ਨਰਿੰਦਰ ਮੋਦੀ ਇਕੱਲੇ ਨਹੀਂ ਜਿਨ੍ਹਾਂ ਨੇ ਕਰਨ ਥਾਪਰ ਦਾ ਇੰਟਰਵਿਊ ਵਿਚਾਲੇ ਛੱਡਿਆ

ਤਸਵੀਰ ਸਰੋਤ, AFP
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਪੱਤਰਕਾਰ
ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਦੁਨੀਆਂ ਦੀਆਂ ਦੋ ਮਸ਼ਹੂਰ ਯੂਨੀਵਰਸਿਟੀਆਂ ਦੀ ਯੂਨੀਅਨ ਦੇ ਪ੍ਰਧਾਨ ਭਾਰਤੀ ਉੱਪ-ਮਹਾਦੀਪ ਤੋਂ ਹੋਣ ਤੇ ਉਹ ਵੀ ਇੱਕ ਸਮੇਂ ਅਤੇ ਉਨ੍ਹਾਂ ਵਿੱਚੋਂ ਇੱਕ ਭਾਰਤੀ ਹੋਵੇ ਤੇ ਦੂਜਾ ਪਾਕਿਸਤਾਨੀ।
ਅਜਿਹਾ ਸੰਜੋਗ 1977 ਵਿੱਚ ਹੋਇਆ ਸੀ, ਜਦੋਂ ਬਾਅਦ ਵਿੱਚ ਮਸ਼ਹੂਰ ਪੱਤਰਕਾਰ ਬਣੇ ਕਰਨ ਥਾਪਰ ਕੈਂਬ੍ਰਿਜ ਯੂਨੀਅਨ ਸੋਸਾਇਟੀ ਦੇ ਪ੍ਰਧਾਨ ਬਣੇ। ਬਾਅਦ ਵਿੱਚ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਬਣੀ ਬੇਨਜ਼ੀਰ ਭੁੱਟੋ ਵੀ ਆਕਸਫ਼ਾਰਡ ਯੂਨੀਵਰਸਿਟੀ ਯੂਨੀਅਨ 'ਚ ਇਸ ਅਹੁਦੇ ਦੇ ਲਈ ਹੀ ਚੁਣੇ ਗਏ ਸਨ।
ਇਨ੍ਹਾਂ ਦੋਵਾਂ ਵਿਚਾਲੇ ਪਹਿਲੀ ਮੁਲਾਕਾਤ ਇਸ ਤੋਂ ਕੁਝ ਮਹੀਨੇ ਪਹਿਲਾਂ ਹੋਈ ਸੀ ਜਦੋਂ ਬੇਨਜ਼ੀਰ ਆਕਸਫ਼ਾਰਡ ਯੂਨਿਅਨ ਦੀ ਉੱਪ-ਪ੍ਰਧਾਨ ਅਤੇ ਕਰਨ ਕੈਂਬ੍ਰਿਜ ਯੂਨੀਅਨ ਦੇ ਪ੍ਰਧਾਨ ਹੁੰਦੇ ਸਨ।
ਇਹ ਵੀ ਪੜ੍ਹੋ:
ਕਰਨ ਦੱਸਦੇ ਹਨ, ''ਮੈਨੂੰ ਉਹ ਦਿਨ ਅਜੇ ਵੀ ਯਾਦ ਹੈ ਜਦੋਂ ਬੇਨਜ਼ੀਰ ਕੈਂਬ੍ਰਿਜ ਆਏ ਸਨ ਅਤੇ ਉਨ੍ਹਾਂ ਨੇ ਇਹ ਮਤਾ ਰੱਖਿਆ ਸੀ ਕਿ ਕਿਉਂ ਨਾ ਇਸ ਵਿਸ਼ੇ ਉੱਤੇ ਬਹਿਸ ਕਰਵਾਈ ਜਾਵੇ ਕਿ ਵਿਆਹ ਤੋਂ ਪਹਿਲਾਂ ਸੈਕਸ ਕਰਨ 'ਚ ਕੋਈ ਬੁਰਾਈ ਨਹੀਂ ਹੈ।''
ਕਿਸੇ ਵੀ ਮਹਿਲਾ ਦੇ ਲਈ ਜੋ ਪਾਕਿਸਤਾਨ ਦੀ ਸਿਆਸਤ 'ਚ ਕੁਝ ਕਰਨ ਦੀ ਚਾਹਤ ਰੱਖਦੀ ਹੋਵੇ, ਇਹ ਇੱਕ ਬਹੁਤ 'ਬੋਲਡ' ਵਿਸ਼ਾ ਸੀ।
ਕਰਨ ਕਹਿੰਦੇ ਹਨ, ''ਜਦੋਂ ਇਸ ਉੱਤੇ ਪਹਿਲੀ ਵਾਰ ਗੱਲ ਹੋਈ ਤਾਂ ਮੈਂ ਮੀਟਿੰਗ ਵਿੱਚ ਹੀ ਬੇਨਜ਼ੀਰ ਨੂੰ ਮਜ਼ਾਕ ਵਿੱਚ ਕਿਹਾ ਕਿ ਮੈਡਮ ਜੋ ਤੁਸੀਂ ਕਹਿ ਰਹੇ ਹੋ, ਉਸਦੀ ਤੁਸੀਂ ਆਪਣੀ ਨਿੱਜੀ ਜ਼ਿੰਦਗੀ ਵਿੱਚ ਪਾਲਣ ਕਰਨ ਦੀ ਹਿੰਮਤ ਰੱਖਦੇ ਹੋ?''
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post
ਇਹ ਸੁਣਦੇ ਹੀ ਉੱਥੇ ਮੌਜੂਦ ਲੋਕਾਂ ਨੇ ਜ਼ੋਰ ਦੀ ਹੱਸਣਾ ਸ਼ੁਰੂ ਕੀਤਾ ਅਤੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।
ਕਰਨ ਨੇ ਕਿਹਾ, ''ਬੇਨਜ਼ੀਰ ਨੇ ਤਾੜੀਆਂ ਦੇ ਰੁਕਣ ਦਾ ਇੰਤਜ਼ਾਰ ਕੀਤਾ। ਆਪਣੇ ਚਿਹਰੇ ਤੋਂ ਚਸ਼ਮਾ ਉਤਾਰਿਆ। ਆਪਣੀਆਂ ਨਾਸਾਂ ਚੜ੍ਹਾਈਆਂ ਅਤੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬੋਲੇ, ਜ਼ਰੂਰ, ਪਰ ਤੁਹਾਡੇ ਨਾਲ ਨਹੀਂ।''
ਆਈਸਕ੍ਰੀਮ ਦੀ ਸ਼ੌਕੀਨ ਬੇਨਜ਼ੀਰ ਭੁੱਟੋ
ਈਸਟਰ ਦੀਆਂ ਛੁੱਟੀਆਂ 'ਚ ਕਰਨ ਨੂੰ ਬੇਨਜ਼ੀਰ ਦਾ ਫ਼ੋਨ ਆਇਆ। ਉਸ ਸਮੇਂ ਦੋਵੇਂ ਹੀ ਯੂਨੀਅਨ ਦੇ ਪ੍ਰਧਾਨ ਸਨ। ਬੇਨਜ਼ੀਰ ਨੇ ਕਿਹਾ, ''ਕੀ ਮੈਂ ਆਪਣੀ ਦੋਸਤ ਅਲੀਸਿਆ ਦੇ ਨਾਲ ਕੁਝ ਦਿਨਾਂ ਦੇ ਲਈ ਕੈਂਬ੍ਰਿਜ ਆ ਸਕਦੀ ਹਾਂ?''

ਉਸ ਸਮੇਂ ਤੱਕ ਕੈਂਬ੍ਰਿਜ ਦੇ ਹੌਸਟਲ 'ਚ ਰਹਿਣ ਵਾਲੇ ਬਹੁਤੇ ਵਿਦਿਆਰਥੀ ਆਪਣੇ ਘਰ ਜਾ ਚੁੱਕੇ ਸਨ। ਬੇਨਜ਼ੀਰ ਨੂੰ ਠਹਿਰਾਉਣ ਦੀ ਕੋਈ ਸਮੱਸਿਆ ਨਹੀਂ ਸੀ। ਇਸ ਲਈ ਕਰਨ ਨੇ ਹਾਂ ਕਰ ਦਿੱਤੀ।
ਕਰਨ ਯਾਦ ਕਰਦੇ ਹਨ, ''ਕੈਂਬ੍ਰਿਜ 'ਚ ਆਪਣੇ ਦੌਰੇ ਦੇ ਆਖ਼ਰੀ ਦਿਨ ਬੇਨਜ਼ੀਰ ਨੇ ਸਾਡੇ ਸਭ ਦੇ ਲਈ ਆਪਣੇ ਹੱਥਾਂ ਨਾਲ ਖਾਣਾ ਬਣਾਇਆ ਸੀ ਅਤੇ ਬੜਾ ਸਵਾਦ ਖਾਣਾ ਸੀ ਉਹ! ਕੌਫ਼ੀ ਪੀਣ ਤੋਂ ਬਾਅਦ ਅਚਾਨਕ ਬੇਨਜ਼ੀਰ ਨੇ ਕਿਹਾ ਸੀ ਚਲੋ ਆਈਸਕ੍ਰੀਮ ਖਾਣ ਚਲਦੇ ਹਾਂ। ਅਸੀਂ ਸਭ ਲੋਕ ਉਨ੍ਹਾਂ ਦੀ ਬਹੁਤ ਹੀ ਛੋਟੀ ਜਿਹੀ ਐਮਜੀ ਕਾਰ ਵਿੱਚ ਸਮਾ ਗਏ।''
''ਅਸੀਂ ਸਮਝੇ ਕਿ ਆਈਸਕ੍ਰੀਮ ਖਾਣ ਲਈ ਕੈਂਬ੍ਰਿਜ ਜਾ ਰਹੇ ਹਾਂ ਪਰ ਸਟੇਅਰਿੰਗ ਸੰਭਾਲੇ ਬੇਨਜ਼ੀਰ ਨੇ ਗੱਡੀ ਲੰਡਨ ਦੇ ਵੱਲ ਮੋੜ ਦਿੱਤੀ। ਉੱਥੇ ਅਸੀਂ ਬੈਸਕਿਨ-ਰੋਬਿੰਸ ਦੀ ਆਈਸਕ੍ਰੀਮ ਖਾਦੀ। ਅਸੀਂ 10 ਵਜੇ ਰਾਤ ਨੂੰ ਚੱਲੇ ਸੀ ਅਤੇ ਰਾਤ ਡੇਢ ਵਜੇ ਵਾਪਿਸ ਕੈਂਬ੍ਰਿਜ ਆਏ।''
ਕਰਨ ਕਹਿੰਦੇ ਹਨ, ''ਅਗਲੀ ਸਵੇਰ ਆਕਸਫ਼ਾਰਡ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਮੈਨੂੰ 45 ਆਰਪੀਐਮ ਦਾ ਇੱਕ ਰਿਕਾਰਡ ਭੇਂਟ ਕੀਤਾ, ਜਿਸ 'ਚ ਇੱਕ ਗਾਣਾ ਸੀ, 'ਯੂ ਆਰ ਮੋਰ ਦੈਨ ਏ ਨੰਬਰ ਇਨ ਮਾਈ ਲਿਟਿਲ ਰੈੱਡ ਬੁੱਕ'।
''ਉਹ ਹੱਸਦਿਆਂ ਹੋਏ ਬੋਲੇ, ਮੈਨੂੰ ਪਤਾ ਹੈ ਕਿ ਤੁਸੀਂ ਹਰ ਥਾਂ ਇਸਦਾ ਢਿੰਢੋਰਾ ਪਿੱਟੋਗੇ, ਪਰ ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਮੈਂ ਆਪਣੇ ਦਿਲ 'ਚ ਸੋਚਾਂਗੀ ਕਿ ਤੁਸੀਂ ਹੋ ਤਾਂ ਨਿਕੰਮੇ ਭਾਰਤੀ ਹੀ।''

ਤਸਵੀਰ ਸਰੋਤ, Reuters
ਸ਼ਰ੍ਹੇਆਮ ਗੱਲ੍ਹਾਂ ਚੁੰਮਣ ਤੋਂ ਪਰਹੇਜ਼
ਇਸ ਵਿਚਾਲੇ ਕਰਨ ਪੱਤਰਕਾਰ ਬਣ ਗਏ। ਉਨ੍ਹਾਂ ਨੇ ਪਹਿਲਾਂ 'ਦਿ ਟਾਇਮਜ਼' ਦੀ ਨੌਕਰੀ ਕੀਤੀ ਅਤੇ ਫ਼ਿਰ ਉਹ ਐਲਡਬਲਿਊਟੀ ਟੇਲੀਵੀਜ਼ਨ ਵਿੱਚ ਰਿਪੋਰਟਰ ਬਣ ਗਏ।
ਬੇਨਜ਼ੀਰ ਪਾਕਿਸਤਾਨ ਤੋਂ ਕੱਢੇ ਜਾਣ ਤੋਂ ਬਾਅਦ ਲੰਡਨ 'ਚ ਹੀ ਰਹਿਣ ਲੱਗੇ। ਦੋਵਾਂ ਦੀ ਕੈਂਬ੍ਰਿਜ ਤੋਂ ਸ਼ੁਰੂ ਹੋਈ ਦੋਸਤੀ ਗੂੜ੍ਹੀ ਹੋਈ ਅਤੇ ਇੱਕ ਦਿਨ ਬੇਨਜ਼ੀਰ ਨੇ ਕਰਨ ਨੂੰ ਕਿਹਾ ਤੁਸੀਂ ਮੈਨੂੰ ਆਪਣੇ ਘਰ ਕਿਉਂ ਨਹੀਂ ਬੁਲਾਉਂਦੇ?
ਕਰਨ ਦੱਸਦੇ ਹਨ, ''ਉਸ ਤੋਂ ਬਾਅਦ ਬੇਨਜ਼ੀਰ ਦਾ ਮੇਰੇ ਘਰ ਆਉਣ ਦਾ ਸਿਲਸਿਲਾ ਸ਼ੁਰੂ ਹੋਇਆ।''
ਉਨ੍ਹਾਂ ਨੇ ਕਿਹਾ, ''ਪਤਨੀ ਨਿਸ਼ਾ ਦੀ ਵੀ ਬੇਨਜ਼ੀਰ ਨਾਲ ਦੋਸਤੀ ਹੋ ਗਈ। ਇੱਕ ਦਿਨ ਉਹ ਅਤੇ ਅਸੀਂ ਦੋਵੇਂ ਆਪਣੇ ਫ਼ਲੈਟ ਦੇ ਫਰਸ਼ ਉੱਤੇ ਬੈਠ ਕੇ ਵਾਈਨ ਅਤੇ ਸਿਗਰਟ ਪੀਂਦੇ ਹੋਏ ਗੱਲਾਂ ਕਰ ਰਹੇ ਸੀ। ਉਸ ਜ਼ਮਾਨੇ ਵਿੱਚ ਬੇਨਜ਼ੀਰ ਸਿਗਰਟ ਪੀਂਦੇ ਸਨ। ਗੱਲਾਂ ਕਰਦਿਆਂ-ਕਰਦਿਆਂ ਸਵੇਰ ਹੋਣ ਨੂੰ ਆ ਗਈ ਸੀ। ਬੇਨਜ਼ੀਰ ਨੇ ਕਿਹਾ ਕਿ ਅਸੀਂ ਇੰਨੀ ਵਾਈਨ ਪੀ ਚੁੱਕੇ ਹਾਂ ਕਿ ਤੁਹਾਡਾ ਆਪਣੀ ਕਾਰ ਰਾਹੀਂ ਮੈਨੂੰ ਘਰ ਛੱਡਣਾ ਸੁਰੱਖਿਅਤ ਨਹੀਂ ਹੋਵੇਗਾ।''
ਇਹ ਵੀ ਪੜ੍ਹੋ:
ਕਰਨ ਥਾਪਰ ਦੀ ਕਿਤਾਬ 'ਡੇਵਿਲਸ ਐਡਵੋਕੇਟ: ਦਿ ਅਨਟੋਲਡ ਸਟੋਰੀ'

ਉਨ੍ਹਾਂ ਨੇ ਦੱਸਿਆ, ''ਬੇਨਜ਼ੀਰ ਬੋਲੇ ਕਿ ਉਹ ਕੈਬ ਤੋਂ ਘਰ ਜਾਣਗੇ ਕਿਉਂਕਿ ਜੇ ਕੋਈ ਪੁਲਿਸਵਾਲਾ ਸਾਨੂੰ ਨਸ਼ੇ ਦੀ ਹਾਲਤ ਵਿੱਚ ਫੜ ਲੈਂਦਾ ਤਾਂ ਅਗਲੇ ਦਿਨ ਅਖ਼ਬਾਰਾਂ ਵਿੱਚ ਚੰਗੀ ਹੈੱਡਲਾਈਨ ਬਣਦੀ। ਹਾਲਾਂਕਿ ਜਦੋਂ ਕੈਬ ਡ੍ਰਾਇਵਰ ਮੇਰੇ ਘਰ ਪਹੁੰਚਿਆਂ ਤਾਂ ਉਹ ਭਾਰਤੀ ਉੱਪ-ਮਹਾਦੀਪ ਦਾ ਹੀ ਨਿਕਲਿਆ।''
ਕਰਨ ਨੇ ਕਿਹਾ, ''ਬੇਨਜ਼ੀਰ ਨੇ ਵਿਦਾ ਲੈਂਦੇ ਹੋਏ ਮੇਰੀ ਪਤਨੀ ਦੇ ਗੱਲ੍ਹ ਚੁੰਮੇ ਪਰ ਮੇਰੇ ਵੱਲ ਉਨ੍ਹਾਂ ਨੇ ਆਪਣੇ ਹੱਥ ਵਧਾਏ। ਮੈਨੂੰ ਇਹ ਥੋੜਾ ਅਜੀਬ ਲੱਗਿਆ ਕਿਉਂਕਿ ਇਸ ਤੋਂ ਪਹਿਲਾਂ ਬੇਨਜ਼ੀਰ ਜਾਂਦੇ ਸਮੇਂ ਹਮੇਸ਼ਾ ਆਪਣੀਆਂ ਗੱਲ੍ਹਾਂ ਮੇਰੇ ਵੱਲ ਵਧਾ ਦਿੰਦੇ ਸਨ।''
ਕਰਨ ਯਾਦ ਕਰਦੇ ਹਨ, ''ਉਨ੍ਹਾਂ ਨੇ ਮੇਰੇ ਕੰਨਾ ਵਿੱਚ ਹੌਲੀ ਜਿਹੀ ਕਿਹਾ ਕਿ ਇਹ ਕੈਬ ਡ੍ਰਾਇਵਰ ਆਪਣੇ ਇਲਾਕੇ ਦਾ ਹੈ। ਉਸਨੂੰ ਇਹ ਨਹੀਂ ਦਿਖਣਾ ਚਾਹੀਦਾ ਕਿ ਤੁਸੀਂ ਮੇਰੀ ਚੁੰਮਣ ਲੈ ਰਹੇ ਹੋ। ਮੈਂ ਇੱਕ ਸੁਸਲਿਮ ਦੇਸ ਦੀ ਕੁਆਰੀ ਮਹਿਲਾ ਹਾਂ।''
ਸੰਜੇ ਗਾਂਧੀ ਦੀ ਦਲੇਰੀ
ਕੈਂਬ੍ਰਿਜ ਜਾਣ ਤੋਂ ਕਿਤੇ ਪਹਿਲਾਂ ਕਰਨ ਥਾਪਰ ਦੀ ਸੰਜੇ ਗਾਂਧੀ ਨਾਲ ਦੋਸਤੀ ਹੁੰਦੀ ਸੀ।
ਅਸਲ ਵਿੱਚ ਸੰਜੇ ਗਾਂਧੀ ਉਨ੍ਹਾਂ ਦੀ ਵੱਡੀ ਭੈਣ ਸ਼ੋਭਾ ਦੇ ਦੋਸਤ ਸਨ। ਉਹ ਸ਼ੋਭਾ ਤੋਂ 6 ਸਾਲ ਛੋਟੇ ਸਨ ਪਰ ਉਦੋਂ ਵੀ ਉਹ ਉਨ੍ਹਾਂ ਨੂੰ ਮਿਲਣ ਅਕਸਰ ਉਨ੍ਹਾਂ ਦੇ ਘਰ ਆਉਂਦੇ ਸਨ।

ਤਸਵੀਰ ਸਰੋਤ, Getty Images
ਕਰਨ ਥਾਪਰ ਯਾਦ ਕਰਦੇ ਹਨ, ''ਹਰ ਰੋਜ਼ ਸਕੂਲ ਖ਼ਤਮ ਹੋਣ ਤੋਂ ਬਾਅਦ ਸੰਜੇ ਮੇਰੀ ਭੈਣ ਨੂੰ ਮਿਲਣ ਸਾਡੇ ਘਰ ਆ ਜਾਂਦੇ ਸਨ। ਉਹ ਬਹੁਤੀਆਂ ਗੱਲਾਂ ਨਹੀਂ ਕਰਦੇ ਸਨ। ਉਹ ਇੱਕ ਨੁੱਕੜ ਵਿੱਚ ਚੁੱਪ-ਚਾਪ ਬੈਠੇ ਰਹਿੰਦੇ ਸਨ। ਉਹ ਚਾਹ ਦੇ ਸ਼ੌਕੀਨ ਸਨ। ਇਸ ਤੋਂ ਇਲਾਵਾ ਕੋਈ ਵੀ ਸਾਫ਼ਟ ਜਾਂ ਹਾਰਡ ਡਰਿੰਕ ਉਨ੍ਹਾਂ ਨੂੰ ਬਿਲਕੁਲ ਪਸੰਦ ਨਹੀਂ ਸੀ।''
ਇਹ ਵੀ ਪੜ੍ਹੋ:
''ਇੱਥੋਂ ਤੱਕ ਕਿ ਨੀਂਬੂ ਪਾਣੀ ਵੀ ਉਨ੍ਹਾਂ ਨੂੰ ਚੰਗਾ ਨਹੀਂ ਲਗਦਾ ਸੀ। ਸ਼ੋਭਾ ਦਾ ਵਿਆਹ ਹੋ ਜਾਣ ਤੋਂ ਬਾਅਦ ਵੀ ਉਨ੍ਹਾਂ ਨੇ ਸਾਡੇ ਘਰ ਆਉਣਾ ਜਾਰੀ ਰੱਖਿਆ ਸੀ। ਮੇਰੀ ਮਾਂ ਅਕਸਰ ਉਨ੍ਹਾਂ ਨੂੰ ਦਰਵਾਜ਼ੇ ਦਾ ਹੈਂਡਲ ਜਾਂ ਟ੍ਰਾਂਜ਼ਿਸਟਰ ਠੀਕ ਕਰਨ ਲਈ ਦੇ ਦਿੰਦੀ ਸੀ।''
ਉਨ੍ਹਾਂ ਨੇ ਦੱਸਿਆ, ''ਸੰਜੇ ਹਮੇਸ਼ਾ ਜ਼ਮੀਨ 'ਤੇ ਬੈਠ ਕੇ ਇਹ ਕੰਮ ਕਰਦੇ ਸਨ। ਪਾਰਟੀਆਂ ਤੋਂ ਉਨ੍ਹਾਂ ਨੂੰ ਨਫ਼ਰਤ ਸੀ। ਸੰਜੇ ਨੂੰ ਕੁੱਤਿਆਂ ਅਤੇ ਘੋੜਿਆਂ ਨਾਲ ਬਹੁਤ ਪਿਆਰ ਸੀ. ਇੱਕ ਵਾਰ ਉਨ੍ਹਾਂ ਨੇ ਮੈਨੂੰ ਪੁੱਛਿਆ ਸੀ ਕਿ ਤੁਸੀਂ ਜਹਾਜ਼ ਉਡਾਉਣਾ ਪਸੰਦ ਕਰੋਗੇ? ਮੈਂ ਇੱਕ ਵਾਰ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਕੋਲ ਬਹਿ ਕੇ ਜਹਾਜ਼ 'ਤੇ ਗਿਆ ਸੀ। ਥੋੜੀ ਦੇਰ ਵਿੱਚ ਹੀ ਅਸੀਂ ਦਿੱਲੀ ਤੋਂ ਦੂਰ ਨਿਕਲ ਆਏ ਸੀ।''
ਕਰਨ ਕਹਿੰਦੇ ਹਨ, ''ਅਚਾਨਕ ਸੰਜੇ ਨੇ ਤੈਅ ਕੀਤਾ ਕਿ ਖੇਤਾਂ 'ਚ ਕੰਮ ਕਰ ਰਹੇ ਕਿਸਾਨਾਂ ਨੂੰ ਡਰਾਇਆ ਜਾਵੇ। ਉਨ੍ਹਾਂ ਨੇ ਜਹਾਜ਼ ਉਨ੍ਹਾਂ ਵੱਲ ਮੋੜ ਦਿੱਤਾ। ਜਦੋਂ ਸਾਡਾ ਜਹਾਜ਼ ਉਨ੍ਹਾਂ ਦੇ ਵੱਲ ਗਿਆ ਤਾਂ ਸ਼ੁਰੂ ਵਿੱਚ ਤਾਂ ਉਨ੍ਹਾਂ ਨੇ ਹੱਥ ਹਿਲਾ ਕੇ ਆਪਣੀ ਖ਼ੁਸ਼ੀ ਜ਼ਾਹਿਰ ਕੀਤੀ ਪਰ ਜਦੋਂ ਉਨ੍ਹਾਂ ਨੂੰ ਲੱਗਿਆ ਕਿ ਜਹਾਜ਼ ਉਨ੍ਹਾਂ ਵੱਲ ਹੀ ਆ ਰਿਹਾ ਹੈ ਤਾਂ ਉਹ ਡਰ ਦੇ ਮਾਰੇ ਇਧਰ-ਉਧਰ ਭੱਜਣ ਲੱਗੇ।"
"ਆਖਰੀ ਪਲਾਂ 'ਚ ਸੰਜੇ ਨੇ ਜਹਾਜ਼ ਦਾ ਰੁਖ਼ ਮੋੜਿਆ ਅਤੇ ਫ਼ਿਰ ਉਸਨੂੰ ਉੱਪਰ ਲੈ ਗਏ। ਸੰਜੇ ਨੂੰ ਇਸ ਤਰ੍ਹਾਂ ਕਿਸਾਨਾਂ ਨੂੰ ਤੰਗ ਕਰਨ 'ਚ ਬਹੁਤ ਮਜ਼ਾ ਆਇਆ। ਇੱਕ ਗੱਲ ਮੈਂ ਜ਼ੋਰ ਦੇ ਕੇ ਕਹਿ ਸਕਦਾ ਹਾਂ ਕਿ ਸੰਜੇ ਵਿੱਚ ਹੋਰ ਬਹੁਤ ਸਾਰੇ ਦੋਸ਼ ਭਾਵੇਂ ਰਹੇ ਹੋਣ, ਪਰ ਉਨ੍ਹਾਂ ਵਿੱਚ ਹਿੰਮਤ ਦੀ ਕਮੀ ਨਹੀਂ ਸੀ।''
ਅਮਿਤਾਭ ਤੋਂ ਰੇਖਾ 'ਤੇ ਕੀ ਪੁੱਛ ਲਿਆ ਕਰਨ ਨੇ?
ਭਾਰਤ ਵਾਪਿਸ ਆਉਣ ਤੋਂ ਬਾਅਦ ਅਮਿਤਾਭ ਬੱਚਨ ਦੇ ਨਾਲ ਕੀਤੇ ਗਏ ਇੰਟਰਵਿਊ ਨਾਲ ਕਰਨ ਥਾਪਰ ਦਾ ਬਹੁਤ ਨਾਮ ਹੋਇਆ।

ਤਸਵੀਰ ਸਰੋਤ, AMITABH BACHCHAN TWITTER
ਕਰਨ ਦੱਸਦੇ ਹਨ, ''ਅਸੀਂ ਤੈਅ ਕੀਤਾ ਕਿ ਅਮਿਤਾਭ ਦੀ 50ਵੀਂ ਸਾਲਗਿਰਾਹ ਉੱਤੇ ਅਸੀਂ ਉਨ੍ਹਾਂ ਨਾਲ ਇੱਕ ਲੰਬਾ ਇੰਟਰਵਿਊ ਕਰਾਂਗੇ। ਇੰਟਰਵਿਊ ਦੌਰਾਨ ਜਦੋਂ ਇੱਕ ਛੋਟਾ ਜਿਹਾ ਬ੍ਰੇਕ ਹੋਇਆ ਤਾਂ ਅਮਿਤਾਭ ਨੇ ਮੈਨੂੰ ਕਿਹਾ ਕਿ ਇੱਕ ਵਾਰ ਵਾਰੇਨ ਬੇਟ੍ਟੀ ਦੇ ਨਾਲ ਇੱਕ ਇੰਟਰਵਿਊ ਕੀਤਾ ਗਿਆ ਸੀ ਜਿਸ ਵਿੱਚ ਉਨ੍ਹਾਂ ਦੀ ਲਵ ਲਾਈਫ਼ ਬਾਰੇ ਕਈ ਬੇਬਾਕ ਸਵਾਲ ਪੁੱਛੇ ਗਏ ਸਨ।''
ਉਨ੍ਹਾਂ ਨੇ ਕਿਹਾ, ''ਮੈਨੂੰ ਲੱਗਿਆ ਕਿ ਸ਼ਾਇਦ ਅਮਿਤਾਭ ਚਾਹੁੰਦੇ ਹਨ ਕਿ ਮੈਂ ਵੀ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਸਵਾਲ ਪੁੱਛਾਂ। ਮੈਂ ਵੀ ਰੁਕਿਆ ਨਹੀਂ ਅਤੇ ਪੁੱਛਿਆ ਕਿ ਵਿਆਹ ਤੋਂ ਬਾਅਦ ਤੁਹਾਡਾ ਕਿਸੇ ਮਹਿਲਾ ਨਾਲ ਇਸ਼ਕ ਹੋਇਆ ਹੈ।"
"ਅਮਿਤਾਭ ਨੇ ਬਿਨ੍ਹਾਂ ਪਲਕ ਝਪਕਾਇਆਂ ਜਵਾਬ ਦਿੱਤਾ, 'ਨਹੀਂ, ਕਦੇ ਨਹੀਂ'. ਮੈਂ ਫ਼ਿਰ ਪੁੱਛਿਆ, ਰੇਖਾ ਨਾਲ ਵੀ ਨਹੀਂ? ਅਮਿਤਾਭ ਨੇ ਜਵਾਬ ਦਿੱਤਾ, ਨਹੀਂ ਉਨ੍ਹਾਂ ਨਾਲ ਵੀ ਨਹੀਂ. ''
ਇਸ 'ਤੇ ਕਰਨ ਨੇ ਅਮਿਤਾਭ ਦੇ ਕੋਲ ਬੈਠੀ ਉਨ੍ਹਾਂ ਦੀ ਪਤਨੀ ਜਯਾ ਭਾਦੁੜੀ ਤੋਂ ਵੀ ਪੁੱਛ ਲਿਆ ਕਿ ਕੀ ਅਮਿਤਾਭ ਜੋ ਕਹਿ ਰਹੇ ਹਨ, ਉਸ ਉੱਤੇ ਤੁਹਾਨੂੰ ਵਿਸ਼ਵਾਸ ਹੈ?
ਜਯਾ ਨੇ ਜਵਾਬ ਦਿੱਤਾ, ''ਮੈਂ ਆਪਣੇ ਪਤੀ 'ਤੇ ਹਮੇਸ਼ਾ ਵਿਸ਼ਵਾਸ ਕਰਦੀ ਹਾਂ''
ਕਰਨ ਦੱਸਦੇ ਹਨ, ''ਗੱਲ ਇੱਥੇ ਹੀ ਖ਼ਤਮ ਨਹੀਂ ਹੋਈ। ਅਮਿਤਾਭ ਬੱਚਨ ਨੇ ਜ਼ੋਰ ਦਿੱਤਾ ਕਿ ਇੰਟਰਵਿਊ ਤੋਂ ਬਾਅਦ ਅਸੀਂ ਖਾਣੇ ਦੀ ਲਈ ਰੁਕੀਏ। ਜਦੋਂ ਅਸੀਂ ਡਾਈਨਿੰਗ ਰੂਮ 'ਚ ਖਾਣੇ ਦੇ ਲਈ ਪਹੁੰਚੇ ਤਾਂ ਅਮਿਤਾਭ ਬੱਚਨ ਦਾ ਹੁਣ ਤੱਕ ਰੁਕਿਆ ਹੋਇਆ ਗੁੱਸਾ ਜਵਾਲਾਮੁਖੀ ਦੀ ਤਰ੍ਹਾਂ ਫਟਿਆ ਅਤੇ ਇਸਦੀ ਸ਼ੁਰੂਆਤ ਉਦੋਂ ਹੋਈ ਜਦੋਂ ਜਯਾ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਤੁਸੀਂ ਚਾਵਲ ਲੈਣਾ ਪਸੰਦ ਕਰੋਗੇ।''

ਤਸਵੀਰ ਸਰੋਤ, Getty Images
ਕਰਨ ਨੇ ਅੱਗੇ ਦੱਸਿਆ, ''ਜਯਾ ਦਾ ਇਹ ਪੁੱਛਣਾ ਹੀ ਸੀ ਕਿ ਅਮਿਤਾਭ ਨੇ ਗੁੱਸੇ ਵਿੱਚ ਜਵਾਬ ਦਿੱਤਾ, ਤੁਹਾਨੂੰ ਪਤਾ ਹੈ ਕਿ ਮੈਂ ਚਾਵਲ ਨਹੀਂ ਖਾਂਦਾ। ਜਯਾ ਨੇ ਕਿਹਾ, 'ਮੈਂ ਚਾਵਲ ਖਾਣ ਨੂੰ ਇਸ ਲਈ ਕਹਿ ਰਹੀਂ ਹਾਂ ਕਿਉਂਕਿ ਰੋਟੀ ਆਉਣ ਵਿੱਚ ਅਜੇ ਥੋੜੀ ਦੇਰ ਹੈ।' ਉਦੋਂ ਤੱਕ ਅਮਿਤਾਭ ਦਾ ਗੁੱਸਾ ਸੱਤਵੇਂ ਆਸਮਾਨ ਉੱਤੇ ਸੀ। ਉਹ ਉੱਚੀ ਆਵਾਜ਼ ਵਿੱਚ ਕਹਿਣ ਲੱਗੇ, ਤੁਹਾਨੂੰ ਪਤਾ ਹੈ, ਮੈਂ ਕਦੇ ਵੀ ਚਾਵਲ ਨਹੀਂ ਖਾਂਦਾ।''
ਕਰਨ ਕਹਿੰਦੇ ਹਨ, ''ਹੁਣ ਸਾਡੀ ਸਮਝ ਵਿੱਚ ਆਉਣ ਲੱਗਿਆ ਸੀ ਕਿ ਮੇਰੇ ਸਵਾਲਾਂ ਨਾਲ ਪੈਦਾ ਹੋਏ ਗੁੱਸੇ ਨੂੰ ਅਮਿਤਾਭ ਨੇ ਕਿਸੇ ਤਰ੍ਹਾਂ ਰੋਕ ਕੇ ਰੱਖਿਆ ਸੀ। ਉਹ ਹੁਣ ਬਾਹਰ ਆ ਰਿਹਾ ਸੀ। ਸਾਡੇ ਲਈ ਇਹ ਥੋੜੀ ਹੋਰ ਪਰੇਸ਼ਾਨੀ ਦੀ ਗੱਲ ਸੀ ਕਿਉਂਕਿ ਅਸੀਂ ਉਨ੍ਹਾਂ ਦੀ ਖਾਣੇ ਦੀ ਮੇਜ਼ ਉੱਤੇ ਬੈਠ ਕੇ ਉਨ੍ਹਾਂ ਦਾ ਦਿੱਤਾ ਖਾਣਾ ਹੀ ਖਾ ਰਹੇ ਸੀ। ਅਸੀਂ 15 ਮਿੰਟ ਤੱਕ ਉੱਥੇ ਰਹੇ। ਇਸ ਦੌਰਾਨ ਖਾਣੇ ਦੀ ਮੇਜ਼ 'ਤੇ ਕਿਸੇ ਨੇ ਇੱਕ ਸ਼ਬਦ ਵੀ ਨਹੀਂ ਕਿਹਾ।''
ਇਸ ਵਾਕਿਆ ਦੇ ਅਗਲੇ ਦਿਨ ਜਦੋਂ ਕਰਨ ਦਿੱਲੀ ਪਹੁੰਚੇ ਤਾਂ ਉਨ੍ਹਾਂ ਨੂੰ ਉਨ੍ਹਾਂ ਦੀ ਮਾਲਕਿਨ ਸ਼ੋਭਨਾ ਭਾਰਤਿਯਾ ਨੇ ਕਿਹਾ ਉਹ ਆਪਣੇ ਇੰਟਰਵਿਊ ਵਿੱਚੋਂ ਅਮਿਤਾਭ ਦੇ ਇਸ਼ਕ ਵਾਲਾ ਸਵਾਲ ਹਟਾ ਦੇਣ।
ਕਰਨ ਕਹਿੰਦੇ ਹਨ, ''ਮੈਂ ਉਹ ਹਿੱਸਾ ਹਟਾ ਵੀ ਦਿੱਤਾ। ਪਰ ਅੰਦਰ ਹੀ ਅੰਦਰ ਮੈਨੂੰ ਇਹ ਚੀਜ਼ ਪਸੰਦ ਨਹੀਂ ਆਈ। ਮੈਂ ਆਪਣੇ ਇੱਕ ਪੱਤਰਕਾਰ ਦੋਸਤ ਆਨੰਦ ਸਹਾਇ ਨੂੰ ਸੰਪਰਕ ਕੀਤਾ ਜੋ ਉਸ ਸਮੇਂ ਪਾਇਨੀਅਰ ਅਖ਼ਬਾਰ ਵਿੱਚ ਕੰਮ ਕਰਦੇ ਸਨ। ਉਨ੍ਹਾਂ ਨੇ ਇਹ ਖ਼ਬਰ ਪੂਰੇ ਅੱਠ ਕਾਲਮ ਵਿੱਚ ਆਪਣੇ ਅਖ਼ਬਾਰ ਵਿੱਚ ਛਾਪੀ। ਉਨ੍ਹਾਂ ਨੇ ਇਸ ਖ਼ਬਰ ਵਿੱਚ ਮੇਰਾ ਨਾਂ ਨਹੀਂ ਲਿਆ, ਪਰ ਇਸਦਾ ਸਰੋਤ ਮੈਂ ਹੀ ਸੀ।''
''ਸ਼ੋਭਨਾ ਨੂੰ ਇਸਦੀ ਭਣਕ ਲੱਗ ਗਈ। ਉਹ ਮੇਰੇ ਤੋਂ ਥੋੜਾ ਨਾਰਾਜ਼ ਵੀ ਹੋਏ, ਪਰ ਇਹ ਨਾਰਾਜ਼ਗੀ ਬਹੁਤ ਦਿਨਾਂ ਤੱਕ ਨਹੀਂ ਰਹੀ।''
ਆਡਵਾਨੀ ਦੀ ਪਾਕਿਸਤਾਨੀ ਹਾਈ ਕਮਿਸ਼ਨਰ ਨਾਲ ਗੁਪਤ ਮੁਲਾਕਾਤ
ਸਾਲ 2000 ਦੇ ਸ਼ੁਰੂਆਤੀ ਦਿਨਾਂ ਵਿੱਚ ਅਸ਼ਰਫ਼ ਜਹਾਂਗੀਰ ਕਾਜ਼ੀ ਭਾਰਤ ਵਿੱਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਬਣਾਏ ਗਏ।
ਉਹ ਉਸ ਸਮੇਂ ਭਾਰਤ ਦੇ ਉੱਪ-ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਆਡਵਾਨੀ ਦੇ ਨਾਲ ਆਪਣੇ ਰਿਸ਼ਤੇ ਮਜ਼ਬੂਤ ਕਰਨਾ ਚਾਹੁੰਦੇ ਸਨ।

ਤਸਵੀਰ ਸਰੋਤ, Getty Images
ਕਰਨ ਥਾਪਰ ਨੇ ਦੱਸਿਆ, ''ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਕਿ ਮੈਂ ਅਸ਼ਰਫ਼ ਨੂੰ ਆਪਣੀ ਕਾਰ ਵਿੱਚ ਬਿਠਾ ਕੇ ਆਡਵਾਨੀ ਦੇ ਪੰਡਾਰਾ ਪਾਰਕ ਵਾਲੇ ਘਰ ਲੈ ਆਵਾਂ। ਮੈਂ ਰਾਤ ਦੇ 10 ਵਜੇ ਉਨ੍ਹਾਂ ਨੂੰ ਲੈ ਕੇ ਉੱਥੇ ਗਿਆ। ਇਹ ਗੁਪਤ ਮੁਲਾਕਾਤ ਕਰੀਬ ਡੇਢ ਘੰਟੇ ਤੱਕ ਚੱਲੀ। ਇਸ ਤੋਂ ਬਾਅਦ ਅਗਲੇ 18 ਮਹੀਨਿਆਂ ਵਿੱਚ ਆਡਵਾਨੀ ਅਤੇ ਅਸ਼ਰਫ਼ ਕਰੀਬ 20 ਜਾਂ 30 ਵਾਰ ਇਸ ਤਰ੍ਹਾਂ ਮਿਲੇ।''
ਮਈ 2001 ਵਿੱਚ ਭਾਰਤ ਨੇ ਐਲਾਨ ਕੀਤਾ ਕਿ ਉਸ ਨੇ ਜਨਰਲ ਮੁਸ਼ੱਰਫ਼ ਨੂੰ ਭਾਰਤ ਸੱਦਾ ਦਿੱਤਾ ਹੈ।
ਉਹ ਕਹਿੰਦੇ ਹਨ, ''ਇੱਕ ਦਿਨ ਸਵੇਰੇ ਸਾਢੇ 6 ਵਜੇ ਮੇਰਾ ਫ਼ੋਨ ਵੱਜਿਆ। ਆਡਵਾਨੀ ਲਾਈਨ ਉੱਤੇ ਸਨ। ਉਨ੍ਹਾਂ ਨੇ ਕਿਹਾ ਤੁਸੀਂ ਮੁਸ਼ੱਰਫ਼ ਵਾਲੀ ਖ਼ਬਰ ਤਾਂ ਸੁਣ ਹੀ ਲਈ ਹੋਵੇਗੀ। ਤੁਸੀਂ ਸਾਡੇ ਦੋਵਾਂ ਦੇ ਦੋਸਤ ਨੂੰ ਦੱਸੋ ਕਿ ਇਸਦਾ ਬਹੁਤ ਹੱਦ ਤੱਕ ਸਹਿਰਾ ਸਾਡੀਆਂ ਦੋਵਾਂ ਦੀਆਂ ਮੁਲਾਕਾਤਾਂ ਨੂੰ ਜਾਂਦਾ ਹੈ।''
ਆਡਵਾਨੀ ਦੀਆਂ ਅੱਖਾਂ ਵਿੱਚ ਹੰਝੂ
ਦਿਲਚਸਪ ਗੱਲ ਇਹ ਹੈ ਕਿ ਜਦੋਂ ਮਈ 2002 ਵਿੱਚ ਜੰਮੂ ਦੇ ਕੋਲ ਕਾਲੂਚਕ ਕਤਲਕਾਂਡ ਹੋਇਆ ਤਾਂ ਭਾਰਤ ਸਰਕਾਰ ਨੇ ਕਾਜ਼ੀ ਅਸ਼ਰਫ਼ ਜਹਾਂਗੀਰ ਨੂੰ ਵਾਪਿਸ ਪਾਕਿਸਤਾਨ ਭੇਜਣ ਦਾ ਫ਼ੈਸਲਾ ਕੀਤਾ ਗਿਆ।

ਤਸਵੀਰ ਸਰੋਤ, Getty Images
ਕਰਨ ਦੱਸਦੇ ਹਨ, ''ਅਸ਼ਰਫ਼ ਦੇ ਪਾਕਿਸਤਾਨ ਵਾਪਿਸ ਜਾਣ ਤੋਂ ਇੱਕ ਦਿਨ ਪਹਿਲਾਂ ਆਡਵਾਨੀ ਦੀ ਪਤਨੀ ਕਮਲਾ ਦਾ ਮੇਰੇ ਕੋਲ ਫ਼ੋਨ ਆਇਆ ਕਿ ਕੀ ਤੁਸੀਂ ਅਸ਼ਰਫ਼ ਸਾਹਬ ਤੇ ਉਨ੍ਹਾਂ ਦੀ ਪਤਨੀ ਆਬਿਦਾ ਨੂੰ ਮੇਰੇ ਕੋਲ ਚਾਹ ਪੀਣ ਲਈ ਲਿਆ ਸਕਦੇ ਹੋ? ਮੇਰੀ ਸਮਝ ਵਿੱਚ ਨਹੀਂ ਆਇਆ ਕਿ ਇੱਕ ਪਾਸੇ ਭਾਰਤ ਸਰਕਾਰ ਇਸ ਸ਼ਖ਼ਸ ਨੂੰ ਆਪਣ ਦੇਸ਼ ਤੋਂ ਕੱਢ ਰਹੀ ਹੈ ਅਤੇ ਦੂਜੇ ਪਾਸੇ ਦੇਸ਼ ਦਾ ਉੱਪ-ਪ੍ਰਧਾਨ ਮੰਤਰੀ ਉਸੇ ਸ਼ਖ਼ਸ ਨੂੰ ਆਪਣੇ ਕੋਲ ਚਾਹ ਲਈ ਸੱਦਾ ਦੇ ਰਿਹਾ ਹੈ।''
ਇਹ ਵੀ ਪੜ੍ਹੋ:
''ਖ਼ੈਰ ਮੈਂ ਉਨ੍ਹਾਂ ਨੂੰ ਲੈ ਕੇ ਆਡਵਾਨੀ ਦੇ ਘਰ ਪਹੁੰਚ ਗਿਆ। ਅਸੀਂ ਉੱਥੇ ਚਾਹ ਪੀਤੀ ਅਤੇ ਵਿਦਾ ਲੈਂਦੇ ਸਮੇਂ ਜਦੋਂ ਅਸ਼ਰਫ਼ ਆਡਵਾਨੀ ਵੱਲ ਹੱਥ ਮਿਲਾਉਣ ਵਧੇ ਤਾਂ ਉਦੋਂ ਕਮਲਾ ਨੇ ਕਿਹਾ, ਗਲੇ ਲੱਗੋ। ਦੋਵੇਂ ਵਿਅਕਤੀ ਇਹ ਸੁਣ ਕੇ ਹੈਰਾਨ ਰਹਿ ਗਏ। ਉਨ੍ਹਾਂ ਨੇ ਇੱਕ-ਦੂਜੇ ਵੱਲ ਦੇਖਿਆ। ਕਮਲਾ ਆਡਵਾਨੀ ਨੇ ਫ਼ਿਰ ਕਿਹਾ, ਜੱਫ਼ੀ ਪਾਓ। ਆਡਵਾਨੀ ਅਤੇ ਅਸ਼ਰਫ਼ ਨੇ ਇੱਕ ਦੂਜੇ ਨੂੰ ਗਲ ਲਾਇਆ। ਮੈਂ ਆਡਵਾਨੀ ਦੇ ਪਿੱਛੇ ਖੜ੍ਹਾ ਸੀ। ਮੈਂ ਦੇਖਿਆ ਕਿ ਆਡਵਾਨੀ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸਨ।''
ਜਨਰਲ ਮੁਸ਼ੱਰਫ਼ ਨੇ ਆਪਣੀ ਟਾਈ ਕਰਨ ਨੂੰ ਦਿੱਤੀ
ਸਾਲ 1999 ਵਿੱਚ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਦੇ ਹਾਈਜੈਕ ਹੋਣ ਦੇ ਕੁਝ ਹਫ਼ਤਿਆਂ ਬਾਅਦ ਜਨਰਲ ਪਰਵੇਜ਼ ਮੁਸ਼ੱਰਫ਼ ਕਰਨ ਥਾਪਰ ਨੂੰ ਇੰਟਰਵਿਊ ਦੇਣ ਲਈ ਤਿਆਰ ਹੋ ਗਏ।

ਇਹ ਇੰਟਰਵਿਊ ਕਿਉਂਕਿ ਦੂਰਦਰਸ਼ਨ ਦੇ ਲਈ ਕੀਤਾ ਜਾਣਾ ਸੀ, ਇਸ ਲਈ ਕਰਨ ਥਾਪਰ ਨੂੰ ਕਿਹਾ ਗਿਆ ਕਿ ਉਹ ਬੇਹੱਦ ਹਮਲਾਵਰ ਇੰਟਰਵਿਊ ਲੈਣ।
ਕਰਨ ਉਸ ਇੰਟਰਵਿਊ ਨੂੰ ਯਾਦ ਕਰਦੇ ਹੋਏ ਦੱਸਦੇ ਹਨ, ''ਇੰਟਰਵਿਊ ਸ਼ੁਰੂ ਹੁੰਦੇ ਹੀ ਮੈਂ ਮੁਸ਼ੱਰਫ਼ ਉੱਤੇ ਹਮਲਾ ਬੋਲ ਦਿੱਤਾ। ਮੁਸ਼ੱਰਫ਼ ਵੀ ਉੰਨੇ ਹੀ ਹਮਲਾਵਰ ਸਨ। ਕਮਰਸ਼ਿਅਲ ਬ੍ਰੇਕ ਦੇ ਦੌਰਾਨ ਮੈਂ ਮਾਹੌਲ ਨੂੰ ਥੋੜਾ ਹਲਕਾ ਬਣਾਉਣ ਦੇ ਮੰਤਵ ਨਾਲ ਜਨਰਲ ਮੁਸ਼ੱਰਫ਼ ਨੂੰ ਕਿਹਾ ਜਨਰਲ ਸਾਹਬ ਤੁਸੀਂ ਟਾਈ ਬਹੁਤ ਚੰਗੀ ਪਾਈ ਹੈ। ਮੁਸ਼ੱਰਫ਼ ਨੂੰ ਇਹ ਤਾਰੀਫ਼ ਕਾਫ਼ੀ ਚੰਗੀ ਲੱਗੀ। ਜਿਵੇਂ ਹੀ ਇੰਟਰਵਿਊ ਖ਼ਤਮ ਹੋਈ, ਉਨ੍ਹਾਂ ਨੇ ਆਪਣੀ ਟਾਈ ਉਤਾਰੀ ਅਤੇ ਮੇਰੇ ਹੱਥ ਉੱਤੇ ਰੱਖ ਦਿੱਤਾ।''
''ਮੈਂ ਵਿਰੋਧ ਕਰਦਾ ਹੀ ਰਹਿ ਗਿਆ ਕਿ ਮੇਰਾ ਇਹ ਮੰਤਵ ਨਹੀਂ ਸੀ। ਉਨ੍ਹਾਂ ਨੇ ਮੇਰੀ ਇੱਕ ਨਾ ਸੁਣੀ ਅਤੇ ਕਿਹਾ ਕਿ ਇਹ ਟਾਈ ਹੁਣ ਤੋਂ ਤੁਹਾਡੀ ਹੋਈ। ਮੈਂ ਵੀ ਮਜ਼ਾਕ ਵਿੱਚ ਕਿਹਾ ਮੈਨੂੰ ਪਤਾ ਹੁੰਦਾ ਕਿ ਤੁਸੀਂ ਹਰ ਉਹ ਚੀਜ਼ ਦੇ ਦਿੰਦੇ ਹੋ, ਜਿਸਦੀ ਤਾਰੀਫ਼ ਹੁੰਦੀ ਹੈ, ਤਾਂ ਮੈਂ ਤੁਹਾਡੀ ਇਸ ਟਾਈ ਵਿੱਚ ਲੱਗੀ ਹੋਈ ਸੋਨੇ ਦੀ ਟਾਈ ਪਿਨ ਦੀ ਤਾਰੀਫ਼ ਕਰਦਾ।''
ਕਰਨ ਕਹਿੰਦੇ ਹਨ, ''ਇਸ ਗੱਲ 'ਤੇ ਮੁਸ਼ੱਰਫ਼ ਨੇ ਹੱਸਦੇ ਹੋਏ ਕਿਹਾ, 'ਹਾਂ, ਜੇ ਤੁਹਾਨੂੰ ਮੇਰੇ ਜੁੱਤੇ ਵੀ ਪਸੰਦ ਆਉਂਦੇ, ਤਾਂ ਉਹ ਵੀ ਤੁਹਾਨੂੰ ਮਿਲ ਜਾਂਦੇ।''
ਜਦੋਂ ਜੈ ਲਲਿਤਾ ਥਾਪਰ ਨਾਲ ਗੁੱਸੇ ਹੋਈ
ਕਰਨ ਥਾਪਰ ਦਾ ਇਸ ਤਰ੍ਹਾਂ ਦਾ ਇੱਕ ਮੁਸ਼ਕਿਲ ਇੰਟਰਵਿਊ ਜੈ ਲਲਿਤਾ ਨਾਲ ਵੀ ਹੋਇਆ ਸੀ।
ਕਈ ਦਿਨਾਂ ਦੀ ਮਿਹਨਤ ਤੋਂ ਬਾਅਦ ਮਿਲੇ ਇੰਟਰਵਿਊ ਵਿੱਚ ਪੁੱਛੇ ਗਏ ਸਵਾਲਾਂ ਨਾਲ ਜੈ ਲਲਿਤਾ ਬਹੁਤ ਨਾਰਾਜ਼ ਹੋ ਗਏ ਸਨ।

ਤਸਵੀਰ ਸਰੋਤ, Getty Images
ਕਰਨ ਨੂੰ ਉਹ ਇੰਟਰਵਿਊ ਅਜੇ ਤੱਕ ਯਾਦ ਹੈ। ਉਨ੍ਹਾਂ ਦੱਸਿਆ, ''ਜੈ ਲਲਿਤਾ ਦਾ ਕਮਰਾ ਇੰਨਾ ਠੰਡਾ ਸੀ ਕਿ ਮੇਰੇ ਦੰਦ ਵੱਜਣੇ ਸ਼ੁਰੂ ਹੋ ਗਏ ਸਨ। ਇੰਟਰਵਿਊ ਉਦੋਂ ਵਿਗੜਨਾ ਸ਼ੁਰੂ ਹੋਇਆ, ਜਦੋਂ ਜੈ ਲਲਿਤਾ ਦੇ ਸਾਹਮਣੇ ਫੁੱਲਾਂ ਦਾ ਇੱਕ ਗੁਲਦਸਤਾ ਰੱਖ ਦਿੱਤਾ ਗਿਆ। ਮੈਨੂੰ ਇਹ ਪਤਾ ਨਹੀਂ ਸੀ ਕਿ ਫੁੱਲ ਉੱਥੇ ਇਸ ਲਈ ਰੱਖੇ ਗਏ ਸਨ ਕਿ ਉਨ੍ਹਾਂ ਦੀ ਆੜ ਵਿੱਚ ਜੈ ਲਲਿਤਾ ਕੁਝ ਕਾਗਜ਼ਾਂ ਨੂੰ ਪੜ੍ਹ ਕੇ ਜਵਾਬ ਦੇ ਸਕਨ। ਮੇਰੀ ਇਹ ਗ਼ਲਤੀ ਸੀ ਕਿ ਮੈਂ ਇਹ ਚੀਜ਼ ਉਨ੍ਹਾਂ ਨੂੰ ਦੱਸ ਦਿੱਤੀ।''
ਕਰਨ ਕਹਿੰਦੇ ਹਨ, ''ਉਨ੍ਹਾਂ ਨੇ ਗੁੱਸੇ ਵਿੱਚ ਕਿਹਾ, ਮੈਂ ਤੁਹਾਡੀਆਂ ਅੱਖਾਂ ਵਿੱਚ ਸਿੱਥੇ ਦੇਖ ਰਹੀ ਹਾਂ। ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਜੈ ਲਲਿਤਾ ਨੇ ਕਿਹਾ ਕਿ ਮੈਨੂੰ ਅਫ਼ਸੋਸ ਹੈ ਕਿ ਮੈਂ ਇਸ ਇੰਟਰਵਿਊ ਦੇ ਲਈ ਤਿਆਰ ਹੋਈ। ਇੰਟਰਵਿਊ ਖ਼ਤਮ ਹੋਣ ਉੱਤੇ ਮੈਂ ਉਨ੍ਹਾਂ ਵੱਲ ਆਪਣਾ ਹੱਥ ਵਧਾ ਕੇ ਕਿਹਾ, ਚੀਫ਼ ਮਿਨਿਸਟਰ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ। ਜੈ ਲਲਿਤਾ ਨੇ ਘੂਰ ਕੇ ਜਵਾਬ ਦਿੱਤਾ, ਤੁਹਾਡੇ ਨਾਲ ਗੱਲ ਕਰਕੇ ਮੈਨੂੰ ਬਿਲਕੁਲ ਵੀ ਖ਼ੁਸ਼ੀ ਨਹੀਂ ਹੋਈ। ਨਮਸਤੇ। ਉਨ੍ਹਾਂ ਨੇ ਮਾਈਕ ਕੱਢ ਤੇ ਮੇਜ਼ ਉੱਤੇ ਸੁੱਟਿਆ ਅਤੇ ਕਮਰੇ ਤੋਂ ਬਾਹਰ ਚਲੇ ਗਏ।''
ਇੰਟਰਵਿਊ ਦੇ ਵਿਚਾਲੇ ਨਰਿੰਦਰ ਮੋਦੀ ਦਾ ਵਾਕ ਆਊਟ
ਸਾਲ 2007 ਵਿੱਚ ਨਰਿੰਦਰ ਮੋਦੀ ਜੋ ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਸਨ, ਕਰਨ ਥਾਪਰ ਦਾ ਇੰਟਰਵਊ ਵਿਚਾਲੇ ਹੀ ਛੱਡ ਕੇ ਚਲੇ ਗਏ ਸਨ।

ਕਰਨ ਨੇ ਇੰਟਰਵਿਊ ਦੀ ਸ਼ੁਰੂਆਤ ਵਿੱਚ ਹੀ ਉਨ੍ਹਾਂ ਤੋਂ ਪੁੱਛ ਲਿਆ, ''ਰਾਜੀਵ ਗਾਂਧੀ ਫਾਊਂਡੇਸ਼ਨ ਨੇ ਗੁਜਰਾਤ ਨੂੰ ਭਾਰਤ ਦਾ ਸਰਬੋਤਮ ਪ੍ਰਸ਼ਾਸਿਤ ਸੂਬਾ ਕਿਹਾ ਹੈ। ਪਰ ਇਸਦੇ ਬਾਵਜੂਦ ਲੋਕ ਤੁਹਾਡੇ ਮੂੰਹ ਉੱਤੇ ਤੁਹਾਨੂੰ ਸਾਮੂਹਿਕ ਕਾਤਲ ਕਹਿੰਦੇ ਹਨ ਅਤੇ ਇਹ ਵੀ ਕਹਿੰਦੇ ਹਨ ਕਿ ਤੁਸੀਂ ਮੁਸਲਮਾਨਾਂ ਦੇ ਖ਼ਿਲਾਫ਼ ਹੋ।''
ਕਰਨ ਯਾਦ ਕਰਦੇ ਹਨ, ''ਨਰਿੰਦਰ ਮੋਦੀ ਉਸ ਜ਼ਮਾਨੇ 'ਚ ਉਸ ਤਰ੍ਹਾਂ ਅੰਗਰੇਜ਼ੀ ਨਹੀਂ ਬੋਲਦੇ ਸਨ, ਜਿਸ ਤਰ੍ਹਾਂ ਦੀ ਅੱਜ ਕੱਲ ਬੋਲਦੇ ਹਨ। ਪਰ ਉਦੋਂ ਵੀ ਉਨ੍ਹਾਂ ਨੇ ਉਸ ਸਵਾਲ ਦਾ ਜਵਾਬ ਅੰਗਰੇਜ਼ੀ ਵਿੱਚ ਦਿੱਤਾ। ਉਹ ਬੋਲੇ ਕਿ ਲੋਕ ਅਜਿਹਾ ਨਹੀਂ ਕਹਿੰਦ।. ਕੁਝ ਵਿਅਕਤੀ ਅਜਿਹਾ ਜ਼ਰੂਰ ਕਹਿ ਸਕਦੇ ਹਨ।''

ਕਰਨ ਨੇ ਕਿਹਾ, ''ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਗੁਜਰਾਤ 'ਚ ਹੋਏ ਖ਼ੂਨ ਖਡਰਾਬੇ ਦੇ ਲਈ ਆਪਣਾ ਦੁਖ ਕਿਉਂ ਨਹੀਂ ਪ੍ਰਗਟ ਕਰਦੇ। ਮੋਦੀ ਨੇ ਜਵਾਬ ਦਿੱਤਾ ਮੈਂ ਜੋ ਕੁਝ ਕਹਿਣਾ ਸੀ ਉਹ ਮੈਂ ਕਹਿ ਚੁੱਕਿਆ ਹਾਂ। ਉਦੋਂ ਉਨ੍ਹਾਂ ਇਹ ਕਹਿੰਦੇ ਹੋਏ ਮਾਈਕ ਮੇਜ਼ ਉੱਤੇ ਰੱਖ ਦਿਤਾ ਕਿ ਮੈਂ ਆਰਾਮ ਕਰਨਾ ਹੈ। ਉਨ੍ਹਾਂ ਨੇ ਪਾਣੀ ਪੀਣ ਦੀ ਇੱਛਾ ਜ਼ਾਹਿਰ ਕੀਤੀ।"
"ਮੈਂ ਕਿਹਾ ਕਿ ਪਾਣੀ ਤਾਂ ਤੁਹਾਡੇ ਕੋਲ ਰੱਖਿਆ ਹੈ। ਪਰ ਉਨ੍ਹਾਂ ਨੇ ਮੇਰੀ ਇੱਕ ਨਾ ਸੁਣੀ ਅਤੇ ਇੰਟਰਵਿਊ ਵਿਚਾਲੇ ਹੀ ਛੱਡ ਦਿੱਤਾ। ਉਸ ਤੋਂ ਬਾਅਦ ਮੈਂ ਉੱਥੇ ਇੱਕ ਘੰਟਾ ਰਿਹਾ। ਉਨ੍ਹਾਂ ਨੇ ਮੈਨੂੰ ਮਿਠਾਈ ਅਤੇ ਢੋਕਲਾ ਖਵਾਇਆ। ਮੈਂ ਕੋਸ਼ਿਸ਼ ਕੀਤੀ ਕਿ ਦੁਬਾਰਾ ਉਨ੍ਹਾਂ ਦਾ ਇੰਟਰਵਿਊ ਸ਼ੁਰੂ ਹੋ ਸਕੇ, ਪਰ ਉਹ ਇਸ ਲਈ ਰਾਜ਼ੀ ਨਾ ਹੋਏ।"
"ਉਨ੍ਹਾਂ ਦੇ ਮੈਨੂੰ ਆਖ਼ਰੀ ਸ਼ਬਦ ਸਨ, 'ਬਸ ਦੋਸਤੀ ਬਣੀ ਰਹੇ'। ਸ਼ਾਮ ਨੂੰ ਉਨ੍ਹਾਂ ਨੇ ਫ਼ੋਨ ਕਰਕੇ ਕਿਹਾ, 'ਕਰਨ ਭਾਈ, ਜਦੋਂ ਮੈਂ ਦਿੱਲੀ ਆਵਾਂਗਾ ਤਾਂ ਖਾਣਾ ਇਕੱਠੇ ਖਾਵਾਂਗੇ।' ਪਰ ਉਸ ਤੋਂ ਬਾਅਦ ਨਰਿੰਦਰ ਮੋਦੀ ਨੇ ਕਦੇ ਮੇਰੀ ਸ਼ਕਲ ਨਹੀਂ ਦੇਖੀ। ਇਹੀ ਨਹੀਂ ਸਾਲ 2017 ਤੋਂ ਬਾਅਦ ਭਾਜਪਾ ਦੇ ਦੂਜੇ ਕਿਸੇ ਵੀ ਨੇਤਾ ਨੇ ਮੇਰੇ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ।''
ਇਹ ਵੀ ਪੜ੍ਹੋ:












