ਕੀਨੀਆ ਵਿੱਚ 10 ਲੱਖ ਭਾਰਤੀ ਕਾਂ ਜ਼ਹਿਰ ਨਾਲ ਕਿਉਂ ਮਾਰੇ ਜਾ ਰਹੇ ਹਨ? ਕੀ ਹੈ ਪੂਰਾ ਮਾਮਲਾ

ਕੀਨੀਆ ਵਿੱਚ ਭਾਰਤੀ ਕਾਂਂ
ਤਸਵੀਰ ਕੈਪਸ਼ਨ, ਜ਼ਹਿਰ ਦੇਣ ਦੀ ਮੁਹਿੰਮ ਦਾ ਉਦੇਸ਼ ਬਸ ਇਹ ਹੈ ਕਿ ਇਨ੍ਹਾਂ ਕਾਂਵਾਂ ਦੀ ਗਿਣਤੀ ਰਾਜਧਾਨੀ ਨੈਰੋਬੀ ਵੱਲ ਨਾ ਵਧ ਸਕੇ।
    • ਲੇਖਕ, ਵਾਈਕਲਿਫ ਮੁਈਆ
    • ਰੋਲ, ਬੀਬੀਸੀ ਨਿਊਜ਼, ਮੁੰਮਬਾਸਾ

"ਹਮਲਾਵਰ ਪਰਦੇਸੀ ਪੰਛੀ" ਇਹ ਸ਼ਬਦ ਕਿਸੇ ਡਰਾਉਣੀ ਫ਼ਿਲਮ ਦੇ ਨਾਂ ਵਰਗਾ ਲੱਗਦਾ ਹੈ ਪਰ ਕੀਨੀਆ ਦੇ ਲੋਕਾਂ ਦੇ ਲਈ ਇਹ ਕੋਈ ਕੋਰੀ ਕਲਪਨਾ ਨਹੀਂ ਹੈ। ਉੱਥੋਂ ਦੇ ਅਧਿਕਾਰੀ ਭਾਰਤੀ ਕਾਵਾਂ ਦੇ ਆਤੰਕ ਤੋਂ ਇੰਨੇ ਚਿੰਤਤ ਹਨ ਕਿ ਉਹਨਾਂ ਨੇ ਲੱਖਾਂ ਭਾਰਤੀ ਕਾਂ ਮਾਰਨ ਦੀ ਪ੍ਰੀਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ।|

ਹਾਲਾਂਕਿ ਇਨ੍ਹਾਂ ਕਾਵਾਂ ਨੇ ਮਨੁੱਖਾਂ ਨੂੰ ਨਿਸ਼ਾਨਾ ਨਹੀਂ ਬਣਾਇਆ, ਪਰ ਇਨ੍ਹਾਂ ਕਾਵਾਂ ਨੇ ਦਹਾਕਿਆਂ ਤੋਂ ਪਲ ਰਹੇ ਜੰਗਲੀ ਜੀਵਾਂ ਦਾ ਸ਼ਿਕਾਰ ਕੀਤਾ ਹੈ, ਸੈਰ-ਸਪਾਟੇ ਵਾਲੀਆਂ ਥਾਵਾਂ ਉਪਰ ਅਤੇ ਪੋਲਟਰੀ ਫਾਰਮਾਂ 'ਤੇ ਹਮਲਾ ਕਰ ਕੇ ਵਣ ਜੀਵਨ ਨੂੰ ਤਹਿਸ ਨਹਿਸ ਜ਼ਰੂਰ ਕਰ ਦਿੱਤਾ ਹੈ।

ਇਹਨਾਂ ਬੇਰਹਿਮ ਕਾਵਾਂ ਦੇ ਪਹਿਲੇ ਗਰੁੱਪ ਨੂੰ ਖਤਮ ਕਰਨ ਲਈ ਵਟਾਮੂ ਅਤੇ ਮਾਲਿੰਦੀ ਦੇ ਕਸਬਿਆਂ ਵਿੱਚ ਜ਼ਹਿਰ ਦੀ ਵਰਤੋਂ ਕਰਨੀ ਸ਼ੁਰੂ ਵੀ ਕਰ ਦਿੱਤੀ ਗਈ ਹੈ।

ਜ਼ਹਿਰ ਦੇਣ ਦੀ ਮੁਹਿੰਮ ਦਾ ਉਦੇਸ਼ ਬਸ ਇਹ ਹੈ ਕਿ ਇਨ੍ਹਾਂ ਕਾਂਵਾਂ ਦੀ ਗਿਣਤੀ ਰਾਜਧਾਨੀ ਨੈਰੋਬੀ ਵੱਲ ਨਾ ਵਧ ਸਕੇ।

ਕੀਨੀਆ ਦੇ ਤਟੀ ਇਲਾਕਿਆਂ ਵਿੱਚ ਇਨ੍ਹਾਂ ਕਾਵਾਂ ਨੂੰ "ਕੁੰਗਰੂ" ਜਾਂ "ਕੁਰਾਬੂ" ਕਿਹਾ ਜਾਂਦਾ ਹੈ ਜੋ ਅਕਸਰ ਵਪਾਰਕ ਜਹਾਜ਼ਾਂ ਰਾਹੀਂ ਭਾਰਤ ਅਤੇ ਏਸ਼ੀਆ ਦੇ ਹੋਰ ਹਿੱਸਿਆਂ ਤੋਂ ਕੀਨੀਆ ਦੇ ਤੱਟ 'ਤੇ ਆ ਜਾਂਦੇ ਹਨ।

ਪਰ ਇਹ ਵੀ ਮੰਨਿਆ ਜਾਂਦਾ ਹੈ ਕਿ ਸੰਨ 1890 ਦੇ ਦਹਾਕੇ ਵਿੱਚ ਪੂਰਬੀ ਅਫ਼ਰੀਕਾ ਦੇ ਆਲੇ ਦੁਆਲੇ ਜ਼ਾਂਜ਼ੀਬਾਰ ਟਾਪੂ ਉੱਤੇ ਇਨ੍ਹਾਂ ਕਾਵਾਂ ਵੱਧ ਰਹੀ ਕੂੜੇ ਦੀ ਸਮੱਸਿਆ ਨਾਲ ਨਜਿੱਠਣ ਲਈ ਨੂੰ ਜਾਣਬੁਝ ਕੇ ਲਿਆਂਦਾ ਗਿਆ ਸੀ।ਫਿਰ ਉੱਥੋਂ ਇਹ ਕਾਂ ਕੀਨੀਆ ਦੀ ਮੁੱਖ ਭੂਮੀ ਅਤੇ ਤੱਟ ਤੱਕ ਫੈਲ ਗਏ।

ਜ਼ਿਆਦਾਤਰ ਭਾਰਤੀ ਕਾਂ ਮਾਸਖੋਰ ਹਨ

ਭਾਰਤੀ ਕਾਵਾਂ ਨੂੰ ਪਹਿਲੀ ਵਾਰ 1947 ਵਿੱਚ ਮੁੰਮਬਾਸਾ ਦੀ ਬੰਦਰਗਾਹ 'ਤੇ ਦੇਖਿਆ ਗਿਆ ਸੀ। ਉਦੋਂ ਤੋਂ ਹੀ ਇਨ੍ਹਾਂ ਕਾਂਵਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ ਹੈ।

ਗਿਣਤੀ ਵਧਣ ਦਾ ਕਾਰਨ ਸਾਫ਼ ਹੈ – ਜਿਵੇਂ-ਜਿਵੇਂ ਮਨੁੱਖੀ ਜਨ-ਸੰਖਿਆ ਵੱਧ ਰਹੀ ਹੈ ਉਸੇ ਤਰ੍ਹਾਂ ਕੂੜੇ ਦੇ ਢੇਰ ਵੀ ਵੱਧ ਰਹੇ ਹਨ, ਜੋ ਇਨ੍ਹਾਂ ਪੰਛੀਆਂ ਦੇ ਰਹਿਣ ਅਤੇ ਪ੍ਰਜਨਣ ਲਈ ਇੱਕ ਅਨੁਕੂਲ ਮਾਹੌਲ ਪ੍ਰਦਾਨ ਕਰਦੇ ਹਨ। ਇਨ੍ਹਾਂ ਕਾਂਵਾਂ ਦੀ ਗਿਣਤੀ ਨੂੰ ਸੀਮਤ ਰੱਖਣ ਵਾਲਾ ਕੋਈ ਕੁਦਰਤੀ ਸ਼ਿਕਾਰੀ ਵੀ ਉੱਥੇ ਮੌਜੂਦ ਨਹੀਂ ਹੈ।

ਭਾਰਤੀ ਘਰੇਲੂ ਕਾਂ ਨੂੰ ਦੁਨੀਆਂ ਦੇ ਸਭ ਤੋਂ ਹਮਲਾਵਰ ਅਤੇ ਵਿਨਾਸ਼ਕਾਰੀ ਪੰਛੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਜਾਪ ਗਿਜਬਰਸਨ ਜੋ ਇੱਕ ਡੱਚ ਪੰਛੀ ਮਾਹਰ ਹਨ, ਉਨ੍ਹਾਂ ਨੇ ਭਾਰਤੀ ਘਰੇਲੂ ਕਾਂ ਤੋਂ ਪ੍ਰਭਾਵਿਤ ਕੀਨੀਆ ਦੇ ਵਾਟਾਮੂ ਖੇਤਰ ਦਾ ਦੌਰਾ ਕੀਤਾ ਹੈ।

ਦੌਰੇ ਤੋਂ ਬਾਅਦ ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਇਹ ਕਾਂ ਕੀਨੀਆ ਦੀਆਂ ਦੇਸੀ ਨਸਲਾਂ ਦਾ ਸ਼ਿਕਾਰ ਕਰਦੇ ਹਨ, ਨਾ ਸਿਰਫ਼ ਪੰਛੀਆਂ ਦਾ, ਸਗੋਂ ਥਣਧਾਰੀ ਪਸ਼ੂਆਂ ਅਤੇ ਸੱਪਾਂ ਦਾ ਵੀ। ਇਸ ਲਈ ਇਹ ਕਾਂ ਜੀਵ ਵਿਭਿੰਨਤਾ ਲਈ ਵਿਨਾਸ਼ਕਾਰੀ ਹਨ।"

ਜੰਗਲਾਂ, ਪੰਛੀਆਂ-ਪਸ਼ੂਆਂ ਦਾ ਰੱਖ-ਰਖਾ ਕਰਨ ਵਾਲੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤੀ ਘਰੇਲੂ ਕਾਂਵਾਂ ਨੇ ਕੀਨੀਆ ਦੇ ਇਸ ਖੇਤਰ ਵਿੱਚ ਛੋਟੇ-ਛੋਟੇ ਸਥਾਨਕ ਪੰਛੀਆਂ ਦੀ ਗਿਣਤੀ ਨੂੰ ਕਾਫ਼ੀ ਘਟਾ ਦਿੱਤਾ ਹੈ, ਜਿਵੇਂ ਕਿ ਬੀਜੜਾ ਅਤੇ ਵੈਕਸਬਿਲ ਚਿੜੀ। ਕਾਵਾਂ ਨੇ ਉਨ੍ਹਾਂ ਦੇ ਆਂਡਿਆਂ ਅਤੇ ਬੋਟਾਂ ਨੂੰ ਨਿਸ਼ਾਨਾ ਬਣਾਇਆ ਅਤੇ ਆਲ੍ਹਣੇ ਤੋੜ ਦਿੱਤੇ ਹਨ।

ਕਾਂ
ਤਸਵੀਰ ਕੈਪਸ਼ਨ, ਭਾਰਤੀ ਘਰੇਲੂ ਕਾਂ ਫਸਲਾਂ, ਪਸ਼ੂਆਂ ਅਤੇ ਮੁਰਗੀਆਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ।

ਰੱਖ-ਰਖਾ ਕਰਨ ਵਾਲੇ ਗਰੁੱਪ ਏ ਰੌਚਾ ਕੀਨੀਆ ਦੇ ਇੱਕ ਸਾਇੰਸਦਾਨ ਲੇਨੋਕਸ ਕਿਰਾਓ ਦਾ ਕਹਿਣਾ ਹੈ "ਜਦੋਂ ਦੇਸੀ ਪੰਛੀਆਂ ਦੀ ਆਬਾਦੀ ਘਟਦੀ ਹੈ, ਤਾਂ ਵਾਤਾਵਰਣ ਨੂੰ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ। ਨੁਕਸਾਨਦੇਹ ਕੀੜੇ-ਮਕੌੜਿਆਂ ਦੀ ਗਿਣਤੀ 'ਚ ਵਾਧਾ ਹੋਵੇਗਾ ਜਿਨ੍ਹਾਂ ਦਾ ਸ਼ਿਕਾਰ ਇਹ ਦੇਸੀ ਪੰਛੀ ਕਰਦੇ ਹਨ।"

ਕਿਲੀਫੀ ਕਾਉਂਟੀ ਵਿੱਚ ਰਹਿੰਦੇ ਇੱਕ ਕਿਸਾਨ ਯੂਨਿਸ ਕਟਾਨਾ ਦਾ ਕਹਿਣਾ ਹੈ,"ਇਹ ਕਾਂ ਚੂਚਿਆਂ 'ਤੇ ਝਪਟਦੇ ਹਨ ਅਤੇ ਉਨ੍ਹਾਂ ਨੂੰ ਪਾਗਲਾਂ ਵਾਂਗ ਖਾਂਦੇ ਹਨ। ਇਹ ਆਮ ਪੰਛੀ ਨਹੀਂ ਹਨ।"

ਭਾਰਤੀ ਘਰੇਲੂ ਕਾਂ ਫਸਲਾਂ, ਪਸ਼ੂਆਂ ਅਤੇ ਮੁਰਗੀਆਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ।

ਮਿਸਟਰ ਕਿਰਾਓ ਦੇ ਅਨੁਸਾਰ, " ਜਦੋਂ ਇਹ ਕਾਂ ਆਪਣੇ ਸ਼ਿਕਾਰ ਨੂੰ ਦੇਖਦੇ ਹਨ ਜਾਂ ਫੇਰ ਕਿਸੇ ਬਿਪਤਾ 'ਚ ਹੁੰਦੇ ਹਨ ਤਾਂ ਆਪਸ 'ਚ ਗੱਲਬਾਤ ਕਰਨ ਲਈ ਇੱਕ ਵਿਲੱਖਣ ਤਰ੍ਹਾਂ ਦੀ ਆਵਾਜ਼ ਕੱਢਦੇ ਹਨ।

ਕਾਂ ਮੁੰਮਬਾਸਾ ਇਲਾਕੇ ਵਿੱਚ ਕੰਧਾਂ ਅਤੇ ਛੱਤਾਂ 'ਤੇ ਬਿੱਠਾਂ ਕਰ ਦਿੰਦੇ ਹਨ। ਬਹੁਤ ਸਾਰੇ ਲੋਕ ਇਨ੍ਹਾਂ ਕਾਂਵਾਂ ਕਰਕੇ ਰੁੱਖਾਂ ਦੇ ਹੇਠ ਬੈਠਣ ਤੋਂ ਡਰਦੇ ਹਨ, ਕਿਤੇ ਕਾਂ ਬਿੱਠ ਨਾ ਕਰ ਦੇਣ ਜਾਂ ਕੁਝ ਗੰਦਾ ਉਹਨਾਂ ਉੱਤੇ ਨਾ ਸੁੱਟ ਦੇਣ ।

ਮੁੰਮਬਾਸਾ ਦੇ ਇੱਕ ਹੋਰ ਨਿਵਾਸੀ ਵਿਕਟਰ ਕਿਮੁਲੀ ਨੇ ਬੀਬੀਸੀ ਨੂੰ ਦੱਸਿਆ, "ਇਹ ਕਾਂ ਸਵੇਰੇ ਜਲਦੀ ਉੱਠਦੇ ਹਨ ਅਤੇ ਆਪਣੀਆਂ ਤੰਗ ਕਰਨ ਵਾਲੀ ਕਾਂ-ਕਾਂ ਨਾਲ ਸਾਡੀ ਨੀਂਦ ਭੰਗ ਕਰ ਦਿੰਦੇ ਹਨ।"

ਕੀ ਹੈ ਪ੍ਰਕਿਰਿਆ

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਦਾ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਇਸ ਸਭ ਦੇ ਮੱਦ-ਨਜ਼ਰ ਅਧਿਕਾਰੀਆਂ ਨੇ ਕਾਂਵਾਂ ਖਿਲਾਫ਼ ਕਾਰਵਾਈ ਦੀ ਲੋੜ ਮਹਿਸੂਸ ਕੀਤੀ ਅਤੇ ਜ਼ਹਿਰ ਰਾਹੀਂ ਇਨ੍ਹਾਂ ਦੀ ਅਬਾਦੀ ਸੀਮਤ ਕਰਨ ਦਾ ਫੈਸਲਾ ਲਿਆ ਗਿਆ ਜੋ ਮੰਗਲਵਾਰ ਤੋਂ ਅਮਲ ਵਿੱਚ ਆਉਣਾ ਸ਼ੁਰੂ ਹੋਇਆ।

ਕੀਨੀਆ ਵਣ-ਜੀਵਨ ਸੇਵਾ ਮੁਤਾਬਕ ਕਿ ਇਹ ਫੈਸਲਾ ਵਾਤਾਵਰਣ ਮਾਹਰਾਂ, ਰੱਖ-ਰਖਾ ਕਰਨ ਵਾਲਿਆਂ, ਕਮਿਊਨਿਟੀ ਲੀਡਰਾਂ ਅਤੇ ਹੋਟਲ ਉਦਯੋਗ ਦੇ ਨੁਮਾਇੰਦਿਆਂ ਨਾਲ ਮਹੀਨਿਆਂ ਤੱਕ ਸਲਾਹ ਕਰਨ ਤੋਂ ਬਾਅਦ ਕੀਤਾ ਗਿਆ ਹੈ।

ਮਿਸਟਰ ਕਿਰਾਓ ਕਹਿੰਦੇ ਹਨ "ਅਸੀਂ ਉਹਨਾਂ ਦੀ ਆਬਾਦੀ ਨੂੰ ਇੱਕ ਕਾਬੂਯੋਗ ਸੰਖਿਆ ਤੱਕ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ।"

ਇਸ ਕੰਮ ਵਿੱਚ ਕਈ ਮਹੀਨੇ ਲੱਗਦੇ ਹਨ | ਪਹਿਲਾਂ ਪੰਛੀਆਂ ਨੂੰ ਮੀਟ ਰੱਖ ਕੇ ਉਨ੍ਹਾਂ ਦੇ ਰੂਸਟ ਸਾਈਟਾਂ ਦੇ ਨੇੜੇ ਵੱਖ-ਵੱਖ ਥਾਵਾਂ 'ਤੇ ਇਕੱਠੇ ਹੋਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਜਦੋਂ ਉਹ ਉੱਥੇ ਆਉਣ ਲਗਦੇ ਹਨ ਤਾਂ ਜ਼ਹਿਰ ਦਿੱਤੀ ਜਾਂਦੀ ਹੈ।

ਏ ਰੋਚਾ ਕੀਨੀਆ ਦੇ ਇੱਕ ਅਧਿਕਾਰੀ ਐਰਿਕ ਕਿਨੋਟੀ ਦੱਸਦੇ ਹਨ, "ਜਦੋਂ ਇਹ ਕਾਂ ਵੱਡੀ ਗਿਣਤੀ ਵਿੱਚ ਚਾਰੇ ਵਾਲੀਆਂ ਥਾਵਾਂ ਉੱਤੇ ਇਕੱਠੇ ਹੋ ਜਾਂਦੇ ਹਨ ਫੇਰ ਉਸਤੋਂ ਬਾਅਦ ਅਸੀਂ ਉਹਨਾਂ ਨੂੰ ਜ਼ਹਿਰ ਦਿੰਦੇ ਹਾਂ।"

ਕਾਂਵਾਂ ਨੂੰ ਖ਼ਤਮ ਕਰਨ ਲਈ ਸਟਾਰਲਾਈਸਾਈਡ ਨਾਮ ਦਾ ਜ਼ਹਿਰ ਵਰਤਿਆ ਜਾਂਦਾ ਹੈ | ਇਹ ਇੱਕ ਪੰਛੀਆਂ ਨੂੰ ਮਾਰਨ ਵਾਲੀ ਜ਼ਹਿਰ ਹੈ ਜੋ ਹੁਣ ਤੱਕ ਹੋਰ ਪੰਛੀਆਂ ਜਾਂ ਜਾਨਵਰਾਂ ਨੂੰ ਪ੍ਰਭਾਵਿਤ ਕੀਤੇ ਬਿਨ੍ਹਾਂ ਕਾਂਵਾਂ ਦੀ ਗਿਣਤੀ ਘਟਾਉਣ ਵਿੱਚ ਪ੍ਰਭਾਵਸ਼ਾਲੀ ਸਾਬਤ ਹੋਇਆ ਹੈ।

ਇਸ ਤੋਂ ਪਹਿਲਾਂ ਵੀ ਮਾਰੇ ਗਏ ਸਨ ਕਾਂ

ਜ਼ਹਿਰ
ਤਸਵੀਰ ਕੈਪਸ਼ਨ, ਹਾਲੇ ਨਿਊਜ਼ੀਲੈਂਡ ਤੋਂ ਹੋਰ ਜ਼ਹਿਰ ਮੰਗਵਾਉਣ ਦੀ ਯੋਜਨਾ ਹੈ।

ਫਰਮ ਦੀ ਮਾਲਕ, ਸੇਸੀਲੀਆ ਰੂਟੋ ਕਹਿੰਦੇ ਹਨ,"2022 ਲਿਟਲ ਕੀਨੀਆ ਗਾਰ੍ਡਨਜ਼ ਨਾਮ ਦੀ ਕੰਪਨੀ ਨੇ ਜ਼ਹਿਰ ਦਾ ਟੈਸਟ ਕੀਤਾ ਜੋ ਕਾਰਗਰ ਸਾਬਤ ਹੋਇਆ ਅਤੇ ਇਸ ਟੈਸਟ ਵਿੱਚ ਲਗਭਗ 2,000 ਕਾਂ ਮਾਰੇ ਗਏ ਹਨ| ਰੂਟੋ ਇਹ ਵੀ ਦੱਸਦੇ ਹਨ ਕਿ ਲਿਟਲ ਕੀਨੀਆ ਗਾਰਡਨਜ਼ ਜ਼ਹਿਰ ਨੂੰ ਆਯਾਤ ਕਰਨ ਲਈ ਇੱਕ ਲਾਇਸੰਸਸ਼ੁਦਾ ਕੰਪਨੀ ਸੀ।

ਰੂਟੋ ਅੱਗੇ ਦੱਸਦੇ ਹਨ, "ਇਸ ਧੀਮੇ ਜ਼ਹਿਰ ਦਾ ਅਸਰ ਕਾਂ ਦੇ ਪੂਰੀ ਤਰ੍ਹਾਂ ਮਰਨ ਤੋਂ ਪਹਿਲਾਂ ਖ਼ਤਮ ਹੋ ਜਾਂਦਾ ਹੈ ਜਿਸਦਾ ਮਤਲਬ ਹੈ ਕਿ ਮਰੇ ਹੋਏ ਕਾਂ ਨੂੰ ਖਾਣ ਵਾਲੇ ਕਿਸੇ ਹੋਰ ਜਾਨਵਰ ਉੱਤੇ ਇਸ ਜ਼ਹਿਰ ਦਾ ਅਸਰ ਹੋਣ ਦੀ ਸੰਭਾਵਨਾ ਬਹੁਤ ਘੱਟ ਹੋ ਜਾਂਦੀ ਹੈ।”

ਕੀਨੀਆ ਵਿੱਚ ਮੌਜੂਦਾ ਸਮੇਂ ਵਿੱਚ 2 ਕਿਲੋਗ੍ਰਾਮ (4.4 ਪੌਂਡ) ਜ਼ਹਿਰ ਹੈ ਜੋ ਲਗਭਗ 20,000 ਕਾਂ ਮਾਰਨ ਲਈ ਕਾਫ਼ੀ ਹੋਣ ਦਾ ਅਨੁਮਾਨ ਹੈ। ਲੇਕਿਨ ਅਜੇ ਵੀ ਨਿਊਜ਼ੀਲੈਂਡ ਤੋਂ ਹੋਰ ਜ਼ਹਿਰ ਮੰਗਵਾਉਣ ਦੀ ਯੋਜਨਾ ਹੈ।

ਕੀਨੀਆ ਵਿੱਚ ਇਸ ਜ਼ਹਿਰ ਦੀ ਵਰਤੋਂ ਨੇ ਜਾਨਵਰਾਂ ਅਤੇ ਪੰਛੀਆਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਾਲੇ ਕਾਰਕੁਨਾਂ ਚਿੰਚਤ ਹਨ। ਉਹ ਦਲੀਲ ਦਿੰਦੇ ਹਨ ਕਿ ਕਾਂ ਨੂੰ ਜ਼ਹਿਰ ਦੇਣਾ ਅਣਮਨੁੱਖੀ ਹੈ | ਇਸਦੀ ਥਾਂ ਹੋਰ ਗੈਰ-ਘਾਤਕ ਤਰੀਕਿਆਂ ਦੀ ਖੋਜ ਕੀਤੀ ਜਾਣੀ ਚਾਹੀਦੀ ਹੈ।

ਇੱਕ ਵਾਤਾਵਰਨ ਵਿਗਿਆਨੀ ਲਿਉਨਾਰਡ ਓਨਯਾਂਗੋ ਦਾ ਕਹਿਣਾ ਹੈ ਕਿ “ਵੱਡੀ ਗਿਣਤੀ 'ਚ ਕਾਵਾਂ ਨੂੰ ਜ਼ਹਿਰ ਦੇਣਾ ਬਹੁਤ ਥੋੜ੍ਹ ਚਿਰਾ ਹੱਲ ਹੈ, ਇਹ ਸਮੱਸਿਆ ਨੂੰ ਜੜ੍ਹੋਂ ਹੱਲ ਨਹੀਂ ਕਰਦਾ।”

ਉਹ ਕਹਿੰਦੇ ਹਨ “ਕਾਵਾਂ ਦੀ ਆਬਾਦੀ ਦਾ ਪ੍ਰਬੰਧ ਕਰਨ ਲਈ ਇੱਕ ਸਾਰਥਕ ਢੰਗ ਅਤੇ ਮਨੁੱਖੀ ਪਹੁੰਚ ਅਪਨਾਉਣ ਦੀ ਲੋੜ ਹੈ।"

ਕਾਂਵਾਂ ਨੂੰ ਮਾਰਨ ਦੇ ਤਰੀਕੇ ਤੋਂ ਵਿਵਾਦ

ਗੁਲੇਲਬਾਜ਼
ਤਸਵੀਰ ਕੈਪਸ਼ਨ, ਕਈ ਹੋਟਲ ਵਾਲਿਆਂ ਨੇ ਕਾਵਾਂ ਨੂੰ ਡਰਾਉਣ ਲਈ ਗੁਲੇਲਬਾਜ਼ ਤੈਨਾਤ ਕੀਤੇ ਹਨ।

ਹਾਲਾਂਕਿ ਪ੍ਰੋਗਰਾਮ ਨਾਲ ਜੁੜੇ ਲੋਕ ਮੂਲ ਪ੍ਰਜਾਤੀਆਂ ਨੂੰ ਬਚਾਉਣ ਅਤੇ ਵਾਤਾਵਰਣ ਸੰਤੁਲਨ ਨੂੰ ਯਕੀਨੀ ਬਣਾਉਣ ਦੀ ਲੋੜ 'ਤੇ ਜ਼ੋਰ ਦਿੰਦੇ ਹਨ।

ਕਾਂਵਾਂ ਨੂੰ ਖ਼ਤਮ ਕਰਨ ਦੀ ਮੁਹਿੰਮ 'ਚ ਸ਼ਾਮਲ ਕਿਰਾਓ ਕਹਿੰਦੇ ਹਨ "ਜੇ ਅਸੀਂ ਹੁਣ ਕੁਝ ਨਹੀਂ ਕਰਦੇ, ਤਾਂ ਨੁਕਸਾਨ ਬਹੁਤ ਜ਼ਿਆਦਾ ਹੋਵੇਗਾ ਜਿਸਦੀ ਭਰਪਾਈ ਨਹੀਂ ਹੋ ਸਕੇਗੀ"

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਰਕਾਰ ਨੇ ਹਮਲਾਵਰ ਪੰਛੀਆਂ ਦੀਆਂ ਕਿਸਮਾਂ ਨੂੰ ਕਾਬੂ ਕਰਨ ਲਈ ਯੋਜਨਾਵਾਂ ਸ਼ੁਰੂ ਕੀਤੀਆਂ ਹੋਣ|

20 ਸਾਲਾਂ ਤੋਂ ਪਹਿਲਾਂ ਵੀ ਪੰਛੀਆਂ ਦੀ ਆਬਾਦੀ ਨੂੰ ਘੱਟ ਕਰਨ ਲਈ ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ । ਪਰ ਬਾਅਦ ਵਿੱਚ ਸਰਕਾਰ ਨੇ ਦੇਸ਼ ਵਿੱਚ ਆਉਣ ਵਾਲੀਆਂ ਚੀਜ਼ਾਂ ਨੂੰ ਨਿਯਮਤ ਕਰਨ ਦੀ ਕੋਸ਼ਿਸ਼ ਵਿੱਚ ਸਟਾਰਲਾਈਸਾਈਡ ਜ਼ਹਿਰ ਦੇ ਆਯਾਤ 'ਤੇ ਪਾਬੰਦੀ ਲਗਾ ਦਿੱਤੀ ਸੀ।

ਕੂੜੇ ਵਾਲੀਆਂ ਥਾਵਾਂ ਤੋਂ ਇਲਾਵਾ ਸੈਲਾਨੀਆਂ ਦੇ ਹੋਟਲ ਵੀ ਕਾਂਵਾਂ ਲਈ ਸ਼ਿਕਾਰ ਕਰਨ ਵਾਲੀ ਪਸੰਦੀਦਾ ਥਾਂ ਬਣ ਗਏ ਹਨ, ਜਿੱਥੇ ਉਹ ਸੈਲਾਨੀਆਂ ਦੇ ਖਾਣ ਵਾਲੀਆਂ ਥਾਵਾਂ ਵਿੱਚ ਹੱਲਾ ਮਚਾਉਂਦੇ ਹਨ, ਖਾਣਾ ਖਾ ਰਹੇ ਮਹਿਮਾਨਾਂ ਨੂੰ ਤੰਗ ਕਰਦੇ ਹਨ। ਇਸਦੇ ਬਾਰੇ ਫੇਰ ਸੈਲਾਨੀ ਹੋਟਲ ਮਾਲਕਾਂ ਨੂੰ ਸ਼ਿਕਾਇਤ ਵੀ ਕਰਦੇ ਹਨ।

ਕੀਨੀਆ ਐਸੋਸੀਏਸ਼ਨ ਆਫ ਹੋਟਲਕੀਪਰਸ ਐਂਡ ਕੇਟਰਰਜ਼ ਦੀ ਚੇਅਰਪਰਸਨ ਮੌਰੀਨ ਅਵੂਰ ਕਹਿੰਦੇ ਹਨ, "ਕਾਂ ਉਹਨਾਂ ਮਹਿਮਾਨਾਂ ਲਈ ਸੱਚਮੁੱਚ ਇੱਕ ਵੱਡੀ ਪਰੇਸ਼ਾਨੀ ਬਣ ਗਏ ਹਨ ਜੋ ਸਾਡੇ ਹੋਟਲਾਂ ਵਿੱਚ ਸਮੁੰਦਰ ਕੰਢੇ ਬੀਚ 'ਤੇ ਆਪਣੇ ਭੋਜਨ ਦਾ ਆਨੰਦ ਲੈਣ ਲਈ ਆਉਂਦੇ ਹਨ।"

ਕੁਝ ਹੋਟਲਾਂ ਵਾਲੇ ਕਾਂਵਾਂ ਨੂੰ ਫਸਾ ਲੈਂਦੇ ਹਨ ਅਤੇ ਉਨ੍ਹਾਂ ਦਾ ਦਮ ਘੁੱਟ ਕੇ ਮਾਰ ਦਿੰਦੇ ਹਨ । ਜਦਕਿ ਕਈ ਹੋਟਲ ਵਾਲਿਆਂ ਨੇ ਉਨ੍ਹਾਂ ਨੂੰ ਡਰਾਉਣ ਲਈ ਗੁਲੇਲਬਾਜ਼ ਤੈਨਾਤ ਕੀਤੇ ਹਨ।

ਲੇਕਿਨ ਫਸਾਉਣ ਵਾਲੇ ਤਰੀਕੇ ਨੂੰ ਬੇਅਸਰ ਮੰਨਿਆ ਜਾਂਦਾ ਹੈ ਕਿਉਂਕਿ ਪੰਛੀ ਅਜਿਹੇ ਖੇਤਰਾਂ ਤੋਂ ਬਚਣ ਲਈ ਕਾਫ਼ੀ ਬੁੱਧੀਮਾਨ ਹੁੰਦੇ ਹਨ ਜਿੱਥੇ ਉਨ੍ਹਾਂ ਨੇ ਆਪਣੇ ਨਾਲ ਦੇ ਦੂਜੇ ਕਾਂ ਨੂੰ ਮਰਦੇ ਜਾਂ ਫਸੇ ਹੋਏ ਦੇਖੇ ਹੋਣ।

ਅਧਿਕਾਰੀਆਂ ਨੂੰ ਲਗਦਾ ਹੈ ਕਿ ਹੁਣ ਉਨ੍ਹਾਂ ਕੋਲ ਕਾਂਵਾਂ ਨੂੰ ਮਾਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ, ਖਾਸ ਕਰਕੇ ਜਦੋਂ ਇਹ ਚਿੰਤਾਵਾਂ ਹਨ ਕਿ ਕਾਂ ਕੀਨੀਆ ਦੇ ਅੰਦਰਲੇ ਪਾਸੇ ਫੈਲ ਸਕਦੇ ਹਨ।

ਰੱਖ ਰਖਾਅ ਵਾਲੇ ਅਧਿਕਾਰੀ ਕਹਿੰਦੇ ਹਨ ਕਿ ਕਾਵਾਂ ਨੂੰ ਰਾਜਧਾਨੀ ਨੈਰੋਬੀ ਤੋਂ ਲਗਭਗ 240 ਕਿਲੋਮੀਟਰ (150 ਮੀਲ) ਦੂਰ - ਮੀਟੋ ਐਂਡੀ ਖੇਤਰ ਵਿੱਚ ਦੇਖਿਆ ਗਿਆ ਹੈ

ਕਿਰਾਓ ਕਹਿੰਦੇ ਹਨ "ਮੇਰਾ ਸਭ ਤੋਂ ਵੱਡਾ ਡਰ ਇਹ ਹੈ ਕਿ ਜੇਕਰ ਅਸੀਂ ਹੁਣ ਕੁਝ ਨਾ ਕੀਤਾ, ਤਾਂ ਕਾਂ ਰਾਜਧਾਨੀ ਨੈਰੋਬੀ ਪਹੁੰਚ ਜਾਣਗੇ। ਇਸ ਨਾਲ ਦੇਸ਼ ਦੇ ਪੰਛੀਆਂ ਲਈ ਬਹੁਤ ਵੱਡਾ ਖਤਰਾ ਪੈਦਾ ਹੋ ਜਾਵੇਗਾ, ਖਾਸ ਕਰਕੇ ਨੈਰੋਬੀ ਨੈਸ਼ਨਲ ਪਾਰਕ ਵਿੱਚ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)