ਬਲਾਗ: ਮੀਡੀਆ ਮੁਸਲਮਾਨਾਂ ਨੂੰ ਖਾਸ ਤਰ੍ਹਾਂ ਦੇ ਨਜ਼ਰੀਏ ਨਾਲ ਹੀ ਕਿਉਂ ਦੇਖਦਾ ਹੈ?

ਤਿੰਨ ਤਲਾਕ 'ਤੇ ਕਾਰਟੂਨ
    • ਲੇਖਕ, ਜ਼ੁਬੈਰ ਅਹਿਮਦ
    • ਰੋਲ, ਬੀਬੀਸੀ ਪੱਤਰਕਾਰ

ਬਾਲੀਵੁੱਡ ਦੀਆਂ ਫਿਲਮਾਂ ਵਿੱਚ ਅਕਸਰ ਇੱਕ ਮੁਸਲਿਮ ਪਰਿਵਾਰ ਜਾਂ ਇੱਕ ਮੁਸਲਮਾਨ ਸ਼ਖ਼ਸ ਨੂੰ ਖਾਸ ਅੰਦਾਜ਼ ਵਿੱਚ ਦਿਖਾਇਆ ਜਾਂਦਾ ਹੈ। ਦਾਹੜੀ, ਪਰਦਾ, ਮਸਜਿਦ, ਅਜ਼ਾਨ ਅਤੇ ਨਮਾਜ਼ ਇਸ ਸਟੀਰਿਓ ਟਾਈਪ ਪੇਸ਼ਕਸ਼ ਦਾ ਹਿੱਸਾ ਹੁੰਦੇ ਹਨ।

ਮੈਂ ਅਜਿਹੀਆਂ ਫ਼ਿਲਮਾਂ ਦੇਖ ਕੇ ਖ਼ੁਦ ਨੂੰ ਪੁੱਛਿਆ ਹੈ ਕੀ ਮੈਂ ਮੁਸਲਮਾਨ ਨਹੀਂ ਹਾਂ? ਬਾਲੀਵੁੱਡ ਮੇਰੇ ਵਰਗੇ ਮੌਡਰਨ ਮੁਸਲਮਾਨ ਨੂੰ ਆਪਣੀਆਂ ਕਹਾਣੀਆਂ ਵਿੱਚ ਥਾਂ ਕਿਉਂ ਨਹੀਂ ਦਿੰਦਾ?

ਕੁਝ ਅਜਿਹਾ ਹੀ ਅਹਿਸਾਸ ਹੋ ਰਿਹਾ ਹੈ ਹਾਲੀ ਹੀ ਵਿੱਚ ਤਲਾਕ 'ਤੇ ਛਪਣ ਵਾਲੀਆਂ ਖ਼ਬਰਾਂ ਨੂੰ ਪੜ੍ਹ ਕੇ ਜਾਂ ਟੀਵੀ 'ਤੇ ਇਨ੍ਹਾਂ ਖ਼ਬਰਾਂ ਨੂੰ ਵੇਖ ਕੇ।

ਤਿੰਨ ਤਲਾਕ ਨੂੰ ਲੈ ਕੇ ਛਪਣ ਵਾਲੀ ਕਿਸੇ ਖ਼ਬਰ ਨੂੰ ਪੜ੍ਹਦਾ ਹਾਂ ਤਾਂ ਇਸ ਵਿੱਚ ਬਹੁਤ ਸਾਰੀ ਬੁਰਕਾਪੋਸ਼ ਖ਼ਵਾਤੀਨ ਦੀਆਂ ਫੋਟੋਆਂ ਦਿਖਾਈ ਦਿੰਦੀਆਂ ਹਨ। ਕੁਝ ਤਸਵੀਰਾਂ ਵਿੱਚ ਇੱਕ ਜਾਂ ਦੋ ਔਰਤਾਂ ਨੂੰ ਦਿਖਾਇਆ ਜਾਂਦਾ ਹੈ ਜੋ ਸਿਰ ਤੋਂ ਲੈ ਕੇ ਪੈਰਾਂ ਤੱਕ ਬੁਰਕੇ ਵਿੱਚ ਹੁੰਦੀਆਂ ਹਨ।

ਤਿੰਨ ਤਲਾਕ
ਤਸਵੀਰ ਕੈਪਸ਼ਨ, ਇਹ ਮੈਂ ਹਾਂ ਮੁਸਲਿਮ ਔਰਤ ਨਾਲ ਇੰਟਰਵਿਊ ਕਰਦੇ ਹੋਏ। ਕੀ ਉਹ ਬੁਰਕੇ ਵਿੱਚ ਹੈ?

ਉਨ੍ਹਾਂ ਦੀਆਂ ਸਿਰਫ਼ ਅੱਖਾਂ ਹੀ ਨਜ਼ਰ ਆਉਂਦੀਆਂ ਹਨ। ਜੇਕਰ ਫੋਟੋਆਂ ਇੱਕ ਤੋਂ ਵਧ ਵਰਤੀਆਂ ਜਾਂਦੀਆਂ ਹਨ ਤਾਂ ਫਿਰ ਮਸਜਿਦ ਵਿੱਚ ਨਮਾਜ਼ ਪੜ੍ਹਦੇ ਹੋਏ ਮਰਦਾਂ ਨੂੰ ਦਿਖਾਇਆ ਜਾਂਦਾ ਹੈ। ਜਾਂ ਫਿਰ ਮਦਰੱਸਿਆ ਵਿੱਚ ਜ਼ਮੀਨ 'ਤੇ ਬੈਠੇ ਕੁਰਾਨ ਪੜ੍ਹਦੇ ਬੱਚੇ। ਇਹੀ ਹਾਲ ਟੀਵੀ ਜਾਂ ਔਨਲਾਈਨ ਪ੍ਰਸਾਰਿਤ ਹੋਈਆਂ ਖ਼ਬਰਾਂ ਦਾ ਹੈ।

ਦੂਜੇ ਪਹਿਲੂਆਂ ਨੂੰ ਕਰਨ ਉਜਾਗਰ

ਇਹ ਇੱਕ ਅਜਿਹੀ ਮੁਰਖਤਾ ਹੈ ਜਿਸਦਾ ਸ਼ਿਕਾਰ ਅਸੀਂ ਖ਼ੁਦ ਵੀ ਹੋ ਜਾਂਦੇ ਹਾਂ। ਸ਼ਾਇਦ ਧਿਆਨ ਨਹੀਂ ਦਿੰਦੇ ਜਾਂ ਫਿਰ ਆਲਸਪੁਣੇ ਵਿੱਚ ਅਜਿਹਾ ਕਰਦੇ ਹਾਂ। ਹੁਣ ਦੇਖੋ ਇਸ ਬਲਾਗ ਨਾਲ ਜਿਸ ਫੋਟੋ ਦੀ ਅਸੀਂ ਵਰਤੋਂ ਕਰ ਰਹੇ ਹਾਂ ਉਸ ਵਿੱਚ ਬੁਰਕਾ ਤੇ ਦਾਹੜੀ ਵੀ ਲਿਆ ਰਹੇ ਹਾਂ।

ਤਿੰਨ ਤਲਾਕ

ਤਸਵੀਰ ਸਰੋਤ, TWITTER @IRRFANK

ਤਸਵੀਰ ਕੈਪਸ਼ਨ, ਅਦਾਕਾਰ ਇਰਫ਼ਾਨ ਖ਼ਾਨ ਵਰਗੇ ਮੁਸਲਮਾਨ ਵੀ ਤਾਂ ਇਸ ਦੇਸ ਵਿੱਚ ਹਨ

ਮੀਡੀਆ ਵਿੱਚ ਵਰਤੀਆਂ ਜਾਣ ਵਾਲੀਆਂ ਇਹ ਫੋਟੋਆਂ ਗ਼ਲਤ ਨਹੀਂ ਹਨ ਪਰ ਜੇਕਰ ਅਜਿਹੀਆਂ ਹੀ ਤਸਵੀਰਾਂ ਹਮੇਸ਼ਾ ਵਿਖਾਈਆਂ ਜਾਣ ਅਤੇ ਮੁਸਲਮਾਨ ਭਾਈਚਾਰੇ ਦੇ ਦੂਜੇ ਪਹਿਲੂਆਂ ਨੂੰ ਉਜਾਗਰ ਨਾ ਕੀਤਾ ਜਾਵੇ ਤਾਂ ਅਸੀਂ ਵੀ ਬਾਲੀਵੁੱਡ ਵਾਲਿਆਂ ਵਿੱਚ ਸ਼ਾਮਲ ਹੋ ਜਾਵਾਂਗੇ ਯਾਨਿ ਮੁਸਲਮਾਨਾਂ ਨੂੰ ਇੱਕ ਖਾਸ ਤਰੀਕੇ ਨਾਲ ਪੇਸ਼ ਕਰਨ ਦੀ ਗ਼ਲਤੀ ਦੇ ਮੁਲਜ਼ਮ ਕਹਕਵਾਂਗੇ।

ਮੁਸਲਮਾਨਾਂ ਵਿੱਚ ਵੀ ਅਜਿਹੀਆਂ ਭਿੰਨਤਾਵਾਂ ਹੁੰਦੀਆਂ ਹਨ

ਸ਼ਾਇਦ ਅਖ਼ਬਾਰਾਂ ਦੇ ਨਿਊਜ਼ਰੂਮ ਵਿੱਚ ਕੰਮ ਕਰਨ ਵਾਲੇ ਪੱਤਰਕਾਰ ਜਾਣਬੁੱਝ ਕੇ ਅਜਿਹਾ ਨਹੀਂ ਕਰਦੇ ਪਰ ਮੇਰੇ ਵਰਗੇ ਮੁਸਲਮਾਨਾਂ ਨੂੰ ਨਾਇਨਸਾਫ਼ੀ ਦਾ ਅਹਿਸਾਸ ਹੋ ਜਾਂਦਾ ਹੈ ਉਹ ਤੁਸੀਂ ਮਹਿਸੂਸ ਨਹੀਂ ਕਰ ਸਕਦੇ।

ਭਾਰਤ ਵਰਗੇ ਮਹਾਨ ਦੇਸ ਵਿੱਚ ਵੱਖ-ਵੱਖ ਭਾਈਚਾਰੇ ਹੀ ਨਹੀਂ ਵਸਦੇ ਬਲਕਿ ਹਰ ਭਾਈਚਾਰੇ ਵਿੱਚ ਭਿੰਨਤਾਵਾਂ ਹੁੰਦੀਆਂ ਹਨ। ਭਾਰਤ ਦਾ ਮੁਸਲਮਾਨ ਭਾਈਚਾਰਾ ਇੱਕ ਮੋਨੋਲਿਥਿਕ ਜਾਂ ਅਖੰਡ ਸਮਾਜ ਨਹੀਂ ਹੈ।

ਤਿੰਨ ਤਲਾਕ
ਤਸਵੀਰ ਕੈਪਸ਼ਨ, ਅਜਿਹੀਆਂ ਤਸਵੀਰਾਂ ਆਮ ਤੌਰ 'ਤੇ ਵਰਤੀਆਂ ਜਾਂਦੀਆਂ ਹਨ

ਇਸ ਵਿੱਚ ਤਿੰਨ ਤਲਾਕ ਦੇ ਪੱਖ ਵਿੱਚ ਜਿੰਨੇ ਮਿਲਣਗੇ ਉਨੇ ਹੀ ਉਸਦੇ ਵਿਰੋਧੀ ਮਿਲਣਗੇ। ਜਿੰਨੇ ਦਾਹੜੀ ਵਾਲੇ ਮੁਸਲਮਾਨ ਮਿਲਣਗੇ ਇਸ ਤੋਂ ਕਿਤੇ ਜ਼ਿਆਦਾ ਕਲੀਨ ਸ਼ੇਵ ਵਾਲੇ। ਜਿੰਨੀਆਂ ਬੁਰਕੇ ਵਿੱਚ ਔਰਤਾਂ ਨਜ਼ਰ ਆਉਣਗੀਆਂ ਉਸ ਤੋਂ ਕਿਤੇ ਜ਼ਿਆਦਾ ਉਸਦੇ ਬਿਨਾਂ ਜ਼ਿੰਦਗੀ ਗੁਜ਼ਾਰਣ ਵਾਲੀਆਂ ਔਰਤਾਂ।

ਮਰਹੂਮ ਗਾਇਕ ਮੁਹਮੰਦ ਰਫ਼ੀ ਨੂੰ ਤੁਸੀਂ ਕਿਸ ਵਰਗ ਵਿੱਚ ਰੱਖੋਗੇ। ਉਹ ਅੱਲਾਹ ਦੀ ਸ਼ਾਨ ਵਿੱਚ ਜਿੰਨੀ ਖੂਬੀ ਨਾਲ ਹਮਦ ਗਾਉਂਦੇ ਉਸੇ ਹੀ ਜਜ਼ਬੇ ਨਾਲ ਭਗਵਾਨ ਰਾਮ ਦੀ ਸ਼ਾਨ ਵਿੱਚ ਭਜਨ ਵੀ ਗਾਉਂਦੇ। ਉਹ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਨਾ ਦਾਹੜੀ ਰੱਖਦੇ ਸੀ ਅਤੇ ਨਾ ਹੀ ਉਨ੍ਹਾਂ ਦੀਆਂ ਔਰਤਾਂ ਬੁਰਕਾ ਪਾਉਂਦੀਆਂ ਸੀ, ਪਰ ਉਹ ਮੁਸਲਮਾਨ ਸੀ।

ਮੁਸਲਮਾਨ ਭਾਈਚਾਰੇ 'ਤੇ ਲਿਖੇ ਲੇਖ ਉੱਤੇ ਰਫ਼ੀ ਦੇ ਪਰਿਵਾਰ ਵਾਲਾ ਅਕਸ ਕਿਉਂ ਨਹੀਂ ਵਰਤਿਆਂ ਜਾਂਦਾ?

ਬਹੁਤ ਅਹਿਮੀਅਤ ਹਨ ਤਸਵੀਰਾਂ

ਮੇਰੇ ਵਰਗੇ ਲੱਖਾਂ ਮੁਸਲਮਾਨ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਨਿਊਜ਼ਰੂਮ ਵਿੱਚ ਕੰਮ ਕਰਨ ਵਾਲੇ ਗੈਰ-ਮੁਸਲਮਾਨਾਂ ਦੀ ਤਰ੍ਹਾਂ ਹੀ ਜ਼ਿੰਦਗੀ ਬਸਰ ਕਰਦੇ ਹਨ। ਵਿਆਹ ਅਤੇ ਤਲਾਕ ਤਾਂ ਮੁਸਲਮਾਨ ਭਾਈਚਾਰੇ ਦੇ ਇਸ ਤਬਕੇ ਵਿੱਚ ਵੀ ਹੈ। ਤਾਂ ਮੌਡਰਨ ਮੁਸਲਮਾਨਾਂ ਦੀਆਂ ਫੋਟੋਆਂ ਕਿਉਂ ਨਹੀਂ ਛੱਪਦੀਆਂ?

ਮੁਸਲਮਾਨ

ਤਸਵੀਰ ਸਰੋਤ, Getty Images

ਅੱਜ-ਕੱਲ ਦੇ ਕਮਰਸ਼ਿਅਲ ਪੈਕੇਜਿੰਗ ਅਤੇ ਮਾਰਕਟਿੰਗ ਦੇ ਦੌਰ ਵਿੱਚ ਅਕਸ ਦੀ ਵੱਡੀ ਅਹਿਮੀਅਤ ਹੁੰਦੀ ਹੈ।

ਇੱਕ ਅਧਿਐਨ ਮੁਤਾਬਕ ਤਸਵੀਰਾਂ ਅਤੇ ਵੀਡੀਓਜ਼ ਦੇ ਨਾਲ ਵਰਤੇ ਗਏ ਲੇਖ ਬਿਨਾਂ ਤਸਵੀਰਾਂ ਵਾਲੇ ਲੇਖ ਦੀ ਤੁਲਨਾ ਵਿੱਚ 94 ਫ਼ੀਸਦ ਵੱਧ ਪੜ੍ਹੇ ਜਾਂਦੇ ਹਨ।

ਮੀਡੀਆ ਵਿੱਚ ਤਸਵੀਰਾਂ ਦੀਆਂ ਬਹੁਤ ਮਹੱਤਤਾ ਹੈ। ਮੁਸਲਮਾਨਾਂ ਦੀਆਂ ਜੋ ਤਸਵੀਰਾਂ ਸੋਸ਼ਲ ਮੀਡੀਆ 'ਤੇ ਦਿਖਾਈਆਂ ਜਾਂਦੀਆਂ ਹਨ ਉਸ ਨਾਲ ਸੋਸ਼ਲ ਮੀਡੀਆ ਨਾਲ ਜੁੜੀ ਨਵੀਂ ਪੀੜੀ ਕੀ ਨਤੀਜਾ ਕੱਢੇਗੀ?

ਸਾਡੇ ਤੋਂ ਜਾਣੇ ਅਣਜਾਣੇ ਵਿੱਚ ਜੋ ਗ਼ਲਤੀ ਹੋ ਰਹੀ ਹੈ, ਉਹ ਅਸਾਨੀ ਨਾਲ ਦੂਰ ਕੀਤੀ ਜਾ ਸਕਦੀ ਹੈ। ਸਿਰਫ਼ ਮੇਰੇ ਭਾਈਚਾਰੇ ਦੇ ਪ੍ਰਤੀ ਸੰਵੇਦਨਸ਼ੀਲ ਹੋਣ ਦੀ ਲੋੜ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)