ਹਾਫ਼ਿਜ਼ ਦੀ ਨਵੀਂ ਐਮਐਮਐਲ 'ਤੇ ਲੱਗੀ ਰੋਕ

ਤਸਵੀਰ ਸਰੋਤ, Getty Images
ਕੱਟੜਪੰਥੀ ਜਥੇਬੰਦੀ ਲਸ਼ਕਰ-ਏ-ਤਾਇਬਾ ਦੇ ਸੰਸਥਾਪਕ ਹਾਫ਼ਿਜ਼ ਸਈਦ ਦੀ ਨਵੀਂ ਸਿਆਸੀ ਪਾਰਟੀ ਮਿੱਲੀ ਮੁਸਲਿਮ ਲੀਗ (ਐਮਐਮਐਲ) ਨੂੰ ਪਾਕਿਸਤਾਨ ਚੋਣ ਕਮਿਸ਼ਨ ਨੇ ਚੋਣ ਲੜਨ ਤੋਂ ਰੋਕ ਦਿੱਤਾ ਹੈ।
ਪਾਕਿਸਤਾਨ ਚੋਣ ਕਮਿਸ਼ਨ ਨੇ ਐਮਐਮਐਲ 'ਤੇ ਪਾਬੰਦੀ ਕੱਟੜਪੰਥੀ ਸੰਗਠਨਾਂ ਨਾਲ ਸਬੰਧ ਦੇ ਅਧਾਰ 'ਤੇ ਲਾਈ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਚੋਣ ਕਮਿਸ਼ਨ ਨੂੰ ਸੂਚਿਤ ਕੀਤਾ ਸੀ ਕਿ ਐਮਐਮਐਲ ਦਾ ਸਬੰਧ ਲਸ਼ਕਰ-ਏ-ਤਾਇਬਾ ਨਾਲ ਹੈ।
ਹਾਫਿਜ਼ ਸਈਦ ਨੂੰ ਅਮਰੀਕਾ ਨੇ ਦਹਿਸ਼ਤਗਰਦੀ ਜਥੇਬੰਦੀ ਐਲਾਨਿਆ ਹੋਇਆ ਹੈ। ਐਮਐਮਐਲ ਮੁਖੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਚੋਣ ਕਮਿਸ਼ਨ ਦੇ ਇਸ ਫੈਸਲੇ ਦੇ ਖਿਲਾਫ਼ ਸੰਘਰਸ਼ ਕਰੇਗੀ।
ਪਿਛਲੇ ਮਹੀਨੇ ਲਾਹੌਰ ਸਿਟੀ ਦੀ ਜ਼ਿਮਨੀ ਚੋਣ ਵਿੱਚ ਐਮਐਮਐਲ ਦਾ ਇੱਕ ਉਮੀਦਵਾਰ ਖੜ੍ਹਾ ਹੋਇਆ ਸੀ।

ਤਸਵੀਰ ਸਰੋਤ, AFP
ਐਮਐਮਐਲ ਨੇ ਪਾਕਿਸਤਾਨ ਦੇ ਚੋਣ ਕਮਿਸ਼ਨ ਕੋਲ ਇੱਕ ਨਵੀਂ ਪਾਰਟੀ ਦੇ ਰੂਪ ਵਿੱਚ ਰਜਿਸਟ੍ਰੇਸ਼ਨ ਦੇ ਲਈ ਅਰਜ਼ੀ ਲਾਈ ਸੀ, ਜਿਸ ਨੂੰ ਕਮਿਸ਼ਨ ਨੇ ਖਾਰਜ ਕਰ ਦਿੱਤਾ।
ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਚੋਣ ਕਮਿਸ਼ਨ ਨੂੰ ਕਿਹਾ ਸੀ ਕਿ ਜੇ ਐਮਐਮਐਲ ਨੂੰ ਇੱਕ ਸਿਆਸੀ ਪਾਰਟੀ ਦੇ ਰੂਪ ਵਿੱਚ ਰਜਿਸਟ੍ਰੇਸ਼ਨ ਮਿਲਦੀ ਹੈ, ਤਾਂ ਇਸ ਨਾਲ ਪਾਕਿਸਤਾਨ ਦੀ ਸਿਆਸਤ ਵਿੱਚ ਕੱਟੜਪੰਥ ਅਤੇ ਹਿੰਸਾ ਉਤਸ਼ਾਹਿਤ ਹੋਏਗੀ।
ਹਾਫਿਜ਼ ਸਈਦ ਇਸ ਸਮੇਂ ਪਾਕਿਸਤਾਨ ਵਿੱਚ ਆਪਣੇ ਕੁਝ ਸਾਥੀਆਂ ਸਣੇ ਨਜ਼ਰਬੰਦ ਹੈ। ਉਸ ਨੂੰ ਭਾਰਤ ਸ਼ਾਸਿਤ ਕਸ਼ਮੀਰ ਵਿੱਚ ਸਰਗਰਮ ਕੱਟੜਪੰਥੀ ਜਥੇਬੰਦੀ ਲਸ਼ਕਰ-ਏ-ਤਾਇਬਾ ਦਾ ਸੰਸਥਾਪਕ ਮੰਨਿਆ ਜਾਂਦਾ ਹੈ। ਨਵੰਬਰ 2008 ਵਿੱਚ ਮੁੰਬਈ ਹਮਲਿਆਂ ਦੇ ਬਾਅਦ ਯੂਐਨ ਦੀ ਸੁਰੱਖਿਆ ਪਰਿਸ਼ਦ ਨੇ ਜਮਾਤ-ਉਦ-ਦਾਵਾ 'ਤੇ ਪਾਬੰਦੀ ਲਾ ਦਿੱਤੀ ਸੀ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)












