ਭਾਰਤ ਦਾ ਅਜ਼ਾਦੀ ਦਿਹਾੜਾ: ਯੂਸੀਸੀ, ਇੱਕ ਦੇਸ ਇੱਕ ਚੋਣ ਅਤੇ ਔਰਤਾਂ ਦੀ ਸੁਰੱਖਿਆ- ਨਰਿੰਦਰ ਮੋਦੀ ਦੇ ਭਾਸ਼ਣ ਦੇ 10 ਮੁੱਖ ਨੁਕਤੇ

ਤਸਵੀਰ ਸਰੋਤ, Narendra Modi/YT
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ ਦੇ 78ਵੇ ਅਜ਼ਾਦੀ ਦਿਵਸ ਮੌਕੇ ਦਿੱਲੀ ਦੇ ਲਾਲ ਕਿਲ੍ਹੇ ਤੋਂ ਕੌਮੀ ਝੰਡਾ ਲਹਿਰਾਇਆ।
ਜੂਨ ਵਿੱਚ ਐਲਾਨੇ ਗਏ ਆਮ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇਸ ਅਹੁਦੇ ਉੱਤੇ ਇਹ ਉਨ੍ਹਾਂ ਦਾ ਤੀਜਾ ਕਾਰਜਕਾਲ ਹੈ।
ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਅਜ਼ਾਦੀ ਦਿਹਾੜਾ ਹੈ।
ਇਸ ਵਾਰ ਦੇ ਸਮਾਗਮ ਵਿੱਚ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਆਗੂ ਵਜੋਂ ਸ਼ਾਮਲ ਹੋਏ।
ਪਿਛਲੇ ਦਸ ਸਾਲਾਂ ਦੌਰਾਨ ਅਜ਼ਾਦੀ ਦਿਹਾੜੇ ਦੇ ਕੌਮੀ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਉਹ ਵਿਰੋਧੀ ਧਿਰ ਦੇ ਪਹਿਲੇ ਆਗੂ ਹਨ।
End of ਨਰਿੰਦਰ ਮੋਦੀ ਦੇ ਲਾਈਵ ਭਾਸ਼ਣ ਦੇਖਣ ਲਈ ਕਲਿੱਕ ਕਰੋ
ਪ੍ਰਧਾਨ ਮੰਤਰੀ ਮੋਦੀ ਦੇ ਸੰਬੋਧਨ ਦੇ 10 ਵੱਡੇ ਨੁਕਤੇ
- ਭਾਰਤ ਜਦੋਂ 2047 ਵਿੱਚ ਅਜ਼ਾਦੀ ਦੀ 100ਵੀਂ ਵਰ੍ਹੇਗੰਢ ਮਨਾਵੇ ਉਦੋਂ ਤੱਕ ਇੱਕ ਵਿਕਸਿਤ ਭਾਰਤ ਬਣਾਉਣਾ ਹੈ।
- ਦੇਸ ਵਿੱਚ ਗਵਰਨੈਂਸ ਦੀਆਂ ਤਿੰਨ ਲੱਖ ਦੇ ਕਰੀਬ ਇਕਾਈਆਂ ਹਨ। ਸਾਰੀਆਂ ਇਕਾਈਆਂ ਲੋਕ ਹਿੱਤ ਵਿੱਚ ਇੱਕ ਸਾਲ ਦੇ ਅੰਦਰ ਸਿਰਫ ਦੋ ਸੁਧਾਰ ਕਰਨ, ਤਾਂ ਜੋ ਲੋਕਾਂ ਦੀਆਂ ਮੁਸ਼ਕਿਲਾਂ ਘਟਣ।
- ਪ੍ਰਧਾਨ ਮੰਤਰੀ ਨੇ ਆਪਣੇ ਤੀਜੇ ਕਾਰਜ ਕਾਲ ਨੂੰ ਆਪਣੇ ਲਈ ਸੇਵਾ ਦਾ ਮੌਕਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਆਪਣੇ ਤੀਜੇ ਕਾਰਜ ਕਾਲ ਦੌਰਾਨ ਉਹ ਤਿੰਨ ਗੁਣਾਂ ਸ਼ਕਤੀ ਨਾਲ ਹਰ ਦਿਨ ਚੌਵੀ ਘੰਟੇ ਕੰਮ ਕਰਨਗੇ।
- ਉਨ੍ਹਾਂ ਨੇ ਸਿੱਖਿਆ ਵਿੱਚ ਮਾਂ-ਬੋਲੀ ਦੇ ਮਹੱਤਵ ਬਾਰੇ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਪੰਜ ਸਾਲਾਂ ਦੌਰਾਨ ਦੇਸ ਵਿੱਚ ਮੈਡੀਕਲ ਦੀਆਂ 75 ਹਜ਼ਾਰ ਹੋਰ ਸੀਟਾਂ ਪੈਦਾ ਕੀਤੀਆਂ ਜਾਣਗੀਆਂ ਤਾਂ ਜੋ ਵਿਦਿਆਰਥੀਆਂ ਨੂੰ ਵਿਦੇਸ਼ ਨਾ ਜਾਣਾ ਪਵੇ।
- ਉਨ੍ਹਾਂ ਨੇ ਕਿਹਾ ਕਿ ਔਰਤਾਂ ਨਾਲ ਹੁੰਦੇ ਬਲਾਤਕਾਰਾਂ ਦੀ ਹੀ ਚਰਚਾ ਨਾ ਕੀਤੀ ਜਾਵੇ ਸਗੋਂ ਮੁਲਜ਼ਮਾਂ ਨੂੰ ਮਿਲਣ ਵਾਲੀ ਸਜ਼ਾ ਦੀ ਵੀ ਢੁਕਵੀਂ ਚਰਚਾ ਹੋਣੀ ਚਾਹੀਦੀ ਹੈ ਤਾਂ ਜੋ ਅਪਰਾਧੀਆਂ ਦੇ ਮਨ ਵਿੱਚ ਡਰ ਪੈਦਾ ਹੋਵੇ।
- ਆਧੁਨਿਕ ਭਾਰਤ ਵਿੱਚ ਵੰਡੀਆਂ ਪਾਉਣ ਵਾਲੇ ਕਨੂੰਨਾਂ ਦੀ ਕੋਈ ਥਾਂ ਨਹੀਂ ਹੈ ਇਸ ਲਈ ਇੱਕ ਧਰਮ ਨਿਰਪੱਖ ਸਿਵਲ ਕੋਡ ਦੀ ਲੋੜ ਹੈ।
- ਬਦਲ ਰਹੇ ਵਾਤਾਵਰਣ ਦੇ ਮੱਦੇ ਨਜ਼ਰ ਉਨ੍ਹਾ ਨੇ ਕਿਹਾ ਕਿ ਭਾਰਤ ਨੈੱਟ ਜ਼ੀਰੋ ਦਾ ਟੀਚਾ ਲੈ ਕੇ ਚੱਲ ਰਿਹਾ ਹੈ ਅਤੇ 2030 ਤੱਕ ਭਾਰਤੀ ਰੇਲਵੇ ਨੂੰ ਕਾਰਬਨ ਨਿਊਟਰਲ ਕਰ ਦਿੱਤਾ ਜਾਵੇਗਾ।
- ਉਨ੍ਹਾਂ ਨੇ ਪੈਰਿਸ ਓਲੰਪਿਕ ਤੋਂ ਪਰਤੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਪੈਰਾ ਓਲੰਪਿਕ ਵਿੱਚ ਜਾਣ ਵਾਲੇ ਦਲ ਨੂੰ ਸ਼ੁੱਭ ਇਛਾਵਾਂ ਦਿੰਦਿਆਂ ਕਿਹਾ ਕਿ ਭਾਰਤ 2036 ਦੀਆਂ ਖੇਡਾਂ ਦੀ ਮੇਜ਼ਬਾਨੀ ਕਰਨ ਲ਼ਈ ਕੋਸ਼ਿਸ਼ ਕਰ ਰਿਹਾ ਹੈ।
- ਦੁਨੀਆਂ ਨੂੰ ਭਾਰਤ ਦੀ ਤਰੱਕੀ ਤੋਂ ਫਿਕਰਮੰਦ ਨਹੀਂ ਹੋਣਾ ਚਾਹੀਦਾ ਕਿਉਂਕਿ “ਅਸੀਂ ਬੁੱਧ ਦਾ ਦੇਸ ਹਾਂ ਯੁੱਧ ਸਾਡਾ ਧਰਮ ਨਹੀਂ ਹੈ।”
- ਉਨ੍ਹਾਂ ਨੇ ਕਿਹਾ ਕਿ ਸਿਆਸਤ ਵਿੱਚੋਂ ਪਰਿਵਾਰਵਾਦ ਖ਼ਤਮ ਕਰਨ ਲਈ ਦੇਸ ਭਰ ਵਿੱਚੋਂ ਇੱਕ ਲੱਖ ਅਜਿਹੇ ਨੌਜਵਾਨ ਸਿਆਸਤ ਵਿੱਚ ਲਿਆਂਦੇ ਜਾਣਗੇ ਜਿਨ੍ਹਾਂ ਦਾ ਕੋਈ ਵੀ ਸਿਆਸੀ ਪਿਛੋਕੜ ਨਾ ਹੋਵੇ।

ਬਲੀਦਾਨੀਆਂ ਨੂੰ ਨਮਨ ਕਰਨ ਦਾ ਦਿਨ
ਅੱਜ ਦਾ ਦਿਨ ਅਜ਼ਾਦੀ ਦੇ ਲਈ ਆਪਣਾ ਬਲੀਦਾਨ ਦੇਣ ਵਾਲੇ ਲੋਕਾਂ ਨੂੰ ਯਾਦ ਕਰਨ ਅਤੇ ਉਨ੍ਹਾਂ ਨੂੰ ਨਮਨ ਕਰਨ ਦਾ ਦਿਨ ਹੈ।
ਕੁਦਰਤੀ ਸੰਕਟ ਕਾਰਨ ਸਾਡਾ ਸਾਰਿਆਂ ਦਾ ਫਿਕਰ ਵਧਦਾ ਜਾ ਰਿਹਾ ਹੈ।
ਇਸ ਵਿੱਚ ਕਈਆਂ ਨੇ ਆਪਣੇ ਪਰਿਵਾਰਕ ਮੈਂਬਰ ਗੁਆਏ ਹਨ ਅਤੇ ਰਾਸ਼ਟਰ ਦਾ ਵੀ ਨੁਕਸਾਨ ਹੋਇਆ। ਦੇਸ ਉਨ੍ਹਾਂ ਦੇ ਨਾਲ ਖੜ੍ਹਾ ਹੈ।
ਅਜ਼ਾਦੀ ਤੋਂ ਪਹਿਲਾਂ ਸੈਂਕੜੇ ਸਾਲ ਦੀ ਗੁਲਾਮੀ, ਹਰੇਕ ਕਾਲ ਖੰਡ ਸੰਘਰਸ਼ ਦਾ ਕਾਲ ਖੰਡ ਰਿਹਾ ਹੈ।
1857 ਅਤੇ ਉਸ ਤੋਂ ਪਹਿਲਾਂ ਵੀ ਸਾਡੇ ਕਈ ਆਦਿ ਵਾਸੀ ਖੇਤਰਾਂ ਵਿੱਚ ਅਜ਼ਾਦੀ ਦਾ ਸੰਘਰਸ਼ ਲੜਿਆ ਜਾਂਦਾ ਰਿਹਾ ਹੈ।
ਸਾਰੇ ਸੰਘਰਸ਼ ਦੇ ਬਾਵਜੂਦ ਉਸ ਸਮੇਂ ਦੇ ਹਿਸਾਬ ਨਾਲ 40 ਕਰੋੜ ਸਾਡੇ ਪੂਰਵਜ ਅਜ਼ਾਦੀ ਲਈ ਲੜਦੇ ਰਹੇ।
ਉਨ੍ਹਾਂ ਦਾ ਹੀ ਖੂਨ ਸਾਡੀਆਂ ਰਗਾਂ ਵਿੱਚ ਹੈ, ਜੇ 40 ਕਰੋੜ ਅਜ਼ਾਦੀ ਲੈ ਸਕਦੇ ਹਨ ਤਾਂ 140 ਕਰੋੜ ਦੇ ਮੇਰੇ ਪਰਿਵਾਰਕ ਮੈਂਬਰ ਦੇ ਸੰਕਲਪ ਲੈ ਕੇ ਚੱਲਣ ਤਾਂ ਚੁਣੌਤੀਆਂ ਭਾਵੇਂ ਕਿੰਨੀਆਂ ਵੀ ਹੋਣ, ਅਸੀਂ 2027 ਤੱਕ ਵਿਕਸਿਤ ਭਾਰਤ ਦਾ ਟੀਚਾ ਪੂਰਾ ਕਰ ਸਕਦੇ ਹਾਂ।

ਤਸਵੀਰ ਸਰੋਤ, Narendra Modi/YT
ਵਿਕਸਤ ਭਾਰਤ ਲਈ ਲੋਕਾਂ ਦੇੇ ਸੁਝਾਅ
ਇੱਕ ਸਮਾਂ ਸੀ ਜਦੋਂ ਲੋਕ ਦੇਸ ਲਈ ਜਾਨ ਦੇਣ ਲਈ ਵਚਨਬੱਧ ਸਨ, ਲੇਕਿਨ ਅੱਜ ਦੇਸ ਲਈ ਜਿਉਣ ਦਾ ਸਮਾਂ ਹੈ।
ਵਿਕਸਿਤ ਭਾਰਤ 2047 ਸਿਰਫ਼ ਇੱਕ ਭਾਸ਼ਣ ਨਹੀਂ ਹੈ ਸਗੋਂ ਇਸ ਪਿੱਛੇ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ, ਦੇਸ ਦੇ ਕਰੋੜਾਂ ਨਾਗਰਿਕਾਂ ਤੋਂ ਸੁਝਾਅ ਲਏ ਜਾ ਰਹੇ ਹਨ।
ਦੇਸ ਦੇ ਨਾਗਰਿਕਾਂ ਨੇ 2047 ਤੱਕ ਜਦੋਂ ਦੇਸ ਅਜ਼ਾਦੀ ਦੀ 100ਵੀਂ ਵਰ੍ਹੇਗੰਢ ਮਨਾਵੇਗਾ ਤਾਂ ਦੇਸ ਕਿਹੋ-ਜਿਹਾ ਹੋਵੇ? ਇਸ ਸੰਬੰਧੀ ਬਹੁਤ ਸੁਝਾਅ ਦਿੱਤੇ ਹਨ।
ਪ੍ਰਧਾਨ ਮੰਤਰੀ ਨੇ ਲੋਕਾਂ ਵੱਲੋਂ ਮਿਲੇ ਕੁਝ ਸੁਝਾਅ ਗਿਣਵਾਏ—
- ਸਾਡੀਆਂ ਯੂਨੀਵਰਸਿਟੀਆਂ ਵਿਸ਼ਵ ਪੱਧਰੀ ਹੋਣੀਆਂ ਚਾਹੀਦੀਆਂ ਹਨ।
- ਸਾਡਾ ਮੀਡੀਆ ਗਲੋਬਾਲ ਹੋਣਾ ਚਾਹੀਦਾ ਹੈ।
- ਸਾਡਾ ਸਕਿੱਲਡ ਨੌਜਵਾਨ ਦੁਨੀਆਂ ਦੀ ਪਹਿਲੀ ਪਸੰਦ ਹੋਣਾ ਚਾਹੀਦਾ ਹੈ।
- ਦੇਸ ਦੇ ਕਿਸਾਨਾਂ ਵੱਲੋਂ ਪੈਦਾ ਕੀਤੇ ਜਾ ਰਹੇ ਮੋਟੇ ਅਨਾਜ ਨੂੰ ਦੁਨੀਆਂ ਤੱਕ ਪਹੁੰਚਾਉਣਾ ਹੈ।
- ਨਿਆਂ ਪ੍ਰਣਾਲੀ ਵਿੱਚ ਸੁਧਾਰ ਸਮੇਂ ਦੀ ਮੰਗ ਹੈ।
- ਭਾਰਤ ਦਾ ਆਪਣਾ ਪੁਲਾੜ ਸਟੇਸ਼ਨ ਜਲਦੀ ਤੋਂ ਜਲਦੀ ਬਣਨਾ ਚਾਹੀਦਾ ਹੈ।
- ਕਈ ਲੋਕਾਂ ਨੇ ਕਿਹਾ ਕਿ ਭਾਰਤ ਬਿਨਾਂ ਦੇਰੀ ਤੋਂ ਦੁਨੀਆਂ ਦੀ ਤੀਜੀ ਸਭ ਤੋਂ ਵੱਡੀ ਆਰਥਿਕਤਾ ਬਣਨੀ ਚਾਹੀਦੀ ਹੈ।

ਤਸਵੀਰ ਸਰੋਤ, Narendra Modi/YT
'ਸਭ ਚੱਲਣ ਦਿਓ' ਵਾਲੀ ਮਾਨਸਿਕਤਾ ਬਦਲੀ
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ ਦੇ ਗਰੀਬ ਅਤੇ ਵੰਚਿਤ ਵਰਗਾਂ ਦੇ ਲੋਕ ਸਰਕਾਰੀ ਸਕੀਮਾਂ ਤੋਂ ਵਾਂਝੇ ਰਹਿ ਰਹੇ ਸਨ।
ਕਰੋਨਾ ਦੇ ਸੰਕਟ ਵਿੱਚ ਦੁਨੀਆਂ ਵਿੱਚ ਸਭ ਤੋਂ ਤੇਜ਼ ਗਤੀ ਨਾਲ ਟੀਕਾਕਰਨ ਕੀਤਾ ਗਿਆ।
ਉਨ੍ਹਾਂ ਨੇ ਦੱਸਿਆ ਕਿ 'ਹਰ ਘਰ ਨਲ ਯੋਜਨਾ' ਸਮੇਤ ਸਰਕਾਰ ਦੀਆਂ ਹੋਰ ਸਕੀਮਾਂ ਤੋਂ ਕਿੰਨੇ ਲੋਕਾਂ ਨੂੰ ਲਾਭ ਪਹੁੰਚਿਆ ਹੈ।
ਨਵਿਉਣਯੋਗ ਊਰਜਾ ਵਿੱਚ ਜੀ20 ਦੇਸਾਂ ਵਿੱਚੋਂ ਸਭ ਤੋਂ ਜ਼ਿਆਦਾ ਯੋਗਦਾਨ ਭਾਰਤ ਨੇ ਪਾਇਆ।
ਦੇਸ ਦੀ ਸੈਨਾ ਦੇ “ਸਰਜੀਕਲ ਸਟਰਾਈਕ” ਕਾਰਨ ਅਤੇ ਹੋਰ ਕਦਮਾਂ ਕਰਕੇ ਨਾਗਰਿਕਾਂ ਦਾ ਮਨ ਫਖ਼ਰ ਹੋਇਆ ਹੈ।
“ਦੇਸ ਵਿੱਚ ਜਿਵੇਂ ਚਲਦਾ ਹੈ ਚੱਲਣ ਦਿਓ” ਦੀ ਮਾਨਸਿਕਤਾ ਭਾਰੂ ਸੀ। ਲੇਕਿਨ ਅਸੀਂ ਉਸ ਨੂੰ ਬਦਲਣ ਲਈ ਕੰਮ ਕੀਤਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਕਿਹਾ ਜਾਂਦਾ ਸੀ ਕਿ ਅਗਲੀ ਪੀੜ੍ਹੀ ਦੀ ਫਿਕਰ ਅਸੀਂ ਕਿਉਂ ਦੇਖੀਏ, ਸਾਨੂੰ ਮੌਕਾ ਮਿਲਿਆ ਹੈ ਅਸੀਂ ਮੌਜਾਂ ਕਰੀਏ।
ਉਨ੍ਹਾਂ ਨੇ ਕਿਹਾ ਕਿ ਸਾਡੇ ਸੁਧਾਰ ਕਿਸੇ ਮਜਬੂਰੀ ਵੱਸ ਨਹੀਂ ਸਗੋਂ ਦੇਸ ਨੂੰ ਮਜ਼ਬੂਤ ਬਣਾਉਣ ਲਈ ਹੈ। ਇਹ ਸੁਧਾਰ ਸਿਰਫ਼ ਬੌਧਿਕ ਵਿਚਾਰਾਂ ਦਾ ਮਸਲਾ ਨਹੀਂ ਹਨ।
ਉਨ੍ਹਾਂ ਨੇ ਕਿਹਾ ਕਿ “ਮੇਰਾ ਭਾਰਤ ਮਹਾਨ ਬਣੇ” ਇਸ ਨੂੰ ਲੈ ਕੇ ਅਸੀਂ ਕੰਮ ਕਰਦੇ ਹਾਂ।

ਤਸਵੀਰ ਸਰੋਤ, Narendra Modi/YT
10 ਕਰੋੜ ਔਰਤਾਂ ਦਾ ਸਸ਼ਕਤੀਕਰਨ
ਬੈਂਕਿੰਗ ਖੇਤਰ ਦੇ ਸੁਧਾਰਾਂ ਕਾਰਨ ਸਾਡੇ ਬੈਂਕਾਂ ਨੇ ਦੁਨੀਆਂ ਦੇ ਸਭ ਤੋਂ ਮਜ਼ਬੂਤ ਬੈਂਕਾਂ ਵਿੱਚ ਥਾਂ ਬਣਾਈ ਹੈ।
ਜਦੋਂ ਬੈਂਕ ਮਜ਼ਬੂਤ ਹੁੰਦੇ ਹਨ ਤਾਂ ਦੇਸ ਦੀ ਰਸਮੀ ਆਰਥਿਕਤਾ ਮਜ਼ਬੂਤ ਹੁੰਦੀ ਹੈ।
ਅਜ਼ਾਦੀ ਤੋਂ ਬਾਅਦ ਲੋਕਾਂ ਨੂੰ ਮਾਈ ਬਾਪ ਦੇ ਕਲਚਰ ਵਿੱਚੋਂ ਲੰਘਣਾ ਪਿਆ। ਸਰਕਾਰ ਤੋਂ ਮੰਗਦੇ ਰਹੋ ਬਸ। ਅਸੀਂ ਇਸ ਨੂੰ ਬਦਲਿਆ ਹੈ, ਸਰਕਾਰ ਖ਼ੁਦ ਉਸ ਦੇ ਘਰ ਤੱਕ ਹਰ ਸਹੂਲਤ ਪਹੁੰਚਾ ਰਹੀ ਹੈ।
ਸਾਡੇ ਸੀਈਓ ਦੁਨੀਆਂ ਭਰ ਵਿੱਚ ਆਪਣੀ ਧਾਂਕ ਜਮਾ ਰਹੇ ਹਨ। ਦੂਜੇ ਪਾਸੇ ਔਰਤਾਂ ਦੇ ਸੈਲਫ਼-ਹੈਲਪ ਗਰੁਪਾਂ ਰਾਹੀਂ ਇੱਕ ਕਰੋੜ ਔਰਤਾਂ ਲਖਪਤੀ ਦੀਦੀਆਂ ਬਣ ਰਹੀਆਂ ਹਨ।
ਉਨ੍ਹਾਂ ਨੇ ਕਿਹਾ ਪਿੰਡਾਂ ਦੀਆਂ 10 ਕਰੋੜ ਔਰਤਾਂ ਆਰਥਿਕ ਰੂਪ ਵਿੱਚ ਆਤਮ ਨਿਰਭਰ ਬਣ ਰਹੀਆਂ ਹਨ।
ਪੁਲਾੜ ਖੇਤਰ ਭਵਿੱਖ ਹੈ ਅਤੇ ਅੱਜ ਨਿੱਜੀ ਸੈਟਲਾਈਟ ਛੱਡੇ ਜਾ ਰਹੇ ਹਨ ਅਤੇ ਨਵੇਂ ਮੌਕੇ ਬਣ ਰਹੇ ਹਨ।

ਤਸਵੀਰ ਸਰੋਤ, Narendra Modi/YT
ਦੇਸ ਸਹੀ ਵੱਲ ਜਾ ਰਿਹਾ
ਉਨ੍ਹਾਂ ਨੇ ਕਿਹਾ ਕਿ ਦੇਸ ਵਿੱਚ ਗਵਰਨੈਂਸ ਦੀਆਂ ਕਰੀਬ ਤਿੰਨ ਲੱਖ ਇਕਾਈਆਂ ਹਨ। ਉਨ੍ਹਾਂ ਨੇ ਪੰਚਾਇਤਾਂ ਤੋਂ ਲੈਕੇ ਹਰ ਪੱਧਰ ਦੀਆਂ ਇਨ੍ਹਾਂ ਇਕਾਈਆਂ ਨੂੰ ਸੱਦਾ ਦਿੱਤਾ ਕਿ ਉਹ ਆਮ ਲੋਕਾਂ ਦੇ ਰਾਹ ਦੀਆਂ ਮੁਸ਼ਕਿਲਾਂ ਨੂੰ ਦੂਰ ਕਰ ਲਈ ਸਾਲ ਵਿੱਚ ਜ਼ਿਆਦਾ ਨਹੀਂ ਦੋ ਸੁਧਾਰ ਹੀ ਕਰਨ।
ਇਸ ਦੇ ਨਾਲ ਹੀ ਅਸੀਂ ਸਾਲ ਭਰ ਵਿੱਚ 25 ਲੱਖ ਦੇ ਕਰੀਬ ਸੁਧਾਰ ਕਰ ਸਕਦੇ ਹਾਂ।
ਕਰੋਨਾ ਕਾਲ ਵਿੱਚ ਸਭ ਤੋਂ ਤੇਜ਼ੀ ਨਾਲ ਆਰਥਿਕਤਾ ਨੂੰ ਬਿਹਤਰ ਬਣਾਉਣ ਵਾਲਾ ਜੇ ਕੋਈ ਦੇਸ ਹੈ ਤਾਂ ਉਹ ਸਾਡਾ ਦੇਸ ਹੈ।
ਅੱਜ ਨਾ ਧਰਮ ਹੈ ਨਾ ਜਾਤ ਅੱਜ ਹਰ ਘਰ ਤਿਰੰਗਾ ਹੈ। ਇਹ ਸਾਰਾ ਕੁਝ ਦੇਖ ਕੇ ਮਹਿਸੂਸ ਹੁੰਦਾ ਹੈ ਕਿ ਸਾਡੀ ਦਿਸ਼ਾ ਅਤੇ ਰਸਤਾ ਸਹੀ ਹਨ।
ਗਰਭਵਤੀ ਔਰਤਾਂ ਨੂੰ ਤਨਖਾਹ ਸਹਿਤ ਜਣੇਪਾ ਛੁੱਟੀ 12 ਤੋਂ 26 ਹਫ਼ਤੇ ਕੀਤੀ ਗਈ, ਤਾਂ ਜੋ ਦੇਸ ਦਾ ਇੱਕ ਵਧੀਆ ਨਾਗਰਿਕ ਬਣਾਉਣ ਲਈ ਜੋ ਮਾਂ ਦੀ ਲੋੜ ਹੈ ਉਸ ਵਿੱਚ ਸਰਕਾਰ ਰੁਕਾਵਟ ਨਾ ਬਣੇ।
ਸੱਤ ਸਾਲ ਬਾਅਦ ਤੀਜੀ ਵਾਰ ਤੁਸੀਂ ਸਾਨੂੰ ਲਗਤਾਰ ਸੇਵਾ ਦਾ ਮੌਕਾ ਦਿੱਤਾ ਹੈ। ਤੁਹਾਡੇ ਫਤਵੇ ਵਿੱਚ ਮੇਰੇ ਲਈ ਇੱਕ ਹੀ ਸੰਦੇਸ਼ ਹੈ, ਦੇਸ ਦੇ ਹਰ ਵਰਗ ਅਤੇ ਖੇਤਰ ਦੀ ਸੇਵਾ ਅਤੇ 2047 ਤੱਕ ਦੇਸ ਨੂੰ ਵਿਕਸਿਤ ਬਣਾਉਣਾ।
ਮੈਂ ਦੇਸ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਜੋ ਹੋ ਗਿਆ ਅਸੀਂ ਉਸ ਨਾਲ ਸੰਤੋਸ਼ ਨਹੀਂ ਕਰਨਾ ਸਗੋਂ ਹੋਰ ਅੱਗੇ ਵਧਣਾ ਹੈ।

ਤਸਵੀਰ ਸਰੋਤ, Narendra Modi/YT
ਵਿਦਿਆਰਥੀਆਂ ਲਈ ਐਲਾਨ
ਨਵੀਂ ਸਿੱਖਿਆ ਨੀਤੀ ਦੀ ਵਿਕਸਿਤ ਭਾਰਤ ਲਈ ਜਿਸ ਤਰ੍ਹਾਂ ਦੀ ਮਨੁੱਖੀ ਸ਼ਕਤੀ ਅਸੀਂ ਬਣਾਉਣਾ ਚਾਹੁੰਦੇ ਹਾਂ ਉਸ ਵਿੱਚ ਅਹਿਮ ਭੂਮਿਕਾ ਹੈ।
ਅਸੀਂ ਚਾਹੁੰਦੇ ਹਾਂ ਕਿ ਸਾਡੇ ਮੱਧ ਵਰਗ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਲੱਖਾਂ ਰੁਪਏ ਖਰਚ ਕਰਕੇ ਵਿਦੇਸ਼ ਨਾ ਜਾਣਾ ਪਵੇ ਸਗੋਂ ਵਿਦੇਸ਼ਾਂ ਤੋਂ ਵਿਦਿਆਰਥੀ ਇੱਥੇ ਪੜ੍ਹਨ ਆਉਣ।
ਸਾਡੀ ਪ੍ਰਚੀਨ ਨਾਲੰਦਾ ਯੂਨੀਵਰਸਿਟੀ ਨੇ ਇੱਕ ਵਾਰ ਫਿਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਦੇਸ ਨੂੰ ਅੱਗੇ ਲਿਜਾਣ ਲਈ ਸਾਨੂੰ “ਸਦੀਆਂ ਪੁਰਾਣੀ ਨਾਲੰਦਾ ਸਪਿਰਟ” ਨੂੰ ਜਿਉਣਾ ਹੋਵੇਗਾ।
ਨਵੀਂ ਸਿੱਖਿਆ ਨੀਤੀ ਮਾਂ ਬੋਲੀ ਉੱਤੇ ਜ਼ੋਰ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਬੋਲੀ ਦੇਸ ਦੀ ਪ੍ਰਤਿਭਾ ਦੇ ਰਾਹ ਦਾ ਰੋੜਾ ਨਹੀਂ ਬਣਨੀ ਚਾਹੀਦੀ। ਨੈਸ਼ਨਲ ਰਿਸਚਰ ਫਾਊਂਡੇਸ਼ਨ ਬਣਾ ਕੇ ਖੋਜ ਨੂੰ ਕਨੂੰਨੀ ਰੂਪ ਦਿੱਤਾ ਹੈ। ਸਾਡੇ ਹੁਣ ਦੇ ਬਜਟ ਵਿੱਚ ਰਿਸਰਚ ਅਤੇ ਇਨੋਵੇਸ਼ਨ ਲਈ ਇੱਕ ਲੱਖ ਕਰੋੜ ਰੁਪਏ ਦਿੱਤੇ ਹਨ।
ਦੇਸ ਦੇ ਕਰੀਬ 25 ਹਜ਼ਾਰ ਨੌਜਵਾਨ ਮੈਡੀਕਲ ਦੀ ਪੜ੍ਹਾਈ ਲਈ ਵਿਦੇਸ਼ ਜਾਂਦੇ ਹਨ। ਇਸਦੇ ਮੱਦੇ ਨਜ਼ਰ ਮੈਡੀਕਲ ਦੀਆਂ ਸੀਟਾਂ ਇੱਕ ਲੱਖ ਕਰ ਦਿੱਤੀਆਂ ਹਨ। ਅਗਲੇ ਆਉਣ ਵਾਲੇ ਪੰਜ ਸਾਲਾਂ ਦੌਰਾਨ ਮੈਡੀਕਲ ਖੇਤਰ ਵਿੱਚ 75 ਹਜ਼ਾਰ ਸੀਟਾਂ ਹੋਰ ਬਣਾਈਆਂ ਜਾਣਗੀਆਂ।
ਜੈਵਿਕ ਅਨਾਜ ਉਤਪਾਦਨ ਦਾ ਟੀਚਾ
ਸਾਡੇ ਦੇਸ ਦੀ ਜ਼ਮੀਨ ਖਾਦਾਂ ਦੀ ਵਰਤੋਂ ਕਾਰਨ ਆਪਣੀ ਉਪਜਾਊ ਸ਼ਕਤੀ ਗੁਆਉਂਦੀ ਜਾ ਰਹੀ ਹੈ।
ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਬਜਟ ਵਿੱਚ ਰਕਮ ਰੱਖੀ ਗਈ ਹੈ।
ਭਾਰਤ ਦੁਨੀਆਂ ਦੀ ਜੈਵਿਕ ਅਨਾਜ ਦਾ ਭੜੋਲਾ ਬਣ ਸਕਦਾ ਹੈ।
ਕਿਸਾਨਾਂ ਦਾ ਜੀਵਨ ਉੱਚਾ ਚੁੱਕਣ ਲਈ ਕੰਪਰੀਹੈਂਸਿਵ ਯਤਨ ਕੀਤੇ ਜਾ ਰਹੇ ਹਨ।

ਤਸਵੀਰ ਸਰੋਤ, DD News/YT
ਔਰਤਾਂ ਖ਼ਿਲਾਫ਼ ਅਪਰਾਧਾਂ ਦੀ ਚਿੰਤਾ
ਔਰਤਾਂ ਪ੍ਰਤੀ ਅਤਿਆਚਾਰਾਂ ਦੇ ਖਿਲਾਫ਼ ਸਮਾਜ ਵਿੱਚ ਰੋਸ ਹੈ।
ਔਰਤਾਂ ਵਿਰੁੱਧ ਹੋਣ ਵਾਲੇ ਅਪਰਾਧਾਂ ਦੀ ਜਲਦੀ ਜਾਂਚ ਹੋਵੇਂ ਅਤੇ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਸਜ਼ਾ ਮਿਲਣੀ ਚਾਹੀਦੀ ਹੈ।
ਉਨ੍ਹਾਂ ਨੇ ਕਿਹਾ ਕਿ ਜਦੋਂ ਕਿਸੇ ਔਰਤ ਨਾਲ ਬਲਾਤਕਾਰ ਹੁੰਦਾ ਹੈ ਤਾਂ ਉਸਦੀ ਬਹੁਤ ਚਰਚਾ ਹੁੰਦੀ ਹੈ, ਲੇਕਿਨ ਜਦੋਂ ਮੁਲਜ਼ਮ ਨੂੰ ਸਜ਼ਾ ਹੁੰਦੀ ਹੈ ਤਾਂ ਉਹ ਅਖ਼ਬਾਰ ਦੇ ਇੱਕ ਖੂੰਝੇ ਵਿੱਚ ਪਈ ਰਹਿੰਦੀ ਹੈ।
ਹੁਣ ਸਮਾਂ ਹੈ ਕਿ ਇਨ੍ਹਾਂ ਅਪਰਾਧੀਆਂ ਨੂੰ ਮਿਲਣ ਵਾਲੀ ਸਜ਼ਾ ਦੀ ਵੀ ਚਰਚਾ ਹੋਵੇ।

ਤਸਵੀਰ ਸਰੋਤ, DD News /You Tube
ਸਵਦੇਸ਼ੀ ਉਤਪਾਦਨ
ਪਹਿਲਾਂ ਦੇਸ ਦੇ ਰੱਖਿਆ ਖੇਤਰ ਦਾ ਵੱਡਾ ਹਿੱਸਾ ਬਾਹਰੋਂ ਚੀਜ਼ਾਂ ਮੰਗਵਾਉਣ ਉੱਤੇ ਖਰਚ ਕੀਤਾ ਜਾਂਦਾ ਸੀ।
ਲੇਕਿਨ ਹੁਣ ਦੇਸ ਅਸੀਂ ਇੱਥੇ ਹੀ ਡਿਫੈਂਸ ਖੇਤਰ ਦੇ ਉਤਪਾਦ ਬਣਾ ਰਹੇ ਹਾਂ ਅਤੇ ਬਾਹਰ ਭੇਜ ਰਹੇ ਹਾਂ।
ਅਸੀਂ ਰੱਖਿਆ ਵਿੱਚ ਆਤਮ ਨਿਰਭਰ ਹੋ ਰਹੇ ਹਾਂ।
ਮੈਂ 15 ਅਗਸਤ ਨੂੰ ਕਹਿ ਰਿਹਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਦੁਨੀਆਂ ਦਾ ਇੰਡਸਟਰੀਅਲ ਮੈਨੂਫੈਕਚਰਿੰਗ ਹੱਬ ਬਣ ਕੇ ਉੱਭਰੇਗਾ।
ਸੂਬਿਆਂ ਨੂੰ ਵਿਸ਼ਵੀ ਜ਼ਰੂਰਤਾਂ ਦੇ ਮੁਤਾਬਕ ਆਪਣੀਆਂ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਜਦੋਂ ਪੂਰੀ ਦੁਨੀਆਂ ਦੇ ਨਿਵੇਸ਼ਕ ਭਾਰਤ ਵਿੱਚ ਆਉਣਾ ਚਾਹੁੰਦੇ ਹਨ ਤਾਂ ਸਾਡੇ ਤੋਂ ਇਹ ਮੌਕਾ ਖੁੰਝ ਨਾ ਜਾਵੇ।
ਪ੍ਰਧਾਨ ਮੰਤਰੀ ਨੇ 'ਡਿਜ਼ਾਈਨ ਇਨ ਇੰਡੀਆ' ਅਤੇ 'ਡਿਜ਼ਾਈਨ ਫਾਰ ਦਿ ਵਰਲਡ' ਦੇ ਨਾਅਰੇ ਦਿੱਤੇ।
ਉਨ੍ਹਾਂ ਨੇ ਕਿਹਾ ਕਿ ਗੇਮਿੰਗ ਦਾ ਵੱਡਾ ਕਾਰੋਬਾਰ ਵਿਕਸਿਤ ਹੋ ਰਿਹਾ ਹੈ ਲੇਕਿਨ ਉਸ ਉੱਤੇ ਵਿਦੇਸ਼ੀ ਕੰਪਨੀਆਂ ਦਾ ਦਬਦਬਾ ਹੈ। ਭਾਰਤ ਨੂੰ ਇਸ ਪਾਸੇ ਅੱਗੇ ਵਧਣਾ ਚਾਹੀਦਾ ਹੈ।
ਗਲੋਬਲ ਵਾਰਮਿੰਗ
ਬਦਲ ਰਹੇ ਵਾਤਾਵਰਣ ਬਾਰੇ ਪੈਰਿਸ ਸਮਝੌਤੇ ਦੇ ਕਈ ਟੀਚਿਆਂ ਨੂੰ ਭਾਰਤ ਨੇ ਪੂਰਾ ਕੀਤਾ ਹੈ। ਜੋ ਜੀ20 ਦੇ ਦੇਸ ਵੀ ਨਾ ਕਰ ਸਕੇ। ਹੁਣ ਅਸੀਂ ਨੈੱਟ ਜ਼ੀਰੋ ਦਾ ਟੀਚਾ ਲੈ ਕੇ ਚੱਲੇ ਹਾਂ।
ਅਸੀਂ 2030 ਤੱਕ ਭਾਰਤੀ ਰੇਲਵੇ ਨੂੰ ਨੈਟ ਜ਼ੀਰੋ ਤੱਕ ਕਰਨ ਦਾ ਟੀਚਾ ਰੱਖਿਆ ਹੈ। ਬਿਜਲੀ ਦੇ ਵਾਹਨਾਂ ਨਾਲ ਲੋਕ ਆਪਣੇ ਆਵਾਜਾਈ ਦੇ ਖਰਚੇ ਨੂੰ ਘੱਟ ਕਰ ਸਕਦੇ ਹਨ।
ਇਸ ਖੇਤਰ ਵਿੱਚ ਹੋਣ ਵਾਲੇ ਵਿਕਾਸ ਨਾਲ ਗਰੀਨ ਜਾਬਸ ਦਾ ਖੇਤਰ ਦਾ ਵੀ ਮਹੱਤਵਪੂਰਨ ਹੈ।
2036 ਓਲੰਪਿਕ ਦੀ ਮੇਜ਼ਬਾਨੀ
ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਖਿਡਾਰੀਆਂ ਨੂੰ ਦੇਸ ਵਾਸੀਆਂ ਵੱਲੋਂ ਵਧਾਈ ਦਿੰਦਾ ਹਾਂ।
ਪੈਰਾ ਓਲੰਪਿਕ ਜਾਣ ਵਾਲੇ ਭਾਰਤੀ ਦਸਤੇ ਲਈ ਵੀ ਸ਼ੁੱਭ ਕਾਮਨਾਵਾਂ ਦਿੰਦਾ ਹਾਂ।
ਅਸੀਂ 2036 ਦੀਆਂ ਓਲੰਪਿਕ ਖੇਡਾਂ ਭਾਰਤ ਵਿੱਚ ਕਰਵਾਉਣ ਲਈ ਕੋਸ਼ਿਸ਼ ਕਰ ਰਹੇ ਹਾਂ।

ਤਸਵੀਰ ਸਰੋਤ, DD News /You Tube
ਦੁਨੀਆਂ, ਬੰਗਲਾਦੇਸ਼ ਅਤੇ ਭ੍ਰਿਸ਼ਟਾਚਾਰ
ਜਿਵੇਂ-ਜਿਵੇਂ ਸਾਡਾ ਵਿਕਾਸ ਹੋਵੇਗਾ ਸਾਨੂੰ ਬਾਹਰੋਂ ਵੀ ਚੁਣੌਤੀਆਂ ਹੋਣਗੀਆਂ।
ਉਨ੍ਹਾਂ ਨੇ ਕਿਹਾ ਕਿ ਲੇਕਿਨ ਦੁਨੀਆਂ ਨੂੰ ਭਾਰਤ ਦੀ ਤਰੱਕੀ ਨੂੰ ਸੰਕਟ ਨਹੀਂ ਸਮਝਣਾ ਚਾਹੀਦਾ।
ਜਦੋਂ ਅਸੀਂ ਅਮੀਰ ਉਦੋਂ ਵੀ ਦੁਨੀਆਂ ਨੂੰ ਜੰਗ ਵਿੱਚ ਨਹੀਂ ਝੋਕਿਆ। “ਅਸੀਂ ਬੁੱਧ ਦਾ ਦੇਸ ਹਾਂ ਯੁੱਧ ਸਾਡਾ ਧਰਮ ਨਹੀਂ ਹੈ।”
ਸਾਡੇ ਦੇਸ ਵਿੱਚ ਇੰਨਾ ਵਧੀਆ ਸੰਵਿਧਾਨ ਹੋਣ ਦੇ ਬਾਵਜੂਦ ਕੁਝ ਅਜਿਹੇ ਲੋਕ ਨਿਕਲ ਰਹੇ ਹਨ ਜੋ ਭ੍ਰਿਸ਼ਟਾਚਾਰ ਦਾ ਮਹਿਮਾ ਮੰਡਨ ਕਰ ਰਹੇ ਹਨ।
ਜੇ ਇਨ੍ਹਾਂ ਲੋਕਾਂ ਤੋਂ ਦੂਰੀ ਨਾ ਬਣਾਈ ਗਈ ਤਾਂ ਜੋ ਅੱਜ ਭ੍ਰਿਸ਼ਟਾਚਾਰ ਨਹੀਂ ਕਰ ਰਿਹਾ ਹੈ, ਉਹ ਕੱਲ੍ਹ ਨੂੰ ਅਜਿਹਾ ਕਰਨ ਦੀ ਸੋਚੇਗਾ। ਇਸ ਲਈ ਭ੍ਰਿਸ਼ਟਾਚਾਰੀਆਂ ਤੋਂ ਸਮਾਜਿਕ ਦੂਰੀ ਬਣਾਈ ਜਾਣੀ ਚਾਹੀਦੀ ਹੈ।
ਬੰਗਲਾਦੇਸ਼ ਵਿੱਚ ਹਾਲਾਤ ਜਲਦੀ ਤੋਂ ਜਲਦੀ ਠੀਕ ਹੋਣ। ਅਸੀਂ ਚਾਹੁੰਦੇ ਹਾਂ ਕਿ ਉੱਥੇ ਵਸਦੇ ਹਿੰਦੂ ਅਤੇ ਹੋਰ ਘੱਟ ਗਿਣਤੀ ਸੁਰੱਖਿਅਤ ਰਹਿਣ। ਬੰਗਲਾਦੇਸ਼ ਦੀ ਵਿਕਾਸ ਯਾਤਰਾ ਵਿੱਚ ਸਾਡਾ ਸਹਿਯੋਗ ਰਹੇਗਾ।

ਤਸਵੀਰ ਸਰੋਤ, Narendra Modi/YT
ਯੂਨੀਫਾਰਮ ਸਿਵਲ ਕੋਡ
ਸੰਵਿਧਾਨ ਦੇ 75 ਸਾਲ ਆ ਰਹੇ ਹਨ। ਇਸ ਨੇ ਦੇਸ ਦੇ ਸਭ ਤੋਂ ਪਿਛੜੇ ਵਰਗਾਂ ਦੇ ਅਧਿਕਾਰਾਂ ਦੀ ਰਾਖੀ ਕੀਤੀ ਹੈ।
ਜੇ ਅਸੀਂ ਆਪਣੇ ਫਰਜ਼ਾਂ ਦੀ ਪਾਲਣਾ ਕਰਾਂਗੇ ਤਾਂ ਸਾਡੇ ਹੱਕਾਂ ਦੀ ਰਾਖੀ ਆਪਣੇ-ਆਪ ਹੋ ਜਾਂਦੀ ਹੈ।
ਸੁਪਰੀਮ ਕੋਰਟ ਨੇ ਵਾਰ-ਵਾਰ ਯੂਨੀਫਾਰਸ ਸਿਵਲ ਕੋਡ ਬਾਰੇ ਹੁਕਮ ਦਿੱਤੇ ਹਨ।
ਸਾਡਾ ਮੌਜੂਦਾ ਸਿਵਲ ਕੋਡ ਫਿਰਕੂ ਅਤੇ ਵਿਤਕਰੇ ਵਾਲਾ ਸਿਵਲ ਕੋਡ ਹੈ, ਇਸ ਬਾਰੇ ਸਾਰੇ ਆਪਣੇ ਵਿਚਾਰ ਲੈ ਕੇ ਆਉਣ।
ਲੋਕਾਂ ਨੂੰ ਵੰਡਣ ਅਤੇ ਵਿਤਕਰਿਆਂ ਵਾਲੇ ਕਨੂੰਨਾਂ ਦੀ ਕੋਈ ਥਾਂ ਨਹੀਂ ਹੈ। ਹੁਣ ਸਮਾਂ ਆ ਗਿਆ ਹੈ ਕਿ ਇੱਕ ਧਰਮ ਨਿਰਪੱਖ ਸਿਵਲ ਕੋਡ ਲਿਆਂਦਾ ਜਾਵੇ।

ਤਸਵੀਰ ਸਰੋਤ, Narendra Modi/YT
ਸਿਆਸਤ ਵਿੱਚ ਇੱਕ ਲੱਖ ਨਵੇਂ ਨੌਜਵਾਨ
ਉਨ੍ਹਾਂ ਨੇ ਕਿਹਾ ਕਿ ਅਸੀਂ ਦੇਸ ਵਿੱਚੋਂ ਇੱਕ ਲੱਖ ਅਜਿਹੇ ਨੌਜਵਾਨਾਂ ਨੂੰ ਸਿਆਸਤ ਵਿੱਚ ਲਾਉਣਾ ਚਾਹੁੰਦੇ ਹਾਂ ਜਿਨ੍ਹਾਂ ਨੂੰ ਪਰਿਵਾਰ ਵਿੱਚ ਸਿਆਸਤ ਦਾ ਕੋਈ ਪਿਛੋਕੜ ਨਹੀਂ ਹੈ।
ਜਦੋਂ ਇਹ ਇੱਕ ਲੱਖ ਨੌਜਵਾਨ ਸਿਆਸਤ ਵਿੱਚ ਆਉਣਗੇ ਤਾਂ ਨਵੇਂ ਵਿਚਾਰ ਵੀ ਸਿਆਸਤ ਵਿੱਚ ਆਉਣਗੇ
ਦੇਸ ਨੂੰ ਇੱਕ ਦੇਸ ਇੱਕ ਚੋਣ ਲਈ ਅੱਗੇ ਆਉਣਾ ਪਵੇਗਾ। ਤਾਂ ਜੋ ਦੇਸ ਦੇ ਵਸੀਲਿਆਂ ਦੀ ਵਰਤੋਂ ਦੇਸ ਦੇ ਲੋਕਾਂ ਦੇ ਭਲੇ ਲਈ ਕੀਤੀ ਜਾ ਸਕੇ।

ਤਸਵੀਰ ਸਰੋਤ, Narendra Modi/YT
ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਤੀਜੇ ਕਾਰਜ ਕਾਲ ਵਿੱਚ ਤਿੰਨ ਗੁਣਾਂ ਸ਼ਕਤੀ ਦੇ ਨਾਲ ਕੰਮ ਕਰਨਗੇ ਤਾਂ ਜੋ ਦੇਸ ਦੇ ਸੁਫ਼ਨੇ ਤੇਜ਼ੀ ਨਾਲ ਕੰਮ ਕਰਨਗੇ।
ਉਨ੍ਹਾਂ ਨੇ ਕਿਹਾ ਕਿ ਉਹ ਦੇਸ ਲਈ ਹਰ ਦਿਨ ਅਤੇ ਚੌਵੀ ਘੰਟੇ ਮਿਹਨਤ ਕਰਨਗੇ। ਉਨ੍ਹਾਂ ਨੇ ਦੇਸ ਵਾਸੀਆਂ ਨੂੰ ਵੀ ਦੇਸ ਲਈ ਕੋਈ ਕਸਰ ਬਾਕੀ ਨਾ ਛੱਡਣ ਦਾ ਸੱਦਾ ਦਿੱਤਾ।

ਤਸਵੀਰ ਸਰੋਤ, Narendra Modi/YT
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ












