ਮੁਫ਼ਤ ਦਾ ਖਾਣਾ ਤੇ 'ਨਸ਼ੇੜੀ ਬਣਾਉਣ ਵਾਲੀਆਂ' ਟਾਫੀਆਂ ਜਦੋਂ ਇੱਕ ਸੰਸਥਾ ਨੇ ਅਣਜਾਣੇ ਵਿੱਚ ਹੀ ਵੰਡ ਦਿੱਤੀਆਂ

ਤਸਵੀਰ ਸਰੋਤ, The Auckland City Mission
- ਲੇਖਕ, ਫੈਨ ਵੈਂਗ
- ਰੋਲ, ਬੀਬੀਸੀ ਪੱਤਰਕਾਰ
ਨਿਊਜ਼ੀਲੈਂਡ ਪੁਲਿਸ ਹੁਣ ਉਨ੍ਹਾਂ ਟਾਫ਼ੀਆਂ ਦੀ ਜੜ੍ਹ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਨ੍ਹਾਂ ਉੱਤੇ ਖ਼ਤਰਨਾਕ ਪੱਧਰ ਤੱਕ ਦੇ ਨਸ਼ੀਲੇ ਪਦਾਰਥ ਮੈਥਾਮਫੈਟਾਮਾਈਨ ਦੀ ਪਰਤ ਚੜ੍ਹੀ ਹੋਈ ਸੀ। ਇਹ ਟਾਫੀਆਂ ਔਕਲੈਂਡ ਦੀ ਇੱਕ ਦਾਨੀ ਸੰਸਥਾ ਵੱਲੋ ਵੰਡੀਆਂ ਗਈਆਂ ਸਨ।
ਗਰੀਬੀ ਖਿਲਾਫ਼ ਕੰਮ ਕਰਨ ਵਾਲੀ ਔਕਲੈਂਡ ਦੀ ਦਾਨੀ ਸੰਸਥਾ 'ਔਕਲੈਂਡ ਸਿਟੀ ਮਿਸ਼ਨ' ਨੇ ਖਾਣੇ ਦੇ ਪੈਕਟਾਂ ਦੇ ਹਿੱਸੇ ਵਜੋਂ ਟਾਫ਼ੀਆਂ ਕਰੀਬ 400 ਲੋਕਾਂ ਵਿੱਚ ਵੰਡੀਆਂ ਸਨ।
ਪੁਲਿਸ ਨੇ ਦੱਸਿਆ ਕਿ ਟਾਫੀਆਂ ਦਾ ਪੈਕਟ ਸੰਸਥਾ ਵੱਲੋਂ ਕਿਸੇ ਨੂੰ ਗੁਪਤ ਦਾਨ ਕੀਤਾ ਗਿਆ ਸੀ।
ਟਾਫੀਆਂ ਖਾਣ ਤੋਂ ਬਾਅਦ ਘੱਟੋ-ਘੱਟ ਤਿੰਨ ਜਣਿਆਂ ਨੂੰ, ਜਿਨ੍ਹਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਸੀ, ਡਾਕਟਰੀ ਸਹਾਇਤਾ ਦੀ ਲੋੜ ਪਈ। ਹਾਲਾਂਕਿ ਹੁਣ ਇਨ੍ਹਾਂ ਵਿੱਚੋਂ ਕੋਈ ਵੀ ਹਸਪਤਾਲ ਵਿੱਚ ਨਹੀਂ ਹੈ।
ਸੰਸਥਾ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ, “ਜਦੋਂ ਟਾਫ਼ੀਆਂ ਵੰਡੀਆਂ ਗਈਆਂ ਸਨ ਉਦੋਂ ਸਾਨੂੰ ਨਹੀਂ ਪਤਾ ਸੀ ਕਿ ਇਨ੍ਹਾਂ ਵਿੱਚ ਮੈਥਾਮਫੈਟਾਮਾਈਨ ਸੀ।”
ਨਿਊਜ਼ੀਲੈਂਡ ਡਰੱਗ ਫਾਊਂਡੇਸ਼ਨ ਮੁਤਾਬਕ ਹਰੇਕ ਟਾਫ਼ੀ ਦੀ ਕੀਮਤ ਸਥਾਨਕ ਕਰੰਸੀ ਵਿੱਚ 1000 ਹੋ ਸਕਦੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਜਿੱਥੇ ਇਹ ਘਟਨਾ ਸੰਜੋਗ ਮਾਤਰ ਵੀ ਹੋ ਸਕਦੀ ਹੈ ਲੇਕਿਨ ਪੁਲਿਸ ਅਜੇ ਕਿਸੇ ਨਤੀਜੇ ਉੱਤੇ ਨਹੀਂ ਪਹੁੰਚੀ।
ਟਾਫੀਆਂ ਵੰਡਣ ਵਾਲੀ ਸੰਸਥਾ ਨੇ ਪੁਲਿਸ ਨੂੰ ਇਸ ਬਾਰੇ ਮੰਗਲਵਾਰ ਨੂੰ ਸੂਚਿਤ ਕੀਤਾ, ਜਦੋਂ ਟਾਫ਼ੀ ਲੈਣ ਵਾਲੇ ਇੱਕ ਵਿਅਕਤੀ ਨੇ ਟਾਫੀਆਂ ਦਾ ਸਵਾਦ ਵੱਖ ਹੋਣ ਬਾਰੇ ਦੱਸਿਆ।
ਔਕਲੈਂਡ ਸੀਟੀ ਮਿਸ਼ਨ ਦੇ ਮੁਖੀ ਹੇਲਿਨ ਰੌਬਿਨਸਨ ਮੁਤਾਬਕ ਸੰਸਥਾ ਦੇ ਕੁਝ ਕਰਮੀਆਂ ਨੇ ਵੀ ਟਾਫੀਆਂ ਖਾਧੀਆਂ ਅਤੇ ਮਿਲੀ ਸ਼ਿਕਾਇਤ ਨਾਲ ਸਹਿਮਤੀ ਜ਼ਾਹਰ ਕੀਤੀ, ਉਸ ਤੋਂ ਬਾਅਦ ਉਨ੍ਹਾਂ ਨੂੰ ਮਜ਼ਾਕੀਆ ਵੀ ਮਹਿਸੂਸ ਹੋਇਆ।
ਇਸ ਤੋਂ ਬਾਅਦ ਬਾਕੀ ਬਚੀਆਂ ਟਾਫੀਆਂ ਨਿਊਜ਼ੀਲੈਂਡ ਡਰੱਗ ਫਾਊਂਡੇਸ਼ਨ ਨੂੰ ਜਾਂਚ ਲਈ ਭੇਜੀਆਂ ਗਈਆਂ। ਜਿਸ ਨੇ ਨਮੂਨਿਆਂ ਵਿੱਚ ਮੈਥਾਮਫੈਟਾਮਾਈਨ ਦੀ ਖਤਰਨਾਕ ਮਾਤਰਾ ਮੌਜੂਦ ਹੋਣ ਦੀ ਪੁਸ਼ਟੀ ਕੀਤੀ।
ਆਪਣੇ ਇੱਕ ਬਿਆਨ ਵਿੱਚ ਫਾਊਂਡੇਸ਼ਨ ਨੇ ਕਿਹਾ ਕਿ ਉਨ੍ਹਾਂ ਨੂੰ ਜਾਂਚ ਲਈ ਭੇਜੀਆਂ ਗਈਆਂ ਟਾਫ਼ੀਆਂ ਵਿੱਚ ਤਿੰਨ ਗ੍ਰਾਮ ਤੱਕ ਮੈਥਾਮਫੈਟਾਮਾਈਨ ਮਿਲਿਆ ਹੈ।
ਫਾਊਂਡੇਸ਼ਨ ਦੀ ਮੁਖੀ ਸਾਰ੍ਹਾ ਹੈਲਮ ਨੇ ਦੱਸਿਆ, “ਮੂੰਹ ਰਾਹੀਂ ਲੰਘਾਉਣ ਲਈ ਸਧਾਰਨ ਮਾਤਰਾ 10-25 ਮਿਲੀ ਗ੍ਰਾਮ ਹੈ, ਇਸ ਲਈ ਇਸ ਦੂਸ਼ਿਤ ਟਾਫ਼ੀ ਉੱਤੇ 300 ਤੱਕ ਖੁਰਾਕਾਂ ਸਨ। ਨਸ਼ੇ ਦੀ ਇੰਨੀ ਮਾਤਰਾ ਖਾਣਾ ਬੇਹੱਦ ਖ਼ਤਰਨਾਕ ਹੈ ਅਤੇ ਮੌਤ ਵੀ ਹੋ ਸਕਦੀ ਹੈ।”
ਜਿਸ ਨੂੰ ਮਿਲੇ, ਪੁਲਿਸ ਨੂੰ ਦੱਸੇ

ਫਾਊਂਡੇਸ਼ਨ ਮੁਤਾਬਕ ਮੈਥਾਮਫੈਟਾਮਾਈਨ ਕਾਰਨ ਛਾਤੀ ਵਿੱਚ ਦਰਦ, ਦਿਲ ਦੀ ਧੜਕਣ ਦਾ ਬਹੁਤ ਜ਼ਿਆਦਾ ਵਧ ਜਾਣਾ, ਦੌਰੇ, ਹਾਈਪਰਥਰਮੀਆ, ਡਿਲੇਰੀਅਮ ਅਤੇ ਬੇਹੋਸ਼ੀ ਹੋ ਸਕਦੀ ਹੈ।
ਰੌਬਿਨਸਨ ਦੇ ਮੁਕਾਬਕ ਉਨ੍ਹਾਂ ਦੀ ਸੰਸਥਾ ਹਰ ਸਾਲ ਖਾਣੇ ਦੇ 50,000 ਪੈਕਟ ਵੰਡਦਾ ਹੈ ਜਿਨ੍ਹਾਂ ਵਿੱਚ ਸਿਰਫ਼ ਕਮਰਸ਼ੀਅਲ ਤੌਰ ਉੱਤੇ ਤਿਆਰ ਖੁਰਾਕੀ ਵਸਤਾਂ ਹੀ ਸ਼ਾਮਲ ਕੀਤੀਆਂ ਜਾਂਦੀਆਂ ਹਨ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਕਿਸੇ ਨੂੰ ਵੀ ਅਨਾਨਾਸ ਦੇ ਸੁਆਦ ਵਾਲੀ ਪੀਲੇ ਰੰਗ ਦੇ ਕਾਗਜ਼ ਵਿੱਚ ਲਪੇਟੀ ਹੋਈ ਟਾਫ਼ੀ ਮਿਲੇ, ਉਹ ਪੁਲਿਸ ਨੂੰ ਸੂਚਿਤ ਕਰੇ।
ਬੁੱਧਵਾਰ ਨੂੰ ਪੁਲਿਸ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਜਨਤਾ ਦਾ ਇਨ੍ਹਾਂ ਟਾਫੀਆਂ ਬਾਰੇ ਅਤੇ ਇਨ੍ਹਾਂ ਦੇ ਸੰਭਾਵੀ ਖ਼ਤਰੇ ਪ੍ਰਤੀ ਜਾਗਰੂਕ ਬੇਹੱਦ ਅਹਿਮ ਹੈ।
ਪੁਲਿਸ ਨੇ ਕਿਹਾ ਕਿ ਭੋਜਨ ਵਿੱਚ ਨਸ਼ੀਲਾ ਪਦਾਰਥ ਮਿਲੇ ਹੋਣ ਦੇ ਮਾਮਲੇ ਪਹਿਲਾਂ ਵੀ ਹੋਏ ਹਨ ਅਤੇ ਸੰਭਾਵੀ ਤੌਰ ਉੱਤੇ ਉਹ ਇਸ ਸੰਬੰਧ ਵਿੱਚ ਇੰਟਰਪੋਲ ਦੀ ਮਦਦ ਵੀ ਲੈ ਸਕਦੇ ਹਨ, ਜਿਸ ਵਿੱਚ ਕੁਝ ਸਮਾਂ ਲੱਗ ਸਕਦਾ ਹੈ।
ਚੀਜ਼ਾਂ ਦੀ ਤਸਕਰੀ ਦਾ ਆਮ ਤਰੀਕਾ

ਤਸਵੀਰ ਸਰੋਤ, New Zealand Drug Foundation
ਟਾਫੀਆਂ ਦੀ ਮਲੇਸ਼ੀਆ ਮੂਲ ਦੀ ਨਿਰਮਾਤਾ ਕੰਪਨੀ ਰਿੰਡਾ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੇ ਉਤਪਾਦ ਦੀ ਗੈਰ-ਕਨੂੰਨੀ ਪਦਾਰਥਾਂ ਦੇ ਸੰਬੰਧ ਵਿੱਚ ਦੁਰਵਰਤੋਂ ਕੀਤੀ ਗਈ ਹੋਣ ਦੀ ਜਾਣਕਾਰੀ ਮਿਲੀ ਹੈ। ਲੇਕਿਨ ਉਨ੍ਹਾਂ ਦੀ ਕੰਪਨੀ ਆਪਣੇ ਉਤਪਾਦਾਂ ਵਿੱਚ ਕਿਸੇ ਕਿਸਮ ਦੇ ਗੈਰ ਕਨੂੰਨੀ ਉਤਪਾਦ ਦੀ ਵਰਤੋਂ ਨਾ ਤਾਂ ਖ਼ੁਦ ਕਰਦੀ ਹੈ ਅਤੇ ਨਾ ਹੀ ਸਹਿਣ ਕਰਦੀ ਹੈ।
ਰਿੰਡਾ ਦੇ ਜਨਰਲ ਮੈਨੇਜਰ ਸਟੀਵਨ ਪੇਹ ਨੇ ਸਥਾਨਕ ਖ਼ਬਰ ਵੈਬਸਾਈਟ ਸਟਫ ਐੱਨਜ਼ੀ ਨੂੰ ਦੱਸਿਆ ਕਿ ਤਸਵੀਰਾਂ ਵਿੱਚ ਦੇਖੀ ਗਈ ਦੂਸ਼ਿਤ ਟਾਫ਼ੀ ਚਿੱਟੇ ਰੰਗ ਦੀ ਹੈ ਜਦਕਿ ਰਿੰਡਾ ਦਾ ਉਤਪਾਦ ਪੀਲੇ ਰੰਗ ਦਾ ਹੈ।
ਪ੍ਰਸ਼ਾਸਨ ਟਾਫ਼ੀਆਂ ਹਾਸਲ ਕਰਨ ਵਾਲੇ ਲੋਕਾਂ ਦੀ ਸਹੀ ਸੰਖਿਆ ਪਤਾ ਕਰਨ ਵਿੱਚ ਲੱਗਿਆ ਹੈ। ਅਜੇ ਤੱਕ 16 ਪੈਕਟ ਬਰਾਮਦ ਕੀਤੇ ਗਏ ਹਨ। ਪੁਲਿਸ ਮੁਤਾਬਕ ਹਰ ਪੈਕਟ ਵਿੱਚ 20-30 ਟਾਫੀਆਂ ਸਨ ਪਰ ਉਨ੍ਹਾਂ ਨੂੰ ਹਰੇਕ ਪੈਕਟ ਦੀ ਸਹੀ-ਸਹੀ ਗਿਣਤੀ ਦੀ ਜਾਣਕਾਰੀ ਨਹੀਂ ਹੈ। ਸੰਸਥਾ ਵੱਲੋਂ ਕਰੀਬ 400 ਲੋਕਾਂ ਨੂੰ ਸੰਪਰਕ ਕੀਤਾ ਗਿਆ ਸੀ।
ਰੌਬਿਨਸਨ ਕਹਿੰਦੇ ਹਨ ਕਿ ਹੋ ਸਕਦਾ ਹੈ ਕਿ ਦੂਸ਼ਿਤ ਟਾਫੀਆਂ ਸੰਸਥਾ ਕੋਲ ਜੁਲਾਈ ਦੇ ਅੱਧ ਵਿੱਚ ਆਏ ਮਾਲ ਵਿੱਚ ਹੋਣ ਪਰ ਅਹਿਤਿਆਤ ਵਜੋਂ ਉਹ ਪਹਿਲੀ ਜੁਲਾਈ ਤੋਂ ਬਾਅਦ ਜੁੜੇ ਹਰ ਵਿਅਕਤੀ ਤੋਂ ਪੜਤਾਲ ਕਰ ਰਹੇ ਹਨ।
ਨਿਊਜ਼ੀਲੈਂਡ ਦੇ ਡਰੱਗ ਫਾਊਂਡੇਸ਼ਨ ਦੇ ਉਪ ਨਿਰਦੇਸ਼ਕ ਬੈਨ ਬਰਿਕਸ ਮੁਤਾਬਕ ਫਾਊਂਡੇਸ਼ਨ ਦਾ ਮੰਨਣਾ ਹੈ ਕਿ ਅਜਿਹਾ ਜਾਣਬੁੱਝ ਕੇ ਕੀਤਾ ਗਿਆ ਹੋਵੇ ਐਸਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ “ਕਿਉਂਕਿ ਚੀਜ਼ਾਂ ਦੀ ਤਸਕਰੀ ਕਰਨ ਲਈ ਉਨ੍ਹਾਂ ਦਾ ਭੇਸ ਬਦਲ ਦੇਣਾ ਇੱਕ ਆਮ ਗੱਲ ਹੈ।”
ਫਿਰ ਵੀ ਸੰਭਾਵਨਾ ਹੈ ਕਿ ਹੋਰ ਦਾਨੀ ਸੰਸਥਾਵਾਂ ਵੀ ਇਸ ਤੋਂ ਪ੍ਰਭਾਵਿਤ ਹੋਈਆਂ ਹੋ ਸਕਦੀਆਂ ਹਨ।
ਸਿੰਗਾਪੁਰ ਤੋਂ ਪੀਟਰ ਹੋਸਕਿੰਨਸ ਦੇ ਸਹਿਯੋਗ ਨਾਲ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ












