ਪਾਕਿਸਤਾਨ ਦੇ ਅਰਸ਼ਦ ਨਦੀਮ ਦੇ ਓਲੰਪਿਕ ਵਿੱਚ ਸੋਨ ਤਮਗਾ ਜਿੱਤਣ ਮਗਰੋ ਇਨਾਮਾਂ ਦੀ ਝੜੀ ਲੱਗੀ, ਅਰਸ਼ਦ ਲਈ ਇਹ ਵੱਡੇ ਐਲਾਨ ਹੋਏ

ਤਸਵੀਰ ਸਰੋਤ, Getty Images
ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਪੈਰਿਸ ਓਲੰਪਿਕ 'ਚ ਜੈਵਲਿਨ ਥਰੋਅ ਮੁਕਾਬਲੇ 'ਚ ਨਵਾਂ ਓਲੰਪਿਕ ਰਿਕਾਰਡ ਕਾਇਮ ਕਰ ਕੇ ਨਾ ਸਿਰਫ਼ ਸੋਨ ਤਮਗਾ ਜਿੱਤਿਆ, ਸਗੋਂ ਇਨ੍ਹਾਂ ਵਿਸ਼ਵ ਖੇਡਾਂ 'ਚ ਤਗਮੇ ਲਈ ਪਾਕਿਸਤਾਨੀ ਦੇਸ਼ ਦੀ ਤਿੰਨ ਦਹਾਕਿਆਂ ਦੀ ਲੰਬੀ ਉਡੀਕ ਨੂੰ ਵੀ ਖ਼ਤਮ ਕਰ ਦਿੱਤਾ।
ਅਰਸ਼ਦ ਨੇ 92.97 ਮੀਟਰ ਦੀ ਦੂਰੀ 'ਤੇ ਜੈਵਲਿਨ ਸੁੱਟ ਕੇ ਇਹ ਕਾਰਨਾਮਾ ਕੀਤਾ ਜੋ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਵੀ ਹੈ।
ਵੀਰਵਾਰ ਰਾਤ ਨੂੰ ਫਰਾਂਸ ਵਿੱਚ ਫਾਈਨਲ ਵਿੱਚ ਅਰਸ਼ਦ ਦੇ ਪਹਿਲੇ ਥਰੋਅ ਨੂੰ ਫਾਊਲ ਕਿਹਾ ਗਿਆ ਸੀ, ਪਰ ਉਨ੍ਹਾਂ ਦੇ ਦੂਜੇ ਥਰੋਅ ਨੇ 2008 ਵਿੱਚ ਬਣਾਏ ਗਏ ਓਲੰਪਿਕ ਰਿਕਾਰਡ ਨੂੰ ਤੋੜ ਦਿੱਤਾ।
ਇਹ ਅਰਸ਼ਦ ਦੇ ਕਰੀਅਰ ਦਾ ਸਭ ਤੋਂ ਵੱਡਾ ਜੈਵਲਿਨ ਥਰੋਅ ਸੀ ਅਤੇ ਅਰਸ਼ਦ ਦਾ ਸੁੱਟਿਆ 90 ਮੀਟਰ ਤੋਂ ਵੱਧ ਦੀ ਦੂਰੀ 'ਤੇ ਮੁਕਾਬਲੇ ਦਾ ਆਪਣਾ ਆਖ਼ਰੀ ਥਰੋਅ ਵੀ ਦੁਨੀਆ ਦਾ ਛੇਵਾਂ ਸਭ ਤੋਂ ਲੰਬਾ ਜੈਵਲਿਨ ਥਰੋਅ ਸੀ।

ਇਹ ਦੂਜੀ ਵਾਰ ਹੈ ਜਦੋਂ ਅਰਸ਼ਦ ਨੇ ਆਪਣੇ ਕਰੀਅਰ ਵਿੱਚ 90 ਮੀਟਰ ਤੋਂ ਵੱਧ ਦੀ ਦੂਰੀ ’ਤੇ ਥਰੋਅ ਸੁੱਟਿਆ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਬਰਮਿੰਘਮ ਵਿੱਚ 2022 ਰਾਸ਼ਟਰਮੰਡਲ ਖੇਡਾਂ ਵਿੱਚ 90.18 ਮੀਟਰ ਦੀ ਜੈਵਲਿਨ ਥਰੋਅ ਨਾਲ ਸੋਨ ਤਗਮਾ ਜਿੱਤਿਆ ਸੀ।
ਅਰਸ਼ਦ ਨੂੰ ਲੰਬੇ ਸਮੇਂ ਤੋਂ ਮੁਕਾਬਲਾ ਦੇਣ ਵਾਲੇ ਅਤੇ ਡਿਫੈਂਡਿੰਗ ਚੈਂਪੀਅਨ ਭਾਰਤ ਦੇ ਨੀਰਜ ਚੋਪੜਾ ਨੇ ਜੈਵਲਿਨ ਫਾਈਨਲ ਵਿੱਚ 89.45 ਮੀਟਰ ਥਰੋਅ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ ਹੈ।
ਇਹ ਨੀਰਜ ਦਾ ਇਸ ਸਾਲ ਦਾ ਸਭ ਤੋਂ ਸਰਬਉੱਤਮ ਥਰੋਅ ਰਿਹਾ। ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੂੰ ਕਾਂਸੀ ਦਾ ਤਗਮਾ ਮਿਲਿਆ।
ਪਾਕਿਸਤਾਨ ਲਈ 40 ਸਾਲਾਂ ਦੇ ਵਕਫ਼ੇ ਤੋਂ ਬਾਅਦ ਤਗਮਾ ਲੈ ਕੇ ਓਲੰਪਿਕ ਸੋਨ ਤਗ਼ਮਾ ਜੇਤੂ ਅਰਸ਼ਦ ਨਦੀਮ ਜਦੋਂ ਸ਼ਨੀਵਾਰ ਰਾਤ ਲਾਹੌਰ ਪਹੁੰਚੇ ਤਾਂ ਇਹ ਨਿਸ਼ਚਿਤ ਤੌਰ 'ਤੇ ਇੱਕ ਉਤਸ਼ਾਹ ਭਰਿਆ ਪਲ਼ ਸੀ।
ਇੱਕ ਅਥਲੀਟ ਦੀ ਪਾਕਿਸਤਾਨ ਵਾਪਸੀ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਗਿਆ ਅਤੇ ਹਵਾਈ ਅੱਡੇ 'ਤੇ ਹਜ਼ਾਰਾਂ ਲੋਕ ਮੌਜੂਦ ਸਨ।

ਤਸਵੀਰ ਸਰੋਤ, Getty Images
ਪਾਕਿਸਤਾਨ ਪਰਤਣ 'ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਰਸ਼ਦ ਨੇ ਕਿਹਾ, ਦੇਸ਼ ਅਤੇ ਮਾਤਾ-ਪਿਤਾ ਦੀਆਂ ਦੁਆਵਾਂ ਸਦਕੇ ਪ੍ਰਮਾਤਮਾ ਨੇ ਮੈਨੂੰ ਇਸ ਨਾਲ ਨਿਵਾਜਿਆ ਹੈ, ਇਸ ਸਫ਼ਲਤਾ ਦੇ ਪਿੱਛੇ ਇਕ ਲੰਮਾ ਸਫ਼ਰ ਹੈ, ਮੈਂ ਮੈਡਲ ਹਾਸਲ ਕਰਨ ਲਈ ਦਿਨ-ਰਾਤ ਮਿਹਨਤ ਕੀਤੀ।”
ਮੀਡੀਆ ਨਾਲ ਗੱਲਬਾਤ ਤੋਂ ਬਾਅਦ ਅਰਸ਼ਦ ਇੱਕ ਵਿਸ਼ੇਸ਼ ਡਬਲ-ਡੈਕਰ ਬੱਸ ਵਿੱਚ ਸਵਾਰ ਹੋਏ ਅਤੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਖਿਚਵਾਈਆਂ ਤੇ ਹੱਥ ਚੁੱਕ ਕੇ ਉਨ੍ਹਾਂ ਦੇ ਨਾਅਰਿਆਂ ਦਾ ਹੁੰਗਾਰਾ ਭਰਿਆ।
ਇਸ ਤੋਂ ਪਹਿਲਾਂ ਅਰਸ਼ਦ ਨਦੀਮ ਨੇ ਸੋਨ ਤਗਮਾ ਜਿੱਤਣ ਤੋਂ ਬਾਅਦ ਨਿੱਜੀ ਚੈਨਲ ਜੀਓ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ, “ਅੱਜ ਮੈਂ ਇਸ ਤੋਂ ਵਧੀਆ ਥਰੋਅ ਕਰ ਸਕਦਾ ਸੀ ਪਰ ਮੇਰੀ ਕਿਸਮਤ ਵਿੱਚ ਜੋ ਲਿਖਿਆ ਸੀ, ਉਹ ਰੱਬ ਨੇ ਦਿੱਤਾ ਹੈ। ਮੈਂ ਸਖ਼ਤ ਮਿਹਨਤ ਕਰਨਾ ਜਾਰੀ ਰੱਖਾਂਗਾ ਅਤੇ ਮੈਨੂੰ ਆਸ ਹੈ ਕਿ ਮੈਂ ਹੋਰ ਵੀ ਵਧੀਆ ਕਰ ਸਕਾਂਗਾ।”
ਅਰਸ਼ਦ ਨੇ ਕਿਹਾ, “ਅੱਜ ਰੱਬ ਨੇ ਸਾਨੂੰ ਮੈਡਲ ਨਾਲ ਨਿਵਾਜਿਆ ਹੈ ਅਤੇ ਪੂਰੀ ਪਾਕਿਸਤਾਨੀ ਕੌਮ ਦੀਆਂ ਦੁਆਵਾਂ ਮੇਰੇ ਨਾਲ ਸਨ।”
ਇਹ ਪੁੱਛੇ ਜਾਣ 'ਤੇ ਕਿ ਉਹ ਇਸ ਤਗਮਾ ਜਿੱਤਣ ਦੀ ਖੁਸ਼ੀ ਕਿਵੇਂ ਮਨਾਉਣਗੇ, ਅਰਸ਼ਦ ਨੇ ਕਿਹਾ ਕਿ ਇਹ ਅਗਸਤ ਦਾ ਮਹੀਨਾ ਹੈ ਅਤੇ ਅਸੀਂ ਇਸ ਵਾਰ 14 ਅਗਸਤ ਨੂੰ ਸੋਨ ਤਗਮੇ ਨਾਲ ਜਸ਼ਨ ਮਨਾਵਾਂਗੇ।
ਅਰਸ਼ਦ ਨਦੀਮ ਨੇ ਖੇਡ ਤੋਂ ਬਾਅਦ ਬਾਕੀ ਦੋ ਖਿਡਾਰੀਆਂ ਨਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, “ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਪਾਕਿਸਤਾਨੀ ਕੌਮ ਨੇ ਮੇਰੇ ਲਈ ਇੰਨੀਆਂ ਦੁਆਵਾਂ ਕੀਤੀਆਂ।”

ਤਸਵੀਰ ਸਰੋਤ, PMLN
ਇਨਾਮਾਂ ਦਾ ਐਲਾਨ
ਅਰਸ਼ਦ ਨਦੀਮ ਦੀ ਇਸ ਪ੍ਰਾਪਤੀ 'ਤੇ ਜਿੱਥੇ ਉਨ੍ਹਾਂ ਨੂੰ ਕੌਮਾਂਤਰੀ ਐਥਲੈਟਿਕਸ ਫੈਡਰੇਸ਼ਨ ਵੱਲੋਂ 50 ਹਜ਼ਾਰ ਡਾਲਰ ਦੇ ਇਨਾਮ ਦੇਣ ਦਾ ਐਲਾਨ ਕੀਤਾ ਗਿਆ, ਉੱਥੇ ਹੀ ਪਾਕਿਸਤਾਨ ਵਿੱਚ ਵੀ ਸਰਕਾਰੀ ਅਤੇ ਨਿੱਜੀ ਪੱਧਰ 'ਤੇ ਉਨ੍ਹਾਂ ਲਈ ਵੱਡੇ ਇਨਾਮਾਂ ਅਤੇ ਸਨਮਾਨਾਂ ਦਾ ਐਲਾਨ ਕੀਤਾ ਗਿਆ ਹੈ।
ਐਤਵਾਰ ਨੂੰ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਅਰਸ਼ਦ ਨਦੀਮ ਨੂੰ ਹਿਲਾਲ ਇਮਤਿਆਜ਼ ਦੇਣ ਦਾ ਐਲਾਨ ਕੀਤਾ, ਜਦਕਿ ਪਾਕਿਸਤਾਨ ਸਰਕਾਰ ਨੇ 14 ਅਗਸਤ ਦੇ ਮੌਕੇ 'ਤੇ ਅਰਸ਼ਦ ਨਦੀਮ ਦੀ ਤਸਵੀਰ ਵਾਲੀ ਵਿਸ਼ੇਸ਼ 'ਆਜ਼ਮ ਸਾਥਵਤ' ਡਾਕ ਟਿਕਟ ਵੀ ਜਾਰੀ ਕੀਤੀ ਗਈ ਹੈ।
ਅਰਸ਼ਦ ਦੀ ਸ਼ਾਨਦਾਰ ਸਫ਼ਲਤਾ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਉਨ੍ਹਾਂ ਲਈ 15 ਕਰੋੜ ਰੁਪਏ ਦੇ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ।
ਇਸ ਦੇ ਨਾਲ ਹੀ ਇਸਲਾਮਾਬਾਦ 'ਚ ਇੱਕ ਸੜਕ ਉਨ੍ਹਾਂ ਦੇ ਨਾਮ ਨੂੰ ਸਮਰਪਿਤ ਕੀਤਾ ਗਿਆ ਅਤੇ ਅਰਸ਼ਦ ਨਦੀਮ ਹਾਈ ਪਰਫਾਰਮੈਂਸ ਅਕਾਦਮੀ ਦੀ ਸਥਾਪਨਾ ਕਰਨ ਦਾ ਵੀ ਐਲਾਨ ਕੀਤਾ।
ਇਸ ਤੋਂ ਪਹਿਲਾਂ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਮੀਆਂ ਚਾਨੂੰ ਵਿੱਚ ਅਰਸ਼ਦ ਨਦੀਮ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਜਿੱਥੇ ਉਨ੍ਹਾਂ ਨੇ ਇਨਾਮ ਵਜੋਂ 10 ਕਰੋੜ ਦਾ ਚੈੱਕ ਅਤੇ ਇੱਕ ਕਾਰ ਉਨ੍ਹਾਂ ਭੇਂਟ ਕੀਤੀ।
ਇਸ ਤੋਂ ਇਲਾਵਾ ਸਿੰਧ ਸਰਕਾਰ ਨੇ ਕਰੋੜਾਂ ਰੁਪਏ ਦਾ ਐਲਾਨ ਕੀਤਾ ਹੈ।

ਤਸਵੀਰ ਸਰੋਤ, Getty Images/bbc
'ਇਸ ਵਾਰ 14 ਅਗਸਤ ਨੂੰ ਸੋਨ ਤਗਮੇ ਨਾਲ ਮਨਾਵਾਂਗੇ'
ਕਰਾਚੀ ਦੀ ਬਿਜਲੀ ਵੰਡ ਕੰਪਨੀ ਕੇ ਇਲੈਕਟ੍ਰਿਕ ਨੇ ਅਰਸ਼ਦ ਲਈ 20 ਲੱਖ ਰੁਪਏ ਅਤੇ ਨਿੱਜੀ ਬੈਂਕ ਯੂਬੀਐਲ ਨੇ 50 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।
ਓਲੰਪਿਕ ਲਈ ਅਰਸ਼ਦ ਨਦੀਮ ਨੂੰ ਸਪਾਂਸਰ ਕਰਨ ਵਾਲੀ ਕੰਪਨੀ ਟੋਇਟਾ ਨੇ ਉਸ ਨੂੰ 10 ਲੱਖ ਰੁਪਏ ਦੀ ਕਾਰ ਦਿੱਤੀ ਹੈ।
ਇਸ ਤੋਂ ਇਲਾਵਾ ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਅਹਿਮਦ ਸ਼ਾਹਜ਼ਿਦਾ ਨੇ ਅਤੇ ਗਾਇਕ ਅਲੀ ਜ਼ਫ਼ਰ ਨੇ ਵੀ 10-10 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
ਅਰਸ਼ਦ ਤੋਂ ਇਲਾਵਾ ਉਨ੍ਹਾਂ ਦੇ ਕੋਚ ਸਲਮਾਨ ਇਕਬਾਲ ਬੱਟ ਲਈ ਵੀ ਡੇਢ ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ।

ਤਸਵੀਰ ਸਰੋਤ, Getty Images
ਅਰਸ਼ਦ ਨਦੀਮ ਨੇ ਕ੍ਰਿਕਟ ਸਮੇਤ ਹੋਰ ਖੇਡਾਂ ਵਿੱਚ ਭਾਰਤ-ਪਾਕਿਸਤਾਨ ਦੇ ਮੁਕਾਬਲੇ ਬਾਰੇ ਕਿਹਾ, “ਜਿਸ ਤਰ੍ਹਾਂ ਜਦੋਂ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਹੁੰਦਾ ਹੈ ਤਾਂ ਦੋਵਾਂ ਦੇਸ਼ਾਂ ਦੇ ਲੋਕ ਕੰਮ ਛੱਡ ਕੇ ਟੀਵੀ ਦੇਖਦੇ ਹਨ, ਠੀਕ ਉਸੇ ਤਰ੍ਹਾਂ ਹੀ ਉਦੋਂ ਹੁੰਦਾ ਹੈ ਜਦੋਂ ਮੇਰੇ ਭਰਾ ਅਤੇ ਨੀਰਜ ਭਾਈ ਦਾ ਮੈਚ ਹੁੰਦਾ ਹੈ। ਉਦੋਂ ਵੀ ਹਰ ਕੋਈ ਕੰਮ ਛੱਡ ਕੇ ਸਾਨੂੰ ਟੀਵੀ 'ਤੇ ਦੇਖਦਾ ਹੈ।”
ਇਸ ਮੌਕੇ ਨੀਰਜ ਨੇ ਕਿਹਾ ਕਿ ਸਾਡੇ ਦੋਵਾਂ ਦੇਸ਼ਾਂ ਵਿੱਚ ਬਹੁਤ ਸਾਰੇ ਲੋਕ ਜੈਵਲਿਨ ਥਰੋਅ ਬਾਰੇ ਨਹੀਂ ਜਾਣਦੇ ਸਨ।
ਉਹ ਕਹਿੰਦੇ ਹਨ, “ਅਰਸ਼ਦ ਅਤੇ ਮੈਂ 2016 ਤੋਂ ਮੁਕਾਬਲੇ ਕਰ ਰਹੇ ਹਾਂ ਅਤੇ ਪਿਛਲੇ ਮੁਕਾਬਲਿਆਂ ਵਿੱਚ ਰੱਬ ਮੇਰੇ ਨਾਲ ਸੀ ਪਰ ਅੱਜ ਉਹ ਅਰਸ਼ਦ ਦੇ ਨਾਲ ਹੈ ਅਤੇ ਮੈਂ ਬਹੁਤ ਖੁਸ਼ ਹਾਂ ਕਿਉਂਕਿ ਅਰਸ਼ਦ ਬਹੁਤ ਮਿਹਨਤ ਕਰਦਾ ਹੈ।”
ਨੀਰਜ ਨੇ ਕਿਹਾ, “ਹੁਣ ਦੋਵਾਂ ਦੇਸ਼ਾਂ ਵਿੱਚ ਜੈਵਲਿਨ ਬਹੁਤ ਮਸ਼ਹੂਰ ਹੋ ਗਿਆ ਹੈ ਅਤੇ ਸਾਨੂੰ ਉਮੀਦ ਹੈ ਕਿ ਵੱਧ ਤੋਂ ਵੱਧ ਨੌਜਵਾਨ ਅੱਗੇ ਆਉਣਗੇ ਅਤੇ ਜੈਵਲਿਨ ਨੂੰ ਚੁੱਕਣਗੇ।”
ਅਰਸ਼ਦ ਅਤੇ ਨੀਰਜ ਦੋਵਾਂ ਨੇ ਆਪਣੀਆਂ ਸਰਜਰੀਆਂ ਅਤੇ ਸੱਟਾਂ ਬਾਰੇ ਵੀ ਗੱਲ ਕੀਤੀ। ਅਰਸ਼ਦ ਨਦੀਮ ਨੇ ਕਿਹਾ, “ਮੇਰੀ ਤਕਨੀਕ 'ਚ ਸੁਧਾਰ ਹੋਇਆ ਹੈ ਅਤੇ ਅਸੀਂ ਇਸ 'ਤੇ ਹੋਰ ਕੰਮ ਕਰ ਰਹੇ ਹਾਂ।”

ਤਸਵੀਰ ਸਰੋਤ, Getty Images
ਵਿਅਕਤੀਗਤ ਸੋਨ ਤਗਮਾ ਜਿੱਤਣ ਵਾਲਾ ਪਹਿਲਾ ਪਾਕਿਸਤਾਨੀ
ਅਰਸ਼ਦ ਵਿਅਕਤੀਗਤ ਮੁਕਾਬਲਿਆਂ ਵਿੱਚ ਸੋਨ ਤਗਮਾ ਜਿੱਤਣ ਵਾਲਾ ਪਹਿਲਾ ਪਾਕਿਸਤਾਨੀ ਅਤੇ ਓਲੰਪਿਕ ਦੇ ਇਤਿਹਾਸ ਵਿੱਚ ਕੋਈ ਤਗਮਾ ਜਿੱਤਣ ਵਾਲਾ ਤੀਜਾ ਪਾਕਿਸਤਾਨੀ ਹੈ।
ਉਨ੍ਹਾਂ ਤੋਂ ਪਹਿਲਾਂ 1960 ਵਿੱਚ ਭਲਵਾਨ ਮੁਹੰਮਦ ਬਸ਼ੀਰ ਨੇ ਰੋਮ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ ਅਤੇ 1988 ਵਿੱਚ ਮੁੱਕੇਬਾਜ਼ ਹੁਸੈਨ ਸ਼ਾਹ ਨੇ ਸਿਓਲ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।
ਅਰਸ਼ਦ ਦੇ ਪ੍ਰਦਰਸ਼ਨ ਦੀ ਬਦੌਲਤ, ਪਾਕਿਸਤਾਨ 1992 ਤੋਂ ਬਾਅਦ ਪਹਿਲੀ ਵਾਰ ਓਲੰਪਿਕ ਵਿੱਚ ਕੋਈ ਤਗਮਾ ਜਿੱਤਣ ਵਿੱਚ ਕਾਮਯਾਬ ਹੋਇਆ ਹੈ।
ਇਸ ਦੌਰਾਨ ਪਾਕਿਸਤਾਨ ਵਿੱਚ ਸੋਨ ਤਗਮੇ ਦਾ ਇੰਤਜ਼ਾਰ ਬਹੁਤ ਲੰਬਾ ਹੋ ਗਿਆ ਸੀ ਕਿਉਂਕਿ ਪਾਕਿਸਤਾਨ ਦਾ ਆਖ਼ਰੀ ਓਲੰਪਿਕ ਸੋਨ ਤਗਮਾ 1984 ਦੇ ਲਾਸ ਏਂਜਲਸ ਓਲੰਪਿਕ ਵਿੱਚ ਹਾਕੀ ਮੁਕਾਬਲਿਆਂ ਵਿੱਚ ਜਿੱਤਿਆ ਸੀ।
ਅਰਸ਼ਦ ਦੀ ਇਸ ਸਫ਼ਲਤਾ ਤੋਂ ਬਾਅਦ ਓਲੰਪਿਕ ਦੇ ਇਤਿਹਾਸ ਵਿੱਚ ਪਾਕਿਸਤਾਨ ਦੇ ਕੁੱਲ ਤਗਮਿਆਂ ਦੀ ਗਿਣਤੀ 11 ਹੋ ਗਈ ਹੈ, ਜਿਸ ਵਿੱਚ ਚਾਰ ਸੋਨ ਅਤੇ ਕਾਂਸੀ ਦੇ ਤਗਮੇ ਅਤੇ ਤਿੰਨ ਚਾਂਦੀ ਦੇ ਤਗਮੇ ਸ਼ਾਮਲ ਹਨ।
ਇਨ੍ਹਾਂ 11 ਤਗਮਿਆਂ ਵਿੱਚੋਂ ਅੱਠ ਹਾਕੀ ਵਿੱਚ ਜਿੱਤੇ ਗਏ ਹਨ ਜਦਕਿ ਬਾਕੀ ਤਿੰਨ ਜੈਵਲਿਨ ਥਰੋਅ, ਕੁਸ਼ਤੀ ਅਤੇ ਮੁੱਕੇਬਾਜ਼ੀ ਵਿੱਚ ਜਿੱਤੇ ਹਨ।
ਫਾਈਨਲ 'ਚ ਜਗ੍ਹਾ ਬਣਾਉਣ ਤੋਂ ਬਾਅਦ ਅਰਸ਼ਦ ਨਦੀਮ ਨੇ ਇੱਕ ਵੀਡੀਓ ਬਿਆਨ 'ਚ ਲੋਕਾਂ ਨੂੰ ਅਰਦਾਸਾਂ ਦੀ ਅਪੀਲ ਕੀਤੀ ਅਤੇ ਕਿਹਾ, “ਤੁਹਾਡੀਆਂ ਦੁਆਵਾਂ ਨਾਲ ਮੈਂ ਕੁਆਲੀਫਿਕੇਸ਼ਨ ਰਾਊਂਡ 'ਚ ਪਹਿਲੇ ਹੀ ਥਰੋਅ 'ਚ ਫਾਈਨਲ ਲਈ ਕੁਆਲੀਫਾਈ ਹੋ ਗਿਆ ਹਾਂ।”
“ਮੇਰੇ ਲਈ ਹੋਰ ਅਰਦਾਸਾਂ ਕਰੋ ਤਾਂ ਜੋ ਮੈਂ ਬਿਹਤਰ ਪ੍ਰਦਰਸ਼ਨ ਕਰ ਸਕਾਂ ਅਤੇ ਪਾਕਿਸਤਾਨ ਲਈ ਮੈਡਲ ਜਿੱਤ ਸਕਾਂ।”

ਤਸਵੀਰ ਸਰੋਤ, Getty Images
‘ਦਿਲ ਖੁਸ਼ ਕਰ ਦਿਆ ਸ਼ਹਿਜ਼ਾਦੇ’
ਜੈਵਲਿਨ ਥਰੋਅ ਫਾਈਨਲ ਵਿੱਚ ਜਿਵੇਂ ਹੀ ਅਰਸ਼ਦ ਨਦੀਮ ਨੇ ਨਵਾਂ ਓਲੰਪਿਕ ਰਿਕਾਰਡ ਕਾਇਮ ਕੀਤਾ, ਪਾਕਿਸਤਾਨੀਆਂ ਨੂੰ ਯਕੀਨ ਹੋ ਗਿਆ ਕਿ ਉਨ੍ਹਾਂ ਦਾ ਤਿੰਨ ਦਹਾਕਿਆਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ।
ਪਾਕਿਸਤਾਨ 'ਚ ਸੋਸ਼ਲ ਮੀਡੀਆ 'ਤੇ ਅਰਸ਼ਦ ਨਦੀਮ ਦਾ ਨਾਂ ਟਾਪ ਟ੍ਰੈਂਡ ਬਣ ਗਿਆ ਅਤੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਵੱਡੀ ਗਿਣਤੀ 'ਚ ਯੂਜ਼ਰਸ ਨੇ ਉਨ੍ਹਾਂ ਦੇ ਥਰੋਅ ਦਾ ਵੀਡੀਓ ਵਾਰ-ਵਾਰ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ, ਜਿਸ 'ਚ ਉਨ੍ਹਾਂ ਨੇ 92.97 ਮੀਟਰ ਨਾਲ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ।
ਅਰਸ਼ਦ ਨਦੀਮ ਦੀ ਜਿੱਤ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਅਰਸ਼ਦ ਨਦੀਮ ਨੂੰ ਵਧਾਈ ਦਿੰਦੇ ਹੋਏ ਕਿਹਾ, “ਅਰਸ਼ਦ ਤੁਸੀਂ ਸ਼ਾਨਦਾਰਾ ਕਾਰਨਾਮਾ ਕੀਤਾ ਹੈ, ਇਤਿਹਾਸ ਰਚ ਗਿਆ ਹੈ।”
ਉਨ੍ਹਾਂ ਅੱਗੇ ਕਿਹਾ, “ਤੁਸੀਂ ਪੂਰੀ ਕੌਮ ਦਾ ਮਾਣ ਵਧਾਇਆ ਹੈ।”
ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਸੰਸਥਾਪਕ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਐਕਸ ਅਕਾਊਂਟ ਤੋਂ ਅਰਸ਼ਦ ਨਦੀਮ ਨੂੰ ਸੋਨ ਤਗਮਾ ਜਿੱਤਣ 'ਤੇ ਵਧਾਈ ਦਿੰਦੇ ਹੋਏ ਕਿਹਾ, “ਅਰਸ਼ਦ ਨਦੀਮ ਦੀ ਲਗਾਤਾਰ ਮਿਹਨਤ ਅਤੇ ਲਗਨ ਨੇ ਉਸ ਨੂੰ ਅਤੇ ਦੇਸ਼ ਦਾ ਮਾਣ ਵਧਾਇਆ ਹੈ।”
“ਇਹ ਪਹਿਲੀ ਵਾਰ ਹੈ ਜਦੋਂ ਕਿਸੇ ਪਾਕਿਸਤਾਨੀ ਨੇ ਓਲੰਪਿਕ ਵਿੱਚ ਵਿਅਕਤੀਗਤ ਸੋਨ ਤਮਗਾ ਜਿੱਤਿਆ ਹੈ। ਉਹ ਸਾਡੀ ਨੌਜਵਾਨ ਪੀੜ੍ਹੀ ਲਈ ਇੱਕ ਮਿਸਾਲ ਹੈ।”
ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਸਨਾ ਮੀਰ ਨੇ ਲਿਖਿਆ, “ਅਰਸ਼ਦ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਉਨ੍ਹਾਂ ਦਾ ਥਰੋਅ ਗੋਲਡ ਮੈਡਲ ਲਈ ਕਾਫੀ ਹੈ।”
ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਨੇ ਆਪਣੇ ਹੀ ਅੰਦਾਜ਼ 'ਚ ਅਰਸ਼ਦ ਨਦੀਮ ਨੂੰ ਆਪਣੇ ਰਿਕਾਰਡ ਥਰੋਅ 'ਤੇ 'ਪ੍ਰਿੰਸ' ਕਿਹਾ, ਜਦਕਿ ਪ੍ਰੋਫੈਸਰ ਆਦਿਲ ਨਜਮ ਨੇ ਲਿਖਿਆ ਕਿ “ਦਿਲ ਖੁਸ਼ ਕਰ ਦੀਆ ਸ਼ਹਿਜ਼ਾਦੇ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ












