'ਦਿਮਾਗ ਖ਼ਾਣ ਵਾਲੇ ਅਮੀਬਾ' ਨੂੰ 14 ਸਾਲ ਦੇ ਅਫ਼ਨਾਨ ਨੇ ਕਿਵੇਂ ਮਾਤ ਦਿੱਤੀ, ਹੁਣ ਤੱਕ ਦੁਨੀਆਂ ’ਚ ਕਿੰਨੇ ਲੋਕ ਬਚੇ ਹਨ

ਤਸਵੀਰ ਸਰੋਤ, MK Siddiqui
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੀਬੀਸੀ ਸਹਿਯੋਗੀ
ਸੋਸ਼ਲ ਮੀਡੀਆ 'ਤੇ ਇੱਕ ਜਨਤਕ ਜਾਗਰੂਕਤਾ ਮੁਹਿੰਮ ਨੇ ਕੇਰਲ ਦੇ ਇੱਕ 14 ਸਾਲਾ ਵਿਦਿਆਰਥੀ ਨੂੰ ਦਿਮਾਗ਼ ਖਾਣ ਵਾਲੇ ਅਮੀਬਾ ਤੋਂ ਬਚਣ ਵਾਲਾ ਦੁਨੀਆਂ ਦਾ ਨੌਵਾਂ ਵਿਅਕਤੀ ਬਣਾ ਦਿੱਤਾ ਹੈ।
ਕੋਜ਼ੀਕੋਡ ਦੇ ਹਸਪਤਾਲ ਵਿੱਚ 22 ਦਿਨਾਂ ਤੱਕ ਰਹਿਣ ਤੋਂ ਬਾਅਦ ਅਫ਼ਨਾਨ ਜਾਸਿਮ ਦੇ ਘਰ ਪਰਤਣ ਦਾ ਮੁੱਖ ਕਾਰਨ ਬਿਮਾਰੀ ਦਾ ਜਲਦੀ ਪਤਾ ਲੱਗ ਜਾਣਾ ਸੀ।
ਇਹ ਸਭ ਤੋਂ ਵੱਡਾ ਕਾਰਨ ਹੈ ਜਿਸ ਕਾਰਨ ਬਾਕੀ ਅੱਠ ਲੋਕ ਵੀ ਇਸ ਮਾਰੂ ਬਿਮਾਰੀ ਤੋਂ ਬਚ ਸਕੇ।
ਇਸ ਬਿਮਾਰੀ ਨੂੰ ਪ੍ਰਾਇਮਰੀ ਅਮੀਬਿਕ ਮੇਂਨਿਗੋਏਨਸੇਫਲਾਈਟਿਸ (ਪੀਏਐੱਮ) ਵਜੋਂ ਜਾਣਿਆ ਜਾਂਦਾ ਹੈ।
ਪੀਏਐੱਮ, ਨੀਗਲੋਰਿਆ ਫ਼ਾਵਲੇਰੀ ਅਮੀਬਾ ਦਾ ਕਾਰਨ ਹੁੰਦਾ ਹੈ, ਜਿਸ ਨਾਲ ਮੌਤ ਦਰ ਤਕਰੀਬਨ 97 ਫ਼ੀਸਦ ਹੈ।
ਯੂਐੱਸ ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਵੱਲੋਂ ਪ੍ਰਕਾਸ਼ਿਤ ਇੱਕ ਖੋਜ ਪੱਤਰ ਦੇ ਮੁਤਾਬਕ, 1971 ਤੋਂ 2023 ਦੇ ਵਿਚਕਾਰ, ਆਸਟਰੇਲੀਆ, ਅਮਰੀਕਾ, ਮੈਕਸੀਕੋ ਅਤੇ ਪਾਕਿਸਤਾਨ ਵਰਗੇ ਚਾਰ ਦੇਸ਼ਾਂ ਵਿੱਚ ਸਿਰਫ ਅੱਠ ਲੋਕ ਇਸ ਘਾਤਕ ਬਿਮਾਰੀ ਤੋਂ ਬਚੇ ਹਨ।
ਇਹ ਉਦੋਂ ਹੀ ਸੰਭਵ ਹੋ ਸਕਦਾ ਹੈ, ਜਦੋਂ 9 ਘੰਟਿਆਂ ਤੋਂ ਪੰਜ ਦਿਨਾਂ ਦੇ ਅੰਦਰ-ਅੰਦਰ ਬਿਮਾਰੀ ਦਾ ਪਤਾ ਲੱਗ ਗਿਆ ਸੀ।
ਸਿਰ ਦਰਦ ਤੋਂ ਬਾਅਦ ਅਫ਼ਨਾਨ ਨੂੰ ਦੌਰੇ ਪੈਣੇ ਸ਼ੁਰੂ ਹੋ ਗਏ, ਜਿਸ ਕਾਰਨ ਉਸ ਦਾ ਪਰਿਵਾਰ ਡਰ ਗਿਆ ਸੀ।
ਇਲਾਜ ਦੇ ਪਹਿਲੇ ਦੋ ਦਿਨਾਂ ਤੱਕ, ਅਫ਼ਨਾਨ ਦੌਰੇ ਤੋਂ ਬਾਅਦ ਦੀ ਸਥਿਤੀ ਵਿੱਚ ਰਿਹਾ।
ਕੋਜ਼ੀਕੋਡ ਦੇ ਬੇਬੀ ਮੈਮੋਰੀਅਲ ਹਸਪਤਾਲ ਦੇ ਸਲਾਹਕਾਰ ਪੀਡੀਆਟ੍ਰਿਕ ਇੰਟੈਂਸਿਵਿਸਟ ਡਾਕਟਰ ਅਬਦੁਲ ਰਾਊਫ ਨੇ ਬੀਬੀਸੀ ਨੂੰ ਦੱਸਿਆ।
“ਜਦੋਂ ਅਫ਼ਨਾਨ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਉਦੋਂ ਤੱਕ ਇਸ ਬਿਮਾਰੀ ਨਾਲ ਕੇਰਲ ਵਿੱਚ ਤਿੰਨ ਮੌਤਾਂ ਹੋ ਚੁੱਕੀਆਂ ਸਨ। ਇਨ੍ਹਾਂ ਵਿੱਚੋਂ ਦੋ ਕੇਸ ਬਹੁਤ ਬਾਅਦ ਵਿੱਚ ਰੈਫਰ ਕੀਤੇ ਗਏ ਸਨ।”
“ਇਸ ਤੋਂ ਬਾਅਦ ਅਸੀਂ ਸਰਕਾਰ ਨੂੰ ਸੂਚਿਤ ਕੀਤਾ ਕਿ ਇਹ ਜਨਤਕ ਸਿਹਤ ਦਾ ਮੁੱਦਾ ਹੈ ਅਤੇ ਇਸ ਸਬੰਧੀ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ।”

ਡਾਕਟਰ ਰਊਫ ਨੇ ਅਫ਼ਨਾਨ ਦਾ ਸਹੀ ਸਮੇਂ 'ਤੇ ਇਲਾਜ ਕੀਤਾ ਜਾਣ ਦਾ ਪੂਰਾ ਸਿਹਰਾ ਅਫ਼ਨਾਨ ਦੇ ਪਿਤਾ ਐੱਮ ਕੇ ਸਿੱਦੀਕੀ ਨੂੰ ਦਿੰਦੇ ਹਨ।
ਉਸ ਦਾ ਕਹਿਣਾ ਹੈ ਕਿ ਉਸ ਨੇ ਦੱਸਿਆ ਸੀ ਕਿ ਕੁਝ ਦਿਨ ਪਹਿਲਾਂ ਉਸ ਦਾ ਬੇਟਾ ਕੋਜ਼ੀਕੋਡ ਜ਼ਿਲ੍ਹੇ ਦੇ ਪਯੋਲੀ ਨਗਰਪਾਲਿਕਾ ਅਧੀਨ ਪੈਂਦੇ ਪਿੰਡ ਤਿਕੋਟੀ ਦੇ ਇੱਕ ਛੱਪੜ ਵਿੱਚ ਤੈਰਨ ਲਈ ਗਿਆ ਸੀ।
ਪਸ਼ੂ ਪਾਲਣ ਦਾ ਕੰਮ ਕਰਨ ਵਾਲੇ 46 ਸਾਲਾ ਸਿੱਦੀਕੀ ਨੇ ਬੀਬੀਸੀ ਨੂੰ ਦੱਸਿਆ, "ਮੈਂ ਸੋਸ਼ਲ ਮੀਡੀਆ 'ਤੇ ਨਿਪਾਹ ਵਾਇਰਸ ਦੇ ਲੱਛਣਾਂ ਬਾਰੇ ਪੜ੍ਹ ਰਿਹਾ ਸੀ, ਉਦੋਂ ਮੈਨੂੰ ਅਮੀਬਾ ਬੈਕਟੀਰੀਆ ਬਾਰੇ ਪਤਾ ਲੱਗਾ। ਮੈਂ ਲਾਗ ਕਾਰਨ ਹੋਣ ਵਾਲੇ ਦੌਰੇ ਬਾਰੇ ਪੜ੍ਹਿਆ।”
“ਜਿਵੇਂ ਹੀ ਅਫ਼ਨਾਨ ਨੂੰ ਦੌਰੇ ਪੈਣੇ ਸ਼ੁਰੂ ਹੋਏ, ਮੈਂ ਉਸਨੂੰ ਸਥਾਨਕ ਹਸਪਤਾਲ ਲੈ ਗਿਆ। ਜਦੋਂ ਦੌਰੇ ਨਾ ਰੁਕੇ ਤਾਂ ਮੈਂ ਉਸ ਨੂੰ ਵਡਾਕਾਰਾ ਦੇ ਇੱਕ ਹੋਰ ਹਸਪਤਾਲ ਲੈ ਗਿਆ, ਪਰ ਉੱਥੇ ਕੋਈ ਨਿਊਰੋਲੋਜਿਸਟ ਨਹੀਂ ਸੀ। ਉਨ੍ਹਾਂ ਨੇ ਹੀ ਅਫ਼ਨਾਨ ਨੂੰ ਬੇਬੀ ਮੈਮੋਰੀਅਲ ਹਸਪਤਾਲ ਲਈ ਰੈਫਰ ਕੀਤਾ ਸੀ।"
ਅਫ਼ਨਾਨ ਦੇ ਪਿਤਾ ਨੇ ਕਿਹਾ, ''ਮੈਂ ਡਾਕਟਰ ਤੋਂ ਜਾਣਨਾ ਚਾਹੁੰਦਾ ਸੀ ਕਿ ਉਸ ਨੂੰ ਦੌਰੇ ਕਿਉਂ ਹੋ ਰਹੇ ਹਨ।
ਕਿਉਂਕਿ ਇਸ ਤੋਂ ਪਹਿਲਾਂ ਉਸ ਨਾਲ ਅਜਿਹਾ ਨਹੀਂ ਹੋਇਆ ਸੀ। ਇਸ ਲਈ ਮੈਂ ਡਾਕਟਰ ਨੂੰ ਦੱਸਿਆ ਕਿ ਉਹ ਪੰਜ ਦਿਨ ਪਹਿਲਾਂ ਛੱਪੜ ਵਿੱਚ ਤੈਰਾਕੀ ਕਰਨ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਸਿਰਦਰਦ ਅਤੇ ਫਿਰ ਬੁਖਾਰ ਹੋ ਗਿਆ।"

ਤਸਵੀਰ ਸਰੋਤ, Getty Images
ਅਮੀਬਾ ਦਿਮਾਗ ਤੱਕ ਕਿਵੇਂ ਪਹੁੰਚਦਾ ਹੈ?
ਐੱਨ ਫੋਲੇਰੀ ਅਮੀਬਾ ਨੱਕ ਰਾਹੀਂ ਮਨੁੱਖੀ ਸਰੀਰ ਵਿੱਚ ਦਾਖ਼ਲ ਹੁੰਦਾ ਹੈ ਅਤੇ ਇੱਥੋਂ ਇਹ ਦਿਮਾਗ ਦੇ ਹੇਠਾਂ ਮੌਜੂਦ ਕ੍ਰਿਬਰਿਫਾਰਮ ਪਲੇਟ ਰਾਹੀਂ ਦਿਮਾਗ ਤੱਕ ਪਹੁੰਚਦਾ ਹੈ।
ਡਾਕਟਰ ਰਊਫ਼ ਕਹਿੰਦੇ ਹਨ, “ਇਹ ਇੱਕ ਪਰਜੀਵੀ ਹੈ ਜੋ ਵੱਖ-ਵੱਖ ਰਸਾਇਣਾਂ ਨੂੰ ਛੱਡਦਾ ਹੈ ਅਤੇ ਦਿਮਾਗ ਨੂੰ ਨਸ਼ਟ ਕਰ ਦਿੰਦਾ ਹੈ।"
“ਇਸ ਦੇ ਮੁੱਖ ਲੱਛਣ ਹਨ ਬੁਖਾਰ, ਤੇਜ਼ ਸਿਰ ਦਰਦ, ਗਲ਼ੇ ਵਿੱਚ ਅਕੜਾਅ ਹੋਣਾ, ਬੇਹੋਸ਼ੀ ਹੋਣਾ, ਦੌਰੇ ਪੈਣਾ ਤੇ ਕੋਮਾ ਦੀ ਸਥਿਤੀ ਵਿੱਚ ਚਲੇ ਜਾਣਾ।”
ਜ਼ਿਆਦਾਤਰ ਮਰੀਜ਼ ਖੋਪੜੀ ਵਿੱਚ ਜ਼ਿਆਦਾ ਦਬਾਅ ਕਾਰਨ ਮਰ ਜਾਂਦੇ ਹਨ।

ਡਾਕਟਰ ਰਊਫ਼ ਨੇ ਕਿਹਾ, “ਇਹ ਤਾਜ਼ੇ ਪਾਣੀ ਦੀਆਂ ਝੀਲਾਂ ਵਿੱਚ ਪਾਇਆ ਜਾਂਦਾ ਹੈ, ਖ਼ਾਸ ਕਰਕੇ ਗਰਮ ਪਾਣੀ ਦੀਆਂ ਝੀਲਾਂ ਵਿੱਚ।”
“ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਲੋਕਾਂ ਨੂੰ ਪਾਣੀ ਵਿੱਚ ਛਾਲ ਨਹੀਂ ਮਾਰਨੀ ਚਾਹੀਦੀ ਅਤੇ ਨਾ ਹੀ ਡੁਬਕੀ ਲਗਾਉਣੀ ਚਾਹੀਦੀ ਹੈ। ਇਸ ਮਾਧਿਅਮ ਰਾਹੀਂ ਹੀ ਅਮੀਬਾ ਸਰੀਰ ਵਿੱਚ ਦਾਖਲ ਹੁੰਦਾ ਹੈ।"
“ਜੇਕਰ ਪਾਣੀ ਪ੍ਰਦੂਸ਼ਿਤ ਹੈ, ਤਾਂ ਅਮੀਬਾ ਤੁਹਾਡੇ ਨੱਕ ਰਾਹੀਂ ਸਰੀਰ ਵਿੱਚ ਦਾਖਲ ਹੁੰਦਾ ਹੈ। ਪਾਣੀ ਦੇ ਪ੍ਰਦੂਸ਼ਿਤ ਤੱਤਾਂ ਅਤੇ ਇੱਥੋਂ ਤੱਕ ਕਿ ਸਵਿਮਿੰਗ ਪੂਲ ਤੋਂ ਵੀ ਦੂਰ ਰਹਿਣਾ ਸਭ ਤੋਂ ਵਧੀਆ ਬਚਾਅ ਹੈ।
“ਜੇ ਕੋਈ ਤੈਰਾਕੀ ਕਰ ਰਿਹਾ ਹੈ ਤਾਂ ਉਸ ਨੂੰ ਆਪਣੇ ਚਿਹਰਿਆਂ ਨੂੰ ਪਾਣੀ ਤੋਂ ਉੱਪਰ ਰੱਖਣਾ ਚਾਹੀਦਾ ਹੈ। ਪਾਣੀ ਵਿੱਚ ਕਲੋਰੀਨ ਮਿਲਾਉਣਾ ਬਹੁਤ ਜ਼ਰੂਰੀ ਹੈ।"
ਪਰ ਕਰਨਾਟਕ ਦੇ ਮੈਂਗਲੁਰੂ ਵਿੱਚ ਕਸਤੂਰਬਾ ਮੈਡੀਕਲ ਕਾਲਜ ਵੱਲੋਂ ਜਾਰੀ ਇੱਕ ਖੋਜ ਪੱਤਰ ਵਿੱਚ, ਐੱਨ ਫੋਲੇਰੀ ਅਮੀਬਾ ਦੀ ਲਾਗ ਦੇ ਮਾਮਲਿਆਂ ਦਾ ਵੀ ਹਵਾਲਾ ਦਿੱਤਾ ਗਿਆ ਹੈ,
ਜੋ ਕਿ ਨਾਈਜੀਰੀਆ ਅਤੇ ਮੈਂਗਲੁਰੂ ਵਿੱਚ ਪਾਣੀ ਦੇ ਸਰੋਤਾਂ ਤੋਂ ਹੋਇਆ ਹੈ।
ਇੱਥੋਂ ਦਾ ਨਹਾਉਣ ਵਾਲਾ ਪਾਣੀ ਵੀ ਇਸ ਬਿਮਾਰੀ ਦਾ ਸਰੋਤ ਸੀ।
ਪਾਕਿਸਤਾਨ ਦੀ ਇੱਕ ਟੀਮ ਦੁਆਰਾ ਅਪ੍ਰੈਲ 2024 ਵਿੱਚ ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ, ਯੂਐੱਸ ਵਿੱਚ ਪ੍ਰਕਾਸ਼ਿਤ ਇੱਕ ਖੋਜ ਪੱਤਰ ਦੇ ਮੁਤਾਬਿਕ, ਇਸ ਬਿਮਾਰੀ ਤੋਂ ਬਚਣ ਵਾਲਿਆਂ ਦੀ ਉਮਰ 9 ਸਾਲ ਤੋਂ 25 ਸਾਲ ਦੇ ਵਿਚਕਾਰ ਹੈ।

ਤਸਵੀਰ ਸਰੋਤ, Baby Memorial Hospital
ਇਲਾਜ ਕੀ ਹੈ?
ਡਾਕਟਰ ਰਊਫ ਨੇ ਕਿਹਾ, "ਦੁਨੀਆ ਭਰ ਵਿੱਚ ਹੁਣ ਤੱਕ ਪੀਏਐੱਮ ਦੇ 400 ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਭਾਰਤ ਵਿੱਚ 30 ਮਾਮਲੇ ਦੇਖੇ ਗਏ। ਕੇਰਲ ਵਿੱਚ 2018 ਅਤੇ 2020 ਵਿੱਚ ਇੱਕ-ਇੱਕ ਕੇਸ ਸਾਹਮਣੇ ਆਇਆ ਹੈ ਅਤੇ ਇਸ ਸਾਲ ਪੰਜ ਮਾਮਲੇ ਸਾਹਮਣੇ ਆਏ ਹਨ।"
ਅਫ਼ਨਾਨ ਦੇ ਕੇਸ ਵਿੱਚ, ਡਾਕਟਰਾਂ ਨੇ ਲੱਛਣਾਂ ਦੀ ਸ਼ੁਰੂਆਤ ਦੇ 24 ਘੰਟਿਆਂ ਦੇ ਅੰਦਰ ਲੰਬਰ ਟ੍ਰੀਟਮੈਂਟ ਅਤੇ ਐਂਟੀ-ਮਾਈਕਰੋਬਾਇਲ ਡਰੱਗਜ਼ (ਐੱਮਫ਼ੋਟੇਰੀਸਿਨ ਬੀ, ਰਿਫੈਮਪਿਨ ਅਤੇ ਅਜ਼ੀਥਰੋਮਾਈਸਿਨ) ਦੋਵਾਂ ਦੀ ਵਰਤੋਂ ਕੀਤੀ।
ਉਹ ਦੱਸਦੇ ਹਨ, "ਅਸੀਂ ਮਰੀਜ਼ ਦੇ ਸੇਰੇਬ੍ਰੋਸਪਾਈਨਲ ਤਰਲ ਵਿੱਚ ਐੱਨ. ਫ਼ਾਵਲੇਰੀ ਦਾ ਪਤਾ ਲਗਾਉਣ ਲਈ ਅਸੀਂ ਪੀਸੀਆਰ (ਪੋਲੀਮੇਰੇਜ਼ ਚੇਨ ਰਿਐਕਸ਼ਨ) ਕੀਤਾ।"
ਉਹ ਕਹਿੰਦੇ ਹਨ, “ਅਸੀਂ ਉਸ ਨੂੰ ਮਿਲਟੇਫੋਸਾਈਨ ਦਿੱਤਾ, ਜੋ ਪਹਿਲਾਂ ਮਿਲਣਾ ਇੱਕ ਔਖਾ ਕੰਮ ਸੀ। ਜਦੋਂ ਅਜਿਹੇ ਮਾਮਲੇ ਸਾਹਮਣੇ ਆਉਣ ਲੱਗੇ ਤਾਂ ਸਰਕਾਰ ਨੇ ਇਸ ਨੂੰ ਜਰਮਨੀ ਤੋਂ ਮੰਗਵਾਇਆ।”
“ਇਹ ਦਵਾਈ ਭਾਰਤ ਵਿੱਚ ਦੁਰਲੱਭ ਬਿਮਾਰੀਆਂ ਦੇ ਇਲਾਜ ਲਈ ਵਰਤੀ ਜਾਂਦੀ ਹੈ ਪਰ ਇਹ ਬਹੁਤ ਮਹਿੰਗੀ ਨਹੀਂ ਹੈ।"
ਡਾਕਟਰ ਰਊਫ਼ ਕਹਿੰਦੇ ਹਨ, “ਪਹਿਲੇ ਦਿਨ ਦੌਰੇ ਪੈਣ ਕਾਰਨ ਮਰੀਜ਼ ਬਹੁਤੀ ਹੋਸ਼ ਵਿੱਚ ਨਹੀਂ ਸੀ। ਤਿੰਨ ਦਿਨਾਂ ਵਿੱਚ ਅਫ਼ਨਾਨ ਦੀ ਹਾਲਤ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ।”
“ਇੱਕ ਹਫ਼ਤੇ ਬਾਅਦ, ਅਸੀਂ ਦੁਬਾਰਾ ਲੰਬਰ ਪੰਕਚਰ ਦਾ ਸਹਾਰਾ ਲਿਆ ਅਤੇ ਨਮੂਨੇ ਦਾ ਨਤੀਜਾ ਨੈਗੇਟਿਵ ਆਇਆ। ਅਸੀਂ ਉਸਨੂੰ ਇੱਕ ਕਮਰੇ ਵਿੱਚ ਸ਼ਿਫਟ ਕੀਤਾ ਅਤੇ ਇਲਾਜ ਜਾਰੀ ਰੱਖਿਆ।"
ਅਫ਼ਨਾਨ ਦੀ ਦਵਾਈ ਅਗਲੇ ਇੱਕ ਮਹੀਨੇ ਤੱਕ ਜਾਰੀ ਰਹੇਗੀ। ਫਿਲਹਾਲ ਉਹ ਘਰ 'ਚ ਆਰਾਮ ਕਰ ਰਹੇ ਹਨ ਅਤੇ 10ਵੀਂ ਜਮਾਤ ਵਿੱਚ ਆਪਣੀ ਪੜ੍ਹਾਈ ਜਾਰੀ ਰੱਖਣ ਦੀ ਉਮੀਦ ਕਰ ਰਹੇ ਹਨ।
ਅਫ਼ਨਾਨ ਦੇ ਪਿਤਾ ਨੇ ਬੀਬੀਸੀ ਨੂੰ ਆਪਣੇ ਬੇਟੇ ਦੀ ਇੱਕ ਦਿਲਚਸਪ ਕਹਾਣੀ ਸੁਣਾਈ।
ਹੱਸਦੇ ਹੋਏ ਸਿੱਦੀਕੀ ਨੇ ਕਿਹਾ, “ਡਾਕਟਰਾਂ ਨੇ ਉਸ ਨੂੰ ਪੁੱਛਿਆ ਕਿ ਉਹ ਭਵਿੱਖ ਵਿੱਚ ਕੀ ਪੜ੍ਹਨਾ ਚਾਹੁੰਦਾ ਹੈ। ਉਸਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਨਰਸਿੰਗ ਵਿੱਚ ਡਿਗਰੀ ਪ੍ਰਾਪਤ ਕਰਨਾ ਚਾਹੁੰਦਾ ਹੈ।”
“ਉਹ ਹਸਪਤਾਲਾਂ ਵਿੱਚ ਨਰਸਾਂ ਦੇ ਕੰਮ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸਨੇ ਡਾਕਟਰ ਨੂੰ ਦੱਸਿਆ ਕਿ ਉਹ ਆਪਣੇ ਮਰੀਜ਼ਾਂ ਲਈ ਸਖ਼ਤ ਮਿਹਨਤ ਕਰਦੀਆਂ ਹਨ।"












