’47 ਦੀ ਭਾਰਤ-ਪਾਕ ਵੰਡ: ਜਦੋਂ ਪੰਜਾਬ ’ਚ ਰਾਵੀ ਕੰਢੇ ਫਸੇ 20 ਹਜ਼ਾਰ ਲੋਕਾਂ ਤੱਕ ਦਿੱਲੀ ਦੇ ਸੀਸ ਗੰਜ ਤੋਂ ਖਾਣਾ ਪਹੁੰਚਾਇਆ ਗਿਆ

ਤਸਵੀਰ ਸਰੋਤ, Getty Images
- ਲੇਖਕ, ਗੁਰਜੋਤ ਸਿੰਘ
- ਰੋਲ, ਬੀਬੀਸੀ ਪੱਤਰਕਾਰ
“16 ਅਗਸਤ 1947 ਦੀ ਸਵੇਰ ਨੂੰ ਨਹਿਰੂ ਨੇ ਲਾਲ ਕਿਲ੍ਹੇ ਤੋਂ ਤਿਰੰਗਾ ਫਹਿਰਾਇਆ।”
“ਝੰਡਾ ਲਾਲ ਕਿਲ੍ਹੇ ਦੇ ਗੈਰੀਸਨ ਇੰਜੀਨੀਅਰ ਕੁਲਵੰਤ ਸਿੰਘ ਨੇ ਲਿਆਂਦਾ, ਮੈਂ ਲਾਲ ਕਿਲ੍ਹੇ ਦੀ ਕਮੇਟੀ ਦਾ ਪ੍ਰਧਾਨ ਸੀ, ਅਸੀਂ ਝੰਡਾ ਫ਼ਹਿਰਾਉਣ ਦੀ ਰਸਮ ਦੀ ਕਈ ਵਾਰ ਰਿਹਰਸਲ ਕੀਤੀ ਸੀ, ਪਰ ਝੰਡਾ ਸੌਖਿਆਂ ਖੁੱਲ੍ਹਣ ’ਚ ਕੋਈ ਨਾ ਕੋਈ ਅੜਿੱਕਾ ਪੈ ਜਾਂਦਾ ਸੀ।”
“ਜਦੋਂ ਝੰਡਾ ਝੁੱਲਿਆ ਤਾਂ ਅਸਮਾਨ ਜਸ਼ਨ ਨਾਲ ਗੂੰਜ ਪਿਆ।”
“ਸਾਡੇ ਸਾਹਮਣੇ 5 ਲੱਖ ਲੋਕ ਸਨ, ਜਿਨ੍ਹਾਂ ਦੇ ਸਿਰਾਂ ਦੇ ਸਮੁੰਦਰ ਦੇ ਪਿੱਛੇ ਜਾਮਾ ਮਸਜਿਦ ਦੇ ਚਿੱਟੇ ਗੁੰਬਦ ਸਨ।”
“ਰਾਜੇਂਦਰ ਪ੍ਰਸਾਦ ਤੇ ਪਟੇਲ ਮੇਰੇ ਨਾਲ ਖੜ੍ਹੇ ਸਨ.. ਮੇਰੇ ਪਿੱਛੇ ਬੀਬੀ ਸ਼ਾਨੋ ਦੇਵੀ ਖੜ੍ਹੀ ਸੀ.. ਉਸ ਦੀਆਂ ਅੱਖਾਂ ਵਿੱਚੋਂ ਹੰਝੂ ਡੁੱਲ੍ਹ ਰਹੇ ਸਨ, ਉਸ ਨੇ ਮੈਨੂੰ ਕਿਹਾ ‘ਤੁਸੀਂ ਜਸ਼ਨ ਮਨਾ ਰਹੇ ਹੋ, ਜਦੋਂ ਕਿ ਪੰਜਾਬ ਬਲ਼ ਰਿਹਾ ਹੈ’।
ਅਗਸਤ 1947 ਵਿੱਚ ਭਾਰਤ-ਪਾਕਿਸਤਾਨ ਦੀ ਵੰਡ ਮੌਕੇ ਦਿੱਲੀ ਦੇ ਡਿਪਟੀ ਕਮਿਸ਼ਨਰ ਰਹੇ ਮਹਿੰਦਰ ਸਿੰਘ ਰੰਧਾਵਾ ਨੇ ਇਸ ਅੱਖੀਂ ਡਿੱਠੇ ਹਾਲ ਬਾਰੇ ਆਪਣੀ ਸਵੈ-ਜੀਵਨੀ ‘ਆਪ ਬੀਤੀ’ ਵਿੱਚ ਲਿਖਿਆ ਹੈ।

ਮਹਿੰਦਰ ਸਿੰਘ ਰੰਧਾਵਾ 1934 ਵਿੱਚ ਆਈਸੀਐੱਸ ਅਫ਼ਸਰ ਬਣੇ ਸਨ।
ਮਹਿੰਦਰ ਸਿੰਘ ਰੰਧਾਵਾ ਦਾ ਜੱਦੀ ਪਿੰਡ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪੈਂਦਾ ਪਿੰਡ ਬੋਦਲਾਂ ਹੈ।
ਉਨ੍ਹਾਂ ਨੂੰ ਆਜ਼ਾਦੀ ਵੇਲੇ ਦਿੱਲੀ ਦਾ ਡਿਪਟੀ ਕਮਿਸ਼ਨਰ ਹੁੰਦਿਆਂ ਫਿਰਕੂ-ਹਿੰਸਾ ਨਾਲ ਨਜਿੱਠਣ, ਚੰਡੀਗੜ੍ਹ ਦਾ ਰੂਪ-ਰੰਗ ਸਵਾਰਨ ਤੇ ਹਰੇ ਇਨਕਲਾਬ ਲਈ ਲੋੜੀਂਦਾ ਮਾਹੌਲ ਸਿਰਜਣ ਲਈ ਜਾਣਿਆ ਜਾਂਦਾ ਹੈ।
ਪਰ ਇੱਕ ਅਹਿਮ ਅਤੇ ਵੱਡਾ ਕਾਰਜ ਜਿਸ ਨੂੰ ਸਮੇਂ ਸਿਰ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਦਾ ਸਿਹਰਾ ਉਨ੍ਹਾਂ ਨੂੰ ਦਿੱਤਾ ਜਾਂਦਾ ਹੈ, ਉਹ ਹੈ – ਵੰਡ ਕਾਰਨ ਉੱਜੜੇ ਪਰਿਵਾਰਾਂ ਦੇ ਮੁੜ ਵਸੇਬੇ ਦਾ।
ਵੰਡ ਦੇ ਇਸ ਦੌਰ ਨੂੰ ਪੰਜਾਬੀ ਲੋਕ ਹੱਲੇ ਆਖਦੇ ਹਨ। ਜਿਨ੍ਹਾਂ ਦੌਰਾਨ 1.5 ਕਰੋੜ ਲੋਕਾਂ ਦਾ ਉਜਾੜਾ ਹੋਇਆ ਅਤੇ 10 ਲੱਖ ਲੋਕ ਮਾਰੇ ਗਏ ਸਨ।
ਇਸ ਵੰਡ ਦੌਰਾਨ ਮੁਸਲਮਾਨਾਂ ਨੂੰ ਭਾਰਤ ਤੋਂ ਪਾਕਿਸਤਾਨ ਜਾਣਾ ਪਿਆ ਅਤੇ ਹਿੰਦੂ-ਸਿੱਖਾਂ ਨੂੰ ਭਾਰਤ ਵਾਲੇ ਪਾਸੇ ਆਉਣਾ ਪਿਆ ਸੀ ।

ਸ਼ਰਨਾਰਥੀਆਂ ਲਈ ਖਾਣਾ ਸੀਸ ਗੰਜ ਤੋਂ ਗਿਆ
ਮਹਿੰਦਰ ਸਿੰਘ ਰੰਧਾਵਾ ਨੇ ਆਪਣੀ ਸਵੈ-ਜੀਵਨੀ ਵਿੱਚ ਦਿੱਲੀ ਵਿੱਚ ਹੋਈ ਫ਼ਿਰਕੂ-ਹਿੰਸਾ ਦੌਰਾਨ ਹਾਲਤਾਂ ਦਾ ਬਿਓਰਾ ਦਿੱਤਾ ਹੈ।
ਇਸ ਦੇ ਨਾਲ ਹੀ ਰੰਧਾਵਾ ਨੇ ਆਪਣੇ ਕਈ ਪ੍ਰਸ਼ਾਸਨਿਕ ਫ਼ੈਸਲਿਆਂ ਬਾਰੇ ਵੀ ਲਿਖਿਆ ਹੈ, ਜੋ ਕਿ ਹਿੰਸਾ ਨੂੰ ਰੋਕਣ ਵਿੱਚ ਸਹਾਈ ਹੋਏ।
ਇਨ੍ਹਾਂ ਫ਼ੈਸਲਿਆਂ ਵਿੱਚ ਇੱਕ ਸਿੱਖ ਆਗੂ ਦੇ ਵਿਰੋਧ ਦੇ ਬਾਵਜੂਦ ਕਿਰਪਾਨਾਂ ਵਰਗੇ ਹਥਿਆਰਾਂ ਉੱਤੇ ਥੋੜ੍ਹੇ ਚਿਰ ਲਈ ਪਾਬੰਦੀ ਲਾਉਣਾ ਵੀ ਸ਼ਾਮਲ ਸੀ।

ਆਪਣੇ ਤਜਰਬੇ ਬਾਰੇ ਰੰਧਾਵਾ ਲਿਖਦੇ ਹਨ, “ਮੈਂ ਇੱਕ ਟੈਕਸੀ ਕਿਰਾਏ ਉੱਤੇ ਲਈ ਸੀ ਅਤੇ ਜਦੋਂ ਵੀ ਕੋਈ ਹਿੰਸਾ ਦੀ ਘਟਨਾ ਵਾਪਰਦੀ ਤਾਂ ਮੇਰੇ ਅੰਗ ਰੱਖਿਅਕ ਸਟੇਨ ਗੰਨ ਲੈ ਕੇ ਉੱਥੇ ਪਹੁੰਚ ਜਾਂਦੇ ਸਨ।”
ਰੰਧਾਵਾ ਲਿਖਦੇ ਹਨ ਕਿ ਦਿੱਲੀ ਵਿੱਚ ਸਤੰਬਰ 1947 ਤੱਕ ਵੱਡੀ ਗਿਣਤੀ ਵਿੱਚ ਸ਼ਰਨਾਰਥੀ ਪਹੁੰਚਣੇ ਸ਼ੁਰੂ ਹੋ ਗਏ ਸਨ, ਜਿਨ੍ਹਾਂ ਲਈ ਪਨਾਹਗਾਹਾਂ ਦੀ ਭਾਲ ਇੱਕ ਅਹਿਮ ਕਾਰਜ ਸੀ।
ਰੰਧਾਵਾ ਨੇ ਆਪਣੀ ਜੀਵਨੀ ਵਿੱਚ ਇੱਕ ਦਿਲਚਸਪ ਘਟਨਾ ਦਾ ਜ਼ਿਕਰ ਕੀਤਾ ਹੈ।

ਤਸਵੀਰ ਸਰੋਤ, Punjab Agriculture University
ਉਨ੍ਹਾਂ ਲਿਖਿਆ ਹੈ, “ਮਨਿਸਟਰੀ ਆਫ ਰੀਹੈਬੀਲਿਟੇਸ਼ਨ (ਮੁੜ ਵਸੇਬਾ ਮੰਤਰਾਲਾ) ਤੋਂ ਸਕੱਤਰ ਕ੍ਰਿਪਲਾਨੀ ਨੇ ਮੈਨੂੰ ਫੋਨ ਕੀਤਾ ਅਤੇ ਦੱਸਿਆ ਕਿ 20,000 ਦੇ ਕਰੀਬ ਪੰਜਾਬੀ ਰਾਵੀ ਦਰਿਆ ਪਾਰ ਕਰਨ ਤੋਂ ਅਸਮਰੱਥ ਹਨ।
ਉਹ ਕਈ ਦਿਨਾਂ ਤੋਂ ਭੁੱਖੇ ਹਨ, ਉਨ੍ਹਾਂ ਨੂੰ ਤੁਰੰਤ ਖਾਣਾ ਪਹੁੰਚਾਏ ਜਾਣ ਦੀ ਲੋੜ ਹੈ, ਇਸ ਪੰਜਾਬੀਅਤ ਦੀ ਲਹਿਰ ਨੇ ਦਿੱਲੀ ਦੇ ਵੱਖਰੇ-ਵੱਖਰੇ ਪੰਜਾਬੀਆਂ ਨੂੰ ਇੱਕ ਸਾਂਝ ਵਿੱਚ ਬੰਨ੍ਹ ਦਿੱਤਾ।
“ਮੈਂ ਰੇਡੀਓ ਉੱਤੇ ਦਿੱਲੀ ਦੀਆਂ ਔਰਤਾਂ ਨੂੰ ਗੁਰਦੁਆਰੇ ਆਟਾ ਲਿਆਉਣ ਲਈ ਕਿਹਾ, ਰਾਵਲਪਿੰਡੀ ਤੋਂ ਆਏ ਭਾਪੇ ਅੰਬ ਦੇ ਅਚਾਰ ਦੇ ਕਈ ਡੱਬੇ ਲਿਆਏ ਤੇ ਅਗਲੇ ਦਿਨ ਰੋਟੀਆਂ ਤੇ ਅਚਾਰ ਜਹਾਜ਼ ਰਾਹੀਂ ਭੁੱਖੇ ਸ਼ਰਨਾਰਥੀਆਂ ਲਈ ਭੇਜੇ ਗਏ।”
ਉਹ ਲਿਖਦੇ ਹਨ ਕਿ ਕੁਝ ਸਮੇਂ ਬਾਅਦ ਜਲੰਧਰ ਵਿੱਚ ਮਿਲੇ ਸ਼ਰਨਾਰਥੀਆਂ ਨੇ ਦੱਸਿਆ ਕਿ ਇਸ ਮਦਦ ਨਾਲ ਕਈਆਂ ਦੀਆਂ ਜਾਨਾਂ ਬਚੀਆਂ ਸਨ।
ਮਹਿੰਦਰ ਸਿੰਘ ਰੰਧਾਵਾ ਅਕਤੂਬਰ 1948 ਵਿੱਚ ਪੰਜਾਬ ਪਰਤ ਆਏ ਸਨ, ਉਨ੍ਹਾਂ ਨੂੰ ਅੰਬਾਲਾ ਦਾ ਡਿਪਟੀ ਕਮਿਸ਼ਨਰ ਲਾਇਆ ਗਿਆ ਸੀ।
ਵੰਡ ਕਾਰਨ ਉੱਜੜੇ ਲੋਕਾਂ ਦਾ ਮੁੜ ਵਸੇਬਾ ਕਿਵੇਂ ਸੰਭਵ ਹੋਇਆ

ਤਸਵੀਰ ਸਰੋਤ, Getty Images
ਮਹਿੰਦਰ ਸਿੰਘ ਰੰਧਾਵਾ ਲਿਖਦੇ ਹਨ ਕਿ ਮਈ 1949 ਪੰਜਾਬ ਵਿੱਚ ਮੁੱਖ ਮੰਤਰੀ ਭੀਮ ਸੈਨ ਸੱਚਰ ਦੀ ਸਰਕਾਰ ਵੇਲੇ ਰਿਹੈਬੀਲੀਟੇਸ਼ਨ(ਮੁੜ ਵਸੇਬਾ) ਮੰਤਰੀ ਸਰਦਾਰ ਜੋਗਿੰਦਰ ਸਿੰਘ ਮਾਨ ਉਨ੍ਹਾਂ ਨੂੰ ਮਿਲਣ ਆਏ ਤੇ ਕਿਹਾ ਕਿ ਬਹੁਤ ਕੰਮ ਬਾਕੀ ਹੈ ਜੋ ਸਿਰਫ਼ ਉਹ(ਰੰਧਾਵਾ) ਹੀ ਕਰ ਸਕਦੇ ਹਨ।
ਰੰਧਾਵਾ ਲਿਖਦੇ ਹਨ ਕਿ ਉਨ੍ਹਾਂ ਨੂੰ ਜੋਗਿੰਦਰ ਸਿੰਘ ਨੇ ਦੱਸਿਆ ਕਿ ਇਸ ਸਕੀਮ ਦੇ ਕਮਿਸ਼ਨਰ ਪ੍ਰੇਮ ਨਾਥ ਥਾਪਰ ਬਹੁਤ ਹੁਸ਼ਿਆਰ ਹਨ ਅਤੇ ਕਿਸਾਨਾਂ ਦੀਆਂ ਦਿੱਕਤਾਂ ਤੋਂ ਜਾਣੂ ਹਨ, ਤੇ ਇਸ ਸਕੀਮ ਦੇ ਡਾਇਰੈਕਟਰ ਜਨਰਲ ਤ੍ਰਿਲੋਕ ਸਿੰਘ ਚੋਟੀ ਦੇ ਵਿਓਂਤਘਾੜੇ ਹਨ ਪਰ ਪੇਂਡੂ ਜਨ-ਜੀਵਨ ਬਾਰੇ ਘੱਟ ਜਾਣਦੇ ਹਨ।
ਰੰਧਾਵਾ ਲਿਖਦੇ ਹਨ, "ਮੈਂ ਸੋਚਿਆ ਕਿ ਪੰਜਾਬ ਤੇ ਪੂਰੇ ਮੁਲਕ ਦੀ ਭਲਾਈ ਇਸ ‘ਤੇ ਨਿਰਭਰ ਹੈ, ਮੈਂ ਆਪਣਾ ਸਮਾਨ ਬੰਨ੍ਹਿਆ ਤੇ ਜਲੰਧਰ ਚਲਾ ਗਿਆ।"

ਤਸਵੀਰ ਸਰੋਤ, Panjab Digital Library
ਜਲੰਧਰ ਪਹੁੰਚ ਕੇ ਮਹਿੰਦਰ ਸਿੰਘ ਰੰਧਾਵਾ ਨੇ ਉਹ ਇਲਾਕਾ ਦੇਖਿਆ ਜਿੱਥੇ 7,000 ਪਟਵਾਰੀ ਇੱਕ ਵਾੜ ਦੇ ਚੌਗਿਰਦੇ ਅੰਦਰ ਕੰਮ ਕਰ ਰਹੇ ਸਨ ਅਤੇ ਬਾਹਰ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਨਾਰਥੀ ਖੜ੍ਹੇ ਸਨ।
ਉਹ ਲਿਖਦੇ ਹਨ, “ਫ਼ਿਜ਼ਾਵਾਂ ਵਿੱਚ ਤਣਾਅ ਸੀ।"
ਰੰਧਾਵਾ ਨੇ ਦੇਖਿਆ ਕਿ ਕੁਝ ਪਟਵਾਰੀ ਹੇਰਾ-ਫੇਰੀ ਕਰ ਰਹੇ ਸਨ ਜਿਸ ਬਾਰੇ ਕਾਰਵਾਈ ਕਰਨ ਲਈ ਉਨ੍ਹਾਂ ਦੇ ਉੱਚ ਅਧਿਕਾਰੀਆਂ ਵੱਲੋਂ ਨਾ ਮੰਨਣ ’ਤੇ ਵੀ ਉਨ੍ਹਾਂ ਨੇ ਜ਼ੋਰ ਪਾਇਆ, ਜਿਸ ਮਗਰੋਂ ਸ਼ਰਨਾਰਥੀਆਂ ਦੀਆਂ ਸ਼ਿਕਾਇਤਾਂ ਦੇ ਹੱਲ ਦਾ ਰਾਹ ਪੱਧਰਾ ਹੋਇਆ।
ਰੰਧਾਵਾ ਲਿਖਦੇ ਹਨ, “ਮੈਨੂੰ ਜਲੰਧਰ ਦੇ ਪੁਲਿਸ ਕਪਤਾਨ ਦਾ ਫੋਨ ਆਇਆ ਕਿ 300 ਸ਼ਰਨਾਰਥੀਆਂ ਨੇ ਮੇਰੇ ਘਰ ਦੇ ਬਾਹਰ ਧਰਨਾ ਲਾਇਆ ਹੋਇਆ ਹੈ
“ਗਰੀਬ ਕਿਸਾਨਾਂ ਨੂੰ ਬਿਆਸ ਦਰਿਆ ਨੇੜੇ ਜ਼ਮੀਨ ਅਲਾਟ ਹੋਈ ਸੀ, ਜੋ ਕਿ ਹੜ੍ਹਾਂ ਦੀ ਮਾਰ ਹੇਠ ਆਉਂਦੀ ਸੀ।”
“ਮੈਂ ਉਨ੍ਹਾਂ ਨੂੰ ਮੇਰੇ ਘਰ ਦੇ ਬਾਹਰ ਖੁੱਲ੍ਹੀ ਥਾਂ ਉੱਤੇ ਕੈਂਪ ਲਾਉਣ ਲਈ ਕਿਹਾ ਤੇ ਹਰ ਰੋਜ਼ ਉਨ੍ਹਾਂ ਨੂੰ ਲੱਸੀ ਪਿਆਈ ਤੇ 20-20 ਜਣਿਆਂ ਨੂੰ ਹਰ ਦਿਨ ਠੀਕ ਥਾਂ ਤੇ ਜ਼ਮੀਨ ਦਿਵਾਉਣ ਵਿੱਚ ਹੱਥ ਵਟਾਇਆ।”

ਤਸਵੀਰ ਸਰੋਤ, Panjab Digital Library
ਜੋਗਿੰਦਰ ਸਿੰਘ ਮਾਨ ਤੋਂ ਬਾਅਦ ਸਰਦਾਰ ਲਹਿਣਾ ਸਿੰਘ ਸੇਠੀ ਮੁੜ ਵਸੇਬਾ ਮੰਤਰਾਲੇ ਦੇ ਮੰਤਰੀ ਬਣੇ ਸਨ।
ਰੰਧਾਵਾ ਲਿਖਦੇ ਹਨ, “ਜਦੋਂ ਜ਼ਮੀਨਾਂ ਦੀ ਅਲਾਟਮੈਂਟ ਦਾ ਕੰਮ ਖ਼ਤਮ ਹੋਣ ਕੰਢੇ ਸੀ ਉਦੋਂ ਮੈਂ ਜਲੰਧਰ ਵਿੱਚ ਖੇਤੀਬਾੜੀ ਦੇ ਸੰਦਾਂ ਦਾ ਇੱਕ ਵੱਡਾ ਮੇਲਾ ਲਗਵਾਇਆ, ਇਸ ਵੇਲੇ ਅਸੀਂ ਕਿਸਾਨਾਂ ਨੂੰ 100 ਕਰੋੜ ਰੁਪਏ ਕਰਜ਼ ਵਜੋਂ ਦੇਣ ਦੀ ਵੱਡੀ ਯੋਜਨਾ ਲਿਆਉਣ ਦੀ ਤਰਕੀਬ ਬਣਾ ਰਹੇ ਸੀ, ਕਿਸਾਨਾਂ ਨੇ ਮੇਲੇ ਵਿੱਚ ਸੰਦ ਖਰੀਦੇ ਤੇ ਖੇਤੀਬਾੜੀ ਵਿੱਚ ਤਰੱਕੀ ਕੀਤੀ।
ਪੇਂਡੂ ਅਤੇ ਸ਼ਹਿਰੀ ਸ਼ਰਨਾਰਥੀਆਂ ਦੇ ਮੁੜ ਵਸੇਬੇ ਅਤੇ ਜ਼ਮੀਨਾਂ ਦੀ ਅਲਾਟਮੈਂਟ ਦੀ ਪ੍ਰਕਿਰਿਆ ਦੌਰਾਨ ਆਪਣੇ ਤਜਰਬੇ ਬਾਰੇ ਵੀ ਉਨ੍ਹਾਂ ਨੇ ਆਪਣੀ ਸਵੈ-ਜੀਵਨੀ ਵਿੱਚ ਲਿਖਿਆ ਹੈ।
“ਮੁੜ ਵਸੇਬੇ ਦਾ ਜੋ ਕੰਮ ਅਸੀਂ ਕੀਤਾ, ਇਸ ਦੀ ਮਨੁੱਖੀ ਇਤਿਹਾਸ ਵਿੱਚ ਮਿਸਾਲ ਨਹੀਂ ਮਿਲਦੀ, 40 ਲੱਖ ਲੋਕਾਂ ਨੂੰ 2 ਸਾਲਾਂ ਵਿੱਚ ਮੁੜ ਵਸਾਉਣਾ ਵੱਡਾ ਕੰਮ ਸੀ।”
“ਮੈਨੂੰ ਹਮੇਸ਼ਾ ਇਹ ਲੱਗਦਾ ਸੀ, ਹਜ਼ਾਰਾਂ ਬੰਡਲ ਮੇਰੇ ਸਿਰ ਅਤੇ ਮੋਢਿਆਂ ਉੱਤੇ ਪਏ ਹੋਣ, ਮੁੜ ਵਸੇ ਇਹ ਰਿਫ਼ਿਊਜੀ ਹੀ ਪੰਜਾਬ ਵਿੱਚ ਹਰੇ ਇਨਕਲਾਬ ਦੀ ਨੀਂਹ ਬਣੇ ਸਨ।”
ਉਸ ਵੇਲੇ ਪੰਜਾਬ ਦੇ ਹਾਲਾਤ ਦੀ ਤੁਲਨਾ ਫ਼ਲਸਤੀਨ ਨਾਲ ਕਰਦਿਆਂ ਉਨ੍ਹਾਂ ਨੇ ਲਿਖਿਆ ਸੀ ਕਿ ‘ਜੇਕਰ ਪੰਜਾਬ ਵਿੱਚ ਮੁੜ ਵਸੇਬਾ ਸਹੀ ਢੰਗ ਨਾਲ ਤੇ ਇੰਨੀ ਰਫ਼ਤਾਰ ਨਾਲ ਨਾ ਹੁੰਦਾ ਤਾਂ ਪੰਜਾਬ ਦੀ ਦਸ਼ਾ ਵੀ ਉਹੋ ਜਿਹੀ ਹੋਣੀ ਸੀ’।
ਮਹਿੰਦਰ ਸਿੰਘ ਰੰਧਾਵਾ ਲਿਖਦੇ ਹਨ, “ਮੈਂ ਇਹ ਮਹਿਸੂਸ ਕੀਤਾ ਕਿ ਕਾਂਗਰਸੀ ਆਗੁ ਪੰਜਾਬ ਦੀ ਮੁਸ਼ਕਲ ਸਮਝ ਨਹੀਂ ਸਕਦੇ ਅਤੇ ਉਨ੍ਹਾਂ ਅੰਦਰ ਪੰਜਾਬੀ ਰਿਫਿਊਜੀਆਂ ਬਾਰੇ ਹਮਦਰਦੀ ਨਹੀਂ ਸੀ, ਇਸ ਦਾ ਮੂਲ ਕਾਰਨ ਇਹ ਸੀ ਕਿ ਉਹ ਯੁਨਾਇਟਿਡ ਪ੍ਰੋਵਿੰਸਸ, ਬੰਬੇ, ਦੱਖਣੀ ਭਾਰਤ ਦੇ ਸਨ ਤੇ ਵੰਡ ਦਾ ਨੁਕਸਾਨ ਉਨ੍ਹਾਂ ਨੇ ਨਹੀਂ ਝੱਲਿਆ ਸੀ।”
ਉਹ ਅੱਗੇ ਜ਼ਿਕਰ ਕਰਦੇ ਹਨ, “ਕੁਝ ਪੰਜਾਬੀ ਹਿੰਦੂ ਨਹਿਰੂ ਕੋਲ ਦਿੱਲੀ ਤੋਂ 7 ਕਿਲੋਮੀਟਰ ਦੂਰ 500 ਏਕੜ ਥਾਂ ਦੀ ਮੰਗ ਕਰਨ ਆਏ ਜਿੱਥੇ ਉਹ ਆਪਣਾ ਕਸਬਾ ਵਸਾ ਸਕਣ, ਇਸ ’ਤੇ ਨਹਿਰੂ ਨੇ ਜਵਾਬ ਦਿੱਤਾ, ‘7 ਨਹੀਂ 700 ਕਿਲੋਮੀਟਰ ਦੂਰ’।

ਤਸਵੀਰ ਸਰੋਤ, Panjab Digital Library
ਜ਼ਮੀਨਾਂ ਦੇ ਰਿਕਾਰਡ ਦਾ ਤਬਾਦਲਾ ਕਿਵੇਂ ਹੋਇਆ ਸੀ
ਆਪਣੀ ਕਿਤਾਬ ‘ਆਊਟ ਆਫ ਦ ਐਸ਼ਜ਼’ ਵਿੱਚ ਐੱਮਐੱਸ ਰੰਧਾਵਾ ਸ਼ਰਨਾਰਥੀਆਂ ਦੇ ਮੁੜ ਵਸੇਬੇ ਦੀ ਪ੍ਰਕਿਰਿਆ ਬਾਰੇ ਲਿਖਦੇ ਹਨ।
ਪੱਛਮੀ ਪੰਜਾਬ ਦੀ ਕੁਲ ਗ਼ੈਰ ਮੁਸਲਮਾਨ ਅਬਾਦੀ 43,53,477 ਸੀ, ਜਦਕਿ ਪੂਰਬੀ ਪੰਜਾਬ ਦੀ ਮੁਸਲਮਾਨ ਅਬਾਦੀ 42,86,755 ਸੀ।
ਸਿੰਚਾਈ ਵਾਲੇ ਇਲਾਕਿਆਂ ਵਿੱਚੋਂ ਸਿਰਫ਼ 26 ਫ਼ੀਸਦ ਇਲਾਕੇ ਹੀ ਪੂਰਬੀ ਪੰਜਾਬ ਵਿੱਚ ਆਏ ਸਨ।
ਰੰਧਾਵਾ ਆਪਣੀ ਕਿਤਾਬ ਵਿੱਚ ਦੱਸਦੇ ਹਨ ਕਿ ਜ਼ਮੀਨ ਦੇ ਰਿਕਾਰਡਾਂ ਦੀ ਤਸਦੀਕ 17 ਅਗਸਤ ਤੋਂ ਲੈ ਕੇ ਅਕਤੂਬਰ 1948 ਤੱਕ ਹੋਈ।
ਇਸ ਮਗਰੋਂ ਪੂਰਬੀ ਪੰਜਾਬ ਤੇ ਪੈੱਪਸੂ ਅਤੇ ਦੂਜੇ ਪਾਸੇ ਵੈੱਸਟ ਪੰਜਾਬ ਦੇ ਪਿੰਡਾਂ ਦੇ ਰਿਕਾਰਡ ਇੱਕ ਦੂਜੇ ਨਾਲ ਬਦਲੇ ਗਏ ਸਨ।
ਇਹ ਸਮਝੌਤਾ ਕਾਫੀ ਮਹੱਤਵਪੂਰਨ ਸੀ।ਤਸਦੀਕ ਤੋਂ ਬਾਅਦ ਸਾਰੇ ਦਾਅਵੇ ਜਲੰਧਰ ਵਿਚਲੇ ਰਿਹੈਬਿਲੀਟੇਸ਼ਨ ਸਕੱਤਰੇਤ ਵਿੱਚ ਰਖੇ ਗਏ ਸਨ।
ਉਹ ਲਿਖਦੇ ਹਨ, ਜ਼ਮੀਨਾਂ ਮੁੜ ਅਲਾਟ ਕੀਤੇ ਜਾਣ ਦੇ ਕੰਮ ਵਿੱਚ ਸਭ ਤੋਂ ਪੇਚੀਦਾ ਕੰਮ ਪਾਕਿਸਤਾਨ ਵਿੱਚ ਰਹਿ ਗਈਆਂ ਜ਼ਮੀਨਾਂ ਇੱਧਰਲੇ ਪਾਸੇ ਇੱਕੋ ਥਾਂ ਉੱਤੇ ਅਲਾਟ ਕਰਨਾ ਸੀ।

ਤਸਵੀਰ ਸਰੋਤ, Panjab Digital Library
ਸਮਕਾਲੀ ਸ਼ਖ਼ਸੀਅਤਾਂ ਦਾ ਕੀ ਕਹਿਣਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹਿ ਚੁੱਕੇ ਸਰਦਾਰਾ ਸਿੰਘ ਜੌਹਲ ਦੱਸਦੇ ਹਨ, ਜਿਸ ਵੇਲੇ ਰੰਧਾਵਾ ਪੀਏਯੂ ਦੇ ਵਾਈਸ ਚਾਂਸਲਰ ਉਸ ਵੇਲੇ ਉਹ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਸਨ।
ਜੌਹਲ ਕਹਿੰਦੇ ਹਨ ਕਿ ਉਹ ਮੇਰੇ ਲਈ ਪਿਤਾ ਵਰਗੇ ਸਨ ਅਤੇ ਹਮੇਸ਼ਾ ਮਦਦ ਕਰਦੇ ਸਨ।
ਉਹ ਦੱਸਦੇ ਹਨ ਕਿ ਡਾ ਮਹਿੰਦਰ ਸਿੰਘ ਰੰਧਾਵਾ ਅਤੇ ਸਰਦਾਰ ਤ੍ਰਿਲੋਕ ਸਿੰਘ ਦੋਵੇਂ ਆਈਸੀਐੱਸ ਅਫ਼ਸਰ ਸਨ, ਜਿਨ੍ਹਾਂ ਨੇ ਲੋਕਾਂ ਨੂੰ ਮੁੜ ਵਸਾਉਣ ਦੇ ਇਸ ਕੰਮ ਕੀਤਾ।
ਜੌਹਲ ਕਹਿੰਦੇ ਹਨ, "ਰੰਧਾਵਾ ਦਾ ਸ਼ਹਿਰੀਆਂ ਨੂੰ ਸ਼ਹਿਰ ਅਤੇ ਪੇਂਡੂਆਂ ਨੂੰ ਪਿੰਡ ਵਿੱਚ ਵਸਾਉਣ ਦਾ ਪਲੈਨ ਬਾਕਮਾਲ ਸੀ।ਉਨ੍ਹਾਂ ਨੇ ਲੋਕਾਂ ਦੀ ਪਸੰਦ, ਆਸਾਨੀ ਨੂੰ ਵੀ ਧਿਆਨ ਵਿੱਚ ਰੱਖਿਆ।ਜੇਕਰ ਵੰਡ ਕਾਰਨ ਉੱਜੜ ਕੇ ਆਈ ਆਬਾਦੀ ਨੂੰ ਵਸਾ ਕੇ ਰੁਜ਼ਗਾਰ ਨਾ ਦਿੱਤਾ ਜਾਂਦਾ ਤਾਂ ਇਹ ਅਮਨ ਕਾਨੂੰਨ ਦੀ ਸਥਿਤੀ ਲਈ ਮੁਸ਼ਕਲ ਬਣ ਸਕਦਾ ਹੈ।"
ਪੰਜਾਬੀ ਲੇਖਕ ਗੁਲਜ਼ਾਰ ਸੰਧੂ ਵੀ 18-19 ਦੀ ਉਮਰ ਤੋਂ ਮਹਿੰਦਰ ਸਿੰਘ ਰੰਧਾਵਾ ਦੇ ਸੰਪਰਕ ਵਿੱਚ ਰਹੇ ਹਨ।
ਗੁਲਜ਼ਾਰ ਸੰਧੂ ਐੱਮਐੱਸ ਰੰਧਾਵਾ ਦੇ ਕੰਮ ਬਾਰੇ ਇੱਕ ਕਿੱਸਾ ਸਾਂਝਾ ਕਰਦੇ ਹਨ, "ਕਰਤਾਰ ਸਿੰਘ ਦੁੱਗਲ ਜਲੰਧਰ ਰੇਡੀਓ ਦੇ ਸਟੇਸ਼ਨ ਡਾਇਰੈਕਟਰ ਹੁੰਦੇ ਸਨ, ਉਹ ਇੱਕ ਦਿਨ ਜਲੰਧਰ ਐੱਮਐੱਸ ਰੰਧਾਵਾ ਦਾ ਇੰਟਰਵਿਊ ਲੈਣ ਗਏ।"
ਉਹ ਦੱਸਦੇ ਹਨ, "ਕਰਤਾਰ ਸਿੰਘ ਦੁੱਗਲ ਨੇ ਦੇਖਿਆ ਕਿ ਉਨ੍ਹਾਂ ਦੇ ਸਾਹਮਣੇ ਸ਼ਰਨਾਰਥੀਆਂ ਦੀ ਲੰਬੀ ਲਾਈਨ ਲੱਗੀ ਹੋਈ ਸੀ ਤੇ ਉਹ ਫ਼ਟਾ-ਫ਼ਟ ਸ਼ਰਨਾਰਥੀਆਂ ਨੂੰ ਵੱਖ-ਵੱਖ ਥਾਵਾਂ ਉੱਤੇ ਜ਼ਮੀਨ ਅਲਾਟ ਕਰ ਰਹੇ ਸਨ।"
ਗੁਲਜ਼ਾਰ ਸੰਧੂ ਦੱਸਦੇ ਹਨ, "ਦੁੱਗਲ ਨੇ ਪੁੱਛਿਆ ਕਿ ਤੁਹਾਨੂੰ ਗਲਤੀ ਤੋਂ ਡਰ ਨਹੀਂ ਲੱਗਦਾ, ਤਾਂ ਉਨ੍ਹਾਂ(ਰੰਧਾਵਾ) ਨੇ ਕਿਹਾ ਇਸ ਕੰਮ ਵਿੱਚ ਗਲਤੀਆਂ ਹੋ ਸਕਦੀਆਂ ਹਨ ਪਰ ਇਹ ਬਹੁਤ ਜ਼ਰੂਰੀ ਕੰਮ ਹੈ।"
ਮਹਿੰਦਰ ਸਿੰਘ ਰੰਧਾਵਾ ਪੰਜਾਬੀ ਸੱਭਿਆਚਾਰ, ਕਲਾ ਬਾਰੇ ਵੀ ਦਿਲਚਸਪੀ ਰੱਖਦੇ ਸਨ। ਉਨ੍ਹਾਂ ਨੇ ਚਿੱਤਰਕਾਰੀ, ਸੱਭਿਆਚਾਰ ਬਾਰੇ ਵੀ ਕਈ ਕਿਤਾਬਾਂ ਲਿਖੀਆਂ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ













