ਕੀ ਸਿਆਸਤਦਾਨ ਨੂੰ ਮਾਂ ਬਣਨ ਦਾ ਹੱਕ ਨਹੀਂ ਰਹਿ ਜਾਂਦਾ ?

- ਲੇਖਕ, ਵੰਦਨਾ
- ਰੋਲ, ਬੀਬੀਸੀ ਪੱਤਰਕਾਰ
ਕਰੀਬ 30 ਸਾਲ ਪਹਿਲਾਂ ਬੇਨਜ਼ੀਰ ਭੁੱਟੋ ਪਾਕਿਸਤਾਨ ਦੀ ਪਹਿਲੀ ਲੀਡਰ ਸੀ ਜੋ ਪ੍ਰਧਾਨ ਮੰਤਰੀ ਰਹਿੰਦੇ ਹੋਏ ਮਾਂ ਬਣੀ ਸੀ। ਉਨ੍ਹਾਂ ਨੇ ਆਪਣੀ ਕੁੜੀ ਬਖ਼ਤਾਵਰ ਨੂੰ 25 ਜਨਵਰੀ 1990 ਨੂੰ ਜਨਮ ਦਿੱਤਾ ਸੀ।
ਹੁਣ 37 ਸਾਲਾ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਔਰਡਰਨ ਦੁਨੀਆਂ ਦੀ ਉਹ ਦੂਜੀ ਨੇਤਾ ਹੋਵਗੀ ਜੋ ਪ੍ਰਧਾਨ ਮੰਤਰੀ ਹੁੰਦੇ ਹੋਏ ਮਾਂ ਬਣੇਗੀ।
ਸਾਲ 1990 ਵਿੱਚ ਅਜਿਹਾ ਕਰ ਸਕਣਾ ਬੇਨਜ਼ੀਰ ਭੁੱਟੋ ਲਈ ਅਸਾਨ ਨਹੀਂ ਸੀ। ਉਨ੍ਹਾਂ ਨੂੰ ਮੇਣੇ ਸੁਣਨੇ ਪਏ ਸੀ ਕਿ ਪ੍ਰਧਾਨ ਮੰਤਰੀ ਨੂੰ ਮਟਰਨੀਟੀ ਲੀਵ ਦਾ ਹੱਕ ਨਹੀਂ ਹੁੰਦਾ।
ਉਸ ਵੇਲੇ ਦੀਆਂ ਨਿਊਜ਼ ਏਜੰਸੀਆਂ ਅਤੇ ਅਖ਼ਬਾਰਾਂ ਵਿੱਚ ਨੈਸ਼ਨਲ ਅਸੈਂਬਲੀ ਦੀ ਨੇਤਾ ਦਾ ਇਹ ਬਿਆਨ ਛਪਿਆ ਸੀ, ''ਭੁੱਟੋ ਨੂੰ ਪ੍ਰਧਾਨ ਮੰਤਰੀ ਰਹਿੰਦੇ ਹੋਏ ਦੂਜੇ ਬੱਚੇ ਦੇ ਬਾਰੇ ਨਹੀਂ ਸੋਚਣਾ ਚਾਹੀਦਾ ਸੀ।''

''ਵੱਡੇ ਅਹੁਦਿਆਂ 'ਤੇ ਰਹਿਣ ਵਾਲਿਆਂ ਤੋਂ ਲੋਕ ਕੁਰਬਾਨੀ ਦੇਣ ਦੀ ਆਸ ਰੱਖਦੇ ਹਨ। ਪਰ ਸਾਡੀ ਪ੍ਰਧਾਨ ਮੰਤਰੀ ਨੂੰ ਸਭ ਕੁਝ ਚਾਹੀਦਾ ਹੈ-ਘਰ ਦਾ ਸੁਖ, ਗਲੈਮਰ, ਜ਼ਿੰਮੇਵਾਰੀਆਂ। ਅਜਿਹੇ ਲੋਕਾਂ ਨੂੰ ਲਾਲਚੀ ਕਿਹਾ ਜਾਂਦਾ ਹੈ।''
'ਪ੍ਰੈਗਨੈਂਸੀ ਅਤੇ ਪੌਲਿਟਿਕਸ'
1988 ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਠੀਕ ਪਹਿਲਾਂ ਜਦੋਂ ਬੇਨਜ਼ੀਰ ਗਰਭਵਤੀ ਸਨ ਤਾਂ ਉਨ੍ਹਾਂ ਦੀ ਪ੍ਰੈਗਨੇਂਸੀ ਇੱਕ ਤਰ੍ਹਾਂ ਦਾ ਸਿਆਸੀ ਹਥਿਆਰ ਬਣ ਗਈ ਸੀ।
ਬੀਬੀਸੀ ਲਈ ਲਿਖੇ ਇੱਕ ਲੇਖ 'ਪ੍ਰੈਗਨੇਂਸੀ ਅਤੇ ਪੌਲਿਟਿਕਸ' ਵਿੱਚ ਉਨ੍ਹਾਂ ਨੇ ਲਿਖਿਆ ਸੀ, ''1977 ਦੇ ਨਾਲ ਜ਼ਿਆ ਉਲ ਹਕ਼ ਨੇ ਪਹਿਲੀ ਵਾਰ ਪਾਕਿਸਤਾਨ ਵਿੱਚ ਲੋਕਤੰਤਰਿਕ ਤਰੀਕੇ ਨਾਲ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਸੀ ਕਿਉਂਕਿ ਉਨ੍ਹਾਂ ਨੂੰ ਪਤਾ ਚੱਲਿਆ ਸੀ ਕਿ ਉਸ ਦੌਰਾਨ ਮੈਂ ਗਰਭਵਤੀ ਹਾਂ, ਅਤੇ ਉਨ੍ਹਾਂ ਨੂੰ ਲੱਗਿਆ ਸੀ ਕਿ ਇੱਕ ਗਰਭਵਤੀ ਔਰਤ ਚੋਣ ਮੁਹਿੰਮ ਨਹੀਂ ਚਲਾ ਸਕੇਗੀ।''
''ਪਰ ਮੈਂ ਅਜਿਹਾ ਕਰ ਸਕਦੀ ਸੀ, ਮੈਂ ਅਜਿਹਾ ਕੀਤਾ, ਮੈਂ ਜਿੱਤੀ ਅਤੇ ਇਸ ਧਾਰਨਾ ਨੂੰ ਗ਼ਲਤ ਸਾਬਤ ਕੀਤਾ।''

ਤਸਵੀਰ ਸਰੋਤ, Getty Images
1988 ਵਿੱਚ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਬਿਲਾਵਲ ਦਾ ਸਮੇਂ ਤੋਂ ਪਹਿਲਾਂ ਜਨਮ ਹੋਇਆ ਸੀ ਅਤੇ ਬੇਨਜ਼ੀਰ ਪ੍ਰਧਾਨ ਮੰਤਰੀ ਬਣ ਗਈ।
ਜਾਣਬੁਝ ਕੇ ਬਾਂਝ ਅਤੇ ਸ਼ਾਸਨ ਲਈ ਅਨਫਿਟ
ਬੇਸ਼ੱਕ 30 ਸਾਲ ਬਾਅਦ ਚੀਜ਼ਾਂ ਕੁਝ ਹੱਦ ਤੱਕ ਬਦਲੀਆਂ ਹਨ। ਫਿਰ ਵੀ ਫਾਸਲੇ ਬਰਕਰਾਰ ਹਨ।
ਪੁਰਸ਼ ਸਿਆਸਤਦਾਨ ਨੂੰ ਅਕਸਰ ਉਨ੍ਹਾਂ ਦੀ ਸਿਆਸਤ ਲਈ ਪਰਖਿਆ ਜਾਂਦਾ ਹੈ। ਜਦਕਿ ਮਹਿਲਾ ਸਿਆਸਤਦਾਨਾਂ ਨੂੰ ਕੰਮ ਦੇ ਇਲਾਵਾ ਅਕਸਰ ਵਿਆਹ, ਬੱਚੇ ਵਰਗੇ ਮੁੱਦਿਆਂ 'ਤੇ ਵੀ ਪਰਖਿਆ ਜਾਂਦਾ ਹੈ-ਫਿਰ ਉਹ ਅਹੁਦੇ 'ਤੇ ਰਹਿੰਦੇ ਹੋਏ ਮਾਂ ਬਣਨ ਦੀ ਗੱਲ ਹੋਵੇ ਜਾਂ ਫਿਰ ਮਰਜ਼ੀ ਨਾਲ ਮਾਂ ਨਾ ਬਣਨ ਦਾ ਹੱਕ।
'ਜਾਣਬੁਝ ਕੇ ਬਾਂਝ ਅਤੇ ਸ਼ਾਸਨ ਲਈ ਅਨਫਿਟ'-ਇਹੀ ਉਹ ਸ਼ਬਦ ਸੀ ਜੋ ਆਸਟ੍ਰੇਲੀਆ ਦੇ ਇੱਕ ਵੱਡੇ ਲੀਡਰ ਨੇ 2007 ਵਿੱਚ ਜੂਲੀਆ ਗਿਲਾਰਡ ਲਈ ਵਰਤੇ ਸੀ।

ਤਸਵੀਰ ਸਰੋਤ, AFP
ਜੂਲੀਆ ਬਾਅਦ ਵਿੱਚ ਦੇਸ ਦੀ ਪ੍ਰਧਾਨ ਮੰਤਰੀ ਬਣੀ।
ਇਸ਼ਾਰਾ ਇਸ ਪਾਸੇ ਸੀ ਕਿ ਜੂਲੀਆ ਗਿਲਾਰਡ ਦੇ ਬੱਚੇ ਨਹੀਂ ਸੀ ਅਤੇ ਇਸ ਲਈ ਉਹ ਸ਼ਾਸਨ ਕਰਨ ਲਾਇਕ ਨਹੀਂ ਸੀ।
'ਨੈਪੀ ਬਦਲੇਗੀ ਤੇ ਕੰਮ ਕਿਵੇਂ ਕਰੇਗੀ'
ਪਿਛਲੇ ਸਾਲ ਬ੍ਰਿਟੇਨ ਚੋਣਾਂ ਨੂੰ ਕਵਰ ਕਰਦੇ ਹੋਏ ਵੀ ਮੈਨੂੰ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ ਸੀ।

ਤਸਵੀਰ ਸਰੋਤ, Getty Images
ਸੰਸਦੀ ਚੋਣਾਂ ਤੋਂ ਪਹਿਲਾਂ ਇੱਕ ਗਰਭਵਤੀ ਮਹਿਲਾ ਉਮੀਦਵਾਰ ਦੇ ਬਾਰੇ ਵਿੱਚ ਸਥਾਨਕ ਨੇਤਾ ਨੇ ਇਹ ਕਿਹਾ ਸੀ, ''ਉਹ ਤਾਂ ਨੈਪੀ ਬਦਲਣ ਵਿੱਚ ਮਸਰੂਫ਼ ਹੋਵੇਗੀ, ਲੋਕਾਂ ਦੀ ਅਵਾਜ਼ ਕੀ ਬਣੇਗੀ? ਜੋ ਔਰਤ ਗਰਭਵਤੀ ਹੈ ਉਹ ਕਾਬਿਲ ਸਾਂਸਦ ਕਿਵੇਂ ਬਣ ਪਾਵੇਗੀ।''
ਜਰਮਨੀ ਦੀ ਐਂਗੇਲਾ ਮਾਰਕਲ ਹੋਵੇ ਜਾਂ ਭਾਰਤ ਦੀ ਮਾਇਆਵਤੀ, ਮਹਿਲਾਵਾਂ ਨੇਤਾਵਾਂ ਨੂੰ ਵਿਆਹ ਨਾ ਕਰਨ ਜਾਂ ਬੱਚੇ ਨਾ ਪੈਦਾ ਕਰਨ ਦੇ ਕਾਰਨ ਮੇਣੇ ਸੁਣਨੇ ਪਏ ਹਨ।
2005 ਵਿੱਚ ਚੋਣ ਪ੍ਰਚਾਰ ਦੇ ਦੌਰਾਨ ਐਂਗੇਲਾ ਮਾਰਕਲ ਦੇ ਬਾਰੇ ਇਹ ਕਿਹਾ ਗਿਆ ਸੀ, ''ਮਾਰਕਲ ਦਾ ਜੋ ਬਾਇਓਡਾਟਾ ਹੈ ਉਹ ਦੇਸ ਦੀ ਜ਼ਿਆਦਾਤਰ ਮਹਿਲਾਵਾਂ ਦੀ ਨੁਮਾਇੰਦਗੀ ਨਹੀਂ ਕਰਦਾ।''
ਇਸ਼ਰਾ ਉੱਥੇ ਹੀ ਸੀ ਕਿਉਂਕਿ ਉਹ ਮਾਂ ਨਹੀਂ ਹੈ ਇਸ ਲਈ ਉਹ ਦੇਸ ਅਤੇ ਪਰਿਵਾਰ ਨਾਲ ਜੁੜੇ ਮੁੱਦੇ ਨਹੀਂ ਸਮਝ ਸਕਦੀ।
ਜਦੋਂ ਮਾਇਆਵਤੀ ਮੁੱਖ ਮੰਤਰੀ ਸੀ ਤਾਂ ਉਨ੍ਹਾਂ ਨੇ ਜੇਲ ਵਿੱਚ ਬੰਦ ਵਰੁਣ ਗਾਂਧੀ ਨੂੰ ਮੇਨਕਾ ਗਾਂਧੀ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਸੀ।
ਇਸ 'ਤੇ ਭੜਕੀ ਮੇਨਕਾ ਨੇ ਕਿਹਾ ਸੀ,''ਇੱਕ ਮਾਂ ਹੀ ਮੇਰੀ ਭਾਵਨਾ ਨੂੰ ਸਮਝ ਸਕਦੀ ਹੈ।''
ਸੰਸਦ ਵਿੱਚ ਬੱਚਿਆਂ ਨੂੰ ਦੁੱਧ ਪਿਆਉਣਾ
ਸਿਆਸਤ ਦੇ ਗਲਿਆਰਿਆਂ ਵਿੱਚੋਂ ਹੁੰਦੇ ਹੋਏ ਘਰ ਗ੍ਰਹਿਸਤੀ ਅਤੇ ਬੱਚਿਆਂ ਤੱਕ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਜਦੋਂ ਮਹਿਲਾ ਸਿਆਸਤਦਾਨ ਦੀ ਹੋਵੇ ਤਾਂ ਸਮਾਜਿਕ ਅਤੇ ਪਰਿਵਾਰਕ ਸਮਰਥਨ ਦੀ ਲੋੜ ਪੈਂਦੀ ਹੈ।
ਬ੍ਰਿਟੇਨ ਵਿੱਚ 2012 'ਚ ਡਾਕਟਰ ਰੋਜ਼ੀ ਕੈਂਪਬੇਲ ਅਤੇ ਪ੍ਰੋਫ਼ੈਸਰ ਸਾਰਾ ਦੇ ਇੱਕ ਅਧਿਐਨ ਮੁਤਾਬਕ ਆਮ ਨਾਗਰਿਕਾਂ ਦੇ ਮੁਕਾਬਲੇ ਮਹਿਲਾ ਸਾਂਸਦਾਂ ਦੇ ਬੱਚੇ ਨਾ ਹੋਣ ਦੇ ਆਸਾਰ ਦੁਗਣੇ ਹਨ।

ਨਾਲ ਹੀ ਇਹ ਵੀ ਬ੍ਰਿਟੇਨ ਵਿੱਚ ਜਦੋਂ ਮਹਿਲਾ ਸਾਂਸਦ ਪਹਿਲੀ ਵਾਰ ਸੰਸਦ ਵਿੱਚ ਆਉਂਦੀ ਹੈ ਤਾਂ ਉਸਦੇ ਵੱਡੇ ਬੱਚੇ ਦੀ ਉਮਰ 16 ਸਾਲ ਹੁੰਦੀ ਹੈ ਜਦਕਿ ਪੁਰਸ਼ ਸਾਂਸਦਾਂ ਦੇ ਪਹਿਲੇ ਬੱਚੇ ਦੀ ਉਮਰ 12 ਸਾਲ।
ਯਾਨਿ ਜਵਾਨ ਮਹਿਲਾ ਸਾਂਸਦਾਂ ਨੂੰ ਸਿਆਸਤ ਦੀ ਪੌੜੀ ਚੜ੍ਹਦੇ ਚੜ੍ਹਦੇ ਸਮਾਂ ਲੱਗ ਜਾਂਦਾ ਹੈ।
ਉਂਝ ਹੁਣ ਕਈ ਦੇਸਾਂ ਵਿੱਚ ਮਹਿਲਾ ਸਾਂਸਦਾਂ ਲਈ ਨਵੇਂ ਨਿਯਮ ਲਾਗੂ ਕੀਤੇ ਗਏ ਹਨ ਜਿਸ ਵਿੱਚ ਉਹ ਬੱਚਿਆਂ ਦੀ ਜ਼ਿੰਮੇਦਾਰੀ ਦੇ ਨਾਲ-ਨਾਲ ਸਾਂਸਦ ਦਾ ਕੰਮ ਵੀ ਸਹਿਜ ਨਾਲ ਕਰੇ।
ਮਸਲਨ ਆਸਟ੍ਰੇਲੀਆ ਵਿੱਚ 2016 ਵਿੱਚ ਸੰਸਦੀ ਸਦਨ ਦੇ ਚੈਂਬਰ ਵਿੱਚ ਮਹਿਲਾ ਸਾਂਸਦਾਂ ਆਪਣੇ ਬੱਚਿਆਂ ਨੂੰ ਦੁੱਧ ਪਿਆ ਸਕਦੀਆਂ ਹਨ।
2017 ਵਿੱਚ ਅਜਿਹਾ ਕਰਨ ਵਾਲੀ ਲੈਰਿਸਾ ਵਾਟਰਸ ਪਹਿਲੀ ਆਸਟ੍ਰੇਲੀਆਈ ਸਾਂਸਦ ਬਣੀ।
ਸਿਆਸਤ ਦੀ ਕਸੌਟੀ
ਭਾਰਤ ਇਸ ਤਰ੍ਹਾਂ ਦੀ ਬਹਿਸ ਤੋਂ ਕਿਤੇ ਦੂਰ ਹੈ। ਉੱਥੇ ਤਾਂ ਅਜੇ ਬਹਿਸ ਦਾ ਮੁੱਦਾ ਇਹ ਹੈ ਕੀ ਕਿਉਂ ਸੰਸਦ ਵਿੱਚ ਅੱਜ ਵੀ ਮਹਿਲਾਵਾਂ ਦੀ ਗਿਣਤੀ ਘੱਟ ਹੈ।

ਤਸਵੀਰ ਸਰੋਤ, Getty Images
ਬਹੁਤ ਸਾਰੇ ਟੀਕਾਕਾਰ ਸਵਾਲ ਚੁੱਕਦੇ ਰਹੇ ਹਨ ਕੀ ਇਹ ਸਿਰਫ਼ ਇੱਕ ਇਤਫ਼ਾਕ ਹੈ ਕਿ ਜ਼ਿਆਦਾਤਰ ਔਰਤਾਂ ਜੋ ਸੱਤਾ ਵਿੱਚ ਆਈਆਂ ਉਹ ਉਸ ਵੇਲੇ ਵਿਆਹੀਆਂ ਨਹੀਂ ਸੀ- ਇੰਦਰਾ ਗਾਂਧੀ, ਮਮਤਾ ਬੈਨਰਜੀ, ਜੈਲਲਿਤਾ, ਮਾਇਆਵਤੀ, ਸ਼ੀਲਾ ਦਿਕਸ਼ਿਤ, ਉਮਾ ਭਾਰਤੀ , ਵਸੂੰਧਰਾ ਰਾਜੇ।
ਕੀ ਕਦੀ ਅਜਿਹਾ ਹੋਵੇਗਾ ਕਿ ਜਦੋਂ ਕਿਸੇ ਔਰਤ ਦੀ ਸਿਆਸੀ ਸਫਲਤਾ ਨੂੰ ਇਸ ਗੱਲ 'ਤੇ ਨਹੀਂ ਪਰਖਿਆ ਜਾਵੇਗਾ ਕਿ ਉਹ ਵਿਆਹੀ ਹੋਈ ਹੈ, ਮਾਂ ਬਣ ਚੁੱਕੀ ਹੈ ਜਾਂ ਬਣਨ ਵਾਲੀ ਹੈ ਜਾਂ ਬਣਨਾ ਹੀ ਨਹੀਂ ਚਾਹੁੰਦੀ ਹੈ।
ਫਿਲਹਾਲ ਤਾਂ ਦੁਨੀਆਂ ਦੀਆਂ ਨਜ਼ਰਾਂ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ 'ਤੇ ਹੈ। ਸੋਸ਼ਲ ਮੀਡੀਆ ਦੇ ਦੌਰ ਵਿੱਚ ਜਿੱਥੇ ਹਰ ਨਿੱਕੀ ਚੀਜ਼ 'ਤੇ ਵੀ ਨਜ਼ਰ ਰਹਿੰਦੀ ਹੈ। ਅਜਿਹੇ ਦੌਰ ਵਿੱਚ ਮਾਂ ਬਣਨ ਵਾਲੀ ਉਹ ਪਹਿਲੀ ਪ੍ਰਧਾਨ ਮੰਤਰੀ ਹੈ।












