ਇਰਾਕ 'ਚੋਂ ਬਚ ਨਿਕਲੇ ਹਰਜੀਤ ਮਸੀਹ ਨੇ ਦੱਸੀ ਆਪਣੀ ਕਹਾਣੀ

ਤਸਵੀਰ ਸਰੋਤ, Ravinder Singh Robin/BBC
- ਲੇਖਕ, ਰਵਿੰਦਰ ਸਿੰਘ ਰੌਬਿਨ
- ਰੋਲ, ਬੀਬੀਸੀ ਪੰਜਾਬੀ ਲਈ
ਹਰਜੀਤ ਮਸੀਹ ਇੱਕ ਵਾਰ ਫੇਰ ਚਰਚਾ ਵਿੱਚ ਹੈ। ਹਰਜੀਤ ਉਨ੍ਹਾਂ ਭਾਰਤੀ ਅਤੇ ਬੰਗਲਾਦੇਸ਼ੀ ਲੋਕਾਂ ਵਿੱਚ ਸ਼ਾਮਲ ਸੀ ਜਿਨ੍ਹਾਂ ਨੂੰ ਆਈਐੱਸਆਈਐੱਸ ਦੇ ਕਾਰਕੁਨਾਂ ਨੇ ਅਗਵਾ ਕਰ ਲਿਆ ਸੀ।
ਹਰਜੀਤ ਸਿੰਘ ਉਨ੍ਹਾਂ ਦੀ ਚੁੰਗਲ ਚੋ ਕਿਸੇ ਨਾ ਕਿਸੇ ਤਰੀਕੇ ਨਾਲ ਬਚ ਕੇ ਆ ਗਿਆ ਸੀ। ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਹਰਜੀਤ ਨੇ ਭਾਰਤ ਪਹੁੰਚ ਕੇ ਦਾਅਵਾ ਕੀਤਾ ਸੀ ਕਿ ਉਸਦੇ ਨਾਲ ਦੇ 39 ਭਾਰਤੀਆਂ ਨੂੰ ਕਤਲ ਕਰ ਦਿੱਤਾ ਗਿਆ ਹੈ
ਉਧਰ ਕੇਂਦਰੀ ਵਿਦੇਸ਼ ਮੰਤਰਾਲੇ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਸੀ ਕਿ 39 ਭਾਰਤੀ ਜ਼ਿੰਦਾ ਹਨ। ਹੁਣ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਸਦ ਵਿੱਚ 39 ਭਾਰਤੀਆਂ ਦੀ ਮੌਤ ਦੀ ਖ਼ਬਰ ਸੁਣਾਈ ਤਾਂ ਨਾਲ ਹੀ ਉਨ੍ਹਾਂ ਹਰਜੀਤ ਮਸੀਹ ਦੀ ਕਹਾਣੀ ਨੂੰ ਝੂਠਾ ਕਰਾਰ ਦੇ ਦਿੱਤਾ।
ਇਸੇ ਕਾਰਨ ਹਰਜੀਤ ਮਸੀਹ ਮੁੜ ਚਰਚਾ ਵਿੱਚ ਆ ਗਿਆ। ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਹਰਜੀਤ ਮਸੀਹ ਨੇ ਜਿੱਥੇ ਆਪਣੀ ਇਰਾਕ ਜਾਣ ਦੀ ਮਜਬੂਰੀ ਦੱਸੀ ਉੱਥੇ ਭਾਰਤੀ ਕਾਮਿਆਂ ਦੇ ਬਦਤਰ ਹਾਲਾਤ ਉੱਤੇ ਵੀ ਚਾਨਣਾ ਪਾਇਆ।
ਗੁਰਬਤ ਨੇ ਭੇਜਿਆ ਇਰਾਕ
ਬੇਰੁਜ਼ਗਾਰੀ ਦੇ ਸ਼ਿਕਾਰ ਹਰਜੀਤ ਸਿੰਘ ਆਪਣੇ ਗਰੀਬ ਪਰਿਵਾਰ ਲਈ ਦੋ ਵਕਤ ਦੀ ਰੋਟੀ ਦਾ ਇੰਤਜ਼ਾਮ ਕਰਨ ਵਾਸਤੇ ਆਈਐੱਸਆਈਐੱਸ ਦੀ ਦਹਿਸ਼ਤਗਰਦੀ ਤੋਂ ਪੀੜਤ ਇਰਾਕ ਵਰਗੇ ਦੇਸ਼ ਵਿੱਚ ਵੀ ਜਾਣ ਲਈ ਤਿਆਰ ਹੋ ਗਏ।
ਦਸਵੀਂ ਪਾਸ ਹਰਜੀਤ ਨੂੰ ਟ੍ਰੈਵਲ ਏਜੰਟਾਂ ਨੇ ਦੱਸਿਆ ਸੀ ਕਿ ਉਸ ਵਰਗੇ ਘੱਟ ਪੜ੍ਹੇ ਲਿਖੇ ਅਤੇ ਹੁਨਰਮੰਦ ਬੰਦਿਆਂ ਨੂੰ ਅਰਬ ਵਿੱਚ ਵਧੀਆ ਨੌਕਰੀ ਮਿਲ ਜਾਂਦੀ ਹੈ ਪਰ ਭਾਰਤ ਵਿੱਚ ਨੌਕਰੀ ਮਿਲਣੀ ਔਖੀ ਹੈ।
ਹਰਜੀਤ ਨੇ ਦੱਸਿਆ ਕਿ ਉਸ ਨੂੰ ਇਹ ਭਰੋਸਾ ਦਿਵਾਇਆ ਸੀ ਕਿ ਉਹ ਹਰ ਮਹੀਨੇ ਘੱਟੋ ਘੱਟ 20,000 ਰੁਪਏ ਆਪਣੇ ਘਰ ਭੇਜ ਸਕੇਗਾ।
ਰੋਜ਼ੀ ਰੋਟੀ ਦਾ ਆਹਰ ਕਰਨ ਅਤੇ ਪਰਿਵਾਰ ਨੂੰ ਗੁਰਬਤ ਵਿੱਚੋਂ ਕੱਢਣ ਲਈ ਹਰਜੀਤ ਨੇ ਆਪਣੇ ਪਰਿਵਾਰ ਨੂੰ ਬਾਹਰ ਜਾਣ ਲਈ ਮਨਾ ਲਿਆ।
ਪਰ ਹਰਜੀਤ ਨੂੰ ਪਤਾ ਨਹੀਂ ਸੀ ਕਿ ਉਹ ਇਰਾਕ ਪਹੁੰਚ ਜਾਵੇਗਾ।
ਉਹ ਦੁਬਈ ਜਾਣਾ ਚਾਹੁੰਦਾ ਸੀ। ਦੁਬਈ ਪਹੁੰਚਣ 'ਤੇ ਗੁਪਤਾ ਨਾਂ ਦੇ ਇੱਕ ਟ੍ਰੈਵਲ ਏਜੰਟ ਨੇ ਉਸਨੂੰ ਇਰਾਕ ਵਿੱਚ ਕੰਮ ਕਰਨ ਲਈ ਮਨਾ ਲਿਆ।

ਤਸਵੀਰ ਸਰੋਤ, Gurpreet Chawla/BBC
ਹਰਜੀਤ ਨੇ ਦੱਸਿਆ ਕਿ ਉਨ੍ਹਾਂ ਇਰਾਕ ਜਾਣ ਲਈ 1.3 ਲੱਖ ਰੁਪਏ ਉਧਾਰ ਲਏ ਸਨ। ਆਪਣੇ ਦੋਸਤਾਂ ਤੋਂ ਇਰਾਕ ਵਿੱਚ ਕੰਮ ਕਰਨ ਦੇ ਹਾਲਾਤ ਅਤੇ ਤਨਖਾਹ ਬਾਰੇ ਸੁਣ ਕੇ ਹਰਜੀਤ ਖੁਸ਼ ਹੋ ਗਿਆ।
ਸ਼ੁਰੂਆਤ ਦੇ ਕੁਝ ਮਹੀਨੇ ਵਧੀਆ ਰਹੇ, ਉਦੋਂ ਤਨਖ਼ਾਹ ਸਮੇਂ 'ਤੇ ਆ ਰਹੀ ਸੀ। ਹੌਲੀ ਹੌਲੀ ਤਨਖਾਹ ਘੱਟ ਆਉਣ ਲੱਗੀ ਅਤੇ ਹਾਲਾਤ ਵਿਗੜਨ ਲੱਗੇ।
ਇਰਾਕ 'ਚ ਕਾਮਿਆਂ ਦੇ ਹਾਲਾਤ
ਹਰਜੀਤ ਮਸੀਹ ਨੇ ਦੱਸਿਆ ਕਿ ਉਹ ਉੱਥੇ ਕਿਸੇ ਕੰਸਟ੍ਰਕਸ਼ਨ ਕੰਪਨੀ ਵਿੱਚ ਕੰਮ ਕਰਦਾ ਸੀ। ਸਖ਼ਤ ਮਿਹਨਤ ਕਰਨੀ ਪੈਂਦੀ ਸੀ ਉੱਤੋਂ ਜ਼ਿੰਦਗੀ ਵੀ ਆਮ ਵਰਗੀ ਨਹੀਂ ਸੀ।
ਹਰਜੀਤ ਮੁਤਾਬਕ ਇਰਾਕ ਵਿੱਚ ਵਰਕਰਾਂ ਨੂੰ ਫੈਕਟਰੀ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ।
ਜੇ ਕਿਸੇ ਨੇ ਘਰ ਪੈਸੇ ਭੇਜਣ ਲਈ ਬਾਹਰ ਜਾਣਾ ਹੁੰਦਾ ਤਾਂ ਉਸਨੂੰ ਇੱਕ ਵੱਖਰਾ ਆਈਡੀ ਕਾਰਡ ਦਿੱਤਾ ਜਾਂਦਾ ਅਤੇ ਇੱਕ ਲੋਕਲ ਬੰਦੇ ਨੂੰ ਵੀ ਨਾਲ ਭੇਜਿਆ ਜਾਂਦਾ ਸੀ।
ਹਰਜੀਤ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਕੋਲ ਖ਼ਬਰ ਦਾ ਕੋਈ ਜ਼ਰੀਆ ਨਹੀਂ ਸੀ। ਉਹ ਸਿਰਫ਼ ਇਹ ਜਾਣਦੇ ਸਨ ਕਿ ਕਈ ਵਾਰ ਸ਼ਹਿਰ ਵਿੱਚ ਕਰਫਿਊ ਲੱਗਦਾ ਹੈ ਅਤੇ ਗੋਲੀਆਂ ਦੀਆਂ ਆਵਾਜ਼ਾਂ ਸੁਣਦੀਆਂ ਸਨ।
ਹਰਜੀਤ ਨੂੰ ਲਗਦਾ ਹੈ ਕਿ ਅਜੇ ਵੀ ਪੰਜਾਬ ਵਿੱਚ ਰੋਜ਼ੀ ਰੋਟੀ ਕਮਾਉਣ ਦੇ ਹਾਲਾਤ ਮਾੜੇ ਹਨ ਅਤੇ ਉਨ੍ਹਾਂ ਦੀ ਹਾਲਤ ਵਿੱਚ ਵੀ ਕੋਈ ਸੁਧਾਰ ਨਹੀਂ ਹੋਇਆ ਹੈ।
ਉਨ੍ਹਾਂ ਕਿਹਾ ਕਿ ਉਹ ਵਾਪਸ ਇਰਾਕ ਨਹੀਂ ਜਾਣਗੇ ਪਰ ਪੰਜਾਬ ਵਿੱਚ ਕਈ ਹੋਰ ਨੌਜਵਾਨ ਹਨ ਜੋ ਰੋਜ਼ੀ ਰੋਟੀ ਲਈ ਇਹ ਖਤਰਾ ਲਈ ਚੁੱਕਣ ਨੂੰ ਤਿਆਰ ਹਨ।












