ਪੰਜਾਬ ਦੇ ਇਹ ਦਲਿਤ ਜਾਗ ਕੇ ਕਿਉਂ ਗੁਜ਼ਾਰ ਰਹੇ ਹਨ ਰਾਤਾਂ?

ਤਸਵੀਰ ਸਰੋਤ, Sukhcharan preet
- ਲੇਖਕ, ਸੁਖਚਰਨ ਪ੍ਰੀਤ
- ਰੋਲ, ਬੀਬੀਸੀ ਪੰਜਾਬੀ ਲਈ
ਸੰਗਰੂਰ ਦੇ ਪਿੰਡ ਸ਼ਾਹਪੁਰ ਕਲਾਂ ਦੇ ਦਲਿਤ ਰਾਤਾਂ ਨੂੰ ਨਹੀਂ ਸੌਂ ਪਾ ਰਹੇ। ਉਹ ਪਿਛਲੇ ਕਈ ਦਿਨਾਂ ਤੋਂ ਦਿਨ-ਰਾਤ ਦੇ ਠੀਕਰੀ ਪਹਿਰੇ 'ਤੇ ਹਨ।
ਇਹ ਲੋਕ ਪੰਚਾਇਤ ਵਲੋਂ ਅਲਾਟ ਹੋਏ ਕਨੂੰਨੀ ਪਲਾਟਾਂ ਦੀ ਰਾਖ਼ੀ ਕਰ ਰਹੇ ਹਨ। ਇਨ੍ਹਾਂ ਦਾ ਇਲਜ਼ਾਮ ਹੈ ਕਿ ਕੁਝ ਨਿਹੰਗ ਜ਼ਮੀਨ 'ਤੇ ਜ਼ਬਰੀ ਕਬਜ਼ੇ ਕਰ ਰਹੇ ਹਨ।
ਅਸਲ ਵਿੱਚ ਦਲਿਤ ਭਾਈਚਾਰੇ ਅਤੇ ਨਿਹੰਗ ਸਿੰਘਾਂ ਵਿਚਾਲੇ ਜ਼ਮੀਨੀਂ ਝਗੜੇ ਨੂੰ ਲੈ ਕੇ ਕਈ ਦਿਨਾਂ ਤੋਂ ਪਿੰਡ ਵਿੱਚ ਤਣਾਅ ਬਣਿਆਂ ਹੋਇਆ ਹੈ।
ਕਬਜ਼ੇ ਲਈ ਖ਼ੂਨੀ ਟਕਰਾਅ

ਤਸਵੀਰ ਸਰੋਤ, Sukhcharan preet
ਸ਼ਾਹਪੁਰ ਕਲਾਂ ਸੰਗਰੂਰ ਜਿਲ੍ਹੇ ਦਾ ਔਸਤ ਅਬਾਦੀ ਵਾਲਾ ਪਿੰਡ ਹੈ। ਬੀਤੇ 15 ਅਕਤੂਬਰ ਨੂੰ ਨਿਹੰਗਾਂ ਅਤੇ ਦਲਿਤਾਂ ਵਿਚਾਲੇ ਜ਼ਮੀਨੀ ਰੌਲ਼ੇ ਨੂੰ ਲੈ ਕੇ ਇੱਥੇ ਟਕਰਾਅ ਹੋ ਗਿਆ।
ਜਿਸ ਵਿਚ ਇੱਕ ਦਲਿਤ ਤੇਜਾ ਸਿੰਘ ਦੀ ਮੌਤ ਹੋ ਗਈ ਸੀ। ਇਸ ਝਗੜੇ ਵਿੱਚ ਇੱਕ ਔਰਤ ਸਮੇਤ ਦਸ ਵਿਅਕਤੀ ਜ਼ਖ਼ਮੀਂ ਹੋ ਗਏ ਸਨ ਅਤੇ ਦੋ ਨਿਹੰਗ ਸਿੰਘਾਂ ਵੀ ਜਖ਼ਮੀਂ ਹੋਏ ਸਨ।
ਕੀ ਹੈ ਜ਼ਮੀਨ ਦਾ ਵਿਵਾਦ
ਪਿੰਡ ਦੀ ਸਰਪੰਚ ਜਸਪਾਲ ਕੌਰ ਦੇ ਪਤੀ ਗੁਰਦੇਵ ਸਿੰਘ ਮੁਤਾਬਕ ਪਿੰਡ ਦੇ ਬਾਹਰਵਾਰ ਨਿਹੰਗ ਸਿੰਘਾਂ ਦੀ ਛਾਉਣੀ ਹੈ।

ਤਸਵੀਰ ਸਰੋਤ, Sukhcharan preet
ਗੁਰਦੇਵ ਸਿੰਘ ਨੇ ਦਾਆਵਾ ਕੀਤਾ ਕਿ ਛਾਉਣੀ ਦੇ ਨਾਲ ਲਗਦੀ ਜਗ੍ਹਾ ਪੰਚਾਇਤ ਵੱਲੋਂ ਦਲਿਤ ਭਾਈਚਾਰੇ ਦੇ 54 ਪਰਿਵਾਰਾਂ ਨੂੰ ਘਰ ਬਣਾਉਣ ਲਈ ਹਿੱਸੇਵੰਡ ਕੀਤੀ ਗਈ ਸੀ।
ਇਸ ਦੀ ਮਾਲਕੀ ਵੀ ਇਹਨਾਂ ਪਰਿਵਾਰਾਂ ਦੇ ਨਾਂ ਤਬਦੀਲ ਕਰ ਦਿੱਤੀ ਗਈ ਸੀ ਪਰ ਲਗਪਗ ਦੋ ਕੁ ਸਾਲ ਪਹਿਲਾਂ ਨਿਹੰਗ ਸਿੰਘਾਂ ਵੱਲੋਂ ਇਸ ਥਾਂ 'ਤੇ ਹੱਕ ਜਤਾਉਣ ਨਾਲ ਦਲਿਤ ਇਸ ਜਗ੍ਹਾ ਤੇ ਕਬਜ਼ੇ ਤੋਂ ਵਾਂਝੇ ਰਹਿ ਗਏ ।
ਇਸ ਮਾਮਲੇ ਸਬੰਧੀ ਐਸ ਡੀ ਐਮ ਸੁਨਾਮ ਦੀ ਅਦਾਲਤ ਵਿਚ ਕੇਸ ਵੀ ਚੱਲ ਰਿਹਾ ਹੈ।
ਗੁਰਦੇਵ ਸਿੰਘ ਮੁਤਾਬਕ 15 ਅਕਤੂਬਰ ਨੂੰ ਮਾਮਲਾ ਓਦੋਂ ਤੂਲ ਫੜ ਗਿਆ ਜਦੋਂ ਨਿਹੰਗ ਸਿੰਘਾਂ ਨੇ ਇਸ ਵਿਵਾਦਤ ਜ਼ਮੀਨ 'ਤੇ 'ਕਬਜੇ ਦੀ ਕੋਸ਼ਿਸ਼' ਕੀਤੀ ਤਾਂ ਦੋਹਾਂ ਧਿਰਾਂ ਵਿਚ ਤਕਰਾਰ ਹੋ ਗਿਆ।
ਦਲਿਤਾਂ 'ਚ ਮਾਤਮ ਦਾ ਮਾਹੌਲ

ਤਸਵੀਰ ਸਰੋਤ, Sukhcharan preet
ਪਿੰਡ ਸ਼ਾਹਪੁਰ ਵਿੱਚ ਦਲਿਤ ਅਬਾਦੀ ਪਿੰਡ ਦੇ ਇਕ ਪਾਸੇ ਵਸੀ ਹੋਈ ਹੈ। ਤੰਗ ਗਲੀਆਂ ਅਤੇ ਛੋਟੇ ਛੋਟੇ ਖਸਤਾ ਹਾਲ ਘਰਾਂ ਵਿਚਕਾਰ ਹੀ ਤੇਜਾ ਸਿੰਘ ਦਾ ਘਰ ਹੈ ਜੋ ਕਿ ਪਿੰਡ ਦੇ ਸਾਬਕਾ ਪੰਚਾਇਤ ਮੈਂਬਰ ਵੀ ਸਨ।
ਤੇਜਾ ਸਿੰਘ ਦੇ ਘਰ ਵਿੱਚ ਸੋਗ ਦਾ ਮਾਹੌਲ ਹੈ, ਲੋਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆ ਰਹੇ ਹਨ।
ਤੇਜਾ ਸਿੰਘ ਦੇ ਪੁੱਤਰ ਜਸਵੀਰ ਸਿੰਘ ਦਾ ਕਹਿਣਾ ਸੀ ਕਿ ਅਜਿਹਾ ਹਮੇਸ਼ਾਂ ਗਰੀਬਾਂ ਨਾਲ ਹੀ ਹੁੰਦਾ ਹੈ, ਇਸੇ ਕਰਕੇ ਉਨ੍ਹਾਂ ਨੂੰ ਕਨੂੰਨੀ ਅਲਾਟ ਕੀਤੇ ਪਲਾਟਾਂ ਲਈ ਵੀ ਖੂਨ ਦੇਣਾ ਪੈ ਰਿਹਾ ਹੈ ਜਦਕਿ ਰਸੂਖ਼ਦਾਰ ਲੋਕ ਗੈਰ ਕਨੂੰਨੀ ਤੌਰ ਤੇ ਹੀ ਪਿੰਡ ਦੀ ਸ਼ਾਮਲਾਟ ਦੱਬੀ ਬੈਠੇ ਹਨ।
ਨਿਹੰਗਾਂ ਦੀ ਛਾਉਣੀ ਖਾਲੀ
ਦੂਜੇ ਪਾਸੇ ਨਿਹੰਗਾਂ ਦੀ ਛਾਉਣੀ ਵਿੱਚ ਇਕ ਦੁਨੀ ਚੰਦ ਨਾਂ ਦਾ ਨਾਬਾਲਗ ਸਿੰਘ ਹੀ ਹੈ।
ਉਸਦੇ ਮੁਤਾਬਕ ਬਾਕੀ ਸਿੰਘਾਂ ਬਾਰੇ ਉਸਨੂੰ ਕੁਝ ਪਤਾ ਨਹੀਂ ਹੈ ਉਹ ਅਤੇ ਉਸਦੇ ਦੋ ਹੋਰ ਸਾਥੀ ਸਿਰਫ਼ ਘੋੜਿਆਂ ਦੀ ਦੇਖਭਾਲ ਲਈ ਇੱਥੇ ਮੌਜੂਦ ਹਨ।

ਤਸਵੀਰ ਸਰੋਤ, Sukhcharan preet
ਘਟਨਾਂ ਵਾਲੀ ਥਾਂ 'ਤੇ 4-5 ਪੁਲਿਸ ਮੁਲਾਜ਼ਮ ਵੀ ਹਾਜ਼ਰ ਸਨ।
ਦਲਿਤਾਂ ਦਾ ਪੱਕਾ ਪਹਿਰਾ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਲਖਵੀਰ ਸਿੰਘ ਨੇ ਕਿਹਾ, 'ਤੇਜਾ ਸਿੰਘ ਨੇ ਦੱਬੇ ਕੁਚਲਿਆਂ ਲਈ ਸ਼ਹੀਦੀ ਦਿੱਤੀ ਹੈ। ਉਸਦੀ ਕੁਰਬਾਨੀ ਅਜਾਈਂ ਨਹੀਂ ਜਾਣ ਦਿੱਤੀ ਜਾਵੇਗੀ'।
ਝਗੜੇ ਵਾਲੀ ਜਮੀਂਨ 'ਤੇ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਦਲਿਤ ਮਜ਼ਦੂਰ ਔਰਤਾਂ ਤੇ ਮਰਦ ਪੱਕਾ ਪਹਿਰਾ ਲਾ ਕੇ ਬੈਠੇ ਹਨ।
ਉਨ੍ਹਾਂ ਮੁਤਾਬਕ ਇਹ ਪਹਿਰਾ ਰਾਤ ਨੂੰ ਵੀ ਜਾਰੀ ਰਹਿੰਦਾ ਹੈ ਤਾਂ ਜੋ ਮੁੜ ਕਬਜ਼ੇ ਦੀ ਕਾਰਵਾਈ ਨਾ ਹੋ ਸਕੇ।
ਦਲਿਤ ਅਬਾਦੀ ਵਿਚਲੇ ਇੱਕ ਘਰ ਵਿੱਚ ਪਹਿਰੇ 'ਤੇ ਬੈਠੇ ਲੋਕਾਂ ਲਈ ਲੰਗਰ ਅਤੇ ਚਾਹ ਪਾਣੀ ਤਿਆਰ ਕੀਤਾ ਜਾ ਰਿਹਾ ਹੈ।
11 ਬੰਦਿਆਂ 'ਤੇ ਪਰਚਾ
ਥਾਣਾ ਚੀਮਾਂ ਦੇ ਐਸ ਐਚ ਓ ਬਲਦੇਵ ਸਿੰਘ ਮੁਤਾਬਕ ਨਿਹੰਗ ਸਿੰਘਾਂ ਦੀ ਧਿਰ ਦੇ 11 ਬੰਦਿਆਂ 'ਤੇ ਕਤਲ ਅਤੇ ਐਸ ਸੀ ਐਸ ਟੀ ਐਟਰੋਸਿਟੀਜ਼ ਐਕਟ ਅਤੇ ਸਾਜਿਸ਼ ਦੀਆਂ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ ।
ਜਿਨ੍ਹਾਂ ਵਿਚੋਂ 7 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀਆਂ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।












