ਨਾਇਜੀਰੀਆ 'ਚ ਬੋਕੋ ਬਾਗੀਆਂ ਨੇ ਅਗਵਾ ਸਕੂਲੀ ਕੁੜੀਆਂ ਰਿਹਾਅ ਕੀਤੀਆ

ਤਸਵੀਰ ਸਰੋਤ, Reuters
ਨਾਇਜੀਰੀਆ ਸਰਕਾਰ ਨੇ ਕਿਹਾ ਹੈ ਕਿ ਪਿਛਲੇ ਮਹੀਨੇ ਡੈਪਚੀ ਕਸਬੇ ਤੋਂ ਅਗਵਾ ਕੀਤੀਆਂ ਗਈਆਂ ਜ਼ਿਆਦਾਤਰ ਸਕੂਲੀ ਬੱਚੀਆਂ ਰਿਹਾਅ ਕਰ ਦਿੱਤੀਆਂ ਗਈਆਂ ਹਨ।
ਮੁਲਕ ਦੇ ਸੂਚਨਾ ਮੰਤਰੀ ਮੁਤਾਬਕ 110 ਕੁੜੀਆਂ ਵਿੱਚੋਂ 76 ਕੁੜੀਆਂ ਅੱਜ ਸਵੇਰੇ ਆਪਣੇ ਕਸਬੇ ਵਿੱਚ ਪਹੁੰਚ ਗਈਆਂ ਹਨ।
ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੁੜੀਆਂ ਦੇ ਵਾਪਸ ਪਰਤਣ ਤੋਂ ਬਾਅਦ ਫੌਜ ਨੇ ਆਪਣਾ ਆਪਰੇਸ਼ਨ ਰੋਕ ਦਿੱਤਾ ਹੈ, ਤਾਂ ਜੋ ਹੋਰ ਮਨੁੱਖੀ ਜਾਨਾਂ ਜਾਣ ਤੋਂ ਰੋਕੀਆਂ ਜਾ ਸਕਣ।
ਇਸ ਬਿਆਨ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਕੁੜੀਆਂ ਨੂੰ ਛੁਡਾਉਣ ਲਈ ਕੀਤੀ ਗਈ ਕਾਰਵਾਈ ਦੌਰਾਨ ਕਿੰਨੀਆਂ ਕੁੜੀਆਂ ਦੀ ਮੌਤ ਹੋ ਗਈ ਹੈ।
ਨਾਇਜੀਰੀਆ ਦੇ ਸੂਚਨਾ ਮੰਤਰੀ ਅਲਹਾਜੀ ਲਾਏ ਮੁਹੰਮਦ ਨੇ ਦੱਸਿਆ ਕਿ ਕੁੜੀਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਵਾਇਆ ਗਿਆ ਹੈ ਅਤੇ ਇਹ ਮੁਲਕ ਦੇ ਕੁਝ ਹਮਦਰਦਾਂ ਦੀ ਮਦਦ ਨਾਲ ਸੰਭਵ ਹੋ ਸਕਿਆ ਹੈ।

ਤਸਵੀਰ ਸਰੋਤ, Getty Images
ਮੁਹੰਮਦ ਦਾ ਕਹਿਣਾ ਸੀ ਕਿ ਕੁੜੀਆਂ ਦੀ ਜ਼ਿੰਦਗੀ ਦਾ ਸਵਾਲ ਹੋਣ ਕਰਕੇ ਸਰਕਾਰ ਨੇ ਹਿੰਸਕ ਕਾਰਵਾਈ ਦੀ ਬਜਾਇ ਅਹਿੰਸਾ ਦਾ ਰਾਹ ਚੁਣਿਆ ਸੀ।
ਇੱਕ ਕੁੜੀ ਦੇ ਪਿਤਾ ਕੁਡਿੰਲੀ ਬੂਕਰ ਨੇ ਬੀਬੀਸੀ ਨੂੰ ਦੱਸਿਆ ਕਿ ਬੋਕੋ-ਹਰਾਮ ਦੇ ਅੱਤਵਾਦੀ ਬੁੱਧਵਾਰ ਨੂੰ ਸਵੇਰੇ ਗੱਡੀਆਂ ਦੇ ਕਾਫ਼ਲੇ ਵਿੱਚ ਆਏ ਅਤੇ ਕੁੜੀਆਂ ਨੂੰ ਮਾਪਿਆਂ ਹਵਾਲੇ ਕਰ ਗਏ।
ਇੱਕ ਵਿਅਕਤੀ ਨੇ ਦੱਸਿਆ ਕਿ ਉਸ ਦੀ ਆਪਣੀ ਕੁੜੀ ਨਾਲ ਫ਼ੋਨ ਉੱਤੇ ਗੱਲ ਹੋ ਗਈ ਸੀ।
ਇਨ੍ਹਾਂ ਕੁੜੀਆਂ ਨੂੰ ਬੀਤੇ ਮਹੀਨੇ 19 ਫਰਵਰੀ ਨੂੰ ਸਕੂਲ ਤੋਂ ਅਗਵਾ ਕਰ ਲਿਆ ਗਿਆ ਸੀ।
ਬੋਕੋ ਹਰਾਮ ਦਾ ਪਿਛੋਕੜ
- ਸਥਾਨਕ ਤੌਰ 'ਤੇ ਬੋਕੋ ਹਰਾਮ ਦੇ ਤੌਰ ਜਾਣਿਆ ਜਾਂਦਾ ਹੈ, ਜਿਸ ਦਾ ਮਤਲਬ ਹੈ "ਪੱਛਮੀ ਸਿੱਖਿਆ ਮਨ੍ਹਾ ਹੈ"
- ਇਸਲਾਮੀ ਰਾਜ ਬਣਾਉਣ ਲਈ 2009 ਵਿੱਚ ਹਿੰਸਕ ਕਾਰਵਾਈਆਂ ਸ਼ੁਰੂ ਕੀਤੀਆਂ।
- 2013 ਵਿੱਚ ਅਮਰੀਕਾ ਵਲੋਂ ਇੱਕ ਅੱਤਵਾਦੀ ਗਰੁੱਪ ਐਲਾਨਿਆ ਗਿਆ
- 2014 ਵਿੱਚ ਜਿਨ੍ਹਾਂ ਖੇਤਰਾਂ ਉੱਤੇ ਕਬਜ਼ਾ ਕੀਤਾ, ਨੂੰ ਇੱਕ ਕੈਲੀਫੇਟ ਐਲਾਨਿਆ।
- ਫ਼ੌਜ ਨੇ ਜ਼ਿਆਦਾਤਰ ਖੇਤਰਾਂ ਨੂੰ ਮੁੜ ਕਬਜ਼ੇ ਵਿੱਚ ਲੈ ਲਿਆ।












