇ ਹਨ, ਜਿਵੇਂ ਕਿ ਹਥਿਆਰ ਆਦਿ ਉਹ ਕਿੱਥੇ ਰੱਖਣਗੇ। ਉਨ੍ਹਾਂ ਨੂੰ ਸਮਾਨ ਰੱਖਣ ਲਈ ਤਾਂ ਜਗ੍ਹਾ ਚਾਹੀਦੀ ਹੀ ਹੈ ਨਾਲ ਹੀ ਰਹਿਣ ਲਈ ਵੀ ਕੋਈ ਆਸਰਾ ਚਾਹੀਦਾ ਹੈ। ਖਾਣ-ਪੀਣ ਲਈ ਵੀ ਕੁਝ ਚਾਹੀਦਾ ਹੈ। ਪਾਉਣ ਲਈ ਕੱਪੜਾ ਚਾਹੀਦਾ ਹੈ, ਉਨ੍ਹਾਂ ਨੂੰ ਹਰ ਚੀਜ਼ ਚਾਹੀਦੀ ਹੈ। ਇਸ ਲਈ ਇਧਰੋਂ ਮਦਦ ਮਿਲ ਰਹੀ ਹੈ ਉਨ੍ਹਾਂ ਨੂੰ। ਇਧਰੋਂ ਹੀ ਤਾਂ ਦਿੰਦੇ ਹਨ।”
ਕੁਝ ਇਸੇ ਤਰ੍ਹਾਂ ਦੀ ਹੀ ਗੱਲ ਸਾਨੂੰ ਰਾਜੌਰੀ ਤੋਂ ਲਗਭਗ 90 ਕਿਲੋਮੀਟਰ ਦੂਰ ਪੁੰਛ ਵਿੱਚ ਵੀ ਸੁਣਨ ਨੂੰ ਮਿਲੀ।
ਪੁੰਛ ਦੇ ਅਜੋਟ ਪਿੰਡ ਦੇ ਵਸਨੀਕ ਮੁਹੰਮਦ ਰਸ਼ੀਦ ਦੇ ਪੁੱਤਰ ਹਵਲਦਾਰ ਅਬਦੁੱਲ ਮਜੀਦ ਨਵੰਬਰ 2022 ’ਚ ਰਾਜੌਰੀ ਦੇ ਜੰਗਲਾਂ ਵਿੱਚ ਇੱਕ ਤਲਾਸ਼ੀ ਮੁਹਿੰਮ ਦੌਰਾਨ ਦਹਿਸ਼ਤਗਰਦਾਂ ਦੀ ਗੋਲੀ ਦਾ ਸ਼ਿਕਾਰ ਹੋ ਗਏ ਸਨ। ਉਨ੍ਹਾਂ ਨੂੰ ਹਾਲ ਹੀ ਵਿੱਚ ਮੌਤ ਮਗਰੋਂ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਮੁਹੰਮਦ ਰਸ਼ੀਦ ਦਾ ਕਹਿਣਾ ਹੈ, “ਜੋ ਸਾਡਾ ਨੁਕਸਾਨ ਹੋ ਰਿਹਾ ਹੈ, ਉਹ ਮਿਲੀਭੁਗਤ ਤੋਂ ਬਿਨਾਂ ਨਹੀਂ ਹੋ ਰਿਹਾ ਹੈ। ਜੇਕਰ ਇੱਕ ਅਜਨਬੀ ਮੇਰੇ ਘਰ ਆਉਂਦਾ ਹੈ ਤਾਂ ਉਸ ਨੂੰ ਤਾਂ ਨਹੀਂ ਪਤਾ ਹੋਵੇਗਾ ਕਿ ਘਰ ਵਿੱਚ ਕੌਣ ਕਿੱਥੇ ਬੈਠਦਾ ਹੈ, ਕੌਣ ਕਿੱਥੇ ਸੌਂਦਾ ਹੈ। ਸਾਡੇ ਪਾਸਿਓਂ ਹੀ ਕੋਈ ਨਾ ਕੋਈ ਸੂਹ ਦਿੰਦਾ ਹੈ ਅਤੇ ਫਿਰ ਜਾ ਕੇ ਉਹ ਹਮਲਾ ਕਰਦਾ ਹੈ। ਮੈਂ ਇਹੀ ਸੋਚਦਾ ਹਾਂ ਕਿ ਅਜਿਹੇ ਆਦਮੀ ਸਾਡੇ ਅੰਦਰ ਹਨ ਜੋ ਫੌਜ ਨੂੰ ਮਰਵਾ ਰਹੇ ਹਨ। ਜਵਾਨ ਮਰ ਰਹੇ ਹਨ, ਆਮ ਨਾਗਰਿਕ ਮਾਰੇ ਜਾ ਰਹੇ ਹਨ, ਛੋਟੇ-ਛੋਟੇ ਬੱਚੇ ਮਰ ਰਹੇ ਹਨ।”

ਜੰਮੂ ਨਿਸ਼ਾਨੇ ’ਤੇ ਕਿਉਂ ?
ਇਸ ਤਾਜ਼ਾ ਘਟਨਾਕ੍ਰਮ ਤੋਂ ਬਾਅਦ ਅਹਿਮ ਸਵਾਲ ਸਿਰਫ ਇੱਕ ਹੀ ਹੈ- ਜੰਮੂ ਦੇ ਇਲਾਕਿਆਂ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ? ਕੀ ਕਸ਼ਮੀਰ ਘਾਟ ਦੀ ਬਜਾਏ ਹੁਣ ਜੰਮੂ ਨੂੰ ਨਿਸ਼ਾਨਾ ਬਣਾਉਣਾ ਕੱਟੜਪੰਥੀਆਂ ਦੀ ਕੋਈ ਨਵੀਂ ਰਣਨੀਤੀ ਹੈ?
ਜੰਮੂ-ਕਸਮੀਰ ਪੁਲਿਸ ਦੇ ਸਾਬਕਾ ਡੀਜੀਪੀ ਐੱਸਪੀ ਵੈਦ ਦਾ ਕਹਿਣਾ ਹੈ, “ਜੇਕਰ ਤੁਸੀਂ ਜੰਮੂ ਖੇਤਰ ਵਿੱਚ ਪਿਛਲੇ 15 ਸਾਲਾਂ ਦੇ ਸਮੇਂ ਨੂੰ ਵੇਖੋ ਤਾਂ ਤਕਰੀਬਨ 2007-08 ਤੋਂ ਬਾਅਦ ਇੱਥੇ ਅੱਤਵਾਦ ਖ਼ਤਮ ਹੋ ਗਿਆ ਸੀ। ਸੁਰੱਖਿਆ ਬਲਾਂ ਦੀ ਤਾਇਨਾਤੀ ਲੋੜ ਅਨੁਸਾਰ ਹੀ ਹੁੰਦੀ ਹੈ। ਜਦੋਂ ਲੱਦਾਖ ਵਿੱਚ ਭਾਰਤ-ਚੀਨ ਸਰਹੱਦ ’ਤੇ ਟਕਰਾਅ ਹੋਇਆ ਤਾਂ ਜੰਮੂ ਤੋਂ ਫੌਜ ਅਤੇ ਰਾਸ਼ਟਰੀ ਰਾਈਫਲਜ਼ ਦੀਆਂ ਟੁੱਕੜੀਆਂ ਨੂੰ ਉੱਥੇ ਭੇਜਿਆ ਗਿਆ ਸੀ।"
ਉਨ੍ਹਾਂ ਨੇ ਅੱਗੇ ਕਿਹਾ, "ਇਸੇ ਤਰ੍ਹਾਂ ਹੀ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀ ਤਾਇਨਾਤੀ ਨੂੰ ਜੰਮੂ ਵਿੱਚ ਘਟਾ ਕੇ ਉਨ੍ਹਾਂ ਨੂੰ ਵੀ ਕਸ਼ਮੀਰ ਭੇਜਿਆ ਗਿਆ। ਜੰਮੂ-ਕਸ਼ਮੀਰ ਪੁਲਿਸ ਦੇ ਸਪੈਸ਼ਲ ਆਪਰੇਸ਼ਨ ਗਰੁੱਪ ਵੀ ਢਿੱਲੇ ਪੈ ਗਏ ਅਤੇ ਪੇਂਡੂ ਰੱਖਿਆ ਕਮੇਟੀਆਂ ਵੀ ਸਰਗਰਮ ਨਾ ਰਹੀਆਂ। ਮੈਨੂੰ ਲੱਗਦਾ ਹੈ ਕਿ ਪਾਕਿਸਤਾਨ ਨੇ ਇਸ ਸਥਿਤੀ ਦਾ ਫਾਇਦਾ ਚੁੱਕਿਆ ਅਤੇ ਜੰਮੂ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ।”

ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਦਾ ਕਹਿਣਾ ਹੈ ਕਿ ਹਾਲਾਤ ਮੰਦਭਾਗੇ ਹਨ, ਪਰ ਉਹ ਜ਼ਿਆਦਾ ਚਿੰਤਤ ਨਹੀਂ ਹਨ।
ਹਾਲ ਹੀ ’ਚ ਅੰਗਰੇਜ਼ੀ ਅਖ਼ਬਾਰ ‘ਇੰਡੀਅਨ ਐਕਸਪ੍ਰੈਸ’ ਨਾਲ ਗੱਲਬਾਤ ’ਚ ਸਿਨਹਾ ਨੇ ਕਿਹਾ, “ ਮੈਨੂੰ ਭਰੋਸਾ ਹੈ ਕਿ ਅਸੀਂ ਇਸ ਸਥਿਤੀ ਨਾਲ ਪ੍ਰਭਾਵੀ ਢੰਗ ਨਾਲ ਨਜਿੱਠ ਲਵਾਂਗੇ। ਇਹ ਪਾਕਿਸਤਾਨ ਦੀ ਸਾਜਿਸ਼ ਵੀ ਹੈ। ਸਭ ਤੋਂ ਵੱਡੀ ਚੁਣੌਤੀ ਸਥਾਨਕ ਭਰਤੀ ਦੀ ਹੈ। ਫੌਜ ਘੁਸਪੈਠ ਦਾ ਧਿਆਨ ਰੱਖੇਗੀ। ਸਭ ਤੋਂ ਵੱਡੀ ਚੁਣੌਤੀ ਤਾਂ ਸਥਾਨਕ ਭਰਤੀ ਹੈ। ਫੌਜ ਘੁਸਪੈਠ ਦਾ ਧਿਆਨ ਰੱਖੇਗੀ। ਭਰਤੀ ਕੁੱਲ ਮਿਲਾ ਕੇ ਸਿਫਰ ਹੈ, ਇਹ ਇੱਕ ਵੱਡੀ ਪ੍ਰਪਤੀ ਹੈ। ਫੌਜ ਅਤੇ ਪੁਲਿਸ ਇਸ ਨਾਲ ਨਜਿੱਠ ਲੈਣਗੇ। ਸਾਡੇ ਕੋਲ ਇਨਪੁਟਸ ਹਨ ਕਿ ਕੁਝ ਘੁਸਪੈਠ ਹੋਈ ਹੈ।"
ਉਹ ਦੱਸਦੇ ਹਨ,"ਸੁਰੱਖਿਆ ਬਲਾਂ ਨੇ ਆਪਣੀ ਪੁਜੀਸ਼ਨ ਲੈਣੀ ਸ਼ੁਰੂ ਕਰ ਦਿੱਤੀ ਹੈ। ਰਣਨੀਤੀ ਤਿਆਰ ਹੈ ਅਤੇ ਮੈਨੂੰ ਯਕੀਨ ਹੈ ਕਿ ਜਲਦੀ ਹੀ ਇੱਕ ਅੱਤਵਾਦ-ਵਿਰੋਧੀ ਗਰਿੱਡ ਕਾਇਮ ਕੀਤਾ ਜਾਵੇਗਾ। ਜੰਮੂ ਦੇ ਲੋਕਾਂ ਨੇ ਅੱਤਵਾਦ ਦਾ ਮੁਕਾਬਲਾ ਕੀਤਾ ਹੈ। ਵੀਡੀਸੀ ਮੈਂਬਰਾਂ ਨੂੰ ਆਟੋਮੈਟਿਕ ਹਥਿਆਰ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਗ੍ਰਹਿ ਮੰਤਰੀ ਇਸ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ।”
ਜੰਮ-ਕਸ਼ਮੀਰ ਵਿੱਚ ਆਉਂਦਿਆਂ ਵਿਧਾਨ ਸਭਾ ਚੋਣਾਂ ਵਿਚਾਲੇ ਦੱਬੀ ਆਵਾਜ਼ ਵਿੱਚ ਇੱਕ ਹੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ: ਕੀ ਜੰਮੂ ਨੂੰ ਨਿਸ਼ਾਨਾ ਬਣਾਉਣ ਵਾਲੇ ਇਨ੍ਹਾਂ ਹਮਲਿਆਂ ਦਾ ਅਸਲ ਮਕਸਦ ਅਗਾਮੀ ਚੋਣਾਂ ਨੂੰ ਰੋਕਣਾ ਤਾਂ ਨਹੀਂ ਹੈ?
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ








