ਇਹ ਹੈ ਮੀਂਹ ਮਗਰੋਂ ਮਿੱਟੀ ਦੀ ਖੁਸ਼ਬੂ ਦਾ ਰਾਜ਼

ਮੀਂਹ ਕਰਕੇ ਪੈਦਾ ਹੁੰਦੀ ਇੱਕ ਖਾਸ ਤਰੀਕੇ ਦੇ ਬੈਕਟੀਰੀਆ ਵੱਲੋਂ ਪੈਦਾ ਕੀਤੀ ਜਾਂਦੀ ਹੈ

ਤਸਵੀਰ ਸਰੋਤ, Science Photo Library

ਤਸਵੀਰ ਕੈਪਸ਼ਨ, ਮੀਂਹ ਕਰਕੇ ਪੈਦਾ ਹੁੰਦੀ ਇੱਕ ਖਾਸ ਤਰੀਕੇ ਦੇ ਬੈਕਟੀਰੀਆ ਵੱਲੋਂ ਪੈਦਾ ਕੀਤੀ ਜਾਂਦੀ ਹੈ

ਸੋਕੇ ਦੇ ਲੰਬੇ ਸਮੇਂ ਤੋਂ ਬਾਅਦ ਮੀਂਹ ਦੀ ਮਹਿਕ ਸਾਨੂੰ ਕੇਵਲ ਇਸ ਲਈ ਹੀ ਚੰਗੀ ਨਹੀਂ ਲੱਗਦੀ ਕਿਉਂਕਿ ਅਸੀਂ ਸ਼ੁਕਰਾਨੇ ਦੇ ਭਾਵ ਨਾਲ ਭਰ ਜਾਂਦੇ ਹਾਂ।ਸਗੋਂ ਇਸ ਪਿੱਛੇ ਰਸਾਇਣ ਵਿਗਿਆਨ ਵੀ ਜ਼ਿੰਮੇਵਾਰ ਹੈ।

ਬੱਦਲਾਂ ਦੀ ਗਰਜ ਤੋਂ ਬਾਅਦ ਸਾਫ਼ ਹਵਾ ਅਤੇ ਗਿੱਲੀ ਜ਼ਮੀਨ ਦੀ, ਜੋ ਸ਼ਾਨਦਾਰ ਮਹਿਕ ਅਸੀਂ ਮਹਿਸੂਸ ਕਰਦੇ ਹਾਂ, ਉਸ ਪਿੱਛੇ ਜੀਵਾਣੂ, ਬੂਟੇ ਅਤੇ ਅਸਮਾਨੀ ਬਿਜਲੀ ਵੀ ਭੂਮਿਕਾ ਨਿਭਾਉਂਦੀ ਹੈ।

ਇਸ ਖੁਸ਼ਬੂ ਨੂੰ ਪੈਟਰੀਕਰ ਕਹਿੰਦੇ ਹਨ, ਜਿਸ ਬਾਰੇ ਲੰਬੇ ਵਕਤ ਤੋਂ ਵਿਗਿਆਨੀਆਂ ਤੇ ਇਤਰ ਬਣਾਉਣ ਵਾਲੀ ਕੰਪਨੀਆਂ ਦੀ ਵੀ ਕਾਫੀ ਦਿਲਚਸਪੀ ਹੈ।

ਇਹ ਵੀ ਪੜ੍ਹੋ:

ਪੈਟਰੀਕਰ ਦਾ ਅਰਥ ਕੀ ਹੈ?

ਇਹ ਸ਼ਬਦ ਵਿਗਿਆਨੀ ਜੁਆਏ ਤੇ ਰਿਚਰਡ ਥੋਮਸ ਵੱਲੋਂ 1964 ਵਿੱਚ ਛਪੇ ਇੱਕ ਲੇਖ ਵਿੱਚ ਵਰਤਿਆ ਗਿਆ ਸੀ। ਇਹ ਵਾਤਾਵਰਨ ਦੇ ਜਰਨਲ 'ਨੇਚਰ ਆਫ ਆਰਗੀਲੇਸ਼ੀਅਸ ਔਡਰ' ਵਿੱਚ ਛਪਿਆ ਸੀ।

ਇਹ ਸ਼ਬਦ ਦੋ ਗ੍ਰੀਕ ਸ਼ਬਦਾਂ ਦੇ ਮੇਲ ਨਾਲ ਬਣਿਆ ਹੈ। 'ਪੇਟਰੋ' ਜਿਸਦਾ ਅਰਥ ਹੈ 'ਪੱਥਰ' ਅਤੇ 'ਕਰ' ਜਿਸਦਾ ਅਰਥ ਹੈ ਉਹ ਤਰਲ ਪਦਾਰਥ ਜੋ ਭਗਵਾਨ ਦੀਆਂ ਰਗਾਂ ਵਿੱਚ ਵਹਿੰਦਾ ਹੈ।

ਚੰਗੀ ਮਿੱਟੀ ਵਿੱਚ ਮਹਿਕ ਪੈਦਾ ਕਰਨ ਵਾਲੇ ਬੈਕਟਰੀਆ ਵੱਡੀ ਗਿਣਤੀ ਵਿੱਚ ਮੌਜੂਦ ਹੁੰਦੇ ਹਨ

ਤਸਵੀਰ ਸਰੋਤ, Science Photo Library

ਤਸਵੀਰ ਕੈਪਸ਼ਨ, ਚੰਗੀ ਮਿੱਟੀ ਵਿੱਚ ਮਹਿਕ ਪੈਦਾ ਕਰਨ ਵਾਲੇ ਬੈਕਟਰੀਆ ਵੱਡੀ ਗਿਣਤੀ ਵਿੱਚ ਮੌਜੂਦ ਹੁੰਦੇ ਹਨ

1960 ਦੇ ਦਹਾਕੇ ਵਿੱਚ ਆਸਟਰੇਲੀਆ ਦੇ ਦੋ ਵਿਗਿਆਨੀਆਂ ਨੇ ਇਹ ਖੋਜ ਕੀਤੀ ਸੀ ਕਿ ਗਿੱਲੀ ਜ਼ਮੀਨ ਤੋਂ ਨਿਕਲਦੀ ਦਿਲਕਸ਼ ਖੁਸ਼ਬੂ ਇੱਕ ਜੀਵਾਣੂ (ਬੈਕਟੀਰੀਆ) ਪੈਦਾ ਕਰਦਾ ਹੈ।

ਜੌਨ ਇਨਸ ਸੈਂਟਰ ਵਿਖੇ ਮੋਲੇਕਿਊਲਰ ਮਾਈਕ੍ਰੋ-ਬਾਇਓਲੋਜੀ ਵਿਭਾਗ ਦੇ ਮੁਖੀ ਮਾਰਕ ਬਟਨਰ ਅਨੁਸਾਰ ਅਜਿਹੇ ਜੀਵਾਣੂ ਮਿੱਟੀ ਵਿੱਚ ਵੱਡੀ ਗਿਣਤੀ ਵਿੱਚ ਮੌਜੂਦ ਹਨ।

ਉਨ੍ਹਾਂ ਕਿਹਾ, "ਜਦੋਂ ਤੁਸੀਂ ਕਹਿੰਦੇ ਹੋ ਕਿ ਤੁਸੀਂ ਗਿੱਲੀ ਮਿਟੀ ਦੀ ਮਹਿਕ ਸੁੰਘ ਰਹੇ ਹੋ ਤਾਂ ਤੁਸੀਂ ਉਸ ਵੇਲੇ ਇੱਕ ਖ਼ਾਸ ਤਰੀਕੇ ਦੇ ਬੈਕਟੀਰੀਆ ਵੱਲੋਂ ਬਣਾਏ ਅਣੂ ਦੀ ਮਹਿਕ ਸੁੰਘ ਰਹੇ ਹੁੰਦੇ ਹੋ।''

ਇਨਸਾਨਾਂ ਨੂੰ ਵੱਧ ਪ੍ਰਭਾਵਿਤ ਕਰਦੀ ਹੈ ਮਹਿਕ

"ਇਸ ਅਣੂ ਨੂੰ ਜਿਓਸਮਿਨ ਕਹਿੰਦੇ ਹਨ। ਜ਼ਿਆਦਾਤਰ ਹਰ ਚੰਗੀ ਮਿੱਟੀ ਵਿੱਚ ਇਹ ਅਣੂ ਮੌਜੂਦ ਹੁੰਦਾ ਹੈ ਅਤੇ ਇਸਦਾ ਐਂਟੀਬਾਇਓਟਿਕਸ ਬਣਾਉਣ ਵਿੱਚ ਵੀ ਇਸਤੇਮਾਲ ਕੀਤਾ ਜਾਂਦਾ ਹੈ।''

ਜਦੋਂ ਪਾਣੀ ਦੀਆਂ ਬੂੰਦਾਂ ਜ਼ਮੀਨ 'ਤੇ ਡਿੱਗਦੀਆਂ ਹਨ ਤਾਂ ਜਿਓਸਮੀਨ ਹਵਾ ਵਿੱਚ ਫੈਲਦਾ ਹੈ। ਮੀਂਹ ਵੇਲੇ ਤਾਂ ਹਵਾ ਵਿੱਚ ਇਸਦੀ ਮੌਜੂਦਗੀ ਕਾਫੀ ਵਧ ਜਾਂਦੀ ਹੈ।

ਜਦੋਂ ਮੀਂਹ ਮਿੱਟੀ ਨਾਲ ਟਕਰਾਉਂਦਾ ਹੈ ਤਾਂ ਜਿਓਸਮੀਨ ਨਾਂ ਦਾ ਇੱਕ ਅਣੁ ਪੈਦਾ ਹੁੰਦਾ ਹੈ

ਤਸਵੀਰ ਸਰੋਤ, Science Photo Library

ਤਸਵੀਰ ਕੈਪਸ਼ਨ, ਜਦੋਂ ਮੀਂਹ ਮਿੱਟੀ ਨਾਲ ਟਕਰਾਉਂਦਾ ਹੈ ਤਾਂ ਜਿਓਸਮੀਨ ਨਾਂ ਦਾ ਇੱਕ ਅਣੁ ਪੈਦਾ ਹੁੰਦਾ ਹੈ

ਪ੍ਰੋਫੈਸਰ ਬਟਨਰ ਅਨੁਸਾਰ ਬਾਕੀ ਜਾਨਵਰਾਂ ਦੇ ਮੁਕਾਬਲੇ ਇਨਸਾਨ ਇਸ ਮਹਿਕ ਤੋਂ ਵਧੇਰੇ ਪ੍ਰਭਾਵਿਤ ਹੁੰਦਾ ਹੈ।

ਆਸਟਰੇਲੀਆਈ ਵਿਗਿਆਨੀ ਇਸਾਬੇਲ ਬੀਅਰ ਅਤੇ ਆਰਜੀ ਥੌਮਸ ਨੇ ਜਦੋਂ 1960 ਦੇ ਦਹਾਕੇ ਵਿੱਚ ਪੈਟਰੀਕਰ ਦੀ ਖੋਜ ਕੀਤੀ, ਉਸ ਵਕਤ ਹੀ ਭਾਰਤ ਵਿੱਚ ਇਸਦੀ ਮਹਿਕ ਨੂੰ 'ਮੱਟੀ ਕਾ ਇਤਰ' ਦੇ ਨਾਂ 'ਤੇ ਉੱਤਰ ਪ੍ਰਦੇਸ਼ ਵਿੱਚ ਵੇਚਿਆ ਜਾਣ ਲੱਗਾ ਸੀ।

ਇਹ ਵੀ ਪੜ੍ਹੋ:

ਹੁਣ ਜਿਓਸਮੀਨ ਇਤਰ ਵਿੱਚ ਪੈਣ ਵਾਲਾ ਅਹਿਮ ਤੱਤ ਬਣ ਚੁੱਕਾ ਹੈ।

ਇਤਰ ਬਣਾਉਣ ਵਾਲੀ ਮੈਰੀਨਾ ਬਾਰਸੀਨੀਲਾ ਅਨੁਸਾਰ, "ਇਹ ਇੱਕ ਅਹਿਮ ਤੱਤ ਹੈ ਅਤੇ ਜਦੋਂ ਇਸ ਨਾਲ ਮੀਂਹ ਟਕਰਾਉਂਦਾ ਹੈ ਤਾਂ ਇਸ ਵਿੱਚੋਂ ਕੰਕਰੀਟ ਵਰਗੀ ਮਹਿਕ ਆਉਂਦੀ ਹੈ।

ਇਸ ਮਹਿਕ ਦੀ ਹੋਂਦ ਕਾਫੀ ਪੁਰਾਤਨ ਹੈ। ਭਾਵੇਂ ਇਸਦਾ ਕੁਝ ਅੰਸ਼ ਹੀ ਕਿਸੇ ਤਰਲ ਪਦਾਰਥ ਵਿੱਚ ਘੋਲ ਦਿਓ ਫਿਰ ਵੀ ਮਨੁੱਖ ਇਸਦੀ ਮਹਿਕ ਨੂੰ ਸੁੰਘ ਲੈਂਦੇ ਹਨ।

ਚੁਕੰਦਰ ਦੇ ਵੱਖਰੇ ਵਿੱਚ ਜਿਓਸਮੀਨ ਦੀ ਅਹਿਮ ਭੂਮਿਕਾ ਹੁੰਦੀ ਹੈ

ਤਸਵੀਰ ਸਰੋਤ, Science Photo Library

ਤਸਵੀਰ ਕੈਪਸ਼ਨ, ਚੁਕੰਦਰ ਦੇ ਵੱਖਰੇ ਵਿੱਚ ਜਿਓਸਮੀਨ ਦੀ ਅਹਿਮ ਭੂਮਿਕਾ ਹੁੰਦੀ ਹੈ

ਜਿਓਸਮੀਨ ਨਾਲ ਸਾਡਾ ਇੱਕ ਅਜੀਬ ਰਿਸ਼ਤਾ ਵੀ ਹੈ। ਜਿੱਥੇ ਅਸੀਂ ਇਸਦੀ ਮਹਿਕ ਪਸੰਦ ਕਰਦੇ ਹਾਂ ਉੱਥੇ ਹੀ ਸਾਡੇ ਵਿੱਚੋਂ ਵਧੇਰੇ ਲੋਕ ਇਸਦੇ ਸੁਆਦ ਨੂੰ ਬਿਲਕੁਲ ਨਾਪਸੰਦ ਕਰਦੇ ਹਨ।

ਭਾਵੇਂ ਇਹ ਜ਼ਹਿਰੀਲਾ ਨਹੀਂ ਹੈ ਪਰ ਫਿਰ ਵੀ ਜੇ ਇਸ ਦੀ ਇੱਕ ਵੀ ਬੂੰਦ ਪਾਣੀ ਜਾਂ ਸ਼ਰਾਬ ਵਿੱਚ ਪੈ ਜਾਵੇ ਤਾਂ ਲੋਕ ਉਸ ਨੂੰ ਪੀ ਨਹੀਂ ਪਾਉਂਦੇ ਹਨ।

ਡੈਨਮਾਰਕ ਦੀ ਆਲਬੌਰਗ ਯੂਨੀਵਰਸਿਟੀ ਦੇ ਪ੍ਰੋਫੈਸਰ ਜੇਪੇ ਨਿਲਸਨ ਕਹਿੰਦੇ ਹਨ, "ਸਾਨੂੰ ਨਹੀਂ ਪਤਾ ਕਿ ਅਸੀਂ ਜਿਓਸਮੀਨ ਨੂੰ ਪਸੰਦ ਕਿਉਂ ਨਹੀਂ ਕਰਦੇ। ਇਹ ਜ਼ਹਿਰੀਲਾ ਨਹੀਂ ਹੈ ਪਰ ਫਿਰ ਵੀ ਅਸੀਂ ਇਸ ਨੂੰ ਨਕਾਰਾਤਮਕ ਹੀ ਮੰਨਦੇ ਹਾਂ।''

ਬਨਸਪਤੀ ਦੀ ਭੂਮਿਕਾ

ਪ੍ਰੋਫੈਸਰ ਨਿਲਸਨ ਅਨੁਸਾਰ ਰਿਸਰਚ ਇਸ ਵੱਲ ਇਸ਼ਾਰਾ ਕਰਦੀ ਹੈ ਕਿ ਜਿਓਸਮੀਨ ਕਈ ਤਰ੍ਹਾਂ ਦੇ ਬੂਟਿਆਂ ਦੀ ਮਹਿਕ ਦਾ ਕਾਰਨ ਹੋ ਸਕਦਾ ਹੈ।

ਇੱਕ ਹੋਰ ਰਿਸਰਚਰ ਪ੍ਰੋਫੈਸਰ ਫਿਲਿਪ ਸਟੀਵਸਨ ਅਨੁਸਾਰ ਮੀਂਹ ਇਸ ਮਹਿਕ ਨੂੰ ਬਾਹਰ ਲਿਆਉਂਦਾ ਹੈ।

ਮੀਂਹ ਵੇਲੇ ਪੌਧਿਆਂ ਵਿੱਚ ਖੁਰਾਕ ਰਸਾਉਣ ਦੀ ਪ੍ਰਕਿਰਿਆ ਮੁੜ ਤੇਜ਼ ਹੁੰਦੀ ਹੈ ਜਿਸ ਕਾਰਨ ਉਹ ਮਹਿਕ ਛੱਡਦੇ ਹਨ

ਤਸਵੀਰ ਸਰੋਤ, Science Photo Library

ਤਸਵੀਰ ਕੈਪਸ਼ਨ, ਮੀਂਹ ਵੇਲੇ ਪੌਧਿਆਂ ਵਿੱਚ ਖੁਰਾਕ ਰਸਾਉਣ ਦੀ ਪ੍ਰਕਿਰਿਆ ਮੁੜ ਤੇਜ਼ ਹੁੰਦੀ ਹੈ ਜਿਸ ਕਾਰਨ ਉਹ ਮਹਿਕ ਛੱਡਦੇ ਹਨ

ਉਨ੍ਹਾਂ ਦੱਸਿਆ, "ਜ਼ਿਆਦਾਤਰ ਬਨਸਪਤੀ ਵਿੱਚ ਮੌਜੂਦ ਮਹਿਕ ਪੈਦਾ ਕਰਨ ਵਾਲੇ ਰਸਾਇਣ ਪੱਤਿਆਂ ਵਿੱਚ ਪੈਦਾ ਹੁੰਦੇ ਹਨ ਤੇ ਮੀਂਹ ਉਨ੍ਹਾਂ ਨੂੰ ਖਰਾਬ ਕਰਦੇ ਹਨ ਅਤੇ ਬਨਸਪਤੀ ਵੱਲੋਂ ਮਹਿਕ ਛੱਡੀ ਜਾਂਦੀ ਹੈ।''

"ਮੀਂਹ ਸੁੱਕੇ ਬੂਟਿਆਂ ਤੋਂ ਵੀ ਇਸੇ ਤਰੀਕੇ ਨਾਲ ਮਹਿਕ ਪੈਦਾ ਕਰਦਾ ਹੈ।''

ਸੋਕੇ ਦੌਰਾਨ ਬੂਟਿਆਂ ਵਿੱਚ ਖੁਰਾਕ ਦੀ ਰਚਣ ਦੀ ਕਿਰਿਆ ਹੌਲੀ ਹੋ ਜਾਂਦੀ ਹੈ। ਮੀਂਹ ਤੋਂ ਬਾਅਦ ਇਹ ਨਵੇਂ ਸਿਰੇ ਤੋਂ ਸ਼ੁਰੂ ਹੁੰਦੀ ਹੈ ਅਤੇ ਬੂਟੇ ਇਸ ਵੇਲੇ ਮਹਿਕ ਛੱਡਦੇ ਹਨ।

ਇਹ ਵੀ ਪੜ੍ਹੋ:

ਅਸਮਾਨੀ ਬਿਜਲੀ

ਅਸਮਾਨੀ ਬਿਜਲੀ ਅਤੇ ਗਰਜਦੇ ਬੱਦਲ ਵੀ ਇਸ ਪ੍ਰਕਿਰਿਆ ਵਿੱਚ ਅਹਿਮ ਭੁਮਿਕਾ ਨਿਭਾ ਸਕਦੇ ਹਨ। ਅਸਮਾਨੀ ਬਿਜਲੀ ਓਜ਼ੋਨ ਦੀ ਸਾਫ਼ ਤੇ ਤਿੱਖੀ ਮਹਿਕ ਪੈਦਾ ਕਰਦੀ ਹੈ ਜੋ ਵਾਯੂਮੰਡਲ ਵਿੱਚ ਫੈਲਦੀ ਹੈ।

ਅਸਮਾਨੀ ਬਿਜਲੀ ਤੋਂ ਇਲਾਵਾ ਗਰਜਦੇ ਬੱਦਲਾਂ,ਤੂਫ਼ਾਨ ਅਤੇ ਖ਼ਾਸਕਰ ਮੀਂਹ ਕਰਕੇ ਹਵਾ ਵਧੇਰੇ ਸਾਫ਼ ਹੁੰਦੀ ਹੈ

ਤਸਵੀਰ ਸਰੋਤ, Science Photo Library

ਤਸਵੀਰ ਕੈਪਸ਼ਨ, ਅਸਮਾਨੀ ਬਿਜਲੀ ਤੋਂ ਇਲਾਵਾ ਗਰਜਦੇ ਬੱਦਲਾਂ,ਤੂਫ਼ਾਨ ਅਤੇ ਖ਼ਾਸਕਰ ਮੀਂਹ ਕਰਕੇ ਹਵਾ ਵਧੇਰੇ ਸਾਫ਼ ਹੁੰਦੀ ਹੈ

ਯੂਨੀਵਰਸਿਟੀ ਆਫ ਮਿਸੀਸਿੱਪੀ ਦੇ ਪ੍ਰੋਫੈਸਰ ਮੈਰੀਬੈਥ ਸੋਟੋਲਜ਼ਨਬਰਗ ਦੱਸਦੇ ਹਨ, "ਅਸਮਾਨੀ ਬਿਜਲੀ ਤੋਂ ਇਲਾਵਾ ਗਰਜਦੇ ਬੱਦਲਾਂ,ਤੂਫ਼ਾਨ ਅਤੇ ਖ਼ਾਸਕਰ ਮੀਂਹ ਕਰਕੇ ਹਵਾ ਵਧੇਰੇ ਸਾਫ਼ ਹੁੰਦੀ ਹੈ। ਮੀਂਹ ਕਾਰਨ ਪ੍ਰਦੂਸ਼ਣ ਦੇ ਕਾਫੀ ਕਣ ਹਵਾ ਵਿੱਚੋਂ ਖ਼ਤਮ ਹੋ ਜਾਂਦੇ ਹਨ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)