ਕੱਦ ਵਧਾਉਣ ਲਈ ਲੱਤਾਂ ਲੰਬੀਆਂ ਕਰਵਾਉਣ ਦੀ ਸਰਜਰੀ ਕਿਵੇਂ ਡਰਾਉਣੀ ਕਹਾਣੀ ਵਿੱਚ ਬਦਲ ਗਈ

ਤਸਵੀਰ ਸਰੋਤ, Elaine Foo/Supplied
- ਲੇਖਕ, ਟੌਮ ਬ੍ਰਾਡਾ
- ਰੋਲ, ਬੀਬੀਸੀ ਨਿਊਜ਼
ਚੇਤਾਵਨੀ : ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ
ਈਲੇਨ ਫੂ ਦੀਆਂ ਲੱਤਾਂ 'ਤੇ ਜਾਮਨੀ ਰੰਗ ਦੇ ਵੱਡੇ ਨਿਸ਼ਾਨ ਹਨ, ਜੋ ਲੱਤ ਨੂੰ ਵੱਡਾ ਕਰਵਾਉਣ ਦੀ ਮੈਡੀਕਲ ਪ੍ਰਕਿਰਿਆ ਦੇ ਭਿਆਨਕ ਹਾਦਸੇ ਵਿੱਚ ਬਦਲ ਜਾਣ ਦੀ ਯਾਦ ਦਿਵਾਉਂਦੇ ਹਨ।
ਸਾਲ 2016 ਵਿੱਚ, 49 ਸਾਲਾ ਇਲੇਨ ਦੀਆਂ ਪੰਜ ਸਰਜਰੀਆਂ ਅਤੇ ਤਿੰਨ ਬੋਨ ਗ੍ਰਾਫਟ ਹੋਏ ਸਨ। ਇਸ ਨਾਲ ਉਨ੍ਹਾਂ ਦੀ ਉਮਰ ਭਰ ਦੀ ਜਮ੍ਹਾਂ ਪੂੰਜੀ ਖ਼ਤਮ ਹੋ ਗਈ ਅਤੇ ਉਨ੍ਹਾਂ ਨੂੰ ਆਪਣੇ ਸਰਜਨ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਕਰ ਦਿੱਤਾ ਗਿਆ।
ਹਾਲਾਂਕਿ, ਬਿਨਾਂ ਕਿਸੇ ਜਵਾਬਦੇਹੀ ਦੇ ਜੁਲਾਈ ਵਿੱਚ ਕੇਸ ਦਾ ਨਿਪਟਾਰਾ ਕਰ ਦਿੱਤਾ ਗਿਆ ਸੀ।
ਇਲਾਜ ਦੇ ਦੌਰਾਨ ਇੱਕ ਬਿੰਦੂ 'ਤੇ, ਇੱਕ ਤਿੱਖੀ ਧਾਤ ਦੀ ਵਸਤੂ ਹੱਡੀ ਵਿੱਚ ਵੜ੍ਹ ਗਈ ਸੀ ਜਦਕਿ ਦੂਜੇ ਵਾਰ ਉਨ੍ਹਾਂ ਨੇ ਆਪਣੀ ਲੱਤ ਦੇ ਅੰਦਰਲੇ ਪਾਸੇ ‘ਤਿੱਖੀ ਜਲਣ ਮਹਿਸੂਸ ਕੀਤੀ’।
ਈਲੇਨ ਕਹਿੰਦੀ ਹੈ, “ਮੇਰੀ ਜ਼ਿੰਦਗੀ ਅਗਨੀ ਪ੍ਰੀਖਿਆ ਵਾਂਗ ਸੀ ਪਰ ਮੈਂ ਜ਼ਿੰਦਾ ਬਚ ਗਈ।”
ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰ ਨੇ ਲਗਾਤਾਰ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਕੁਝ ਪੇਚੀਦਗੀਆਂ ਬਾਰੇ ਈਲੇਨ ਨੂੰ ਪਹਿਲਾਂ ਹੀ ਸੂਚਿਤ ਕੀਤਾ ਗਿਆ ਸੀ ਅਤੇ ਕੁਝ ਸਮੱਸਿਆਵਾਂ ਉਨ੍ਹਾਂ ਦੇ ਆਪਣੇ ਕੰਮਾਂ ਕਾਰਨ ਹੋਈਆਂ ਸਨ।

ਈਲੇਨ ਨੇ ਸਰਜਰੀ ਕਿਉਂ ਕਰਵਾਈ?
ਈਲੇਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਕੱਦ ਨੂੰ ਲੈ ਕੇ ਸ਼ਿਕਾਇਤ ਸੀ।
ਉਹ ਦੱਸਦੀ ਹੈ, “12 ਸਾਲ ਦੀ ਉਮਰ ਤੱਕ, ਮੈਂ ਆਪਣੀ ਉਮਰ ਦੀਆਂ ਜ਼ਿਆਦਾਤਰ ਕੁੜੀਆਂ ਨਾਲੋਂ ਲੰਬੀ ਸੀ। ਪਰ 14 ਸਾਲ ਦੀ ਉਮਰ ਵਿੱਚ, ਮੈਂ ਅਚਾਨਕ ਸਭ ਤੋਂ ਛੋਟੀ ਦਿਖਣ ਲੱਗੀ। ਸਮੇਂ ਦੇ ਨਾਲ, ਮੈਨੂੰ ਲੰਬਾ ਹੋਣ ਦਾ ਜਨੂੰਨ ਹੋ ਗਿਆ।”
“ਮੈਂ ਸੋਚਦੀ ਸੀ ਕਿ ਲੰਬੇ ਹੋਣ ਦਾ ਮਤਲਬ ਹੈ ਬਿਹਤਰ ਅਤੇ ਜ਼ਿਆਦਾ ਸੋਹਣੇ ਹੋਣਾ। ਮੈਨੂੰ ਲੱਗਾ ਕਿ ਲੰਬੇ ਲੋਕਾਂ ਲਈ ਮੌਕੇ ਵੀ ਹਨ।"
ਉਨ੍ਹਾਂ ਦਾ ਕਹਿਣਾ ਹੈ ਕਿ ਬਾਲਗ਼ ਹੋਣ ਤੋਂ ਬਾਅਦ ਉਨ੍ਹਾਂ ਦਾ ਇਹ ਜਨੂੰਨ ਹੋਰ ਵਧ ਗਿਆ।
ਈਲੇਨ ਮੰਨਦੀ ਹੈ ਕਿ ਉਨ੍ਹਾਂ ਨੂੰ ਬੌਡੀ ਡਿਸਫਾਰਮੀਆ ਸੀ। ਇਹ ਇੱਕ ਅਜਿਹੀ ਮਾਨਸਿਕ ਸਥਿਤੀ ਹੁੰਦੀ ਹੈ ਜਦੋਂ ਇੱਕ ਵਿਅਕਤੀ ਆਪਣੀ ਦਿੱਖ ਬਾਰੇ ਚਿੰਤਤ ਹੋ ਜਾਂਦਾ ਹੈ, ਚਾਹੇ ਦੂਜੇ ਲੋਕ ਉਸ ਨੂੰ ਕਿਵੇਂ ਵੀ ਦੇਖਦੇ ਹਨ। ਇਸਦਾ ਪ੍ਰਭਾਵ ਬਹੁਤ ਵਿਨਾਸ਼ਕਾਰੀ ਹੋ ਸਕਦਾ ਹੈ।
25 ਸਾਲ ਦੀ ਉਮਰ ਵਿੱਚ ਈਲੇਨ ਨੇ ਪੈਰਾਂ ਨੂੰ ਲੰਬਾ ਕਰਨ ਵਾਲੇ ਇੱਕ ਚੀਨੀ ਕਲੀਨਿਕ ਬਾਰੇ ਇੱਕ ਲੇਖ ਪੜ੍ਹਿਆ। ਲੇਖ ਵਿੱਚ ਮੱਧਕਾਲੀ ਦਿੱਖ ਵਾਲੇ ਪੈਰਾਂ ਦੇ ਪਿੰਜਰ ਅਤੇ ਵੱਡੇ ਪੈਮਾਨੇ ’ਤੇ ਲਾਗ ਦੇ ਬਾਰੇ ਵਿੱਚ ਵਿਸਥਾਰ ਜਾਣਕਾਰੀ ਦਿੱਤੀ ਗਈ ਸੀ।
ਈਲੇਨ ਨੂੰ ਇਹ ਡਰਾਉਣਾ ਸੁਪਨਾ ਜਾਪਦਾ ਸੀ ਪਰ ਉਹ ਇਸ ਵੱਲ ਆਕਰਸ਼ਿਤ ਹੋ ਗਈ ਸੀ।
ਉਹ ਕਹਿੰਦੀ ਹੈ, "ਮੈਂ ਜਾਣਦੀ ਹਾਂ ਕਿ ਲੋਕ ਇਸ 'ਤੇ ਸਵਾਲ ਕਰਨਗੇ, ਪਰ ਜਦੋਂ ਤੁਸੀਂ ਬੌਡੀ ਡਿਸਫਾਰਮੀਆਂ ਤੋਂ ਪੀੜਤ ਹੁੰਦੇ ਹੋ, ਤਾਂ ਇਸ ਗੱਲ ਦਾ ਕੋਈ ਤਰਕਪੂਰਨ ਜਵਾਬ ਨਹੀਂ ਹੁੰਦਾ ਕਿ ਤੁਸੀਂ ਇੰਨਾ ਬੁਰਾ ਕਿਉਂ ਮਹਿਸੂਸ ਕਰਦੇ ਹੋ।"

3 ਇੰਚ ਲੰਬਾ ਹੋਣ ਦੀ ਖਵਾਇਸ਼
ਇਸ ਘਟਨਾ ਦੇ 16 ਸਾਲ ਬਾਅਦ ਈਲੇਨ ਨੂੰ ਲੰਡਨ ਦੇ ਇਕ ਪ੍ਰਾਈਵੇਟ ਕਲੀਨਿਕ ਦਾ ਪਤਾ ਲੱਗਾ ਜਿੱਥੇ ਇਸ ਤਰ੍ਹਾਂ ਦੀ ਸਰਜਰੀ ਹੁੰਦੀ ਸੀ।
ਇੱਥੇ ਆਰਥੋਪੀਡਿਕ ਸਰਜਨ ਜੀਨ-ਮਾਰਕ ਗੁਈਸ਼ੇਟ ਸਨ, ਜੋ ਹੱਡੀਆਂ ਨੂੰ ਲੰਬਾ ਕਰਨ ਦੇ ਮਾਹਰ ਸਨ। ਉਨ੍ਹਾਂ ਨੇ ਆਪਣਾ ਖੁਦ ਦਾ ਟੂਲ - ਗੁਈਸ਼ੇਟ ਨੇਲ ਵੀ ਇਜਾਦ ਕੀਤਾ ਸੀ।
ਉਹ ਕਹਿੰਦੇ ਹਨ, "ਇਹ ਬਹੁਤ ਖੁਸ਼ੀ ਦਾ ਪਲ਼ ਸੀ ਕਿਉਂਕਿ ਸਰਜਰੀ ਲੰਡਨ ਵਿੱਚ ਹੀ ਹੋ ਸਕਦੀ ਸੀ ਅਤੇ ਮੈਂ ਘਰ ਵਿੱਚ ਠੀਕ ਹੋ ਸਕਦੀ ਸੀ।"
"ਡਾ. ਗੁਈਸ਼ੇਟ ਨੇ ਇਸ ਦੀਆਂ ਜਟਿਲਤਾਵਾਂ ਬਾਰੇ ਖੁੱਲ੍ਹ ਕੇ ਦੱਸਿਆ ਸੀ, ਜਿਸ ਵਿੱਚ ਨਸਾਂ ਨੂੰ ਨੁਕਸਾਨ, ਖ਼ੂਨ ਦੇ ਥੱਕੇ ਜੰਮਣਾ, ਹੱਡੀਆਂ ਦੇ ਦੁਬਾਰਾ ਨਾ ਜੁੜਨ ਆਦਿ ਬਾਰੇ।"
"ਪਰ ਮੈਂ ਬਹੁਤ ਖੋਜ ਕਰ ਲਈ ਸੀ ਅਤੇ ਇੱਕ ਬਹੁਤ ਮਹਿੰਗੇ ਡਾਕਟਰ ਨੂੰ ਦਿਖਾਉਣ ਜਾ ਰਹੀ ਸੀ, ਇਸ ਲਈ ਮੈਨੂੰ ਉਸ ਤੋਂ ਬਹੁਤ ਉਮੀਦਾਂ ਸਨ। ਮੇਰਾ ਸੁਪਨਾ 5 ਫੁੱਟ 2 ਇੰਚ ਤੋਂ ਲੈ ਕੇ 5 ਫੁੱਟ 5 ਇੰਚ ਲੰਬਾ ਹੋਣ ਦਾ ਸੀ।"
ਉਨ੍ਹਾਂ ਨੇ 50,000 ਪੌਂਡ (ਕਰੀਬ 53.5 ਲੱਖ ਰੁਪਏ) ਦੀ ਲਾਗਤ ਨਾਲ 25 ਜੁਲਾਈ ਨੂੰ ਸਰਜਰੀ ਕਰਵਾਈ ਸੀ। ਉਨ੍ਹਾਂ ਦੇ ਲਈ, ਇਹ ਲੰਬਾ ਹੋਣ ਦੀ ਉਨ੍ਹਾਂ ਦੀ ਇੱਛਾ ਨੂੰ ਪੂਰਾ ਕਰਨ ਦੀ ਪ੍ਰਕਿਰਿਆ ਦੀ ਸ਼ੁਰੂਆਤ ਸੀ।

ਤਸਵੀਰ ਸਰੋਤ, ELAINE FOO/SUPPLIED
ਲੱਤਾਂ ਨੂੰ ਲੰਬਾ ਕਰਨ ਦੀ ਮੈਡੀਕਲ ਸਹੂਲਤ ਮੁਕਾਬਲਤਨ ਬਹੁਤ ਆਮ ਨਹੀਂ ਹੈ, ਪਰ ਇਹ ਡਾਕਟਰੀ ਪ੍ਰਕਿਰਿਆ ਦੁਨੀਆ ਦੇ ਬਹੁਤ ਸਾਰੇ ਨਿੱਜੀ ਹਸਪਤਾਲਾਂ ਵਿੱਚ ਉਪਲਬਧ ਹੈ ਅਤੇ ਇਸਦੀ ਕੀਮਤ 16 ਲੱਖ ਰੁਪਏ ਤੋਂ ਲੈ ਕੇ 1.5 ਕਰੋੜ ਰੁਪਏ ਤੱਕ ਹੋ ਸਕਦੀ ਹੈ।
ਈਲੇਨ ਕਹਿੰਦੀ ਹੈ, "ਸਰਜਰੀ ਤੋਂ ਬਾਅਦ ਜਦੋਂ ਮੇਰੀਆਂ ਅੱਖਾਂ ਖੋਲ੍ਹੀਆਂ ਤਾਂ ਮੈਂ ਬਹੁਤ ਉਤਸ਼ਾਹਿਤ ਸੀ, ਮੈਨੂੰ ਕੋਈ ਦਰਦ ਨਹੀਂ ਸੀ ਅਤੇ ਅਜਿਹਾ ਮਹਿਸੂਸ ਹੋਇਆ ਜਿਵੇਂ ਕੁਝ ਹੋਇਆ ਹੀ ਨਹੀਂ।”
“ਪਰ 90 ਮਿੰਟਾਂ ਬਾਅਦ ਮੈਨੂੰ ਆਪਣੀਆਂ ਲੱਤਾਂ ਵਿੱਚ ਅਸਹਿਣਯੋਗ ਦਰਦ ਸ਼ੁਰੂ ਹੋਣ ਗਿਆ। ਅਜਿਹਾ ਮਹਿਸੂਸ ਹੋਇਆ ਜਿਵੇਂ ਕੋਈ ਕੀ ਮੇਰੀਆਂ ਲੱਤਾਂ ਅੰਦਰੋਂ ਸਾੜ ਰਿਹਾ ਹੋਵੇ। ਮੈਂ ਸਵੇਰੇ ਛੇ ਵਜੇ ਤੱਕ ਚੀਕਦੀ ਰਹੀ ਅਤੇ ਚੀਕਦੀ ਹੋਈ ਸੌਂ ਗਈ।”
ਇਸ ਪ੍ਰਕਿਰਿਆ ਵਿੱਚ ਥੋੜ੍ਹਾ ਜਿਹਾ ਦਰਦ ਹੁੰਦਾ ਹੈ ਕਿਉਂਕਿ ਲੱਤ ਦੀ ਹੱਡੀ ਨੂੰ ਦੋ ਹਿੱਸਿਆਂ ਵਿੱਚ ਤੋੜ ਕੇ ਉਨ੍ਹਾਂ ਵਿਚਾਲੇ ਧਾਤ ਦੀ ਰਾਡ ਲਗਾਈ ਜਾਂਦੀ ਹੈ।
ਹੌਲੀ-ਹੌਲੀ ਦੋਵਾਂ ਹਿੱਸਿਆਂ ਵਿਚਾਲੇ ਲੱਗੇ ਧਾਤ ਦੇ ਇਸ ਰਾਡ ਦੀ ਲੰਬਾਈ ਵਧਾਈ ਜਾਂਦੀ ਹੈ, ਤਾਂ ਜੋ ਮਰੀਜ਼ ਦੀ ਲੰਬਾਈ ਵਧੇ।
ਆਮ ਤੌਰ 'ਤੇ ਹੱਡੀਆਂ ਦੇ ਇਹ ਦੋ ਹਿੱਸੇ ਦੁਬਾਰਾ ਜੁੜ ਜਾਂਦੇ ਹਨ ਅਤੇ ਉਨ੍ਹਾਂ ਵਿਚਕਾਰ ਖਾਲ੍ਹੀ ਥਾਂ ਨੂੰ ਭਰਦੇ ਹਨ। ਇਹ ਸਿਰਫ਼ ਸ਼ੁਰੂਆਤ ਹੁੰਦੀ ਹੈ, ਪਰ ਇਸਦਾ ਸੰਚਾਲਨ ਬਹੁਤ ਗੁੰਝਲਦਾਰ ਹੈ।

ਤਸਵੀਰ ਸਰੋਤ, ELAINE FOO/SUPPLIED
ਲੰਬੀ ਅਤੇ ਗੁੰਝਲਦਾਰ ਪ੍ਰਕਿਰਿਆ
ਬ੍ਰਿਟਿਸ਼ ਆਰਥੋਪੈਡਿਕ ਐਸੋਸੀਏਸ਼ਨ ਦੇ ਸਾਬਕਾ ਮੁਖੀ ਪ੍ਰੋਫੈਸਰ ਹਾਮਿਸ਼ ਸਿੰਪਸਨ ਨੇ ਸਾਵਧਾਨ ਕੀਤਾ ਕਿ "ਇਸ ਪ੍ਰਕਿਰਿਆ ਵਿੱਚ ਦੋ ਤੋਂ ਤਿੰਨ ਮਹੀਨੇ ਲੱਗਦੇ ਹਨ ਅਤੇ ਇਸ ਤੋਂ ਦੁੱਗਣਾ ਸਮਾਂ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਲੱਗ ਜਾਂਦਾ ਹੈ। ਵਧੇਰੇ ਲੋਕਾਂ ਵਿੱਚ ਇਸ ਲਈ ਇੱਕ ਸਾਲ ਦਾ ਸਮਾਂ ਲੱਗ ਜਾਂਦਾ ਹੈ।”
ਸਰਜਰੀ ਖ਼ਤਮ ਹੋਣ ਤੋਂ ਬਾਅਦ, ਈਲੇਨ ਨੇ ਆਪਣੀਆਂ ਲੱਤਾਂ ਲੰਬੀਆਂ ਕਰਨ ਲਈ ਸਖ਼ਤ ਕਸਰਤ ਕੀਤੀ, ਤਾਂ ਜੋ ਰਾਡ ਪੂਰੀ ਤਰ੍ਹਾਂ ਫਿੱਟ ਹੋ ਜਾਏ ਪਰ ਇਸ ਤੋਂ ਬਾਅਦ ਉਸ ਨਾਲ ਜੋ ਹੋਇਆ ਉਹ ਬਹੁਤ ਦੁਖਦਾਈ ਸੀ।
ਉਹ ਦੱਸਦੀ ਹੈ, "ਮੇਰੀ ਲੱਤ ਵਿੱਚ ਭਿਆਨਕ ਦਰਦ ਹੋ ਰਿਹਾ ਸੀ। ਇੱਕ ਰਾਤ ਮੈਂ ਬਿਸਤਰੇ 'ਤੇ ਪਾਸਾ ਪਲਟ ਰਹੀ ਸੀ ਤਾਂ ਕੁਝ ਤਿੜਕਣ ਦੀ ਆਵਾਜ਼ ਆਈ ਅਤੇ ਫਿਰ ਅਸਹਿਣਯੋਗ ਦਰਦ ਸ਼ੁਰੂ ਹੋ ਗਿਆ।"
ਅਗਲੇ ਦਿਨ ਜਦੋਂ ਸਕੈਨ ਕੀਤਾ ਗਿਆ ਤਾਂ ਈਲੇਨ ਦਾ ਡਰ ਸਹੀ ਸਾਬਤ ਹੋਇਆ। ਉਨ੍ਹਾਂ ਦੇ ਖੱਬੇ ਪੈਰ ਦੀ ਮੇਖ ਹੱਡੀ ਨੂੰ ਵਿੰਨ੍ਹਦੀ ਹੋਈ ਬਾਹਰ ਆ ਗਈ ਸੀ। ਇਹ ਫੀਮਰ (ਲੱਤ ਦੇ ਉਪਰਲੇ ਹਿੱਸੇ ਦੀ ਹੱਡੀ) ਨੂੰ ਤੋੜ ਕੇ ਬਾਹਰ ਨਿਕਲੀ ਸੀ। ਫੀਮਰ ਸਰੀਰ ਦੀ ਸਭ ਤੋਂ ਮਜ਼ਬੂਤ ਹੱਡੀ ਹੈ।
ਈਲੇਨ ਪਰੇਸ਼ਾਨ ਹੋ ਗਈ। ਪਰ ਡਾ.ਗੁਈਸ਼ੇਟ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ।
ਈਲੇਨ ਦੇ ਮੁਤਾਬਕ, "ਉਨ੍ਹਾਂ ਨੇ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਸਾਨੂੰ ਜ਼ਖ਼ਮ ਦੇ ਠੀਕ ਹੋਣ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਅਤੇ ਫਿਰ ਪ੍ਰਕਿਰਿਆ ਦੁਬਾਰਾ ਸ਼ੁਰੂ ਹੋਵੇਗੀ।"
ਪਰ ਇਸ ਦੌਰਾਨ ਈਲੇਨ ਦੀ ਸੱਜੀ ਲੱਤ 'ਤੇ ਪ੍ਰਕਿਰਿਆ ਜਾਰੀ ਰਹੀ ਅਤੇ ਖੱਬੀ ਲੱਤ 'ਤੇ ਸਰਜਰੀ ਦੀ ਤਰੀਕ ਤੈਅ ਹੋ ਗਈ।
ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਲਈ ਅਪਰੇਸ਼ਨ ਵਿੱਚ ਵਧੇਰੇ ਪੈਸੇ ਖਰਚ ਹੋਣਗੇ, ਪਰ ਉਹ ਖੁਸ਼ ਸੀ ਕਿ ਇਹ ਪ੍ਰਕਿਰਿਆ ਪੂਰੀ ਹੋਵੇਗੀ।

ਤਸਵੀਰ ਸਰੋਤ, ELAINE FOO/SUPPLIED
ਰੀੜ੍ਹ ਦੀ ਹੱਡੀ ਟੇਢੀ ਹੋ ਗਈ
ਸਤੰਬਰ ਤੱਕ ਉਨ੍ਹਾਂ ਦੀ ਸੱਜੀ ਲੱਤ ਸੱਤ ਸੈਂਟੀਮੀਟਰ ਵਧ ਗਈ ਸੀ। ਪਰ ਚੀਜ਼ਾਂ ਆਮ ਵਾਂਗ ਨਹੀਂ ਚੱਲ ਰਹੀਆਂ ਸਨ। ਉਨ੍ਹਾਂ ਦੀਆਂ ਦੋਵੇਂ ਲੱਤਾਂ ਵੱਡੀਆਂ-ਛੋਟੀਆਂ ਸਨ, ਜਿਸ ਕਾਰਨ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਟੇਢੀ ਹੋ ਗਈ ਅਤੇ ਉਨ੍ਹਾਂ ਨੂੰ ਲਗਾਤਾਰ ਦਰਦ ਦੀ ਸ਼ਿਕਾਇਤ ਹੋਣ ਲੱਗੀ।
ਛੇ ਹਫ਼ਤਿਆਂ ਬਾਅਦ ਹੋਏ ਸਕੈਨ ਤੋਂ ਪਤਾ ਲੱਗਾ ਕਿ ਉਨ੍ਹਾਂ ਦੀ ਸੱਜੀ ਲੱਤ ਦੀਆਂ ਹੱਡੀਆਂ ਨੇ ਵਧਣਾ ਬੰਦ ਕਰ ਦਿੱਤਾ ਸੀ। ਇਸ ਲੱਤ 'ਚ ਫੀਮਰ ਦੇ ਦੋ ਟੁਕੜੇ ਰਾਡ ਨਾਲ ਜੁੜੇ ਹੋਏ ਸਨ।
ਜਦੋਂ ਈਲੇਨ ਡਾਕਟਰ ਨੂੰ ਮਿਲੀ, ਉਨ੍ਹਾਂ ਨੇ ਮਿਲਾਨ ਦੇ ਇੱਕ ਕਲੀਨਿਕ ਵਿੱਚ ਇੱਕ ਹੋਰ ਆਪਰੇਸ਼ਨ ਤੈਅ ਕੀਤਾ।
ਅਪ੍ਰੈਲ 2017 ਵਿੱਚ, ਉਨ੍ਹਾਂ ਨੇ ਈਲੇਨ ਦੀ ਖੱਬੀ ਲੱਤ ਨੂੰ ਵੱਡਾ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ। ਇਸ ਦੌਰਾਨ, ਹੱਡੀਆਂ ਦੇ ਵਿਕਾਸ ਨੂੰ ਉਤੇਜਿਤ ਕਰਨ ਲਈ ਸੱਜੇ ਲੱਤ ਵਿੱਚ ਬੋਨ ਮੈਰੋ ਦਾ ਟੀਕਾ ਲਗਾਇਆ ਗਿਆ ਸੀ।
ਆਪਰੇਸ਼ਨ ਤੋਂ ਬਾਅਦ ਜਦੋਂ ਈਲੇਨ ਜਾਗੀ ਤਾਂ ਉਸ ਨੂੰ ਹੋਰ ਬੁਰੀ ਖ਼ਬਰ ਮਿਲੀ।
ਉਹ ਦੱਸਦੀ ਹੈ, "ਡਾ. ਗੁਈਸ਼ੇਟ ਨੇ ਮੈਨੂੰ ਦੱਸਿਆ ਕਿ ਜਦੋਂ ਉਹ ਮੇਖ ਕੱਢ ਰਹੇ ਸਨ ਤਾਂ ਉਹ ਟੁੱਟ ਗਈ। ਉਨ੍ਹਾਂ ਕੋਲ ਕਿਸੇ ਹੋਰ ਮਰੀਜ਼ ਦੀ ਮੇਖ ਸੀ ਜੋ ਉਹ ਮੇਰੇ ਪੈਰ ਵਿੱਚ ਪਾਉਣ ਵਾਲੇ ਸਨ। ਪਰ ਇਸ 'ਤੇ ਹੋਰ ਪੈਸੇ ਲੱਗਣੇ ਸਨ।"
ਤਿੰਨ ਦਿਨਾਂ ਬਾਅਦ ਵੀ, ਈਲੇਨ ਕੋਲੋਂ ਹਿੱਲਿਆ-ਡੁੱਲਿਆ ਨਹੀਂ ਜਾ ਰਿਹਾ ਸੀ, ਪਰ ਜਲਦੀ ਘਰ ਜਾਣਾ ਚਾਹੁੰਦੀ ਸੀ ਅਤੇ ਲੰਡਨ ਵਾਪਸ ਆ ਗਈ।
ਉਹ ਦੱਸਦੀ ਹੈ ਕਿ ਡਾਕਟਰ ਗੁਈਸ਼ੇਟ ਨਾਲ ਗੱਲਬਾਤ ਬਹੁਤ ਤਲਖ਼ ਹੋ ਗਈ ਅਤੇ ਅਜਿਹਾ ਲੱਗਾ ਕਿ ਉਨ੍ਹਾਂ ਵਿਚਾਲੇ ਡਾਕਟਰ ਮਰੀਜ਼ ਦਾ ਰਿਸ਼ਤਾ ਟੁੱਟ ਗਿਆ ਹੈ।

ਤਸਵੀਰ ਸਰੋਤ, ELAINE FOO/SUPPLIED
ਡਾਕਟਰ ’ਤੇ ਮੁਕਦਮਾ ਤੇ ਸਮਝੌਤਾ
ਈਲੇਨ ਨੂੰ ਨਹੀਂ ਪਤਾ ਸੀ ਕਿ ਮਦਦ ਮੰਗਣ ਕਿਸ ਕੋਲ ਜਾਣਾ ਹੈ। ਜੁਲਾਈ 2017 ਵਿੱਚ ਉਨ੍ਹਾਂ ਨੇ ਐੱਨਐੱਸਏ (ਨੈਸ਼ਨਲ ਹੈਲਥ ਐਸੋਸੀਏਸ਼ਨ) ਵਿੱਚ ਇੱਕ ਮਾਹਰ ਆਰਥੋਪੀਡਿਕ ਸਰਜਨ ਨਾਲ ਸੰਪਰਕ ਕੀਤਾ।
ਸਰਜਨ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਲਈ ਘੱਟੋ-ਘੱਟ ਪੰਜ ਸਾਲ ਲੱਗਣਗੇ।
ਫਿਲਹਾਲ ਈਲੇਨ ਦੀ ਪਹਿਲੀ ਸਰਜਰੀ ਨੂੰ ਅੱਠ ਸਾਲ ਹੋ ਗਏ ਹਨ। ਈਲੇਨ ਦਾ ਕਹਿਣਾ ਹੈ ਕਿ ਉਹ ਅਜੇ ਵੀ ਇਸ ਡਾਕਟਰੀ ਪ੍ਰਕਿਰਿਆ ਕਾਰਨ ਹੋਣ ਵਾਲੇ ਸਰੀਰਕ ਅਤੇ ਮਾਨਸਿਕ ਤਸੀਹੇ ਤੋਂ ਉਭਰਨ ਦੀ ਕੋਸ਼ਿਸ਼ ਕਰ ਰਹੀ ਹੈ।
ਉਹ ਦੱਸਦੀ ਹੈ ਕਿ ਉਸ ਨੂੰ ਸਰੀਰਕ ਗਤੀਵਿਧੀਆਂ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹਨ ਅਤੇ ਉਹ ਪੋਸਟ ਟਰੌਮੈਟਿਕ ਸਟ੍ਰੈਸ ਡਿਸਆਰਡਰ (ਪੀਟੀਐੱਸਡੀ) ਤੋਂ ਪੀੜਤ ਹੈ।
ਉਹ ਕਹਿੰਦੀ ਹੈ, "2017 ਤੋਂ 2020 ਤੱਕ, ਮੈਂ ਦੁਨੀਆ ਤੋਂ ਲੁਕਦੀ ਰਹੀ। ਮੈਂ ਇਕੱਲੀ ਸੀ, ਬੇਰੁਜ਼ਗਾਰ ਸੀ, ਮੈਂ ਇੱਕ-ਇੱਕ ਪੈਸੇ ਦੀ ਮੁਹਤਾਜ਼ ਸੀ ਅਤੇ ਅੰਪਗ ਸੀ।’
ਪਰ ਉਨ੍ਹਾਂ ਦੀ ਚਾਰ ਸਾਲਾਂ ਦੀ ਕਾਨੂੰਨੀ ਲੜਾਈ ਪਿਛਲੀ ਜੁਲਾਈ ਵਿੱਚ ਖ਼ਤਮ ਹੋ ਗਈ ਜਦੋਂ ਡਾ. ਗੁਈਸ਼ੇਟ ਬਿਨਾਂ ਕੋਈ ਜ਼ਿੰਮੇਵਾਰੀ ਲਏ ਉਨ੍ਹਾਂ ਨੂੰ ਮੋਟੀ ਰਕਮ ਦੇ ਕੇ ਕੇਸ ਦਾ ਨਿਪਟਾਰਾ ਕਰਨ ਲਈ ਰਾਜ਼ੀ ਹੋ ਗਏ।

ਤਸਵੀਰ ਸਰੋਤ, ELAINE FOO/SUPPLIED
ਸਰਜਨ ਦੇ ਵਕੀਲ ਨੇ ਆਪਣੇ ਮੁਵੱਕਿਲ ਵੱਲੋਂ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਤੋਂ ਇਨਕਾਰ ਕੀਤਾ ਅਤੇ ਅਦਾਲਤ ਨੂੰ ਕਿਹਾ ਕਿ ਹੱਡੀ ਦਾ ਫ੍ਰੈਕਚਰ ਅਤੇ ਦੇਰੀ ਨਾਲ ਵਧਣਾ ਬਦਕਿਸਮਤੀ ਸੀ।
ਉਨ੍ਹਾਂ ਨੇ ਈਲੇਨ ’ਤੇ ਮੇਖ ਵਧਾਉਣ ਦੇ ਯਤਨ ਕਰਨ ਅਤੇ ਦੱਸੇ ਬਿਨਾਂ ਐਂਟੀ-ਡਿਪ੍ਰੈਸ਼ਨ ਦਵਾਈ ਲੈਣ ਦੇ ਇਲਜ਼ਾਮ ਲਗਾਏ।
ਉਨ੍ਹਾਂ ਕਿਹਾ ਕਿ ਸਰਜਰੀ ਤੋਂ ਪਹਿਲਾਂ ਮਰੀਜ਼ ਨੂੰ ਇਸ ਨਾਲ ਜੁੜੀਆਂ ਸਾਰੀਆਂ ਪੇਚੀਦਗੀਆਂ ਬਾਰੇ ਜਾਣੂ ਕਰਵਾਇਆ ਜਾਂਦਾ ਸੀ।
ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ ਏਲਨ ਨੇ ਫਿਜ਼ੀਓਥੈਰੇਪੀ ਅਤੇ ਹੋਰ ਕਸਰਤਾਂ ਲਈ ਡਾ. ਗੁਈਸ਼ੇਟ ਦੇ ਸੁਝਾਵਾਂ ਨੂੰ ਮੰਨਣ ਤੋਂ ਲਗਾਤਾਰ ਇਨਕਾਰ ਕੀਤਾ ਸੀ।
ਈਲੇਨ ਨੇ ਇਨ੍ਹਾਂ ਸਾਰੇ ਦਾਅਵਿਆਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਐਂਟੀ ਡਿਪ੍ਰੈਸ਼ਨ ਦੀਆਂ ਦਵਾਈਆਂ ਦਾ ਇਸ ਬਿਮਾਰੀ ਨਾਲ ਕੋਈ ਸਬੰਧ ਨਹੀਂ ਸੀ।
ਈਲੇਨ ਨੂੰ ਲੱਗਾ ਸੀ ਕਿ ਮੋਟਾ ਪੈਸਾ ਖਰਚ ਕਰਨ ਤੋਂ ਬਾਅਦ ਉਹ ਸੁਰੱਖਿਅਤ ਰਹੇਗੀ ਪਰ ਆਰਥਿਕ ਸਮੱਸਿਆਵਾਂ ਤੋਂ ਇਲਾਵਾ ਉਨ੍ਹਾਂ ਨੂੰ ਹੋਰ ਦਰਦ ਵੀ ਝੱਲਣਾ ਪਿਆ।
ਉਹ ਕਹਿੰਦੀ ਹੈ, "ਮੈਂ ਆਪਣੀ ਜ਼ਿੰਦਗੀ ਦੇ ਸਭ ਤੋਂ ਵਧੀਆ ਸਾਲ ਗੁਆ ਦਿੱਤੇ। ਮੈਂ ਜਾਣਦੀ ਹਾਂ ਕਿ ਲੋਕ ਮੇਰਾ ਪਛਤਾਵਾ ਸੁਣਨਾ ਚਾਹੁਣਗੇ। ਪਰ ਜੇਕਰ ਅੱਜ ਕੋਈ ਮੈਨੂੰ ਪੁੱਛੇ ਕਿ ਇਹ ਸਭ ਪਤਾ ਹੋਣ ਦੇ ਬਾਵਜੂਦ ਮੈਂ ਅਜਿਹਾ ਕਰਦੀ ਤਾਂ ਮੈਂ ਕਹਿੰਦੀ, ਨਹੀਂ, ਬਿਲਕੁਲ ਨਹੀਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ












