ਮਾਂ ਦੇ ਗਰਭ ਚੋਂ ਕੱਢ ਕੇ ‘ਬਣਾਵਟੀ ਕੁੱਖ’ ਵਿੱਚ ਬੱਚੇ ਨੂੰ ਰੱਖਣ 'ਤੇ ਹੋ ਰਹੇ ਪ੍ਰੀਖਣ ਤੋਂ ਪਹਿਲਾਂ ਕੀ ਬਹਿਸ ਛਿੜੀ

ਤਸਵੀਰ ਸਰੋਤ, Getty Images
- ਲੇਖਕ, ਜੈਸਮਿਨ ਫੌਕਸ ਸਕੇਲੀ
- ਰੋਲ, ਬੀਬੀਸੀ ਫਿਊਚਰ
ਬਣਾਵਟੀ ਗਰਭਨਾਲ (ਪਲੇਸੈਂਟਾ) ਅਤੇ ਬੱਚੇਦਾਨੀ/ਕੁੱਖ ਤੈਅ ਸਮੇਂ ਤੋਂ ਪਹਿਲਾਂ ਪੈਦਾ ਹੋਣ ਵਾਲੇ ਬੱਚਿਆਂ ਦੇ ਜੀਵਨ ਨੂੰ ਬਚਾ ਸਕਦੇ ਹਨ, ਪਰ ਅਹਿਮ ਸਵਾਲ ਇਹ ਹੈ ਕਿ ਇਸ ਦਾ ਮਨੁੱਖੀ ਪ੍ਰੀਖਣ ਸ਼ੁਰੂ ਹੋਣ ਤੋਂ ਪਹਿਲਾਂ ਨੈਤਿਕਤਾ ਦੇ ਆਧਾਰ ’ਤੇ ਕਿਹੜੀਆਂ-ਕਿਹੜੀਆਂ ਗੱਲਾਂ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ।
ਪੜ੍ਹਨ ਸੁਣਨ ਵਿੱਚ ਇਹ ਕਿਸੇ ਖ਼ਰਾਬ ਜਿਹੀ ਸਾਇੰਸ ਫਿਕਸ਼ਨ ਫਿਲਮ ਦੀ ਕਹਾਣੀ ਵਰਗਾ ਲੱਗ ਸਕਦਾ ਹੈ ਜਿੱਥੇ ਬੱਚਿਆਂ ਨੂੰ ਉਨ੍ਹਾਂ ਦੀਆਂ ਮਾਵਾਂ ਦੇ ਗਰਭ ਵਿੱਚੋਂ ਕੱਢ ਕੇ ਤਰਲ ਪਦਾਰਥ ਨਾਲ ਭਰੇ ਸ਼ੈੱਲ ਵਰਗੇ ਵਾਤਾਵਰਨ ਵਾਲੇ ਇੱਕ ਆਰਟੀਫਿਸ਼ਿਅਲ ਥੈਲੇ ਵਿੱਚ ਵੱਡਾ ਕੀਤਾ ਜਾਂਦਾ ਹੈ।
ਪਰ ਅਮਰੀਕਾ ਦੇ ਪੈਨਸਿਲਵੇਨਿਆ ਵਿੱਚ ਫਿਲਾਡੈੱਲਫਿਆ ਦੇ ਬੱਚਿਆਂ ਦੇ ਹਸਪਤਾਲ ਦੇ ਵਿਗਿਆਨੀਆਂ ਨੇ ਸਮੇਂ ਤੋਂ ਪਹਿਲਾਂ ਜਨਮ ਲੈਣ ਵਾਲੇ ਬੱਚਿਆਂ ਨੂੰ ਜੋਖ਼ਮ ਤੋਂ ਬਚਾਉਣ ਲਈ ਇਸ ਤਕਨੀਕ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ ਹੈ।
ਉਹ ਨਵਜਾਤ ਦੇ ਵਿਕਾਸ ਲਈ ਬਿਲਕੁਲ ਗਰਭ ਜਿਹੇ ਵਾਤਾਵਰਨ ਨੂੰ ਵਿਕਸਿਤ ਕਰ ਰਹੇ ਹਨ, ਜਿਸ ਨੂੰ ਉਨ੍ਹਾਂ ਨੇ ‘ਆਰਟੀਫਿਸ਼ਿਅਲ ਕੁੱਖ’ ਦਾ ਨਾਮ ਦਿੱਤਾ ਹੈ।

ਕੀ ਹੈ ਇਸ ਪ੍ਰਣਾਲੀ ਦਾ ਮਕਸਦ
ਇਸ ਦਾ ਮਕਸਦ ਗਰਭ ਧਾਰਨ ਤੋਂ ਲੈ ਕੇ ਜਨਮ ਲੈਣ ਤੱਕ ਭਰੂਣ ਨੂੰ ‘ਆਰਟੀਫਿਸ਼ਿਅਲ ਕੁੱਖ’ ਵਿੱਚ ਵਿਕਸਿਤ ਕਰਨਾ ਨਹੀਂ ਹੈ ਕਿਉਂਕਿ ਅਜਿਹਾ ਕਰਨਾ ਅਸੰਭਵ ਹੈ।
ਹਾਲਾਂਕਿ ਮੈਡੀਕਲ ਵਿਗਿਆਨ ਨੂੰ ਇਸ ਦੀ ਸਖ਼ਤ ਲੋੜ ਹੈ। ਬਲਕਿ ਇਹ ਪ੍ਰਣਾਲੀ ਤਾਂ ਸਮੇਂ ਤੋਂ ਬਹੁਤ ਪਹਿਲਾਂ ਜੰਮੇ ਬੱਚਿਆਂ ਦੀ ਜੀਵਨ ਦਰ ਨੂੰ ਵਧਾਉਣ ਵਿੱਚ ਮਦਦ ਕਰਦੀ ਹੈ।
ਜ਼ਿਕਰਯੋਗ ਹੈ ਕਿ ਅਜਿਹੇ ਪ੍ਰੀਮੈਚਿਓਰ ਬੱਚਿਆਂ ਨੂੰ ਜ਼ਿੰਦਗੀ ਭਰ ਕਈ ਸੰਭਾਵੀ ਸਿਹਤ ਖ਼ਤਰਿਆਂ ਨਾਲ ਜੂਝਣਾ ਪੈਂਦਾ ਹੈ।
ਦੇਖਿਆ ਜਾਵੇ ਤਾਂ ਇੱਕ ਆਮ ਗਰਭ ਅਵਸਥਾ ਕਰੀਬ 40 ਹਫ਼ਤਿਆਂ ਦੀ ਹੁੰਦੀ ਹੈ ਅਤੇ 37 ਹਫ਼ਤਿਆਂ ਵਿੱਚ ਬੱਚੇ ਨੂੰ ਪੂਰੀ ਤਰ੍ਹਾਂ ਵਿਕਸਿਤ ਮੰਨ ਲਿਆ ਜਾਂਦਾ ਹੈ।
ਹਾਲਾਂਕਿ ਕਦੇ-ਕਦੇ ਗਰਭ ਅਵਸਥਾ ਵਿੱਚ ਦਿੱਕਤਾਂ ਪੈਦਾ ਹੋ ਜਾਂਦੀਆਂ ਹਨ ਜਿਸ ਦੇ ਚੱਲਦਿਆਂ ਡਾਕਟਰ ਬੱਚੇ ਨੂੰ ਸਮੇਂ ਤੋਂ ਪਹਿਲਾਂ ਜਨਮ ਦੇਣ ਨੂੰ ਤਰਜ਼ੀਹ ਦਿੰਦੇ ਹਨ।
ਸੰਜੋਗ ਨਾਲ ਪਿਛਲੇ ਕੁਝ ਦਹਾਕਿਆਂ ਵਿੱਚ ਨਵਜੰਮੇ ਬੱਚਿਆਂ ਦੀ ਮੈਡੀਕਲ ਦੇਖਭਾਲ ਵਿੱਚ ਕ੍ਰਾਂਤੀਕਾਰੀ ਵਿਕਾਸ ਦੇਖਣ ਨੂੰ ਮਿਲਿਆ ਹੈ। ਜਿਸ ਦੇ ਚੱਲਦਿਆਂ ਸਮੇਂ ਤੋਂ ਪਹਿਲਾਂ ਜਨਮ ਲੈਣ ਵਾਲੇ ਬਹੁਤੇ ਬੱਚੇ ਬਚ ਜਾਂਦੇ ਹਨ। ਅਜਿਹੇ ਬੱਚਿਆਂ ਦੀਆਂ ਕੁਝ ਦਿੱਕਤਾਂ ਹੋਣ ’ਤੇ ਵੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਂਦੀ ਹੈ।
ਨਵੇਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਜੇਕਰ ਉਨ੍ਹਾਂ ਦੀ ਠੀਕ ਤਰੀਕੇ ਨਾਲ ਦੇਖਭਾਲ ਕੀਤੀ ਜਾਵੇ ਤਾਂ 22 ਹਫ਼ਤਿਆਂ ਦੇ ਗਰਭ ਵਾਲੇ ਮਾਮਲਿਆਂ ਵਿੱਚ 30 ਫੀਸਦੀ ਬੱਚੇ ਬਚ ਵੀ ਜਾਂਦੇ ਹਨ।
ਕਰੀਬ 22ਵੇਂ ਹਫ਼ਤੇ ਦੇ ਆਸ-ਪਾਸ ਜਨਮ ਲੈਣ ਵਾਲੇ ਬੱਚਿਆਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ 24 ਘੰਟੇ ਦੇਖਭਾਲ ਦੀ ਲੋੜ ਪੈਂਦੀ ਹੈ।
ਕੈਨਸਸ ਸਿਟੀ ਦੇ ਚਿਲਡ੍ਰਨਜ਼ ਮਰਸੀ ਹਸਪਤਾਲ ਵਿੱਚ ਕੰਮ ਕਰਨ ਵਾਲੀ ਨਵਜੰਮੇ ਬੱਚਿਆਂ ਦੇ ਮਾਹਰ ਡਾਕਟਰ ਸਟੇਫਨੀ ਕੁਕੋਰਾ ਕਹਿੰਦੇ ਹਨ, “ਜੇਕਰ ਮੈਂ ਇਮਾਨਦਾਰੀ ਨਾਲ ਕਹਾਂ ਤਾਂ 28 ਹਫ਼ਤਿਆਂ ਅਤੇ ਇੱਥੋਂ ਤੱਕ ਕਿ 27 ਹਫ਼ਤਿਆਂ ਵਿੱਚ ਪੈਦਾ ਹੋਣ ਵਾਲੇ ਬੱਚੇ ਵੀ ਕੁੱਲ ਮਿਲਾ ਕੇ ਬਹੁਤ ਠੀਕ ਹਾਲਤ ਵਿੱਚ ਹੁੰਦੇ ਹਨ।”
“ਅਸਲ ਚੁਣੌਤੀ 22 ਤੋਂ 23 ਹਫ਼ਤਿਆਂ ਵਿੱਚ ਜਨਮ ਲੈਣ ਵਾਲੇ ਬੱਚਿਆਂ ਵਿੱਚ ਗੰਭੀਰ ਸਿੱਟਿਆਂ ਦੇ ਰੂਪ ਵਿੱਚ ਸਾਹਮਣੇ ਆਉਂਦੀ ਹੈ। ਉਨ੍ਹਾਂ ਬੱਚਿਆਂ ਦੇ ਜੀਵਨ ਦੀ ਗੁਣਵੱਤਾ ਨੂੰ ਲੈ ਕੇ ਅਸੀਂ ਨਿਸ਼ਚਿਤ ਨਹੀਂ ਹੁੰਦੇ।’’
ਸਮੇਂ ਤੋਂ ਪਹਿਲਾਂ ਪੈਦਾ ਹੋਏ ਇਨ੍ਹਾਂ ਬੱਚਿਆਂ ਨੂੰ ਅਕਸਰ ਗੰਭੀਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਨ੍ਹਾਂ ਬੱਚਿਆਂ ਦਾ ਵਜ਼ਨ ਜਨਮ ਦੇ ਸਮੇਂ 2 ਪਾਊਂਡ (900 ਗ੍ਰਾਮ) ਤੋਂ ਘੱਟ ਹੁੰਦਾ ਹੈ ਅਤੇ ਦਿਲ, ਫੇਫੜੇ, ਪਾਚਨ ਅੰਗ ਅਤੇ ਦਿਮਾਗ ਜਿਹੇ ਮਹੱਤਵਪੂਰਨ ਅੰਗ ਪੂਰਨ ਰੂਪ ਵਿੱਚ ਵਿਕਸਿਤ ਨਹੀਂ ਹੋਏ ਹੁੰਦੇ।
ਇਸ ਦੇ ਚੱਲਦਿਆਂ ਡਾਕਟਰੀ ਦੇਖਭਾਲ ਦੇ ਬਿਨਾਂ ਅਜਿਹੇ ਬੱਚਿਆਂ ਨੂੰ ਜਿਊਂਦਾ ਰੱਖਣਾ ਮੁਸ਼ਕਲ ਹੋ ਜਾਂਦਾ ਹੈ।
ਇਨ੍ਹਾਂ ਵਿੱਚ ਥੋੜ੍ਹੇ ਸਮੇਂ ਲਈ ਹੋਣ ਵਾਲੀ ਔਖਿਆਈ ਜੋ ਅਕਸਰ ਦੇਖਣ ਵਿੱਚ ਆਉਂਦੀ ਹੈ, ਉਹ ਹੈ ਨੈਕ੍ਰੋਟਾਇਜ਼ਿੰਗ ਐਂਟਰੋਕੋਲਾਇਟਿਸ (ਐੱਨਈਸੀ)। ਇਹ ਇੱਕ ਗੰਭੀਰ ਬਿਮਾਰੀ ਹੈ ਜਿਸ ਵਿੱਚ ਅੰਤੜੀ ਦੇ ਟਿਸ਼ੂਆਂ ਵਿੱਚ ਸੋਜ ਆ ਜਾਂਦੀ ਅਤੇ ਉਹ ਟਿਸ਼ੂ ਤੇਜ਼ੀ ਨਾਲ ਮਰਨ ਲੱਗਦੇ ਹਨ।
ਇਸ ਉਮਰ ਦੇ ਬੱਚਿਆਂ ਨੂੰ ਲਾਗ, ਸੈਪਸਿਸ ਅਥੇ ਸੈਪਟਿਕ ਸ਼ੌਕ ਦਾ ਵੀ ਬਹੁਤ ਖ਼ਤਰਾ ਹੁੰਦਾ ਹੈ।
ਬਲੱਡਪ੍ਰੈੱਸ਼ਰ ਘੱਟ ਜਾਂਦਾ ਹੈ ਜਿਸ ਨਾਲ ਉਨ੍ਹਾਂ ਦੇ ਫੇਫੜਿਆਂ, ਗੁਰਦਿਆਂ, ਲਿਵਰ ਅਤੇ ਹੋਰ ਅੰਗਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਤਸਵੀਰ ਸਰੋਤ, Getty Images
ਭਰੂਣ ਨੂੰ ਕਿਸ ਤਰ੍ਹਾਂ ਮਾਹੌਲ ਦੀ ਲੋੜ ਹੈ
ਇਸੇ ਤਰ੍ਹਾਂ ਸਮੇਂ ਤੋਂ ਬਹੁਤ ਪਹਿਲਾਂ ਜਨਮੇ ਬੱਚਿਆਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਲੰਬੇ ਸਮੇਂ ਵਾਲੀਆਂ ਮੁਸ਼ਕਲਾਂ ਵਿੱਚ ਸੇਰੇਬ੍ਰਲ ਪਾਲਸੀ, ਸਿੱਖਣ ਵਿੱਚ ਔਖਿਆਈ, ਦੇਖਣ ਤੇ ਸੁਣਨ ਦੀਆਂ ਮੁਸ਼ਕਲਾਂ ਅਤੇ ਅਸਥਮਾ ਜਿਹੇ ਰੋਗ ਸ਼ਾਮਲ ਹਨ।
ਅਜਿਹੇ ਵਿੱਚ ਆਰਟੀਫੀਸ਼ਿਅਲ ਕੁੱਖ ਅਤੇ ਗਰਭਨਾਲ ਦਾ ਮਕਸਦ ਫੇਫੜਿਆਂ ਦੀ ਮੁਸ਼ਕਲ ਤੋਂ ਪੂਰੀ ਤਰ੍ਹਾਂ ਮੁਕਤੀ ਦਿਵਾਉਣਾ ਹੈ।
ਇੱਥੋਂ ਤੱਕ ਕਿ ਨਵਜਾਤ ਬੱਚਿਆਂ ਦੇ ਜੀਵਨ ਨੂੰ ਬਚਾਉਣ ਲਈ ਵਰਤੀ ਜਾ ਰਹੀ ਆਕਸੀਜਨ ਸਪੋਰਟ ਅਤੇ ਵੈਂਟੀਲੇਸ਼ਨ ਜਿਹੀ ਤਕਨੀਕ ਵੀ ਉਨ੍ਹਾਂ ਦੇ ਨਾਜ਼ੁਕ ਫੇਫੜਿਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਇਸ ਵਿਸ਼ੇ ਵਿੱਚ ਮਿਸ਼ੀਗਨ ਯੂਨੀਵਰਸਿਟੀ ਵਿੱਚ ਸੀਐੱਸ ਮੋਟ ਚਿਲਡ੍ਰਨਜ ਹਸਪਤਾਲ ਵਿੱਚ ਸਰਜਰੀ ਅਤੇ ਪ੍ਰਸੂਤਾ ਅਤੇ ਮਹਿਲਾ ਰੋਗਾਂ ਦੀ ਪ੍ਰੋਫੈਸਰ ਜੌਰਜ ਬੀ ਮਾਇਚਲਿਸਕਾ ਦਾ ਕਹਿਣਾ ਹੈ, ‘‘ਗਰਭ ਅਵਸਥਾ ਦੇ ਇਸ ਸ਼ੁਰੂਆਤੀ ਸਮੇਂ ਵਿੱਚ ਫੇਫੜੇ ਹਾਲੇ ਵੀ ਵਿਕਸਿਤ ਹੋਣ ਵਾਲੀ ਅਵਸਥਾ ਵਿੱਚ ਹੁੰਦੇ ਹਨ ਅਤੇ ਉਨ੍ਹਾਂ ਅੰਦਰ ਤਰਲ ਪਦਾਰਥ ਭਰਿਆ ਹੋਣਾ ਚਾਹੀਦਾ ਹੈ।’’
‘‘ਪਰ ਜਦੋਂ ਬੱਚੇ ਸਮੇਂ ਤੋਂ ਪਹਿਲਾਂ ਪੈਦਾ ਹੁੰਦੇ ਹਨ ਤਾਂ ਅਸੀਂ ਉਨ੍ਹਾਂ ਦੀ ਸਾਹ ਨਾਲੀ ਵਿੱਚ ਇੱਕ ਐਂਡਰੋਟ੍ਰੇਕਿਅਲ ਟਿਊਬ ਪਾਉਂਦੇ ਹਾਂ। ਇਸ ਜ਼ਰੀਏ ਅਸੀਂ ਉੱਚ ਤਣਾਅ ਅਤੇ ਦਬਾਅ ਨਾਲ ਹਵਾ ਅਤੇ ਆਕਸੀਜਨ ਨੂੰ ਉਸ ਦੇ ਫੇਫੜਿਆਂ ਵਿੱਚ ਪਾਉਂਦੇ ਹਾਂ, ਪਰ ਇਸ ਪ੍ਰਕਿਰਿਆ ਵਿੱਚ ਉਨ੍ਹਾਂ ਨੂੰ ਅੰਦਰੂਨੀ ਸੱਟ ਲੱਗ ਸਕਦੀ ਹੈ।”
ਸਮਾਂ ਬੀਤਣ ਦੇ ਨਾਲ ਇਨ੍ਹਾਂ ਸੱਟਾਂ ਕਾਰਨ ਫੇਫੜਿਆਂ ਵਿੱਚ ਨਿਸ਼ਾਨ ਪੈ ਜਾਂਦੇ ਹਨ ਅਤੇ ਇਹ ਬ੍ਰੋਂਕੋਪਲਮੋਨਰੀ ਡਿਸਪਲੇਸੀਆ ਜਾਂ ਗੰਭੀਰ ਫੇਫੜਿਆਂ ਦੀ ਬਿਮਾਰੀ ਦੇ ਰੂਪ ਵਿੱਚ ਸਾਹਮਣੇ ਆਉਂਦੇ ਹਨ।
ਬੱਚੇ ਜਦੋਂ ਹਸਪਤਾਲ ਤੋਂ ਬਾਹਰ ਆਉਂਦੇ ਹਨ ਤਾਂ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਆਕਸੀਜਨ ਸਪੋਰਟ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਨੂੰ ਆਪਣਾ ਬਾਕੀ ਜੀਵਨ ਮੈਕੇਨਿਕਲ ਵੈਂਟੀਲੇਸ਼ਨ ਦੇ ਸਹਾਰੇ ਗੁਜ਼ਾਰਨਾ ਹੁੰਦਾ ਹੈ।
ਵੈਂਟੀਲੇਸ਼ਨ ਨਾਲ ਅੰਨ੍ਹੇਪਣ ਦਾ ਖ਼ਤਰਾ ਵੀ ਵਧ ਸਕਦਾ ਹੈ।
ਅੱਖ ਦੇ ਰੈਟੀਨਾ ਨੂੰ ਪੋਸ਼ਣ ਦੇਣ ਵਾਲੀਆਂ ਖੂਨ ਦੀਆਂ ਨਾੜੀਆਂ ਜਨਮ ਦਾ ਸਮਾਂ ਨਜ਼ਦੀਕ ਹੋਣ ਤੱਕ ਵੀ ਪੂਰੀ ਤਰ੍ਹਾਂ ਨਾਲ ਬਣੀਆਂ ਨਹੀਂ ਹੁੰਦੀਆਂ।
ਬਹੁਤ ਜ਼ਿਆਦਾ ਆਕਸੀਜਨ ਨਵੀਆਂ ਅਸਾਧਾਰਨ ਖੂਨ ਦੀਆਂ ਨਾੜੀਆਂ ਦੇ ਵਿਕਾਸ ਨੂੰ ਉਤੇਜਿਤ ਕਰ ਸਕਦੀ ਹੈ ਅਤੇ ਇਹ ਬਾਅਦ ਵਿੱਚ ਰੈਟੀਨਾ ਨੂੰ ਇਸ ਦੇ ਆਲੇ ਦੁਆਲੇ ਦੇ ਟਿਸ਼ੂਆਂ ਤੋਂ ਵੱਖ ਕਰਨ ਦਾ ਕਾਰਨ ਬਣ ਸਕਦੀ ਹੈ।
ਇਨ੍ਹਾਂ ਸਭ ਨੂੰ ਦੇਖਦੇ ਹੋਏ ਬਣਾਉਟੀ ਕੁੱਖ ਅਤੇ ਗਰਭਨਾਲ ਦਾ ਉਦੇਸ਼ ਫੇਫੜਿਆਂ ਤੋਂ ਧਿਆਨ ਹਟਾ ਕੇ ਭਰੂਣ ਨੂੰ ਇੱਕ ਅਜਿਹਾ ਮਾਹੌਲ ਦੇਣਾ ਹੈ ਜਿਸ ਨਾਲ ਉਸ ਨੂੰ ਸੁਰੱਖਿਅਤ ਵਾਤਾਵਰਨ ਵਿੱਚ ਵਿਕਸਿਤ ਹੋਣ ਦਾ ਸਮਾਂ ਮਿਲ ਸਕੇ।
ਅਜਿਹਾ ਉਦੋਂ ਤੱਕ ਕਰਨਾ ਹੁੰਦਾ ਹੈ ਜਦੋਂ ਤੱਕ ਕਿ ਬੱਚਾ ਆਪਣਾ ਪਹਿਲਾ ਸਾਹ ਲੈਣ ਲਈ ਤਿਆਰ ਨਾ ਹੋ ਜਾਵੇ।

ਤਸਵੀਰ ਸਰੋਤ, Getty Images
ਬਣਾਉਟੀ ਕੁੱਖ ਨਾਲ ਜੁੜੇ ਪ੍ਰਯੋਗ
ਮਿਲਦੀ-ਜੁਲਦੀ ਨਕਲੀ ਕੁੱਖ ਬਣਾ ਕੇ ਬੱਚੇ ਦੇ ਘੱਟ ਵਿਕਸਿਤ ਫੇਫੜਿਆਂ ਨੂੰ ਮੈਡੀਕਲ ਉਪਕਰਨਾਂ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕ ਸਕਦੇ ਹਾਂ।
ਇਸ ਤਕਨੀਕ ’ਤੇ ਤਿੰਨ ਮੁੱਖ ਟੀਮਾਂ ਕੰਮ ਕਰ ਰਹੀਆਂ ਹਨ। ਤਿੰਨੋਂ ਹੀ ਐਕਸਟ੍ਰਾਕਾਰਪੋਰਿਅਲ ਮੈਂਬਰੇਨ ਆਕਸੀਜਨੇਸ਼ਨ ਨਾਮ ਦੀ ਮੌਜੂਦਾ ਥੈਰੇਪੀ ’ਤੇ ਆਧਾਰਿਤ ਹਨ।
ਇਹ ਇੱਕ ਪ੍ਰਕਾਰ ਦਾ ਬਣਾਉਟੀ ਲਾਈਫ ਸਪੋਰਟ ਸਿਸਟਮ ਹੈ ਜੋ ਕਿਸੇ ਵਿਅਕਤੀ ਦੇ ਫੇਫੜਿਆਂ ਅਤੇ ਦਿਲ ਠੀਕ ਢੰਗ ਨਾਲ ਕੰਮ ਨਾ ਕਰਨ ਵਿੱਚ ਉਸ ਦੀ ਮਦਦ ਕਰਦਾ ਹੈ।
ਇਸ ਥੈਰੇਪੀ ਵਿੱਚ ਰੋਗੀ ਦੇ ਸਰੀਰ ਤੋਂ ਖੂਨ ਨੂੰ ਇੱਕ ਮਸ਼ੀਨ ਵਿੱਚ ਪੰਪ ਕੀਤਾ ਜਾਂਦਾ ਹੈ ਜੋ ਕਾਰਬਨ ਡਾਈਅਕਸਾਈਡ ਨੂੰ ਹਟਾਉਂਦੀ ਹੈ ਅਤੇ ਆਕਸੀਜਨ ਦਾ ਪ੍ਰਵਾਹ ਕਰਦੀ ਹੈ। ਇਸ ਪ੍ਰਕਿਰਿਆ ਵਿੱਚ ਆਕਸੀਜਨ ਵਾਲੇ ਖੂਨ ਨੂੰ ਫਿਰ ਤੋਂ ਟਿਸ਼ੂਆਂ ਵਿੱਚ ਵਾਪਸ ਭੇਜਿਆ ਜਾਂਦਾ ਹੈ।
ਇਹ ਵਿਧੀ ਖੂਨ ਨੂੰ ਦਿਲ ਅਤੇ ਫੇਫੜਿਆਂ ਤੋਂ ‘ਬਚ ਕੇ ਨਿਕਲਣ’ ਦਾ ਮੌਕਾ ਦਿੰਦੀ ਹੈ, ਜਿਸ ਨਾਲ ਇਨ੍ਹਾਂ ਅੰਗਾਂ ਨੂੰ ਨਾ ਸਿਰਫ਼ ਆਰਾਮ ਮਿਲਦਾ ਹੈ, ਬਲਕਿ ਇਨ੍ਹਾਂ ਨੂੰ ਠੀਕ ਹੋਣ ਦਾ ਮੌਕਾ ਵੀ ਮਿਲਦਾ ਹੈ।
ਹਾਲਾਂਕਿ ਐਕਸਟ੍ਰਾਕਾਰਪੋਰਿਅਲ ਮੈਂਬਰੇਨ ਆਕਸੀਜਨੇਸ਼ਨ ਨੂੰ ਅਸੀਂ ਵੱਡੇ ਬੱਚਿਆਂ ਲਈ ਪ੍ਰਯੋਗ ਕਰ ਸਕਦੇ ਹਾਂ,ਪਰ ਇਹ ਸਮੇਂ ਤੋਂ ਬਹੁਤ ਪਹਿਲਾਂ ਪੈਦਾ ਹੋਏ ਬੱਚਿਆਂ ਲਈ ਠੀਕ ਨਹੀਂ ਹੈ।
ਤਿੰਨੋਂ ਟੀਮਾਂ ਇਸ ਤਕਨੀਕ ਨੂੰ ਹੋਰ ਸਰਲ ਅਤੇ ਨਵਜਾਤ ਬੱਚਿਆਂ ਦੇ ਅਨੁਕੂਲ ਬਣਾਉਣ ਦੇ ਯਤਨ ਵਿੱਚ ਲੱਗੀਆਂ ਹੋਈਆਂ ਹਨ। ਹਾਲਾਂਕਿ ਵਿਕਾਸ ਦੇ ਕ੍ਰਮ ਵਿੱਚ ਵਿਭਿੰਨ ਉਪਕਰਨਾਂ ਦੇ ਵਿਚਕਾਰ ਸੂਖਮ ਅੰਤਰ ਹਨ।
ਭਰੂਣ ਸਰਜਨ ਐਲਨ ਫਲੇਕ ਦੀ ਅਗਵਾਈ ਵਿੱਚ ਸੀਐੱਚਓਪੀ ਦੇ ਵਿਗਿਆਨਕ ਸਮੇਂ ਤੋਂ ਪਹਿਲਾਂ ਜੰਮੇ ਬੱਚਿਆਂ ਨੂੰ ਗਰਭ ਦੇ ਐਮਨਿਯੋਟਿਕ ਤਰਲ ਦੀ ਤਰਜ਼ ’ਤੇ ਡਿਜ਼ਾਇਨ ਕੀਤੇ ਗਏ ਤਰਲ ਨਾਲ ਭਰੇ ਬਣਾਉਟੀ ਥੈਲੇ ਵਿੱਚ ਡੁਬੋ ਕੇ ਰੱਖਣ ਦੀ ਯੋਜਨਾ ਬਣਾ ਰਹੇ ਹਨ।
ਇਸ ਵਿੱਚ ਰੱਖਣ ਦੇ ਬਾਅਦ ਸਰਜਨ ਬੱਚੇ ਦੀ ਗਰਭਨਾਲ ਦੀਆਂ ਛੋਟੀਆਂ ਖੂਨ ਦੀਆਂ ਨਾੜੀਆਂ ਨੂੰ ਇੱਕ ਈਸੀਐੱਮਓ ਵਰਗੇ ਯੰਤਰ ਨਾਲ ਜੋੜਨਗੇ।
ਖੂਨ ਨੂੰ ਭਰੂਣ ਦੇ ਦਿਲ ਦਾ ਉਪਯੋਗ ਕਰਕੇ ਪੂਰੇ ਸਿਸਟਮ ਵਿੱਚ ਪੰਪ ਕੀਤਾ ਜਾਂਦਾ ਹੈ। ਇਹ ਪ੍ਰਕਿਰਿਆ ਕਾਫ਼ੀ ਹੱਦ ਤੱਕ ਸਾਧਾਰਨ ਪ੍ਰਕਿਰਤੀ ਦੀ ਹੁੰਦੀ ਹੈ।
ਪ੍ਰਯੋਗ ਦੇ ਦੌਰਾਨ ਫਲੇਕ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ 2017 ਵਿੱਚ 23 ਤੋਂ 24 ਹਫ਼ਤਿਆਂ ਦੇ ਮਨੁੱਖੀ ਭਰੂਣ ਦੇ ਬਰਾਬਰ ਗਰਭ ਸਮੇਂ ਵਾਲੇ, ਸਮੇਂ ਤੋਂ ਪਹਿਲਾਂ ਜੰਮੇ ਅੱਠ ਮੇਮਣਿਆਂ (ਭੇਡ ਦੇ ਬੱਚਿਆਂ) ਨੂੰ ਲਿਆ।
ਉਨ੍ਹਾਂ ਨੇ ਇਨ੍ਹਾਂ ਮੇਮਣਿਆਂ ਨੂੰ ਨਕਲੀ ਕੁੱਖ ਵਿੱਚ ਚਾਰ ਹਫ਼ਤਿਆਂ ਤੱਕ ਜਿਊਂਦਾ ਰੱਖਿਆ। ਇਸ ਦੌਰਾਨ ਮੇਮਣੇ ਕੁਦਰਤੀ ਤੌਰ ’ਤੇ ਵਿਕਸਿਤ ਹੋਏ ਅਤੇ ਉਨ੍ਹਾਂ ਦੇ ਵਾਲ ਵੀ ਉੱਗਣੇ ਸ਼ੁਰੂ ਹੋ ਗਏ ਸਨ।

ਤਸਵੀਰ ਸਰੋਤ, Getty Images
ਨਕਲੀ ਕੁੱਖ ਕਿੰਨੀ ਵੱਡੀ ਉਪਲੱਬਧੀ
ਦੂਜੇ ਪਾਸੇ ਮਿਸ਼ੀਗਨ ਯੂਨੀਵਰਸਿਟੀ ਵਿੱਚ ਜਾਰਜ ਮਾਇਚਲਿਸਕਾ ਦੀ ਟੀਮ ਇੱਕ ਬਣਾਉਟੀ ਪਲੇਸੈਂਟਾ ਯਾਨੀ ਗਰਭਨਾਲ ਵਿਕਸਿਤ ਕਰ ਰਹੀ ਹੈ।
ਇਸ ਵਿੱਚ ਉਹ ਬੱਚੇ ਦੇ ਪੂਰੇ ਭਰੂਣ ਨੂੰ ਤਰਲ ਪਦਾਰਥ ਵਿੱਚ ਡੁਬਾਉਣ ਦੀ ਜਗ੍ਹਾ ਉਸ ਦੇ ਫੇਫੜਿਆਂ ਨੂੰ ਵਿਸ਼ੇਸ਼ ਰੂਪ ਨਾਲ ਤਿਆਰ ਤਰਲ ਪਦਾਰਥ ਨਾਲ ਭਰਨ ਲਈ ਸਾਹ ਨਾਲੀਆਂ ਦਾ ਉਪਯੋਗ ਕਰਨ ਦੀ ਯੋਜਨਾ ਬਣਾ ਰਹੇ ਹਨ।
ਉਨ੍ਹਾਂ ਦੀ ਪ੍ਰਣਾਲੀ ਰਵਾਇਤੀ ਐਕਮੋ ਮਸ਼ੀਨਾਂ ਦੇ ਬਰਾਬਰ, ਜੁਗਲਰ ਨਾੜ ਜ਼ਰੀਏ ਦਿਲ ਤੋਂ ਖੂਨ ਲੈਂਦੀ ਹੈ, ਪਰ ਗਰਭਨਾਲ ਨਾੜ ਦੇ ਜ਼ਰੀਏ ਆਕਸੀਜਨ ਭਰਭੂਰ ਖੂਨ ਵਾਪਸ ਭੇਜਦੀ ਹੈ।
ਸਮੇਂ ਤੋਂ ਪਹਿਲਾਂ ਜੰਮੇ ਮੇਮਣਿਆਂ ਨੂੰ ਮਕੈਨੀਕਲ ਵੈਂਟੀਲੇਸ਼ਨ ਵਿੱਚ ਸੁਰੱਖਿਅਤ ਤਬਦੀਲ ਕਰਨ ਤੋਂ ਪਹਿਲਾਂ 16 ਦਿਨਾਂ ਤੱਕ ਬਣਾਉਟੀ ਕੋਖ ਵਿੱਚ ਜਿਊਂਦਾ ਰੱਖਿਆ ਗਿਆ।
ਮਾਇਚਲਿਸਕਾ ਦਾ ਕਹਿਣਾ ਹੈ, ‘‘ਮੈਂ ਇੱਕ ਅਜਿਹਾ ਮੰਚ ਚਾਹੁੰਦੀ ਸੀ ਜੋ ਜ਼ਿਆਦਾਤਰ ਬੱਚਿਆਂ ਨੂੰ ਸਹਿਜ ਮੁਹੱਈਆ ਹੋਵੇ ਅਤੇ ਜਿਸ ਦੀ ਵਰਤੋਂ ਮੌਜੂਦਾ ਇੰਟੈਸਿਵ ਕੇਅਰ ਯੂਨਿਟ ਵਿੱਚ ਕੀਤੀ ਜਾ ਸਕੇ।’’
‘‘ਇਸ ਤਕਨੀਕ ਦਾ ਮਕਸਦ ਪਲੇਸੈਂਟਾ ਰਾਹੀਂ ਕੀਤੇ ਜਾਣ ਵਾਲੇ ਅਣਗਿਣਤ ਕਾਰਜਾਂ ਦੀ ਥਾਂ ਲੈਣਾ ਨਹੀਂ ਹੈ। ਇਸ ਨੂੰ ਗੈਸ ਐਕਸਚੇਂਜ, ਬਲੱਡ ਪ੍ਰੈੱਸ਼ਰ, ਦਿਲ ਦੀ ਗਤੀ ਅਤੇ ਭਰੂਣ ਦੀ ਗਤੀ ਨੂੰ ਕਾਇਮ ਰੱਖਣ ’ਤੇ ਕੇਂਦਰਿਤ ਕੀਤਾ ਗਿਆ ਹੈ।
‘‘ਇਸ ਜ਼ਰੀਏ ਸਮੇਂ ਤੋਂ ਪਹਿਲਾਂ ਪੈਦਾ ਹੋਏ ਅੰਗਾਂ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਕੁਦਰਤੀ ਤੌਰ ’ਤੇ ਵਿਕਸਿਤ ਹੋਣ ਦਿੱਤਾ ਜਾਂਦਾ ਹੈ।’’
ਬਣਾਉਟੀ ਗਰਭਨਾਲ ’ਤੇ ਹਾਲ ਹੀ ਵਿੱਚ ਕੀਤੇ ਗਏ ਇੱਕ ਪ੍ਰੀਖਣ ਵਿੱਚ ਸਾਹਮਣੇ ਆਇਆ ਕਿ ਸਮੇਂ ਤੋਂ ਪਹਿਲਾਂ ਪੈਦਾ ਹੋਏ ਮੇਮਣਿਆਂ ਨੂੰ ਸੁਰੱਖਿਅਤ ਰੂਪ ਨਾਲ ਮਕੈਨੀਕਲ ਵੈਂਟੀਲੇਸ਼ਨ ਵਿੱਚ ਤਬਦੀਲ ਕਰਨ ਤੋਂ ਪਹਿਲਾਂ 16 ਦਿਨਾਂ ਤੱਕ ਜਿਊਂਦਾ ਰੱਖਿਆ ਗਿਆ।
ਇਸ ਦੌਰਾਨ ਉਨ੍ਹਾਂ ਦੇ ਫੇਫੜਿਆਂ, ਦਿਮਾਗ ਅਤੇ ਹੋਰ ਅੰਗ ਚੰਗੀ ਤਰ੍ਹਾਂ ਨਾਲ ਵਿਕਸਿਤ ਹੁੰਦੇ ਰਹੇ।
ਤੀਜਾ ਗਰੁੱਪ ਆਸਟਰੇਲੀਆ ਅਤੇ ਜਾਪਾਨ ਦੀ ਇੱਕ ਟੀਮ ਹੈ। ਇਹ ਟੀਮ ‘ਐਕਸ ਵਿਵੋ ਯੂਟੇਰਾਈਨ ਇਨਵਾਇਰਨਮੈਂਟ’ (ਈਵੀ) ਥੈਰੇਪੀ ਨਾਂ ਦੀ ਇੱਕ ਬਣਾਉਟੀ ਕੁੱਖ ਵਿਕਸਿਤ ਕਰ ਰਹੀ ਹੈ।
ਇਸ ਦਾ ਉਦੇਸ਼ ਹੋਰ ਦੋ ਸਮੂਹਾਂ ਦੀ ਤੁਲਨਾ ਵਿੱਚ ਸਮੇਂ ਤੋਂ ਬਹੁਤ ਪਹਿਲਾਂ ਜੰਮੇ ਅਤੇ ਬਿਮਾਰ ਭਰੂਣਾਂ ਦਾ ਇਲਾਜ ਕਰਨਾ ਹੈ।
ਈਵੀ ਦੀ ਅਗਵਾਈ ਕਰ ਰਹੇ ਨੈਸ਼ਨਲ ਯੂਨੀਵਰਸਿਟੀ ਆਫ ਸਿੰਗਾਪੁਰ ਵਿੱਚ ਪ੍ਰਸੂਤੀ ਅਤੇ ਇਸਤਰੀ ਰੋਗਾਂ ਦੇ ਪ੍ਰੋਫੈਸਰ ਮੈਟ ਕੈਂਪ ਕਹਿੰਦੇ ਹਨ, ‘‘ਹੁਣ ਅਸੀਂ ਉਸ ਸਥਿਤੀ ਵਿੱਚ ਪਹੁੰਚ ਗਏ ਹਾਂ, ਜਿੱਥੇ ਅਸੀਂ 500 ਗ੍ਰਾਮ ਵਜ਼ਨ (ਭੇਡ ਦੇ ਬੱਚੇ) ਦੇ ਭਰੂਣ ਨੂੰ ਦੋ ਹਫ਼ਤੇ ਤੱਕ ਸਾਧਾਰਨ ਸਰੀਰਕ ਸਥਿਤੀ ਵਿੱਚ ਰੱਖ ਸਕਦੇ ਹਾਂ।’’
‘‘ਇਹ ਸਾਡੇ ਲਈ ਇੱਕ ਬਹੁਤ ਵੱਡੀ ਉਪਲੱਬਧੀ ਹੈ, ਪਰ ਦੂਜੇ ਪਾਸੇ ਇਨ੍ਹਾਂ ਭਰੂਣਾਂ ਦਾ ਵਿਕਾਸ ਸਾਧਾਰਨ ਨਹੀਂ ਹੈ।’’
ਬਣਾਉਟੀ ਗਰਭਨਾਲ/ਕੁੱਖ ਦੇ ਉਪਯੋਗ ਨਾਲ ਸਬੰਧਿਤ ਜ਼ਿਆਦਾਤਰ ਪ੍ਰੀਖਣ ਮੇਮਣਿਆਂ ਦੇ ਭਰੂਣਾਂ ’ਤੇ ਕੀਤੇ ਗਏ ਹਨ।
ਜੇਕਰ ਇਨ੍ਹਾਂ ਮੇਮਣਿਆਂ ਨੂੰ ਛੇੜਿਆ ਨਾ ਜਾਵੇ ਤਾਂ ਉਹ ਲੰਬੇ ਸਮੇਂ ਤੱਕ ਜੀਵਿਤ ਰਹਿ ਸਕਦੇ ਹਨ। ਸਮੱਸਿਆ ਇਹ ਹੈ ਕਿ ਸਮੇਂ ਤੋਂ ਬਹੁਤ ਪਹਿਲਾਂ ਜੰਮੇ ਬੱਚੇ ਅਕਸਰ ਮਾਂ ਜਾਂ ਭਰੂਣ ਵਿੱਚ ਆਉਣ ਵਾਲੀਆਂ ਸਿਹਤ ਸਮੱਸਿਆਵਾਂ ਦੇ ਕਾਰਨ ਪੈਦਾ ਹੋ ਜਾਂਦੇ ਹਨ।
ਇਸ ਲਈ ਉਨ੍ਹਾਂ ਦਾ ਇਲਾਜ ਕਰਨਾ ਜ਼ਿਆਦਾ ਮੁਸ਼ਕਿਲ ਹੁੰਦਾ ਹੈ।

ਤਸਵੀਰ ਸਰੋਤ, Getty Images
ਹਸਪਤਾਲਾਂ ਵਿੱਚ ਬਣਾਉਣੀ ਗਰਭਨਾਲ ਅਤੇ ਕੁੱਖ ਕਦੋਂ ਤੱਕ ਉਪਲੱਬਧ ਹੋਣਗੇ?
ਕੈਂਪ ਕਹਿੰਦੇ ਹਨ, ‘‘ਅਸੀਂ ਜੋ ਪ੍ਰਯੋਗ ਬੇਹੱਦ ਕਮਜ਼ੋਰ ਭਰੂਣਾਂ ਨਾਲ ਕੀਤਾ ਸੀ, ਉਨ੍ਹਾਂ ਜਾਨਵਰਾਂ ਨੂੰ ਸੰਭਾਲਣਾ ਬੇਹੱਦ ਮੁਸ਼ਕਿਲ ਸੀ।’’
“ਸਾਡਾ ਮੰਨਣਾ ਹੈ ਕਿ ਇਹ ਗੱਲ ਬਿਲਕੁਲ ਸਪੱਸ਼ਟ ਹੈ ਕਿ ਇੱਕ ਬਹੁਤ ਛੋਟੇ ਭਰੂਣ ਵਿੱਚ ਸਾਧਾਰਨ ਤਰੀਕੇ ਨਾਲ ਆਪਣੇ ਵਿਕਾਸ ਦੀ ਦਿਸ਼ਾ ਨਿਰਧਾਰਨ ਕਰਨ ਦੀ ਸਮਰੱਥਾ ਨਹੀਂ ਹੁੰਦੀ ਹੈ।’’
‘‘ਉਨ੍ਹਾਂ ਦਾ ਵਿਕਾਸ ਬਹੁਤ ਖ਼ਰਾਬ ਹੁੰਦਾ ਹੈ ਅਤੇ ਉਨ੍ਹਾਂ ਦੇ ਬਲੱਡ ਪ੍ਰੈੱਸ਼ਰ ਅਤੇ ਖੂਨ ਦੇ ਪ੍ਰਵਾਹ ਨੂੰ ਆਮ ਰੱਖਣਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਲਈ, ਇਹ ਇੱਕ ਅਜਿਹਾ ਮਾਮਲਾ ਹੈ ਜਿੱਥੇ ਅਸੀਂ ਕੁਝ ਚੰਗੀ ਪ੍ਰਗਤੀ ਤਾਂ ਕਰ ਰਹੇ ਹਾਂ, ਪਰ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਨੂੰ ਸਮਝਣ ਦੀ ਵੀ ਜ਼ਰੂਰਤ ਹੈ।’’
ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਹਸਪਤਾਲਾਂ ਵਿੱਚ ਬਣਾਉਟੀ ਗਰਭਨਾਲ ਅਤੇ ਕੁੱਖ ਕਦੋਂ ਤੱਕ ਦੇਖ ਸਕਾਂਗੇ? ਸੀਐੱਚਓਪੀ ਸ਼ਾਇਦ ਵਿਕਾਸ ਦੀ ਇਸ ਦੌੜ ਵਿੱਚ ਸਭ ਤੋਂ ਅੱਗੇ ਹੈ।
ਟੀਮ ਨੇ ਹਾਲ ਹੀ ਵਿੱਚ ਫੈਡਰਲ ਡਰੱਗ ਐਡਮਨਿਸਟ੍ਰੇਸ਼ਨ (ਐੱਫ਼ਡੀਏ) ਨੂੰ ਆਪਣੇ ਪ੍ਰੀਖਣ ਨੂੰ ਮਨੁੱਖ ਤੱਕ ਵਿਸਥਾਰ ਕਰਨ ਦੀ ਆਗਿਆ ਦੇਣ ਦੀ ਬੇਨਤੀ ਕੀਤੀ ਹੈ।
ਉੱਥੇ ਹੀ ਮਾਇਚਲਿਸਕਾ ਨੂੰ ਉਮੀਦ ਹੈ ਕਿ ਤਿੰਨ ਜਾਂ ਚਾਰ ਸਾਲਾਂ ਵਿੱਚ ਉਹ ਮਨੁੱਖੀ ਕਲੀਨਿਕਲ ਅਜ਼ਮਾਇਸ਼ਾਂ ਵੱਲ ਵਧ ਜਾਣਗੇ, ਜਦੋਂ ਉਨ੍ਹਾਂ ਦੀ ਟੀਮ ਮਨੁੱਖੀ ਨਵਜਾਤ ਬੱਚੇ ਦੀਆਂ ਛੋਟੀਆਂ ਖੂਨ ਦੀਆਂ ਨਾੜੀਆਂ ਨਾਲ ਸਿੱਝਣ ਲਈ ਆਪਣੀ ਪ੍ਰਣਾਲੀ ਨੂੰ ਹੋਰ ਜ਼ਿਆਦਾ ਛੋਟਾ ਕਰ ਲਵੇਗੀ।
ਹਾਲਾਂਕਿ, ਕੈਂਪ ਨੂੰ ਹੁਣ ਵੀ ਲੱਗਦਾ ਹੈ ਕਿ ਬਣਾਉਟੀ ਗਰਭਨਾਲ ਵਿੱਚ ਭਰੂਣ ਕਿਵੇਂ ਵਿਕਸਿਤ ਹੁੰਦੇ ਹਨ, ਇਸ ਬਾਰੇ ਸਾਡੇ ਗਿਆਨ ਵਿੱਚ ਬੁਨਿਆਦੀ ਗੱਲਾਂ ਦੀ ਅਣਹੋਂਦ ਹੈ। ਇਨ੍ਹਾਂ ਘਾਟਾਂ ਨੂੰ ਪ੍ਰੀਖਣਾਂ ਵਿੱਚ ਜਾਣ ਤੋਂ ਪਹਿਲਾਂ ਦੂਰ ਕਰਨ ਦੀ ਜ਼ਰੂਰਤ ਹੈ।
ਕੈਂਪ ਕਹਿੰਦੇ ਹਨ,‘‘ਇਹ ਗੱਲ ਬਿਲਕੁਲ ਸਪੱਸ਼ਟ ਹੈ ਕਿ ਇੱਕ ਬਹੁਤ ਛੋਟੇ ਭਰੂਣ ਵਿੱਚ ਆਪਣੇ ਵਿਕਾਸ ਨੂੰ ਸਾਧਾਰਨ ਤਰੀਕੇ ਨਾਲ ਨਿਰਦੇਸ਼ਿਤ ਕਰਨ ਦੀ ਸਮਰੱਥਾ ਨਹੀਂ ਹੁੰਦੀ। ਜਦੋਂ ਉਹ ਬਿਮਾਰ ਹੁੰਦਾ ਹੈ ਤਾਂ ਇਹ ਸਥਿਤੀ ਹੋਰ ਬਦਤਰ ਹੋ ਜਾਂਦੀ ਹੈ।’’

ਤਸਵੀਰ ਸਰੋਤ, Getty Images
ਨੈਤਿਕ ਪ੍ਰਸ਼ਨ ਵੀ ਸ਼ਾਮਲ
ਨਵੇਂ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਜੇਕਰ ਭਰੂਣ ਦੀ ਚੰਗੀ ਦੇਖਭਾਲ ਕੀਤੀ ਜਾਵੇ ਤਾਂ 22 ਹਫ਼ਤੇ ਦੀ ਗਰਭ ਅਵਸਥਾ ਵਾਲੇ ਮਾਮਲਿਆਂ ਵਿੱਚ 30 ਫੀਸਦੀ ਨਵਜਾਤ ਹੀ ਜਿਊਂਦੇ ਰਹਿੰਦੇ ਹਨ।
‘‘ਇਸ ਲਈ ਅਸੀਂ ਉਨ੍ਹਾਂ ਸਾਧਾਰਨ ਵਿਕਾਸ ਪ੍ਰਕਿਰਿਆਵਾਂ ਨੂੰ ਸੰਚਾਲਿਤ ਕਰਨ ਵਿੱਚ ਗਰਭਨਾਲ ਦੀ ਭਾਗੀਦਾਰੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਜੇ ਸਾਡੀਆਂ ਕੋਸ਼ਿਸ਼ਾਂ ਇੱਥੇ ਤੱਕ ਨਹੀਂ ਪਹੁੰਚੀਆਂ ਹਨ। ਦੇਖਿਆ ਜਾਵੇ ਤਾਂ ਇਹ ਇੱਕ ਬਹੁਤ ਵੱਡਾ ਕੰਮ ਹੈ।’’
ਇਸ ਵਿੱਚ ਕਈ ਨੈਤਿਕ ਪ੍ਰਸ਼ਨ ਵੀ ਸ਼ਾਮਲ ਹਨ।
ਹਾਲ ਹੀ ਵਿੱਚ ਲਿਖੇ ਇੱਕ ਲੇਖ ਵਿੱਚ ਸਟੈਫਨੀ ਕੁਕੋਰਾ ਨੇ ਤਰਕ ਦਿੱਤਾ ਹੈ ਕਿ ਅਲੱਗ-ਅਲੱਗ ਤਕਨੀਕਾਂ ਵਿਚਕਾਰ ਬੇਹੱਦ ਬਾਰੀਕ ਅੰਤਰ ਹੈ ਅਤੇ ਇਹ ਅੰਤਰ ਅਨੋਖੀਆਂ ਨੈਤਿਕ ਚੁਣੌਤੀਆਂ ਨੂੰ ਪੈਦਾ ਕਰਦੇ ਹਨ।
ਉਦਾਹਰਨ ਲਈ, ਕਿਉਂਕਿ ਈਵੀ ਤੇ ਸੀਐੱਚਓਪੀ ਦੋਵੇਂ ਹੀ ਟੀਮਾਂ ਦੀ ਬਣਾਉਟੀ ਕੁੱਖ ਵਿੱਚ ਗਰਭਨਾਲ ਵਿੱਚ ਇੱਕ ਕੈਨੁਲਾ ਫਿੱਟ (ਸੂਈ ਲਗਾਉਣ ਲਈ) ਕਰਨ ਦੀ ਜ਼ਰੂਰਤ ਹੁੰਦੀ ਹੈ।
ਇਸ ਵਜ੍ਹਾ ਨਾਲ ਇਹ ਬੱਚਿਆਂ ਨੂੰ ਤੁਰੰਤ ਮਾਂ ਦੇ ਗਰਭ ਤੋਂ ਯੰਤਰ ਨਾਲ ਜੋੜਿਆ ਜਾਂਦਾ ਹੈ ਕਿਉਂਕਿ ਜਨਮ ਦੇ ਬਾਅਦ ਗਰਭਨਾਲ ਧਮਣੀ ਜਲਦੀ ਬੰਦ ਹੋ ਜਾਂਦੀ ਹੈ, ਇਸ ਲਈ ਜਿਨ੍ਹਾਂ ਮਾਵਾਂ ਨੂੰ ਪ੍ਰਸਵ ਯੋਨੀ ਰਾਹੀਂ ਯਾਨੀ ਕੁਦਰਤੀ ਤੌਰ ’ਤੇ ਹੋ ਸਕਦਾ ਸੀ, ਉਨ੍ਹਾਂ ਨੂੰ ਜਲਦੀ ਨਾਲ ਸਿਜੇਰਿਅਨ ਕਰਵਾਉਣਾ ਪਏਗਾ।
ਕੁਕੋਰਾ ਕਹਿੰਦੇ ਹਨ, ‘‘ਜਦੋਂ ਤੁਸੀਂ ਇੰਨੀ ਜਲਦੀ ਸਿਜੇਰਿਅਨ ਸੈਕਸ਼ਨ ਕਰਵਾਉਂਦੇ ਹੋ ਤਾਂ ਇਹ ਪ੍ਰਿਕਿਰਿਆ ਨਹੀਂ ਕੀਤੀ ਜਾ ਸਕਦੀ, ਜਿਵੇਂ ਕਿ ਆਮ ਤੌਰ ’ਤੇ ਹੁੰਦਾ ਹੈ।’’
‘‘ਇਸ ਵਿੱਚ ਗਰਭਨਾਲ ਤੋਂ ਗੁਜ਼ਰਨ ਵਾਲੀ ਮਾਸ਼ਪੇਸ਼ੀ ਪਰਤ ਵਿੱਚ ਇੱਕ ਲੰਬਾ ਚੀਰਾ ਲਗਾਇਆ ਜਾਂਦਾ ਹੈ, ਇਸ ਦਾ ਪ੍ਰਭਾਵ ਭਵਿੱਖ ਵਿੱਚ ਹੋਣ ਵਾਲੇ ਗਰਭਧਾਰਨ ’ਤੇ ਪੈ ਸਕਦਾ ਹੈ।
‘‘ਅਜਿਹੇ ਵਿੱਚ ਫੈਸਲਾ ਕਰਨਾ ਮੁਸ਼ਕਿਲ ਹੁੰਦਾ ਹੈ ਕਿ ਸਿਜੇਰਿਅਨ ਸੈਕਸ਼ਨ ਕਰਾਇਆ ਜਾਵੇ ਜਾਂ ਬੱਚੇ ਨੂੰ ਯੋਨੀ ਰਾਹੀਂ ਕੁਦਰਤੀ ਤੌਰ ’ਤੇ ਪ੍ਰਸਵ ਕਰਵਾਇਆ ਜਾਵੇ।’’
ਕੁਦਰਤੀ ਰੂਪ ਨਾਲ ਜਨਮ ਦੀ ਤੁਲਨਾ ਵਿੱਚ ਇਸ ਪ੍ਰਕਿਰਿਆ ਵਿੱਚ ਜ਼ਿਆਦਾ ਜੋਖ਼ਮ ਹੈ, ਜਿਸ ਵਿੱਚ ਸਹਿਮਤੀ ਨਾਲ ਸਬੰਧਿਤ ਮੁੱਦੇ ਉੱਠਦੇ ਹਨ।
ਕੁਕੋਰਾ ਕਹਿੰਦੇ ਹਨ, ‘‘ਮੇਰੇ ਖ਼ਿਆਲ ਨਾਲ ਸਾਡੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਅਸੀਂ ਇਸ ਪ੍ਰੀਖਣ ਬਾਰੇ ਭਾਵੀ ਮਾਤਾ-ਪਿਤਾ ਨਾਲ ਕਿਵੇਂ ਸੰਪਰਕ ਕਰਾਂਗੇ।’’
‘‘ਕਲਪਨਾ ਕਰੋ ਕਿ ਇਸ ਦੁਖਦਾਈ ਸਥਿਤੀ ਦਾ ਸਾਹਮਣਾ ਕਰ ਰਹੇ ਇੱਕ ਮਾਤਾ-ਪਿਤਾ ਨੂੰ 22ਵੇਂ ਹਫ਼ਤੇ ਦੇ ਸ਼ੁਰੂ ਵਿੱਚ ਹੀ ਮਾੜੇ ਭਰੂਣ ਬਾਰੇ ਦੱਸਿਆ ਗਿਆ ਹੈ।
‘‘ਅਜਿਹੀ ਸਥਿਤੀ ਵਿੱਚ ਉਹ ਕਿਸੇ ਵੀ ਨਵੀਂ ਚੀਜ਼ ਲਈ ਬਹੁਤ ਉਤਸ਼ਾਹਿਤ ਹੋ ਸਕਦੇ ਹਨ, ਬੇਸ਼ੱਕ ਹੀ ਉਸ ਦਾ ਪ੍ਰੀਖਣ ਨਾ ਕੀਤਾ ਗਿਆ ਹੋਵੇ। ਮਾਤਾ-ਪਿਤਾ ਆਪਣੇ ਨਵਜਾਤ ਬੱਚੇ ਲਈ ਕੁਝ ਵੀ ਕਰ ਸਕਦੇ ਹਨ।’’
ਜਿਨ੍ਹਾਂ ਬੱਚਿਆਂ ਦਾ ਪਰੰਪਰਾਗਤ ਵਿਧੀ ਨਾਲ ਇਲਾਜ ਹੋ ਜਾਂਦਾ ਸੀ, ਉਨ੍ਹਾਂ ਦਾ ਇਲਾਜ ਨਵੀਂ ਤਕਨੀਕ ਨਾਲ ਕਰ ਸਕਦੇ ਹਾਂ, ਭਾਵੇਂ ਉਸ ਦਾ ਅਜੇ ਤੱਕ ਟੈਸਟ ਨਹੀਂ ਹੋਇਆ, ਇਸ ਵਿੱਚ ਜੋਖ਼ਮ ਦੀ ਦਰ ਬਹੁਤ ਘੱਟ ਹੈ।

ਤਸਵੀਰ ਸਰੋਤ, Getty Images
ਜੋਖ਼ਮ ਕੀ ਹੈ?
ਇੱਕ ਬੱਚੇ ਨੂੰ ਤੁਰੰਤ ਵਿਸਥਾਰਿਤ ਵਿਵਸਥਾ ’ਤੇ ਤਬਦੀਲ ਕਰਨ ਵਿੱਚ ਇੱਕ ਹੋਰ ਸਮੱਸਿਆ ਇਹ ਹੈ ਕਿ ਇਸ ਗੱਲ ਦਾ ਅੰਦਾਜ਼ਾ ਲਗਾਉਣ ਦਾ ਕੋਈ ਮੌਕਾ ਨਹੀਂ ਮਿਲਦਾ ਕਿ ਰਵਾਇਤੀ ਮੈਡੀਕਲ ਪ੍ਰਣਾਲੀ ਦਾ ਰਸਤਾ ਅਪਣਾਉਣ ’ਤੇ ਉਸ ਬੱਚੇ ਦਾ ਕੀ ਹੋਵੇਗਾ।
ਮਾਇਚਲਿਸਕਾ ਕਹਿੰਦੇ ਹਨ, ‘‘ਤੁਹਾਡੇ ਕੋਲ ਇਹ ਨਿਰਧਾਰਤ ਕਰਨ ਲਈ ਗਰਭ ਅਵਸਥਾ ਤੋਂ ਇਲਾਵਾ ਕੋਈ ਹੋਰ ਅੰਕੜਾ ਨਹੀਂ ਹੈ ਜਿਸ ਨਾਲ ਇਹ ਤੈਅ ਕੀਤਾ ਜਾ ਸਕੇ ਕਿ ਕਿਹੜੀ ਵਿਸਥਾਰਿਤ ਵਿਵਸਥਾ ਅਪਣਾਈ ਜਾਵੇਗੀ। ਕਿਉਂਕਿ ਬੱਚੇ ਨੇ ਅਜੇ ਜਨਮ ਨਹੀਂ ਲਿਆ ਹੈ, ਇਸ ਲਈ ਤੁਹਾਨੂੰ ਪਤਾ ਨਹੀਂ ਕਿ ਉਹ ਸਿਹਤ ਸਬੰਧੀ ਕਿਸ ਹਾਲਾਤ ਦਾ ਸਾਹਮਣਾ ਕਰ ਰਿਹਾ ਹੈ।’’
ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਜਿਨ੍ਹਾਂ ਬੱਚਿਆਂ ਵਿੱਚ ਰਵਾਇਤੀ ਇਲਾਜਾਂ ਤੋਂ ਬਿਹਤਰ ਨਤੀਜੇ ਦੇਖਣ ਨੂੰ ਮਿਲਣ, ਉਨ੍ਹਾਂ ਦਾ ਇਲਾਜ ਨਵੀਂ ਤਕਨੀਕ ਨਾਲ ਕੀਤਾ ਜਾ ਸਕਦਾ ਹੈ। ਹਾਲਾਂਕਿ ਅਜੇ ਉਸ ਦਾ ਪ੍ਰੀਖਣ ਨਹੀਂ ਹੋਇਆ ਹੈ।
ਇਸ ਵਿੱਚ ਜੋਖ਼ਮ ਦੀ ਸੰਭਾਵਨਾ ਬਹੁਤ ਘੱਟ ਹੈ। ਮਾਇਚਲਿਸਕਾ ਦਾ ਮੰਨਣਾ ਹੈ ਕਿ ਵਿਸਥਾਰਿਤ ਵਿਧੀ 22-23 ਹਫ਼ਤਿਆਂ ਦੀ ਗਰਭ ਅਵਸਥਾ ਵਾਲੇ ਸਮੇਂ ਤੋਂ ਬਹੁਤ ਪਹਿਲਾਂ ਜੰਮੇ ਬੱਚਿਆਂ ਲਈ ਫਾਇਦੇਮੰਦ ਸਾਬਿਤ ਹੋਵੇਗੀ।
ਇਹ ਬੱਚੇ ਉੱਚ ਮੌਤ ਦਰ ਅਤੇ ਜ਼ਿਆਦਾ ਬਿਮਾਰ ਹੋਣ ਨਾਲ ਗ੍ਰਸਤ ਹੁੰਦੇ ਹਨ।
ਕਿਉਂਕਿ ਇਹ ਗਰਭਨਾਲ ਧਮਣੀ ਦੀ ਬਜਾਏ ਗਲ਼ ਦੀ ਨਾੜੀ ਤੋਂ ਖੂਨ ਖਿੱਚਦਾ ਹੈ, ਇਸ ਲਈ ਡਾਕਟਰਾਂ ਕੋਲ ਮਾਇਚਲਿਸਕਾ ਦੇ ਬਣਾਉਟੀ ਗਰਭਨਾਲ ’ਤੇ ਬੱਚਿਆਂ ਨੂੰ ਰੱਖਣ ਲਈ ਜ਼ਿਆਦਾ ਸਮਾਂ ਹੁੰਦਾ ਹੈ।
ਇਹ ਡਾਕਟਰਾਂ ਨੂੰ ਜਨਮ ਦੇ ਬਾਅਦ ਬੱਚਿਆਂ ਨੂੰ ‘ਜੋਖ਼ਮ ਦਾ ਪੱਧਰ’ ਤੈਅ ਕਰਨ ਵਿੱਚ ਸਹਾਇਤਾ ਕਰਦਾ ਹੈ।
ਇਸ ਉਦੇਸ਼ ਨਾਲ ਸਿਰਫ਼ ਸਭ ਤੋਂ ਜ਼ਿਆਦਾ ਬਿਮਾਰ ਬੱਚਿਆਂ ਨੂੰ ਹੀ ਪ੍ਰੀਖਣ ਦੀ ਇਲਾਜ ਸ਼ਾਖਾ ਵਿੱਚ ਟਰਾਂਸਫਰ ਕੀਤਾ ਜਾਂਦਾ ਹੈ।
ਬੱਚਿਆਂ ਦਾ ਪਹਿਲਾਂ ਰਵਾਇਤੀ ਮੈਡੀਕਲ ਪ੍ਰਣਾਲੀ ਦੀ ਵਰਤੋਂ ਕਰਕੇ ਸੰਭਾਵਿਤ ਰੂਪ ਨਾਲ ਇਲਾਜ ਕੀਤਾ ਜਾ ਸਕਦਾ ਹੈ। ਜੇਕਰ ਉਹ ਠੀਕ ਨਹੀਂ ਹੋ ਰਹੇ ਹਨ ਤਾਂ ਬਾਅਦ ਵਿੱਚ ਬਣਾਉਟੀ ਗਰਭਨਾਲ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ।
ਹੋਰ ਦੋ ਤਕਨੀਕਾਂ ਤੋਂ ਹਟ ਕੇ, ਮਾਵਾਂ ਆਪਣੇ ਬੱਚਿਆਂ ਨੂੰ ਕੁਦਰਤੀ ਤੌਰ ’ਤੇ ਯਾਨੀ ਸਾਧਾਰਨ ਜਣੇਪੇ ਰਾਹੀਂ ਵੀ ਜਨਮ ਦੇ ਸਕਦੀਆਂ ਹਨ।
ਜੋ ਵੀ ਤਕਨੀਕ ਪਹਿਲਾਂ ਪ੍ਰੀਖਣ ਤੱਕ ਪਹੁੰਚੇ ਪਰ ਪ੍ਰੀਖਣ ਵਿੱਚ ਪਹਿਲੇ ਪ੍ਰਤੀਭਾਗੀ ਸ਼ਾਇਦ 24 ਹਫ਼ਤਿਆਂ ਤੋਂ ਪਹਿਲਾਂ ਪੈਦਾ ਹੋਏ ਬੱਚੇ ਹੋਣਗੇ। ਅਜਿਹੇ ਬੱਚੇ ਜਿਨ੍ਹਾਂ ਨੂੰ ਰਵਾਇਤੀ ਇਲਾਜ ਨਾਲ ਬੇਸ਼ੱਕ ਚੰਗੇ ਨਤੀਜੇ ਮਿਲੇ ਹੋਣ, ਪਰ ਫਿਰ ਵੀ ਉਨ੍ਹਾਂ ਦੇ ਜਿਊਂਦੇ ਰਹਿਣ ਦੀ ਸੰਭਾਵਨਾ ਬਹੁਤ ਘੱਟ ਹੋਵੇਗੀ।
ਮਾਇਚਲਿਸਕਾ ਦਾ ਕਹਿਣਾ ਹੈ, ‘‘ਮੈਨੂੰ ਲੱਗਦਾ ਹੈ ਕਿ ਇਹ ਤਕਨੀਕ ਸਮੇਂ ਤੋਂ ਪਹਿਲਾਂ ਪੈਦਾ ਹੋਏ ਬੱਚਿਆਂ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਵੇਗੀ ਅਤੇ ਬਣਾਉਟੀ ਗਰਭਨਾਲ ਅਤੇ ਵਿਸਥਾਰਿਤ ਵਿਧੀਆਂ ਇਸ ਦੇ ਇਲਾਜ ਦੀ ਦਿਸ਼ਾ ਵਿੱਚ ਸਹਾਇਕ ਸਾਬਿਤ ਹੋਣਗੀਆਂ।’’
‘‘ਪਰ ਇਸ ਵਿੱਚ ਸੰਭਾਵੀ ਜੋਖ਼ਮ ਵੀ ਹਨ, ਜਿਨ੍ਹਾਂ ਦਾ ਮੁਲਾਂਕਣ ਸ਼ੁਰੂਆਤੀ ਸੁਰੱਖਿਆ ਜਾਂਚ ਵਿੱਚ ਕੀਤਾ ਜਾਣਾ ਚਾਹੀਦਾ ਹੈ। ਮੇਰਾ ਮੰਨਣਾ ਹੈ ਕਿ ਇਸ ਤਕਨੀਕ ਦਾ ਸਭ ਤੋਂ ਪਹਿਲਾਂ ਪ੍ਰਯੋਗ ਉਨ੍ਹਾਂ ਬੱਚਿਆਂ ’ਤੇ ਹੋਣਾ ਚਾਹੀਦਾ ਹੈ ਜਿਨ੍ਹਾਂ ਦੇ ਬਚਣ ਦੀ ਸੰਭਾਵਨਾ ਘੱਟ ਹੈ।
‘‘ਜਦੋਂ ਅਸੀਂ ਇਸ ਤਕਨੀਕ ਦੇ ਜੋਖ਼ਮ ਅਤੇ ਇਹ ਕਿੰਨੀ ਪ੍ਰਭਾਵਸ਼ਾਲੀ ਹੈ, ਦਾ ਪਤਾ ਲਗਾ ਲਵਾਂਗੇ, ਉਦੋਂ ਇਸ ਨੂੰ ਸਮੇਂ ਤੋਂ ਪਹਿਲਾਂ ਜੰਮੇ ਬੱਚਿਆਂ ’ਤੇ ਵੀ ਲਾਗੂ ਕੀਤਾ ਜਾਣਾ ਚਾਹੀਦਾ ਹੈ।’’












