VLOG: ਜਦੋਂ ਪਾਕਿਸਤਾਨੀ ਪੰਜਾਬੀਆਂ 'ਤੇ ਚੜਿਆ ਦੁਬਈ ਦੇ ਅਰਬੀਆਂ ਦਾ ਰੰਗ
- ਲੇਖਕ, ਮੁਹੰਮਦ ਹਨੀਫ਼
- ਰੋਲ, ਲੇਖਕ ਤੇ ਸੀਨੀਅਰ ਪੱਤਰਕਾਰ
ਸਾਡੀ ਪੁਰਾਣੀ ਆਦਤ ਹੈ ਕਿ ਦਿਨ-ਰਾਤ ਇੱਕ ਦੂਜੇ ਨੂੰ ਗਾਲ-ਮੰਦਾ ਕਰਦੇ ਹਾਂ। ਅਸੀਂ ਪੰਜਾਬੀ ਵੀ ਕਿਸੇ ਤੋਂ ਪਿੱਛੇ ਨਹੀਂ ਪਰ ਜੇਕਰ ਕੋਈ ਬਾਹਰ ਵਾਲਾ ਸਾਨੂੰ ਗਾਲ ਕੱਢ ਦੇਵੇ ਤਾਂ ਬੜੀ ਕੌੜ ਚੜਦੀ ਹੈ।
ਅਸੀਂ ਆਪਸ ਦੇ ਝਗੜੇ ਭੁੱਲ ਕੇ ਬਾਹਰ ਵਾਲੇ ਦੇ ਪਿੱਛੇ ਪੈ ਜਾਂਦੇ ਹਾਂ ਕਿ ਸਾਡੀ ਆਪਸ ਦੀ ਘਰ ਦੀ ਗੱਲ ਸੀ ਤੂੰ ਕੌਣ ਹੁੰਦਾ ਸਾਨੂੰ ਕੁਝ ਕਹਿਣ ਵਾਲਾ।
ਦੁਬਈ ਵਿੱਚ ਪੁਲਿਸ ਦਾ ਵੱਡਾ ਅਫ਼ਸਰ ਕਹਿੰਦਾ ਹੈ ਕਿ ਸਾਡੇ ਮੁਲਕ ਵਿੱਚ ਰਹਿਣ ਵਾਲੇ ਪਾਕਿਸਤਾਨੀ ਬੜੇ ਬਦਮਾਸ਼ ਹੁੰਦੇ ਹਨ, ਚਰਸ, ਅਫ਼ੀਮ ਵੇਚਦੇ ਹਨ ਅਤੇ ਨਾਲ ਹੀ ਇਹ ਵੀ ਕਹਿੰਦਾ ਹੈ ਕਿ ਪਾਕਿਸਤਾਨੀਆਂ ਦੇ ਮੁਕਾਬਲੇ ਭਾਰਤੀ ਬੜੇ ਅਨੁਸ਼ਾਸਿਤ ਹੁੰਦੇ ਹਨ।
ਇੰਨਾਂ ਹੀ ਨਹੀਂ ਦੁਬਈ ਦਾ ਪੁਲਿਸ ਅਫ਼ਸਰ ਅੱਗੇ ਕਹਿੰਦਾ ਹੈ ਕਿ ਸਾਨੂੰ ਪਾਕਿਸਤਾਨੀਆਂ ਨਾਲ ਉਹੀ ਕਰਨਾ ਚਾਹੀਦਾ ਹੈ ਜੋ ਅਸੀਂ ਬੰਗਲਾਦੇਸ਼ੀਆਂ ਨਾਲ ਕੀਤਾ ਸੀ।
ਪੁਲਸੀਆ ਕਿਤੇ ਵੀ ਦਾ ਹੋਵੇ ਸ਼ਰੀਫ਼ ਬੰਦਾ ਉਸ ਕੋਲੋਂ ਡਰਦਾ ਹੀ ਰਹਿੰਦਾ ਹੈ ਅਤੇ ਇਹ ਤਾਂ ਫੇਰ ਉਸ ਮੁਲਕ ਦਾ ਜਿਸ ਨੂੰ ਅਸੀਂ ਬਰਾਦਰ ਇਸਲਾਮੀ ਮੁਲਕ ਆਖਦੇ ਹਾਂ।

ਤਸਵੀਰ ਸਰੋਤ, Getty Images
ਜਦੋਂ ਉੱਥੋਂ ਦੇ ਸ਼ੇਖ਼ ਸ਼ਿਕਾਰ ਲਈ ਪਾਕਿਸਤਾਨ ਆਉਂਦੇ ਹਨ ਤਾਂ ਸਾਡੇ ਵੱਡੇ-ਵਡੇਰੇ ਇੰਝ ਜੀ ਆਇਆਂ ਨੂੰ ਆਖਦੇ ਹਨ, ਜਿਵੇਂ ਉਨ੍ਹਾਂ ਦੇ ਘਰ ਫਰਿਸ਼ਤਿਆਂ ਦੀ ਜੰਜ ਆਈ ਹੋਵੇ।
ਸਾਡੀਆਂ ਅਦਾਲਤਾਂ ਹੁਕਮ ਦੇ-ਦੇ ਕੇ ਹੰਬ ਗਈਆਂ ਹਨ ਕਿ ਜਿਹੜੇ ਪਖੇਰੂ ਇਹ ਅਰਬੀ ਸ਼ੇਖ ਮਾਰਦੇ ਨੇ ਉਨ੍ਹਾਂ ਦੀ ਨਸਲ ਖ਼ਤਮ ਹੋਣ ਵਾਲੀ ਹੈ। ਉਨ੍ਹਾਂ ਨੂੰ ਰੋਕਿਆ ਜਾਵੇ।
ਪਰ ਹਕੂਮਤ ਕਹਿੰਦੀ ਰਹਿੰਦੀ ਹੈ ਕਿ ਬਰਾਦਰ ਇਸਲਾਮੀ ਮੁਲਕ ਤੋਂ ਆਏ ਮਹਿਮਾਨ ਹਨ, ਇਨ੍ਹਾਂ ਕਿਵੇਂ ਰੋਕੀਏ।
'ਚਲੋ ਦੁਬਈ'
ਮਹਿਮਾਨ ਭਾਵੇਂ ਸਾਰੇ ਪਾਕਿਸਤਾਨੀਆਂ ਨੂੰ ਨਾਜਾਇਜ਼ ਫਿਰੋਸ਼ੀ ਦੇ ਮਹਿਣੇ ਮਾਰਦੇ ਰਹਿਣ।
ਛੋਟੇ ਹੁੰਦਿਆਂ ਪੀਟੀਵੀ 'ਤੇ ਇੱਕ ਡਰਾਮਾ ਆਉਂਦਾ ਸੀ, ਜਿਸ ਦਾ ਨਾਮ ਸੀ 'ਚੱਲੋ ਦੁਬਈ'। ਸਾਡੇ ਵੱਡੇ ਨਿਰਮਾਤਾ ਆਰਿਫ਼ ਵਕਾਰ ਨੇ ਲਿਖਿਆ ਅਤੇ ਬਣਾਇਆ ਸੀ।
ਡਰਾਮੇ ਵਿੱਚ ਇੱਕ ਪਿੰਡ ਦਾ ਭੋਲਾ ਨੌਜਵਾਨ ਦੁਬਈ ਜਾਣ ਦੇ ਚੱਕਰ 'ਚ ਨਿਕਲਦਾ ਹੈ ਤੇ ਧੱਕੇ ਖਾਂਦਾ ਹੈ। ਡਰਾਮਾ ਕੀ ਸੀ ਇਹ ਤਾਂ ਪੰਜਾਬ ਦੇ ਘਰ-ਘਰ ਦੀ ਕਹਾਣੀ ਸੀ।

ਤਸਵੀਰ ਸਰੋਤ, AAMIR QURESHI/AFP/Getty Images
ਪੰਜਾਬ ਦੇ ਹਰ ਦੂਜੇ ਘਰ ਤੋਂ ਨੌਜਵਾਨ ਦੁਬਈ ਤੇ ਦੂਜੇ ਮੁਲਕਾਂ ਵੱਲ ਜਾ ਰਹੇ ਸਨ। ਜਿਹੜੇ ਮਾਤੜ ਨਹੀਂ ਦਾ ਸਕਦੇ ਸਨ ਉਹ ਜਾਣ ਦੇ ਸੁਫ਼ਨੇ ਦੇਖਦੇ ਰਹਿੰਦੇ ਸਨ।
ਦੁਬਈ ਜਾ ਕੇ ਇਨ੍ਹਾਂ ਮੁੰਡਿਆਂ ਨੇ ਦਿਰਮ ਪੰਜਾਬ ਭੇਜੇ ਅਤੇ ਪੰਜਾਬ ਵਿੱਚ ਨਵੇਂ ਰੰਗ ਆ ਗਏ। ਸਭ ਤੋਂ ਪਹਿਲਾਂ ਕੈਸਟਾਂ ਵਾਲੇ ਵਾਜੇ ਆਏ ਅਤੇ ਅਸਾਹ ਉਲਾਹ ਈਸਾ ਖੇਲਵੀ ਅਤੇ ਨੁਸਰਤ ਫਤਿਹ ਅਲੀ ਖ਼ਾਨ ਹਰ ਗਲੀ ਦੀ ਨੁਕੜ 'ਤੇ ਗਾਉਣ ਲੱਗ ਪਏ।
'ਕਮੀਜ਼ ਤੇਰੀ ਕਾਲੀ ਹੋਈ' ਅਤੇ ਹਰ ਬੰਦਾ 'ਮੈਂ ਜਾਣਾ ਜੋਗੀ ਦੇ ਨਾਲ' ਦਾ ਨਾਅਰਾ ਲਾਉਣ ਲੱਗ ਗਿਆ। ਕੱਚੇ ਘਰ ਪੱਕੇ ਹੋਏ ਅਤੇ ਉੱਤੇ ਹਾਜ਼ਾ ਆਮੀਨ ਫਜ਼ਲੀ ਦੇ ਦਾਅਵੇ ਲਿਖੇ ਗਏ।
ਹਰ ਬੈਠਕ ਵਿੱਚ ਸੁਨਹਿਰਾ ਡੱਬਾ ਆ ਗਿਆ ਜਿਸ ਵਿੱਚ ਕਾਗਜ਼ ਦੇ ਟੀਸ਼ੂ ਵੀ ਆ ਗਏ।
'ਅੱਜ ਮੈਨੂੰ ਮਿਲ ਗਿਆ ਵੀਜ਼ਾ ਦੁਬਈ ਦਾ'
'ਦੁਬਈ ਚੱਲੋ' ਡਰਾਮਾ ਇੰਨਾਂ ਹਿੱਟ ਹੋਇਆ ਕਿ ਉਸ 'ਤੇ ਇੱਕ ਫਿਲਮ ਵੀ ਬਣੀ ਅਤੇ ਉਹ ਹਿੱਟ ਵੀ ਹੋਈ। ਫਿਲਮਾਂ ਵਿੱਚ ਗਾਣੇ ਵੀ ਹੁੰਦੇ ਹਨ ਅਤੇ ਇੱਕ ਗਾਣਾ ਮੈਨੂੰ ਅੱਜ ਤੱਕ ਯਾਦ ਹੈ, 'ਅੱਜ ਮੈਨੂੰ ਮਿਲ ਗਿਆ ਵੀਜ਼ਾ ਦੁਬਈ ਦਾ ਕਾਰ ਟੋਇਟਾ ਲੈਣੀ, ਕੋਡੀਆਂ ਦੇ ਭਾਅ ਪੈਣੀ, ਛੇਤੀ ਜਾਣਾ ਚਾਹੀਦਾ ਅੱਜ ਮੈਨੂੰ ਮਿਲ ਗਿਆ ਵੀਜ਼ਾ ਦੁਬਈ ਦਾ।'

ਤਸਵੀਰ ਸਰੋਤ, Getty Images
ਗਾਣਾ ਕੀ ਇੱਕ ਤਰਾਨਾ ਜਿਹਾ ਸੀ, 'ਰੰਗਦਾਰ ਟੀਵੀ ਲੈ ਕੇ, ਵੇਖਾਂਗਾ ਮੈਂ ਕੱਲਾ ਬਹਿ ਕੇ, ਕਰੂੰਗਾ ਮਜ਼ੂਰੀਆਂ ਮੈਂ ਵਤਨਾਂ ਤੋਂ ਦੂਰ ਰਹਿ ਕੇ..'
ਟੋਇਟਾ ਗੱਡੀਆਂ ਵੀ ਆਈਆਂ ਤੇ ਰੰਗਦਾਰ ਟੀਵੀ ਵੀ ਆਏ ਪਰ ਨਾਲ ਨਾਲ ਦੁਬਈ ਦੇ ਦਿਰਮਾਂ ਸਾਡੀ ਰਹਿਤਲ ਵੀ ਬਦਲ ਦਿੱਤੀ।
ਇੱਕ ਵਹਾਬੀ ਟਾਈਪ ਸੋਚ ਵੀ ਆ ਗਈ ਤੇ ਬੁਰਕੇ ਵੀ ਆ ਗਏ ਅਤੇ ਕਈ ਪੰਜਾਬੀ ਆਪਣੇ ਆਪ ਨੂੰ ਮਾੜਾ ਮੋਟਾ ਅਰਬੀ ਸਮਝਣ ਲਗ ਪਏ। ਹੁਣ ਦੁਬਈ ਜਾਣ ਦਾ ਸ਼ੌਕ ਥੋੜ੍ਹਾ ਘਟ ਗਿਆ ਹੈ।
ਲੋਕ ਸਾਨੂੰ ਦੱਸਦੇ ਹਨ ਕਿ ਲਾਹੌਰ ਹੀ ਦੁਬਈ ਬਣ ਗਿਆ ਹੈ, ਦੁਬਈ ਜਾਣ ਦੀ ਕੀ ਲੋੜ ਹੈ। ਪਰ ਸਾਡੇ ਪੰਜਾਬੀਆਂ ਦਾ ਅਰਬੀ ਬਣਨ ਦਾ ਸ਼ੌਕ ਅਜੇ ਪੂਰਾ ਨਹੀਂ ਹੋਇਆ।
ਗੱਡੀ ਟੋਇਟਾ ਹੀ ਲੈਂਦੇ ਨੇ ਪਰ ਨੰਬਰ ਪਲੇਟ ਉੱਤੇ ਅਲਬਖ਼ ਪਾਕਿਸਤਾਨ ਲਿਖਾ ਲੈਂਦੇ ਹਨ। ਡਰ ਲਗਦਾ ਹੈ ਕਿ ਪੰਜਾਬ ਵੀ ਕਿਸੇ ਦਿਨ ਅਲ-ਪੰਜਾਬ ਨਾ ਬਣ ਜਾਵੇ।
ਦੁਬਈ ਚੱਲੋ ਫਿਲਮ ਵਿੱਚ ਇੱਕ ਹੋਰ ਵੀ ਗਾਣਾ ਸੀ, ਹੁਣ ਲਗਦਾ ਹੈ ਕਿ ਕਿਸੇ ਦੁਬਈ ਦੇ ਪੁਲਸੀਏ ਲਈ ਹੀ ਲਿਖਿਆ ਹੋਵੇਗਾ, 'ਦੂਰੋਂ-ਦੂਰੋਂ ਅੱਖੀਆਂ ਮਾਰੇ ਮੁੰਡਾ ਪਟਵਾਰੀ ਦਾ, ਸਾਨੂੰ ਦੇ ਗਿਆ ਝੂਠੇ ਲਾਅਰੇ ਮੁੰਡਾ ਪਟਵਾਰੀ ਦਾ'।













