ਜਦੋਂ 32 ਹਜ਼ਾਰ ਫੁੱਟ ਦੀ ਉਚਾਈ ’ਤੇ ਉੱਡਦੇ ਜਹਾਜ਼ ਵਿੱਚੋਂ ਬਾਹਰ ਲਟਕਿਆ ਪਾਇਲਟ

ਹਵਾਈ ਜਹਾਜ਼

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਐਮਰਜੈਂਸੀ ਲੈਂਡਿੰਗ ਤੋਂ ਬਾਅਦ ਕਾਰਨਾਂ ਦਾ ਪਤਾ ਲਗਾਉਂਦੇ ਕਰਮਚਾਰੀ

ਹਵਾਈ ਜਹਾਜ਼ ਹਵਾ ਵਿੱਚ ਹੀ ਸੀ ਕਿ ਅੱਗੇ ਦਾ ਸ਼ੀਸ਼ਾ ਟੁੱਟਿਆ ਅਤੇ ਜਹਾਜ਼ ਦਾ ਪਾਇਲਟ ਅੱਧਾ ਬਾਹਰ ਆ ਗਿਆ।

ਇਹ ਕਿਸੇ ਬਾਲੀਵੁੱਡ ਫ਼ਿਲਮ ਦਾ ਸੀਨ ਨਹੀਂ, ਸਗੋਂ ਚੀਨ ਦੇ ਯਾਤਰੀ ਜਹਾਜ਼ 'ਚ ਇਹ ਘਟਨਾ ਵਾਪਰੀ ਹੈ।

ਹਾਲਾਂਕਿ ਜਹਾਜ਼ ਦੇ ਦੂਜੇ ਪਾਇਲਟ ਨੇ ਸਮਾਂ ਰਹਿੰਦੇ ਆਪਣੇ ਸਹਿ-ਪਾਇਲਟ ਨੂੰ ਅੰਦਰ ਖਿੱਚ ਕੇ ਬਚਾ ਲਿਆ ਅਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰ ਦਿੱਤੀ।

ਜਹਾਜ਼ 'ਚ ਸਵਾਰ ਸਾਰੇ ਮੁਸਾਫ਼ਰ ਸੁਰੱਖਿਅਤ ਹਨ।

ਕੈਪਟਨ ਲਿਓ ਚਵਾਨ ਜੀਐਨ ਨੇ ਦੱਸਿਆ ਕਿ ਏਅਰਬੱਸ ਏ-319, 32 ਹਜ਼ਾਰ ਫੁੱਟ ਦੀ ਉਚਾਈ 'ਤੇ ਉੱਡ ਰਿਹਾ ਸੀ, ਤਾਂ ਉਦੋਂ ਕੌਕਪਿਟ 'ਚ ਜ਼ੋਰਦਾਰ ਧਮਾਕਾ ਹੋਇਆ।

ਉਨ੍ਹਾਂ ਨੇ ਚੇਂਗਡੁ ਇਕੋਨੌਮਿਕ ਡੇਲੀ ਨੂੰ ਕਿਹਾ, ''ਅਜਿਹਾ ਹੋਣ ਦੀ ਕੋਈ ਚਿਤਾਵਨੀ ਨਹੀਂ ਸੀ।''

''ਵਿੰਡਸ਼ੀਲਡ ਅਚਾਨਕ ਟੁੱਟੀ ਤੇ ਤੇਜ਼ ਧਮਾਕਾ ਹੋਇਆ ਅਤੇ ਮੈਂ ਦੇਖਿਆ ਕਿ ਮੇਰਾ ਸਹਿ-ਪਾਇਲਟ ਵਿੰਡਸ਼ੀਲਡ ਤੋਂ ਅੱਧਾ ਬਾਹਰ ਨਿਕਲ ਗਿਆ ਹੈ।''

ਕਿਸਮਤ ਨਾਲ ਸਹਿ-ਪਾਇਲਟ ਨੇ ਸੀਟਬੈਲਟ ਬੰਨ੍ਹੀ ਹੋਈ ਸੀ। ਉਨ੍ਹਾਂ ਨੂੰ ਖਿੱਚ ਕੇ ਅੰਦਰ ਵਾਪਿਸ ਲਿਆਂਦਾ ਗਿਆ।

ਇਸ ਵਿਚਾਲੇ ਪ੍ਰੈਸ਼ਰ ਅਤੇ ਡਿੱਗਦੇ ਤਾਪਮਾਨ ਦੀ ਵਜ੍ਹਾ ਨਾਲ ਜਹਾਜ਼ ਦੇ ਉਪਕਰਣਾਂ 'ਚ ਖ਼ਰਾਬੀ ਆਉਣ ਲੱਗੀ।

ਕੈਪਟਨ ਨੇ ਦੱਸਿਆ, ''ਕੌਕਪਿਟ 'ਚ ਹਰ ਚੀਜ਼ ਹਵਾ ਵਿੱਚ ਉੱਡ ਰਹੀ ਸੀ, ਮੈਂ ਰੇਡੀਓ ਨਹੀਂ ਸੁਣ ਪਾ ਰਿਹਾ ਸੀ...ਜਹਾਜ਼ ਐਨੀ ਜ਼ੋਰ ਨਾਲ ਹਿਲ ਰਿਹਾ ਸੀ ਕਿ ਮੈਂ ਉਸ ਨੂੰ ਕੰਟਰੋਲ ਨਹੀਂ ਕਰ ਪਾ ਰਿਹਾ ਸੀ।''

ਕਿਵੇਂ ਹੋਇਆ ਹਾਦਸਾ?

ਘਟਨਾ ਦੇ ਸਮੇਂ ਸਿਚੁਆਨ ਏਅਰਲਾਈਨਜ਼ 3U8633 ਦੱਖਣ-ਪੱਛਮ ਚੀਨ ਦੇ ਚੋਂਗ-ਚਿੰਗ ਤੋਂ ਤਿੱਬਤ ਦੇ ਲਹਾਸਾ ਜਾ ਰਿਹਾ ਸੀ।

ਮੁਸਾਫ਼ਰਾਂ ਨੂੰ ਸਵੇਰ ਦਾ ਨਾਸ਼ਤਾ ਦਿੱਤਾ ਜਾ ਰਿਹਾ ਸੀ ਤੇ ਅਚਾਨਕ ਜਹਾਜ਼ 32 ਹਜ਼ਾਰ ਫੁੱਟ ਦੀ ਉਚਾਈ ਤੋਂ ਡਿੱਗ ਕੇ 24 ਹਜ਼ਾਰ ਫੁੱਟ ਦੀ ਉਚਾਈ 'ਤੇ ਆ ਗਿਆ।

ਹਵਾਈ ਜਹਾਜ਼

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਇੱਕ ਮੁਸਾਫ਼ਰ ਨੇ ਆਪਣਾ ਤਜ਼ਰਬਾ ਸਾਂਝਾ ਕੀਤਾ, ''ਸਾਨੂੰ ਸਮਝ ਹੀ ਨਹੀਂ ਆਇਆ ਕਿ ਹੋਇਆ ਕੀ ਹੈ, ਅਸੀਂ ਬਹੁਤ ਡਰੇ ਹੋਏ ਸੀ।''

''ਆਕਸੀਜਨ ਮਾਸਕ ਹੇਠਾਂ ਆ ਗਏ ਸਨ, ਸਾਨੂੰ ਲੱਗਿਆ ਕਿ ਜਹਾਜ਼ ਡਿੱਗ ਰਿਹਾ ਹੈ, ਪਰ ਕੁਝ ਪਲਾਂ 'ਚ ਹੀ ਉਹ ਸੰਭਲ ਗਿਆ।''

ਚੀਨ ਦੇ ਸ਼ਹਿਰੀ ਹਵਾਬਾਜ਼ੀ ਵਿਭਾਗ ਨੇ ਦੱਸਿਆ ਕਿ ਸਹਿ-ਪਾਇਲਟ ਦੇ ਗੁੱਟ 'ਚ ਮੋਚ ਆਈ ਹੈ ਅਤੇ ਉਨ੍ਹਾਂ ਦੇ ਚਿਹਰੇ 'ਤੇ ਸੱਟਾਂ ਲੱਗੀਆਂ ਹਨ।

ਸਾਊਥ ਚਾਈਨਾ ਮੋਰਨਿੰਗ ਪੋਸਟ ਮੁਤਾਬਕ 119 ਸਵਾਰੀਆਂ ਵਾਲੇ ਇਸ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਵਾਇਆ ਗਿਆ।

ਜਹਾਜ਼ ਦੀ ਲੈਂਡਿੰਗ ਤੋਂ ਬਾਅਦ ਚੇਂਗਡੁ 'ਚ ਕਰੀਬ 27 ਮੁਸਾਫ਼ਰਾਂ ਦਾ ਚੈਕ-ਅੱਪ ਕੀਤਾ ਗਿਆ।

ਇਸ ਤੋਂ ਬਾਅਦ 50 ਤੋਂ ਵੱਧ ਮੁਸਾਫ਼ਰਾਂ ਨੇ ਲਹਾਸਾ ਜਾਣ ਲਈ ਦੂਜਾ ਜਹਾਜ਼ ਬੁੱਕ ਕੀਤਾ।

ਹਵਾਈ ਜਹਾਜ਼

ਤਸਵੀਰ ਸਰੋਤ, Reuters

ਲੋਕ ਕੀ ਕਹਿ ਰਹੇ ਹਨ?

ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਨ ਲਈ ਕੈਪਟਨ ਲਿਓ ਦੀ ਸੋਸ਼ਲ ਮੀਡੀਆ 'ਤੇ ਖ਼ੂਬ ਸ਼ਲਾਘਾ ਕੀਤੀ ਜਾ ਰਹੀ ਹੈ।

ਚੀਨ ਦੀ ਮਾਈਕ੍ਰੋ-ਬਲਾਗਿੰਗ ਸਾਈਟ ਸਿਨਾ ਵੀਬੋ 'ਤੇ ਮੰਗਲਵਾਰ ਨੂੰ #ChinaHeroPilot ਟ੍ਰੈਂਡ ਕਰ ਰਿਹਾ ਸੀ। ਇਸ ਨੂੰ 16 ਕਰੋੜ ਵਿਊਜ਼ ਅਤੇ 1.78 ਕਰੋੜ ਕੁਮੈਂਟਸ ਮਿਲੇ।

ਦੂਜੇ ਪਾਸੇ ਹੈਸ਼ਟੈਗ #SichuanAirlinesWindscreenGlassCracked ਨੂੰ 6.8 ਕਰੋੜ ਵਿਊਜ਼ ਅਤੇ 49,000 ਕੁਮੈਂਟਸ ਮਿਲੇ।

ਕਈ ਲੋਕਾਂ ਨੇ ਕੈਪਟਨ ਨੂੰ ਇਨਾਮ ਦੇਣ ਦੀ ਮੰਗ ਕੀਤੀ ਤਾਂ ਕਈ ਲੋਕਾਂ ਨੇ ਜਹਾਜ਼ਾਂ ਦੀ ਸੁਰੱਖਿਆ ਨੂੰ ਹੋਰ ਪੁਖ਼ਤਾ ਕੀਤੇ ਜਾਣ ਦੀ ਗੱਲ ਕਹੀ।

ਲੇਜ਼ੀ ਪਿੱਗ ਗਰਲ ਨਾਂ ਦੇ ਇੱਕ ਯੂਜ਼ਰ ਨੇ ਸੋਸ਼ਲ ਮੀਡੀਆ 'ਤੇ ਲਿਖਿਆ, ''ਅਜਿਹਾ ਹਾਦਸਾ ਕਿਵੇਂ ਹੋ ਸਕਦਾ ਹੈ? ਇਸ ਘਟਨਾ ਦੀ ਜਾਂਚ ਕਰਕੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ...ਇਸ ਹਾਦਸੇ ਤੋਂ ਸਿੱਖਦੇ ਹੋਏ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਭਵਿੱਖ ਵਿੱਚ ਅਜਿਹਾ ਨਾ ਹੋਵੇ।''

ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।

ਦੋ ਮਹੀਨੇ ਪਹਿਲਾਂ ਹੀ ਅਮਰੀਕਾ ਦੇ ਇੱਕ ਯਾਤਰੀ ਜਹਾਜ਼ ਦਾ ਇੰਜਨ ਹਵਾ ਵਿੱਚ ਹੀ ਫੱਟ ਗਿਆ ਸੀ। ਇਸ ਦੌਰਾਨ ਇੱਕ ਔਰਤ ਖਿੜਕੀ ਤੋਂ ਅੱਧੀ ਬਾਹਰ ਨਿਕਲ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।

ਵਿੰਡਸਕਰੀਨ ਟੁੱਟਣ ਦੇ ਮਾਮਲੇ ਕਈ ਵਾਰ ਸਾਹਮਣੇ ਆਉਂਦੇ ਹਨ।

ਅਜਿਹੀ ਘਟਨਾ ਕਈ ਵਾਰ ਆਸਮਾਨੀ ਬਿਜਲੀ ਦੇ ਗਰਜਣ ਅਤੇ ਕਿਸੇ ਪੰਛੀ ਦੇ ਟਕਰਾਉਣ ਕਰਕੇ ਵਾਪਰ ਜਾਂਦੀ ਹੈ। ਹਾਲਾਂਕਿ ਅਜਿਹਾ ਘੱਟ ਹੀ ਹੁੰਦਾ ਹੈ ਕਿ ਪੂਰੀ ਸਕਰੀਨ ਨੂੰ ਨੁਕਸਾਨ ਪਹੁੰਚੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)