ਟਰੈਵਲ ਏਜੰਟਾਂ ਦੇ 'ਅਚਾਰ ਦੇ ਪੈਕਟਾਂ' ਨੇ ਕਿਵੇਂ ਤਬਾਹ ਕੀਤੀ ਨੌਜਵਾਨਾਂ ਦੀ ਜ਼ਿੰਦਗੀ

ਪਾਬੰਦੀਸ਼ੁਦਾ ਪਦਾਰਥ
ਤਸਵੀਰ ਕੈਪਸ਼ਨ, ਕਤਰ ਵਿੱਚ ਹੈਦਰਾਬਾਦ ਦੇ ਕਈ ਨੌਜਵਾਨਾਂ ਨੂੰ ਪਾਬੰਦੀਸ਼ੁਦਾ ਪਦਾਰਥ ਲਿਆਉਣ ਦੇ ਇਲਜ਼ਾਮ ਵਿੱਚ ਗਿਰਫ਼ਤਾਰ ਕੀਤਾ ਗਿਆ ਹੈ
    • ਲੇਖਕ, ਦੀਪਤੀ ਬਥਿਨੀ
    • ਰੋਲ, ਬੀਬੀਸੀ ਪੱਤਰਕਾਰ

ਹੈਦਰਾਬਾਦ ਦੇ ਕੁਝ ਨੌਜਵਾਨ ਕਤਰ ਦੀ ਜੇਲ੍ਹ ਵਿੱਚ ਬੰਦ ਹਨ, ਜਿਹੜੇ ਆਪਣੇ ਚੰਗੇ ਭਵਿੱਖ ਦੀ ਆਸ ਲੈ ਕੇ ਬਾਹਰ ਗਏ ਪਰ ਉਨ੍ਹਾਂ ਕੋਲੋਂ ਪਾਬੰਦੀਸ਼ੁਦਾ ਪਦਾਰਥ ਮਿਲਣ ਕਾਰਨ ਉਹ ਉੱਥੇ ਸਲਾਖਾਂ ਪਿੱਛੇ ਕੈਦ ਹੋ ਗਏ ਹਨ।

ਹੈਦਰਾਬਾਦ ਵਿੱਚ ਉਨ੍ਹਾਂ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਕੋਲ ਪਾਬੰਦੀਸ਼ੁਦਾ ਪਦਾਰਥ ਹਨ।

ਹੈਦਰਾਬਾਦ ਦੇ ਅੰਬਰਪੇਟ ਇਲਾਕੇ ਵਿੱਚ 45 ਸਾਲਾ ਖੈਰੂਨਿਸਾ ਦੋ ਕਮਰਿਆਂ ਵਾਲੇ ਘਰ ਵਿੱਚ ਕਿਰਾਏ 'ਤੇ ਰਹਿੰਦੀ ਹੈ।

ਉਸ ਦੇ ਪਤੀ ਸਾਊਦੀ ਅਰਬ ਦੇ ਸ਼ਹਿਰ ਦਮਾਮ ਵਿੱਚ ਸੇਲਜ਼ਮੈਨ ਹਨ ਅਤੇ ਪਿਛਲੇ ਦਸ ਸਾਲਾਂ ਤੋਂ ਉੱਥੇ ਹੀ ਰਹਿ ਰਹੇ ਹਨ। ਉਨ੍ਹਾਂ ਦੇ 4 ਬੱਚੇ ਹਨ।

ਇਹ ਵੀ ਪੜ੍ਹੋ:

ਖੈਰੂਨਿਸਾ ਦੀ ਵੱਡੀ ਕੁੜੀ ਦਾ ਵਿਆਹ ਹੋ ਗਿਆ ਹੈ ਜਦਕਿ ਛੋਟੀ ਕੁੜੀ ਸਕੂਲ ਦੀ ਪੜ੍ਹਾਈ ਪੂਰੀ ਕਰ ਰਹੀ ਹੈ। ਉਸਦੇ ਛੋਟੇ ਮੁੰਡੇ ਨੇ ਹੈਦਰਾਬਾਦ ਵਿੱਚ ਹੀ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਪਰ ਉਹ ਆਪਣੇ ਵੱਡੇ ਮੁੰਡੇ ਰਿਆਜ਼ ਨੂੰ ਲੈ ਕੇ ਉਹ ਬਹੁਤ ਪ੍ਰੇਸ਼ਾਨ ਹੈ ਜਿਹੜਾ ਦੁਹੇਲ ਦੀ ਜੇਲ੍ਹ ਵਿੱਚ ਬੰਦ ਹੈ।

ਖੈਰੂਨਿਸਾ ਨੇ ਆਪਣੇ ਮੁੰਡੇ ਦੀ ਫੋਟੋ ਦਿਖਾਉਂਦੇ ਹੋਏ ਆਪਣਾ ਦੁੱਖੜਾ ਸੁਣਾਇਆ, ''ਮੇਰਾ 20 ਸਾਲਾ ਮੁੰਡਾ ਘਰ ਖਰੀਦਣ ਵਿੱਚ ਸਾਡੀ ਮਦਦ ਕਰਨਾ ਚਾਹੁੰਦਾ ਸੀ। ਉਹ ਹਮੇਸ਼ਾ ਤੋਂ ਹੀ ਵਿਦੇਸ਼ ਜਾਣਾ ਚਾਹੁੰਦਾ ਸੀ ਅਤੇ ਸਾਡੀ ਜ਼ਿੰਦਗੀ ਨੂੰ ਸੁਨਿਹਰਾ ਬਣਾਉਣਾ ਚਾਹੁੰਦਾ ਸੀ ਪਰ ਹੁਣ ਉਹ ਜੇਲ੍ਹ ਵਿੱਚ ਹੈ।''

ਕਤਰ

ਤਸਵੀਰ ਸਰੋਤ, Getty Images/afp

ਤਸਵੀਰ ਕੈਪਸ਼ਨ, ਏਜੰਟਾਂ ਵੱਲੋਂ ਨੌਕਰੀ ਦਾ ਝਾਂਸਾ ਦੇ ਕੇ ਭੇਜਿਆ ਜਾਂਦਾ ਸੀ ਕਤਰ

ਉਸ ਨੇ ਦੱਸਿਆ ਕਿ 2016 ਵਿੱਚ ਰਿਆਜ਼ ਨੇ ਗ੍ਰੈਜੂਏਸ਼ਨ ਕੀਤੀ। ਉਹ ਹੈਦਰਾਬਾਦ ਵਿੱਚ ਇੱਕ ਈਵੈਂਟ ਮੈਨੇਜਮੈਂਟ ਕੰਪਨੀ ਨਾਲ ਕੰਮ ਕਰਦਾ ਸੀ। ਪਰ ਉਨ੍ਹਾਂ ਪੈਸਿਆਂ ਨਾਲ ਘਰ ਦੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਸਨ। ਉਹ ਰੁਜ਼ਗਾਰ ਲਈ ਵਿਦੇਸ਼ ਜਾਣਾ ਚਾਹੁੰਦਾ ਸੀ।

ਏਜੰਟ ਨੇ ਦਿੱਤਾ ਧੋਖਾ

ਖੈਰੂਨਿਸਾ ਦੱਸਦੀ ਹੈ, ''ਦਾਦਕੇ ਪਰਿਵਾਰ ਵਿੱਚੋਂ ਰਿਆਜ਼ ਦੇ ਅੰਕਲ ਮੂਸਾ ਟਰੈਵਲ ਏਜੰਟ ਦੇ ਤੌਰ 'ਤੇ ਕੰਮ ਕਰਦੇ ਹਨ। ਅਸੀਂ ਮਦਦ ਲਈ ਉਨ੍ਹਾਂ ਕੋਲ ਗਏ। ਉਨ੍ਹਾਂ ਸਾਨੂੰ ਕਿਹਾ ਕਿ 6 ਲੱਖ ਰੁਪਏ ਦਾ ਖਰਚਾ ਆਵੇਗਾ। ਅਸੀਂ ਪੈਸੇ ਦੇ ਦਿੱਤੇ। ਸਾਡੇ ਰਿਸ਼ਤੇਦਾਰ ਹੋਣ ਦੇ ਬਾਵਜੂਦ ਉਨ੍ਹਾਂ ਨੇ ਸਾਨੂੰ ਧੋਖਾ ਦਿੱਤਾ। ਮੇਰੇ ਮੁੰਡੇ ਨੂੰ ਮਰੀਜੁਆਨਾ (ਭੰਗ) ਲਿਆਉਣ ਦੇ ਇਲਜ਼ਾਮ ਵਿੱਚ ਗਿਰਫ਼ਤਾਰ ਕਰ ਲਿਆ ਗਿਆ ਅਤੇ ਉਸ ਨੂੰ ਪੰਜ ਸਾਲ ਦੀ ਜੇਲ੍ਹ ਹੋਈ।''

ਖੈਰੂਨਿਸਾ ਨੇ ਆਪਣੇ ਮੁੰਡੇ ਦੇ ਦਸਤਾਵੇਜ਼ ਦਿਖਾਏ। ਦਸਤਾਵੇਜ਼ਾਂ ਮੁਤਾਬਕ ਮੂਸਾ ਨੇ ਅਗਸਤ 2017 ਵਿੱਚ ਅਮਰੀਕਾ ਜਾਣ ਲਈ ਉਸਦਾ ਵੀਜ਼ਾ ਇੰਟਰਵਿਊ ਦਾ ਪ੍ਰਬੰਧ ਕੀਤਾ ਸੀ। ਉਸ ਵਿੱਚ ਦਿੱਤੀ ਜਾਣਕਾਰੀ ਮੁਤਾਬਕ B1/B2 ਵੀਜ਼ਾ ਅਰਜ਼ੀ ਤਹਿਤ ਉਸ ਨੇ ਸਤੰਬਰ 2017 ਵਿੱਚ ਸ਼ਿਕਾਗੋ ਜਾਣਾ ਸੀ।

ਹੈਦਰਾਬਾਦ ਦੇ ਨੌਜਵਾਨ ਕਤਰ ਵਿੱਚ ਗਿਰਫ਼ਤਾਰ
ਤਸਵੀਰ ਕੈਪਸ਼ਨ, ਰਿਆਜ਼ ਨੇ ਫ਼ੋਨ ਕਰਕੇ ਦੱਸਿਆ ਕਿ ਮੈਨੂੰ ਮਰੀਜੁਆਨਾ ਸਹਿਤ ਕਤਰ ਵਿੱਚ ਗਿਰਫ਼ਤਾਰ ਕੀਤਾ ਗਿਆ ਹੈ

ਖੈਰੂਨਿਸਾ ਕਹਿੰਦੀ ਹੈ, ''ਨਵੰਬਰ 2017 ਵਿੱਚ ਮੂਸਾ ਨੇ ਉਸ ਨੂੰ ਕਿਹਾ ਕਿ ਉਹ ਛੇਤੀ ਤੋਂ ਛੇਤੀ ਜਾਣ ਦੀ ਤਿਆਰੀ ਕਰੇ। ਉਸ ਨੇ ਕਿਹਾ ਕਿ ਰਿਆਜ਼ ਕਤਰ ਜਾ ਰਿਹਾ ਹੈ। ਸਾਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਰਿਆਜ਼ ਨੂੰ ਕਤਰ ਕਿਉਂ ਭੇਜ ਰਿਹਾ ਹੈ। ਪਰ ਮੂਸਾ ਨੇ ਕਿਹਾ ਕਿ ਜੇਕਰ ਉਹ ਕਤਰ ਜਾਵੇਗਾ ਤਾਂ ਉਸਦੇ ਲਈ ਅਮਰੀਕਾ ਦਾ ਵੀਜ਼ਾ ਮਿਲਣਾ ਸੌਖਾ ਹੋ ਜਾਵੇਗਾ। ਮੈਂ ਉਸਦਾ ਬੈਗ ਤਿਆਰ ਕੀਤਾ ਅਤੇ ਉਸ ਨੂੰ ਮੂਸਾ ਨਾਲ ਭੇਜ ਦਿੱਤਾ। "

4 ਕਿੱਲੋ ਮਰੀਜੁਆਨਾ ਨਾਲ ਹੋਈ ਗਿਰਫ਼ਤਾਰੀ

''ਉਹ ਕਤਰ ਦੀ ਫਲਾਈਟ ਲੈਣ ਲਈ ਬੈਂਗਲੌਰ ਏਅਰਪੋਰਟ 'ਤੇ ਗਏ। ਮੇਰੇ ਮੁੰਡੇ ਨੂੰ ਗਏ ਅਜੇ ਇੱਕ ਹਫ਼ਤਾ ਹੋਇਆ ਸੀ ਮੂਸਾ ਨੇ ਦੱਸਿਆ ਕਿ ਕਿਸੇ ਨਾਲ ਲੜਾਈ ਦੇ ਜੁਰਮ ਵਿੱਚ ਰਿਆਜ਼ ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਉਸ ਨੇ ਮੇਰੇ ਨਾਲ ਵਾਅਦਾ ਕੀਤਾ ਕਿ ਉਹ ਉਸਦਾ ਧਿਆਨ ਰੱਖੇਗਾ ਪਰ ਕੁਝ ਦਿਨ ਬਾਅਦ ਮੈਨੂੰ ਮੇਰੇ ਮੁੰਡੇ ਦਾ ਫ਼ੋਨ ਆਇਆ ਉਸ ਨੇ ਮੈਨੂੰ ਦੱਸਿਆ ਕਿ ਉਸ ਨੂੰ ਭੰਗ ਲਿਜਾਉਣ ਦੇ ਜੁਰਮ ਵਿੱਚ ਗਿਰਫ਼ਤਾਰ ਕੀਤਾ ਗਿਆ ਹੈ।"

ਰਿਆਜ਼ ਨੇ ਭਾਰਤ ਵਿੱਚ ਅਥਾਰਿਟੀਆਂ ਨੂੰ ਚਿੱਠੀ ਲਿਖੀ ਹੈ। ਉਸ ਨੇ ਚਿੱਠੀ ਵਿੱਚ ਲਿਖਿਆ ਕਿ ਉਸਦੇ ਅੰਕਲ ਨੇ ਉਸ ਨਾਲ ਧੋਖਾ ਕੀਤਾ ਹੈ।

ਇਹ ਵੀ ਪੜ੍ਹੋ:

ਉਸ ਨੇ ਲਿਖਿਆ, ''ਮੈਂ ਬਹੁਤ ਵੱਡੀ ਮੁਸ਼ਕਿਲ ਵਿੱਚ ਹਾਂ। ਮੈਂ ਕਤਰ ਵਿੱਚ 4 ਕਿੱਲੋ ਮਰੀਜੁਆਲਾ ਨਾਲ ਫੜਿਆ ਗਿਆ। ਮੂਸਾ ਨੇ ਮੈਨੂੰ ਇਹ ਪੈਕਟ ਦਿੱਤਾ ਸੀ ਅਤੇ ਕਿਹਾ ਸੀ ਕਿ ਇਸ ਵਿੱਚ ਬੇਕਰੀ ਦਾ ਸਮਾਨ ਹੈ ਅਤੇ ਉਹ ਉਸਦੇ ਦੋਸਤ ਨੂੰ ਇਹ ਪੈਕਟ ਦੋਹਾ ਵਿੱਚ ਦੇ ਦੇਵੇ। ਮੂਸਾ ਨੇ ਮੈਨੂੰ ਉਸਦਾ ਫੋਨ ਨੰਬਰ ਵੀ ਦਿੱਤਾ। ਮੈਂ ਹਾਮਾਦ ਏਅਰਪੋਰਟ ਤੇ ਉਤਰਿਆ ਅਤੇ ਉਸ ਨੰਬਰ 'ਤੇ ਫੋਨ ਕੀਤਾ। ਉਸ ਨੇ ਮੈਨੂੰ ਲੋਕੇਸ਼ਨ ਦਿੱਤੀ। ਉਸ ਨੇ ਮੈਨੂੰ ਆਪਣੇ ਨਾਲ ਰਹਿਣ ਲਈ ਕਿਹਾ। ਉੱਥੇ ਪੁਲਿਸ ਨੇ ਮੈਨੂੰ ਗਿਰਫ਼ਤਾਰ ਕਰ ਲਿਆ।''

ਹੈਦਰਾਬਾਦ ਦੇ ਨੌਜਵਾਨ ਕਤਰ ਵਿੱਚ ਗਿਰਫ਼ਤਾਰ
ਤਸਵੀਰ ਕੈਪਸ਼ਨ, ਰਿਆਜ਼ ਨੂੰ ਕਤਰ ਵਿੱਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਉਸ ਨੇ ਚਿੱਠੀ ਵਿੱਚ ਲਿਖਿਆ ਕਿ ਉਸਦੇ ਅੰਕਲ ਨੇ ਉਸ ਨਾਲ ਧੋਖਾ ਕੀਤਾ ਹੈ।

ਖੈਰੂਨਿਸਾ ਨੇ ਅੰਬਰਪੇਟ ਪੁਲਿਸ ਸਟੇਸ਼ਨ ਵਿੱਚ 16 ਮਈ 2018 ਨੂੰ ਮੂਸਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ।

ਆਈਪੀਸੀ ਦੀ ਧਾਰਾ 420 ਤਹਿਤ ਮੂਸਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਅਤੇ 7 ਜੂਨ ਨੂੰ ਉਸ ਨੂੰ ਗਿਰਫ਼ਤਾਰ ਕਰ ਲਿਆ ਗਿਆ।

ਇਰਫ਼ਾਨ ਵੀ ਇਸੇ ਧੋਖੇ ਦਾ ਹੋਇਆ ਸ਼ਿਕਾਰ

ਇਹ ਕਹਾਣੀ ਇਕੱਲੇ ਰਿਆਜ਼ ਦੀ ਨਹੀਂ ਹੈ। ਅਸੀਂ ਪੰਜ ਹੋਰ ਅਜਿਹੇ ਪਰਿਵਾਰਾਂ ਨਾਲ ਮਿਲੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਪਾਬੰਦੀਸ਼ੁਦਾ ਪਦਾਰਥ ਲਿਜਾਉਣ ਦੇ ਜੁਰਮ ਵਿੱਚ ਜੇਲ੍ਹ ਵਿੱਚ ਬੰਦ ਹਨ।

ਅੰਬਰਪੇਟ ਇਲਾਕੇ ਦਾ ਰਹਿਣ ਵਾਲਾ ਇਰਫ਼ਾਨ ਵੀ ਅਜਿਹੇ ਹੀ ਧੋਖੇ ਦਾ ਸ਼ਿਕਾਰ ਹੋਇਆ। ਬੀਏ ਕਰਨ ਤੋਂ ਬਾਅਦ ਇਰਫ਼ਾਨ ਨੌਕਰੀ ਦੀ ਤਲਾਸ਼ ਵਿੱਚ ਸੀ।

ਉਸਦੀ ਮਾਂ ਫਾਤਿਮਾ ਨੇ ਦੱਸਿਆ, ''ਮੇਰੇ ਮੁੰਡੇ ਦੇ ਕਈ ਸੁਪਨੇ ਹਨ। ਉਹ ਸਾਡੀ ਆਰਥਿਕ ਪੱਖੋਂ ਮਦਦ ਕਰਨਾ ਚਾਹੁੰਦਾ ਸੀ। ਆਪਣੀ ਭੈਣ ਦਾ ਵਿਆਹ ਕਰਨਾ ਚਾਹੁੰਦਾ ਸੀ। ਉਹ ਹਮੇਸ਼ਾ ਨੌਕਰੀ ਦੀ ਤਲਾਸ਼ ਵਿੱਚ ਰਹਿੰਦਾ ਸੀ। ਉਹ ਆਪਣੇ ਪਿਤਾ ਦੀ ਵੀ ਕੰਮ ਵਿੱਚ ਮਦਦ ਕਰਵਾਉਂਦਾ ਸੀ।"

ਉਸਦੇ ਪਿਤਾ ਅਹਿਮਦ ਮੁਤਾਬਕ 1 ਫਰਵਰੀ 2018 ਨੂੰ ਕਤਰ ਜਾਣ ਲਈ ਇਰਫ਼ਾਨ ਨੇ ਬੈਂਗਲੌਰ ਏਅਰਪੋਰਟ ਤੋਂ ਫਲਾਈਟ ਲਈ। ਉਸੇ ਦਿਨ ਹੀ ਉਹ ਮਰੀਜੁਆਨਾ ਲਿਜਾਉਣ ਦੇ ਜੁਰਮ ਵਿੱਚ ਹਾਮਾਦ ਏਅਰਪੋਰਟ ਤੋਂ ਗਿਰਫ਼ਤਾਰ ਹੋ ਗਿਆ।

ਹੈਦਰਾਬਾਦ ਦੇ ਨੌਜਵਾਨ ਕਤਰ ਵਿੱਚ ਗਿਰਫ਼ਤਾਰ
ਤਸਵੀਰ ਕੈਪਸ਼ਨ, ਰਿਆਜ਼ ਨੇ ਚਿੱਠੀ ਲਿਖ ਕੇ ਭਾਰਤੀ ਅਥਾਰਿਟੀ ਤੋਂ ਮਦਦ ਮੰਗੀ ਹੈ।

ਇਰਫ਼ਾਨ ਦੇ ਪਿਤਾ ਅਹਿਮਦ 10 ਜੂਨ 2018 ਨੂੰ ਕਤਰ ਪਹੁੰਚੇ। ਇਰਫ਼ਾਨ ਨੂੰ ਵੀ ਮੂਸਾ ਨੇ ਹੀ ਕਤਰ ਭੇਜਿਆ ਸੀ।

ਉਸਦੇ ਪਿਤਾ ਅਹਿਮਦ ਨੇ ਦੱਸਿਆ, ''ਮੂਸਾ ਨੇ ਅਕਤੂਬਰ 2017 ਵਿੱਚ ਸਾਡੇ ਮੁੰਡੇ ਨੂੰ ਦੁਬਈ ਭੇਜਿਆ। ਉਸ ਨੇ ਕਿਹਾ ਕਿ ਉਹ ਉੱਥੇ ਜਾ ਕੇ ਨੌਕਰੀ ਕਰ ਸਕਦਾ ਹੈ। ਇਰਫ਼ਾਨ ਉੱਥੇ ਗਿਆ ਅਤੇ ਕਈ ਇੰਟਰਵਿਊ ਦਿੱਤੇ। ਪਰ ਚਾਰ ਦਿਨ ਬਾਅਦ ਹੀ ਉਹ ਉੱਥੋਂ ਵਾਪਿਸ ਆ ਗਿਆ। ਉਸ ਤੋਂ ਬਾਅਦ ਜਨਵਰੀ ਦੇ ਆਖ਼ਰੀ ਹਫਤੇ ਮੂਸਾ ਨੇ ਫ਼ੋਨ ਕਰਕੇ ਕਿਹਾ ਕਿ ਉਸ ਨੂੰ ਕਤਰ ਦੇ ਮੌਲ ਵਿੱਚ ਬਹੁਤ ਚੰਗੀ ਨੌਕਰੀ ਮਿਲ ਗਈ ਹੈ ਅਤੇ ਉਸ ਨੂੰ ਤੁਰੰਤ ਜਾਣਾ ਹੋਵੇਗਾ।''

''ਉੱਥੇ ਜਾਣ ਤੋਂ ਬਾਅਦ ਉਸਦੀ ਕੋਈ ਖ਼ਬਰ ਨਹੀਂ ਆਈ। ਅਸੀਂ ਦੋਹਾ ਦੀ ਅੰਬੈਸੀ ਵਿੱਚ ਈ-ਮੇਲ ਕੀਤੀ। ਉਦੋਂ ਸਾਨੂੰ ਪਤਾ ਲੱਗਾ ਕਿ ਸਾਡਾ ਮੁੰਡਾ ਏਅਰਪੋਰਟ 'ਤੇ ਹੀ ਗਿਰਫ਼ਤਾਰ ਹੋ ਗਿਆ ਹੈ। ਇੱਕ ਹਫ਼ਤੇ ਬਾਅਦ ਇਰਫ਼ਾਨ ਦਾ ਫ਼ੋਨ ਆਇਆ ਉਸ ਨੇ ਕਿਹਾ ਕਿ ਮੂਸਾ ਨੇ ਉਸ ਨੂੰ ਇੱਕ ਪੈਕੇਟ ਦਿੱਤੀ ਸੀ ਤੇ ਕਿਹਾ ਕਿ ਇਹ ਉਸਦੇ ਦੋਸਤ ਲਈ ਤੋਹਫ਼ਾ ਹੈ। ਉਹ ਉਸ ਨੂੰ ਕਤਰ ਦੇ ਮੌਲ ਵਿੱਚ ਦੇ ਦੇਵੇ। ਇਰਫ਼ਾਨ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਸੀ ਕਿ ਪੈਕੇਟ ਵਿੱਚ ਮਰੀਜੁਆਨਾ ਹੈ। ਏਅਰਪੋਰਟ ਅਥਾਰਿਟੀ ਵੱਲੋਂ ਉਸ ਨੂੰ ਗਿਰਫ਼ਤਾਰ ਕਰ ਲਿਆ ਗਿਆ।"

ਅਲੀ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ

ਨਿਜ਼ਾਮਾਬਾਦ ਦਾ ਰਹਿਣ ਵਾਲਾ ਅਲੀ ਜੂਨ 2017 ਵਿੱਚ ਮੁੰਬਈ ਗਿਆ। ਉਸਦੇ ਭਰਾ ਫਿਰੋਜ਼ ਮੁਤਾਬਕ ਅਲੀ ਇਸ ਸਮੇਂ ਦੁਹੇਲ ਦੀ ਜੇਲ੍ਹ ਵਿੱਚ ਹੈ, ਉਸ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ।

ਫਿਰੋਜ਼ ਦੱਸਦੇ ਹਨ, ''ਅਸੀਂ ਵਿਦੇਸ਼ ਮੰਤਰਾਲੇ ਤੱਕ ਪਹੁੰਚ ਕੀਤੀ ਹੈ। ਅਸੀਂ ਉਨ੍ਹਾਂ ਨੂੰ ਦੱਸਿਆ ਹੈ ਕਿ ਸਾਡਾ ਭਰਾ ਹਾਮਾਦ ਏਅਰਪੋਰਟ 'ਤੇ ਪਾਬੰਦੀਸ਼ੁਦਾ ਪਦਾਰਥ ਸਹਿਤ ਗਿਰਫ਼ਤਾਰ ਹੋਇਆ ਸੀ।''

ਹੈਦਰਾਬਾਦ ਦੇ ਨੌਜਵਾਨ ਕਤਰ ਵਿੱਚ ਗਿਰਫ਼ਤਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਰਨਾਟਕ ਦੇ ਗੁਲਬਰਗਾ ਦਾ ਰਹਿਣ ਵਾਲਾ ਨਜੀਬ ਮਈ 2017 ਵਿੱਚ 'ਲਾਈਰੀਸਾ 150 mg' ਦੀਆਂ ਗੋਲੀਆਂ ਲਿਜਾਉਣ ਦੇ ਜੁਰਮ ਵਿੱਚ ਗਿਰਫ਼ਤਾਰ ਹੋਇਆ

ਅਜਿਹਾ ਹੀ ਰਿਜ਼ਵਾਨ ਦੇ ਨਾਲ ਵੀ ਹੋਇਆ। ਉਸਦਾ ਪਰਿਵਾਰ ਗੱਲ ਕਰਨ ਲਈ ਤਿਆਰ ਨਹੀਂ।

ਰਿਜ਼ਵਾਨ ਦੀ ਆਂਟੀ ਨੇ ਤੇਲੰਗਾਨਾ ਦੇ NRI ਮਾਮਲਿਆਂ ਸਬੰਧੀ ਮੰਤਰੀ ਤਾਰਾਕਾ ਰਾਮਾ ਰਾਓ ਨੂੰ ਚਿੱਠੀ ਲਿਖੀ ਹੈ। ਚਿੱਠੀ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਉਨ੍ਹਾਂ ਦੀ ਕਾਨੂੰਨੀ ਅਤੇ ਆਰਥਿਕ ਪੱਖੋਂ ਮਦਦ ਕੀਤੀ ਜਾਵੇ।

ਰਿਜ਼ਵਾਨ ਦੀ ਆਂਟੀ ਨੇ ਚਿੱਠੀ ਵਿੱਚ ਲਿਖਿਆ, ''ਮੇਰੇ ਭਤੀਜੇ ਨੂੰ ਨਹੀਂ ਪਤਾ ਸੀ ਕਿ ਉਸ ਨੂੰ ਮਰੀਜੁਆਨਾ ਦਿੱਤਾ ਗਿਆ ਹੈ। ਏਜੰਟ ਨੇ ਉਸ ਨੂੰ ਦੋ ਪੈਕੇਟ ਦਿੱਤੇ ਅਤੇ ਕਿਹਾ ਕਿ ਇਸ ਵਿੱਚ ਅਚਾਰ ਹੈ। ਪਰ ਏਅਰਪੋਰਟ 'ਤੇ ਉਸ ਨੂੰ ਭੰਗ ਦੇ ਪੈਕੇਟਾਂ ਨਾਲ ਗਿਰਫ਼ਤਾਰ ਕੀਤਾ ਗਿਆ।''

ਇਹ ਵੀ ਪੜ੍ਹੋ:

'ਲਾਈਰੀਸਾ 150 mg' ਲਿਜਾਉਣ ਦਾ ਜੁਰਮ

ਕਰਨਾਟਕ ਦੇ ਗੁਲਬਰਗਾ ਦਾ ਰਹਿਣ ਵਾਲਾ ਨਜੀਬ ਮਈ 2017 ਵਿੱਚ 'ਲਾਈਰੀਸਾ 150 mg' ਦੀਆਂ ਗੋਲੀਆਂ ਲਿਜਾਉਣ ਦੇ ਜੁਰਮ ਵਿੱਚ ਗਿਰਫ਼ਤਾਰ ਹੋਇਆ। ਕਤਰ ਅਤੇ ਦੁਬਈ ਵਿੱਚ ਇਹ ਪਾਬੰਦੀਸ਼ੁਦਾ ਪਦਾਰਥ ਹੈ।

ਨਜੀਬ ਦੇ ਭਰਾ ਮੁਜੀਬ ਨੇ ਦੱਸਿਆ, ''ਸਾਡੇ ਇੱਕ ਜਾਣ-ਪਛਾਣ ਵਾਲੇ ਨੇ ਨਜੀਬ ਨੂੰ ਇਹ ਗੋਲੀਆਂ ਦਿੱਤੀਆਂ। ਸਾਨੂੰ ਨਹੀਂ ਪਤਾ ਸੀ ਕਿ ਇਹ ਉੱਥੇ ਪਾਬੰਦੀਸ਼ੁਦਾ ਪਦਾਰਥਾਂ ਦੀ ਸੂਚੀ ਵਿੱਚ ਹਨ।

ਦੁਬਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 'ਲਾਈਰੀਸਾ 150 mg' 1987 ਤੋਂ ਕਤਰ ਅਤੇ ਦੁਬਈ ਵਰਗੇ ਦੇਸਾਂ ਵਿੱਚ ਬੈਨ ਹੈ

'ਲਾਈਰੀਸਾ 150 mg' 1987 ਤੋਂ ਕਤਰ ਅਤੇ ਦੁਬਈ ਵਰਗੇ ਦੇਸਾਂ ਵਿੱਚ ਬੈਨ ਹੈ। ਅਜਿਹੀਆਂ ਰਿਪੋਰਟਾਂ ਆਈਆਂ ਸਨ ਕਿ ਇਨ੍ਹਾਂ ਗੋਲੀਆਂ ਦੀ ਗ਼ੈਰ ਕਾਨੂੰਨੀ ਢੰਗ ਨਾਲ ਸਮਗਲਿੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਏਜੰਟਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪਰਿਵਾਰ ਪੈਸੇ ਦੀ ਕਮੀ ਹੋਣ ਕਾਰਨ ਕਾਨੂੰਨੀ ਲੜਾਈ ਵੀ ਨਹੀਂ ਲੜ ਸਕਦੇ।

ਇਹ ਵੀ ਪੜ੍ਹੋ:

ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ, ''ਅਸੀਂ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੇ ਹਾਂ। ਏਅਰਪੋਰਟ ਦੀ ਅਣਦੇਖੀ ਪੱਖੋਂ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਭਾਰਤ ਦੇ ਏਅਰਪੋਰਟ 'ਤੇ ਇਹ ਗੱਲ ਕਿਵੇਂ ਸਾਹਮਣੇ ਨਹੀਂ ਆਈ। ਅਸੀਂ ਇਹ ਵੀ ਪਤਾ ਕਰ ਰਹੇ ਹਾਂ ਕਿ ਇਨ੍ਹਾਂ ਨੂੰ ਇਹ ਪੈਕੇਟ ਕਿਤੇ ਹਵਾਈ ਅੱਡੇ ਦੇ ਅੰਦਰ ਤਾਂ ਨਹੀਂ ਦਿੱਤੇ ਗਏ।''

ਅਸੀਂ ਇਸ ਸਬੰਧੀ ਕੁਝ ਏਜੰਟਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਮੂਸਾ ਖ਼ਿਲਾਫ਼ ਹੈਦਰਾਬਾਦ ਵਿੱਚ ਮਾਮਲਾ ਦਰਜ ਹੈ ਪਰ ਇਸ ਸਮੇਂ ਉਹ ਜ਼ਮਾਨਤ 'ਤੇ ਹੈ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਅਸੀਂ ਮੂਸਾ ਨਾਲ ਗੱਲ ਕਰਨ ਵਿੱਚ ਨਾਕਾਮ ਰਹੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)