ਪੰਜਾਬੀ, ਸਿੰਧੀ ਤੇ ਬਲੋਚਾਂ ’ਚ ਵੰਡੀ ਪਾਕਿਸਤਾਨ ਦੀ ਸਿਆਸਤ

ਤਸਵੀਰ ਸਰੋਤ, Getty Images
- ਲੇਖਕ, ਫੈਸਲ ਮੁਹੰਮਦ ਅਲੀ
- ਰੋਲ, ਪੱਤਰਕਾਰ, ਬੀਬੀਸੀ
ਪਾਕਿਸਤਾਨ ਦੇ ਉਰਦੂ ਸ਼ਾਇਰ ਅਤੇ ਵਿਅੰਗਕਾਰ ਇਬਨੇ ਇਨਸ਼ਾ ਨੇ 'ਉਰਦੂ ਦੀ ਆਖਰੀ ਕਿਤਾਬ' ਵਿੱਚ ਦਿਲਚਸਪ ਸਵਾਲ ਅਤੇ ਜਵਾਬ ਕੀਤੇ ਹਨ- ਇਟਲੀ ਵਿੱਚ ਕੌਣ ਰਹਿੰਦਾ ਹੈ?' ਇਤਾਲਵੀ। ਜਰਮਨੀ ਵਿੱਚ ਕੌਣ ਰਹਿੰਦਾ ਹੈ? ਜਰਮਨ।
ਪਾਕਿਸਤਾਨ ਵਿੱਚ ਕੌਣ ਰਹਿੰਦਾ ਹੈ? ਇਸ ਦਾ ਜਵਾਬ ਸੀ- ਪੰਜਾਬੀ, ਸਿੰਧੀ, ਬਲੋਚ, ਪਠਾਨ।
ਅਗਲਾ ਸਵਾਲ ਇਹ ਹੈ ਕਿ ਫਿਰ ਪਾਕਿਸਤਾਨ ਬਣਾਇਆ ਹੀ ਕਿਉਂ? ਜਵਾਬ ਸੀ - ਗਲਤੀ ਹੋ ਗਈ ਸੀ, ਦੁਬਾਰਾ ਨਹੀਂ ਬਣਾਵਾਂਗੇ।
ਇਹ ਵੀ ਪੜ੍ਹੋ :
ਇਬਨੇ ਇਨਸ਼ਾ ਦਾ ਇਹ ਜਵਾਬ ਪਾਕਿਸਤਾਨ ਦੇ ਸਿਆਸੀ ਦਲਾਂ 'ਤੇ ਵੀ ਸਟੀਕ ਬੈਠਦਾ ਹੈ, ਜੋ ਦੇਸ ਦੇ ਗਠਨ ਦੇ 7 ਦਹਾਕੇ ਬਾਅਦ ਵੀ ਜਾਤੀ, ਭਾਸ਼ਾਈ ਅਤੇ ਖੇਤਰੀ ਪਛਾਣ ਦੇ ਦਾਇਰੇ ਵਿੱਚ ਬੰਨ੍ਹੇ ਦਿਖਦੇ ਹਨ।
ਜਾਤੀ ਆਧਾਰਿਤ ਪਾਰਟੀਆਂ
ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਨੂੰ ਹੀ ਲੈ ਲਓ ਤਾਂ ਉਸ ਦਾ ਲੋਕ ਆਧਾਰ ਮੁੱਖ ਤੌਰ 'ਤੇ: ਪੰਜਾਬੀ ਭਾਸ਼ਾ ਬੋਲਣ ਵਾਲੇ ਪੰਜਾਬੀਆਂ ਵਿੱਚ ਹੈ। ਪੀਐੱਮਐੱਲ (ਐੱਨ) ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਦੀ ਭ੍ਰਿਸ਼ਟਾਚਾਰ ਮਾਮਲੇ ਵਿੱਚ ਗ੍ਰਿਫ਼ਤਾਰੀ ਨੂੰ ਲੈ ਕੇ ਚਰਚਾ ਵਿੱਚ ਹੈ।
ਨਵਾਜ਼ ਸ਼ਰੀਫ਼ ਦੇ ਧੁਰ ਵਿਰੋਧੀ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਦਾ ਲੋਕ ਆਧਾਰ ਜ਼ਿਆਦਾਤਰ ਪਠਾਨਾਂ ਵਿੱਚ ਹੈ।
ਉਨ੍ਹਾਂ ਦੇ ਵੋਟਰਾਂ ਦੀ ਵੱਡੀ ਗਿਣਤੀ ਖੈਬਰ ਪਖਤੂਨਖਵਾ ਵਿੱਚ ਹੈ। ਜਿੱਥੇ ਸੂਬੇ ਵਿੱਚ ਉਨ੍ਹਾਂ ਦੀ ਪਾਰਟੀ ਸਰਕਾਰ ਵੀ ਚਲਾ ਰਹੀ ਹੈ। ਇਮਰਾਨ ਖਾਨ ਨਿਆਜ਼ੀ ਖੁਦ ਪਠਾਨ ਹਨ।

ਤਸਵੀਰ ਸਰੋਤ, AFP
ਉਂਝ ਤਾਂ 25 ਜੁਲਾਈ ਨੂੰ ਦੇਸ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਦਰਜਨਾਂ ਸਿਆਸੀ ਜਮਾਤਾਂ ਹਿੱਸਾ ਲੈ ਰਹੀਆਂ ਹਨ ਪਰ ਉਨ੍ਹਾਂ ਵਿੱਚ ਤਿੰਨ ਸਭ ਤੋਂ ਅਹਿਮ ਮੰਨੀਆਂ ਜਾ ਸਕਦੀਆਂ ਹਨ। ਇਨ੍ਹਾਂ ਵਿੱਚੋਂ ਦੋ-ਤਿੰਨ ਯਾਨੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਅਤੇ ਮੁਸਲਿਮ ਲੀਗ (ਨਵਾਜ਼) ਪਹਿਲਾਂ ਕੇਂਦਰ ਅਤੇ ਸੂਬੇ ਵਿੱਚ ਸਰਕਾਰਾਂ ਬਣਾ ਚੁੱਕੀਆਂ ਹਨ।
ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਹਾਲਾਂਕਿ ਨਵੀਂ ਪਾਰਟੀ ਹੈ ਪਰ ਕਿਹਾ ਜਾ ਰਿਹਾ ਹੈ ਕਿ ਪਰਦੇ ਦੇ ਪਿੱਛੋਂ ਉਸ ਨੂੰ ਪਾਕਿਸਤਾਨੀ ਫੌਜ ਦਾ ਸਮਰਥਨ ਹਾਸਿਲ ਹੈ।
ਪਾਕਿਸਤਾਨ ਮੁਸਲਿਮ ਲੀਗ (ਨਵਾਜ਼)
- ਸਾਲ 1993 ਵਿੱਚ ਪਾਕਿਸਤਾਨ ਮੁਸਲਿਮ ਲੀਗ ਤੋਂ ਵੱਖ ਬਣੀ ਪਾਰਟੀ ਦੇ ਮੁਖੀ ਨਵਾਜ਼ ਸ਼ਰੀਫ਼ ਅੱਜ-ਕੱਲ੍ਹ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਹਨ।
ਇਹ ਵੀ ਪੜ੍ਹੋ:
ਪਾਕਿਸਤਾਨ ਦੇ ਵੱਡੇ ਸਨਅਤਕਾਰਾਂ ਵਿੱਚੋਂ ਨਵਾਜ਼ ਸ਼ਰੀਫ਼ ਲਾਹੌਰ, ਪੰਜਾਬ ਦੇ ਰਹਿਣ ਵਾਲੇ ਹਨ, ਜੋ ਪਾਰਟੀ ਦੇ ਮੁੱਖ ਲੋਕ ਆਧਾਰ ਵਾਲਾ ਸੂਬਾ ਵੀ ਹੈ। ਹਾਲਾਂਕਿ ਕੁਝ ਦੂਜੇ ਸੂਬਿਆਂ ਵਿੱਚ ਦਲ ਨੂੰ ਸਮਰਥਨ ਹਾਸਲ ਹੈ।
ਪਾਰਟੀ ਨੂੰ 2013 ਆਮ ਚੋਣਾਂ ਵਿੱਚ ਮਿਲੀਆਂ ਕੁੱਲ 148 ਸੀਟਾਂ ਵਿੱਚੋਂ 116 ਸੀਟਾਂ ਪੰਜਾਬ ਤੋਂ ਹਾਸਿਲ ਹੋਈਆਂ ਸਨ।ਪੰਜਾਬ ਸੂਬੇ ਵਿੱਚ ਤਾਂ ਉਨ੍ਹਾਂ ਨੇ ਸਰਕਾਰ ਬਣਾਈ ਹੀ।
ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ)
ਤਕਰੀਬਨ ਪੰਜ ਦਹਾਕੇ ਪਹਿਲਾਂ 1967 ਵਿੱਚ ਬਣੀ ਇਸ ਪਾਰਟੀ ਨੇ ਦੇਸ ਨੂੰ ਦੋ ਪ੍ਰਧਾਨ ਮੰਤਰੀ ਦਿੱਤੇ ਹਨ। ਜ਼ੁਲਫਿਕਾਰ ਅਲੀ ਭੁੱਟੋ ਅਤੇ ਉਨ੍ਹਾਂ ਦੀ ਧੀ ਬੇਨਜ਼ੀਰ ਭੁੱਟੋ। ਆਪਣੀ ਵੈੱਬਸਾਈਟ 'ਤੇ ਪਾਰਟੀ ਖੁਦ ਨੂੰ ਖੱਬੇਪੱਖੀ ਵਿਚਾਰਧਾਰਾ ਵੱਲ ਰੁਝਾਨ ਰੱਖਣ ਵਾਲੀ ਦੱਸਦੀ ਹੈ।
ਪਿਛਲੀਆਂ ਆਮ ਚੋਣਾਂ ਵਿੱਚ ਉਹ ਮੁੱਖ ਵਿਰੋਧੀ ਪਾਰਟੀ ਦੇ ਤੌਰ 'ਤੇ ਉਭਰੀ ਸੀ ਅਤੇ ਸਿੰਧ ਸੂਬੇ ਵਿੱਚ ਉਸ ਦੀ ਸਰਕਾਰ ਹੈ। ਹਾਲਾਂਕਿ ਬਾਕੀ ਪਾਰਟੀਆਂ ਦੀ ਤੁਲਨਾ ਵਿੱਚ ਉਸ ਦਾ ਲੋਕ ਆਧਾਰ ਵੱਡਾ ਹੈ ਪਰ ਉਸ ਦੀ ਹਿਮਾਇਤ ਸਿੰਧ ਵਿੱਚ ਸਭ ਤੋਂ ਵੱਧ ਹੈ।
ਪਾਕਿਸਤਾਨ ਤਹਿਰੀਕ-ਏ-ਇਨਸਾਫ਼
ਪਾਕਿਸਤਾਨ ਦੀ ਸਭ ਤੋਂ ਨਵੀਂ ਸਿਆਸੀ ਪਾਰਟੀ ਦਾ ਗਠਨ ਸਾਬਕਾ ਕ੍ਰਿਕਟ ਖਿਡਾਰੀ ਇਮਰਾਨ ਖਾਨ ਨੇ ਸਾਲ 1996 ਵਿੱਚ ਕੀਤਾ ਸੀ। ਕਿਹਾ ਜਾਂਦਾ ਹੈ ਕਿ ਇਨ੍ਹਾਂ ਚੋਣਾਂ ਵਿੱਚ ਉਨ੍ਹਾਂ 'ਤੇ ਫੌਜ ਦਾ ਹੱਥ ਹੈ।

ਤਸਵੀਰ ਸਰੋਤ, Getty Images
ਇਹ ਸਿਰਫ਼ ਇਤਫਾਕ ਨਹੀਂ ਹੈ ਕਿ ਉਸ ਦੇਸ ਵਿੱਚ ਜਿੱਥੇ ਫੌਜ ਅਤੇ ਇੱਕ ਕਮਜ਼ੋਰ ਨੌਕਰਸ਼ਾਹੀ ਹਕੂਮਤ ਦੇ ਹਰ ਖੇਤਰ ਵਿੱਚ ਦਖਲ ਰੱਖਦੀ ਹੈ, ਨਵਾਜ਼ ਸ਼ਰੀਫ਼ ਕਦੇ ਖੁਦ ਵੀ ਫੌਜ ਦੇ ਦਮ 'ਤੇ ਹੀ ਸੱਤਾ ਵਿੱਚ ਉੱਪਰ ਚੜ੍ਹੇ ਸਨ, ਜ਼ੁਲਫਿਕਾਰ ਅਲੀ ਭੁੱਟੋ ਵੀ ਇਸ ਤੋਂ ਪਰੇ ਨਹੀਂ ਸੀ।
ਇਹ ਵੱਖਰੀ ਗੱਲ ਹੈ ਕਿ ਬਾਅਦ ਵਿੱਚ ਫੌਜ ਨੇ ਹੀ ਉਨ੍ਹਾਂ ਨੂੰ ਸੱਤਾ ਤੋਂ ਬੇਦਖਲ ਕੀਤਾ ਅਤੇ ਫਿਰ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈ।
ਲੇਖਕ ਅਤੇ ਸੀਨੀਅਰ ਪੱਤਰਕਾਰ ਆਕਾਰ ਪਟੇਲ ਨੇ ਹਾਲ ਹੀ ਵਿੱਚ ਪ੍ਰਕਾਸ਼ਿਤ ਇੱਕ ਲੇਖ ਵਿੱਚ ਲਿਖਿਆ ਸੀ ਕਿ ਕਿਸ ਤਰ੍ਹਾਂ ਪਹਿਲਾਂ ਭੁੱਟੋ ਨੇ ਜਨਰਲ ਅਯੂਬ ਖਾਨ ਨੂੰ ਭਾਰਤ ਨਾਲ ਜੰਗ ਲਈ ਉਕਸਾਇਆ ਅਤੇ ਫਿਰ ਉਨ੍ਹਾਂ ਬਾਰੇ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਦੇ ਲੋਕਾਂ ਨਾਲ ਧੋਖਾ ਕੀਤਾ ਹੈ।
ਭਾਰਤ-ਪਾਕਿਸਤਾਨ ਵਿਚਾਲੇ 1965 ਦੀ ਜੰਗ ਜਨਰਲ ਅਯੂਬ ਖਾਨ ਦੇ ਵੇਲੇ ਵਿੱਚ ਲੜੀ ਗਈ ਸੀ, ਜਿਸ ਵਿੱਚ ਪਾਕਿਸਤਾਨ ਦੀ ਹਾਰ ਹੋਈ ਸੀ।

ਤਸਵੀਰ ਸਰੋਤ, EPA
ਭੁੱਟੋ ਪਾਕਿਸਤਾਨ ਦੇ ਰਾਸ਼ਟਰਪਤੀ ਅਤੇ ਫਿਰ ਪ੍ਰਧਾਨ ਮੰਤਰੀ ਬਣੇ ਅਤੇ ਉਨ੍ਹਾਂ ਦੀ ਪਾਰਟੀ ਪੀਪੀਪੀ ਨੂੰ ਸਿੰਧ ਤੋਂ ਬਾਹਰ ਵੀ ਵੱਡਾ ਲੋਕ ਆਧਾਰ ਮਿਲਿਆ।
ਕੁਝ ਇਸ ਤਰ੍ਹਾਂ ਦਾ ਲੋਕ ਆਧਾਰ ਕਿ ਉਨ੍ਹਾਂ ਨੂੰ ਮੰਨੀ-ਪ੍ਰਮੰਨੀ ਪਾਕਿਸਤਾਨੀ ਪੱਤਰਕਾਰ ਅਤੇ ਸਿਆਸੀ ਵਿਸ਼ਲੇਸ਼ਕ ਮਰਿਆਨਾ ਬਾਬਰ 'ਸਾਰੇ ਸੂਬਿਆਂ ਨਾਲ ਬੰਨ੍ਹਣ ਵਾਲੀ ਮਜ਼ਬੂਤ ਜ਼ੰਜੀਰ' ਦੇ ਨਾਮ ਤੋਂ ਬੁਲਾਉਂਦੀ ਹੈ।
ਪਰ ਫਿਰ ਉਜਾਗਰ ਹੋਇਆ ਪੀਪੀਪੀ ਦੇ ਲੋਕ ਆਧਾਰ ਵਿੱਚ ਸੰਨ੍ਹ ਲਾਉਣ ਵਾਲਾ ਪੰਜਾਬੀ 'ਉਪ-ਰਾਸ਼ਟਰਵਾਦ' ਅਤੇ 'ਮੁਹਾਜਿਰ ਪਛਾਣ'।ਮਰਿਆਨਾ ਕਹਿੰਦੇ ਹਨ ਕਿ ਪਾਕਿਸਤਾਨ ਪੀਪਲਜ਼ ਪਾਰਟੀ ਦੀ ਅਗਵਾਈ ਵਿੱਚ ਵੀ ਕਈ ਕਮਜ਼ੋਰੀਆਂ ਰਹੀਆਂ।
ਬੋਲੀ ਅਤੇ ਰਹਿਣ-ਸਹਿਨ ਦਾ ਸਿਆਸੀ ਲਾਹਾ
ਉਨ੍ਹਾਂ ਦਾ ਕਹਿਣਾ ਹੈ, "ਫੌਜ ਦੇ ਮੁੱਖ ਦਫ਼ਤਰ ਵਿੱਚ ਕਿਸੇ ਨੂੰ ਖਿਆਲ ਆਇਆ ਕਿ ਕਰਾਚੀ ਅਤੇ ਹੈਦਰਾਬਾਦ ਵਿੱਚ ਮੌਜੂਦ ਉਰਦੂ ਬੋਲਣ ਵਾਲੇ ਅਤੇ ਸਿੰਧੀਆਂ ਵਿਚਾਲੇ ਬੋਲੀ ਅਤੇ ਰਹਿਣ-ਸਹਿਨ ਦਾ ਫਰਕ ਹੈ। ਇਸ ਦਾ ਇਸਤੇਮਾਲ ਪੀਪੀਪੀ ਨੂੰ ਕਮਜ਼ੋਰ ਕਰਨ ਲਈ ਕੀਤਾ ਜਾ ਸਕਦਾ ਹੈ।"
ਮਰਿਆਨਾ ਬਾਬਰ ਮੁਤਾਬਕ ਕੋਈ ਲੁਕੀ-ਛਿਪੀ ਗੱਲ ਨਹੀਂ ਹੈ ਕਿ ਮੁਹਾਜਰਾਂ ਦੀ ਪਾਰਟੀ ਮੁਤਹਿਦਾ ਕੌਮੀ ਮੂਵਮੈਂਟ (ਐੱਮਕਿਊਐੱਮ) ਨੂੰ ਜਨਰਲ ਜ਼ਿਆ-ਉਲ-ਹਕ ਨੇ ਪੀਪੀਪੀ ਨੂੰ ਕਮਜ਼ੋਰ ਕਰਨ ਲਈ ਤਿਆਰ ਕੀਤਾ ਸੀ।
ਇਸ ਦਾ ਨਤੀਜਾ ਇਹ ਹੋਇਆ ਹੈ ਕਿ ਜ਼ੁਲਫਿਕਾਰ ਭੁੱਟੋ ਦੀ ਪਾਰਟੀ ਜਿਸ ਦੀ ਇੱਕ ਆਵਾਜ਼ 'ਤੇ ਸਿੰਧ ਅਤੇ ਪੰਜਾਬ ਤੋਂ ਲੈ ਕੇ ਬਲੂਚਿਸਤਾਨ ਤੱਕ ਲੋਕ ਸੜਕਾਂ 'ਤੇ ਨਿਕਲ ਆਉਂਦੇ ਸਨ, ਹੁਣ ਸਿੰਧ ਦੇ ਦੇਹਾਤੀ ਇਲਾਕਿਆਂ ਤੱਕ ਦੀ ਸਿਆਸੀ ਜਮਾਤ ਰਹਿ ਗਈ ਹੈ।
ਪਾਕਿਸਤਾਨ ਦੇ ਸਿਆਸੀ ਵਿਸ਼ਲੇਸ਼ਕ ਅਤੇ ਕਈ ਕਿਤਾਬਾਂ ਦੇ ਲੇਖਕ ਜ਼ਾਹਿਦ ਹੁਸੈਨ ਇਸ ਗੱਲ ਨਾਲ ਸਹਿਮਤ ਨਹੀਂ ਹਨ ਕਿ ਪਾਕਿਸਤਾਨ ਦੀਆਂ ਮੁੱਖ ਸਿਆਸੀ ਪਾਰਟੀਆਂ ਦਾ ਆਧਾਰ ਮਹਿਜ਼ ਵੱਖ-ਵੱਖ ਸੂਬਿਆਂ ਤੱਕ ਹੀ ਸੀਮਿਤ ਹੈ।
ਉਹ ਕਹਿੰਦੇ ਹਨ ਕਿ ਪਿਛਲੇ 10 ਸਾਲਾਂ ਤੋਂ ਅਜਿਹਾ ਹੋ ਰਿਹਾ ਹੈ ਪਰ ਇਸ ਵਾਰੀ ਦੀਆਂ ਚੋਣਾਂ ਵਿੱਚ ਉਸ ਵਿੱਚ ਬਦਲਾਅ ਆਏਗਾ ਅਤੇ ਸਿਆਸੀ ਪਾਰਟੀਆਂ ਦਾ ਵਿਸਥਾਰ ਉਨ੍ਹਾਂ ਦੇ ਰਵਾਇਤੀ ਖੇਤਰ ਤੋਂ ਬਾਹਰ ਵੀ ਹੋਵੇਗਾ।
ਉੱਧਰ ਮੁੱਤਹਿਦਾ ਕੌਮੀ ਮੂਵਮੈਂਟ ਪਾਰਟੀ ਵਿੱਚ ਵੀ ਵੰਡ ਹੋ ਚੁੱਕੀ ਹੈ। ਮੰਨਿਆ ਜਾ ਰਿਹਾ ਹੈ ਕਿ ਇਮਰਾਨ ਖਾਨ ਦੀ ਤਹਿਰੀਕ-ਏ-ਇਨਸਾਫ਼ ਅਤੇ ਪੀਪੀਪੀ ਦਾ ਸਿੰਧ ਦੇ ਕਰਾਚੀ ਅਤੇ ਹੈਦਰਾਬਾਦ ਵਿੱਚ ਵਿਸਥਾਰ ਹੋਵੇਗਾ।












