‘ਮੈਂ ਆਪਣੀ ਭੈਣ ਨੂੰ 35 ਸਾਲ ਬਾਅਦ ਮਿਲਿਆ ਤੇ ਉਹ ਮੇਰੀਆਂ ਜੋੜੀਆਂ ਧੀਆਂ ਦੀ ਮਾਂ ਬਣੀ’, ਇਕਲਾਪੇ ਤੇ ਪਰਿਵਾਰ ਦੀ ਕਹਾਣੀ

ਰੇਚਲ

ਤਸਵੀਰ ਸਰੋਤ, Supplied

ਤਸਵੀਰ ਕੈਪਸ਼ਨ, ਰੇਚਲ (ਵਿਚਕਾਰ) ਮਾਰਕ ਅਤੇ ਟੀਨਾ

ਮਾਰਕ ਮੈਕਡੌਨਲਡ ਪੇਸ਼ੇ ਤੋਂ ਇੱਕ ਮਕੈਨੀਕਲ ਇੰਜੀਨੀਅਰ ਹਨ ਅਤੇ ਪੱਛਮੀ ਅਮਰੀਕਾ ਦੇ ਪੋਰਟਲੈਂਡ ਸ਼ਹਿਰ ਵਿੱਚ ਰਹਿੰਦੇ ਹਨ। ਉਹ ਹਮੇਸ਼ਾ ਤੋਂ ਜਾਣਦੇ ਸਨ ਕਿ ਉਨ੍ਹਾਂ ਨੂੰ ਗੋਦ ਲਿਆ ਗਿਆ ਸੀ।

ਉਨ੍ਹਾਂ ਨੇ ਬੀਬੀਸੀ ਆਊਟਲੁੱਕ ਦੇ ਰੇਡੀਓ ਪ੍ਰੋਗਰਾਮ ਨੂੰ ਆਪਣੇ ਅਤੀਤ ਬਾਰੇ ਦੱਸਿਆ। ਗੋਦ ਲੈਣ ਵਾਲੇ ਪਰਿਵਾਰ ਤੋਂ ਉਹ ਖੁਸ਼ ਸਨ ਜਿੱਥੋਂ ਉਨ੍ਹਾਂ ਨੂੰ ਬਹੁਤ ਸਾਰਾ ਪਿਆਰ ਮਿਲਿਆ ਅਤੇ ਉਨ੍ਹਾਂ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਗਈਆਂ।

ਲੇਕਿਨ ਉਨ੍ਹਾਂ ਦੇ ਦਿਲ ਵਿੱਚ ਇੱਕ ਅਲਹਿਦਗੀ ਸੀ। ਸਾਲ 2022 ਵਿੱਚ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਕਿਹਾ,“ਮੈਂ ਗੋਦ ਲਿਆ ਗਿਆ ਸੀ ਇਹ ਦਿਸਦਾ ਸੀ। ਤੁਸੀਂ ਕਦੇ ਵੀ ਕੋਈ ਅਜਿਹਾ ਨਹੀਂ ਦੇਖਦੇ ਜੋ ਤੁਹਾਡੇ ਵਾਂਗ ਲਗਦਾ ਹੋਵੇ। ਤੁਹਾਨੂੰ ਆਪਣਾ ਮੁਹਾਂਦਰਾ ਹੋਰ ਲੋਕਾਂ ਵਿੱਚ ਨਜ਼ਰ ਨਹੀਂ ਆਉਂਦਾ।”

ਫਿਰ ਵੀ ਉਨ੍ਹਾਂ ਨੇ ਟੀਨਾ ਨਾਲ ਆਪਣੇ ਵਿਆਹ ਤੱਕ ਕਦੇ ਵੀ ਆਪਣੇ ਕੁਦਰਤੀ ਪਰਿਵਾਰ ਦੀ ਤਲਾਸ਼ ਨਹੀਂ ਕੀਤੀ। ਟੀਨਾ ਅਤੇ ਮਾਰਕ ਦੀ ਮੁਲਾਕਾਤ ਕਾਲਜ ਵਿੱਚ ਪੜ੍ਹਾਈ ਦੌਰਾਨ ਹੋਈ ਸੀ।

ਵਿਆਹ ਤੋਂ ਬਾਅਦ ਜਲਦੀ ਹੀ ਜੋੜੇ ਨੂੰ ਪਤਾ ਲੱਗ ਗਿਆ ਕਿ ਉਹ ਸੰਤਾਨ ਨੂੰ ਜਨਮ ਨਹੀਂ ਦੇ ਸਕਦੇ।

"ਜਦੋਂ ਮੈਨੂੰ ਪਤਾ ਲੱਗਿਆ ਕਿ ਸਾਡੇ ਬੱਚਾ ਨਹੀਂ ਹੋ ਸਕਦਾ ਤਾਂ ਮੈਂ ਆਪਣੇ ਗੋਦ ਲੈਣ ਵਾਲੇ ਪਰਿਵਾਰ ਬਾਰੇ ਸੋਚਣ ਲੱਗਿਆ। ਇਸ ਲਈ ਨਹੀਂ ਕਿ ਮੈਂ ਉਨ੍ਹਾਂ ਤੋਂ ਨਾਰਾਜ਼ ਸੀ ਸਗੋਂ ਇਸ ਲਈ ਕਿਉਂਕਿ ਮੈਂ ਆਪਣੀ ਜਨਮ ਦੇਣ ਵਾਲੀ ਮਾਂ ਨੂੰ ਮਿਲਣਾ ਚਾਹੁੰਦਾ ਸੀ ਜੋ ਮੇਰੇ ਜਨਮ ਸਮੇਂ ਭਰ ਜਵਾਨ ਸੀ।”

ਉਹ ਕਹਿੰਦੇ ਹਨ, “ਮੈਨੂੰ ਲਗਦਾ ਹੈ ਕਿ ਮੈਂ ਇੱਕ ਚੰਗਾ ਇਨਸਾਨ ਹਾਂ ਅਤੇ ਮੈਂ ਆਪਣੇ ਜੀਨ ਅੱਗੇ ਵਧਾਉਣਾ ਚਾਹੁੰਦਾ ਹਾਂ। ਤਾਂ ਜੋ ਮਨੁੱਖਤਾ ਦੀ ਇਹ ਨਿੱਕੀ ਜਿਹੀ ਟਾਹਣੀ ਸੁੱਕ ਨਾ ਜਾਵੇ। ਮੈਨੂੰ ਲੱਗਿਆ ਕਿ ਜੇ ਮੇਰੇ ਕੁਦਰਤੀ ਭੈਣ-ਭਰਾ ਹੁੰਦੇ ਤਾਂ ਇਸ ਨੇ ਮੇਰੀ ਅਲਹਿਦਗੀ ਦੇ ਸੰਕਟ ਦਾ ਹੱਲ ਹੋ ਜਾਂਦਾ।”

ਆਪਣੇ ਪਰਿਵਾਰ ਦੀ ਭਾਲ ਦੌਰਾਨ ਉਹ ਹੋ ਗਿਆ ਜਿਸ ਦੀ ਉਮੀਦ ਨਹੀਂ ਸੀ। ਮਾਰਕ ਦੇ ਮਾਪੇ ਜਿਉਂਦੇ ਸਨ ਅਤੇ ਹੁਣ ਉਨ੍ਹਾਂ ਦੇ ਮਾਰਕ ਤੋਂ ਛੋਟੀ ਇੱਕ ਭੈਣ ਅਤੇ ਦੋ ਭਰਾ ਵੀ ਸਨ।

ਮਾਰਕ ਜਦੋਂ ਆਪਣੀ ਭੈਣ ਰੇਚਲ ਨੂੰ ਮਿਲੇ, ਉਸੇ ਸਾਲ ਰੇਚਲ ਨੇ ਉਨ੍ਹਾਂ ਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ ਤੋਹਫ਼ਾ ਦਿੱਤਾ।

ਰੇਚਲ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਆਪਣੀ ਕੁੱਖ ਉਧਾਰੀ ਦੇਵੀਗੀ ਤਾਂ ਜੋ ਉਸਦਾ ਵੀਰ ਅਤੇ ਭਰਜਾਈ ਮਾਤਾ-ਪਿਤਾ ਬਣ ਸਕਣ।

ਸਕੇ ਪਰਿਵਾਰ ਦੀ ਤਲਾਸ਼

ਰੇਚਲ ਅਤੇ ਟੀਨਾ

ਤਸਵੀਰ ਸਰੋਤ, Supplied

ਤਸਵੀਰ ਕੈਪਸ਼ਨ, ਰੇਚਲ ਸਾਲ 2007 ਵਿੱਚ ਲੰਬਾ ਸਫ਼ਰ ਤੈਅ ਕਰਕੇ ਆਪਣੇ ਭਰਾ-ਭਰਜਾਈ ਨੂੰ ਮਿਲਣ ਆਈ

ਮਾਰਕ ਨੇ ਜਦੋਂ ਆਪਣੇ ਮਾਪਿਆਂ ਦੀ ਭਾਲ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਸਰਕਾਰੀ ਨੌਕਰਸ਼ਾਹੀ ਦੀਆਂ ਕਈ ਰੁਕਾਵਟਾਂ ਪਾਰ ਕਰਨੀਆਂ ਪਈਆਂ।

“ਦੋਵਾਂ ਧਿਰਾਂ ਦੀ ਨਿੱਜਤਾ ਦੀ ਰਾਖੀ ਲਈ ਇਹ ਭਾਲ ਸਿਰਫ਼ ਸਰਕਾਰ ਵੱਲੋਂ ਹੀ ਕੀਤੀ ਜਾਂਦੀ ਹੈ। ਉਨ੍ਹਾਂ ਨੇ ਸਾਨੂੰ ਕਿਹਾ ਕਿ ਸਟਾਫ਼ ਦੀ ਕਮੀ ਕਾਰਨ, ਇਸ ਵਿੱਚ ਸੱਤ ਸਾਲ ਵੀ ਲੱਗ ਸਕਦੇ ਹਨ।”

ਲੇਕਿਨ ਤਿੰਨ ਸਾਲ ਬਾਅਦ ਹੀ ਜਦੋਂ ਮਾਰਕ ਨੂੰ ਸਮਾਜਿਕ ਸੇਵਾ ਵਿਭਾਗ ਵੱਲੋਂ ਫੋਨ ਆਇਆ, ਉਨ੍ਹਾਂ ਨੂੰ ਯਕੀਨ ਤਾਂ ਨਹੀਂ ਆਇਆ ਪਰ ਉਨ੍ਹਾਂ ਦਾ ਪਰਿਵਾਰ ਮਿਲ ਗਿਆ ਸੀ।

ਇਹ ਸਾਲ 2017 ਸੀ ਅਤੇ ਮਾਰਕ ਉਸ ਸਮੇਂ 35 ਸਾਲ ਦੇ ਸਨ। ਇਹ ਜਾਣਕਾਰੀ ਹਜ਼ਮ ਕਰਨਾ ਮਾਰਕ ਲਈ ਮੁਸ਼ਕਿਲ ਸੀ। ਖਾਸ ਕਰਕੇ ਇਹ ਜਾਨਣਾ ਕਿ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਤੋਂ ਬਿਨਾਂ ਅੱਗੇ ਆਪਣਾ ਪਰਿਵਾਰ ਵਸਾਇਆ ਸੀ।

ਦੂਜੇ ਪਾਸੇ ਮਾਰਕ ਇਕੱਲੇ ਨਹੀਂ ਸਨ, ਉਨ੍ਹਾਂ ਦਾ ਪਰਿਵਾਰ ਖਾਸ ਕਰਕੇ ਉਨ੍ਹਾਂ ਦੀ ਛੋਟੀ ਭੈਣ ਰੇਚਲ ਵੀ, ਉਨ੍ਹਾਂ ਤੋਂ ਵੀ ਪਹਿਲਾਂ ਤੋਂ ਉਨ੍ਹਾਂ ਨੂੰ ਲੱਭ ਰਹੀ ਸੀ।

ਸਾਲ 1999 ਵਿੱਚ ਸੈਂਕੜੇ ਮੀਲ ਦੂਰ ਉੱਤਰੀ ਕੈਰੋਲੀਨਾ ਦੇ ਰੈਲ੍ਹੀ ਸ਼ਹਿਰ ਵਿੱਚ ਉਨ੍ਹਾਂ ਦੀ ਭੈਣ ਰੇਚਲ 23 ਸਾਲ ਦੀ ਸੀ ਅਤੇ ਉਸ ਨੂੰ ਦੂਜੀ ਬੇਟੀ ਹੋਣ ਵਾਲੀ ਸੀ। ਰੇਚਲ ਦੀ ਮਾਂ ਨੇ ਰੇਚਲ ਨੂੰ ਇੱਕ ਰੈਸਤਰਾਂ ਖੋਲ੍ਹਣ ਲਈ ਅਤੇ ਇਹ ਵੀ ਦੱਸਣ ਲਈ ਬੁਲਾਇਆ ਕਿ ਉਸਦਾ ਦਾ ਇੱਕ ਵੱਡਾ ਭਰਾ ਵੀ ਸੀ।

ਆਰਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਰਕ ਆਪਣੇ ਗੋਦ ਲੈਣ ਵਾਲੇ ਪਰਿਵਾਰ ਵਿੱਚ ਖੁਸ਼ ਸਨ ਪਰ ਉਨ੍ਹਾਂ ਨੂੰ ਆਪਣੇ ਸਕੇ ਪਰਿਵਾਰ ਨੂੰ ਮਿਲਣ ਦੀ ਵੀ ਇੱਛਾ ਸੀ (ਸੰਕੇਤਕ ਤਸਵੀਰ)

ਰੇਚਲ ਦਾ ਪਾਲਣ-ਪੋਸ਼ਣ ਇੱਕ ਈਸਾਈ ਪਰਿਵਾਰ ਵਿੱਚ ਹੋਇਆ ਸੀ ਜਿੱਥੇ ਪਰਿਵਾਰ ਤੋਂ ਬਾਹਰ ਸਰੀਰਕ ਸੰਬੰਧਾਂ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਸੀ। ਲੇਕਿਨ ਇਸ ਖ਼ਬਰ ਤੋਂ ਰੇਚਲ ਖੁਸ਼ ਵੀ ਸਨ।

ਰੇਚਲ ਨਹੀਂ ਜਾਣਦੀ ਸੀ ਕਿ ਉਸਦੇ ਦੇ ਭਰਾ ਦੇ ਨੈਣ-ਨਕਸ਼ ਕਿਸ ਤਰ੍ਹਾਂ ਦੇ ਸਨ, ਉਹ ਕਿਸ ਤਰ੍ਹਾਂ ਦੀ ਸ਼ਖਸ਼ੀਅਤ ਦਾ ਮਾਲਕ ਸੀ, ਲੇਕਿਨ ਉਸਦੇ ਹੋਣ ਦਾ ਪਤਾ ਲੱਗਦਿਆਂ ਹੀ ਰੇਚਲ ਨੂੰ ਉਸ ਅਤੇ ਆਪਣੇ ਦੋ ਹੋਰ ਭਰਾਵਾਂ ਉੱਤੇ ਪਿਆਰ ਆ ਗਿਆ।

ਲੇਕਿਨ ਮਾਰਕ ਦਾ ਪਰਿਵਾਰ ਪਹਿਲ ਨਹੀਂ ਕਰ ਸਕਦੇ ਸਨ। ਅਧਿਕਾਰੀਆਂ ਦਾ ਕਹਿਣਾ ਸੀ ਕਿ ਪਹਿਲਾ ਪੈਰ ਮਾਰਕ ਨੂੰ ਪੁੱਟਣਾ ਪਵੇਗਾ।

ਇਸ ਦੁਵੱਲੀ ਚਾਹਤ ਲਈ ਰੇਚਲ ਨੂੰ ਅੱਠ ਸਾਲ ਉਡੀਕ ਕਰਨੀ ਪਈ।

ਮੁਲਾਕਾਤ

ਮਾਰਕ ਅਤੇ ਰੇਚਲ ਪੋਰਟਲੈਂਡ ਹਵਾਈ ਅੱਡੇ ਉੱਤੇ ਪਹਿਲੀ ਮੁਲਾਕਾਤ ਸਮੇਂ

ਤਸਵੀਰ ਸਰੋਤ, Supplied

ਤਸਵੀਰ ਕੈਪਸ਼ਨ, ਮਾਰਕ ਅਤੇ ਰੇਚਲ ਪੋਰਟਲੈਂਡ ਹਵਾਈ ਅੱਡੇ ਉੱਤੇ ਪਹਿਲੀ ਮੁਲਾਕਾਤ ਸਮੇਂ

ਜਿਵੇਂ ਹੀ ਮਾਰਚ 2007 ਵਿੱਚ ਮਾਰਕ ਨੂੰ ਉਹ ਫੋਨ ਕਾਲ ਆਈ, ਉਨ੍ਹਾਂ ਨੇ ਆਪਣੇ ਕੁਦਰਤੀ ਮਾਪਿਆਂ ਅਤੇ ਭੈਣ-ਭਰਾ ਨਾਲ ਰਾਬਤਾ ਕੀਤਾ। ਆਉਣ ਵਾਲੇ ਘਟਨਾਕ੍ਰਮ ਨੇ ਸਾਰੇ ਪਰਿਵਾਰ ਦੀ ਜ਼ਿੰਦਗੀ ਬਦਲ ਦਿੱਤੀ।

ਇੱਕ ਦੂਜੇ ਨੂੰ ਈਮੇਲ ਉੱਤੇ ਟੁੱਟੀ ਨੂੰ ਗੰਢ ਪਾਈ ਗਈ।

ਕਈ ਹਫ਼ਤਿਆਂ ਤੱਕ ਉਹ ਇੱਕ ਦੂਜੇ ਦੇ ਸ਼ੌਂਕ, ਇਰਾਦੇ, ਰੋਜ਼ਾਨਾ ਦੀਆਂ ਰਾਮ ਕਹਾਣੀਆਂ ਬਾਰੇ ਪੁੱਛਦੇ-ਦੱਸਦੇ ਰਹੇ। ਉਸੇ ਸਾਲ ਮਈ ਵਿੱਚ ਉਨ੍ਹਾਂ ਨੇ ਮਿਲਣ ਦਾ ਫੈਸਲਾ ਕੀਤਾ।

ਮਾਰਕ ਨੇ ਰੇਚਲ ਨੂੰ ਈਮੇਲ ਵਿੱਚ ਲਿਖਿਆ, “ਮੈਂ ਨਹੀਂ ਚਾਹੁੰਦਾ ਤੂੰ ਕੋਈ ਜਲੂਸ ਟੋਪੀ ਲਵੇਂ ਜਾਂ ਫੁੱਲ ਲਾਵੇਂ, ਮੈਂ ਜਾਣਦਾ ਹਾਂ ਮੈਂ ਤੈਨੂੰ ਏਅਰਪੋਰਟ ਉੱਤੇ ਪਛਾਣ ਲਵਾਗਾਂ, ਮੈਨੂੰ ਇਸ ਤਰ੍ਹਾਂ ਦੀ ਕੋਈ ਮਦਦ ਨਹੀਂ ਚਾਹੀਦੀ।”

ਪੋਰਟਲੈਂਡ ਹਵਾਈ ਅੱਡੇ ਉੱਤੇ ਇੱਕ ਕੁੜੀ ਉੱਤਰੀ, ਸਵਾਰੀਆਂ ਉਸ ਕੋਲੋਂ ਲੰਘ ਰਹੀਆਂ ਸਨ ਅਤੇ ਉਹ ਸੋਚ ਰਹੀ ਸੀ ਕੀ ਉਹ ਆਪਣੇ ਭਰਾ ਨੂੰ ਸਿਆਣ ਸਕੇਗੀ।

ਅਚਾਨਕ ਇੱਕ ਖੂੰਜੇ ਵਿੱਚ ਉਸਦੀ ਨਜ਼ਰ ਇੱਕ ਲੰਮ-ਸਲੰਮੇ, ਨੀਲੀਆਂ ਅੱਖਾਂ ਵਾਲੇ ਇਨਸਾਨ ਉੱਤੇ ਪਈ, ਜਿਸਦਾ ਮੁਹਾਂਦਰਾ ਬਿਲਕੁਲ ਰੇਚਲ ਵਰਗਾ ਸੀ।

ਰੇਚਲ ਨੇ ਇਸ ਬਾਰੇ ਦੱਸਿਆ, “ਮੈਂ ਟੀਨਾ ਨੂੰ ਨਹੀਂ ਦੇਖ ਸਕੀ ਕਿਉਂਕਿ ਉਹ ਬਹੁਤ ਛੋਟੀ ਸੀ, ਪਰ ਮੈਂ ਮਾਰਕ ਨੂੰ ਦੇਖਿਆ ਅਤੇ ਸੋਚਿਆ, ਇਹੀ ਮੇਰਾ ਭਰਾ ਹੈ। ਮੈਂ ਉਸ ਨੂੰ ਬਿਨਾਂ ਦੱਸੇ ਜੱਫੀ ਪਾਈ ਅਤੇ ਕਿਹਾ, “ਤੂੰ ਅਸਲੀ ਹੈਂ”।

ਲੈਪਟਾਪ ਉੱਤੇ ਟਾਈਪ ਕਰਦੇ ਹੱਥ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਰਕ ਨੇ ਰੇਚਲ ਨੂੰ ਈਮੇਲ ਰਾਹੀਂ ਦੱਸਿਆ ਕਿ ਉਨ੍ਹਾਂ ਦੇ ਬੱਚੇ ਨਹੀਂ ਹੋ ਸਕਦੇ।

ਮਾਰਕ ਨੇ ਕਿਹਾ ਕਿ ਇੱਕ ਮਾਂ-ਬਾਪ ਦੀ ਸੰਤਾਨ ਹੋਣ ਕਾਰਨ ਉਨ੍ਹਾਂ ਦੇ ਮੁਹਾਂਦਰੇ ਹੀ ਨਹੀਂ ਮਿਲਦੇ ਸਨ ਸਗੋਂ ਮੋਹ ਵੀ ਪੱਕਾ ਸੀ।

ਉਹ ਇੱਕ ਹਫ਼ਤਾ ਇਕੱਠੇ ਰਹੇ ਪਰ ਅਮਲੀ ਰੂਪ ਵਿੱਚ ਅਜਨਬੀ ਹੁੰਦੇ ਹੋਏ ਵੀ ਤਿੰਨਾਂ ਨੂੰ ਬਹੁਤ ਵਧੀਆ ਲੱਗਿਆ, ਜਿਵੇਂ ਪੁਰਾਣੇ ਦੋਸਤ ਹੋਣ।

ਚਿੱਠੀ-ਪੱਤਰੀ ਚਲਦੀ ਰਹੀ, ਜਿਨ੍ਹਾਂ ਵਿੱਚ ਵਧੇਰੇ ਨਿੱਜੀ ਗੱਲਾਂ ਹੋਣ ਲੱਗੀਆਂ। ਇੱਕ ਦਿਨ ਮਾਰਕ ਨੇ ਰੇਚਲ ਨੂੰ ਕਿਹਾ ਕਿ ਉਹ ਬੱਚੇ ਚਾਹੁੰਦਾ ਹੈ ਲੇਕਿਨ ਪਰ ਉਨ੍ਹਾਂ ਦੋਵਾਂ ਦੇ ਬੱਚੇ ਹੋ ਨਹੀਂ ਸਕਦੇ।

ਆਪਣੇ ਭਰਾ ਦੀ ਈਮੇਲ ਪੜ੍ਹਦੇ ਹੀ ਰੇਚਲ ਨੂੰ ਖਿਆਲ ਆਇਆ ਕਿ ਉਹ ਜੋ ਇੱਕ ਤੰਦਰੁਸਤ ਔਰਤ ਹੈ ਆਪਣੇ ਭਰਾ-ਭਰਜਾਈ, ਜਿਨ੍ਹਾਂ ਨੂੰ ਉਹ ਹੁਣੇ ਮਿਲੀ ਹੈ, ਆਪਣੀ ਕੁੱਖ ਉਧਾਰੀ ਕਿਉਂ ਨਹੀਂ ਦੇ ਦਿੰਦੀ ਤਾਂ ਜੋ ਉਨ੍ਹਾਂ ਦੇ ਵੀ ਕੁਦਰਤੀ ਸੰਤਾਨ ਹੋ ਸਕੇ।

ਆਖਰਕਾਰ

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਦਾ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਇਹ ਵਿਚਾਰ ਰੇਚਲ ਕਈ ਦਿਨ ਆਪਣੇ ਮਨ ਵਿੱਚ ਲੈ ਕੇ ਘੁੰਮਦੀ ਰਹੀ ਪਰ ਕਹਿ ਨਾ ਸਕੀ। ਰੇਚਲ ਨੂੰ ਇਹ ਗੱਲ ਪਹਿਲਾਂ ਆਪਣੇ ਪਤੀ ਨਾਲ ਸਾਂਝੀ ਕਰਨੀ ਪੈਣੀ ਸੀ ਜੋ ਕਿ ਇੱਕ ਪਾਦਰੀ ਸੀ।

ਰੇਚਲ ਇਹ ਗੱਲ ਇਸ ਲਈ ਨਹੀਂ ਕਰ ਸਕੀ ਕਿਉਂਕਿ ਉਹ ਹਮੇਸ਼ਾ ਮਾਰਕ ਦੀਆਂ ਈਮੇਲਾਂ ਪੜ੍ਹਦੀ ਰਹਿੰਦੀ ਸੀ, ਉਸ ਨਾਲ ਗੱਲ ਕਰਦੀ ਰਹਿੰਦੀ ਸੀ ਜਾਂ ਉਸ ਬਾਰੇ ਗੱਲ ਕਰਦੀ ਰਹਿੰਦੀ ਸੀ। ਉਸ ਨੂੰ ਲੱਗਿਆ ਉਹ ਪਰਿਵਾਰ ਨੂੰ ਜ਼ਿਆਦਾ ਹੀ ਤੂਲ ਦੇ ਰਹੀ ਸੀ। ਇਸ ਦੇ ਉੱਪਰ ਹੁਣ ਸਰੋਗੇਸੀ ਦਾ ਵਿਚਾਰ।

ਫਿਰ ਇੱਕ ਦਿਨ ਅਚਾਨਕ ਗੱਲ ਉੱਠੀ ਕਿ ਮਾਰਕ ਅਤੇ ਟੀਨਾ ਦੇ ਬੱਚੇ ਨਹੀਂ ਹੋ ਸਕਦੇ, ਸਰੋਗੇਸੀ ਦੀ ਗੱਲ ਵੀ ਤੁਰੀ। ਰੇਚਲ ਦੀ ਸੋਚ ਦੇ ਉਲਟ ਉਸਦੇ ਪਤੀ ਨੇ ਇਸ ਦਾ ਕੋਈ ਵਿਰੋਧ ਨਹੀਂ ਕੀਤਾ, ਸਗੋਂ ਉਸ ਨੇ ਤਾਂ ਇਸ ਨੂੰ “ਇੱਕ ਤੋਹਫ਼ਾ” ਕਿਹਾ।

ਹੁਣ ਰਾਹ ਸਾਫ਼ ਸੀ।

ਅਗਸਤ ਵਿੱਚ ਉਹ ਆਪਣੇ ਪਤੀ ਦੇ ਨਾਲ ਮਾਰਕ ਅਤੇ ਟੀਨਾ ਕੋਲ ਇੱਕ ਵਾਰ ਫਿਰ ਗਈ। ਘਬਰਾਈ ਹੋਈ ਰੇਚਲ ਨੇ ਸੋਚਿਆ ਕਿ ਉਹ ਉੱਥੇ ਰਹਿਣ ਦੀ ਆਖਰੀ ਰਾਤ ਨੂੰ ਮਾਰਕ ਕੋਲ ਆਪਣੀ ਪੇਸ਼ਕਸ਼ ਰੱਖੇਗੀ। ਉਹ ਗੱਲ ਕਰ ਸਕਣਗੇ। ਲੇਕਿਨ ਜੇ ਕਿਸੇ ਤਰ੍ਹਾਂ ਸਥਿਤੀ ਵਿਗੜੀ ਤਾਂ ਉਹ ਆਪਣੇ ਪਤੀ ਨਾ ਵਾਪਸ ਆ ਜਾਵੇਗੀ।

“ਮੈਨੂੰ ਪਤਾ ਸੀ ਕਿ ਇਹ ਵਿਚਾਰ ਕਿੰਨਾ ਬਚਗਾਨਾ ਸੀ। ਮੈਂ ਸੋਚਿਆ ਉਹ ਮਨ੍ਹਾਂ ਕਰ ਦੇਣਗੇ। ਜੇ ਉਹ ਮੰਨ ਵੀ ਗਏ ਤਾਂ ਕੁਝ ਸਮੇਂ ਬਾਅਦ ਹੀ ਅਜਿਹਾ ਹੋ ਸਕੇਗਾ। ਪਰ ਮੈਂ ਕਿਸੇ ਵੀ ਸਥਿਤੀ ਲਈ ਤਿਆਰ ਸੀ।”

ਗਰਭਵਤੀ ਔਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੇਚਲ ਨੇ ਮਾਰਕ ਅਤੇ ਟੀਨਾ ਨੂੰ ਦੱਸਿਆ ਕਿ ਉਹ ਉਨ੍ਹਾਂ ਲਈ ਸੰਤਾਨ ਨੂੰ ਜਨਮ ਦੇ ਸਕਦੀ ਹੈ (ਸੰਕੇਤਕ ਤਸਵੀਰ)

ਲੇਕਿਨ ਇੱਕ ਦਿਨ ਰਾਤ ਦਾ ਖਾਣਾ ਖਾਂਦੇ ਹੋਏ, ਜਦੋਂ ਕੋਈ ਮਾਹੌਲ ਵੀ ਨਹੀਂ ਸੀ, ਕੁੱਤਾ ਭੌਂਕ ਰਿਹਾ ਸੀ ਤੇ ਸੰਗੀਤ ਵੱਜ ਰਿਹਾ ਸੀ, ਰੇਚਲ ਦੀ ਜ਼ਬਾਨ ਧਿਲਕ ਗਈ।

ਮਾਰਕ ਨੇ ਕੁਝ ਸਮਾਂ ਮੰਗਿਆ, ਪਹਿਲੀ ਮੰਜ਼ਲ ਉੱਤੇ ਗਿਆ ਅਤੇ ਇੱਕ ਫੋਲਡਰ ਚੁੱਖ ਕੇ ਵਾਪਸ ਆਇਆ।

ਇਸ ਵਿੱਚ ਸਰੋਗੇਸੀ ਬਾਰੇ ਮਾਰਕ ਅਤੇ ਟੀਨਾ ਵੱਲੋਂ ਕੀਤੀ ਸਾਰੀ ਖੋਜ ਸੀ। ਉਨ੍ਹਾਂ ਨੇ ਖੁਦ ਹੀ ਕਿ ਜੇ ਪਰਿਵਾਰ ਦੇ ਰਿਸ਼ਤੇ ਹੋਰ ਮਜ਼ਬੂਤ ਹੁੰਦੇ ਹਨ ਤਾਂ ਰੇਚਲ ਨੂੰ ਇਸ ਬਾਰੇ ਪੁੱਛਣ ਦਾ ਮਨ ਬਣਾ ਲਿਆ ਸੀ।

ਮਾਰਕ ਮੁਤਾਬਕ ਉਸ ਨੂੰ ਲਗਦਾ ਸੀ ਕਿ ਉਹ ਰੇਚਲ ਨੂੰ ਜਲਦੀ ਕੀਤਿਆਂ ਨਹੀਂ ਪੁੱਛ ਸਕਣਗੇ ਲੇਕਿਨ ਅਸੀਂ ਜਾਣਦੇ ਸੀ ਕਿ ਉਹ ਆਪਣੀ ਉਮਰ ਅਤੇ ਸਫ਼ਲ ਜਣੇਪਿਆਂ ਕਾਰਨ ਢੁੱਕਵੀਂ ਉਮੀਦਵਾਰ ਸੀ।

ਵੱਡੇ ਦਿਨ ਦਾ ਤੋਹਫ਼ਾ

ਫੈਸਲਾ ਕਰ ਲਿਆ ਗਿਆ। ਅਗਲੇ ਕੁਝ ਦਿਨਾਂ ਦੌਰਾਨ, ਮੈਡੀਕਲ ਪ੍ਰਕਿਰਿਆ ਮੁਕੰਮਲ ਕੀਤੀ ਗਈ।

ਜਦੋਂ ਇਹ ਸਭ ਹੋ ਰਿਹਾ ਸੀ ਤਾਂ ਮਾਰਕ ਤੇ ਟੀਨਾ ਅਤੇ ਰੇਚਲ ਵਿੱਚ 3000 ਕਿਲੋਮੀਟਰ ਦੀ ਦੂਰੀ ਸੀ।

ਕ੍ਰਿਸਮਿਸ ਤੋਂ ਪੂਰਾ ਇੱਕ ਹਫ਼ਤਾ ਪਹਿਲਾਂ ਰੇਚਲ ਪੋਰਟਲੈਂਡ ਆਈ। ਉਸ ਦੀ ਕੁਖ ਵਿੱਚ ਮਾਰਕ ਦੇ ਸ਼ੁਕਰਾਣੂਆਂ ਨਾਲ ਨਿਸ਼ੇਚਿਤ ਕੀਤੇ ਗਏ ਟੀਨਾ ਦੇ ਕਈ ਆਂਡੇ ਰੱਖੇ ਗਏ।

ਉਹ ਘਰ ਵਾਪਸ ਆ ਗਈ ਅਤੇ ਅਗਲੇ ਕੁਝ ਹਫ਼ਤਿਆਂ ਬਾਅਦ ਖੂਨ ਦੀ ਜਾਂਚ ਤੋਂ ਪੁਸ਼ਟੀ ਹੋ ਗਈ ਕਿ ਉਹ ਮਾਰਕ ਅਤੇ ਟੀਨਾ ਦੀ ਸੰਤਾਨ ਨੂੰ ਜਨਮ ਦੇਵੇਗੀ।

ਰੇਚਲ

ਤਸਵੀਰ ਸਰੋਤ, Supplied

ਤਸਵੀਰ ਕੈਪਸ਼ਨ, ਮਾਰਕ ਦੇ ਸ਼ੁਕਰਾਣੂਆਂ ਨਾਲ ਨਿਸ਼ੇਚਿਤ ਟੀਨਾ ਦੇ ਆਂਡੇ ਰੇਚਲ ਦੀ ਕੁੱਖ ਵਿੱਚ ਰੱਖੇ ਗਏ

ਫਿਰ ਪਤਾ ਚੱਲਿਆ ਕਿ ਉਸਦੀ ਕੁੱਖ ਵਿੱਚ ਜੌੜੇ ਬੱਚੇ ਪਲ ਰਹੇ ਸਨ।

ਮਾਰਕ ਨੇ ਕਿਹਾ ਕਿ 'ਮੇਰੀ ਖੁਸ਼ੀ ਦਾ ਟਿਕਾਣਾ ਨਹੀਂ ਸੀ'।

ਅਗਲੇ ਕੁਝ ਹਫ਼ਤੇ ਖਾਸ ਕਰ ਟੀਨਾ ਲਈ ਬਹੁਤ ਮੁਸ਼ਕਿਲ ਵਾਲੇ ਸਨ।

ਬੀਬੀਸੀ ਮੁੰਡੋ ਨੂੰ ਹਾਲ ਹੀ ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਟੀਨਾ ਨੇ ਦੱਸਿਆ, “ਮੈਂ ਸਮਝਦੀ ਹਾਂ ਕਿ ਕੋਈ ਹੋਰ ਤੁਹਾਡਾ ਬੱਚਾ ਆਪਣੀ ਕੁੱਖ ਵਿੱਚ ਪਾਲ ਰਿਹਾ ਹੈ, ਬੇਸ਼ੱਕ ਇਹ ਬਹੁਤ ਚੰਗਾ ਤੋਹਫ਼ਾ ਹੈ ਅਤੇ ਤੁਹਾਨੂੰ ਪਰਿਵਾਰ ਬਣਾਉਣ ਦਾ ਮੌਕਾ ਦਿੰਦਾ ਹੈ ਲੇਕਿਨ ਉਹ ਚੁਣੌਤੀਪੂਰਨ ਹੈ। ਇਹ ਖਿਆਲ ਕਿ ਤੁਸੀਂ ਖੁਦ ਅਜਿਹਾ ਨਹੀਂ ਕਰ ਸਕੇ।”

ਅਗਲੇ ਸਾਲ ਰੇਚਲ ਨੇ ਜੌੜੀਆਂ ਬੱਚੀਆਂ ਨੂੰ ਜਨਮ ਦਿੱਤਾ। ਰੇਚਲ ਦਾ ਪਤੀ ਕੁਰਟਿਸ, ਮਾਰਕ ਅਤੇ ਟੀਨਾ ਜੱਚਾ-ਬੱਚਾ ਵਾਰਡ ਵਿੱਚ ਦਾਖਲ ਹੋਏ।

ਕਨੂੰਨੀ ਪੇਚੀਦਗੀ

ਟੀਨਾ ਅਤੇ ਮਾਰਕ ਆਪਣੀਆਂ ਦੋਵਾਂ ਬੱਚੀਆਂ ਨਾਲ

ਤਸਵੀਰ ਸਰੋਤ, Supplied

ਤਸਵੀਰ ਕੈਪਸ਼ਨ, ਟੀਨਾ ਅਤੇ ਮਾਰਕ ਨੂੰ ਕਨੂੰਨੀ ਰੂਪ ਵਿੱਚ ਬੱਚੀਆਂ ਗੋਦ ਲੈਣੀਆਂ ਪਈਆਂ

ਉੱਤਰੀ ਕੈਰੋਲੀਨਾ ਦੇ ਕਨੂੰਨ ਮੁਤਾਬਕ ਬੱਚੇ ਨੂੰ ਜਨਮ ਦੇਣ ਵਾਲੀ ਔਰਤ ਹੀ ਉਸਦੀ ਮਾਂ ਹੈ। ਇਸ ਤਰ੍ਹਾਂ ਰੇਚਲ ਬੱਚੀਆਂ ਦੀ ਮਾਂ ਅਤੇ ਸੁਭਾਵਿਕ ਕੁਰਟਿਸ ਉਨ੍ਹਾਂ ਦਾ ਪਿਤਾ ਸੀ।

ਮਾਰਕ ਉਨ੍ਹਾਂ ਦਾ ਪਿਤਾ ਸੀ ਇਹ ਸਥਾਪਿਤ ਕਰਨ ਲਈ ਉਨ੍ਹਾਂ ਨੂੰ ਕੁਰਟਿਸ ਉੱਤੇ ਮੁਕੱਦਮਾ ਕਰਨਾ ਪੈਣਾ ਸੀ। ਫਿਰ ਟੀਨਾ ਨੇ ਇਨ੍ਹਾਂ ਦੋਵਾਂ ਬੱਚਿਆਂ ਨੂੰ ਕਨੂੰਨੀ ਰੂਪ ਵਿੱਚ ਗੋਦ ਲੈਣਾ ਸੀ।

ਵਕੀਲਾਂ ਨੇ ਇਸ ਪ੍ਰਕਿਰਿਆ ਨੂੰ ਜਿੰਨਾ ਸੌਖਾ ਕੀਤਾ ਜਾ ਸਕਦਾ ਸੀ ਕੀਤਾ ਲੇਕਿਨ ਫਿਰ ਵੀ ਇਹ 'ਸੁਆਦ ਕਿਰਕਿਰਾ' ਕਰਨ ਵਾਲਾ ਤਜ਼ਰਬਾ ਸੀ।

ਦੋਵੇਂ ਕੁੜੀਆਂ ਹੁਣ 15 ਸਾਲ ਦੀਆਂ ਹਨ, ਮਾਰਕ ਅਤੇ ਟੀਨਾ ਦੀ ਦੇਖਭਾਲ ਵਿੱਚ ਉਨ੍ਹਾਂ ਨੇ ਇੱਕ ਖੁਸ਼ਗਵਾਰ ਬਚਪਨ ਹੰਢਾਇਆ ਹੈ।

ਚਾਰ ਸਾਲ ਪਹਿਲਾਂ ਪਤਾ ਲੱਗਿਆ ਕਿ ਟੀਨਾ ਨੂੰ ਲਿਊਕੀਮੀਆ ਹੈ। ਇਲਾਜ ਸ਼ੁਰੂ ਕੀਤਾ ਗਿਆ ਪਰ ਆਖਰ ਉਸ ਦੇ ਦਿਮਾਗ ਵਿੱਚ ਰਸੌਲੀ ਬਣ ਗਈ ਅਤੇ ਟੀਨਾ ਚੱਲ ਵਸੀ।

ਟੀਨਾ ਅਤੇ ਮਾਰਕ ਜੌੜੀਆਂ ਧੀਆਂ ਨਾਲ

ਤਸਵੀਰ ਸਰੋਤ, Supplied

ਤਸਵੀਰ ਕੈਪਸ਼ਨ, ਟੀਨਾ (ਖੱਬਿਓਂ ਦੂਜੇ) ਅਤੇ ਮਾਰਕ ਜੌੜੀਆਂ ਧੀਆਂ ਨਾਲ

ਰੇਚਲ ਨੂੰ ਬੱਚੀਆਂ ਨਾਲ ਖਾਸ ਲਗਾਅ ਮਹਿਸੂਸ ਹੁੰਦਾ ਹੈ ਲੇਕਿਨ ਉਹ ਦੂਰੀ ਬਣਾ ਕੇ ਰੱਖਦੀ ਹੈ।

ਰੇਚਲ ਦੇਸ ਦੇ ਦੂਜੇ ਪਾਸੇ ਰਹਿ ਕੇ ਆਪਣੀਆਂ ਕੁੜੀਆਂ ਪਾਲ ਰਹੀ ਹੈ। ਉਸ ਉੱਤੇ ਦੋਵਾਂ ਕੁੜੀਆਂ ਨਾਲ ਜੋ ਹੁੰਦਾ ਹੈ ਉਸਦਾ ਅਸਰ ਪੈਂਦਾ ਹੈ ਪਰ ਦੂਰੋਂ।

ਇਸ ਸਭ ਤੋਂ ਬਾਅਦ ਮਾਰਕ ਅਤੇ ਰੇਚਲ ਦਾ ਰਿਸ਼ਤਾ ਬਹੁਤ ਮਜ਼ਬੂਤ ਹੋਇਆ ਹੈ।

ਇੰਨਾ ਮਜ਼ੂਬਤ ਕਿ ਉਨ੍ਹਾਂ ਨੇ ਇਸ ਬਾਰੇ ਇੱਕ ਕਿਤਾਬ “ਲਵ ਐਂਡ ਜਨੈਟਿਕਸ: ਏ ਟਰੂ ਸਟੋਰੀ ਆਫ਼ ਅਡਾਪਸ਼ਨ, ਸਰੋਗੇਸੀ ਐਂਡ ਦਿ ਮੀਨਿੰਗ ਆਫ ਫੈਮਿਲੀ” ਲਿਖਣ ਦਾ ਫੈਸਲਾ ਕੀਤਾ ਹੈ।

ਰੇਚਲ ਦਾ ਕਹਿਣਾ ਹੈ ਕਿ ਸਰੋਗੇਸੀ ਇੱਕ ਮੁਸ਼ਕਿਲ ਫੈਸਲਾ ਅਤੇ ਡਾਕਟਰੀ ਨਿਗਰਾਨੀ ਹੇਠ ਹੀ ਲਿਆ ਜਾਣਾ ਚਾਹੀਦਾ ਹੈ।

ਮਾਰਕ ਦਾ ਕਹਿਣਾ ਹੈ ਕਿ ਕੁੜੀਆਂ ਨੇ ਉਸਦੀ ਅਲਹਿਦਗੀ ਖਤਮ ਕਰ ਦਿੱਤੀ ਹੈ ਅਤੇ ਉਸ ਨੂੰ ਉਹ ਦਿੱਤਾ ਹੈ ਜਿਸ ਦੀ ਘਾਟ ਉਸ ਨੂੰ ਰੜਕ ਰਹੀ ਸੀ।

ਇਹ ਕਹਾਣੀ ਬੀਬੀਸੀ ਦੇ ਆਊਟਲੁੱਕ ਪ੍ਰੋਗਰਾਮ ਵਿੱਚ ਛਪੀ ਸੀ ਜਿੱਥੇ ਤੁਸੀਂ ਪੂਰੀ ਸੁਣ ਸਕਦੇ ਹੋ। ਇਸ ਤੋਂ ਇਲਾਵਾ ਇਹ ਬੀਬੀਸੀ ਮੁੰਡੋ ਤੋਂ ਰੋਨਾਲਡ ਅਵਿਲਾ-ਕਲੌਡੀਆ ਦੀ ਰਿਪੋਰਟ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER , WhatsApp ਅਤੇ YouTube 'ਤੇ ਜੁੜੋ।)