ਗਰਮੀ ਤੋਂ ਰਾਹਤ ਦੇਣ ਲਈ ਲਾਏ ਏਸੀ ਕਿਵੇਂ ਵਧਾਅ ਰਹੇ ਹਨ ਹੋਰ ਗਰਮੀ

ਗਰਮੀ

ਤਸਵੀਰ ਸਰੋਤ, Getty Images

    • ਲੇਖਕ, ਕ੍ਰਿਸ ਬਾਰਾਨਿਊਕ
    • ਰੋਲ, ਟੈਕਨੋਲਜੀ ਅਤੇ ਬਿਜ਼ਨੈੱਸ ਰਿਪੋਰਟਰ

ਉੱਤਰੀ ਭਾਰਤ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਅਜਿਹੇ ਵਿੱਚ ਘਰਾਂ, ਦਫ਼ਤਰਾਂ ਅਤੇ ਦੁਕਾਨਾਂ ਵਿੱਚ ਲੱਗੇ ਏਅਰ ਕੰਡੀਸ਼ਨਰ (ਏਸੀ) ਹੀ ਲੋਕਾਂ ਨੂੰ ਤਪਦੀ ਗਰਮੀ ਤੋਂ ਰਾਹਤ ਦੇ ਰਹੇ ਹਨ।

ਗਲੋਬਲ ਵਾਰਮਿੰਗ ਦੇ ਇਸ ਮਾਹੌਲ ਵਿੱਚ ਏਅਰ ਕੰਡੀਸ਼ਨਰ ਯਾਨਿ ਏਸੀ ਦੀ ਮੰਗ ਲਗਾਤਾਰ ਵਧ ਰਹੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਸਾਨੂੰ ਠੰਡਕ ਦੇਣ ਵਾਲੇ ਇਹ ਏਸੀ ਦੁਨੀਆਂ ਨੂੰ ਹੋਰ ਗਰਮ ਬਣਾਉਂਦੇ ਜਾ ਰਹੇ ਹਨ।

ਦਰਅਸਲ ਏਸੀ ਚਲਾਉਣ ਲਈ ਬਿਜਲੀ ਦੀ ਵਰਤੋਂ ਵਧੇਰੇ ਹੁੰਦੀ ਹੈ। ਇਹ ਵਾਧੂ ਬਿਜਲੀ ਸਾਡੇ ਵਾਤਾਵਰਣ ਨੂੰ ਹੋਰ ਗਰਮ ਬਣਾ ਰਹੀ ਹੈ।

ਵਾਤਾਵਰਣ ਮਾਹਿਰਾਂ ਦਾ ਕਹਿਣਾ ਹੈ ਕਿ ਸਾਲ 2001 ਤੋਂ ਬਾਅਦ 17 ਵਿੱਚੋਂ 16 ਸਾਲ ਬਹੁਤ ਗਰਮ ਰਹੇ ਹਨ। ਅਜਿਹੇ ਵਿੱਚ ਏਅਰ ਕੰਡੀਸ਼ਨਰ ਦੀ ਵਧਦੀ ਮੰਗ ਕੋਈ ਹੈਰਾਨੀ ਦੀ ਗੱਲ ਨਹੀਂ ਹੈ।

ਇੰਟਰਨੈਸ਼ਨਲ ਐਨਰਜੀ ਏਜੰਸੀ ਮੁਤਾਬਕ 2050 ਤੱਕ ਏਅਰ ਕੰਡੀਸ਼ਨਰ ਚਲਾਉਣ ਲਈ ਲੱਗਣ ਵਾਲੀ ਊਰਜਾ ਅੱਜ ਦੇ ਮੁਕਾਬਲੇ ਵਿੱਚ ਤਿੰਨ ਗੁਣਾ ਹੋਰ ਵੱਧ ਜਾਵੇਗੀ।

ਇਸਦਾ ਮਤਲਬ ਸਾਲ 2050 ਤੱਕ ਦੁਨੀਆਂ ਭਰ ਦੇ ਏਅਰ ਕੰਡੀਸ਼ਨਰ ਬਿਜਲੀ ਦੀ ਓਨੀ ਖਪਤ ਕਰਨਗੇ, ਜਿੰਨੀ ਅਮਰੀਕਾ, ਯੂਰਪ ਅਤੇ ਜਾਪਾਨ ਮੌਜੂਦਾ ਸਮੇਂ ਵਿੱਚ ਮਿਲ ਕੇ ਕਰ ਰਹੇ ਹਨ।

ਇਸ ਲਈ ਵਿਗਿਆਨਕ ਅਤੇ ਤਕਨੀਕ ਨਾਲ ਜੁੜੀਆਂ ਕੰਪਨੀਆਂ ਕੂਲਿੰਗ ਸਿਸਟਮ ਨੂੰ ਹੋਰ ਵੱਧ ਅਸਰਦਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਤਾਂ ਜੋ ਬਿਜਲੀ ਦੀ ਖਪਤ ਵਿੱਚ ਕਮੀ ਆ ਸਕੇ।

ਗਰਮੀ

ਤਸਵੀਰ ਸਰੋਤ, AASWATH RAMAN

ਤਸਵੀਰ ਕੈਪਸ਼ਨ, ਸਕਾਈਕੂਲ ਸਿਸਟਮ ਦਾ ਛੱਤ 'ਤੇ ਪਰੀਖਣ ਕੀਤਾ ਗਿਆ

ਮਿਸਾਲ ਦੇ ਤੌਰ 'ਤੇ ਲਈ ਸਟੈਨਫੋਰਡ ਯੂਨੀਵਰਸਟੀ ਦੇ ਖੋਜਕਾਰਾਂ ਨੇ ਇੱਕ ਖਾਸ ਸਿਸਟਮ ਵਿਕਸਿਤ ਕੀਤਾ ਹੈ। ਇਹ ਸਿਸਟਮ ਹਾਈ-ਟੈਕ ਸਮੱਗਰੀ ਅਤੇ "ਨੈਨੋ-ਫੋਟੋਨਿਕਸ" ਤੋਂ ਬਣਿਆ ਹੈ।

ਇਸ ਵਿੱਚ ਇੱਕ ਬਹੁਤ ਪਤਲੀ ਅਤੇ ਰਿਫਲੈਕਟਿੰਗ ਸਮੱਗਰੀ ਲੱਗੀ ਹੁੰਦੀ ਹੈ, ਜਿਹੜੀ ਸੂਰਜ ਦੀ ਸਿੱਧੀ ਰੌਸ਼ਨੀ ਵਿੱਚ ਹੀਟ ਦੂਰ ਸੁੱਟ ਦਿੰਦੀ ਹੈ।

ਏਅਰ ਕੰਡੀਸ਼ਨਰ ਬਿਜਲੀ ਤੋਂ ਬਿਨਾਂ ਚੱਲਣ ਤਾਂ?

ਪਰੀਖਣ ਕਰਨ 'ਤੇ ਖੋਜਕਾਰਾਂ ਨੇ ਪਤਾ ਲਗਾਇਆ ਕਿ ਇਸ ਨਾਲ ਪੈਨਲ ਹੇਠਾਂ ਲੱਗੀਆਂ ਪਾਈਪਾਂ ਵਿੱਚ ਭਰੇ ਪਾਣੀ ਨੂੰ ਠੰਢਾ ਕੀਤਾ ਜਾ ਸਕਦਾ ਹੈ।

ਇਸ ਠੰਢੇ ਪਾਣੀ ਵਾਲੇ ਸਿਸਟਮ ਨਾਲ ਕਿਸੇ ਬਿਲਡਿੰਗ ਵਿੱਚ ਆਸਾਨੀ ਨਾਲ ਕੂਲਿੰਗ ਕੀਤੀ ਜਾ ਸਕਦੀ ਹੈ।

ਇਹ ਸਭ ਕਰਨ ਲਈ ਬਿਜਲੀ ਦੀ ਕੋਈ ਲੋੜ ਨਹੀਂ ਪੈਂਦੀ। ਖੋਜਕਾਰਾਂ ਦਾ ਕਹਿਣਾ ਹੈ ਕਿ ਉਹ ਇਸ ਸਕਾਈਕੂਲ ਸਿਸਟਮ ਨੂੰ ਬਾਜ਼ਾਰ ਵਿੱਚ ਲਿਆਉਣਾ ਚਾਹੁੰਦੇ ਹਨ।

ਫਲੋਰੀਡਾ ਯੂਨੀਵਰਸਟੀ ਦੇ ਸੌਰ ਊਰਜਾ ਕੇਂਦਰ ਨਾਲ ਜੁੜੇ ਡੈਨੀ ਪਾਰਕਰ ਆਪਣੇ ਸਾਥੀਆਂ ਨਾਲ ਲੰਬੇ ਸਮੇਂ ਤੋਂ ਏਅਰ ਕੰਡੀਸ਼ਨਰ ਅਤੇ ਹੀਟਿੰਗ ਸਿਸਟਮ ਨੂੰ ਵੱਧ ਅਸਰਦਾਰ ਬਣਾਉਣ ਦੇ ਤਰੀਕੇ ਲੱਭਦੇ ਰਹੇ ਹਨ।

ਸਾਲ 2016 ਵਿੱਚ ਉਨ੍ਹਾਂ ਨੇ ਇੱਕ ਅਜਿਹਾ ਯੰਤਰ ਲੱਭਿਆ ਜਿਹੜਾ ਪਾਣੀ ਦੇ ਵਾਸ਼ਪੀਕਰਣ ਜ਼ਰੀਏ ਠੰਡਾ ਹੁੰਦਾ ਹੈ। ਇਸ ਯੰਤਰ ਨੂੰ ਏਅਰ ਕੰਡੀਸ਼ਨਿੰਗ ਯੂਨਿਟ ਨਾਲ ਜੋੜਿਆ ਜਾ ਸਕਦਾ ਹੈ, ਜਿਸ ਨਾਲ ਘੱਟ ਬਿਜਲੀ ਵਿੱਚ ਵਧੇਰੇ ਠੰਢੀ ਹਵਾ ਮਿਲ ਸਕੇਗੀ।

ਖੋਜਕਾਰਾਂ ਦੀ ਮੰਨੀਏ ਤਾਂ ਇਸ ਤਰੀਕੇ ਨਾਲ ਯੂਰਪੀ ਦੇਸਾਂ ਵਿੱਚ ਕੂਲਿੰਗ ਦੇ ਅਸਰ ਨੂੰ 30 ਤੋਂ 50 ਫ਼ੀਸਦ ਤੱਕ ਬਿਹਤਰ ਕੀਤਾ ਜਾ ਸਕਦਾ ਹੈ।

ਗਰਮੀ

ਤਸਵੀਰ ਸਰੋਤ, EPA

ਤਕਨੀਤੀ ਖੇਤਰ ਦੀ ਵੱਡੀ ਕੰਪਨੀ ਸੈਮਸੰਗ ਨੇ ''ਵਿੰਡ ਫ੍ਰੀ'' ਨਾਮ ਦੀ ਇੱਕ ਤਕਨੀਕ ਵਿਕਸਿਤ ਕੀਤੀ ਹੈ। ਇਹ ਤਕਨੀਕ ਕਮਰੇ ਦੇ ਤਾਪਮਾਨ ਨੂੰ ਘਟਾ ਦਿੰਦੀ ਹੈ, ਜਿਸ ਨਾਲ ਕਮਰਾ ਠੰਢਾ ਹੋ ਜਾਂਦਾ ਹੈ।

ਇਸਦੀ ਖਾਸ ਗੱਲ ਇਹ ਹੈ ਕਿ ਇਸਦੇ ਨਾਲ ਬਿਜਲੀ ਦੇ ਪੱਖੇ ਚਲਾਉਣ ਦੀ ਲੋੜ ਨਹੀਂ ਹੁੰਦੀ ਹੈ। ਸੈਮਸੰਗ ਕੰਪਨੀ ਦਾ ਕਹਿਣਾ ਹੈ ਕਿ ਇਹ ਤਕਨੀਕ ਆਮ ਏਅਰ ਕੰਡੀਸ਼ਨਰ ਤੋਂ 32 ਫ਼ੀਸਦ ਵੱਧ ਫਾਇਦੇਮੰਦ ਹੈ।

ਬਾਜ਼ਾਰ ਵਿੱਚ ਪਹਿਲਾਂ ਤੋਂ ਕਈ ਸਸਤੇ ਅਤੇ ਘੱਟ ਬਿਜਲੀ ਦੀ ਖਪਤ ਵਾਲੇ ਏਅਰ ਕੰਡੀਸ਼ਨਰ ਮੌਜੂਦ ਹਨ। ਇਨ੍ਹਾਂ ਵਿੱਚ ਇਨਵਰਟਰ ਲੱਗੇ ਹੁੰਦੇ ਹਨ।

ਗਰਮੀ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਪਾਕਿਸਤਾਨ ਦੇ ਕਰਾਚੀ ਵਿੱਚ ਗਰਮੀ ਤੋਂ ਬਚਣ ਦੀ ਕੋਸ਼ਿਸ਼ ਕਰਦਾ ਇੱਕ ਸ਼ਖ਼ਸ

ਊਰਜਾ ਮਾਹਿਰ ਲੈਨ ਸਟਾਫੇਲ ਕਹਿੰਦੇ ਹਨ, ''ਲੋਕ ਏਅਰ ਕੰਡੀਸ਼ਨਰ ਲਈ ਜ਼ਿਆਦਾ ਪੈਸਾ ਖਰਚ ਨਹੀਂ ਕਰਨਾ ਚਾਹੁੰਦੇ। ਚੀਨ ਵਿੱਚ ਬਿਜਲੀ ਬਹੁਤ ਸਸਤੀ ਹੈ, ਇਸ ਲਈ ਉਨ੍ਹਾਂ ਨੂੰ ਬਿਜਲੀ ਦੇ ਬਿੱਲ ਦੀ ਵਾਧੂ ਚਿੰਤਾ ਨਹੀਂ ਹੈ।''

ਇਸਦੇ ਬਾਵਜੂਦ ਚੀਨ ਦੇ ਕੁਝ ਐਨਰਜੀ ਗਰੁੱਪ ਸਾਲ ਦੀ ਸ਼ੁਰੂਆਤ ਵਿੱਚ ਏਅਰ ਕੰਡੀਸ਼ਨਰ ਨੂੰ ਹੋਰ ਅਸਰਦਾਰ ਬਣਾਉਣ ਲਈ ਪ੍ਰੋਗਰਾਮ ਚਲਾਉਣ ਤਾਂ ਜੋ ਬਿਜਲੀ ਦੀ ਖਪਤ ਘੱਟ ਕੀਤੀ ਜਾ ਸਕੇ।

ਇਹ ਵੀ ਪੜ੍ਹੋ:

ਅਸੀਂ ਆਪਣੇ ਏਅਰ ਕੰਡੀਸ਼ਨਰ ਦੀ ਸਹੀ ਤਰੀਕੇ ਨਾਲ ਦੇਖ-ਭਾਲ ਕਰਕੇ ਬਹੁਤ ਹੱਦ ਤੱਕ ਊਰਜਾ ਬਚਾ ਸਕਦੇ ਹਾਂ।

ਮਿਸਾਲ ਦੇ ਤੌਰ 'ਤੇ ਟਾਡੋ ਦਾ ''ਸਮਾਰਟ ਏਸੀ ਕੰਟਰੋਲ'' ਇੱਕ ਐਪ ਕਨੈਕਟਡ ਰਿਮੋਟ ਕੰਟਰੋਲ ਹੈ।

ਜਦੋਂ ਲੋਕ ਕਮਰੇ ਤੋਂ ਬਾਹਰ ਚਲੇ ਜਾਂਦੇ ਹਨ ਤਾਂ ਇਹ ਰਿਮੋਟ ਕੰਟਰੋਲ ਖ਼ੁਦ ਹੀ ਏਅਰ ਕੰਡੀਸ਼ਨਰ ਨੂੰ ਬੰਦ ਕਰ ਦਿੰਦਾ ਹੈ।

ਗਰਮੀ

ਤਸਵੀਰ ਸਰੋਤ, TADO

ਤਸਵੀਰ ਕੈਪਸ਼ਨ, ਜਦੋਂ ਕੋਈ ਘਰ ਨਹੀਂ ਹੁੰਦਾ ਤਾਂ ਇਹ ਰਿਮੋਟ ਕੰਟਰੋਲ ਖ਼ੁਦ ਹੀ ਏਅਰ ਕੰਡੀਸ਼ਨਰ ਨੂੰ ਬੰਦ ਕਰ ਦਿੰਦਾ ਹੈ।

ਇਸ ਤੋਂ ਇਲਾਵਾ ਇਹ ਰਿਮੋਟ ਕੰਟਰੋਲ ਬਾਹਰ ਦੇ ਮੌਸਮ ਦੇ ਹਿਸਾਬ ਨਾਲ ਅੰਦਰ ਦੀ ਕੂਲਿੰਗ ਨੂੰ ਵੀ ਸੈੱਟ ਕਰ ਦਿੰਦਾ ਹੈ।

ਟਾਡੋ ਦਾ ਦਾਅਵਾ ਹੈ ਕਿ ਇਸ ਤਰ੍ਹਾਂ ਦੇ ਚੰਗੇ ਮੈਨੇਜਮੈਂਟ ਨਾਲ ਊਰਜਾ ਦੀ ਖਪਤ ਨੂੰ 40 ਫ਼ੀਸਦ ਤੱਕ ਘੱਟ ਕੀਤਾ ਜਾ ਸਕਦਾ ਹੈ।

ਨਵਿਆਉਣਯੋਗ ਊਰਜਾ ਦੀ ਵਰਤੋਂ

ਜੇਕਰ ਬਿਜਲੀ ਦੀ ਥਾਂ ਸਾਰੇ ਏਸੀ ਨਵਿਆਉਣਯੋਗ ਊਰਜਾ ਦੀ ਮਦਦ ਨਾਲ ਚੱਲਣ ਲੱਗੇ ਤਾਂ ਵੀ ਅਸੀਂ ਇਸ ਨਾਲ ਹੋਣ ਵਾਲੇ ਨੁਕਸਾਨ ਨੂੰ ਘੱਟ ਕਰ ਸਕਦੇ ਹਾਂ। ਪਰ ਇਸਦੀ ਸੰਭਾਵਨਾ ਘੱਟ ਹੀ ਲਗਦੀ ਹੈ।

ਏਅਰ ਕੰਡੀਸ਼ਨਰ ਲਈ ਬਿਜਲੀ ਦੀ ਮੰਗ ਲਗਾਤਾਰ ਵਧ ਰਹੀ ਹੈ। ਇਸਦਾ ਕਾਰਨ ਸਿਰਫ਼ ਤਾਪਮਾਨ ਦਾ ਵਧਣਾ ਹੀ ਨਹੀਂ ਬਲਕਿ ਲੋਕਾਂ ਦੀ ਆਮਦਨੀ ਦਾ ਵਧਣਾ ਵੀ ਹੈ।

ਚੀਨ, ਭਾਰਤ ਅਤੇ ਇੰਡੋਨੇਸ਼ੀਆ ਵਿੱਚ ਅਗਲੇ 30 ਸਾਲ 'ਚ ਪੂਰੀ ਦੁਨੀਆਂ ਦੇ 50 ਫ਼ੀਸਦ ਏਸੀ ਵਰਤੇ ਜਾਣ ਦੀ ਸੰਭਾਵਨਾ ਹੈ।

(ਇਹ ਰਿਪੋਰਟ ਪਹਿਲੀ ਵਾਰ 2018 ਵਿਚ ਪ੍ਰਕਾਸ਼ਿਤ ਕੀਤੀ ਗਈ ਸੀ)

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)