ਕੈਨੇਡਾ ਤੇ ਆਸਟਰੇਲੀਆ ਤੋਂ ਬਾਅਦ ਨਿਊਜ਼ੀਲੈਂਡ ਨੇ ਵੀ ਪਰਵਾਸੀਆਂ ’ਤੇ ਕੀਤੀ ਸਖ਼ਤੀ, ਲਿਆਂਦੇ ਇਹ ਨਿਯਮ

ਤਸਵੀਰ ਸਰੋਤ, Getty Images
- ਲੇਖਕ, ਕੈਲੀ ਐਂਜੀ
- ਰੋਲ, ਬੀਬੀਸੀ ਨਿਊਜ਼
ਨਿਊਜ਼ੀਲੈਂਡ ਦੀ ਸਰਕਾਰ ਨੇ ਆਪਣੇ ਵਰਕ ਵੀਜ਼ਾ ਨਿਯਮਾਂ ਵਿੱਚ ਹੋਰ ਸਖ਼ਤਾਈ ਕਰ ਦਿੱਤੀ ਹੈ।
ਸਰਕਾਰ ਮੁਤਾਬਕ ਇਹ ਸਖ਼ਤਾਈ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਮੁਲਕ ਵਿੱਚ ਪ੍ਰਵਾਸ ‘ਗੈਰ-ਹੰਢਣਸਾਰ’ ਪੱਧਰ ਤੱਕ ਪਹੁੰਚ ਗਿਆ ਹੈ।
ਘੱਟ ਹੁਨਰਮੰਦ ਬਿਨੈਕਾਰਾਂ ਲਈ ਹੁਣ ਇਹ ਜ਼ਰੂਰੀ ਹੋਵੇਗਾ ਕਿ ਉਹ ਅੰਗਰੇਜ਼ੀ ਭਾਸ਼ਾ ਦੀ ਯੋਗਤਾ ਪੂਰੀ ਕਰਨ।
ਇਸ ਦੇ ਨਾਲ ਹੀ ਉਨ੍ਹਾਂ ਨੂੰ ਦੇਸ਼ ਵਿੱਚ ਸਿਰਫ਼ ਤਿੰਨ ਸਾਲਾਂ ਤੱਕ ਹੀ ਰਹਿਣ ਦਿੱਤਾ ਜਾਵੇਗਾ ਜਦਕਿ ਪਹਿਲਾਂ ਉਹ ਪੰਜ ਸਾਲਾਂ ਤੱਕ ਰਹਿ ਸਕਦੇ ਸਨ।
ਪ੍ਰਵਾਸੀ ਮਾਮਲਿਆਂ ਦੀ ਮੰਤਰੀ ਏਰੀਕਾ ਸਟੈਨਫੌਰਡ ਨੇ ਦੱਸਿਆ, “ਸਾਡੀ ਪ੍ਰਵਾਸ ਸਬੰਧੀ ਨੀਤੀ ਸਰਕਾਰ ਦੀ ਅਰਥਚਾਰੇ ਨੂੰ ਮੁੜ ਖੜ੍ਹਾ ਕਰਨ ਦੀ ਯੋਜਨਾ ਲਈ ਬਹੁਤ ਅਹਿਮ ਹੈ।”
ਪਿਛਲੇ ਸਾਲ ਨਿਊਜ਼ੀਲੈਂਡ ਵਿੱਚ 173,000 ਲੋਕਾਂ ਨੇ ਪ੍ਰਵਾਸ ਕੀਤਾ।

ਤਸਵੀਰ ਸਰੋਤ, Getty Images
ਨਿਊਜ਼ੀਲੈਂਡ ਸਰਕਾਰ ਨੇ ਐਕਰੈਡਿਟਿਡ ਇੰਪਲੋਅਰ ਵਰਕਰ ਵੀਜ਼ਾ ਸਕੀਮ ਵਿੱਚ ਕੀ ਬਦਲਾਅ ਲਿਆਂਦੇ
- ਲੋਅ ਸਕਿੱਲਡ ਲੈਵਲ 4 ਅਤੇ 5 ਲਈ ਅਪਲਾਈ ਕਰਨ ਵਾਲੇ ਪ੍ਰਵਾਸੀਆਂ ਨੂੰ ਅੰਗਰੇਜ਼ੀ ਦੀ ਯੋਗਤਾ ਪੂਰੀ ਕਰਨੀ ਪਵੇਗੀ।
- ਇਨ੍ਹਾਂ ਪ੍ਰਵਾਸੀਆਂ ਲਈ ਇੱਥੇ ਰਹਿਣ ਦਾ ਵੱਧ ਤੋਂ ਵੱਧ ਸਮਾਂ ਵੀ ਪੰਜ ਸਾਲਾਂ ਤੋਂ ਘਟਾ ਕੇ ਤਿੰਨ ਸਾਲ ਕਰ ਦਿੱਤਾ ਗਿਆ ਹੈੈ।
- ਇਸ ਸਕੀਮ ਤਹਿਤ ਲੋੜੀਂਦਾ ਘੱਟੋ-ਘੱਟ ਹੁਨਰ ਅਤੇ ਤਜਰਬਾ ਪੂਰਾ ਕਰਨਾ ਪਵੇਗਾ।

ਇਨ੍ਹਾਂ ਨਵੇਂ ਨਿਯਮਾਂ ਦੇ ਤਹਿਤ ਨਿਊਜ਼ੀਲੈਂਡ ਵਿੱਚ ਵਰਕ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਬਹੁਤੇ ਅਰਜ਼ੀਕਾਰਾਂ ਨੂੰ ਹੁਨਰ ਅਤੇ ਕੰਮ ਦੇ ਤਜਰਬੇ ਦੀਆਂ ਯੋਗਤਾਵਾਂ ਪੂਰੀਆਂ ਕਰਨੀਆਂ ਪੈਣਗੀਆਂ।
ਰੁਜ਼ਗਾਰਦਾਤਿਆਂ ਲਈ ਇਹ ਜ਼ਰੁਰੀ ਹੋਵੇਗਾ ਕਿ ਉਹ ਨੌਕਰੀ ਦੀ ਪੇਸ਼ਕਸ਼ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾਉਣ ਕੇ ਪ੍ਰਵਾਸੀ ਇਹ ਖ਼ਾਸ ਯੋਗਤਾਵਾਂ ਪੂਰੀਆਂ ਕਰਦੇ ਹੋਣ।
ਸਰਕਾਰ ਨੇ 11 ਹੋਰ ਪੇਸ਼ਿਆਂ ਨੂੰ ਪੀਆਰ ਲਈ ਯੋਗ ਪੇਸ਼ਿਆਂ ਦੀ ਸੂਚੀ ਵਿੱਚ ਸ਼ਾਮਲ ਕਰਨ ਦੀ ਆਪਣੀ ਯੋਜਨਾ ਵੀ ਰੱਦ ਕਰ ਦਿੱਤੀ ਹੈ।
ਸਰਕਾਰ ਦੀ ਇਹ ਯੋਜਨਾ ਸੀ ਕਿ ਉਹ ਵੈਲਡਰ, ਫਿਟਰਜ਼ ਅਤੇ ਟਰਨਰਜ਼ (ਮਸ਼ੀਨਾਂ ਨੂੰ ਜੋੜਣ ਅਤੇ ਚਲਾਉਣ ਵਾਲੇ ਕਾਮੇ) ਸਣੇ 11 ਪੇਸ਼ਿਆਂ ਨੂੰ ਅਜਿਹੇ ਪੇਸ਼ਿਆਂ ਦੀ ਸੂਚੀ ਵਿੱਚ ਸ਼ਾਮਲ ਕਰਨਗੇ ਜਿਹੜੇ ਪੀਆਰ ਲਈ ਯੋਗ ਹੋਣਗੇ।
ਸਟੈਨਫੌਰਡ ਨੇ ਕਿਹਾ, “ਇਹ ਨਿਯਮ ਬਿਹਤਰ ਅਤੇ ਵਿਸਥਾਰਤ ਵਰਕ ਪ੍ਰੋਗਰਾਮ ਦੀ ਸ਼ੁਰੂਆਤ ਲਈ ਹਨ ਤਾਂ ਜੋ ਇੱਕ ਬਿਹਤਰ ਪ੍ਰਵਾਸ ਵਿਵਸਥਾ ਬਣਾਈ ਜਾ ਸਕੇ।”
ਉਨ੍ਹਾਂ ਕਿਹਾ ਕਿ ਸਖ਼ਤ ਵੀਜ਼ਾ ਨਿਯਮਾਂ ਨੂੰ ਲਾਗੂ ਕਰਨ ਨਾਲ ਕਾਮਿਆਂ ਦੇ ਹੋਣ ਵਾਲੇ ਸ਼ੋਸ਼ਣ ਨੂੰ ਵੀ ਨੱਥ ਪਾਈ ਜਾ ਸਕੇਗੀ।
ਕਈ ਨੀਤੀਘਾੜਿਆਂ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਹੋਰ ਪ੍ਰਵਾਸ ਨਾਲ ਕਿਰਾਇਆ ਅਤੇ ਘਰਾਂ ਦੇ ਮੁੱਲ ਵੱਧ ਸਕਦੇ ਹਨ।
2022 ਦੇ ਅਖੀਰ ਤੋਂ ਵਧਿਆ ਪ੍ਰਵਾਸ

ਤਸਵੀਰ ਸਰੋਤ, Getty Images
ਨਿਊਜ਼ੀਲੈਂਡ ਦੀ ਕੁਲ ਆਬਾਦੀ 53 ਲੱਖ ਹੈ। ਇੱਥੇ ਸਾਲ 2022 ਦੇ ਅਖੀਰ ਤੋਂ ਹੀ ਪ੍ਰਵਾਸੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।
ਸਟੈਨਫੌਰਡ ਕਹਿਦੇ ਹਨ, “ਸਰਕਾਰ ਦਾ ਧਿਆਨ ਇਸ ਪਾਸੇ ਹੈ ਕਿ ਉਹ ਸਕੂਲੀ ਅਧਿਆਪਕਾਂ ਸਣੇ ਹੋਰ ਵੱਧ ਹੁਨਰਮੰਦ ਪ੍ਰਵਾਸੀਆਂ ਨੂੰ ਆਕਰਸ਼ਿਤ ਕਰਨ ਅਤੇ ਇੱਥੇ ਰੱਖਣ ਕਿਉਂਕਿ ਇਸ ਖੇਤਰ ਵਿੱਚ ਹੀ ਹੁਨਰ ਦੀ ਘਾਟ ਹੈ।”
“ਇਸੇ ਵੇਲੇ ਸਾਡੇ ਲਈ ਇਹ ਯਕੀਨੀ ਬਣਾਉਣਾ ਵੀ ਜ਼ਰੂਰੀ ਹੈ ਨਿਊਜ਼ੀਲੈਂਡ ਦੇ ਲੋਕਾਂ ਨੂੰ ਅਜਿਹੇ ਖੇਤਰਾਂ ਵਿੱਚ ਪਹਿਲ ਦਿੱਤੀ ਜਾਵੇ ਜਿੱਥੇ ਹੁਨਰ ਦੀ ਘਾਟ ਨਹੀਂ ਹੈ।”
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫ਼ਰ ਲਕਸਨ ਨੇ ਬੀਤੇ ਸਾਲ ਕਿਹਾ ਸੀ ਉਨ੍ਹਾਂ ਦੇ ਮੁਲਕ ਵਿੱਚ ਹੋ ਰਿਹਾ ਵੱਧ ਪ੍ਰਵਾਸ ‘ਹੰਢਣਸਾਰ ਨਹੀਂ’ ਹੈ।
ਕੰਜ਼ਰਵੇਟਿਵ ਨੈਸ਼ਨਲ ਪਾਰਟੀ ਦੀ ਅਗਵਾਈ ਕਰ ਰਹੇ ਕ੍ਰਿਸਟੋਫਰ ਨੇ ਰੇਡੀਓ ਨਿਊਜ਼ੀਲੈਂਡ ਨੂੰ ਦਸੰਬਰ ’ਚ ਕਿਹਾ ਸੀ ਕਿ ਨਿਊਜ਼ੀਲੈਂਡ ਵਿੱਚ ਪ੍ਰਵਾਸ ਉਦੋਂ ਬੰਦ ਕਰ ਦਿੱਤਾ ਗਿਆ “ਜਦੋਂ(ਕੋਵਿਡ ਮਹਾਮਾਰੀ ਦੌਰਾਨ) ਰੁਜ਼ਗਾਰਦਾਤੇ ਕਾਮਿਆਂ ਨੂੰ ਲੱਭ ਰਹੇ ਸਨ ਅਤੇ ਫਿਰ ਲੇਬਰ ਪਾਰਟੀ ਨੇ ਉਦੋਂ ਪ੍ਰਵਾਸੀਆਂ ਲਈ ਬੂਹੇ ਖੋਲ੍ਹ ਦਿੱਤੇ ਜਦੋਂ ਅਰਥਚਾਰੇ ਦੀ ਰਫ਼ਤਾਰ ਹੌਲੀ ਹੋ ਰਹੀ ਸੀ।”
ਉਹ ਕਹਿੰਦੇ ਹਨ, “ਸਾਨੂੰ ਅਜਿਹੀ ਵਿਵਸਥਾ ਦਿੱਤੀ ਗਈ ਜੋ ਕਿ ਪੂਰੀ ਤਰ੍ਹਾਂ ਨਾਲ ਬਦਹਾਲ ਸੀ।”
'ਅਣਚਾਹੇ ਨਤੀਜੇ ਹੋ ਸਕਦੇ ਹਨ'

ਤਸਵੀਰ ਸਰੋਤ, Getty Images
ਸੋਮਵਾਰ ਨੂੰ ਨਿਊਜ਼ੀਲੈਂਡ ਇੰਪਲੋਇਰਜ਼ ਅਤੇ ਮੈਨੂਫੈਕਚਰਰਜ਼ ਐਸੋਸੀਏਸ਼ਨ ਨੇ ਇਹ ਚਿੰਤਾ ਜ਼ਾਹਰ ਕੀਤੀ ਕਿ ਨਵੇਂ ਨਿਯਮਾਂ ਦੇ ਅਜਿਹੇ ‘ਅਣਚਾਹੇ’ ਨਤੀਜੇ ਹੋ ਸਕਦੇ ਹਨ।
ਇਸ ਐਸੋਸੀਏਸ਼ਨ ਦੇ 'ਹੈੱਡ ਆਫ ਐਡਵੋਕੇਸੀ' ਐਲਨ ਮਕਡੋਨਲਡ ਨੇ ਕਿਹਾ, “ਅਸੀਂ ਇਸ ਗੱਲ ਦਾ ਸਮਰਥਨ ਕਰਦੇ ਹਾਂ ਕਿ ਸਹੀ ਕਾਮੇ ਇੱਥੇ ਆਉਣ ਅਤੇ ਉਨ੍ਹਾਂ ਦਾ ਸ਼ੋਸ਼ਣ ਨਾ ਹੋਵੇ, ਪਰ ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਸਮਤੋਲ ਬਣਾ ਕੇ ਰੱਖੀਏ।”
ਉਹ ਕਹਿੰਦੇ ਹਨ, “ਨਿਊਜ਼ੀਲੈਂਡ ਆ ਕੇ ਕੰਮ ਕਰਨ ਦੀ ਚਾਹ ਰੱਖਦੇ ਕਾਮਿਆਂ ਦੇ ਲਈ ਨਿਯਮਾਂ ਵਿੱਚ ਸਖ਼ਤਾਈ ਕਰਨ ਦਾ ਇਹ ਮਤਲਬ ਹੈ ਕਿ ਉਹ ਹੋਰ ਪਾਸੇ ਜਾਣ, ਇਹ ਵਪਾਰ ਲਈ ਨੁਕਸਾਨਦਾਇਕ ਹੈ ਅਤੇ ਸਾਡਾ ਅਰਥਚਾਰਾ ਉਨ੍ਹਾਂ ਨੂੰ ਗੁਆ ਦੇਵੇਗਾ।”
ਇਹ ਨਿਯਮ ਉਸ ਵੇਲੇ ਲਿਆਂਦੇ ਗਏ ਹਨ ਜਦੋਂ ਨਿਊਜ਼ੀਲੈਂਡ ਵਿੱਚ ਰਹਿਣ ਵਾਲੇ ਲੋਕ ਮੁਲਕ ਤੋਂ ਬਾਹਰ ਜਾ ਰਹੇ ਹਨ।
ਉਹ ਨਿਊਜ਼ੀਲੈਂਡ ਤੋਂ ਵੱਧ ਖੁਸ਼ਹਾਲ ਮੁਲਕ ਆਸਟ੍ਰੇਲੀਆਂ ਵੱਲ ਜਾ ਰਹੇ ਹਨ।
ਪਿਛਲੇ ਸਾਲ 47000 ਨਾਗਰਿਕਾਂ ਨੇ ਨਿਊਜ਼ੀਲੈਂਡ ਛੱਡਿਆ।
ਆਸਟ੍ਰੇਲੀਆ ਨੇ ਦਸੰਬਰ ਵਿੱਚ ਇਹ ਐਲਾਨ ਕੀਤਾ ਕਿ ਉਹ ਨਿਯਮਾਂ ਵਿੱਚ ਸਖ਼ਤਾਈ ਕਰਨਗੇ ਅਤੇ ਕੌਮਾਂਤਰੀ ਵਿਦਿਆਰਥੀਆਂ ਅਤੇ ਘੱਟ ਹੁਨਰਮੰਦ ਕਾਮਿਆਂ ਦੀ ਗਿਣਤੀ ਅੱਧੀ ਕਰਨਗੇ।
ਆਸਟ੍ਰੇਲੀਆਈ ਸਰਕਾਰ ’ਤੇ ਇਸ ਬਾਰੇ ਦਬਾਅ ਰਿਹਾ ਹੈ ਕਿ ਉਹ ਪ੍ਰਵਾਸ ਅਸਥਾਈ ਤੌਰ ਉੱਤੇ ਘਟਾ ਦੇਣ ਤਾਂ ਜੋ ਆਸਟ੍ਰੇਲੀਆ ਵਿੱਚ ਘਰਾਂ ਅਤੇ ਬੁਨਿਆਦੀ ਢਾਂਚੇ ਦਾ ਸੰਕਟ ਘਟਾਇਆ ਜਾ ਸਕੇ।
ਕੈਨੇਡਾ ਅਤੇ ਆਸਟ੍ਰੇਲੀਆ ਨੇ ਕੀ ਬਦਲਾਅ ਕੀਤੇ

ਤਸਵੀਰ ਸਰੋਤ, Getty Images
ਕੈਨੇਡਾ ਦੇ ਪ੍ਰਵਾਸ ਮੰਤਰੀ ਮਾਰਕ ਮਿਲਰ ਨੇ ਜਨਵਰੀ ਵਿੱਚ ਐਲਾਨ ਕੀਤਾ ਸੀ ਕਿ ਕੈਨੇਡਾ ਸਰਕਾਰ ਦੋ ਸਾਲਾਂ ਦੀ ਮਿਆਦ ਲਈ ਨਵੇਂ ਵਿਕਾਸ ਨੂੰ ਸਥਿਰ ਕਰਨ ਲਈ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟ ਅਰਜ਼ੀਆਂ 'ਤੇ ਇੱਕ ਇਨਟੇਕ ਕੈਪ ( ਕੈਨੇਡਾ ’ਚ ਆਮਦ ਸੀਮਤ) ਤੈਅ ਕਰੇਗੀ।
2024 ਲਈ ਕੈਪ ਦੇ ਨਤੀਜੇ ਵਜੋਂ ਲਗਭਗ 360,000 ਅਧਿਐਨ ਪਰਮਿਟ ਸਵਿਕਾਰ ਹੋਣ ਦੀ ਉਮੀਦ ਹੈ, ਜੋ ਕਿ 2023 ਤੋਂ 35% ਦੀ ਕਮੀ ਹੈ।
ਉਨ੍ਹਾਂ ਅੱਗੇ ਕਿਹਾ ਸੀ ਕਿ ਆਈਆਰਸੀਸੀ ਨੂੰ ਜਮ੍ਹਾ ਕਰਵਾਈ ਗਈ ਹਰ ਸਟੱਡੀ ਪਰਮਿਟ ਅਰਜ਼ੀ ਲਈ ਕਿਸੇ ਕੈਨੇਡੀਅਨ ਸੂਬੇ ਜਾਂ ਖੇਤਰ ਤੋਂ ਪ੍ਰਮਾਣ ਪੱਤਰ ਦੀ ਵੀ ਲੋੜ ਹੋਵੇਗੀ।
ਸੂਬਿਆਂ ਤੋਂ 31 ਮਾਰਚ, 2024 ਤੱਕ ਵਿਦਿਆਰਥੀਆਂ ਨੂੰ ਤਸਦੀਕ ਪੱਤਰ ਜਾਰੀ ਕਰਨ ਲਈ ਇੱਕ ਪ੍ਰਕਿਰਿਆ ਸਥਾਪਤ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ।
ਮਿਲਰ ਨੇ ਕਿਹਾ ਸੀ, "ਅਗਲੇ ਹਫ਼ਤਿਆਂ ਵਿੱਚ, ਓਪਨ ਵਰਕ ਪਰਮਿਟ ਸਿਰਫ ਮਾਸਟਰ ਅਤੇ ਡਾਕਟਰੇਟ ਪ੍ਰੋਗਰਾਮਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਜੀਵਨ ਸਾਥੀ ਲਈ ਉਪਲੱਬਧ ਹੋਣਗੇ।"
"ਅੰਡਰ-ਗਰੈਜੂਏਟ ਅਤੇ ਕਾਲਜ ਪ੍ਰੋਗਰਾਮਾਂ ਸਮੇਤ ਸਟੱਡੀ ਦੇ ਹੋਰ ਪੱਧਰਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਜੀਵਨ ਸਾਥੀ ਹੁਣ ਓਪਨ ਵਰਕ ਪਰਮਿਟ ਦੇ ਯੋਗ ਨਹੀਂ ਹੋਣਗੇ।"
ਇਸ ਤੋਂ ਪਹਿਲਾਂ ਕੈਨੇਡਾ ਨੇ ਪੜ੍ਹਾਈ ਲਈ ਜਾਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਜਮ੍ਹਾ ਕਰਵਾਈ ਜਾਂਦੀ ਜੀਆਈ ਦੀ ਰਕਮ ਦੁੱਗਣੀ ਕਰ ਦਿੱਤੀ ਸੀ।
ਜੀਆਈਸੀ ਤਹਿਤ ਕੌਮਾਂਤਰੀ ਵਿਦਿਆਰਥੀ ਆਪਣੇ ਆਪ ਨੂੰ ਕੈਨੇਡਾ ਰਹਿਣ ਦੇ ਸਮਰੱਥ ਦਰਸਾਉਣ ਲਈ ਰਕਮ ਜਮ੍ਹਾ ਕਰਵਾਉਂਦੇ ਹਨ। ਹੁਣ ਇਹ ਰਕਮ 10,000 ਡਾਲਰ ਤੋਂ 20,635 ਡਾਲਰ ਕਰ ਦਿੱਤੀ ਗਈ ਸੀ।
ਆਸਟ੍ਰੇਲੀਆਈ ਸਰਕਾਰ ਨੇ ਵੀ ਇਹ ਐਲਾਨ ਕੀਤਾ ਸੀ ਕਿ ਉਹ ਦੇਸ਼ ਦੀ "ਟੁੱਟੀ" ਇੰਮੀਗ੍ਰੇਸ਼ਨ ਪ੍ਰਣਾਲੀ ਨੂੰ ਠੀਕ ਕਰਨ ਦੀ ਕੋਸ਼ਿਸ਼ ਵਿੱਚ ਦੋ ਸਾਲਾਂ ਦੇ ਅੰਦਰ ਪਰਵਾਸ ਦੀ ਤਾਦਾਦ ਨੂੰ ਅੱਧਾ ਕਰ ਦੇਵੇਗੀ।
ਆਸਟ੍ਰੇਲੀਆ ਨੇ ਕਿਹਾ ਸੀ ਕਿ ਉਨ੍ਹਾਂ ਦਾ ਟੀਚਾ ਜੂਨ 2025 ਤੱਕ ਸਲਾਨਾ ਦਾਖਲੇ ਨੂੰ 250,000 ਤੱਕ ਘਟਾਉਣ ਦਾ ਹੈ।












