ਪੈਰਿਸ ਓਲੰਪਿਕ: ਖੇਡ ਮੰਤਰੀ ਵੱਲੋਂ ਵਿਨੇਸ਼ ਫੋਗਾਟ ਲਈ ਖਰਚੇ ਦਾ ਹਿਸਾਬ ਦੱਸਣ ’ਤੇ ਕੀ ਰੋਸ ਉੱਠਿਆ

ਵਿਨੇਸ਼ ਫੋਗਾਟ

ਤਸਵੀਰ ਸਰੋਤ, Getty Images

“ਇੱਕ ਗੋਲਡ ਸਾਡੇ ਲਈ ਆ ਰਿਹਾ ਸੀ। ਜਦੋਂ ਇਹ ਗੋਲਡ ਆਉਂਦਾ ਤਾਂ ਦੇਸ ਨੂੰ ਗੌਰਵ ਹੁੰਦਾ। ਕੀ ਕਾਰਨ ਸੀ ਕਿ ਉਸਦਾ ਭਾਰ ਵਧ ਗਿਆ ਪਤਾ ਹੀ ਨਹੀਂ ਲੱਗਿਆ। ਕੀ ਬੇਵਕੂਫ਼ੀ ਕੀਤੀ ਗਈ ਹੈ। ਇਹ ਸੋਚਣ ਦਾ ਵਿਸ਼ਾ ਹੈ। ਦੇਸ਼ ਦੀ ਧੀ ਦਾ ਮਾਮਲਾ ਹੈ।”

ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਆਜ਼ਾਦ ਨੇ ਲੋਕ ਸਭਾ ਵਿੱਚ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦਿੱਤੇ ਜਾਣ ਬਾਰੇ, ਬੋਲਦਿਆਂ ਇਹ ਵਿਚਾਰ ਰੱਖੇ।

ਉਨ੍ਹਾਂ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ, “ਸਰਕਾਰ ਦੇ ਮੰਤਰੀ ਨੇ ਕੀ ਕਿਹਾ, ਅਸੀਂ ਇੰਨਾ ਪੈਸਾ ਦਿੱਤਾ। ਅਹਿਸਾਨ ਕੀਤਾ ਹੈ? ਖ਼ੈਰਾਤ ਦਿੱਤੀ ਕੀ ਕੋਈ? ਇਸ ਤੋਂ ਜ਼ਿਆਦਾ ਪੈਸਾ ਅਸੀਂ ਤੁਹਾਨੂੰ ਦੇ ਦੇਵਾਂਗੇ। ਲੇਕਿਨ ਤੁਹਾਨੂੰ ਚਾਹੀਦਾ ਸੀ ਕਿ ਮਾਮਲੇ ਨੂੰ ਸੰਭਾਲਦੇ ਅਤੇ ਦੇਸ਼ ਦਾ ਸਨਮਾਨ ਵਧਾਉਂਦੇ। ਤੁਸੀਂ ਲਾਪ੍ਰਵਾਹੀ ਕੀਤੀ, ਉਸਦਾ ਖਾਮਿਆਜ਼ਾ ਸਾਨੂੰ ਭੁਗਤਣਾ ਪਿਆ।”

ਉਨ੍ਹਾਂ ਨੇ ਮੰਗ ਕੀਤੀ ਕਿ ਜਦੋਂ ਵਿਨੇਸ਼ ਫੋਗਾਟ ਭਾਰਤ ਵਾਪਸ ਆਉਣ ਤਾਂ ਉਨ੍ਹਾਂ ਨੂੰ ਸੰਸਦ ਵਿੱਚ ਸੱਦ ਕੇ ਸਨਮਾਨਿਤ ਕੀਤਾ ਜਾਵੇ।

ਅਸਲ ਵਿੱਚ ਪਹਿਲਵਾਨ ਵਿਨੇਸ਼ ਫੋਗਾਟ ਨੂੰ ਉਨ੍ਹਾਂ ਦਾ ਭਾਰਤ 100 ਗਰਾਮ ਵੱਧ ਹੋਣ ਕਾਰਨ ਫਾਈਨਲ ਤੋਂ ਪਹਿਲਾਂ ਆਯੋਗ ਕਰਾਰ ਦੇ ਦਿੱਤਾ ਸੀ। ਇਸ ਮੁੱਦੇ ਉੱਤੇ ਸੰਸਦ ਵਿੱਚ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਬਿਆਨ ਦਿੱਤਾ ਸੀ ਜਿਸ ਦੇ ਜਵਾਬ ਵਿੱਚ ਚੰਦਰ ਸ਼ੇਖਰ ਅਜ਼ਾਦ ਨੇ ਰੋਸ ਪ੍ਰਗਟ ਕੀਤਾ ਸੀ।

ਪੈਰਿਸ ਓਲੰਪਿਕ ਵਿੱਚ ਭਾਰਤੀ ਖਿਡਾਰੀਆਂ ਨੇ ਚੰਗੀ ਖੇਡ ਦਾ ਮੁਜ਼ਾਹਰਾ ਤਾਂ ਜ਼ਰੂਰ ਕੀਤਾ ਹੈ ਪਰ ਕਈ ਮੌਕਿਆਂ ਉੱਤੇ ਦੇਖਿਆ ਗਿਆ ਕਿ ਉਹ ਮੁਕਾਬਲੇ ਦੇ ਦਬਾਅ ਦਾ ਸਾਹਮਣਾ ਨਹੀਂ ਕਰ ਸਕੇ। ਇਸ ਵਾਰ ਭਾਰਤ ਨੇ ਕਈ ਮੁਕਾਬਲਿਆਂ ਵਿੱਚ ਚੌਥੇ ਨੰਬਰ ਉੱਤੇ ਰਿਹਾ ਹੈ।

ਹੁਣ ਤੱਕ ਭਾਰਤ 33ਵੇਂ ਓਲੰਪਿਕ ਵਿੱਚ ਕੁੱਲ ਪੰਜ ਮੈਡਲ ਲੈ ਸਕਿਆ ਹੈ। ਜਿਸ ਵਿੱਚੋਂ ਤਿੰਨ ਬਰੌਨਜ਼ ਮੈਡਲ ਨਿਸ਼ਾਨੇਬਾਜ਼ੀ ਵਿੱਚ, ਇੱਕ ਹਾਕੀ ਵਿੱਚ ਅਤੇ ਇੱਕ ਚਾਂਦੀ ਦਾ ਮੈਡਲ ਭਾਲਾ ਸੁੱਟਣ ਵਿੱਚ ਇੱਕ ਚਾਂਦੀ ਦਾ ਤਮਗਾ ਸ਼ਾਮਲ ਹਨ।

ਇਹ ਵੀ ਪੜ੍ਹੋ-

ਕੇਂਦਰੀ ਮੰਤਰੀ ਦੇ ਕਿਹੜੇ ਬਿਆਨ ’ਤੇ ਰੋਸ ਪ੍ਰਗਟ ਹੋਇਆ

ਕੇਂਦਰੀ ਮੰਤਰੀ ਮਨਸੁਖ ਮਾਂਡਵੀਆ

ਤਸਵੀਰ ਸਰੋਤ, Sansad TV

ਤਸਵੀਰ ਕੈਪਸ਼ਨ, ਕੇਂਦਰੀ ਮੰਤਰੀ ਮਨਸੁਖ ਮਾਂਡਵੀਆ

ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਨੇ ਸੰਸਦ ਵਿੱਚ ਬੋਲਦਿਆਂ ਕਿਹਾ ਸੀ, “ਭਾਰਤ ਸਰਕਾਰ ਨੇ ਵਿਨੇਸ਼ ਫੋਗਾਟ ਨੂੰ ਹਰ ਜ਼ਰੂਰੀ ਮਦਦ ਮੁਹੱਈਆ ਕਰਵਾਈ ਸੀ। ਉਨ੍ਹਾਂ ਨੂੰ ਹੰਗਰੀ ਦੇ ਚੰਗੇ ਕੋਚ, ਫਿਜ਼ੀਓ ਦਿੱਤੇ ਗਏ ਸੀ।”

“ਪੈਰਿਸ ਓਲੰਪਿਕਸ ਲਈ ਉਨ੍ਹਾਂ ਨੂੰ 70 ਲੱਖ 45 ਹਜ਼ਾਰ 775 ਰੁਪਏ ਦੀ ਵਿੱਤੀ ਮਦਦ ਦਿੱਤੀ ਗਈ ਸੀ। ਇਨ੍ਹਾਂ ਵਿੱਚ ਉਨ੍ਹਾਂ ਲਈ ਨਿੱਜੀ ਸਟਾਫ, ਸਟ੍ਰੈਂਥ ਤੇ ਕੰਡੀਸ਼ਨਿੰਗ ਐਕਸਪਰਟਸ ਵਿੱਚ ਦਿੱਤੇ ਗਏ ਸੀ।”

ਵਿਰੋਧੀ ਧਿਰ ਨੇ ਇਸ ਭਾਸ਼ਣ ਉੱਤੇ ਇਤਰਾਜ਼ ਪ੍ਰਗਟ ਕੀਤਾ ਸੀ।

ਕਾਂਗਰਸ ਵੱਲੋਂ ਸਦਨ ਵਿੱਚ ਖੇਡ ਮੰਤਰੀ ਦਾ ਬਿਆਨ ਹਟਾਉਣ ਦੀ ਮੰਗ

ਕਾਂਗਰਸ ਪਾਰਟੀ ਨੇ ਲੋਕ ਸਭਾ ਵਿੱਚ ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵਿਆ ਦਾ ਬਿਆਨ ਰਿਕਾਰਡ ਵਿੱਚੋਂ ਹਟਾਉਣ ਦੀ ਮੰਗ ਕੀਤੀ ਹੈ।

ਕਾਂਗਰਸ ਦੇ ਲੋਕ ਸਭਾ ਮੈਂਬਰ ਮਾਨੀਕਮ ਟੇਗੋਰ ਨੇ ਸਦਨ ਵਿੱਚ ਪੇਸ਼ ਅਡਜਰਨਮੈਂਟ ਮੋਸ਼ਨ ਵਿੱਚ ਕਿਹਾ ਹੈ ਕਿ, “ਵਿਨੇਸ਼ ਫੋਗਾਟ ਨੂੰ ਹਾਲ ਹੀ ਵਿੱਚ ਭਾਰ ਦੇ ਮਾਮੂਲੀ ਫਰਕ ਕਾਰਨ ਅਯੋਗ ਕਰਾਰ ਦਿੱਤੇ ਜਾਣ ਕਾਰਨ ਉਸਦੇ ਦੇ ਓਲੰਪਿਕ ਸੁਫਨੇ ਨਹੀਂ ਸਗੋਂ ਹਰ ਭਾਰਤੀ ਦੇ ਸੁਫਨੇ ਚੂਰਚੂਰ ਹੋਏ ਹਨ।”

“ਇਹ ਦੇਖਣਾ ਦੁਖਦਾਈ ਹੈ ਕਿ ਮਨਸੁੱਖ ਮਾਂਡਵੀਆ ਨੇ 70 ਲੱਖ 45 ਹਜ਼ਾਰ 775 ਰੁਪਏ ਵਾਧੂ ਖ਼ਰਚਣ ਦਾ ਜ਼ਿਕਰ ਕੀਤਾ। ਇਹ ਪੈਸਾ ਭਾਜਪਾ ਦੀ ਜਾਇਦਾਦ ਨਹੀਂ ਹੈ। ਫੋਗਾਟ ਕੌਮ ਦੀ ਹੈ।”

ਵਿਨੇਸ਼ ਦੇ ਮਾਮਲੇ ਅਤੇ ਉਸ ਤੋਂ ਪਹਿਲਾਂ ਤੋਂ ਭਾਰਤ ਵਿੱਚ ਖੇਡ ਪ੍ਰਤਿਭਾ ਨੂੰ ਮੁੱਢ ਤੋਂ ਫੜਨ ਅਤੇ ਉਸ ਨੂੰ ਪੋਸ਼ਿਤ ਕਰਨ ਲਈ ਇੱਕ ਕਾਰਗਰ ਪ੍ਰਣਾਲੀ ਦਾ ਨਾ ਹੋਣਾ ਖੇਡ ਜਗਤ ਵਿੱਚ ਚਿੰਤਾ ਦਾ ਵਿਸ਼ਾ ਰਿਹਾ ਹੈ।

ਵਿਨੇਸ਼ ਦੇ ਮਾਮਲੇ ਕਾਰਨ ਸੋਸ਼ਲ ਮੀਡੀਆ ਉੱਤੇ ਇਸ ਬਾਰੇ ਚਰਚਾ ਕਾਫੀ ਹੋ ਰਹੀ ਹੈ ਕਿ ਖਿਡਾਰੀਆਂ ਨੂੰ ਤਿਆਰ ਕਰਨ ਲਈ ਕਿਹੜਾ ਸਮਾਂ ਹੋਵੇ, ਕਿਵੇਂ ਕੌਮਾਂਤਰੀ ਖਿਡਾਰੀ ਤਿਆਰੀ ਕਰਨ, ਤੇ ਕਿਹੜੀਆਂ ਕਮੀਆਂ ਭਾਰਤੀ ਖਿਡਾਰੀ ਦੇ ਮੈਡਲ ਨਾ ਲੈ ਕੇ ਆਉਣ ਲਈ ਜ਼ਿੰਮੇਵਾਰ ਹਨ।

ਸੁਨੀਲ ਛੇਤਰੀ ਦੀ ਟਿੱਪਣੀ

ਸੁਨੀਲ

ਤਸਵੀਰ ਸਰੋਤ, Getty Images

ਭਾਰਤੀ ਫੁੱਟਬਾਲ ਦੇ ਪੋਸਟਰ ਬੁਆਏ ਸੁਨੀਲ ਛੇਤਰੀ ਨੇ ਪਿਛਲੇ ਦਿਨੀਂ ਇੱਕ ਖ਼ਬਰ ਚੈਨਲ ਨਾਲ ਗੱਲਬਾਤ ਦੌਰਾਨ ਇਸ ਦਾ ਜ਼ਿਕਰ ਕੀਤਾ।

ਗੱਲਬਾਤ ਦੇ ਇੱਕ ਹਿੱਸੇ ਵਿੱਚ ਸੁਨੀਲ ਨੇ ਗੱਲਬਾਤ ਦੌਰਾਨ ਫੁਟਬਾਲ ਦੇ ਯੂਰਪੀ ਢਾਂਚੇ ਅਤੇ ਭਾਰਤੀ ਢਾਂਚੇ ਦੀ ਤੁਲਨਾ ਕੀਤੀ।

ਉਨ੍ਹਾਂ ਨੇ ਕਿਹਾ, “ਜੇ ਇੱਕ ਫਰਕ ਦੱਸ ਸਕਾਂ ਜੋ ਸ਼ਾਇਦ ਸਾਰਿਆਂ ਦੇ ਸਮਝ ਆਵੇਗਾ। ਜਿਸ ਸਮੇਂ ਅਸੀਂ ਪ੍ਰਤਿਭਾ ਦੀ ਸ਼ਨਾਖਤ ਕਰ ਰਹੇ ਹਾਂ। ਜਿਸ ਸੰਖਿਆ ਵਿੱਚ ਅਸੀਂ ਕਰ ਰਹੇ ਹਾਂ। ਜਿਸ ਤਰ੍ਹਾਂ ਦੀ ਅਸੀਂ ਸਿੱਖਿਆ ਦੇ ਰਹੇ ਹਾਂ। ਉਸ ਵਿੱਚ ਫਰਕ ਹੈ।”

ਉਹ ਕਹਿੰਦੇ ਹਨ, “ਸਾਡਾ ਭਾਰਤੀਆਂ ਦਾ ਪਸੰਦੀਦਾ ਪਾਸ ਟਾਈਮ ਹੈ, ਜਦੋਂ ਅਸੀਂ ਓਲੰਪਿਕ ਵਿੱਚ ਜਾਂਦੇ ਹਾਂ। ਅਸੀਂ ਸਭ ਤੋਂ ਵੱਡੀ ਜਨ ਸੰਖਿਆ ਵਾਲਾ ਦੇਸ ਹਾਂ, ਸਾਨੂੰ ਇੰਨੇ ਹੀ ਮੈਡਲ ਮਿਲੇ। ਤੁਸੀਂ, ਮੈਂ, ਅਸੀਂ ਸਾਰੇ ਕਰਦੇ ਹਾਂ।”

ਵਟਸਐਪ ਚੈਨਲ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

"ਤਾਂ 1.5 ਬਿਲੀਅਨ ਲੋਕਾਂ ਦੀ ਜੋ ਜਨਸੰਖਿਆ ਹੈ, ਸਾਡੀ। ਖੇਡਾਂ ਵਿੱਚ ਕੀ ਅਸੀਂ ਉਸ ਨੂੰ ਪੂਰੀ ਤਰ੍ਹਾਂ ਫੜ ਪਾਉਂਦੇ ਹਾਂ? ਨਹੀਂ। ਜੇ ਅੰਡੇਮਾਨ ਵਿੱਚ ਕੋਈ ਮੁੰਡਾ ਜਾਂ ਕੁੜੀ ਹੈ ਜੋ ਛੇ ਸਾਲਾਂ ਵਿੱਚ ਮਸਤ ਕਬੱਡੀ ਖੇਡ ਸਕਦਾ ਹੈ, ਕੀ ਅਸੀਂ ਉਸ ਨੂੰ ਫੜਿਆ? ਨਹੀਂ।"

"ਇਸ ਤਰ੍ਹਾਂ ਦੇ ਕਿੰਨੇ ਬੱਚੇ ਸਾਥੋਂ ਖੁੰਝ ਜਾਂਦੇ ਹਨ, ਚਾਰ ਸਾਲ ਵਿੱਚ, ਛੇ ਸਾਲ ਵਿੱਚ, ਸੱਤ ਸਾਲ ਵਿੱਚ, ਨੌਂ ਸਾਲ ਵਿੱਚ, ਦਸ ਸਾਲ ਵਿੱਚ? ਫਿਰ ਅਸੀਂ ਕਿਵੇਂ ਖੇਡਾਂ ਵਾਲਾ ਦੇਸ ਬਣਾਂਗੇ?"

"ਇਸ ਤੋਂ ਉਲਟ ਤੁਸੀਂ ਅਮਰੀਕਾ ਜਾਓ, ਚੀਨ ਜਾਓ, ਜਰਮਨੀ, ਆਸਟ੍ਰੇਲੀਆ। ਇਹ ਦੇਸ ਓਲੰਪਿਕ ਵਿੱਚ ਵਧੀਆ ਕਰਦੀਆਂ ਹਨ। ਲਾਲਚ ਨਹੀਂ ਹੈ ਪਰ ਜੋ ਬੱਚਿਆਂ ਦੀ ਸ਼ਨਾਖਤ ਕਰਨੀ ਹੈ, ਸਕੂਲਾਂ ਵਿੱਚ ਉਹ ਬਹੁਤ ਮਹੱਤਵਪੂਰਨ ਹੈ।"

"ਜਿਵੇਂ ਚੀਨ ਵਿੱਚ ਇੱਕ ਹੈਡਕੁਆਰਟਰ ਹੈ, ਜਿਸ ਕੋਲ ਸਾਰੇ ਸਾਰੀ ਜਾਣਕਾਰੀ ਹੈ। ਉੱਥੇ ਤਾਂ ਸਖ਼ਤੀ ਵੀ ਹੈ ਕਿਉਂਕਿ ਉੱਥੇ ਜੇ ਉਹ ਚਾਹੁਣਗੇ ਤਾਂ ਤੁਹਾਨੂੰ ਆਉਣਾ ਹੀ ਪਵੇਗਾ।"

ਨੀਰਜ ਚੋਪੜਾ

ਤਸਵੀਰ ਸਰੋਤ, Getty Images

"ਇੱਕ ਨੀਰਜ ਹੈ ਸਾਡੇ ਕੋਲ, ਅੱਠ ਜਾਂ ਨੌਂ ਸਾਲ ਪਹਿਲਾਂ ਬੀਐੱਫਸੀ ਵਿੱਚ ਆਏ ਸੀ। ਉਨ੍ਹਾਂ ਨੂੰ ਕਿਤੋਂ ਲੈ ਕੇ ਆਏ ਸੀ, ਇੰਨੇ ਅਨਘੜ ਸਨ। ਉਨ੍ਹਾਂ ਉੱਤੇ ਕੰਮ ਕੀਤਾ ਗਿਆ। ਇਸ ਸਮੇਂ ਉਹ ਦੁਨੀਆਂ ਦੇ ਰਾਜਾ ਹਨ।''

"ਕਿੰਨੇ ਨੀਰਜ ਲੱਭੇ ਹਨ ਅਸੀਂ ਇਸ ਤਰ੍ਹਾਂ। ਕਿੰਨੇ ਪ੍ਰੋਗਾਰਾਮ ਹਨ ਸਾਡੇ ਦੇਸ ਵਿੱਚ, ਜਿਸ ਵਿੱਚ ਨੀਰਜ ਨੂੰ 13 ਸਾਲ ਦੀ ਉਮਰ ਵਿੱਚ ਲੱਭ ਰਹੇ ਹਾਂ।''

''ਅਜਿਹੇ ਕਿੰਨੇ ਨੀਰਜ, ਕਿੰਨਾ ਸਾਨੀਆ, ਕਿੰਨੇ ਸਾਇਨਾ, ਕਿੰਨੇ ਵਿਰਾਟ ਲੱਭ ਲਏ ਅਸੀਂ। ਇਹ ਜੋ ਆ ਰਹੇ ਹਨ, ਆ ਰਹੇ ਹਨ ਬਸ। ਇਤਿਫਾਕ ਨਾਲ ਆ ਰਹੇ ਹਨ।''

ਲਕਸ਼ੇ ਸੇਨ ਦੇ ਕੋਚ ਦੀ ਨਿਰਾਸ਼ਾ

ਲਕਸ਼ ਸੇਨ

ਤਸਵੀਰ ਸਰੋਤ, Getty Images

ਭਾਰਤੀ ਬੈਡਮਿੰਨਟਨ ਖਿਡਾਰੀ ਲਕਸ਼ੇ ਸੇਨ ਓਲੰਪਿਕ ਵਿੱਚ ਆਪਣੇ ਬਰੌਂਜ਼ ਮੈਡਲ ਮੁਕਾਬਲੇ ਵਿੱਚ ਮਲੇਸ਼ੀਆ ਦੇ ਲੀ ਜ਼ੀ ਜਿਆ ਤੋਂ ਹਾਰ ਗਏ। ਇਸ ਦੇ ਨਾਲ ਹੀ ਉਨ੍ਹਾਂ ਦੀ ਇਸ ਓਲੰਪਿਕ ਵਿੱਚ ਖੇਡ ਤੋਂ ਬਾਅਦ ਜੋ ਉਮੀਦਾਂ ਦੇਸ ਨੇ ਲਾਈਆਂ ਸਨ ਉਹ ਵੀ ਹਾਰ ਗਈਆਂ।

ਉਨ੍ਹਾਂ ਦੀ ਖੇਡ ਤੋਂ ਭਾਰਤ ਦੇ ਬੈਡਮਿੰਨਟਨ ਦੇ ਕੋਚ ਪ੍ਰਕਾਸ਼ ਪਾਦੂਕੋਣ ਨੇ ਨਿਰਾਸ਼ਾ ਜਾਹਰ ਕੀਤੀ।

ਉਨ੍ਹਾਂ ਨੇ ਕਿਹਾ, “ਖਿਡਾਰੀਆਂ ਨੂੰ ਅੱਗੇ ਆਉਣਾ ਪਵੇਗਾ ਤੇ ਜਿੱਤਣਾ ਪਵੇਗਾ। ਸਿਖਰਲੇ ਪੱਧਰ ਉੱਤੇ ਖੇਡਣ ਅਤੇ ਪ੍ਰਦਰਸ਼ਨ ਕਰਨ ਲਈ ਜੋ ਸਹਾਇਤਾ ਅਤੇ ਪੈਸਾ ਭਾਰਤੀ ਖਿਡਾਰੀਆਂ ਨੂੰ ਦਿੱਤਾ ਗਿਆ ਸੀ। ਪਹਿਲਾਂ ਵਾਂਗ ਨਹੀਂ ਹੈ ਜਦੋਂ ਸਾਡੇ ਖਿਡਾਰੀਆਂ ਕੋਲ ਸਹੂਲਤਾਂ ਜਾਂ ਫੰਡ ਨਹੀਂ ਹੁੰਦੇ ਸਨ।”

ਕੋਚ ਪਾਦੂਕੋਣ ਨੇ ਸੇਨ ਦੀ ਜਿੱਤ ਲਈ ਸੇਨ ਨੂੰ ਜ਼ਿੰਮੇਵਾਰ ਠਹਿਰਾਇਆ, ਉਨ੍ਹਾਂ ਨੇ ਕਿਹਾ, “ਬਿਨਾਂ ਸ਼ੱਕ ਉਹ ਬਹੁਤ ਵਧੀਆ ਖੇਡੇ, ਮੈਂ ਕੁਝ ਨਿਰਾਸ਼ ਹਾਂ, ਉਹ ਕੱਲ੍ਹ ਵੀ ਮੁਕੰਮਲ ਨਹੀਂ ਕਰ ਸਕੇ। ਪਹਿਲੀ ਖੇਡ ਵਿੱਚ ਉਹ ਜੇਤੂ ਸਥਿਤੀ ਵਿੱਚ ਸਨ ਅਤੇ ਸ਼ਾਇਦ ਉਹ ਕੱਲ੍ਹ ਹੀ ਫਰਕ ਪਾ ਸਕਦੇ ਸਨ। ਪਹਿਲੀ ਖੇਡ ਜਿੱਤਣ ਤੋਂ ਬਾਅਦ ਉਹ ਅੱਜ 8-3 ਨਾਲ ਅੱਗੇ ਚੱਲ ਰਹੇ ਸਨ। ਉਹ ਹਮੇਸ਼ਾ ਹੀ ਹਮਲਾਵਰ ਹੋ ਕੇ ਖੇਡਣ ਵਿੱਚ ਅਹਿਜ ਰਹੇ ਹਨ।”

'ਖਿਡਾਰੀਆਂ ਨਾਲ ਕੁਝ ਹਮਦਰਦੀ ਰੱਖੋ’

ਅਸ਼ਵਿਨੀ ਪੋਨੱਪਾ

ਤਸਵੀਰ ਸਰੋਤ, Getty Images

ਪਾਦੂਕੋਣ ਨੂੰ ਆਪਣੇ ਬਿਆਨ ਕਾਰਨ ਖਿਡਾਰੀਆਂ ਤੋਂ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ।

ਬੈਡਮਿੰਨਟਨ ਖਿਡਾਰੀ ਅਸ਼ਵਿਨੀ ਬੋਪੱਨਾ ਨੇ ਕਿਹਾ, “ਇਹ ਦੇਖਣਾ ਨਿਰਾਸ਼ਾਜਨਕ ਹੈ, ਜੇ ਕੋਈ ਖਿਡਾਰੀ ਜਿੱਤ ਜਾਂਦਾ ਹੈ, ਤਾਂ ਸਾਰੇ ਸਿਹਰਾ ਲੈਣ ਲਈ ਮੂਹਰੇ ਹੋ ਜਾਂਦੇ ਹਨ। ਲੇਕਿਨ ਜੇ ਉਹ ਹਾਰ ਜਾਣ ਤਾਂ ਇਹ ਖਿਡਾਰੀ ਦੀ ਗਲਤੀ ਹੈ!?”

ਵੈੱਬਸਾਈਟ ਨੇ ਉਨ੍ਹਾਂ ਦੀ ਇੰਸਟਾਗ੍ਰਾਮ ਪੋਸਟ ਦੇ ਹਵਾਲੇ ਨਾਲ ਲਿਖਿਆ, “ਤਿਆਰੀ ਦੀ ਕਮੀ ਅਤੇ ਖਿਡਾਰੀਆਂ ਨੂੰ ਤਿਆਰ ਕਰਨ ਲਈ ਕੋਚਾਂ ਨੂੰ ਜ਼ਿੰਮੇਵਾਰ ਕਿਉਂ ਨਹੀਂ ਠਹਿਰਾਇਆ ਜਾਂਦਾ? ਜਿੱਤ ਲਈ ਤਾਂ ਸਿਹਰਾ ਲੈਣ ਸਮੇਂ ਉਹ ਸਭ ਤੋਂ ਪਹਿਲਾਂ ਹੁੰਦੇ ਹਨ, ਤਾਂ ਫਿਰ ਖਿਡਾਰੀਆਂ ਦੀ ਹਾਰ ਲਈ ਉਹ ਜ਼ਿੰਮੇਵਾਰੀ ਕਿਉਂ ਨਾ ਲੈਣ। ਆਖਰਕਾਰ ਤਾਂ ਜਿੱਤਣ ਵਿੱਚ ਇੱਕ ਟੀਮ ਦੇ ਯਤਨ ਲੱਗਦੇ ਹਨ ਅਤੇ ਹਾਰਨਾ ਵੀ ਟੀਮ ਦੀ ਜ਼ਿੰਮੇਵਾਰੀ ਹੈ। ਤੁਸੀਂ ਅਚਾਨਕ ਖਿਡਾਰੀ ਨੂੰ ਬੱਸ ਥੱਲੇ ਧੱਕਾ ਨਹੀਂ ਦੇ ਸਕਦੇ ਅਤੇ ਸਾਰਾ ਇਲਜ਼ਾਮ ਖਿਡਾਰੀ ਉੱਤੇ ਨਹੀ ਪਾ ਸਕਦੇ।”

ਸਾਬਕਾ ਓਲੰਪੀਅਨ ਅਤੇ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਖਿਡਾਰੀਆਂ ਪ੍ਰਤੀ ਹਮਦਰਦੀ ਰੱਖਣ ਦੀ ਅਪੀਲ ਕੀਤੀ ਹੈ।

ਅਭਿਨਵ ਨੇ 2008 ਦੀਆਂ ਬੀਜਿੰਗ ਓਲੰਪਿਕ ਵਿੱਚ 10 ਮੀਟਰ ਏਅਰ ਗੰਨ ਵਿੱਚ ਸੋਨ ਤਮਗਾ ਜਿੱਤਿਆ ਸੀ।

ਅਭਿਨਵ ਬਿੰਦਰਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਭਿਨਵ ਨੇ 2008 ਦੀਆਂ ਬੀਜਿੰਗ ਓਲੰਪਿਕ ਵਿੱਚ 10 ਮੀਟਰ ਏਅਰ ਗੰਨ ਵਿੱਚ ਸੋਨ ਤਮਗਾ ਜਿੱਤਿਆ ਸੀ।

ਪਾਦੂਕੋਣ ਦੇ ਬਿਆਨ ਬਾਰੇ ਉਨ੍ਹਾਂ ਨੇ ਕਿਹਾ, ''ਓਲੰਪਿਕ ਵਿੱਚ ਮੁਕਾਬਲਾ ਕਰਨਾ ਇੱਕ ਅਸਧਾਰਣ ਚੁਣੌਤੀ ਹੈ। ਇਹ ਹਰ ਖਿਡਾਰੀ ਦੇ ਸਮਰਪਣ ਅਤੇ ਉਸਦੀ ਕੁਰਬਾਨੀ ਦੀ ਗਵਾਹੀ ਹੈ। ਪੈਰਿਸ ਓਲੰਪਿਕ ਵਿੱਚ ਜਿਹੜੇ ਵੀ ਖਿਡਾਰੀ ਚੌਥੇ ਨੰਬਰ ਉੱਤੇ ਆਏ ਹਨ ਮੈਨੂੰ ਉਨ੍ਹਾਂ ਦੀ ਲੜਾਈ ਉੱਤੇ ਮਾਣ ਹੈ।''

''ਇਹ ਉਨ੍ਹਾਂ ਲਈ ਮੁਸ਼ਕਿਲ ਸਮਾਂ ਪਰ ਮੈਡਲ ਦੇ ਇੰਨਾ ਨਜ਼ਦੀਕ ਪਹੁੰਚ ਜਾਣਾ ਇੱਕ ਪ੍ਰਾਪਤੀ ਹੈ। ਨਾ ਸਿਰਫ ਖਿਡਾਰੀਆਂ ਸਗੋਂ ਉਨ੍ਹਾਂ ਦੇ ਕੋਚਾਂ, ਸਹਾਇਕ ਸਟਾਫ਼ ਅਤੇ ਪਰਿਵਾਰਾਂ ਦੀ ਮਿਹਨਤ ਨੂੰ ਪਛਾਣ ਦੇਣ ਦਾ ਸਮਾਂ ਹੈ। ਸਾਨੂੰ ਹਮੇਸ਼ਾ ਆਪਣੇ ਖਿਡਾਰੀਆਂ ਨਾਲ ਖੜ੍ਹਨਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ, “ਇਹੀ ਖੇਡਾਂ ਦਾ ਸਾਰ ਹੈ। ਹਰ ਕੋਈ ਨਹੀਂ ਜਿੱਤ ਸਕਦਾ ਪਰ ਉਨ੍ਹਾਂ ਦੀ ਅਣਥੱਕ ਭਾਲ ਵਜੋਂ ਉਨ੍ਹਾਂ ਨੇ ਪਹਿਲਾਂ ਹੀ ਆਪਣੇ ਆਪ ਨੂੰ ਜੇਤੂਆਂ ਵਜੋਂ ਸਾਬਤ ਕਰ ਦਿੱਤਾ ਹੈ। ਤਿਆਰੀਆਂ ਅਤੇ ਸਿਖਲਾਈ ਦਾ ਮੁੜ-ਮੁਲਾਂਕਣ ਕਰਨ ਦਾ ਹਮੇਸ਼ਾ ਹੀ ਸਮਾਂ ਹੁੰਦਾ ਹੈ ਪਰ ਉਹ ਸਮਾਂ ਹੁਣ ਨਹੀਂ ਹੈ। ਹੁਣ ਸਾਨੂੰ ਸਾਡੇ ਹਰੇਕ ਖਿਡਾਰੀ ਦਾ ਜਸ਼ਨ ਮਨਾਉਣਾ ਚਾਹੀਦਾ ਹੈ ਜਿਸ ਨੇ 1.4 ਬਿਲੀਅਨ ਭਾਰਤੀਆਂ ਦੀਆਂ ਉਮੀਦਾਂ ਅਤੇ ਸੁਫ਼ਨਿਆਂ ਦੀ ਨੁਮਾਇੰਦਗੀ ਕੀਤੀ ਹੈ। ਉਨ੍ਹਾਂ ਨੇ ਸਾਨੂੰ ਮਾਣਮੱਤਾ ਬਣਾਇਆ ਹੈ ਅਤੇ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਦਿੱਤੀ ਹੈ।”

“ਇਹ ਉਨ੍ਹਾਂ ਲਈ, ਉਨ੍ਹਾਂ ਦੇ ਪਰਿਵਾਰਾਂ ਅਤੇ ਜੋ ਲੋਕ ਉਨ੍ਹਾਂ ਲਈ ਕੰਮ ਕਰਦੇ ਹਨ, ਲਈ ਬਹੁਤ ਕਠੋਰ ਹੈ। ਸਾਡੇ ਖਿਡਾਰੀਆਂ ਨਾਲ ਕਠੋਰ ਹੋਣ ਦਾ ਵੀ ਸਮਾਂ ਹੁੰਦਾ ਹੈ ਅਤੇ ਹਮਦਰਦੀ ਦਿਖਾਉਣ ਦਾ ਵੀ ਸਮਾਂ ਹੁੰਦਾ ਹੈ।”

ਹਾਕੀ

ਤਸਵੀਰ ਸਰੋਤ, Getty Images

ਛੇਤਰੀ ਨੇ ਇਸ ਸਮੱਸਿਆ ਦਾ ਕੀ ਹੱਲ ਦਿੱਤਾ

ਅੰਤ ਵਿੱਚ ਜੇ ਸਮੱਸਿਆ ਦੇ ਹੱਲ ਦੀ ਗੱਲ ਨਾ ਕੀਤੀ ਜਾਵੇ ਤਾਂ ਚਰਚਾ ਅਧੂਰੀ ਰਹੇਗੀ।

ਆਪਣੀ ਗੱਲਬਾਤ ਦੌਰਾਨ ਸੁਨੀਲ ਛੇਤਰੀ ਨੇ ਕਿਹਾ ਕਿ ਭਾਰਤ ਦੇ ਖੇਡ ਮੰਤਰੀ ਬਣਨ ਦਾ ਮੌਕਾ ਮਿਲੇ ਤਾਂ ਉਹ ਕੀ ਸੁਧਾਰ ਕਰਨਾ ਚਾਹੁਣਗੇ।

ਉਨ੍ਹਾਂ ਨੇ ਕਿਹਾ, “ਜੋ ਵੀ ਬੱਚਾ ਚੰਗਾ ਹੈ ਉਸ ਨੂੰ ਚੁੱਕਿਆ ਜਾਵੇ ਅਤੇ ਜੋ ਉਸ ਨੂੰ ਲੋੜੀਂਦਾ ਹੈ ਦਿੱਤਾ ਜਾਵੇ।”

“ਇਸ ਵਿੱਚ ਸਿਰਫ ਫੰਡ ਹੀ ਮਹੱਤਵਪੂਰਨ ਨਹੀਂ ਹਨ। ਸਗੋਂ ਜੋ-ਜੋ ਲੋਕ ਕੰਮ ਕਰ ਰਹੇ ਹਨ। ਇੱਕ ਹੀ ਏਜੰਡਾ ਹੈ ਚੰਗਾ ਬੱਚਾ ਆਏਗਾ। ਮਾਮੇ ਦਾ, ਤਾਏ ਦਾ, ਇਹ-ਉਹ ਬਾਹਰ। ਦੇਖਣ ਦਾ ਇਹੀ ਤਰੀਕਾ ਹੋਣਾ ਚਾਹੀਦਾ ਹੈ, ਇਹ ਬੱਚਾ ਚੰਗਾ ਹੈ ਮੌਕਾ ਮਿਲਣਾ ਚਾਹੀਦਾ ਹੈ, ਖਤਮ।“

“ਉਸਦਾ ਫੋਨ ਆਇਆ ਸੀ, ਇਹ ਕਰਦੋ- ਉਹ ਕਰਦੋ, ਜ਼ੀਰੋ। ਇੱਕ ਹੈਡ ਕੁਆਰਟਰ ਹੋਣਾ ਚਾਹੀਦਾ ਹੈ, ਸਾਰੇ ਦੇਸ ਨੂੰ ਪਤਾ ਹੈ ਕਿ ਕੌਣ ਕਿੱਥੇ ਵਧੀਆ ਹੈ।”

ਟੀਐੱਮਸੀ ਆਗੂ ਨੇ ਕੀ ਕਿਹਾ

22 ਜੁਲਾਈ 2024 ਨੂੰ ਲੋਕ ਸਭਾ 'ਚ ਟੀਐੱਮਸੀ ਦੇ ਆਗੂ ਅਤੇ ਸਾਬਕਾ ਕ੍ਰਿਕਟਰ ਕਿਰਤੀ ਆਜ਼ਾਦ ਨੇ ਕਿਹਾ ਸੀ ਕਿ ਖੇਡਾਂ ਅਤੇ ਖਿਡਾਰੀਆਂ ਵੱਲ ਸਰਕਾਰ ਉਨ੍ਹਾਂ ਧਿਆਨ ਨਹੀਂ ਦਿੰਦੀ, ਜਿੰਨਾ ਦੇਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਸੀ ਕਿ, "ਮੈਨੂੰ ਬਹੁਤ ਖੁਸ਼ੀ ਹੈ ਜਦ ਪ੍ਰਧਾਨ ਮੰਤਰੀ ਨੇ ਸਾਡੀਆਂ ਮਹਿਲਾ ਪਹਿਲਵਾਨਾਂ ਦਾ ਸਵਾਗਤ ਕੀਤਾ ਸੀ ਪਰ ਉਸ ਸਮੇਂ ਦੁੱਖ ਹੋਇਆ ਜਦ ਉਨ੍ਹਾਂ ਪਹਿਲਵਾਨਾਂ 'ਤੇ ਅੱਤਿਆਚਾਰ ਹੋਇਆ ਤੇ ਉਨ੍ਹਾਂ ਨੇ ਚੁੱਪ ਧਾਰੀ ਹੋਈ ਸੀ।"

ਉਨ੍ਹਾਂ ਨੇ ਕਿਹਾ ਕਿ ਅੱਜ ਇਹ ਗੱਲ ਤਾਂ ਹੁੰਦੀ ਹੈ ਕਿ ਅਸੀਂ ਨੀਰਜ ਚੋਪੜਾ ਨੂੰ ਭੇਜਿਆ ਪਰ ਜਦੋਂ ਤੱਕ ਨੀਰਜ ਨੇ ਜੈਵਲਿਨ ਥਰੋਅ 'ਚ ਗੋਲਡ ਨਹੀਂ ਜਿੱਤਿਆ ਸੀ, ਉਦੋਂ ਤੱਕ ਸਰਕਾਰ ਨੇ ਉਨ੍ਹਾਂ ਲਈ ਕੀ ਕੀਤਾ? ਸ਼ੂਟਿੰਗ 'ਚ ਅਭਿਨਵ ਬਿੰਦ੍ਰਾ ਵੱਲੋਂ ਪਹਿਲਾਂ ਤਗਮਾ ਜਿੱਤਣ ਤੋਂ ਪਹਿਲਾਂ ਸਰਕਾਰ ਜਾਂ ਫੈਡਰੇਸ਼ਨ ਨੇ ਉਨ੍ਹਾਂ ਲਈ ਕੀ ਕੀਤਾ ਸੀ?

ਉਨ੍ਹਾਂ ਕਿਹਾ ਕਿ, "ਮੈਂ ਸਰਕਾਰ ਤੋਂ ਇਹ ਪੁੱਛਣਾ ਚਾਹੁੰਦਾ ਕਿ ਓਲੰਪਿਕ, ਵਿਸ਼ਵ ਚੈਂਪੀਅਨਸ਼ਿਪ ਤੇ ਏਸ਼ੀਆਈ ਖੇਡਾਂ 'ਚ ਭੇਜਣ ਤੋਂ ਪਹਿਲਾਂ ਤੁਸੀਂ ਉਨ੍ਹਾਂ ਲਈ ਕੀ ਕਰਦੇ ਹੋ? ਇੱਕ ਖਿਡਾਰੀ ਚੰਗਾ ਖੇਡ ਕੇ ਬਾਹਰੋਂ ਆਉਂਦਾ ਹੈ ਤਾਂ ਉਨ੍ਹਾਂ ਨੂੰ ਬਹੁਤ ਕੁੱਝ ਦਿੱਤਾ ਜਾਂਦਾ ਹੈ ਪਰ ਉਹ ਚੰਗਾ ਖਿਡਾਰੀ ਬਣਨ ਲਈ ਅੱਗੇ ਵਧੇ, ਉਸ ਲਈ ਤੁਸੀਂ ਕੀ ਕਰਦੇ ਹੋ?"

ਇਸ ਦੇ ਨਾਲ ਹੀ ਉਨ੍ਹਾਂ ਨੇ ਓਲੰਪਿਕਸ ਦੀ ਤਿਆਰੀ ਬਾਰੇ ਬੋਲਦਿਆਂ ਕਿਹਾ ਸੀ ਕਿ ਜੇ ਤਿਆਰੀ ਦੀ ਗੱਲ ਕਰਨੀ ਹੈ ਤਾਂ 2028 ਓਲੰਪਿਕਸ ਦੀ ਬਾਰੇ ਹੁਣੇ ਗੱਲ ਕਰੋ, ਨਾ ਕਿ ਉਦੋਂ ਜਦੋਂ ਤੁਹਾਡੀ ਟੀਮ ਉਥੇ ਚਲੇ ਗਈ ਹੋਵੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)