ਪੰਜਾਬ ਦੀਆਂ ਸੜਕਾਂ ਉੱਤੇ ਦਿਖਿਆ ਕੋਰੇਗਾਓਂ ਭੀਮਾ ਦੇ ਦਲਿਤਾਂ ਦੇ ਰੋਸ ਦਾ ਅਸਰ

ਤਸਵੀਰ ਸਰੋਤ, BBC/PAL SINGH NAULI
- ਲੇਖਕ, ਪਾਲ ਸਿੰਘ ਨੌਲੀ
- ਰੋਲ, ਬੀਬੀਸੀ ਪੰਜਾਬੀ ਲਈ
ਕੋਰੇਗਾਓਂ ਭੀਮਾ ਵਿੱਚ 200 ਸਾਲ ਪਹਿਲਾਂ ਦਲਿਤਾਂ ਵੱਲੋਂ ਲਿਖੀ ਗਈ ਜੇਤੂ ਇਬਾਰਤ ਨੂੰ ਕੱਟੜਪੰਥੀ ਪੋਚਾ ਫੇਰਨਾ ਚਾਹੁੰਦੇ ਹਨ।
ਦਲਿਤ ਆਗੂਆਂ ਮੁਤਾਬਕ ਇਤਿਹਾਸ ਨੂੰ ਤਰੋੜਣ-ਮੋਰੜਣ ਦੀਆਂ ਘਟਨਾਵਾਂ ਤਾਂ 2014 ਤੋਂ ਬਾਅਦ ਵਧੀਆਂ ਹਨ ਪਰ ਦਲਿਤਾਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਜਾਵੇਗਾ ਇਸ ਬਾਰੇ ਉਨ੍ਹਾਂ ਨੇ ਸੋਚਿਆ ਤੱਕ ਨਹੀਂ ਸੀ।
ਦਲਿਤਾਂ ਦੇ ਇਸ ਰੋਸ ਦਾ ਅਸਰ ਪੰਜਾਬ ਦੀਆਂ ਸੜਕਾਂ `ਤੇ ਗੁੱਸੇ ਵਿੱਚ ਉਤਰੇ ਇਨ੍ਹਾਂ ਲੋਕਾਂ ਦੇ ਵਿਚਾਰਾਂ ਦੇ ਪ੍ਰਗਟਾਵੇ ਵਿੱਚੋਂ ਹੋ ਰਿਹਾ ਸੀ।
ਉਹ ਸਵਾਲ ਖੜੇ ਕਰ ਰਹੇ ਹਨ ਕਿ ਜਿਹੜੀ ਇਤਿਹਾਸਕ ਜਿੱਤ ਦਲਿਤਾਂ ਨੇ 1 ਜਨਵਰੀ 1818 ਵਿੱਚ ਹਾਸਲ ਕੀਤੀ ਸੀ ਉਸ ਬਾਰੇ 199 ਸਾਲ ਤੱਕ ਕੋਈ ਕਿੰਤੂ-ਪ੍ਰੰਤੂ ਨਹੀਂ ਹੋਇਆ ਤਾਂ ਫਿਰ 200 ਸਾਲਾਂ ਦੇ ਜਸ਼ਨਾਂ ਮੌਕੇ ਇਸ ਨੂੰ ਕਿਉਂ ਵਿਓਂਤਿਆ ਗਿਆ ਹੈ?
ਕੜਾਕੇ ਦੀ ਠੰਡ ਤੇ ਸੜਕਾਂ 'ਤੇ ਦਲਿਤ
ਰੋਸ ਪ੍ਰਗਟਾਉਣ ਵਾਲੇ ਪੰਜਾਬ ਦੇ ਇਹ ਦਲਿਤ ਆਗੂ ਇਸ ਗੱਲ ਦੇ ਧਾਰਨੀ ਹਨ ਕਿ ਦੇਸ ਵਿੱਚ ਘੱਟ ਗਿਣਤੀ ਸੁਰੱਖਿਅਤ ਨਹੀਂ ਹਨ। ਪਹਿਲਾਂ ਮੁਸਲਮਾਨ ਤੇ ਇਸਾਈਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤੇ ਹੁਣ ਉਸ ਨੂੰ ਅੱਗੇ ਤੋਰਦਿਆ ਦਲਿਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਗੁਜਰਾਤ ਵਿੱਚ ਭਾਜਪਾ ਦੀ ਜਿੱਤ ਵਰਗੀ ਹੋਈ ਹਾਰ ਨੂੰ ਵੀ ਇਸ ਦਾ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਜਿਹੜਾ ਇਤਿਹਾਸ 200 ਸਾਲ ਤੱਕ ਦਲਿਤਾਂ ਦੇ ਮਨਾਂ ਵਿੱਚ ਜਿਊਂਦਾ ਹੈ ਉਹ ਕਿਸੇ ਵੀ ਕੀਮਤ `ਤੇ ਦਫ਼ਨ ਨਹੀਂ ਹੋ ਸਕਦਾ।

ਤਸਵੀਰ ਸਰੋਤ, BBC/PAL SINGH NAULI
ਪੰਜਾਬ ਵਿੱਚ ਕੀਤੇ ਇਸ ਵਿਰੋਧ ਵਿੱਚ ਵੱਡੀ ਗਿਣਤੀ ਦਲਿਤ ਨੌਜਵਾਨ ਅਤੇ ਦਲਿਤ ਔਰਤਾਂ ਸਨ, ਜਿਹੜੇ ਕੜਾਕੇ ਦੀ ਠੰਡ ਵਿੱਚ ਵਿਰੋਧ ਕਰਨ ਲਈ ਸੜਕਾਂ `ਤੇ ਉਤਰੇ ਸਨ।
ਕੋਰੇਗਾਓਂ ਭੀਮਾ ਤੋਂ ਹਾਜ਼ਾਰਾਂ ਕਿਲੋਮੀਟਰ ਦੂਰ ਪੰਜਾਬ ਦੀ ਧਰਤੀ 'ਤੇ ਦਲਿਤ ਸੜਕਾਂ 'ਤੇ ਉਤਰ ਕੇ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ।
ਮੁਜ਼ਾਹਰਾਕਾਰੀਆਂ ਮੁਤਾਬਕ 1 ਜਨਵਰੀ 2018 ਨਵਾਂ ਸਾਲ ਦਾ ਪਹਿਲਾ ਦਿਨ ਹੀ ਦਲਿਤਾਂ ਦੀ ਕੁੱਟਮਾਰ ਨਾਲ ਚੜ੍ਹਿਆ ਹੈ।
ਦੋਆਬੇ ਦੇ ਦਲਿਤਾਂ 'ਚ ਰੋਸ ਕਿਉਂ?
ਪੰਜਾਬ ਦੇ ਦਲਿਤਾਂ ਨੂੰ ਦੇਸ ਦੇ ਸਭ ਤੋਂ ਚੇਤੰਨ ਦਲਿਤਾਂ ਵਜੋਂ ਦੇਖਿਆ ਜਾਂਦਾ ਹੈ। ਦੋਆਬਾ ਦੇਸ ਦਾ ਅਜਿਹਾ ਖੇਤਰ ਹੈ ਜਿੱਥੇ ਸਭ ਤੋਂ ਵੱਧ ਅਬਾਦੀ ਦਲਿਤਾਂ ਦੀ ਹੈ।
ਇਸ ਖੇਤਰ ਵਿੱਚ ਦਲਿਤਾਂ ਵਿੱਚ ਰੋਸ ਵਧਣ ਦੇ ਕਈ ਕਾਰਨ ਹਨ, ਸਭ ਤੋਂ ਵੱਡਾ ਕਾਰਨ ਸ਼ੋਸ਼ਲ ਮੀਡੀਆ ਨੂੰ ਮੰਨਿਆ ਜਾ ਰਿਹਾ ਹੈ।

ਤਸਵੀਰ ਸਰੋਤ, BBC/PAL SINGH NAULI
ਦਲਿਤਾਂ ਦਾ ਇੱਕ ਵੱਡਾ ਵਰਗ ਇਸ ਗੱਲ ਦਾ ਧਾਰਨੀ ਹੈ ਕਿ ਉੱਚੀਆਂ ਜਾਤੀਆਂ ਤਾਂ ਉਨ੍ਹਾਂ 'ਤੇ ਸਦੀਆਂ ਤੋਂ ਜੁਲਮ ਕਰ ਰਹੀਆਂ ਹਨ ਤੇ ਅਜ਼ਾਦ ਭਾਰਤ ਵਿੱਚ ਵੀ ਉਨ੍ਹਾਂ 'ਤੇ 70 ਸਾਲਾਂ ਤੋਂ ਜ਼ੁਲਮ ਹੋ ਰਿਹਾ ਹੈ।
ਮੀਡੀਆ ਉਸ ਨੂੰ ਦਿਖਾ ਨਹੀਂ ਸੀ ਰਿਹਾ ਕਿਉਂਕਿ ਮੀਡੀਆ ਦਾ ਵੱਡਾ ਹਿੱਸਾ ਉੱਚ ਜਾਤੀਆਂ ਦੇ ਕੰਟਰੋਲ ਵਾਲਾ ਹੈ ਭਾਵੇਂ ਉਹ ਅਖਬਾਰਾਂ ਹੋਣ ਜਾਂ ਟੀ.ਵੀ ਚੈਨਲ।
ਸ਼ੋਸ਼ਲ ਮੀਡੀਆ ਨੇ ਮੀਡੀਆ ਤੇ ਧੌਂਸ ਜਮਾਈ ਬੈਠੇ ਉਚ ਜਾਤੀ ਵਾਲਿਆਂ ਦੀ ਧੌਣ ਨੂੰ ਨੀਵਾਂ ਕੀਤਾ ਹੈ। ਸ਼ੋਸ਼ਲ ਮੀਡੀਆ ਨਾਲ ਦੇਸ਼ ਵਿੱਚ ਜਿੱਥੇ ਵੀ ਦਲਿਤਾਂ 'ਤੇ ਅਤਿਆਚਾਰ ਹੁੰਦੇ ਹਨ ਉਸ ਬਾਰੇ ਜਾਣ ਕੇ ਦਲਿਤਾਂ ਦੇ ਮਨਾਂ ਵਿੱਚ ਰੋਹ ਫੈਲ ਰਿਹਾ ਹੈ ਤੇ ਉਹ ਬੇਇਨਸਾਫ਼ੀ ਵਿਰੁੱਧ ਇੱਕ ਜੁਟ ਹੋ ਰਹੇ ਹਨ।
ਹਮਲੇ ਵਿਰੁੱਧ ਪੰਜਾਬ ਭਰ 'ਚ ਅਰਥੀ ਫੂਕ ਮੁਜ਼ਾਹਰੇ

ਤਸਵੀਰ ਸਰੋਤ, BBC/PAL SINGH NAULI
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਕੋਰੇਗਾਂਓ ਭੀਮਾ (ਮਹਾਰਾਸ਼ਟਰ) ਵਿੱਚ ਦਲਿਤਾਂ 'ਤੇ ਹੋਏ ਹਮਲਿਆਂ ਨੂੰ ਯੋਜਨਾਬੱਧ ਢੰਗ ਨਾਲ ਭਾਜਪਾ ਅਤੇ ਆਰ.ਐੱਸ.ਐੱਸ. ਦੀ ਸ਼ਹਿ 'ਚ ਹੋਏ ਹਮਲੇ ਮੰਨ ਰਹੀਆਂ ਹਨ।
ਜਥੇਬੰਦੀ ਮੁਤਾਬਕ ਇਹ ਮੁਜ਼ਾਹਰੇ ਜਲੰਧਰ, ਟਾਂਡਾ, ਕਪੂਰਥਲਾ , ਸੰਗਰੂਰ, ਪਟਿਆਲਾ, ਮੋਗਾ, ਲੁਧਿਆਣਾ, ਸ਼ਹੀਦ ਭਗਤ ਸਿੰਘ ਨਗਰ, ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਾ ਤੇ ਤਹਿਸੀਲ ਕੇਂਦਰਾਂ 'ਤੇ ਕੀਤੇ ਗਏ।
ਜਥੇਬੰਦੀਆਂ ਨੇ ਦਲਿਤਾਂ 'ਤੋ ਯੋਜਨਾਬੱਧ ਹਮਲਾ ਕਰਨ ਤੇ ਕਰਾਉਣ ਦੇ ਦੋਸ਼ੀ 'ਹਿੰਦੂਵਾਦੀ ਕੱਟੜਪੰਥੀਆਂ' ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ।
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਨੇ ਕਿਹਾ ਕਿ ਦਲਿਤਾਂ ਦੇ ਵੱਖਰੇ-ਵੱਖਰੇ ਸੰਗਠਨ ਮਹਾਂਰਾਸ਼ਟਰ ਦੇ ਕੋਰੇਗਾਂਓ ਭੀਮਾ ਵਿੱਚ ਆਪਣੇ ਸਮਾਗਮ ਲਈ ਆ ਰਹੇ ਸਨ।
ਉਨ੍ਹਾਂ ਮੁਤਾਬਕ ਉਦੋਂ ਭਾਜਪਾ-ਆਰਐੱਸਐੱਸ ਦੀ ਸ਼ਹਿ 'ਤੇ ਕੱਟੜ ਹਿੰਦੂਵਾਦੀਆਂ ਨੇ ਸਾਜਿਸ਼ ਤਹਿਤ ਹਮਲੇ ਦਾ ਉਹਨਾਂ ਨੂੰ ਸ਼ਿਕਾਰ ਬਣਾਇਆ।
ਜਿਸ 'ਚ ਇੱਕ ਦਲਿਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, 40 ਤੋਂ ਵੱਧ ਦਲਿਤ ਫੱਟੜ ਹੋਏ ਅਤੇ ਦਲਿਤਾਂ ਦੇ ਕਈ ਵਾਹਨਾਂ ਦੀ ਬੁਰੀ ਤਰ੍ਹਾਂ ਭੰਨਤੋੜ, ਸਾੜ-ਫੂਕ ਕੀਤੀ ਗਈ।
ਉਮਰ ਖਾਲਿਦ ਤੇ ਜਿਗਨੇਸ਼ ਮੇਵਾਨੀ ਵਿਰੁੱਧ ਕੇਸ ਦਰਜ ਕਰਨ ਦੀ ਨਿੰਦਾ
ਤਰਸੇਮ ਪੀਟਰ ਨੇ ਕਿਹਾ ਕਿ ਵੱਡੀਆਂ ਸਿਆਸੀ ਪਾਰਟੀਆਂ ਦਲਿਤਾਂ ਦੀਆਂ ਵੋਟਾਂ ਤਾਂ ਲੈਣੀਆਂ ਚਾਹੁੰਦੀਆਂ ਹਨ, ਪਰ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਨਹੀਂ ਕਰਦੀਆਂ ਕਿਉਂਕਿ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਨ ਨਾਲ ਉੱਚ ਜਾਤੀ ਦੀਆਂ ਵੋਟਾਂ ਖਿਸਕਣ ਦਾ ਡਰ ਬਣਿਆ ਰਹਿੰਦਾ ਹੈ।
ਭਾਜਪਾ ਚਾਹੁੰਦੀ ਹੈ ਕਿ ਦੇਸ ਵਿੱਚ ਦਲਿਤਾਂ ਤੇ ਉੱਚ ਜਾਤੀ ਵਾਲਿਆਂ ਵਿੱਚਕਾਰ ਟਕਰਾਅ ਹੋਵੇ। ਉਨ੍ਹਾਂ ਕਿਹਾ ਕਿ ਇਹ ਕੋਈ ਪਹਿਲੀ ਘਟਨਾ ਨਹੀਂ।

ਤਸਵੀਰ ਸਰੋਤ, BBC/PAL SINGH NAULI
ਇਸ ਤੋਂ ਪਹਿਲਾਂ ਰੋਹਿਤ ਵੇਮੁੱਲਾ ਦੀ ਖ਼ੁਦਕੁਸ਼ੀ, ਸਹਾਰਨਪੁਰ (ਯੂਪੀ) ਤੇ ਝਲੂਰ (ਪੰਜਾਬ) ਘਟਨਾ ਇਸ ਗੱਲ ਦੀਆਂ ਗਵਾਹੀ ਭਰਦੀਆਂ ਹਨ ਕਿ ਭਾਜਪਾ-ਆਰ.ਐਸ.ਐਸ. ਦੇਸ਼ ਅੰਦਰ ਆਪਣਾ ਫਿਰਕੂ-ਫਾਸ਼ੀਵਾਦੀ ਏਜੰਡਾ ਲਾਗੂ ਕਰ ਰਹੀਆਂ ਹਨ।
ਦੋਵਾਂ ਜਥੇਬੰਦੀਆਂ ਨੇ ਜੇਐੱਨਯੂ ਦੇ ਵਿਦਿਆਰਥੀ ਆਗੂ ਉਮਰ ਖਾਲਿਦ ਅਤੇ ਗੁਜਰਾਤ ਤੋਂ ਵਿਧਾਇਕ ਜਿਗਨੇਸ਼ ਮੇਵਾਨੀ ਵਿਰੁੱਧ ਮਹਾਂਰਾਸ਼ਟਰ ਸਰਕਾਰ ਵੱਲੋਂ ਝੂਠੇ ਕੇਸ ਦਰਜ ਕਰਨ ਦੀ ਜ਼ੋਰਦਾਰ ਨਿਖੇਧੀ ਕਰਦੇ ਹੋਏ ਦਰਜ ਕੇਸ ਫੌਰੀ ਤੌਰ 'ਤੇ ਰੱਦ ਕਰਨ ਦੀ ਮੰਗ ਵੀ ਕੀਤੀ।
ਪੰਜਾਬ ਦੀਆਂ ਵੱਡੀਆਂ ਸਿਆਸੀ ਪਾਰਟੀਆ ਨੇ ਭੀਮਾ ਕੋਰੇਗਾਂਓ ਵਿੱਚ ਹੋਈ ਹਿੰਸਾ ਬਾਰੇ ਚੁੱਪ ਸਾਧੀ ਹੋਈ ਹੈ। ਸਮਾਜਿਕ ਜੱਥੇਬੰਦੀਆਂ ਜਾਂ ਫਿਰ ਦਲਿਤਾਂ ਦੇ ਹੱਕਾਂ-ਹਿੱਤਾਂ ਦੀ ਲੜਾਈ ਲੜਨ ਵਾਲੇ ਸੰਗਠਨ ਹੀ ਸੜਕਾਂ 'ਤੇ ਉਤਰੇ ਹਨ।
ਪੰਜਾਬ 'ਚ ਦਲਿਤਾਂ ਦੇ ਵਿਹੜੇ ਸਿਆਸੀ ਪਾਰਟੀ
ਡਾ. ਅੰਬੇਦਕਰ ਦੇ ਪੋਤੇ ਪ੍ਰਕਾਸ਼ ਅੰਬੇਡਕਰ ਨੇ ਪੰਜਾਬ ਵਿੱਚ ਭਾਰਤੀ ਰਿਪਬਲਿਕਨ ਪਾਰਟੀ (ਬੀ.ਆਰ.ਪੀ ) ਦਾ ਗਠਨ ਤਾਂ ਥੋੜ੍ਹਾ ਸਮਾਂ ਪਹਿਲਾਂ ਕੀਤਾ ਸੀ।
ਇਸ ਪਾਰਟੀ ਦੀ ਪ੍ਰਧਾਨ ਕੁਮਾਰੀ ਸੰਤੋਸ਼ ਨੇ ਸ੍ਰੀ ਗੁਰੂ ਰਵਿਦਾਸ ਚੌਂਕ ਵਿੱਚ ਭਾਜਪਾ ਅਤੇ ਆਰਐੱਸਐੱਸ ਦਾ ਪੁਤਲਾ ਫੂਕਦਿਆਂ ਕਿਹਾ ਕਿ ਭਾਜਪਾ ਦੇਸ ਵਿੱਚ ਸੰਵਿਧਾਨ ਦੀ ਥਾਂ 'ਤੇ ਮਨੂੰ ਸਮਿਰਤੀ ਲਾਗੂ ਕਰਨਾ ਚੁਾਹੰਦੀ ਹੈ।

ਤਸਵੀਰ ਸਰੋਤ, BBC/PAL SINGH NAULI
ਕੁਮਾਰੀ ਸੰਤੋਸ਼ ਨੇ ਕਿਹਾ ਕਿ ਭੀਮਾ ਕੋਰੇਗਾਂਓ ਵਿੱਚ ਫੈਲੀ ਹਿੰਸਾ ਦੌਰਾਨ ਹੋਈ ਸਾੜ ਫੂਕ ਦੀ ਜਾਂਚ ਕਿਸੇ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਕੋਲੋਂ ਚਾਹੀਦੀ ਹੈ।
"ਦਲਿਤਾਂ ਦੀ ਕੁੱਟਮਾਰ ਕਰਵਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟਵੀਟ 'ਤੇ ਅਜਿਹੀ ਫੋਟੋ ਪਾ ਰਹੇ ਹਨ ਜਿਸ ਵਿੱਚ ਉਹ ਬਾਬਾ ਸਾਹਿਬ ਦੀ ਮੂਰਤੀ ਅੱਗੇ ਝੁਕੇ ਹਨ। ਜਿਵੇਂ ਉਨ੍ਹਾਂ ਨੂੰ ਦਲਿਤਾਂ ਦਾ ਬਹੁਤ ਹੇਜ ਹੋਵੇ,
ਪਰ ਉਨ੍ਹਾਂ ਦੀ ਪਾਰਟੀ ਭਾਜਪਾ ਅਸਲੀਅਤ ਵਿੱਚ ਤਾਂ ਦਲਿਤਾਂ ਨੂੰ ਮਾਰ ਰਹੀ ਹੈ ਅਤੇ ਉਨ੍ਹਾਂ ਦਾ ਮਾਲੀ ਨੁਕਸਾਨ ਵੀ ਕਰ ਰਹੀ ਹੈ।"
ਕੁਮਾਰੀ ਸੰਤੋਸ਼ ਦਾ ਕਹਿਣਾ ਸੀ ਕਿ ਗੁਜਰਾਤ ਵਿੱਚ ਭਾਜਪਾ ਜਿੱਤ ਕੇ ਵੀ ਹਾਰ ਗਈ ਹੈ ਤੇ ਇਹੀ ਹਾਰ ਉਸ ਨੂੰ ਰੜਕ ਰਹੀ ਹੈ ਤੇ ਨਮੋਸ਼ੀ ਭਰੀ ਜਿੱਤ ਨੂੰ ਆਰਐੱਸਐੱਸ ਵੋਟਾਂ ਦਾ ਧੁਰਵੀਕਰਨ ਕਰਕੇ ਮਨ ਨੂੰ ਝੂਠਾ ਦਿਲਾਸਾ ਦੇਣਾ ਚਾਹੁੰਦੀ ਹੈ।
'200 ਸਾਲ ਪੁਰਾਣੀ ਹਾਰ ਰੜਕ ਰਹੀ ਹੈ'
ਕੋਰੇਗਾਂਓ ਭੀਮਾ ਦੀ ਘਟਨਾ ਨੇ ਸਾਬਿਤ ਕਰ ਦਿੱਤਾ ਹੈ ਕਿ 200 ਸਾਲ ਪਹਿਲਾਂ 1 ਜਨਵਰੀ 1818 ਨੂੰ ਮਹਾਰ ਜਾਤੀ ਵਾਲੇ ਦਲਿਤਾਂ ਵੱਲੋਂ ਪੇਸ਼ਵਾ ਬਾਜੀਰਾਓ ਨੂੰ ਬੁਰੀ ਤਰ੍ਹਾਂ ਨਾਲ ਹਰਾਇਆ ਸੀ। ਉਸ ਹਾਰ ਦੀ ਚੀਸ ਉੱਚ ਜਾਤੀ ਵਾਲਿਆਂ ਦੇ ਮਨਾਂ ਵਿੱਚ ਅੱਜ ਵੀ ਰੜਕ ਰਹੀ ਹੈ।
ਬਸਪਾ ਦੇ ਆਗੂ ਬਲਵਿੰਦਰ ਸਿੰਘ ਨੇ ਦਸਿਆ ਕਿ ਪੰਜਾਬ ਦਾ ਦਲਿਤ ਪਹਿਲਾਂ ਦੇ ਮੁਕਾਬਲੇ ਕਾਫ਼ੀ ਚੇਤੰਨ ਹੈ। ਬਸਪਾ ਇਸ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ।

ਤਸਵੀਰ ਸਰੋਤ, BBC/PAL SINGH NAULI
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਦੀ ਪ੍ਰਤੀਕ੍ਰਿਆ ਦਾ ਅਸਰ ਜ਼ਿਆਦਾ ਰਹੇਗਾ। ਜਿਵੇਂ ਦੇਸ ਵਿੱਚ ਅੰਬੇਦਕਾਰਵਾਦ ਦਾ ਪਸਾਰਾ ਹੋਵੇਗਾ ਉਸੇ ਤਰ੍ਹਾਂ ਹੀ ਦੇਸ ਵਿੱਚ ਦਲਿਤ ਸਮਾਜ ਇੱਕਜੁਟ ਹੋਵੇਗਾ।
ਬਲਵਿੰਦਰ ਸਿੰਘ ਨੇ ਕਿਹਾ, "ਦੇਸ਼ ਦਾ ਸਿਸਟਮ ਦਲਿਤਾਂ ਨੂੰ ਅੱਜ ਵੀ ਗੁਲਾਮ ਬਣਾ ਕੇ ਰੱਖਣ ਦਾ ਹੈ। ਭੀਮਾ ਕੋਰੇਗਾਂਓ ਦੇ ਇਤਿਹਾਸ ਨੂੰ ਭਾਰਤੀ ਇਤਿਹਾਸ ਵਿੱਚੋਂ ਕਦੇ ਵੀ ਮਨਫ਼ੀ ਨਹੀਂ ਕੀਤਾ ਜਾ ਸਕਦਾ, ਸੱਜੇ-ਪੱਖੀ ਤਾਕਤਾਂ ਜਿੰਨਾਂ ਮਰਜ਼ੀ ਜ਼ੋਰ ਲਗਾ ਲੈਣ।"
ਕਪੂਰਥਲਾ ਦੇ ਮੁੰਡੀ ਮੋੜ ਤੇ ਰੇਲ ਕੋਚ ਫੈਕਟਰੀ ਨੇੜੇ ਵੀ ਭੀਮਾ ਕੋਰੇਗਾਂਓ ਦੀਆਂ ਘਟਨਾਵਾਂ ਦਾ ਵਿਰੋਧ ਕਰਦਿਆਂ ਭਾਜਪਾ ਸਰਕਾਰ ਦਾ ਪੁੱਤਲਾ ਫੂਕਿਆ ਗਿਆ।
ਹਾਲਾਂਕਿ ਧਰਨਾ ਮੁਜ਼ਾਹਰਾ ਕਰਨ ਅਤੇ ਪੁਤਲੇ ਫੂਕਣ ਵਾਲਿਆਂ ਦੇ ਇੱਕਠ ਵੱਡੇ ਨਹੀਂ ਸੀ, ਪਰ ਦਲਿਤ ਸੰਗਠਨਾਂ ਦਾ ਮੰਨਣਾ ਹੈ ਕਿ ਇਹ ਚੰਗਿਆੜੀ ਕੱਖਾਂ ਵਿੱਚ ਸੁਟ ਦਿੱਤੀ ਗਈ ਹੈ ਜਿਹੜੀ ਧੁਖਣ ਤੋਂ ਬਾਅਦ 2019 ਤੱਕ ਭਾਂਬੜ ਬਣੇਗੀ।












