ਬੰਗਲਾਦੇਸ਼: ਉਹ ਕੁਝ ਘੰਟੇ, ਜਿਨ੍ਹਾਂ ਵਿੱਚ ਸ਼ੇਖ਼ ਹਸੀਨਾ ਕੋਲੋਂ ਸੱਤਾ ਖੋਹੀ ਗਈ ਤੇ ਦੇਸ਼ ਤੱਕ ਛੱਡਣਾ ਪਿਆ

ਤਸਵੀਰ ਸਰੋਤ, EPA
ਵਿਦਿਆਰਥੀ ਅੰਦੋਲਨ, ਹਿੰਸਾ, ਸੈਂਕੜੇ ਲੋਕਾਂ ਦੀ ਮੌਤ ਅਤੇ ਸੋਮਵਾਰ ਨੂੰ ਮੁਜ਼ਹਰਾਕਾਰੀਆਂ ਦੇ ਮਾਰਚ ਦੇ ਐਲਾਨ ਵਿਚਾਲੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਅਹੁਦਾ ਅਤੇ ਦੇਸ਼ ਛੱਡ ਦਿੱਤਾ ਹੈ।
ਸਰਕਾਰੀ ਨੌਕਰੀਆਂ ਵਿੱਚ ਰਾਖਵੇਂਕਰਨ ਦੇ ਖ਼ਿਲਾਫ਼ ਸ਼ੁਰੂ ਹੋਇਆ ਇਹ ਵਿਦਿਆਰਥੀ ਅੰਦੋਲਨ ਦੇਸ਼ ਵਿਆਪੀ ਮੁਜ਼ਾਹਰੇ ਵਿੱਚ ਬਦਲ ਗਿਆ ਅਤੇ ਸ਼ੇਖ ਹਸੀਨਾ ਦੀ ਸਰਕਾਰ ਦੇ ਪਤਨ ਤੱਕ ਪਹੁੰਚ ਗਿਆ।
ਫੌਜ ਵੱਲੋਂ ਦੇਸ਼ ਵਿੱਚ ਅੰਤਰਿਮ ਸਰਕਾਰ ਬਣਾਉਣ ਦੇ ਐਲਾਨ ਦੇ ਬਾਵਜੂਦ, ਅੰਦੋਲਨ ਅਤੇ ਬੰਗਲਾਦੇਸ਼ ਵਿੱਚ ਅੱਗੇ ਕੀ ਹੋਵੇਗਾ ਇਹ ਅਜੇ ਸਪੱਸ਼ਟ ਨਹੀਂ ਹੈ।
5 ਅਗਸਤ ਦਾ ਦਿਨ ਬੰਗਲਾਦੇਸ਼ ਲਈ ਇਤਿਹਾਸਕ ਦਿਨ ਸਾਬਤ ਹੋਇਆ।
ਸ਼ੇਖ ਹਸੀਨਾ ਦਾ ਲਗਾਤਾਰ ਪੰਦਰਾਂ ਸਾਲਾਂ ਤੋਂ ਤੁਰਿਆ ਆ ਰਿਹਾ ਸ਼ਾਸਨ ਅਤੇ ਉਨ੍ਹਾਂ ਦਾ ਪੰਜਵਾਂ ਕਾਰਜਕਾਲ ਅਚਾਨਕ ਖ਼ਤਮ ਹੋ ਗਿਆ। ਹਸੀਨਾ ਨੂੰ ਜਲਦਬਾਜ਼ੀ 'ਚ ਦੇਸ਼ ਛੱਡਣਾ ਪਿਆ।

5 ਅਗਸਤ ਨੂੰ ਕੀ ਹੋਇਆ ਸੀ
4 ਅਗਸਤ ਨੂੰ ਹੋਈ ਵਿਆਪਕ ਹਿੰਸਾ ਤੋਂ ਬਾਅਦ 5 ਅਗਸਤ ਦੀ ਸ਼ੁਰੂਆਤ ਬੇਹੱਦ ਤਣਾਅਪੂਰਨ ਹਾਲਾਤ ਵਿੱਚ ਹੋਈ। ਤਣਾਅ ਦੇ ਮੱਦੇਨਜ਼ਰ ਸਰਕਾਰ ਨੇ ਸੋਮਵਾਰ ਤੋਂ ਬੁੱਧਵਾਰ ਤੱਕ ਛੁੱਟੀ ਦਾ ਐਲਾਨ ਕੀਤਾ ਸੀ।
ਸਵੇਰੇ 10 ਵਜੇ ਢਾਕਾ ਦੇ ਸੈਂਟਰਲ ਸ਼ਹੀਦ ਮੀਨਾਰ ਨੇੜੇ ਵੱਖ-ਵੱਖ ਕਾਲਜਾਂ ਅਤੇ ਸੰਸਥਾਵਾਂ ਦੀ ਭੀੜ 'ਢਾਕਾ ਮਾਰਚ' ਵਿੱਚ ਹਿੱਸਾ ਲੈਣ ਲਈ ਇਕੱਠੀ ਹੋ ਗਈ ਸੀ।
‘ਸਟੂਡੈਂਟ ਅਗੈਂਸਟ ਡਿਸਕ੍ਰਿਮੀਨੇਸ਼ਨ ਮੂਵਮੈਂਟ’ ਨੇ ਇਸ ਮਾਰਚ ਦਾ ਸੱਦਾ ਦਿੱਤਾ ਸੀ। ਪੁਲਿਸ ਨੇ ਅੱਥਰੂ ਗੈਸ ਅਤੇ ਸਾਊਂਡ ਗ੍ਰੇਨੇਡ ਦੀ ਵਰਤੋਂ ਕਰਕੇ ਵਿਦਿਆਰਥੀਆਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੀ।
ਬੰਗਲਾਦੇਸ਼ ਸਰਕਾਰ ਨੇ 25 ਜੁਲਾਈ ਨੂੰ ਹੀ ਇੰਟਰਨੈੱਟ ਬੰਦ ਕਰ ਦਿੱਤਾ ਸੀ। ਫੇਸਬੁੱਕ, ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
ਪਰ ਸੋਮਵਾਰ ਨੂੰ ਦੇਸ਼ ਵਿੱਚ ਇੰਟਰਨੈਟ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ। ਬਰਾਡਬੈਂਡ ਇੰਟਰਨੈੱਟ ਵੀ ਬੰਦ ਕਰ ਦਿੱਤਾ ਗਿਆ। ਨਿਊਜ਼ ਵੈੱਬਸਾਈਟਾਂ ਵੀ ਔਫਲਾਈਨ ਹੋ ਗਈਆਂ।
ਸਖ਼ਤ ਪ੍ਰਬੰਧ, ਜਬਰ ਦੀਆਂ ਕੋਸ਼ਿਸ਼ਾਂ ਅਤੇ ਪਾਬੰਦੀਆਂ ਲੋਕਾਂ ਨੂੰ ਘਰ ਛੱਡਣ ਤੋਂ ਨਹੀਂ ਰੋਕ ਸਕੀਆਂ। ਸ਼ਹਿਰ ਦੇ ਹਰ ਕੋਨੇ ਤੋਂ ਲੋਕ ਸੜਕਾਂ 'ਤੇ ਆਉਣ ਲੱਗੇ।
11 ਵਜੇ ਤੱਕ ਢਾਕਾ ਦੇ ਜਤਰਾਬਾੜੀ ਇਲਾਕੇ ਵਿੱਚ ਹਜ਼ਾਰਾਂ ਲੋਕਾਂ ਦੀ ਭੀੜ ਇਕੱਠੀ ਹੋ ਗਈ। ਤੈਨਾਤ ਕੀਤੀ ਗਈ ਪੁਲਿਸ ਭੀੜ ਨੂੰ ਕਾਬੂ ਕਰਨ ਲਈ ਨਾਕਾਫ਼ੀ ਰਹੀ।
ਇੱਥੇ ਬਖ਼ਤਰਬੰਦ ਗੱਡੀਆਂ ਵਿੱਚ ਸਵਾਰ ਸੈਨਿਕ ਵੀ ਸੜਕਾਂ ਉੱਤੇ ਤੈਨਾਤ ਕਰ ਦਿੱਤੇ ਗਏ। ਪੁਲਿਸ ਨੇ ਅੱਥਰੂ ਗੈਸ, ਸਾਊਂਡ ਗ੍ਰਨੇਡ ਅਤੇ ਗੋਲੀਆਂ ਚਲਾ ਕੇ ਭੀੜ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ।
ਇਸ ਦੇ ਨਾਲ ਹੀ ਦੁਪਹਿਰ ਕਰੀਬ 12 ਵਜੇ ਢਾਕਾ ਦੇ ਹਬੀਬਗੰਜ ਇਲਾਕੇ 'ਚ ਬੋਰੋ ਬਾਜ਼ਾਰ ਵੱਲ ਵਧ ਰਹੀ ਭੀੜ 'ਤੇ ਪੁਲਿਸ ਨੇ ਗੋਲੀ ਚਲਾ ਦਿੱਤੀ। ਇਸ ਘਟਨਾ ਵਿੱਚ ਨਾਬਾਲਗ਼ ਬੱਚਿਆਂ ਸਣੇ ਛੇ ਲੋਕਾਂ ਦੀ ਮੌਤ ਹੋ ਗਈ।
ਸੋਮਵਾਰ ਦੇ ਢਾਕਾ ਮਾਰਚ ਨੂੰ ਰੋਕਣ ਲਈ ਹਜ਼ਾਰਾਂ ਵਿਦਿਆਰਥੀ, ਮੁਜ਼ਾਹਰਾਕਾਰੀ ਅਤੇ ਵਿਰੋਧੀ ਨੇਤਾ ਤੇ ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਪਰ ਇਸ ਸਭ ਦੇ ਬਾਵਜੂਦ ਵੱਡੇ ਪੈਮਾਨੇ ’ਤੇ ਵਿਦਿਆਰਥੀ ਅਤੇ ਆਮ ਲੋਕ ਬਾਹਰ ਨਿਕਲੇ ਅਤੇ ਸ਼ਹੀਦ ਮਿਨਾਰ ਤੋਂ ਸ਼ਾਹਬਾਗ਼ ਇਲਾਕੇ ਵੱਲ ਵਧੇ। ਐਤਵਾਰ ਨੂੰ ਸ਼ਾਹਬਾਗ਼ ਵਿੱਚ ਪੁਲਿਸ ਅਤੇ ਮੁਜ਼ਾਹਰਾਰੀਆਂ ਦੇ ਵਿਚਾਲੇ ਹੋਈ ਹਿੰਸਾ ਵਿੱਚ ਕਈ ਲੋਕ ਮਾਰੇ ਗਏ ਸਨ।
ਦੇਸ਼ 'ਚ ਤੇਜ਼ੀ ਨਾਲ ਬਦਲਦੇ ਹਾਲਾਤ ਵਿਚਾਲੇ, ਬੰਗਲਾਦੇਸ਼ ਦੇ ਫੌਜ ਮੁਖੀ ਵਾਕੇਰ ਉੱਜ਼ਮਾਂ ਨੇ ਦੁਪਹਿਰ 2 ਵਜੇ ਦੇਸ਼ ਨੂੰ ਸੰਬੋਧਨ ਕਰਨ ਦਾ ਐਲਾਨ ਕੀਤਾ। ਫੌਜ ਨੇ ਇੱਕ ਬਿਆਨ ਜਾਰੀ ਕਰਕੇ ਲੋਕਾਂ ਨੂੰ ਫੌਜ ਮੁਖੀ ਦੇ ਸੰਬੋਧਨ ਤੱਕ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ ਸੀ।
ਇਸ ਦੌਰਾਨ ਸੜਕਾਂ 'ਤੇ ਭੀੜ ਵਧਦੀ ਗਈ, ਲੱਖਾਂ ਲੋਕ ਢਾਕਾ ਦੀਆਂ ਸੜਕਾਂ 'ਤੇ ਉਤਰ ਆਏ।

ਤਸਵੀਰ ਸਰੋਤ, Getty Images
ਸ਼ੇਖ ਹਸੀਨਾ ਨੇ ਦੇਸ਼ ਛੱਡਿਆ
ਦੁਪਹਿਰ ਕਰੀਬ ਸਵਾ ਇੱਕ ਵਜੇ, ਬੰਗਲਾਦੇਸ਼ ਵਿੱਚ ਬ੍ਰਾਡਬੈਂਡ ਇੰਟਰਨੈਟ ਮੁੜ ਤੋਂ ਬਹਾਲ ਕਰ ਦਿੱਤਾ ਗਿਆ।
ਔਫਲਾਈਨ ਹੋਈਆਂ ਵੈੱਬਸਾਈਟਾਂ ਲਾਈਵ ਆਉਣ ਲੱਗੀਆਂ। ਸੋਸ਼ਲ ਮੀਡੀਆ ਵੈੱਬਸਾਈਟਾਂ ਤੋਂ ਵੀ ਪਾਬੰਦੀਆਂ ਹਟਣੀਆਂ ਸ਼ੁਰੂ ਹੋ ਗਈਆਂ। ਹਾਲਾਂਕਿ, ਇੰਟਰਨੈਟ ਨੂੰ ਬਹਾਲ ਕਰਨ ਲਈ ਕੋਈ ਅਧਿਕਾਰਤ ਆਦੇਸ਼ ਨਹੀਂ ਆਇਆ ਸੀ।
ਇਸ ਦੌਰਾਨ ਦੇਸ਼ ਦੇ ਫੌਜ ਮੁਖੀ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਆਰਮੀ ਹੈੱਡਕੁਆਰਟਰ ਵਿਖੇ ਬੈਠਕ ਕੀਤੀ।
ਇਸ ਬੈਠਕ ਵਿੱਚ ਨਾਗਰਿਕ ਸਮੂਹਾਂ ਨਾਲ ਜੁੜੇ ਲੋਕ ਅਤੇ ਬੁੱਧੀਜੀਵੀ ਵੀ ਸ਼ਾਮਲ ਹੋਏ।
ਢਾਕਾ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਦੇ ਪ੍ਰੋਫੈਸਰ ਆਸਿਫ਼ ਨਜ਼ਰੁਲ ਨੂੰ ਵੀ ਬੈਠਕ ਵਿੱਚ ਬੁਲਾਇਆ ਗਿਆ ਸੀ।
ਇਸ ਵਿਚਾਲੇ ਦੁਪਹਿਰ 2.30 ਵਜੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਗਣਭਵਨ ਤੋਂ ਫੌਜੀ ਹੈਲੀਕਾਪਟਰ 'ਚ ਰਵਾਨਾ ਹੋਣ ਦੀ ਖ਼ਬਰ ਆਈ। ਗਣਭਵਨ ਤੋਂ ਹੈਲੀਕਾਪਟਰ ਦੇ ਉਡਾਣ ਭਰਨ ਤੋਂ ਕੁਝ ਮਿੰਟ ਬਾਅਦ ਹੀ ਸ਼ੇਖ ਹਸੀਨਾ ਦੇ ਭਾਰਤ ਰਵਾਨਾ ਹੋਣ ਦੀਆਂ ਖਬਰਾਂ ਆਉਣ ਲੱਗੀਆਂ।
ਸਮਾਚਾਰ ਏਜੰਸੀ ਏਐੱਫਪੀ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਦੇਸ਼ ਛੱਡਣ ਤੋਂ ਪਹਿਲਾਂ ਸ਼ੇਖ਼ ਹਸੀਨਾ ਰਾਸ਼ਟਰ ਦੇ ਨਾਮ ਆਪਣਾ ਸੰਦੇਸ਼ ਰਿਕਾਰਡ ਕਰਨਾ ਚਾਹੁੰਦੀ ਸੀ, ਪਰ ਉਨ੍ਹਾਂ ਨੂੰ ਅਜਿਹਾ ਕਰਨ ਦਾ ਮੌਕਾ ਨਹੀਂ ਮਿਲ ਸਕਿਆ।
ਦੁਪਹਿਰ 3.15 ਵਜੇ ਫੌਜ ਮੁਖੀ ਵਾਕੇਰ ਉੱਜ਼ਮਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਅਸਤੀਫ਼ਾ ਦੇ ਕੇ ਦੇਸ਼ ਛੱਡ ਦਿੱਤਾ ਹੈ। ਉਨ੍ਹਾਂ ਨੇ ਵਿਚਾਰ-ਵਟਾਂਦਰੇ ਤੋਂ ਬਾਅਦ ਅੰਤਰਿਮ ਸਰਕਾਰ ਬਣਾਉਣ ਦਾ ਐਲਾਨ ਵੀ ਕੀਤਾ।

ਤਸਵੀਰ ਸਰੋਤ, Getty Images
ਫੌਜ ਮੁਖੀ ਨੇ ਕਿਹਾ ਕਿ ਮੁਜ਼ਹਰਾਕਾਰੀਆਂ ਦੀ ਮੌਤ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ।
ਸ਼ਾਂਤੀ ਦੀ ਅਪੀਲ ਕਰਦੇ ਹੋਏ ਫੌਜ ਮੁਖੀ ਨੇ ਕਿਹਾ, “ਅਸੀਂ ਦੇਸ਼ ਨੂੰ ਸਹੀ ਢੰਗ ਨਾਲ ਚਲਾਉਣ 'ਚ ਸਫ਼ਲ ਹੋਵਾਂਗੇ।”
ਹਾਲਾਂਕਿ, ਮੁਜ਼ਹਰਾਕਾਰੀ ਸ਼ਾਂਤ ਨਹੀਂ ਹੋਏ। ਅਵਾਮੀ ਲੀਗ ਪਾਰਟੀ ਦੇ ਦਫ਼ਤਰਾਂ ਨੂੰ ਮੁਜ਼ਾਹਰਾਕਾਰੀਆਂ ਨੇ ਅੱਗ ਲਾ ਦਿੱਤੀ।
ਪ੍ਰਧਾਨ ਮੰਤਰੀ ਨਿਵਾਸ ਵਿੱਚ ਲੱਗੀ ਬੰਗਲਾਦੇਸ਼ ਦੇ ਸੰਸਥਾਪਕ ਅਤੇ ਸ਼ੇਖ ਹਸੀਨਾ ਦੇ ਪਿਤਾ ਸ਼ੇਖ ਮੁਜੀਬੁਰ ਰਹਿਮਾਨ ਦੇ ਵਿਸ਼ਾਲ ਬੁੱਤ 'ਤੇ ਮੁਜ਼ਹਰਾਕਾਰੀ ਚੜ੍ਹ ਗਏ। ਇਸ ਮੂਰਤੀ ਨੂੰ ਹਥੌੜੇ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਗਈ।
ਦੇਰ ਦੁਪਹਿਰ ਤੱਕ ਢਾਕਾ ਸ਼ਹਿਰ ਇੱਕ ਪਾਸੇ ਮੁਜ਼ਾਹਰਾਕਾਰੀਆਂ ਦੇ ਕੰਟ੍ਰੋਲ ਵਿੱਚ ਆ ਗਿਆ। ਚੀਫ਼ ਜਸਟਿਸ ਦੇ ਘਰ ਦੀ ਭੰਨਤੋੜ ਕੀਤੀ ਗਈ, ਪ੍ਰਧਾਨ ਮੰਤਰੀ ਦੀ ਰਿਹਾਇਸ਼, ਸੰਸਦ ਭਵਨ ਅਤੇ ਸਮਾਰਕਾਂ ਵਿੱਚ ਮੁਜ਼ਾਹਰਾਕਾਰੀ ਦਾਖ਼ਲ ਹੋ ਗਏ।
ਧਨਮੰਡੀ ਇਲਾਕੇ ਵਿੱਚ ਸਥਿਤ ਸੁਧਾ ਸਦਨ ਨੂੰ ਅੱਗ ਲਗਾ ਦਿੱਤੀ ਗਈ ਅਤੇ ਇਸ ਨੂੰ ਲੁੱਟ ਲਿਆ ਗਿਆ। ਸ਼ੇਖ ਹਸੀਨਾ ਸਰਕਾਰ ਦੇ ਕਈ ਮੰਤਰੀਆਂ ਦੇ ਘਰਾਂ 'ਤੇ ਵੀ ਹਮਲੇ ਹੋਏ, ਪਾਰਟੀ ਦਫ਼ਤਰਾਂ ਨੂੰ ਤੋੜਿਆ ਗਿਆ।
ਸ਼ਾਮ 6 ਵਜੇ, ਫੌਜ ਨੇ ਸ਼ਾਹਜਲਾਲ ਕੌਮਾਂਤਰੀ ਹਵਾਈ ਅੱਡੇ 'ਤੇ ਉਡਾਣ ਸੰਚਾਲਨ ਨੂੰ ਛੇ ਘੰਟਿਆਂ ਲਈ ਮੁਅੱਤਲ ਕਰਨ ਦੀ ਜਾਣਕਾਰੀ ਦਿੱਤੀ।

ਤਸਵੀਰ ਸਰੋਤ, Getty Images
ਅੰਤਰਿਮ ਸਰਕਾਰ ਦੀ ਰੂਪਰੇਖਾ ਤੈਅ ਕਰਨ ਲਈ 24 ਘੰਟੇ ਦੀ ਸਮਾਂ ਸੀਮਾ
ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਸ਼ਾਮ ਕਰੀਬ 6.15 ਵਜੇ ਗਾਜ਼ੀਆਬਾਦ ਦੇ ਡਾਸਨਾ ਸਥਿਤ ਭਾਰਤੀ ਹਵਾਈ ਸੈਨਾ ਦੇ ਹਵਾਈ ਅੱਡੇ 'ਤੇ ਸੀ-130 ਜਹਾਜ਼ ਰਾਹੀਂ ਉਤਰੀ।
ਸ਼ਾਮ ਕਰੀਬ 7.30 ਵਜੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਸ਼ੇਖ ਹਸੀਨਾ ਨਾਲ ਮੁਲਾਕਾਤ ਕੀਤੀ। ਭਾਰਤ ਸਰਕਾਰ ਨੇ ਸੋਮਵਾਰ ਦੇਰ ਸ਼ਾਮ ਬੰਗਲਾਦੇਸ਼ ਦੀ ਸਥਿਤੀ 'ਤੇ ਚਰਚਾ ਕਰਨ ਲਈ ਉੱਚ ਪੱਧਰੀ ਮੀਟਿੰਗ ਕੀਤੀ।
ਇਸ ਦੇ ਨਾਲ ਹੀ ਬੰਗਲਾਦੇਸ਼ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਛੱਡਣ ਤੋਂ ਬਾਅਦ ਵੀ ਸਥਿਤੀ ਤਣਾਅਪੂਰਨ ਬਣੀ ਹੋਈ ਹੈ।
ਸਾਬਕਾ ਪ੍ਰਧਾਨ ਮੰਤਰੀ ਅਤੇ ਸ਼ੇਖ ਹਸੀਨਾ ਦੀ ਕੱਟੜ ਵਿਰੋਧੀ ਖਾਲਿਦਾ ਜ਼ਿਆ ਨੇ ਲੋਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ ਹੈ।
ਇਸ ਵਿਚਾਲੇ ਸ਼ੇਖ ਹਸੀਨਾ ਦੇ ਪੁੱਤਰ ਅਤੇ ਸਲਾਹਕਾਰ ਸਾਜੀਬ ਵਾਜੇਦ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੀ ਮਾਂ ਨੇ ਆਪਣੀ ਸੁਰੱਖਿਆ ਲਈ ਦੇਸ਼ ਛੱਡਿਆ ਹੈ ਅਤੇ ਉਹ ਕਦੇ ਵੀ ਸਿਆਸਤ ਵਿੱਚ ਵਾਪਸ ਨਹੀਂ ਆਉਣਗੇ।

ਤਸਵੀਰ ਸਰੋਤ, Getty Images
ਸ਼ੇਖ ਹਸੀਨਾ ਨੇ ਵਿਵਾਦਿਤ ਆਮ ਚੋਣਾਂ ਵਿੱਚ ਭਾਰੀ ਬਹੁਮਤ ਹਾਸਿਲ ਕਰਨ ਤੋਂ ਬਾਅਦ 11 ਜਨਵਰੀ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ। ਇੱਕ ਮਹੀਨਾ ਪਹਿਲਾਂ ਤੱਕ, ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਸੀ ਕਿ ਸ਼ੇਖ ਹਸੀਨਾ ਦੀ ਸੱਤਾ 'ਤੇ ਮਜ਼ਬੂਤ ਪਕੜ ਇਸ ਤਰ੍ਹਾਂ ਢਿੱਲੀ ਹੋ ਜਾਵੇਗੀ।
ਸੋਮਵਾਰ ਨੂੰ ਬੰਗਲਾਦੇਸ਼ ਦੀ ਸਿਆਸਤ ਅਤੇ ਹਾਲਾਤ ਨੇ ਨਵਾਂ ਮੋੜ ਲਿਆ। ਅੱਗੇ ਕੀ ਹੋਵੇਗਾ ਇਹ ਅਜੇ ਬਹੁਤ ਸਪੱਸ਼ਟ ਨਹੀਂ ਹੈ।
ਵਿਦਿਆਰਥੀ ਜਥੇਬੰਦੀਆਂ ਨੇ ਅੰਤਰਿਮ ਸਰਕਾਰ ਦੀ ਰੂਪਰੇਖਾ ਤੈਅ ਕਰਨ ਲਈ 24 ਘੰਟਿਆਂ ਦਾ ਸਮਾਂ ਦਿੱਤਾ ਹੈ।
ਬੰਗਲਾਦੇਸ਼ ਵਿੱਚ ਅੱਗੇ ਹੋਵੇਗਾ, ਇਹ ਬਹੁਤ ਹੱਦ ਤੱਕ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਅੰਤਰਿਮ ਸਰਕਾਰ ਵਿੱਚ ਕੌਣ ਹੋਵੇਗਾ ਅਤੇ ਵਿਦਿਆਰਥੀ ਜੇਥਬੰਦੀਆਂ ਇਸ ਸਰਕਾਰ ਨੂੰ ਸਵੀਕਾਰ ਕਰਨਗੀਆਂ।

ਤਸਵੀਰ ਸਰੋਤ, Getty Images
4 ਅਗਸਤ ਨੂੰ ਹੋਈ ਹਿੰਸਾ ਵਿੱਚ 94 ਲੋਕ ਮਾਰੇ ਗਏ ਸਨ
ਪਹਿਲੀ ਜੁਲਾਈ ਤੋਂ ਚੱਲ ਰਹੇ ਵਿਦਿਆਰਥੀ ਅੰਦੋਲਨ ਤੋਂ ਬਾਅਦ 21 ਜੁਲਾਈ ਨੂੰ ਬੰਗਲਾਦੇਸ਼ ਦੀ ਸੁਪਰੀਮ ਕੋਰਟ ਨੇ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਲਗਭਗ ਖ਼ਤਮ ਕਰ ਦਿੱਤਾ ਸੀ।
ਪਰ ਇਸ ਫ਼ੈਸਲੇ ਦੇ ਬਾਵਜੂਦ, ਬੰਗਲਾਦੇਸ਼ ਦੇ ਵਿਦਿਆਰਥੀਆਂ ਅਤੇ ਲੋਕਾਂ ਦਾ ਗੁੱਸਾ ਸ਼ਾਂਤ ਨਹੀਂ ਹੋਇਆ। ਸ਼ੇਖ ਹਸੀਨਾ ਦੇ ਅਸਤੀਫ਼ੇ ਦੀ ਮੰਗ ਜ਼ੋਰ ਫੜਨ ਲੱਗੀ।
ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ ਸ਼ੁਰੂ ਹੋਇਆ ਅੰਦੋਲਨ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚ ਗਿਆ ਅਤੇ ਵਿਰੋਧੀ ਪਾਰਟੀਆਂ ਵੀ ਸੜਕਾਂ 'ਤੇ ਉਤਰ ਆਈਆਂ।
ਵਿਦਿਆਰਥੀ ਜਥੇਬੰਦੀਆਂ ਨੇ 4 ਅਗਸਤ ਤੋਂ ਪੂਰਨ-ਅਸਹਿਯੋਗ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ।
ਸਰਕਾਰ ਨੇ ਇਨ੍ਹਾਂ ਪ੍ਰਦਰਸ਼ਨਾਂ ਨੂੰ ਸਖ਼ਤੀ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ। ਗੋਲੀਆਂ ਚਲਾਈਆਂ ਗਈਆਂ, ਫੌਜ ਸੜਕਾਂ 'ਤੇ ਉਤਰ ਆਈ, ਪਰ ਲੋਕ ਨਹੀਂ ਰੁਕੇ।
4 ਅਗਸਤ ਨੂੰ ਹੋਈ ਹਿੰਸਾ 'ਚ ਘੱਟੋ-ਘੱਟ 94 ਲੋਕ ਮਾਰੇ ਗਏ ਸਨ। ਵਿਦਿਆਰਥੀ ਅੰਦੋਲਨ ਦੀ ਸ਼ੁਰੂਆਤ ਤੋਂ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 300 ਨੂੰ ਪਾਰ ਕਰ ਗਈ ਹੈ।

ਤਸਵੀਰ ਸਰੋਤ, Reuters
ਐਤਵਾਰ ਅੰਦੋਲਨ ਦਾ ਸਭ ਤੋਂ ਹਿੰਸਕ ਦਿਨ ਸਾਬਤ ਹੋਇਆ। ਇੱਕ ਜ਼ਿਲ੍ਹਾ ਪੁਲਿਸ ਹੈੱਡਕੁਆਰਟਰ 'ਤੇ ਭੀੜ ਦੇ ਹਮਲੇ ਵਿੱਚ 13 ਪੁਲਿਸ ਮੁਲਾਜ਼ਮਾਂ ਦੀ ਵੀ ਮੌਤ ਹੋ ਗਈ।
ਹਿੰਸਾ ਸਿਰਫ਼ ਮੁਜ਼ਾਹਰਾਕਾਰੀਆਂ ਅਤੇ ਪੁਲਿਸ ਵਿਚਾਲੇ ਹੀ ਨਹੀਂ ਹੋਈ, ਸਗੋਂ ਸੱਤਾਧਾਰੀ ਅਵਾਮੀ ਲੀਗ ਦੇ ਵਰਕਰ ਵੀ ਇਸ ਵਿੱਚ ਸ਼ਾਮਲ ਹੋ ਗਏ। ਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਆਹਮੋ-ਸਾਹਮਣੇ ਆ ਗਏ।
ਬੇਹੱਦ ਤਣਾਅਪੂਰਨ ਹਾਲਾਤ ਅਤੇ ਵਿਆਪਕ ਹਿੰਸਾ ਦੇ ਬਾਵਜੂਦ, ਸੋਮਵਾਰ ਨੂੰ ਢਾਕਾ ਵੱਲ ਮਾਰਚ ਦੇ ਐਲਾਨ ਤੋਂ ਨਾ ਮੁਜ਼ਾਹਰਾਕਾਰੀ ਪਿੱਛੇ ਹਟੇ ਅਤੇ ਨਾ ਵਿਦਿਆਰਥੀ ਜਥੇਬੰਦੀਆਂ।
ਸਰਕਾਰ ਨੇ ਰਾਜਧਾਨੀ ਦੇ ਚੱਪੇ-ਚੱਪੇ 'ਤੇ ਪੁਲਿਸ ਅਤੇ ਸੁਰੱਖਿਆ ਬਲ ਤੈਨਾਤ ਕਰ ਦਿੱਤੇ ਗਏ।
ਪਰ ਸਖ਼ਤ ਕਰਫਿਊ ਅਤੇ ਵੱਡੇ ਪੈਮਾਨੇ ’ਤੇ ਹੋਈ ਹਿੰਸਾ ਤੋਂ ਬਾਅਦ ਵੀ ਲੋਕ ਨਹੀਂ ਰੁਕੇ ਅਤੇ ਸੋਮਵਾਰ ਨੂੰ ਸ਼ੇਖ਼ ਹਸੀਨਾ ਨੂੰ ਅਹੁਦਾ ਛੱਡਣਾ ਪਿਆ ਅਤੇ ਦੇਸ਼ ਤੋਂ ਬਾਹਰ ਵੀ ਜਾਣਾ ਪਿਆ।













