ਦੇਵੀ ਦੇਵਤਿਆਂ ਨੂੰ ਸਾਂਵਲਾ ਦਿਖਾਉਣ ਦੀ ਨਵੀਂ ਮੁਹਿੰਮ

ਤਸਵੀਰ ਸਰੋਤ, Naresh Nil/BBC
- ਲੇਖਕ, ਗੀਤ ਪਾਂਡੇ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਵਰਗੇ ਦੇਸ ਵਿੱਚ ਜਿੱਥੇ ਗੋਰੇ ਰੰਗ ਨੂੰ ਕਾਫ਼ੀ ਅਹਿਮੀਅਤ ਦਿੱਤੀ ਜਾਂਦੀ ਹੈ। ਉੱਥੇ ਹਿੰਦੂ ਦੇਵੀ ਅਤੇ ਦੇਵਤਿਆਂ ਦੇ ਸਾਂਵਲੇ ਰੰਗ ਵਾਲਾ ਇੱਕ ਅਕਸ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਚੇਨਈ ਦੇ ਇਸ਼ਤਿਹਾਰ ਫ਼ਿਲਮਾਂ ਬਣਾਉਣ ਵਾਲੇ ਭਾਰਦਵਾਜ ਸੁੰਦਰ ਨੇ ਫੋਟੋਗ੍ਰਾਫ਼ਰ ਨਰੇਸ਼ ਨੀਲ ਨਾਲ 'ਡਾਰਕ ਇਜ਼ ਡਿਵਾਇਨ' ਪ੍ਰਾਜੈਕਟ 'ਤੇ ਕੰਮ ਸ਼ੁਰੂ ਕੀਤਾ ਹੈ।
ਇਸ ਪ੍ਰਾਜੈਕਟ ਵਿੱਚ ਹਿੰਦੂ ਦੇਵੀ-ਦੇਵਤਿਆਂ ਨੂੰ ਸਾਂਵਲੇ ਰੰਗ ਦਾ ਦਿਖਾਇਆ ਗਿਆ ਹੈ।
ਗੋਰੇ ਰੰਗ ਦੀ ਚਾਹਤ ਇਸ ਦੇਸ ਵਿੱਚ ਕੋਈ ਨਵੀਂ ਗੱਲ ਨਹੀਂ ਹੈ। ਸਦੀਆਂ ਤੋਂ ਗੋਰੇ ਰੰਗ ਵਾਲੇ ਨੂੰ ਬਿਹਤਰ ਤੇ ਚੰਗਾ ਸਮਝਿਆ ਜਾਂਦਾ ਹੈ।
ਦੇਸ ਵਿੱਚ ਸਭ ਤੋਂ ਵੱਧ ਵਿਕਣ ਵਾਲੇ ਕੌਸਮੈਟਿਕਸ ਗੋਰਾਪਣ ਕਰਨ ਵਾਲੀਆਂ ਕਰੀਮਾਂ ਹਨ।
ਗੋਰਾਪਨ ਮਦਦਗਾਰ
ਹਾਲ ਦੇ ਸਾਲਾਂ ਵਿੱਚ ਭਾਰਤੀ ਬਾਜ਼ਾਰ ਵਿੱਚ ਅਜਿਹੇ ਉਤਪਾਦ (ਕਰੀਮਸ ਅਤੇ ਜ਼ੈਲ) ਆਏ ਹਨ, ਜੋ ਔਰਤਾਂ ਦੇ ਹਰ ਅੰਗ ਨੂੰ ਚਮਕਾਉਣ ਦਾ ਦਾਅਵਾ ਕਰਦੇ ਹਨ।

ਤਸਵੀਰ ਸਰੋਤ, Naresh Nil/BBC
ਚੰਗੀ ਨੌਕਰੀ ਜਾਂ ਪਿਆਰ ਹਾਸਲ ਕਰਨ ਵਿੱਚ ਗੋਰਾਪਣ ਮਦਦਗਾਰ ਸਾਬਤ ਹੁੰਦਾ ਹੈ, ਅਜਿਹਾ ਇਸ਼ਤਿਹਾਰਾਂ ਵਿੱਚ ਦਿਖਾਇਆ ਜਾਂਦਾ ਹੈ।
ਪਿਛਲੇ ਕੁਝ ਸਾਲਾਂ ਵਿੱਚ Dark is Beautiful (ਕਾਲਾ ਖ਼ੂਬਸੁਰਤ ਹੈ ) ਅਤੇ #unfairandlovely ਵਰਗੀ ਮੁਹਿੰਮ ਵੀ ਚੱਲੀ ਹੋਈ ਹੈ ਜਿਸ ਵਿੱਚ ਲੋਕਾਂ ਦੇ ਸਾਂਵਲੇ ਰੰਗ ਦਾ ਜਸ਼ਨ ਵੀ ਮਨਾਉਣ ਦੀ ਅਪੀਲ ਕੀਤੀ ਗਈ।
ਇਸ ਸਭ ਦੇ ਬਾਵਜੂਦ ਗੋਰੇ ਰੰਗ ਲਈ ਸਿਹਤ ਨਾਲ ਸਮਝੌਤਾ ਕਰਨ ਦੀ ਹੱਦ ਤੱਕ ਦੀਵਾਨਗੀ ਜਾਰੀ ਹੈ।
ਭਾਰਦਵਾਜ ਸੁੰਦਰ ਕਹਿੰਦੇ ਹਨ, ''ਇਹ ਸਿਰਫ਼ ਸੰਸਾਰਿਕ ਚੀਜ਼ਾਂ 'ਤੇ ਲਾਗੂ ਨਹੀਂ ਹੁੰਦੀ ਸਗੋਂ ਦੇਵੀ-ਦੇਵਤੇ ਵੀ ਇਸ ਦਾਇਰੇ ਵਿੱਚ ਆ ਰਹੇ ਹਨ।''
ਸ਼ਾਮ ਰੰਗ ਵਾਲੇ ਕ੍ਰਿਸ਼ਨ
ਭਾਰਦਵਾਜ ਸੁੰਦਰ ਕਹਿੰਦੇ ਹਨ, ''ਆਪਣੇ ਘਰਾਂ ਵਿੱਚ, ਮੰਦਿਰਾਂ ਵਿੱਚ ਜਾਂ ਕੈਲੰਡਰਾਂ 'ਤੇ, ਸਟਿੱਕਰਾਂ 'ਤੇ, ਪੋਸਟਰਾਂ 'ਤੇ ਦੇਵੀ-ਦੇਵਤਿਆਂ ਦੀਆਂ ਜਿਹੜੀਆਂ ਤਸਵੀਰਾਂ ਅਸੀਂ ਆਲੇ-ਦੁਆਲੇ ਦੇਖਦੇ ਹਾਂ, ਉਨ੍ਹਾਂ ਸਾਰਿਆਂ ਵਿੱਚ ਉਨ੍ਹਾਂ ਨੂੰ ਗੋਰਾ ਦਿਖਾਇਆ ਗਿਆ ਹੈ।''

ਅਜਿਹੀ ਸੰਸਕ੍ਰਿਤੀ ਵਿੱਚ ਜਿੱਥੇ ਗੋਰੇਪਣ ਨੂੰ ਲੈ ਕੇ ਗਜ਼ਬ ਦੀ ਦੀਵਾਨਗੀ ਹੈ, ਉੱਥੇ ਭਾਰਦਵਾਜ ਸੁੰਦਰ ਇਸ਼ਾਰਾ ਕਰਦੇ ਹਨ ਕਿ ਹੁਣ ਤੱਕ ਸ਼ਾਮ ਰੰਗ ਵਾਲੇ ਕਹੇ ਗਏ ਕ੍ਰਿਸ਼ਨ ਵੀ ਅਕਸਰ ਗੋਰ ਵਰਣ ਦੇ ਦਿਖਾਏ ਜਾਂਦੇ ਹਨ।
ਹਾਥੀ ਦੇ ਸਿਰ ਵਾਲੇ ਗਣੇਸ਼ ਨੂੰ ਗੋਰ ਵਰਣ ਦਾ ਦਿਖਾਇਆ ਜਾਂਦਾ ਹੈ ਜਦਕਿ ਭਾਰਤ ਵਿੱਚ ਚਿੱਟਾ ਹਾਥੀ ਨਹੀਂ ਹਨ।
ਉਹ ਕਹਿੰਦੇ ਹਨ, ''ਇੱਥੇ ਹਰ ਕੋਈ ਗੋਰਾ ਰੰਗ ਪਸੰਦ ਕਰਦਾ ਹੈ ਪਰ ਮੈਂ ਇੱਕ ਸਾਂਵਲੇ ਰੰਗ ਵਾਲਾ ਸ਼ਖ਼ਸ ਹਾਂ ਅਤੇ ਮੇਰੇ ਬਹੁਤੇ ਦੋਸਤ ਵੀ ਮੇਰੇ ਵਰਗੇ ਹੀ ਹਨ। ਇਸ ਲਈ ਗੋਰੇ ਰੰਗ ਵਾਲੇ ਦੇਵੀ-ਦੇਵਤਿਆਂ ਵਿੱਚ ਮੈਂ ਆਪਣੇ ਆਪ ਨੂੰ ਕਿਵੇਂ ਜੋੜਾਂ।
ਹੈਰਾਨ ਕਰਨ ਵਾਲੇ ਨਤੀਜੇ
'ਡਾਰਕ ਇਜ਼ ਡਿਵਾਇਨ'ਪ੍ਰਾਜੈਕਟ ਲਈ ਭਾਰਦਵਾਜ ਸੁੰਦਰ ਅਤੇ ਨਰੇਸ਼ ਨੀਲ ਨੇ ਸਾਂਵਲੇ ਰੰਗ ਵਾਲੇ ਮਰਦਾਂ ਅਤੇ ਔਰਤਾਂ ਨੂੰ ਮਾਡਲ ਚੁਣਿਆ ਗਿਆ।

ਤਸਵੀਰ ਸਰੋਤ, Naresh Nil/BBC
ਉਨ੍ਹਾਂ ਨੂੰ ਦੇਵੀ-ਦੇਵਤਾਵਾਂ ਵਰਗੇ ਕੱਪੜੇ ਪਹਿਨਾਏ ਗਏ ਅਤੇ ਦਸੰਬਰ ਵਿੱਚ 2 ਦਿਨ ਤੱਕ ਇਸਦੀ ਸ਼ੂਟਿੰਗ ਕੀਤੀ ਗਈ।
ਮਾਡਲ ਸੁਰਥੀ ਪੇਰਿਆਸਾਮੀ ਨੇ ਬੀਬੀਸੀ ਨੂੰ ਦੱਸਿਆ ਕਿ ਅਤੀਤ ਵਿੱਚ ਇਨ੍ਹਾਂ ਨੂੰ ਕਈ ਵਾਰ ਸਿਰਫ਼ ਇਸ ਲਈ ਖਾਰਜ ਕੀਤਾ ਗਿਆ ਕਿਉਂਕਿ ਸਾਂਵਲੇ ਰੰਗ ਵਾਲੀ ਮਾਡਲ ਕਿਸੇ ਨੂੰ ਵੀ ਨਹੀਂ ਚਾਹੀਦੀ ਸੀ।
ਸੁਰਥੀ ਪੇਰਿਆਸਾਮੀ ਉਸ ਵੇਲੇ ਰੁਮਾਂਚਿਤ ਹੋ ਗਈ ਜਦੋਂ ਉਨ੍ਹਾਂ ਨੂੰ ਧਨ ਦੀ ਦੇਵੀ ਲਕਸ਼ਮੀ ਦੇ ਰੂਪ ਵਿੱਚ ਦਿਖਾਉਣ ਲਈ ਚੁਣਿਆ ਗਿਆ।
ਸਾਕਾਰਾਤਮਕ ਪ੍ਰਤੀਕਿਰਿਆਵਾਂ
ਸੁਰਥੀ ਪੇਰਿਆਸਾਮੀ ਕਹਿੰਦੀ ਹੈ, ''ਲਕਸ਼ਮੀ ਭਾਰਤ ਵਿੱਚ ਸਭ ਤੋਂ ਪਸੰਦੀਦਾ ਦੇਵੀਆਂ ਵਿੱਚੋਂ ਇੱਕ ਹੈ। ਹਰ ਕੋਈ ਉਨ੍ਹਾਂ ਵਰਗੀ ਨੂੰਹ ਚਾਹੁੰਦਾ ਹੈ ਕਿਉਂਕਿ ਉਹ ਖੁਸ਼ਹਾਲੀ ਲੈ ਕੇ ਆਉਂਦੀ ਹੈ। ਉਨ੍ਹਾਂ ਵਰਗੀ ਦਿਖ ਕੇ ਮੈਨੂੰ ਬਹੁਤ ਚੰਗਾ ਲੱਗਦਾ ਹੈ।''

ਤਸਵੀਰ ਸਰੋਤ, Naresh Nil/BBC
''ਹਰ ਕੋਈ ਸਾਂਵਲੇ ਰੰਗ ਦੀ ਮਾਡਲ ਦੇ ਨਾਲ ਕੰਮ ਕਰਨ ਦੀ ਗੱਲ ਕਰਦਾ ਹੈ, ਪਰ ਅਸਲੀਅਤ ਵਿੱਚ ਕੋਈ ਉਨ੍ਹਾਂ ਨੂੰ ਉਤਸ਼ਾਹਿਤ ਨਹੀਂ ਕਰਦਾ। ਮੈਨੂੰ ਉਮੀਦ ਹੈ ਕਿ ਇਸ ਮੁਹਿੰਮ ਨਾਲ ਲੋਕਾਂ ਦੀ ਸੋਚ ਬਦਲੇਗੀ ਅਤੇ ਸਾਨੂੰ ਵੀ ਜ਼ਿੰਦਗੀ ਵਿੱਚ ਕੁਝ ਕਰਨ ਦਾ ਮੌਕਾ ਮਿਲੇਗਾ।''
ਦਸੰਬਰ ਮਹੀਨੇ ਵਿੱਚ ਸ਼ੁਰੂ ਹੋਈ ਇਸ ਮੁਹਿੰਮ 'ਤੇ ਭਾਰਦਵਾਜ ਸੁੰਦਰ ਦੱਸਦੇ ਹਨ ਕਿ ਉਨ੍ਹਾਂ ਨੂੰ ਬਹੁਤ ਸਾਰੀਆਂ ਪ੍ਰਤੀਕਿਰਿਆਵਾਂ ਮਿਲੀਆਂ ਹਨ ਜੋ ਵਧੇਰੇ ਸਾਕਾਰਾਤਮ ਹਨ।
ਹਾਲਾਂਕਿ ਕੁਝ ਲੋਕਾਂ ਨੇ ਉਨ੍ਹਾਂ 'ਤੇ ਪੱਖਪਾਤ ਦੀ ਧਾਰਨਾ ਨਾਲ ਕੰਮ ਕਰਨ ਦੇ ਇਲਜ਼ਾਮ ਵੀ ਲਗਾਏ।

ਤਸਵੀਰ ਸਰੋਤ, Naresh Nil/BBC
ਲੋਕਾਂ ਨੇ ਭਾਰਦਵਾਜ ਸੁੰਦਰ ਨੂੰ ਇਹ ਧਿਆਨ ਦਿਵਾਇਆ ਕਿ ਦੇਵੀ ਕਾਲੀ ਨੂੰ ਹਮੇਸ਼ਾ ਹੀ ਕਾਲੇ ਰੰਗ ਵਿੱਚ ਦਿਖਾਇਆ ਗਿਆ ਹੈ।
'ਡਾਰਕ ਇਜ਼ ਡਿਵਾਇਨ'ਪ੍ਰਾਜੈਕਟ
ਭਾਰਦਵਾਜ ਸੁੰਦਰ ਕਹਿੰਦੇ ਹਨ ਕਿ ਉਹ ਧਰਮ ਦੀ ਪਾਲਣਾ ਕਰਨ ਵਾਲੇ ਹਿੰਦੂ ਹਨ ਅਤੇ ਉਨ੍ਹਾਂ ਦੇ 'ਡਾਰਕ ਇਜ਼ ਡਿਵਾਇਨ' ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਹੈ।
ਉਹ ਕਹਿੰਦੇ ਹਨ, ''ਜੇਕਰ ਅਸੀਂ ਆਪਣੇ ਆਲੇ-ਦੁਆਲੇ ਦੇਖੀਏ ਤਾਂ 99.99 ਫ਼ੀਸਦ ਮੌਕਿਆਂ 'ਤੇ ਦੇਵੀ ਦੇਵਤਿਆਂ ਦੀ ਤਸਵੀਰ ਗੋਰੇ ਰੰਗ ਵਾਲੀ ਹੁੰਦੀ ਹੈ। ਅਸੀਂ ਕਿਸੇ ਬਾਰੇ ਕਿਹੋ ਜਿਹੀ ਰਾਇ ਬਣਾਉਂਦੇ ਹਾਂ। ਖਾਸ ਕਰਕੇ ਔਰਤਾਂ ਦੇ ਬਾਰੇ, ਇਸ ਵਿੱਚ ਉਨ੍ਹਾਂ ਦੇ ਰੰਗ-ਰੂਪ ਦੀ ਅਹਿਮ ਭੂਮਿਕਾ ਰਹਿੰਦੀ ਹੈ। ਮੈਨੂੰ ਲੱਗਿਆ ਕਿ ਇਸ ਪਹਿਲੂ ਵੱਲ ਧਿਆਨ ਦਿਵਾਉਣ ਦੀ ਲੋੜ ਹੈ।''
''ਡਾਰਕ ਇਜ਼ ਡਿਵਾਇਨ ਪ੍ਰਾਜੈਕਟ ਨਾਲ ਅਸੀਂ ਇਸ ਮਾਨਤਾ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਗੋਰਾ ਰੰਗ ਜ਼ਿਆਦਾ ਬਿਹਤਰ ਹੁੰਦਾ ਹੈ।''












