ਪਾਕਿਸਤਾਨ: ‘ਉਰਦੂ ’ਚ ਬੜਕਾਂ ਅਤੇ ਅੰਗਰੇਜ਼ੀ ’ਚ ਡਿਪਲੋਮੇਸੀ’

ਤਸਵੀਰ ਸਰੋਤ, AFP/GETTY IMAGES/BBC
- ਲੇਖਕ, ਮੁਹੰਮਦ ਹਨੀਫ਼
- ਰੋਲ, ਪਾਕਿਸਤਾਨੀ ਪੱਤਰਕਾਰ ਤੇ ਲੇਖਕ
ਪਾਕਿਸਤਾਨ ਦੇ ਉੱਘੇ ਪੱਤਰਕਾਰ ਤੇ ਲੇਖਕ ਮੁਹੰਮਦ ਹਨੀਫ਼ ਨੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਪਾਕਿਸਤਾਨ ਦੀ ਮਾਲੀ ਮਦਦ ਰੋਕਣ 'ਤੇ ਆਪਣੇ ਵੱਖਰੇ ਅਤੇ ਦਿਲਚਸਪ ਅੰਦਾਜ਼ ਨਾਲ ਅਮਰੀਕਾ-ਪਾਕ ਦੋਸਤੀ 'ਤੇ ਚੁਟਕੀ ਲਈ।
ਹਨੀਫ਼ ਦੀਆਂ ਰੌਚਕ ਟਿੱਪਣੀਆਂ
ਬਾਕੀ ਦੁਨੀਆਂ ਵਾਂਗ ਪਾਕਿਸਤਾਨ 'ਚ ਵੀ ਲੋਕ ਨਵਾਂ ਸਾਲ ਆਪੋ-ਆਪਣੀ ਔਕਾਤ ਮੁਤਾਬਕ ਮਨਾਉਂਦੇ ਹਨ।
ਇਸ ਮੌਕੇ ਬੰਦੂਕਾਂ ਦੇ ਸ਼ੌਕੀਨ ਆਸਮਾਨ ਵੱਲ ਗੋਲੀਆਂ ਚਲਾਉਂਦੇ ਨੇ, ਕਿਝ ਮਹਿੰਗੀ ਤੇ ਸਸਤੀ ਸ਼ਰਾਬ ਨਾਲ ਟੱਲੀ ਹੋ ਕੇ ਵਾਅਦਾ ਕਰਦੇ ਹਨ ਕਿ ਅਗਲੇ ਸਾਲ ਨਹੀਂ ਪੀਣੀ ਅਤੇ ਅੱਲਾ ਵਾਲੇ ਇਨ੍ਹਾਂ ਸਾਰਿਆਂ ਨੂੰ ਬਦ-ਦੁਆਵਾਂ ਦਿੰਦੇ ਹਨ।
ਇਹ ਵੀ ਪੜ੍ਹੋ
ਇੰਝ ਜਾਪਦਾ ਹੈ ਕਿ ਜਿਵੇਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਨਵਾਂ ਸਾਲ ਟਵਿੱਟਰ 'ਤੇ ਮਨਾਇਆ ਹੈ।
ਅਜੇ ਪਾਕਿਸਤਾਨੀਆਂ ਦਾ ਹੈਂਗਓਵਰ ਉਤਰਿਆ ਹੀ ਨਹੀਂ ਸੀ ਕਿ ਟਰੰਪ ਨੇ ਟਵੀਟ ਕੀਤਾ।
ਲਿਖਿਆ, "ਅਮਰੀਕਾ ਨੇ ਮੂਰਖ਼ਤਾਈ ਵਜੋਂ ਪਾਕਿਸਤਾਨ ਨੂੰ ਅਰਬਾਂ ਡਾਲਰ ਦਿੱਤੇ ਹਨ ਪਰ ਪਾਕਿਸਤਾਨ ਨੇ ਬਦਲੇ 'ਚ ਕੁਝ ਨਹੀਂ ਦਿੱਤਾ।"

ਤਸਵੀਰ ਸਰੋਤ, AFP/Getty Imgaes
ਫਿਲਮ 'ਹੀਰ-ਰਾਂਝਾ' 'ਚ ਸੈਦਾ ਹੀਰ ਨੂੰ ਵਿਆਹ ਕੇ ਲਿਆਉਂਦਾ ਹੈ ਅਤੇ ਆਪਣੀ ਸੁਹਾਗ ਰਾਤ ਵੇਲੇ ਹੀਰ ਕੋਲੋਂ ਖੱਲੇ ਖਾਂਦਾ ਹੈ ਅਤੇ ਕਹਿੰਦਾ ਹੈ ਕਿ ਅਸੀਂ ਤੁਹਾਨੂੰ 12 ਤੋਲੇ ਸੋਨਾ ਪਾ ਦਿੱਤਾ ਹੈ ਤੇ ਤੁਸੀਂ ਆਉਂਦਿਆਂ ਹੀ ਸਾਨੂੰ ਵਖ਼ਤ ਪਾ ਦਿੱਤਾ ਹੈ।
ਪਾਕਿਸਤਾਨ ਦੇ ਵੱਡਿਆਂ ਵਿੱਚ ਵੀ ਟਰੰਪ ਦੇ ਟਵੀਟ ਨੇ ਭੜਥੂ ਜਿਹਾ ਪਾ ਦਿੱਤਾ ਹੈ।
ਸਾਡੇ ਮੀਡੀਆ ਦੇ ਮੁਜ਼ਾਹਿਦ ਕੌਮ ਨੂੰ ਹੱਲਾਸ਼ੇਰੀ ਦੇਣ ਲੱਗ ਪਏ ਹਨ ਕਿ ਅਮਰੀਕਾ ਨੂੰ ਅਜਿਹਾ ਜਵਾਬ ਦਿਓ ਕਿ ਟਰੰਪ ਨੂੰ ਆਪਣੀ ਨਾਨੀ ਯਾਦ ਆ ਜਾਏ।
ਪਾਕਿਸਤਾਨ ਦੇ ਪੱਲੇ ਹੋਰ ਕੁਝ ਹੋਵੇ ਨਾ ਹੋਵੇ ਰੱਖਿਆ ਮਾਹਿਰ ਅਤੇ ਮੀਡੀਆ ਮੁਜ਼ਾਹਿਦ ਬੜੇ ਹਨ।
ਇਹ ਵੀ ਪੜ੍ਹੋ
ਇੱਥੇ ਘਰੋਂ ਬੰਦਾ ਅੱਧਾ ਕਿਲੋ ਦਹੀਂ ਲੈਣ ਜਾਂਦਾ ਹੈ ਤੇ ਵਾਪਸੀ ਤੱਕ ਜਰਨੈਲ ਬਣਿਆ ਹੁੰਦਾ ਹੈ। ਘਰ ਵਾਲਿਆਂ ਨੂੰ ਆ ਕੇ ਲੈਕਚਰ ਦਿੰਦਾ ਹੈ ਕਿ ਜੰਗ ਕਿਵੇਂ ਲੜੀ ਜਾਂਦੀ ਹੈ।
ਪਰ ਪਾਕਿਸਤਾਨ ਦੇ ਵੱਡਿਆਂ ਨੇ ਓਹੀ ਕੀਤਾ ਜੋ ਉਹ ਸਦਾ ਤੋਂ ਕਰਦੇ ਆ ਰਹੇ ਹਨ।
ਉਰਦੂ ਵਿੱਚ ਬੜਕਾਂ ਮਾਰੀਆਂ ਤੇ ਅੰਗਰੇਜ਼ੀ ਵਿੱਚ ਡਿਪਲੋਮੇਸੀ ਕਰਨ ਦੀ ਕੋਸ਼ਿਸ਼ ਕੀਤੀ।
ਵੱਡੇ ਜਰਨੈਲਾਂ, ਵਜ਼ੀਰਾਂ ਦੀ ਬਣੀ ਇੱਕ ਸੁਰੱਖਿਆ ਕੌਂਸਲ ਨੇ ਕਿਹਾ, "ਪਤਾ ਨਹੀਂ ਟਰੰਪ ਨੇ ਕੀ ਚਬਲ ਮਾਰੀ ਹੈ ਸਾਨੂੰ ਤੇ ਸਮਝ ਹੀ ਨਹੀਂ ਆਈ।"
ਉੱਥੇ ਹੀ ਖਜ਼ਾਨੇ ਦੇ ਇੱਕ ਵਜ਼ੀਰ ਨੇ ਕਿਹਾ ਕਿ ਅਮਰੀਕਾ ਸਾਡਾ ਹੁੱਕਾ-ਪਾਣੀ ਬੰਦ ਕਰ ਹੀ ਨਹੀਂ ਸਕਦਾ ਕਿਉਂਕਿ ਅਮਰੀਕਾ ਦੇ ਡਾਲਰ ਤਾਂ ਸਾਡਾ ਇੱਕ ਦਿਨ ਦਾ ਚਾਹ-ਪਾਣੀ ਦਾ ਖਰਚਾ ਵੀ ਨਹੀਂ ਚੁੱਕਦੇ।
ਬਾਹਰਲੇ ਮੁਲਕਾਂ ਲਈ ਰੱਖੇ ਗਏ ਵਜ਼ੀਰ ਨੇ ਕਿਹਾ, "ਮੁਨਸ਼ੀ ਬੁਲਾਓ ਤੇ ਰਸੀਦਾਂ ਦਿਖਾਓ"।
ਪਾਕਿਸਤਾਨ 'ਚ ਸੌ ਸੁਨਿਆਰ ਦੀ ਇੱਕ ਲੁਹਾਰ ਦੀ, ਵਾਲਾ ਹਿਸਾਬ ਹੈ ਅਤੇ ਅਖੀਰ 'ਚ ਗੱਲ ਫੌਜ ਨੇ ਹੀ ਕਰਨੀ ਹੁੰਦੀ ਹੈ।
ਫੌਜ ਦੇ ਇੱਕ ਅਧਿਕਾਰੀ ਨੇ ਇਹ ਕਹਿ ਕੇ ਗੱਲ ਹੀ ਮੁਕਾ ਦਿੱਤੀ ਕਿ ਅਮਰੀਕਾ ਸਾਡਾ ਸੱਜਣ-ਮਿੱਤਰ ਹੈ ਤੇ ਸੱਜਣਾਂ ਨਾਲ ਲੜਾਈ ਕਾਹਦੀ?
ਇਹ ਵੀ ਪੜ੍ਹੋ
ਇਹ ਇਵੇਂ ਸੀ ਜਿਵੇਂ ਕੋਈ ਪੁਰਾਣਾ ਤੇ ਤਗੜਾ ਯਾਰ ਭਰੇ ਚੌਂਕ 'ਚ ਤੁਹਾਡੀ ਬੇਇੱਜ਼ਤੀ ਕਰੇ ਅਤੇ ਤੁਸੀਂ ਉਸ ਦੀ ਠੋਡੀ 'ਤੇ ਹੱਥ ਰੱਖ ਕੇ ਕਹੋ ਕਿ ਜਾਣ ਦੇ ਯਾਰ, ਤੂੰ ਭਰਾ ਨਹੀਂ ਸਾਡਾ।
ਅਮਰੀਕਾ ਅਤੇ ਪਾਕਿਸਤਾਨ ਵਿੱਚ ਇੱਟ-ਖੜੱਕਾ ਸਦਾ ਹੀ ਹੁੰਦਾ ਰਿਹਾ ਹੈ, ਕਦੀ ਇਹ ਭਰਾ ਬਣ ਬਹਿੰਦੇ ਨੇ ਤੇ ਕਦੀ ਇਹ ਜਨਮ-ਜਨਮ ਦੇ ਵੈਰੀ।
ਕਦੀ ਜੱਫ਼ੀਆਂ ਤੇ ਪੱਪੀਆਂ ਅਤੇ ਕਦੀ ਇੱਕ ਦੂਜੇ ਨੂੰ ਘੂਰੀਆਂ ਮਾਰਦੇ ਨੇ।
ਅਮਰੀਕਾ ਦਾ ਕਹਿਣਾ ਹੈ ਕਿ ਪਾਕਿਸਤਾਨ ਉਸ ਨਾਲ ਦੋਹਰੀ ਗੇਮ ਖੇਡਦਾ ਰਿਹਾ ਹੈ। ਪਰ ਅਸਲ 'ਚ ਪਾਕਿਸਤਾਨ ਦੋਹਰੀ ਖੇਡ ਤਾਂ ਆਪਣੇ ਲੋਕਾਂ ਨਾਲ ਹੀ ਖੇਡਦਾ ਰਿਹਾ ਹੈ।

ਤਸਵੀਰ ਸਰੋਤ, AFP/Getty Images
ਉਹ ਤਾਲਿਬਾਨ ਦਾ ਮੱਕੂ ਠੱਪਣ ਲਈ ਆਪਣੇ ਫੌਜੀ ਅੱਡੇ ਵੀ ਦਿੰਦਾ ਹੈ ਅਤੇ ਨਾਲ ਹੀ ਤਾਲਿਬਾਨ ਨੂੰ ਮੋਢਾ ਵੀ ਲਾਈ ਰੱਖਦਾ ਹੈ।
ਇੱਕ ਹੱਥ ਨਾਲ ਡਾਲਰ ਫੜਦਾ ਹੈ ਅਤੇ ਦੂਜੇ ਪਾਸੇ ਆਪਣੇ ਲੋਕਾਂ ਨੂੰ ਇਸ਼ਾਰਾ ਕਰਦਾ ਹੈ ਕਿ ਦੇਖੋ ਅਮਰੀਕਾ ਸਾਡੇ ਨਾਲ ਜ਼ੋਰ-ਜ਼ਬਰਦਸਤੀ ਕਰਦਾ ਹੈ।
ਅਮਰੀਕਾ ਅਤੇ ਪਾਕਿਸਤਾਨ ਨੇ ਇਸ ਯਾਰੀ ਤੋਂ ਕੁਝ ਨਹੀਂ ਖੱਟਿਆ। ਪਾਕਿਸਤਾਨ ਨੇ ਆਪਣੇ ਬੱਚੇ ਮਰਵਾਏ ਹਨ ਅਤੇ ਅਮਰੀਕਾ 30 ਸਾਲਾਂ ਪਹਿਲਾਂ ਤਾਲਿਬਾਨ ਨੂੰ ਆਜ਼ਾਦ ਕਰਾਉਣ ਤੁਰਿਆ ਸੀ ਅਤੇ ਹੁਣ ਅਫ਼ਗਾਨਾਂ ਦੀ ਤੀਜੀ ਨਸਲ ਜਵਾਨ ਹੋ ਰਹੀ ਹੈ।
ਜਿਨ੍ਹਾਂ ਨੇ ਜੰਗ ਤੋਂ ਇਲਾਵਾ ਕੁਝ ਨਹੀਂ ਦੇਖਿਆ।
ਇਹ ਵੀ ਪੜ੍ਹੋ
ਕੀ ਤੁਸੀਂ ਕਦੀ ਹਾਥੀ ਦੇਖੇ ਹਨ? ਟੀਵੀ 'ਤੇ ਤਾਂ ਦੇਖੇ ਹੋਣਗੇ।
ਜਦੋਂ ਦੋ ਹਾਥੀ ਲੜਦੇ ਨੇ ਤਾਂ ਧਰਤੀ ਹਿਲਦੀ ਹੈ ਪਰ ਹਾਥੀਆਂ ਦਾ ਨੁਕਸਾਨ ਤਾਂ ਘੱਟ ਹੀ ਹੁੰਦਾ ਹੈ, ਜ਼ਮੀਨ 'ਤੇ ਉਗੀ ਘਾਹ ਹੀ ਬਰਬਾਦ ਹੁੰਦੀ ਹੈ।
ਜੇ ਇਹੀ ਹਾਥੀ ਪਿਆਰ ਕਰਨ ਲੱਗ ਜਾਣ ਤੇ ਉੱਪਰ-ਥੱਲੇ ਹੋਣ 'ਤੇ ਵੀ ਸ਼ਾਮਤ ਘਾਹ ਦੀ ਹੀ ਆਉਂਦੀ ਹੈ।
ਦਿਲ ਕਰਦਾ ਹੈ ਕਿ ਇੱਕ ਹੱਥ ਪਾਕਿਸਤਾਨ ਦੇ ਵੱਡਿਆਂ ਦੀ ਠੋਡੀ 'ਤੇ ਰੱਖਾਂ ਅਤੇ ਦੂਜਾ ਟਰੰਪ ਦੀ ਠੋਡੀ 'ਤੇ।
ਇਹ ਕਿਹਾ ਜਾਏ ਕੇ ਤੁਹਾਡੀ ਯਾਰੀ ਨਾਲ ਸਾਡਾ ਕੋਈ ਭਲਾ ਨਹੀਂ ਹੋਇਆ ਅਤੇ ਤੁਹਾਡੀ ਲੜਾਈ ਵੀ ਸਾਨੂੰ ਵਾਰਾ ਨਹੀਂ ਖਾਂਦੀ।
ਘਰੋ ਘਰੀ ਜਾਓ ਤੇ ਆਪਣੇ ਆਪਣੇ ਬੱਚੇ ਸੰਭਾਲੋ।













