ਨਜ਼ਰੀਆ: 'ਨਵੇਂ ਪਾਕਿਸਤਾਨ ਦੀ ਗੱਲ ਕਰਨ ਵਾਲਾ, ਆਪ ਪੁਰਾਣਾ ਹੋ ਗਿਆ'

ਤਸਵੀਰ ਸਰੋਤ, FAROOQ NAEEM/AFP/Getty Images
- ਲੇਖਕ, ਮੁਹੰਮਦ ਹਨੀਫ਼
- ਰੋਲ, ਉੱਘੇ ਲੇਖਕ ਤੇ ਪੱਤਰਕਾਰ
ਪਾਕਿਸਤਾਨ ਦੇ ਸਿਆਸਤਦਾਨ ਇਮਰਾਨ ਖ਼ਾਨ ਦੇ ਸਿਆਸੀ ਜੀਵਨ ਬਾਰੇ ਪਾਕਿਸਤਾਨ ਦੇ ਉੱਘੇ ਲੇਖਕ ਤੇ ਪੱਤਰਕਾਰ ਮਹੁੰਮਦ ਹਨੀਫ਼ ਦਾ ਨਜ਼ਰੀਆ।
ਪੜ੍ਹੋ ਹਨੀਫ਼ ਦੀ ਰੋਚਕ ਟਿੱਪਣੀ-
ਜਦੋਂ ਅਸੀਂ ਜੁਆਨ ਹੁੰਦੇ ਸਾਂ ਤਾਂ ਸਾਰੇ ਪਾਕਿਸਤਾਨ ਨੂੰ ਇਹੀ ਫ਼ਿਕਰ ਹੁੰਦੀ ਸੀ ਕਿ ਇਮਰਾਨ ਖ਼ਾਨ ਦਾ ਵਿਆਹ ਕਦੋਂ ਹੋਵੇਗਾ ਅਤੇ ਕਿਸ ਦੇ ਨਾਲ ਹੋਵੇਗਾ।
ਇਮਰਾਨ ਖ਼ਾਨ ਨੇ ਇਸ ਪੂਰੇ ਮਾਮਲੇ ਵਿੱਚ ਕੌਮ ਦੀ ਪੂਰੀ ਤਸੱਲੀ ਕਰਾ ਛੱਡੀ ਹੈ। ਵਿਆਹ ਵੀ ਹੁੰਦੇ ਰਹਿੰਦੇ ਹਨ, ਵਾਜੇ ਵੀ ਵਜਦੇ ਰਹਿੰਦੇ ਹਨ, ਜੋੜੇ ਬਣਦੇ ਤਾਂ ਅਸਮਾਨ 'ਤੇ ਨੇ ਪਰ ਟੁੱਟਦੇ ਥੱਲੇ ਜ਼ਮੀਨ 'ਤੇ ਆ ਕੇ ਨੇ।
ਇਸ ਲਈ ਇਹ ਸਾਰਾ ਮਾਮਲਾ ਅੱਲਾਹ ਦੇ ਸਪੁਰਦ ਕਰ ਦਿਓ।
ਹੁਣ ਜਦੋਂ ਤੋਂ ਅਸੀਂ ਬੁੱਢੇ ਹੋਣਾ ਸ਼ੁਰੂ ਹੋਏ ਹਾਂ, ਪੂਰੀ ਕੌਮ ਇੱਕੋ ਸਵਾਲ ਹੀ ਪੁੱਛਦੀ ਹੈ ਕਿ ਇਮਰਾਨ ਖ਼ਾਨ ਵਜ਼ੀਰ-ਏ-ਆਲਾ(ਪ੍ਰਧਾਨ ਮੰਤਰੀ) ਕਦੋਂ ਬਣੇਗਾ।
ਅੱਜਕਲ ਫਿਹ ਇਹ ਰੌਲਾ ਪਿਆ ਹੈ ਕਿ ਜੇ ਇਮਰਾਨ ਖ਼ਾਨ ਵਜ਼ੀਰ-ਏ-ਆਲਾ ਨਾ ਬਣਿਆ ਤਾਂ ਇਸ ਕੌਮ ਦਾ ਕੀ ਬਣੇਗਾ ਤੇ ਖ਼ਾਨ ਸਾਹਬ ਦਾ ਆਪਣਾ ਕੀ ਬਣੇਗਾ?
ਇਮਰਾਨ ਖ਼ਾਨ ਨੇ ਹਨੇਰੀ ਚਲਾਈ
ਦਿਲ ਤਾਂ ਇਹੀ ਕਹਿੰਦਾ ਹੈ ਕਿ ਲੋਕਾਂ ਨੂੰ ਕਹੋ ਕਿ ਸ਼ਾਂਤ ਹੋ ਜਾਵੋ। ਢਾਈ ਤਿੰਨ ਮਹੀਨੇ ਚੋਣਾਂ ਵਿੱਚ ਗਏ ਹਨ, ਇਹ ਘੋੜਾ ਤੇ ਇਹ ਘੋੜੇ ਦਾ ਮੈਦਾਨ।
ਇਲੈਕਸ਼ਨ ਤੋਂ ਪਹਿਲਾਂ ਇੱਕ ਹਵਾ ਜਿਹੀ ਬਣਾਉਣੀ ਹੁੰਦੀ ਹੈ, ਖ਼ਾਨ ਸਾਹਬ ਨੇ ਸਿਰਫ਼ ਇੱਕ ਹਵਾ ਨਹੀਂ ਬਣਾਈ ਬਲਕਿ ਇੱਕ ਹਨੇਰੀ ਜਿਹੀ ਚਲਾ ਛੱਡੀ ਹੈ।
ਚਾਰੇ ਪਾਸੇ ਖ਼ਾਨ-ਖ਼ਾਨ ਹੋ ਰਹੀ ਹੈ ਤੇ ਇਮਰਾਨ ਖ਼ਾਨ ਨਵਾਂ ਪਾਕਿਸਤਾਨ ਬਣਾਉਣ ਚੱਲਾ ਸੀ, ਹੁਣ ਪੂਰਾ ਪੁਰਾਣਾ ਤੇ ਜੱਦੀ ਪੁਸ਼ਤੀ ਪਾਕਿਸਤਾਨ ਉਸ ਦੇ ਪਿੱਛੇ ਹੱਥ ਬੰਨ ਕੇ ਖਲੋਤਾ ਹੈ ਤੇ ਗਾਉਂਦਾ ਪਿਆ ਹੈ, "ਸਾਨੂੰ ਵੀ ਲੈ ਚੱਲ ਨਾਲ ਉਏ ਬਾਬੂ ਸੋਹਣੀ ਗੱਡੀ ਵਾਲਿਆ।''
ਖ਼ਾਨ ਇਸ ਮੁਕਾਮ 'ਤੇ ਇੱਕ ਦਿਨ ਵਿੱਚ ਨਹੀਂ ਪਹੁੰਚਿਆ ਬੜਾ ਲੰਬਾ ਪੈਂਡਾ ਕੀਤਾ ਹੈ। 20-25 ਵਰ੍ਹਿਆਂ ਤੱਕ ਕੌਮ ਦੀਆਂ ਮਿਨਤਾਂ, ਤਰਲੇ, ਹੱਲਾਸ਼ੇਰੀ ਕਦੇ ਦਲੀਲ ਤੇ ਗਾਲ੍ਹ-ਮੰਦਾ।
ਇੱਕ ਸੁਫ਼ਨਾ ਵੇਖਦਾ ਰਿਹਾ ਹੈ ਤੇ ਸਾਨੂੰ ਕਈ ਸੁਫ਼ਨੇ ਵਿਖਾਉਂਦਾ ਰਿਹਾ ਹੈ ਤਾਂ ਹੀ ਗੱਲ ਬਣੀ ਸੀ।
ਇਮਰਾਨ ਖ਼ਾਨ ਨੇ ਨੌ-ਬਾਲ 'ਤੇ ਅਪੀਲਾਂ ਕੀਤੀਆਂ
ਇੱਕ ਵੇਲਾ ਹੁੰਦਾ ਸੀ ਜਦੋਂ ਇਮਰਾਨ ਖ਼ਾਨ ਹਰ ਰੋਜ਼ ਨੂੰ ਟੀਵੀ 'ਤੇ ਆ ਕੇ ਜਦੋਂ ਕਹਿੰਦਾ ਸੀ, "ਜਬ ਮੈਂ ਵਜ਼ੀਰ-ਏ-ਆਜ਼ਮ ਬਨੂੰਗਾ'' ਤਾਂ ਲੋਕਾਂ ਦਾ ਹਾਸਾ ਨਿਕਲ ਜਾਂਦਾ ਸੀ।
ਹੁਣ ਉਹੀ ਹੱਸਣ ਵਾਲੇ ਜਾਂ ਤਾਂ ਰੋਂਦੇ ਨੇ ਜਾਂ ਇਮਰਾਨ ਖ਼ਾਨ ਨਾਲ ਸੈਲਫੀ ਖਿੱਚਵਾ ਕੇ ਖੁਸ਼ ਹੋ ਜਾਂਦੇ ਹਨ।
ਪਿਛਲੇ ਇਲੈਕਸ਼ਨ ਦੌਰਾਨ ਵੀ ਇਮਰਾਨ ਖ਼ਾਨ ਵਜ਼ੀਰ-ਏ-ਆਜ਼ਮ ਬਣੂ ਸੀ। ਇਲੈਕਸ਼ਨ ਕੈਂਪਨ ਦੌਰਾਨ ਇੱਕ ਕਰੇਨ ਤੋਂ ਡਿੱਗਾ ਡਾਡਾ ਫੱਟੜ ਹੋਇਆ ਪਰ ਹਸਪਤਾਲ ਤੋਂ ਨਿਕਲਦੇ ਹੀ ਇੰਜ ਜਾਪਿਆ ਜਿਵੇਂ ਕਿਸੇ ਵੱਡੇ ਮੈਚ ਦਾ ਪਹਿਲਾ ਓਵਰ ਸੁੱਟਣ ਆਇਆ ਹੋਵੇ।

ਤਸਵੀਰ ਸਰੋਤ, FAROOQ NAEEM/AFP/Getty Images
ਐਸਾ-ਐਸਾ ਬਾਊਂਸਰ ਮਾਰਿਆ, ਨਵਾਜ਼ ਸ਼ਰੀਫ਼ ਵਰਗਾ ਘੁੰਨਾ ਸਿਆਸਤਦਾਨ ਵੀ ਬੌਂਦਲ ਗਿਆ। ਖ਼ਾਨ ਸਾਹਬ ਨੇ ਨੌ ਬਾਲਾਂ 'ਤੇ ਵੀ ਚੀਖ-ਚੀਖ ਕੇ ਅਪੀਲਾਂ ਕੀਤੀਆਂ, ਆਖਿਰ ਇੰਪਾਇਰ ਨੂੰ ਉਂਗਲੀ ਚੁੱਕਣੀ ਪਈ।
ਹੁਣ ਨਵਾਜ਼ ਸ਼ਰੀਫ਼ ਉਸ ਨਿਆਣੇ ਵਾਂਗ ਲੂਰ-ਲੂਰ ਫਿਰਦਾ ਹੈ ਤੇ ਆਖਦਾ ਹੈ, "ਮੈਨੂੰ ਖੇਡਣ ਕਿਉਂ ਨਹੀਂ ਦਿੰਦੇ।''
ਆਪਣੀਆਂ ਕਹਾਣੀਆਂ ਨਾਲ ਖ਼ੂਨ ਗਰਮ ਕੀਤਾ
ਜਦੋਂ ਦੀ ਖ਼ਾਨ ਸਾਹਬ ਨੇ ਸਿਆਸਤ ਸ਼ੁਰੂ ਕੀਤੀ ਹੈ ਉਦੋਂ ਤੋਂ ਇੱਕ ਨਵੀਂ ਨਸਲ ਜੰਮ ਕੇ ਜਵਾਨ ਹੋ ਚੁੱਕੀ ਹੈ ਜਿੰਨ੍ਹਾਂ ਨੇ ਇਮਰਾਨ ਖ਼ਾਨ ਨੂੰ ਕ੍ਰਿਕਟ ਖੇਡਦਿਆਂ ਤਾਂ ਸਿਰਫ਼ ਯੂ-ਟਿਊਬ ਤੇ ਦੇਖਿਆ ਹੈ।
ਪਰ ਖ਼ਾਨ ਸਾਹਬ ਨੇ ਉਨ੍ਹਾਂ ਦੀਆਂ ਆਪਣੀ ਜਵਾਨੀ ਦੀਆਂ, ਕਾਮਯਾਬੀ ਦੀਆਂ ਕਹਾਣੀਆਂ ਸੁਣਾ ਕੇ, ਉਨ੍ਹਾਂ ਦਾ ਖ਼ੂਨ ਜ਼ਰੂਰ ਗਰਮ ਕੀਤਾ ਹੈ।

ਤਸਵੀਰ ਸਰੋਤ, AAMIR QURESHI/AFP/Getty Images
ਕਹਿੰਦੇ ਨੇ ਜਦੋਂ ਮੈਂ ਵਿਲੈਤ ਜਾਂਦਾ ਸਾਂ ਤਾਂ ਗੋਰੇ ਕੰਬਣ ਲੱਗ ਪੈਂਦੇ ਸਨ, ਵੱਡਾ ਖ਼ਾਨ ਆ ਗਿਆ ਹੈ। ਇਹ ਤਾਂ ਸਾਨੂੰ ਪਤਾ ਹੀ ਹੈ ਕਿ ਗੋਰੀਆਂ ਲੁੱਢੀਆਂ ਪਾਉਣ ਲੱਗ ਪੈਂਦੀਆਂ ਸਨ ਤੇ ਗਾਉਂਦੀਆਂ ਸਨ, "ਸਈਓਨੀ ਮੇਰਾ ਮਾਹੀ ਮੇਰੇ ਭਾਗ ਜਗਾਉਣ ਆ ਗਿਆ।''
ਮੈਂ ਖ਼ਾਨ ਸਾਹਬ ਦੇ ਇੱਕ ਦੀਵਾਨੇ ਮੁੰਡੇ ਨੂੰ ਪੁੱਛਿਆ, "ਤੈਨੂੰ ਇਮਰਾਨ ਖ਼ਾਨ ਦੀ ਕਿਹੜੀ ਗੱਲ ਪਸੰਦ ਹੈ।'' ਉਸਨੇ ਕਿਹਾ, "ਖ਼ਾਨ ਬਹਾਦਰ ਬੜਾ ਹੈ ਤੇ ਢੀਠ ਵੀ ਬੜਾ ਹੈ।''
'ਖ਼ਾਨ ਬੜਾ ਬਹਾਦਰ ਤੇ ਅੜਿੱਅਲ ਹੈ'
"ਡਰਦਾ ਕਿਸ ਕੋਲ ਨਹੀਂ ਤੇ ਖਲਕਤ ਜੋ ਵੀ ਆਖੇ, ਜਦੋਂ ਅੜ ਜਾਂਦਾ ਹੈ ਤਾਂ ਅੜ ਹੀ ਜਾਂਦਾ ਹੈ।''
ਮੈਂ ਪੁੱਛਿਆ ਖ਼ਾਨ ਸਾਹਬ ਦੀ ਕਮਜ਼ੋਰੀ ਕੀ ਹੈ?
ਉਹ ਕਹਿੰਦਾ, "ਇਹੀ ਦੋਵੋਂ ਗੱਲਾਂ, ਬਹਾਦੁਰ ਵੀ ਜ਼ਰੂਰਤ ਤੋਂ ਜ਼ਿਆਦਾ ਹੈ ਤੇ ਅੜਿੱਅਲ ਵੀ ਬੜਾ ਹੈ। ਸਿਆਸਤਦਾਨ ਨੂੰ ਥੋੜ੍ਹਾ ਸਿਆਣਾ ਵੀ ਹੋਣਾ ਚਾਹੀਦਾ ਹੈ।''
ਇਮਰਾਨ ਖ਼ਾਨ ਦੇ ਸਿਆਸੀ ਵੈਰੀ ਆਖਦੇ ਹਨ, "ਖਾਨ ਸੱਤਾ ਧਿਰ ਦਾ ਬੰਦਾ ਹੈ ਤੇ ਝੂਠ ਵੀ ਗਿੱਟੇ ਜੋੜ ਕੇ ਮਾਰਦਾ ਹੈ।''

ਤਸਵੀਰ ਸਰੋਤ, AAMIR QURESHI/AFP/GETTY IMAges
ਖਾਨ ਆਪ ਸਿਆਸਤਦਾਨਾਂ ਨੂੰ ਗਾਲਾਂ ਕੱਢਦੇ-ਕੱਢਦੇ ਵੱਡਾ ਸਿਆਸਤਦਾਨ ਬਣ ਗਿਆ ਹੈ। ਹੁਣ ਸਮਝ ਆ ਗਈ ਹੈ ਕਿ ਸ਼ਾਹ ਹੁਸੈਨ ਸਹੀ ਆਖਦਾ ਸੀ, "ਤਖ਼ਤ ਨਾ ਮਿਲਦੇ ਮੰਗੇ''
ਇਮਰਾਨ ਖ਼ਾਨ ਨੇ ਆਪਣੇ ਆਲੇ-ਦੁਆਲੇ ਭਾਰੀ ਤੇ ਨਸਲੀ ਸਿਆਸਤਦਾਨਾਂ ਦਾ ਇਕੱਠ ਕਰ ਲਿਆ ਹੈ, ਹੁਣ ਖ਼ਾਨਾਂ ਦੇ ਖ਼ਾਨ ਪਰੌਣੇ।
ਉਹ ਦਿਨ ਡੁੱਬਾ, ਜਦੋਂ ਘੋੜੀ ਚੜ੍ਹਿਆ ਕੁੱਬਾ
ਖ਼ਾਨ ਸਾਹਬ ਤੋਂ ਪਹਿਲਾਂ ਜੋ ਵਜ਼ੀਰ-ਏ-ਆਜ਼ਮ ਬਣੇ ਹਨ, ਉਨ੍ਹਾਂ ਦਾ ਅੰਜਾਮ ਚੰਗਾ ਨਹੀਂ ਹੋਇਆ। ਕੋਈ ਫਾਹੇ ਲੱਗਾ ਹੈ ਕਿਸੇ ਨੂੰ ਗੋਲੀ ਵੱਜੀ ਹੈ, ਬਾਕੀ ਫੌਜੇ ਤੇ ਜੱਜਾਂ ਨੇ ਰਲ ਕੇ ਘਰ ਭੇਜ ਛੱਡੇ ਨੇ।
ਨਵਾਜ਼ ਸ਼ਰੀਫ਼ ਇਹ ਕਾਰਨਾਮਾ ਤਿੰਨ ਵਾਰ ਕਰ ਚੁੱਕੇ ਨੇ ਪਰ ਇਸ ਵਾਰ ਕੌਮ ਨੂੰ ਦੱਸ ਦਿੱਤਾ ਗਿਆ ਹੈ ਕਿ ਇਸ ਬੰਦੇ ਨੂੰ ਭੁੱਲ ਜਾਓ।
ਹੁਣ ਉਨ੍ਹਾਂ ਨੇ ਆਪਣੇ ਯਾਰ ਸੱਜਣ ਵੀ ਆਖਦੇ ਹਨ, "ਉਹ ਦਿਨ ਡੁੱਬਾ ਜਦੋਂ ਘੋੜੀ ਚੜ੍ਹਿਆ ਕੁੱਬਾ।''
ਇਮਰਾਨ ਖ਼ਾਨ ਨਵਾਂ ਪਾਕਿਸਤਾਨ ਬਣਾਉਣ ਨਿਕਲਿਆ ਸੀ ਹੁਣ ਆਪ ਵੀ ਕੁਝ ਪੁਰਾਣਾ ਜਿਹਾ ਲੱਗਣ ਲੱਗ ਪਿਆ ਹੈ ਪਰ ਉਸਦਾ ਅਸਲੀ ਤੇ ਵੱਡਾ ਮੈਚ ਉਦੋਂ ਸ਼ੁਰੂ ਹੋਵੇਗਾ ਜਦੋਂ ਉਹ ਵਜ਼ੀਰ-ਏ-ਆਜ਼ਮ ਬਣ ਜਾਵੇਗਾ।

ਤਸਵੀਰ ਸਰੋਤ, AAMIR QURESHI/AFP/Getty Images
ਫਿਰ ਇੱਕ ਪਾਸੇ ਸਾਡਾ ਬਹਾਦਰ ਤੇ ਅੜਿੱਅਲ ਖ਼ਾਨ ਹੋਵੇਗਾ, ਦੂਜੇ ਪਾਸੇ ਸਾਡੇ ਜੀਅਦਾਰ ਤੇ ਅੜਿੱਅਲ ਜਰਨੈਲ
ਇੱਕ ਵਾਰ ਫਿਰ ਮੌਲਾ ਜੱਟ ਤੇ ਨੂਰੀ ਨੱਥ ਆਹਮੋ-ਸਾਹਮਣੇ ਹੋ ਜਾਣਗੇ।
ਤਿਆਰ ਹੋ ਜਾਓ ਖ਼ਾਨ ਘੋੜੀ ਚੜ੍ਹ ਗਿਆ ਹੈ ਦੂਆ ਕਰੋ ਇਹ ਜੰਝ ਸਹੀ ਘਰ ਆ ਕੇ ਢੁੱਕੇ ਤੇ ਵਿਹੜੇ ਵੱਸਦੇ ਰਹਿੰਦੇ ਰਹਿਣ, ਜੀਉਂਦੇ ਰਹੋ, ਰੱਬ ਰਾਖਾ।













