ਬਲਾਗ: 'ਸ਼ਰੀਫ਼ ਦੇ ਬਿਆਨ 'ਤੇ ਭਾਰਤੀ ਮੀਡੀਆ ਦਾ ਭੰਗੜਾ ਬੇਕਾਰ'

ਤਸਵੀਰ ਸਰੋਤ, Getty Images
- ਲੇਖਕ, ਵੁਸਤਉਲਾਹ ਖ਼ਾਨ
- ਰੋਲ, ਪਾਕਿਸਤਾਨ ਤੋਂ ਬੀਬੀਸੀ ਲਈ
ਪਾਕਿਸਤਾਨੀ ਅਖ਼ਬਾਰ 'ਡਾਅਨ' 'ਚ ਦੋ ਦਿਨ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਇੰਟਰਵਿਊ ਛਪਦੇ ਹੀ ਭਾਰਤੀ ਟੀਵੀ ਚੈਨਲਾਂ ਨੇ ਇੱਕ ਲੱਤ 'ਤੇ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਪਾਕਿਸਤਾਨੀ ਚੈਨਲਾਂ ਦੇ ਮੂੰਹ 'ਚੋਂ ਝੱਗ ਨਿਕਲਣ ਲੱਗੀ।
ਦੋਵੇਂ ਪਾਸੇ ਸੋਸ਼ਲ ਮੀਡੀਆ ਵੀ ਆਪਣੇ-ਆਪਣੇ ਹਿਸਾਬ ਨਾਲ ਕਮਲਾ ਹੋ ਗਿਆ ਅਤੇ ਇੱਕ ਤੋਂ ਦੂਜੀ ਟਾਹਣੀ 'ਤੇ ਛਾਲ ਮਾਰਨ ਵਾਲਾ ਲੰਗੂਰ ਬਣ ਗਿਆ।
ਨਵਾਜ਼ ਸ਼ਰੀਫ਼ ਨੇ ਡਾਅਨ ਨੂੰ ਦਿੱਤੀ ਇੰਟਰਵਿਊ 'ਚ ਬਹੁਤ ਸਾਰੀਆਂ ਗੱਲਾਂ ਕਹੀਆਂ। ਉਨ੍ਹਾਂ ਵਿੱਚੋਂ ਇਹ ਵੀ ਸੀ, "ਸਾਡੇ ਇੱਥੇ ਹਥਿਆਰਬੰਦ ਗੁੱਟ ਮੌਜੂਦ ਹਨ, ਤੁਸੀਂ ਉਨ੍ਹਾਂ ਨੂੰ ਨਾਨ-ਸਟੇਟ ਐਕਟਰਜ਼ ਕਹਿ ਲਓ।''
''ਕੀ ਅਜਿਹੇ ਗੁੱਟਾਂ ਨੂੰ ਸਰਹੱਦ ਪਾਰ ਕਰਨ ਦੇਣਾ ਚਾਹੀਦਾ ਹੈ ਕਿ ਉਹ ਮੁੰਬਈ ਜਾ ਕੇ ਡੇਢ ਸੌ ਲੋਕ ਮਾਰ ਦੇਣ, ਸਮਝਾਓ ਮੈਨੂੰ, ਤੁਸੀਂ ਦੱਸੋ ਕਿ ਅੱਤਵਾਦੀਆਂ ਦੇ ਟ੍ਰਾਇਲ ਮੁਕੰਮਲ ਕਿਉਂ ਨਹੀਂ ਹੋ ਰਹੇ...ਅਜਿਹਾ ਨਹੀਂ ਹੋਣਾ ਚਾਹੀਦਾ, ਅਸੀਂ ਇਸ ਕੋਸ਼ਿਸ਼ ਵਿੱਚ ਹੀ ਸੀ। ਅਸੀਂ ਦੁਨੀਆਂ ਤੋਂ ਕੱਟ ਕੇ ਰਹਿ ਗਏ ਹਾਂ, ਸਾਡੀ ਗੱਲ ਨਹੀਂ ਸੁਣੀ ਜਾਂਦੀ।''
ਹੁਣ ਕੋਈ ਦੱਸੇ ਕਿ ਨਵਾਜ਼ ਸ਼ਰੀਫ਼ ਦੇ ਇਸ ਜਵਾਬ 'ਚ ਅਜਿਹਾ ਕਿੱਥੇ ਹੈ, ਜਿਹੜਾ ਭਾਰਤੀ ਮੀਡੀਆ ਨੇ ਰੌਲਾ ਪਾਇਆ ਕਿ ਮੁੰਬਈ ਹਮਲਿਆਂ ਪਿੱਛੇ ਪਾਕਿਸਤਾਨ ਦਾ ਹੱਥ ਹੈ ਅਤੇ ਨਵਾਜ਼ ਸ਼ਰੀਫ਼ ਨੇ ਭਾਂਡਾ ਭੰਨ ਦਿੱਤਾ ਹੈ, ਜਾਂ ਪਾਕਿਸਤਾਨੀ ਮੀਡੀਆ ਅਤੇ ਸੋਸ਼ਲ ਮੀਡੀਆ ਨੇ ਗਲਾ ਫਾੜ ਲਿਆ, ਗੱਦਾਰ, ਦੇਸ਼ਧਰੋਹੀ, ਗੰਜਾ ਤੇ ਹੋਰ ਪਤਾ ਨਹੀਂ ਕੀ-ਕੀ।
ਮੁਸ਼ਰੱਫ਼ ਦੇ NSA ਨੇ ਵੀ ਇਹੀ ਕਿਹਾ ਸੀ
ਇਹ ਗੱਲ ਤਾਂ ਮੁੰਬਈ ਹਮਲਿਆਂ ਦੇ ਫੌਰਨ ਬਾਅਦ ਪਰਵੇਜ਼ ਮੁਸ਼ਰੱਫ਼ ਦੇ ਨੈਸ਼ਨਲ ਸਿਕਿਓਰਿਟੀ ਐਡਵਾਈਜ਼ਰ ਜਨਰਲ ਮਹਿਮੂਦ ਅਲੀ ਦੁਰਾਨੀ ਨੇ ਵੀ ਕਹੀ ਸੀ ਕਿ ਮੁੰਬਈ ਹਮਲੇ ਕਰਨ ਵਾਲੇ ਨਾਨ-ਸਟੇਟ ਐਕਟਰ ਨੇ ਭਾਰਤੀ ਸਰਹੱਦ ਪਾਰ ਕੀਤੀ।

ਤਸਵੀਰ ਸਰੋਤ, Getty Images
ਇਸ 'ਤੇ ਜਨਰਲ ਮੁਸ਼ੱਰਫ਼ ਨੇ ਦੁਰਾਨੀ ਸਾਹਿਬ ਨੂੰ ਪਾਸੇ ਕਰ ਦਿੱਤਾ ਅਤੇ ਫ਼ਿਰ ਅੱਠ ਸਾਲ ਬਾਅਦ ਇੱਕ ਪਾਕਿਸਤਾਨੀ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਖ਼ੁਦ ਹੀ ਕਹਿ ਦਿੱਤਾ ਕਿ ਇੱਕ ਜ਼ਮਾਨਾ ਸੀ ਕਿ ਤਾਲਿਬਾਨ ਹੋਵੇ ਜਾਂ ਅਯਮਨ ਅਲ-ਜ਼ਵਾਹਿਰੀ ਦੇ ਲਸ਼ਕਰ-ਏ-ਤੋਇਬਾ ਇਹ ਸਾਰੇ ਸਾਡੇ ਹੀਰੋ ਸਨ, ਪਰ ਹੁਣ ਜ਼ਮਾਨਾ ਬਦਲ ਚੁੱਕਾ ਹੈ।
ਮਰਕਜ਼ 'ਚ ਪੀਪਲਜ਼ ਪਾਰਟੀ ਸਰਕਾਰ ਦੇ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ 2012 'ਚ ਇੱਕ ਪ੍ਰੈੱਸ ਕਾਨਫਰੰਸ 'ਚ ਕਿਹਾ ਸੀ ਕਿ ਚਾਰਜਸ਼ੀਟ ਮੁਕੰਮਲ ਹੋ ਗਈ ਹੈ ਅਤੇ ਮੁੰਬਈ ਹਮਲਿਆਂ ਦੇ ਮੁਲਜ਼ਮਾਂ ਖ਼ਿਲਾਫ਼ ਟ੍ਰਾਇਲ 'ਚ ਤੇਜ਼ੀ ਲਿਆਂਦੀ ਜਾਵੇਗੀ।
ਇਮਰਾਨ ਖ਼ਾਨ ਨੇ ਵੀ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਹੋ ਸਕਦਾ ਹੈ ਕਿ ਮੁੰਬਈ ਹਮਲਿਆਂ 'ਚ ਸ਼ਾਮਿਲ ਲੋਕ ਸਰਹੱਦ ਦੇ ਇਸ ਪਾਸਿਓਂ ਗਏ ਹੋਣ।
ਹੁਣ ਨਵਾਜ਼ ਸ਼ਰੀਫ਼ ਨੇ ਪੁਰਾਣੀਆਂ ਗੱਲਾਂ ਦੁਬਾਰਾ ਕਹਿ ਕੇ ਅਜਿਹਾ ਕਿਹੜਾ ਨਵਾਂ ਬੰਬ ਛੱਡ ਦਿੱਤਾ ਹੈ ਕਿ ਦਿੱਲੀ ਤੋਂ ਇਸਲਾਮਾਬਾਦ ਤੱਕ ਰੌਲਾ ਪੈ ਗਿਆ ਹੈ, ਜਿਵੇਂ ਪਹਿਲੀ ਵਾਰ ਪਤਾ ਚੱਲਿਆ ਹੋਵੇ।

ਤਸਵੀਰ ਸਰੋਤ, Getty Images
ਮੇਰੀ ਸਮਝ 'ਚ ਤਾਂ ਇਹੀ ਆਉਂਦਾ ਹੈ ਕਿ ਪਾਕਿਸਤਾਨ 'ਚ ਚੋਣਾਂ ਹੋਣ ਵਾਲੀਆਂ ਹਨ ਅਤੇ ਭਾਰਤ ਵੀ ਚੋਣਾਂ ਦੇ ਬੁਖ਼ਾਰ 'ਚ ਦਾਖਲ ਹੋਣ ਵਾਲਾ ਹੈ।
ਇਹ ਸੀਜ਼ਨ ਅਜਿਹਾ ਹੁੰਦਾ ਹੈ ਖ਼ਬਰ ਅਤੇ ਖ਼ੁਲਾਸੇ ਦੇ ਨਾਂ 'ਤੇ ਹਰ ਟੁੱਟਿਆ ਭਾਂਡਾ, ਲੰਗੜੀ ਕੁਰਸੀ, ਉੱਧੜੀ ਹੋਈ ਸ਼ੇਰਵਾਨੀ, ਬਾਸੀ ਸਬਜ਼ੀ, ਗਲਿਆ ਸੜਿਆ ਫ਼ਲ ਮੀਡੀਆ ਕੌਡੀਆਂ ਦੇ ਭਾਅ ਖ਼ਰੀਦ ਕੇ ਜਨਤਾ ਅਤੇ ਨੇਤਾ ਨੂੰ ਤਾਜ਼ਾ ਸੂਚਨਾ ਵਜੋਂ ਪੇਸ਼ ਕਰਕੇ ਮਹਿੰਗੇ ਭਾਅ 'ਤੇ ਵੇਚਦਾ ਹੈ।
ਹੋਰ ਨਹੀਂ ਤਾਂ ਅਜਿਹੀ ਖ਼ਬਰ ਦੇ ਸਹਾਰੇ ਘੱਟ ਤੋਂ ਘੱਟ ਦੋ ਚਾਰ ਦਿਨ ਦੀ ਦਿਹਾੜੀ ਹੀ ਹੱਥ ਲੱਗ ਜਾਂਦੀ ਹੈ। ਕੱਲ੍ਹ ਨੂੰ ਰੱਬ ਕੁਝ ਹੋਰ ਦੇ ਦੇਵੇਗਾ।












