ਨਜ਼ਰੀਆ: ਦਲਿਤਾਂ 'ਚ ਦਿਖ ਰਹੇ ਨਵੇਂ ਉਭਾਰ ਦੇ ਕੀ ਮਾਅਨੇ?

ਤਸਵੀਰ ਸਰੋਤ, Getty Images
- ਲੇਖਕ, ਦਿਲੀਪ ਮੰਡਲ
- ਰੋਲ, ਸੀਨੀਅਰ ਪੱਤਰਕਾਰ, ਬੀਬੀਸੀ ਹਿੰਦੀ ਦੇ ਲਈ
ਭਾਰਤ ਵਿੱਚ ਪਿਛਲੇ ਕੁਝ ਸਾਲਾਂ ਤੋਂ ਦਲਿਤ ਵੱਡੇ ਅੰਦੋਲਨ ਦੀ ਰਾਹ 'ਤੇ ਹਨ। ਉਨ੍ਹਾਂ ਦੀ ਨਰਾਜ਼ਗੀ ਕਈ ਕਾਰਨਾਂ ਕਰਕੇ ਹੈ।
ਇਹ ਨਰਾਜ਼ਗੀ ਹੁਣ ਸੜਕਾਂ 'ਤੇ ਦਿਖਾਈ ਦੇ ਰਹੀ ਹੈ ਅਤੇ ਸ਼ਹਿਰੀ ਜੀਵਨ ਨੂੰ ਪ੍ਰਭਾਵਿਤ ਕਰਨ ਲੱਗੀ ਹੈ। ਮੁੰਬਈ ਵਿੱਚ ਤਮਾਮ ਲੋਕਾਂ ਨੇ ਇਸ ਨੂੰ ਹਾਲ ਹੀ ਵਿੱਚ ਮਹਿਸੂਸ ਕੀਤਾ।
ਹੈਦਰਾਬਾਦ ਸੈਂਟਰਲ ਯੂਨੀਵਰਸਟੀ ਦੇ ਪੀਐੱਚਡੀ ਸਕੌਲਰ ਵੇਮੁਲਾ ਦੀ ਖ਼ੁਦਕੁਸ਼ੀ, ਜਿਸਨੂੰ ਸੰਸਥਾਗਤ ਕਤਲ ਵੀ ਕਿਹਾ ਜਾ ਸਕਦਾ ਹੈ, ਉਸਦੇ ਬਾਅਦ ਪੂਰੇ ਦੇਸ ਵਿੱਚ ਅੰਦੋਲਨ ਖੜ੍ਹਾ ਹੋ ਗਿਆ ਅਤੇ ਲੋਕ ਸੜਕਾਂ 'ਤੇ ਆ ਗਏ।
ਇਸ ਅੰਦੋਲਨ ਦਾ ਅੰਤ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਸਮਰਿਤੀ ਇਰਾਨੀ ਦੀ ਮੰਤਾਰਲੇ ਤੋਂ ਵਿਦਾਈ ਨਾਲ ਹੋਇਆ।
ਦਲਿਤ ਅੰਦੋਲਨਾਂ ਦਾ ਹੜ੍ਹ
ਇਸ ਤੋਂ ਬਾਅਦ ਤਾਂ ਮੰਨੋ ਦਲਿਤਾਂ ਦੇ ਅੰਦੋਲਨਾਂ ਦਾ ਹੜ੍ਹ ਆ ਗਿਆ। ਰਾਜਸਥਾਨ ਦੀ ਦਲਿਤ ਵਿਦਿਆਰਥਣ ਡੇਲਟਾ ਮੇਘਵਾਲ ਦੀ ਲਾਸ਼ ਰਾਜਸਥਾਨ ਦੇ ਬੀਕਾਨੇਰ ਵਿੱਚ ਹੌਸਟਲ ਦੇ ਪਾਣੀ ਦੇ ਟੈਂਕ ਵਿੱਚ ਤੈਰਦੀ ਹੋਈ ਮਿਲੀ।
ਇਸ ਤੋਂ ਬਾਅਦ ਅਜਿਹਾ ਹੀ ਇੱਕ ਹੋਰ ਅੰਦੋਲਨ ਖੜ੍ਹਾ ਹੋ ਗਿਆ। ਸਰਕਾਰ ਨੂੰ ਆਖ਼ਰਕਾਰ ਸੀਬੀਆਈ ਜਾਂਚ ਦਾ ਹੁਕਮ ਦੇਣਾ ਪਿਆ।
ਉਸ ਤੋਂ ਬਾਅਦ ਊਨਾ ਵਿੱਚ ਮਰੀ ਹੋਈ ਗਾਂ ਦੀ ਖੱਲ ਲਾ ਰਹੇ ਦਲਿਤ ਦੀ ਪਿਟਾਈ ਦਾ ਵੀਡੀਓ ਜਦੋਂ ਵਾਇਰਲ ਹੋਇਆ ਤਾਂ ਇਸ ਦੀ ਪ੍ਰਤੀਕਿਰਿਆ ਵਿੱਚ ਗੁਜਰਾਤ ਅਤੇ ਪੂਰੇ ਦੇਸ ਵਿੱਚ ਪ੍ਰਦਰਸ਼ਣ ਹੋਏ। ਆਖ਼ਰਕਾਰ ਗੁਜਰਾਤ ਦੀ ਮੁੱਖ ਮੰਤਰੀ ਆਨੰਦੀਬੇਨ ਪਟੇਲ ਨੂੰ ਜਾਣਾ ਪਿਆ।

ਤਸਵੀਰ ਸਰੋਤ, Getty Images
ਹੁਣ ਤਾਜ਼ਾ ਘਟਨਾ ਭੀਮਾ ਕੋਰੇਗਾਂਓ ਦੇ ਸਲਾਨਾ ਜਲਸੇ ਦੀ ਹੈ ਜਿਸ ਨੂੰ ਲੈ ਕੇ ਹੋਈ ਹਿੰਸਾ ਨੇ ਮੁੜ ਇੱਕ ਦਲਿਤ ਅੰਦੋਲਨ ਖੜ੍ਹਾ ਕੀਤਾ।
ਕੀ ਇਹ 'ਮਿਲੀਅਨ ਮਿਊਟੀਨੀਜ਼'ਦਾ ਵੇਲਾ ਹੈ?
ਇਸ ਦੌਰਾਨ ਦਲਿਤ ਸ਼ੋਸ਼ਣ ਦੇ ਖ਼ਿਲਾਫ਼ ਸਹਾਰਨਪੁਰ ਵਿੱਚ ਭੀਮ ਆਰਮੀ ਦੀ ਕਾਰਵਾਈ ਵੀ ਦੇਸ ਦੇਖ ਚੁੱਕਾ ਹੈ। ਇਸਦੇ ਇਲਾਵਾ ਛੋਟੇ-ਮੋਟੇ ਅੰਦੋਲਨਾਂ ਦੀ ਤਾਂ ਕੋਈ ਗਿਣਤੀ ਹੀ ਨਹੀਂ ਹੈ। ਕੀ ਇਹ ਸੱਚਮੁਚ 'ਮਿਲੀਅਨ ਮਿਊਟੀਨੀਜ਼' ਯਾਨਿ ਲੱਖਾਂ ਵਿਦਰੋਹਾਂ ਦਾ ਸਮਾਂ ਹੈ।
ਸ਼ਾਇਦ ਹਾਂ, ਜਾਂ ਸ਼ਾਇਦ ਨਹੀਂ। ਪਰ ਐਨਾ ਤੈਅ ਹੈ ਕਿ ਭਾਰਤ ਦੇ ਦਲਿਤ ਨਰਾਜ਼ ਹਨ ਅਤੇ ਉਹ ਆਪਣੀ ਨਰਾਜ਼ਗੀ ਦਾ ਇਜ਼ਹਾਰ ਵੀ ਕਰ ਰਹੇ ਹਨ।
ਇਨ੍ਹਾਂ ਤਮਾਮ ਅੰਦਲੋਨਾਂ ਵਿੱਚ ਇੱਕ ਗੱਲ ਧਿਆਨ ਨਾਲ ਦੇਖਣ ਵਾਲੀ ਹੈ। ਇਨ੍ਹਾਂ ਵਿੱਚੋਂ ਹਰ ਅੰਦੋਲਨ ਸ਼ੋਸ਼ਣ ਦੀ ਕਿਸੀ ਘਟਨਾ ਦੇ ਬਾਅਦ ਸਵੈ-ਪ੍ਰੇਰਕ ਤਰੀਕੇ ਨਾਲ ਉਭਰਿਆ।
ਇਨ੍ਹਾਂ ਵਿੱਚੋਂ ਕਿਸੇ ਪਿੱਛੇ ਕੋਈ ਯੋਜਨਾ ਨਹੀਂ ਸੀ ਅਤੇ ਨਾ ਹੀ ਕੋਈ ਅਜਿਹਾ ਸੰਗਠਨ ਸੀ ਜੋ ਇਨ੍ਹਾਂ ਅੰਦੋਲਨਾਂ ਨੂੰ ਰਾਜ ਪੱਧਰੀ ਜਾਂ ਕੌਮੀ ਰੂਪ ਦਿੰਦਾ ਹੋਵੇ।
ਕੀ ਹੈ ਅੰਦੋਲਨਾਂ ਦਾ ਕਾਰਨ?
ਇਹ ਅੰਦੋਲਨ ਕਿਸੀ ਸਿਆਸੀ ਧੜੇ ਦੇ ਚਲਾਏ ਹੋਏ ਨਹੀਂ ਸਨ ਅਤੇ ਕਿਸੇ ਵੱਡੇ ਲੀਡਰ ਦੀ ਸ਼ੈਅ ਇਨ੍ਹਾਂ ਅੰਦੋਲਨਾਂ ਨੂੰ ਨਹੀਂ ਮਿਲੀ ਸੀ।
ਫਿਰ ਅਜਿਹਾ ਕੀ ਹੋਇਆ ਕੀ ਰੋਹਿਤ ਵੇਮੁਲਾ ਦੀ ਲਾਸ਼ ਮਿਲਣ ਦੇ ਅਗਲੇ ਦਿਨ ਦਿੱਲੀ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਟੀ ਵਿੱਚ ਹੜਤਾਲ ਹੋ ਜਾਂਦੀ ਹੈ ਅਤੇ ਸੈਂਕੜੇ ਵਿਦਿਆਰਥੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਅੱਗੇ ਪ੍ਰਦਰਸ਼ਨ ਲਈ ਇਕੱਠੇ ਹੋ ਜਾਂਦੇ ਹਨ?
ਜਾਂ ਅਜਿਹਾ ਕੌਣ ਸੂਤਰ ਹੈ ਜਿਸਦੇ ਅਧਾਰ 'ਤੇ ਸਮਝਿਆ ਜਾ ਸਕੇ ਕਿ ਰਾਜਸਥਾਨ ਵਿੱਚ ਡੇਲਟਾ ਮੇਘਵਾਲ ਦੀ ਲਾਸ਼ ਮਿਲਣ ਦੇ ਅਗਲੇ ਦਿਨ ਬੈਂਗਲੁਰੂ ਦੇ ਟਾਊਨ ਹਾਲ 'ਤੇ ਲੋਕ ਇਕੱਠੇ ਕਿਉਂ ਹੋ ਜਾਂਦੇ ਹਨ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰਦੇ ਹਨ।
ਇਹ ਸਭ ਊਨਾ ਕਾਂਡ ਦੇ ਬਾਅਦ ਹੋਇਆ ਅਤੇ ਭੀਮਾ ਕੋਰੇਗਾਂਓ ਦੀ ਘਟਨਾ ਦੇ ਬਾਅਦ ਵੀ। ਹਰ ਚਿੰਗਾਰੀ ਜੰਗਲ ਵਿੱਚ ਅੱਗ ਲਗਾ ਰਹੀ ਹੈ।
ਇਨਾਂ ਤਮਾਮ ਘਟਨਾਵਾਂ ਵਿੱਚ ਇਹ ਦੇਖਿਆ ਜਾ ਰਿਹਾ ਹੈ ਕਿ ਦਲਿਤ ਗੁੱਸੇ ਨੂੰ ਦੇਸ ਪੱਧਰੀ ਰੁਤਬਾ ਹਾਸਲ ਹੋਣ ਵਿੱਚ ਹੁਣ ਸਮਾਂ ਨਹੀਂ ਲੱਗਦਾ। ਕਈ ਵਾਰ ਇਹ ਕੁਝ ਹੀ ਘੰਟਿਆਂ ਵਿੱਚ ਹੁੰਦਾ ਜਾ ਰਿਹਾ ਹੈ।
ਸਵਾਲ ਉੱਠਦਾ ਹੈ ਕਿ ਜਦੋਂ ਇਨ੍ਹਾਂ ਅੰਦੋਲਨਾਂ ਦੇ ਪਿੱਛੇ ਕੋਈ ਰਾਜ ਪੱਧਰੀ ਜਾਂ ਕੌਮੀ ਸੰਗਠਨ ਨਹੀਂ ਹੈ, ਤਾਂ ਕਿਸ ਦੇ ਕਹਿਣ 'ਤੇ ਇਹ ਅੰਦੋਲਨ ਇਸ ਤਰ੍ਹਾਂ ਦਾ ਵਿਸਥਾਰ ਹਾਸਲ ਕਰ ਲੈਂਦੇ ਹਨ?
ਦਲਿਤ ਸ਼ੋਸ਼ਣ ਨਵੀਂ ਗੱਲ ਨਹੀਂ
ਦਲਿਤ ਸ਼ੋਸ਼ਣ ਇਸ ਦੇਸ ਲਈ ਕੋਈ ਨਵੀਂ ਗੱਲ ਨਹੀਂ ਹੈ। ਦਲਿਤਾਂ ਦੇ ਵੱਡੇ-ਵੱਡੇ ਨਸਲਕੁਸ਼ੀ ਦੇ ਮਾਮਲੇ ਇਸ ਦੇਸ ਵਿੱਚ ਹੋਏ ਹਨ।
ਦਲਿਤਾਂ ਨੂੰ ਮਾਰ ਦੇਣ ਜਾਂ ਉਨ੍ਹਾਂ ਨਾਲ ਬਲਾਤਕਾਰ ਕਰਨ ਵਰਗੀਆਂ ਘਟਨਾਵਾਂ ਹੁੰਦੀਆਂ ਰਹੀਆਂ ਹਨ।

ਤਸਵੀਰ ਸਰੋਤ, Mayuresh Konnur/BBC
ਹੁਣ ਜੋ ਨਵੀਂ ਚੀਜ਼ ਹੋਈ ਹੈ, ਉਹ ਹੈ ਦਲਿਤਾਂ ਵੱਲੋਂ ਹੋ ਰਿਹਾ ਵਿਰੋਧ। ਇਨਾਂ ਅੰਦੋਲਨਾਂ ਰਾਹੀਂ ਦਲਿਤ ਇਹ ਕਹਿ ਰਹੇ ਹਨ ਕਿ ਸਭ ਕੁਝ ਹੁਣ ਪਹਿਲਾਂ ਵਾਂਗ ਨਹੀਂ ਚੱਲੇਗਾ।
ਇਹ ਦਲਿਤਾਂ ਸਵੈ-ਮਾਣ ਦਾ ਮਾਮਲਾ ਹੈ। ਇਹ ਉਨ੍ਹਾਂ ਦੇ ਨਾਗਰਿਕ ਬਣਨ ਦਾ ਮਾਮਲਾ ਹੈ।
ਸਵਾਲ ਇਹ ਹੈ ਕਿ ਵਿਰੋਧ ਦੀ ਇਹ ਚੇਤਨਾ ਲੋਕਾਂ ਵਿੱਚ ਫੈਲ ਕਿਵੇਂ ਰਹੀ ਹੈ? ਖਾਸ ਤੌਰ 'ਤੇ ਉਸ ਵੇਲੇ ਜਦੋਂ ਮੇਨਸਟ੍ਰੀਮ ਮੀਡੀਆ ਆਮ ਤੌਰ 'ਤੇ ਦਲਿਤ ਨਾਲ ਜੁੜੀਆਂ ਖ਼ਬਰਾਂ ਦੀ ਅਣਦੇਖੀ ਕਰਦਾ ਹੈ ਜਾਂ ਫਿਰ ਉਨ੍ਹਾਂ ਦੇ ਨਜ਼ਰੀਏ ਨਾਲ ਖ਼ਬਰਾਂ ਨਹੀਂ ਦਿਖਾਉਂਦਾ।
ਸੋਸ਼ਲ ਮੀਡੀਆ ਦਾ ਦੌਰ
ਦਰਅਸਲ, ਸੂਚਨਾ ਤਕਨੋਲਜੀ ਨੇ ਇਸ ਦੌਰਾਨ ਅਣਜਾਣੇ ਵਿੱਚ ਇੱਕ ਵੱਡੀ ਭੂਮਿਕਾ ਨਿਭਾਈ ਹੈ। ਪਿਛਲੇ 10 ਸਾਲਾਂ ਵਿੱਚ ਲਗਭਗ ਹਰ ਪਿੰਡ-ਕਸਬੇ ਤੱਕ ਅਤੇ ਕਈ ਥਾਵਾਂ 'ਤੇ ਤਾਂ ਹਰ ਹੱਥ ਵਿੱਚ ਮੋਬਾਇਲ ਪਹੁੰਚ ਗਿਆ ਹੈ।
ਯਾਨਿ ਲੋਕਾਂ ਕੋਲ ਜਾਣਕਾਰੀ , ਦੁੱਖ-ਦਰਦ, ਖੁਸ਼ੀ ਆਦਿ ਨੂੰ ਵੰਡਣ ਦਾ ਇੱਕ ਜ਼ਰੀਆ ਆ ਗਿਆ ਹੈ।
ਭਾਰਤ ਵਿੱਚ ਮੋਬਾਇਲ ਕਨੈਕਸ਼ਨ ਦੀ ਗਿਣਤੀ 100 ਕਰੋੜ ਤੋਂ ਪਾਰ ਹੋ ਚੁੱਕੀ ਹੈ। ਮੋਬਾਇਲ ਫੋਨ ਨੇ ਲੱਖਾਂ ਪਿੰਡਾਂ ਅਤੇ ਹਜ਼ਾਰਾਂ ਸ਼ਹਿਰਾਂ ਵਿੱਚ ਖਿੰਡਰਦੇ ਦਲਿਤਾਂ ਦੇ ਦਰਦ ਨੂੰ ਸਾਂਝਾ ਮੰਚ ਦੇ ਦਿੱਤਾ ਹੈ।
ਇਸਦਾ ਅਗਲਾ ਪੜਾਅ ਸੋਸ਼ਲ ਮੀਡੀਆ ਦੇ ਕਾਰਨ ਆਇਆ। ਪਿਛਲੇ 10 ਸਾਲ ਦੇ ਅੰਦਰ ਭਾਰਤ ਵਿੱਚ ਸਮਾਰਟ ਫੋਨ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ।
ਕਰੋੜਾਂ ਲੋਕ ਫੇਸਬੁੱਕ ਅਤੇ ਵਟਸਐਪ ਨਾਲ ਜੁੜ ਗਏ ਹਨ। ਭਾਰਤ ਵਿੱਚ ਇਸ ਸਾਲ ਦੀ ਸ਼ੁਰੂਆਤ ਵਿੱਚ 42.9 ਕਰੋੜ ਇੰਟਰਨੈੱਟ ਕਨੈਕਸ਼ਨ ਸਨ। ਇਹ ਗਿਣਤੀ ਵੱਧ ਰਹੀ ਹੈ।
ਇਨ੍ਹਾਂ ਲੋਕਾਂ ਦਾ ਕਾਫ਼ੀ ਵੱਡਾ ਹਿੱਸਾ ਸੋਸ਼ਲ ਮੀਡੀਆ ਨਾਲ ਜੁੜਿਆ ਹੈ। ਭਾਰਤ ਵਿੱਚ ਜ਼ਿਆਦਾਤਰ ਲੋਕ ਸਮਾਰਟ ਫੋਨ 'ਤੇ ਇੰਟਰਨੈੱਟ ਚਲਾਉਂਦੇ ਹਨ।
ਇਸ ਲਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਭਾਰਤ ਵਿੱਚ ਲਗਭਗ 30 ਕਰੋੜ ਸਮਾਰਟ ਫੋਨ ਹਨ। ਜ਼ਾਹਿਰ ਹੈ ਕਿ ਇਹ ਗਿਣਤੀ ਵਧਣ ਵਾਲੀ ਹੈ।
ਸੋਸ਼ਲ ਮੀਡੀਆ ਅਤੇ ਇੰਟਰਨੈੱਟ 'ਤੇ ਪਾਬੰਦੀ
ਅਰਬ ਤੋਂ ਲੈ ਕੇ ਮਿਆਂਮਾਰ ਅਤੇ ਈਰਾਨ ਤੋਂ ਲੈ ਕੇ ਚੀਨ ਤੱਕ ਸੋਸ਼ਲ ਮੀਡੀਆ ਦਾ ਇੱਕ ਸਮਾਜਿਕ-ਸਿਆਸੀ ਵਿਸ਼ਾ ਹੈ। ਭਾਰਤ ਵੀ ਇਸ ਪ੍ਰਕਿਰਿਆ ਤੋਂ ਬਚਿਆ ਨਹੀਂ ਹੈ।
ਇਸ ਨੂੰ ਇਸ ਗੱਲ ਤੋਂ ਵੀ ਸਮਝਿਆ ਜਾ ਸਕਦਾ ਹੈ ਕਿ ਇਨ੍ਹਾਂ ਦੇਸਾਂ ਵਿੱਚ ਜਦੋਂ ਕੋਈ ਅੰਦੋਲਨ ਵੱਡਾ ਹੁੰਦਾ ਦਿਖਾਈ ਦਿੰਦਾ ਹੈ ਤਾਂ ਸਰਕਾਰ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਅਤੇ ਇੰਟਰਨੈੱਟ 'ਤੇ ਪਾਬੰਦੀ ਲਗਾਉਂਦੀ ਹੈ। ਇਹ ਭਾਰਤ ਵਿੱਚ ਵੀ ਹੋ ਰਿਹਾ ਹੈ।

ਤਸਵੀਰ ਸਰੋਤ, Mayuresh Konnur/BBC
ਜੇਕਰ ਇਤਿਹਾਸ ਦੇਖੀਏ ਤਾਂ ਦਲਿਤਾਂ ਨੂੰ ਪੜ੍ਹਨ-ਲਿਖਣ ਦਾ ਮੌਕਾ ਬਹੁਤ ਦੇਰ ਨਾਲ ਮਿਲਿਆ ਹੈ। ਆਪਣੀ ਗੱਲ ਦੂਜਿਆਂ ਤੱਕ ਪਹੁੰਚਾਉਣ ਲਈ ਜਿਸ ਜ਼ਰੀਏ ਦੀ ਲੋੜ ਹੁੰਦੀ ਹੈ, ਉਹ ਉਨ੍ਹਾਂ ਕੋਲ ਕੁਝ ਦਹਾਕੇ ਪਹਿਲਾਂ ਤੱਕ ਨਹੀਂ ਸੀ।
ਪਰ ਮੋਬਾਈਲ ਫੋਨ ਅਤੇ ਸੋਸ਼ਲ ਮੀਡੀਆ ਨੇ ਉਨ੍ਹਾਂ ਸਾਹਮਣੇ ਇੱਕ ਮੌਕਾ ਖੋਲ੍ਹ ਦਿੱਤਾ ਹੈ ਅਤੇ ਉਨ੍ਹਾਂ ਵਿਚਾਲੇ ਹੋ ਰਹੇ ਆਪਸੀ ਸੰਵਾਦ ਦੀ ਲਹਿਰ ਹੁਣ ਹੜ੍ਹ ਦਾ ਰੂਪ ਧਾਰਨ ਕਰ ਚੁੱਕੀ ਹੈ।
ਸੋਸ਼ਲ ਮੀਡੀਆ 'ਤੇ ਐਕਟਿਵ ਹਨ ਦਲਿਤ
ਦਲਿਤਾਂ ਦੇ ਹਜ਼ਾਰਾਂ ਵਟਸਐਪ ਗਰੁੱਪ ਲਗਾਤਾਰ ਤਮਾਮ ਤਰ੍ਹਾਂ ਦੀਆਂ ਜਾਣਕਾਰੀਆਂ ਸ਼ੇਅਰ ਕਰ ਰਹੇ ਹਨ। ਇਹ ਜਾਣਕਾਰੀਆਂ ਸਹੀ ਵੀ ਹੋ ਸਕਦੀਆਂ ਹਨ ਅਤੇ ਗ਼ਲਤ ਵੀ।
ਪਰ ਜਾਣਕਾਰੀਆਂ ਦਾ ਗ਼ਲਤ ਹੋਣਾ ਵਰਚੁਅਲ ਮੀਡੀਆ ਦੀ ਸਮੱਸਿਆ ਹੈ ਅਤੇ ਦਲਿਤਾਂ ਦੇ ਗਰੁੱਪਸ ਦੇ ਨਾਲ ਵੀ ਜੇਕਰ ਇਹ ਸਮੱਸਿਆ ਹੈ ਤਾਂ ਇਹ ਕੋਈ ਅਣਹੋਣੀ ਗੱਲ ਨਹੀਂ ਹੈ।
ਫੇਸਬੁੱਕ 'ਤੇ ਦਲਿਤਾਂ ਅਤੇ ਬਹੁਜਨਾਂ ਦੇ ਸੈਂਕੜੇ ਗਰੁੱਪ ਹਨ, ਜਿਸਦੀ ਮੈਂਬਰੀ ਗਿਣਤੀ ਇੱਕ ਲੱਖ ਤੋਂ ਉੱਤੇ ਹੈ, ਕਈ ਦਲਿਤ ਕਾਰਕੁੰਨਾਂ ਦੇ ਹਜ਼ਾਰਾਂ ਅਤੇ ਲੱਖਾਂ ਫੋਲੋਅਰਸ ਹਨ।
ਦਲਿਤਾਂ ਦੇ ਸੋਸ਼ਲ ਮੀਡੀਆ 'ਤੇ ਐਕਟਿਵ ਹੋਣ ਕਰਕੇ ਉਨ੍ਹਾਂ ਦੇ ਅੰਦਰ ਗਰੁੱਪ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ।
ਜਿਹੜਾ ਦੁੱਖ ਪਹਿਲਾਂ ਕਿਸੇ ਇਕੱਲੇ ਦਾ ਹੁੰਦਾ ਸੀ, ਹੁਣ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਇਹ ਤਾਂ ਹਜ਼ਾਰਾਂ ਅਤੇ ਸ਼ਾਇਦ ਲੱਖਾਂ ਲੋਕਾਂ ਦਾ ਦੁੱਖ ਹੈ।
ਉਸੇ ਤਰ੍ਹਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਜਿਨ੍ਹਾਂ ਸਮਾਜ ਸੇਵੀਆਂ ਦੀ ਜਯੰਤੀ ਦਾ ਜਸ਼ਨ ਇਕੱਲੇ ਮਨਾਉਂਦੇ ਹਨ, ਉਹ ਜਸ਼ਨ ਤਾਂ ਲੱਖਾਂ ਲੋਕ ਮਨਾਉਂਦੇ ਹਨ।
ਸਾਂਝਾ ਸੁੱਖ, ਸਾਂਝਾ ਦੁੱਖ ਅਤੇ ਸਾਂਝੇ ਸੁਪਨਿਆਂ ਨੇ ਉਸ ਸਮੂਹ ਨੂੰ ਆਪਸ ਵਿੱਚ ਜੋੜ ਦਿੱਤਾ ਹੈ, ਜਿਨ੍ਹਾਂ ਦੇ ਕੋਲ ਪਹਿਲਾਂ ਇੱਕਜੁਟ ਹੋਣ ਦੇ ਆਪਣੇ ਜ਼ਰੀਏ ਨਹੀਂ ਸੀ।
ਸੋਸ਼ਲ ਮੀਡੀਆ ਸਮੂਹ ਮਜ਼ਬੂਤ ਹੋਣਗੇ
ਆਉਣ ਵਾਲੇ ਦਿਨਾਂ ਵਿੱਚ ਇਹ ਪ੍ਰਕਿਰਿਆ ਹੋਰ ਤੇਜ਼ ਹੋਵੇਗੀ। ਹਾਲਾਂਕਿ ਇਸ ਬਾਰੇ ਕੋਈ ਸੋਧ ਨਹੀਂ ਹੋਇਆ ਹੈ।
ਇਹ ਮੰਨਿਆ ਜਾ ਸਕਦਾ ਹੈ ਕਿ ਪਹਿਲੇ ਪੜਾਅ ਵਿੱਚ ਸ਼ਹਿਰੀ ਇਲੀਟ ਅਤੇ ਭਾਰਤੀ ਸਮਾਜ ਦੇ ਅੱਗੇ ਵਧੇ ਹੋਏ ਹਿੱਸੇ ਨੇ ਮੋਬਾਈਲ ਫੋਨ ਅਤੇ ਇੰਟਰਨੈੱਟ ਨੂੰ ਅਪਣਾਇਆ ਹੈ।
ਹੁਣ ਇਸ ਸਮੂਹ ਦਾ ਸੂਚਨਾ ਤਕਨੋਲਜੀ ਨਾਲ ਜੁੜਨਾ ਕਾਫ਼ੀ ਹੱਦ ਤੱਕ ਪੂਰਾ ਹੋ ਚੁੱਕਿਆ ਹੈ। ਆਉਣ ਵਾਲੇ ਸਮੇਂ ਵਿੱਚ ਜੇਕਰ ਇਨਫਰਮੇਸ਼ਨ ਤਕਨੋਲਜੀ ਦਾ ਵਿਸਥਾਰ ਹੁੰਦਾ ਹੈ, ਤਾਂ ਇਹ ਵਿਸਥਾਰ ਪਿੰਡਾਂ ਅਤੇ ਕਸਬਿਆਂ ਵਿੱਚ ਅਤੇ ਨਾਲ ਹੀ ਇਸ ਤੋਂ ਵਾਂਝੇ ਸਮੂਹਾਂ ਵਿੱਚ ਹੋਵੇਗਾ।
ਬਜ਼ਾਰ ਦਾ ਹਿੱਤ ਜਾਣਕਾਰੀ ਤਕਨੋਲਜੀ ਦੇ ਵਿਸਥਾਰ ਵਿੱਚ ਹੈ, ਇਸ ਲਈ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਬਹੁਤ ਸਾਰੇ ਲੋਕ ਆਉਣ ਵਾਲੇ ਦਿਨਾਂ ਵਿੱਚ ਮੋਬਾਈਲ ਅਤੇ ਇੰਟਰਨੈੱਟ ਨਾਲ ਜੁੜਨਗੇ ਅਤੇ ਸੋਸ਼ਲ ਮੀਡੀਆ ਦਾ ਅਧਾਰ ਤੇਜ਼ੀ ਨਾਲ ਵਧੇਗਾ।
ਬਾਜ਼ਾਰ ਅਤੇ ਪਰੰਪਰਾ ਦੀ ਇਸ ਲੜਾਈ ਵਿੱਚ ਬਾਜ਼ਾਰ ਨੂੰ ਤਰਜ਼ੀਹ ਮਿਲੀ ਹੈ। ਬਜ਼ਾਰ ਵਿੱਚ ਉਂਝ ਵੀ ਲਚੀਲਾਪਨ ਹੈ ਅਤੇ ਲੋੜ ਪੈਣ 'ਤੇ ਉਹ ਪਰੰਪਰਾ ਨੂੰ ਖ਼ਰੀਦ ਲਵੇਗਾ।
ਅਜਿਹੇ ਸਮੇਂ ਵਿੱਚ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ ਸਮੂਹ ਮਜ਼ਬੂਤ ਹੋਣਗੇ ਅਤੇ ਉਨ੍ਹਾਂ ਦੀ ਚੇਤਨਾ ਨੂੰ ਵੀ ਨਵਾਂ ਅਤੇ ਮਜ਼ਬੂਤ ਨਾਅਰਾ ਮਿਲੇਗਾ। ਹਾਲ ਹੀ ਦੀਆਂ ਘਟਨਾਵਾਂ ਵਿੱਚ ਇਸਦੇ ਹੀ ਲੱਛਣ ਦਿਖ ਰਹੇ ਹਨ।
















