ਬੰਗਲਾਦੇਸ਼: ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਸਤੀਫ਼ਾ ਦਿੱਤਾ, ਛੱਡਿਆ ਦੇਸ਼, ਪ੍ਰਦਰਸ਼ਨਕਾਰੀ ਉਨ੍ਹਾਂ ਦੇ ਘਰ ’ਚ ਵੜ੍ਹੇ

ਵੀਡੀਓ ਕੈਪਸ਼ਨ, ਬੰਗਲਾਦੇਸ਼ ਦੀ ਪੀਐੱਮ ਸ਼ੇਖ਼ ਹਸੀਨਾ ਨੇ ਅਸਤੀਫ਼ਾ ਦੇ ਕੇ ਦੇਸ਼ ਕਿਉਂ ਛੱਡਿਆ
    • ਲੇਖਕ, ਬੀਬੀਸੀ ਬੰਗਲਾ
    • ਰੋਲ, ਢਾਕਾ

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਬੰਗਲਾਦੇਸ਼ ਵਿਚਲੇ ਇੱਕ ਬੀਬੀਸੀ ਪੱਤਰਕਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਬੀਬੀਸੀ ਬਾਂਗਲਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸ਼ੇਖ਼ ਹਸੀਨਾ ਬੰਗਲਾਦੇਸ਼ ਛੱਡ ਚੁੱਕੇ ਹਨ।

ਇਹ ਰਿਪੋਰਟਾਂ ਆ ਰਹੀਆਂ ਹਨ ਕਿ ਹਜ਼ਾਰਾਂ ਮੁਜ਼ਾਹਰਾਕਾਰੀ ਢਾਕਾ ਵਿਚਲੀ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਵਿੱਚ ਦਾਖ਼ਲ ਹੋ ਰਹੇ ਹਨ।

ਬੰਗਲਾਦੇਸ਼ ਵਿੱਚ ਜੁਲਾਈ ਮਹੀਨੇ ਤੋਂ ਵਿਦਿਆਰਥੀ ਅੰਦੋਲਨ ਕਰ ਰਹੇ ਹਨ। ਵਿਦਿਆਰਥੀਆਂ ਦੀ ਮੰਗ ਹੈ ਕਿ ਦੇਸ਼ ਵਿੱਚ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਖ਼ਤਮ ਕੀਤਾ ਜਾਵੇ।

ਹਸੀਨਾ ਸਾਲ 2009 ਤੋਂ ਬੰਗਲਾਦੇਸ਼ ਦੀ ਅਗਵਾਈ ਕਰ ਰਹੇ ਹਨ।

(ਇਹ ਖ਼ਬਰ ਲਗਾਤਾਰ ਅਪਡੇਟ ਕੀਤੀ ਜਾ ਰਹੀ ਹੈ।)

ਸ਼ੇਖ਼ ਹਸੀਨਾ ਦੇ ਪੁੱਤਰ ਨੇ ਕੀ ਕਿਹਾ

ਸਜੀਬ ਵਾਜ਼ਦ ਜੋਏ

ਤਸਵੀਰ ਸਰੋਤ, FB/Sajeeb Wazed

ਤਸਵੀਰ ਕੈਪਸ਼ਨ, ਸਜੀਬ ਵਾਜ਼ਦ ਜੋਏ ਨੇ ਬੀਬੀਸੀ ਵਰਲਡ ਸਰਵਿਸ ਨਿਊਜ਼ਆਰ ਪ੍ਰੋਗਰਾਮ ਨਾਲ ਗੱਲ ਕੀਤੀ।

ਸ਼ੇਖ਼ ਹਸੀਨਾ ਦੇ ਪੁੱਤਰ ਸਜੀਬ ਨੇ ਬੀਬੀਸੀ ਨੂੰ ਦੱਸਿਆ, "ਉਹ ਆਪਣੀ ਉਮਰ ਦੇ 70ਵਿਆਂ ਦੇ ਅਖ਼ੀਰ ਵਿੱਚ ਹਨ।"

ਉਹ ਕਹਿੰਦੇ ਹਨ, "ਉਹ ਬਹੁਤ ਨਿਰਾਸ਼ ਹਨ ਕਿ ਇੰਨੀ ਮਿਹਨਤ ਤੋਂ ਬਾਅਦ ਵੀ ਇੱਕ ਘੱਟਗਿਣਤੀ ਉਨ੍ਹਾਂ ਦੇ ਵਿਰੁੱਧ ਖੜ੍ਹੀ ਹੈ, ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਹਾਰ ਮੰਨ ਲਈ ਹੈ, ਮੇਰੇ ਪਰਿਵਾਰ ਨੇ ਅਤੇ ਮੈਂ ਹਾਲਾਤਾਂ ਨੂੰ ਕਬੂਲ ਕਰ ਲਿਆ ਹੈ।"

ਸਜੀਬ ਵਾਜ਼ਦ ਜੋਏ ਨੇ ਬੀਬੀਸੀ ਵਰਲਡ ਸਰਵਿਸ ਨਿਊਜ਼ਆਰ ਪ੍ਰੋਗਰਾਮ ਨਾਲ ਗੱਲ ਕੀਤੀ।

ਉਹ ਸ਼ੇਖ਼ ਹਸੀਨਾ ਦੇ ਸੂਚਨਾ ਅਤੇ ਸੰਚਾਰ ਤਕਨੀਕ ਮਾਮਲਿਆਂ ਵਿੱਚ ਅਧਿਕਾਰਤ ਸਲਾਹਕਾਰ ਸਨ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਅਸਤੀਫ਼ਾ ਦੇਣ ਬਾਰੇ ਐਤਵਾਰ ਤੋਂ ਸੋਚ ਰਹੇ ਸਨ ਅਤੇ ਉਨ੍ਹਾਂ ਨੇ ਆਪਣੀ ਸੁਰੱਖਿਆ ਦਾ ਖਿਆਲ ਕਰਦਿਆਂ ਆਪਣੇ ਪਰਿਵਾਰ ਦੇ ਕਹਿਣ 'ਤੇ ਦੇਸ਼ ਛੱਡ ਦਿੱਤਾ।

ਉਨ੍ਹਾਂ ਨੇ ਆਪਣੀ ਮਾਂ ਦੇ ਕਾਰਜਕਾਲ ਦਾ ਬਚਾਅ ਕੀਤਾ।

ਉਨ੍ਹਾਂ ਨੇ ਕਿਹਾ ਕਿ "ਉਨ੍ਹਾਂ ਨੇ 15 ਸਾਲਾਂ ਵਿੱਚ ਬੰਗਲਾਦੇਸ਼ ਦੀ ਨੁਹਾਰ ਬਦਲੀ, ਜਦੋਂ ਉਹ ਸੱਤਾ ਵਿੱਚ ਆਏ ਤਾਂ ਬੰਗਲਾਦੇਸ਼ ਦੀ ਸਥਿਤੀ ਮਾੜੀ ਸੀ ਅਤੇ ਇਹ ਇੱਕ ਗਰੀਬ ਮੁਲਕ ਸੀ, ਅੱਜ ਤੱਕ ਇਸ ਨੂੰ ਏਸ਼ੀਆ ਦੇ ਉੱਭਰਦੇ ਮੁਲਕਾਂ ਵਿੱਚ ਮੰਨਿਆ ਜਾ ਰਿਹਾ ਹੈ, ਉਹ ਬਹੁਤ ਨਿਰਾਸ਼ ਹਨ।"

ਉਨ੍ਹਾਂ ਨੇ ਮੁਜ਼ਾਹਰਾਕਾਰੀਆਂ ਨਾਲ ਸਰਕਾਰ ਦੇ ਵਤੀਰੇ ਦੇ ਇਲਜ਼ਾਮਾਂ ਨੂੰ ਵੀ ਰੱਦ ਕੀਤਾ। ਉਨ੍ਹਾਂ ਕਿਹਾ, "13 ਪੁਲਿਸ ਵਾਲਿਆਂ ਨੂੰ ਕੱਲ੍ਹ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ, ਤੁਸੀਂ ਪੁਲਿਸ ਤੋਂ ਕੀ ਉਮੀਦ ਕਰਦੇ ਹੋ ਜਦੋਂ ਅਜਿਹੀਆਂ ਭੀੜਾਂ ਲੋਕਾਂ ਨੂੰ ਮਾਰ ਰਹੀਆਂ ਹੋਣ।"

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਬੰਗਲਾਦੇਸ਼ ਵਿੱਚ ਸ਼ੇਖ਼ ਹਸੀਨਾ ਦੇ ਅਸਤੀਫ਼ੇ ਤੋਂ ਬਾਅਦ ਮੁਜ਼ਾਹਰਾਕਾਰੀ ਢਾਕਾ ਵਿਚਲੇ ਪ੍ਰਧਾਨਮੰਤਰੀ ਰਿਹਾਇਸ਼ ਵਿੱਚ ਵੜ ਗਏ ਹਨ। ਤਸਵੀਰਾਂ ਵਿੱਚ ਮੁਜ਼ਾਹਰਾਕਾਰੀਆਂ ਨੂੰ ਪ੍ਰਧਾਨ ਮੰਤਰੀ ਨਿਵਾਸ ਦਾ ਸਮਾਨ ਚੁੱਕ ਕੇ ਲਿਜਾਂਦੇ ਹੋਏ ਦੇਖਿਆ ਜਾ ਰਿਹਾ ਹੈ।

ਬੰਗਲਾਦੇਸ਼ੀ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਬੰਗਲਾਦੇਸ਼ੀ ਲੋਕ ਫੌਜੀ ਅਫ਼ਸਰਾਂ ਨਾਲ ਹੱਥ ਮਿਲਾਉਂਦੇ ਹੋਏ

ਢਾਕਾ ਵਿੱਚ ਕੁਝ ਪ੍ਰਦਰਸ਼ਨਕਾਰੀ ਸ਼ੇਖ਼ ਮੁਜੀਬੁਰਰਹਿਮਾਨ ਦੀ ਮੂਰਤੀ ਉੱਤੇ ਚੜ੍ਹ ਗਏ ਅੇਤ ਮੂਰਤੀ ਤੋੜਨ ਦੀ ਕੋਸ਼ਿਸ਼ ਕੀਤੀ।

ਇੱਕ ਮੁਜ਼ਾਹਰਾਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦੀ ਅਧਿਕਾਰਤ ਰਿਹਾਇਸ਼ ਵਿੱਚ ਸ਼ੇਖ਼ ਮੁਜੀਬ ਦੀ ਮੂਰਤੀ ਨੂੰ ਪ੍ਰਦਰਸ਼ਨਕਾਰੀ ਤੋੜ ਰਹੇ ਹਨ।

ਢਾਕਾ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਢਾਕਾ ਵਿੱਚ ਕੁਝ ਪ੍ਰਦਰਸ਼ਨਕਾਰੀ ਸ਼ੇਖ਼ ਮੁਜੀਬੁਰਰਹਿਮਾਨ ਦੀ ਮੂਰਤੀ ਉੱਤੇ ਚੜ੍ਹ ਗਏ ਅੇਤ ਮੂਰਤੀ ਤੋੜਨ ਦੀ ਕੋਸ਼ਿਸ਼ ਕੀਤੀ

ਢਾਕਾ ਵਿਚਲੇ ਬੀਬੀਸੀ ਪੱਤਰਕਾਰ ਦੇ ਮੁਤਾਬਕ ਸਥਾਨਕ ਨਿਊਜ਼ ਚੈਨਲ ਵਿੱਚ ਦਿਖਾਈ ਗਈ ਇੱਕ ਤਸਵੀਰ ਵਿੱਚ ਲੋਕਾਂ ਨੂੰ ਪ੍ਰਧਾਨ ਮੰਤਰੀ ਆਵਾਸ ਵਿੱਚ ਸੋਫੇ ਦੇ ਵਰਗੀ ਇੱਕ ਚੀਜ਼ ਲਿਜਾਂਦੇ ਹੋਏ ਦੇਖਿਆ ਜਾ ਸਕਦਾ ਹੈ।

ਹਸੀਨਾ ਦੇ ਦੇਸ਼ ਛੱਡਣ ਤੋਂ ਬਾਅਦ ਫੌਜ ਮੁਖੀ ਜਨਰਲ ਵਕਾਰ-ਉਜ਼-ਜ਼ਮਾਨ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੰਗਲਾਦੇਸ਼ ਵਿੱਚ ਇੱਕ ਅੰਤਰਿਮ ਸਰਕਾਰ ਬਣਾਈ ਜਾਵੇਗਾ।

ਬੰਗਲਾਦੇਸ਼ ਦੇ ਫੌਜ ਮੁਖੀ ਜਰਲ ਵਕਾਰ ਨੇ ਕਿਹਾ ਕਿ ਉਨ੍ਹਾਂ ਨੇ ਇਸ ਲਈ ਵੱਖ-ਵੱਖ ਧਿਰਾਂ ਨਾਲ ਗੱਲ ਵੀ ਕੀਤੀ ਹੈ।

ਫੌਜ ਮੁਖੀ ਨੇ ਬੰਗਲਾਦੇਸ਼ ਦੇ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਬੰਗਲਾਦੇਸ਼ ਵਿੱਚ ਅੰਦੋਲਨ ਵਿੱਚ ਮਾਰੇ ਗਏ ਲੋਕਾਂ ਨੂੰ ਨਿਆਂ ਦਾ ਭਰੋਸਾ ਦਿੱਤਾ ਹੈ।

ਸ਼ੇਖ਼ ਹਸੀਨਾ ਦਾ ਅਸਤੀਫ਼ਾ ਅਜਿਹੇ ਸਮੇਂ ਆਇਆ ਜਦੋਂ ਢਾਕਾ ਤੱਕ ਲੌਂਗ ਮਾਰਚ ਦੇ ਐਲਾਨ ਤੋਂ ਬਾਅਦ ਹਜ਼ਾਰਾਂ ਲੋਕ ਰਾਜਧਾਨੀ ਦੇ ਸ਼ਾਹਬਾਗ ਦੇ ਵੱਲ ਵੱਧ ਰਹੇ ਸਨ।

 ਬੀਬੀਸੀ

ਸਰਕਾਰ ਵਿਰੋਧੀ ਮੁਜ਼ਾਹਰਾਕਾਰੀਆਂ ਅਤੇ ਸੁਰੱਖਿਆ ਬਲਾਂ ਦੇ ਵਿੱਚ ਤਣਾਅ ਦੇ ਚਲਦਿਆਂ ਹੁਣ ਤੱਕ 300 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ।

ਪਿਛਲੇ ਦਿਨਾਂ ਤੋਂ ਬੰਗਲਾਦੇਸ਼ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਚਲਦਿਆਂ ਕਰੀਬ 300 ਜਣਿਆਂ ਦੀ ਮੌਤ ਹੋ ਚੁੱਕੀ ਹੇ।

ਬੰਗਲਾਦੇਸ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਦਿਆਰਥੀ ਕਾਰਕੁਨਾਂ ਵੱਲੋਂ ਬੁਲਾਏ ਗਏ ‘ਪੂਰਨ ਅਸਹਿਯੋਗ ਅੰਦੋਲਨ’ ਦੌਰਾਨ ਢਾਕਾ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਹਿੰਸਾ ਫੈਲ ਗਈ ਸੀ

ਬੰਗਲਾਦੇਸ਼ 'ਚ ਰਾਖਵੇਂਕਰਨ ਵਿਰੁੱਧ ਚੱਲ ਰਹੇ ਮੁਜ਼ਾਹਰੇ ਦੌਰਾਨ ਐਤਵਾਰ ਨੂੰ ਹਿੰਸਾ 'ਚ ਘੱਟੋ-ਘੱਟ 90 ਲੋਕਾਂ ਦੀ ਮੌਤ ਹੋ ਗਈ।

ਵਿਦਿਆਰਥੀ ਕਾਰਕੁਨਾਂ ਵੱਲੋਂ ਬੁਲਾਏ ਗਏ ‘ਪੂਰਨ ਅਸਹਿਯੋਗ ਅੰਦੋਲਨ’ ਦੌਰਾਨ ਢਾਕਾ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਹਿੰਸਾ ਫੈਲ ਗਈ।

ਸਭ ਤੋਂ ਵੱਧ ਮੌਤਾਂ ਸਿਰਾਜਗੰਜ ਵਿੱਚ ਹੋਈਆਂ ਹਨ। ਅਧਿਕਾਰੀਆਂ ਨੇ ਇੱਥੇ ਘੱਟੋ-ਘੱਟ 18 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ, ਜਿਨ੍ਹਾਂ ਵਿੱਚ 13 ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ।

ਐਤਵਾਰ ਸ਼ਾਮ ਤੱਕ ਸਰਕਾਰ ਸਮਰਥਕਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਕਈ ਥਾਵਾਂ 'ਤੇ ਝੜਪਾਂ ਹੋਈਆਂ।

ਪਹਿਲਾਂ ਇਹ ਪ੍ਰਦਰਸ਼ਨ ਰਾਖਵੇਂਕਰਨ ਨੂੰ ਲੈ ਕੇ ਸਨ, ਪਰ ਹੁਣ ਇਹ ਸਰਕਾਰ ਵਿਰੋਧੀ ਅੰਦੋਲਨ ਦਾ ਰੂਪ ਲੈ ਚੁੱਕੇ ਹਨ। ਵਿਦਿਆਰਥੀ ਆਗੂਆਂ ਨੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਸਿਵਲ ਨਾਫ਼ਰਮਾਨੀ ਅੰਦੋਲਨ ਦਾ ਐਲਾਨ ਕੀਤਾ ਹੈ।

ਬੰਗਲਾਦੇਸ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁਜ਼ਾਹਰਾਕਾਰੀਆਂ ਨੂੰ ਖਦੇੜਨ ਲਈ ਪੁਲਿਸ ਨੇ ਬੰਗਲਾਦੇਸ਼ ਦੇ ਕਈ ਇਲਾਕਿਆਂ ਵਿੱਚ ਹੰਝੂ ਗੈਸ, ਰਬੜ ਦੀਆਂ ਗੋਲੀਆਂ ਵਰਤੀਆਂ

ਸਰਕਾਰ ਵਿਰੋਧੀ ਅੰਦੋਲਨ

ਮੁਜ਼ਾਹਰਾਕਾਰੀ ਹੁਣ ਸਪੱਸ਼ਟ ਤੌਰ 'ਤੇ ਸਰਕਾਰ ਬਦਲਣ ਦੀ ਮੰਗ ਕਰ ਰਹੇ ਹਨ।

ਵਿਦਿਆਰਥੀ ਨੇਤਾਵਾਂ ਵਿਚੋਂ ਇੱਕ ਨਾਹੀਦ ਇਸਲਾਮ ਨੇ ਸ਼ਨੀਵਾਰ ਨੂੰ ਢਾਕਾ ਵਿਚ ਹਜ਼ਾਰਾਂ ਦੀ ਭੀੜ ਦੇ ਸਾਹਮਣੇ ਕਿਹਾ, “ਸ਼ੇਖ ਹਸੀਨਾ ਨੂੰ ਨਾ ਸਿਰਫ਼ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ, ਬਲਕਿ ਉਨ੍ਹਾਂ 'ਤੇ ਕਤਲ, ਲੁੱਟ ਅਤੇ ਭ੍ਰਿਸ਼ਟਾਚਾਰ ਦਾ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ।”

ਇਸ ਤੋਂ ਪਹਿਲਾਂ ਮੁਜ਼ਾਹਰਾਕਾਰੀਆਂ ਨੇ 6 ਅਗਸਤ ਨੂੰ ਢਾਕਾ ਤੱਕ ‘ਲੌਂਗ ਮਾਰਚ’ ਕਰਨ ਦੀ ਗੱਲ ਕਹੀ ਸੀ।

ਇਸ ਦੇ ਲਈ ਉਨ੍ਹਾਂ ਸਾਰਿਆਂ ਨੂੰ ਇਸ ਪ੍ਰੋਗਰਾਮ ਲਈ ਢਾਕਾ ਆਉਣ ਲਈ ਕਿਹਾ।

ਇਹ ਰੈਲੀ ਢਾਕਾ ਵਿੱਚ ਦੁਪਹਿਰ 2 ਵਜੇ ਹੋਣੀ ਸੀ। ਹਾਲਾਂਕਿ ਇਸ ਤੋਂ ਬਾਅਦ ਐਲਾਨ ਕੀਤਾ ਗਿਆ ਕਿ ਇਹ ਲਾਂਗ ਮਾਰਚ ਇੱਕ ਦਿਨ ਪਹਿਲਾਂ ਯਾਨਿ 5 ਅਗਸਤ ਨੂੰ ਕੱਢਿਆ ਜਾਵੇਗਾ।

ਢਾਕਾ 'ਚ ਕਰਫਿਊ ਲਗਾ ਦਿੱਤਾ ਗਿਆ ਹੈ ਅਤੇ ਪ੍ਰਦਰਸ਼ਨਕਾਰੀ ਐਤਵਾਰ ਰਾਤ ਤੋਂ ਹੀ ਢਾਕਾ 'ਚ ਇਕੱਠੇ ਹੋਣੇ ਸ਼ੁਰੂ ਹੋ ਜਾਣਗੇ, ਜਿਸ ਨਾਲ ਕਰਫਿਊ ਦੌਰਾਨ ਹਿੰਸਕ ਝੜਪਾਂ ਦੀ ਸੰਭਾਵਨਾ ਵਧ ਗਈ ਹੈ।

ਕਰਫਿਊ ਇੰਟਰਨੈੱਟ ਸ਼ਟਡਾਊਨ ਅਤੇ ਛੁੱਟੀਆਂ

ਇਸ ਦੌਰਾਨ ਸਰਕਾਰ ਨੇ ਤਿੰਨ ਦਿਨਾਂ ਦੀ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ ਜੋ 5 ਅਗਸਤ ਤੋਂ ਸ਼ੁਰੂ ਹੋ ਕੇ 6 ਅਗਸਤ ਤੱਕ ਚੱਲੇਗੀ।

ਲੋਕ ਪ੍ਰਸ਼ਾਸਨ ਮੰਤਰਾਲੇ ਦੇ ਇੱਕ ਅਧਿਕਾਰੀ ਅਬਦੁੱਲਾ ਸ਼ਿਬਲੀ ਸਾਦਿਕ ਨੇ ਬੀਬੀਸੀ ਬੰਗਲਾ ਨੂੰ ਦੱਸਿਆ ਕਿ ਸਰਕਾਰੀ ਛੁੱਟੀਆਂ ਦਾ ਐਲਾਨ ਇੱਕ ਨੋਟੀਫਿਕੇਸ਼ਨ ਰਾਹੀਂ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ 4 ਅਗਸਤ ਨੂੰ ਸ਼ਾਮ 6 ਵਜੇ ਤੋਂ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ ਹੈ।

ਗ੍ਰਹਿ ਮੰਤਰਾਲੇ ਦੇ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਐਤਵਾਰ ਸ਼ਾਮ 6 ਵਜੇ ਤੋਂ ਅਗਲੇ ਨੋਟਿਸ ਤੱਕ ਸਾਰੇ ਡਿਵੀਜ਼ਨਲ ਸ਼ਹਿਰਾਂ, ਨਗਰ ਨਿਗਮਾਂ, ਨਗਰ ਪਾਲਿਕਾਵਾਂ, ਉਦਯੋਗਿਕ ਖੇਤਰਾਂ, ਜ਼ਿਲ੍ਹਾ ਹੈੱਡਕੁਆਰਟਰਾਂ ਅਤੇ ਉਪ ਜ਼ਿਲ੍ਹਾ ਹੈੱਡਕੁਆਰਟਰਾਂ ਵਿੱਚ ਕਰਫਿਊ ਜਾਰੀ ਰਹੇਗਾ।

ਇਸ ਤੋਂ ਪਹਿਲਾਂ ਸ਼ਨੀਵਾਰ ਰਾਤ ਨੂੰ ਗ੍ਰਹਿ ਮੰਤਰੀ ਅਸਦੁਜ਼ਮਾਨ ਖ਼ਾਨ ਕਮਾਲ ਨੇ ਸਵੇਰੇ 6 ਵਜੇ ਤੋਂ ਰਾਤ 9 ਵਜੇ ਤੱਕ ਕਰਫਿਊ ਵਿੱਚ ਢਿੱਲ ਦੇਣ ਦਾ ਐਲਾਨ ਕੀਤਾ ਸੀ।

ਹਾਲਾਂਕਿ, ਐਤਵਾਰ ਨੂੰ ਦੇਸ਼ ਵਿਆਪੀ ਹਿੰਸਾ ਦੇ ਮੱਦੇਨਜ਼ਰ, ਸਰਕਾਰ ਨੇ ਕਰਫਿਊ ਦੀ ਸਮਾਂ ਸੀਮਾ ਵਧਾ ਦਿੱਤੀ ਹੈ।

ਢਾਕਾ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਬੰਗਲਾਦੇਸ਼ ਦੂਰਸੰਚਾਰ ਰੈਗੂਲੇਟਰੀ ਕਮਿਸ਼ਨ ਦੇ ਇੱਕ ਅਧਿਕਾਰੀ ਨੇ ਬੀਬੀਸੀ ਬੰਗਲਾ ਨੂੰ ਦੱਸਿਆ ਕਿ ਫਿਲਹਾਲ ਢਾਕਾ ਵਿੱਚ 4ਜੀ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ ਪਰ ਬਰਾਡਬੈਂਡ ਸੇਵਾਵਾਂ ਜਾਰੀ ਰਹਿਣਗੀਆਂ।

ਬਿਨਾਂ 4ਜੀ ਅਤੇ 3ਜੀ ਸੇਵਾਵਾਂ ਤੋਂ ਲੋਕ ਮੋਬਾਈਲ ਅਤੇ ਇੰਟਰਨੈੱਟ ਰਾਹੀਂ ਜਾਣਕਾਰੀ ਦਾ ਆਦਾਨ-ਪ੍ਰਦਾਨ ਨਹੀਂ ਕਰ ਸਕਦੇ।

ਬੰਗਲਾਦੇਸ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤੀ ਸਹਾਇਕ ਹਾਈ ਕਮਿਸ਼ਨ ਨੇ ਉੱਥੇ ਰਹਿ ਰਹੇ ਭਾਰਤੀਆਂ ਅਤੇ ਵਿਦਿਆਰਥੀਆਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ

ਭਾਰਤੀ ਦੂਤਾਵਾਸ ਵੱਲੋਂ ਜਾਰੀ ਐਡਵਾਈਜ਼ਰੀ

ਦੇਸ਼ ਵਿੱਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਕਈ ਥਾਣਿਆਂ ਅਤੇ ਸਰਕਾਰੀ ਇਮਾਰਤਾਂ ਨੂੰ ਵੀ ਅੱਗ ਲਗਾ ਦਿੱਤੀ ਗਈ ਹੈ ਅਤੇ ਇਸ ਤੋਂ ਬਾਅਦ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਸ਼ਾਂਤੀ ਬਹਾਲ ਕਰਨ ਲਈ ਫੌਜ ਨੂੰ ਬੁਲਾਇਆ ਸੀ।

ਬੰਗਲਾਦੇਸ਼ ਦੇ ਸਿਲਹਟ ਵਿੱਚ ਭਾਰਤੀ ਸਹਾਇਕ ਹਾਈ ਕਮਿਸ਼ਨ ਨੇ ਉੱਥੇ ਰਹਿ ਰਹੇ ਭਾਰਤੀਆਂ ਅਤੇ ਵਿਦਿਆਰਥੀਆਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ।

ਭਾਰਤੀ ਸਹਾਇਕ ਹਾਈ ਕਮਿਸ਼ਨ ਨੇ ਕਿਹਾ ਹੈ, "ਸਿਲਹਟ ਸਥਿਤ ਸਹਾਇਕ ਕਮਿਨਸ਼ ਦੇ ਅਧਿਕਾਰ ਖੇਤਰ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਸਣੇ ਸਾਰੇ ਭਾਰਤੀ ਨਾਗਰਿਕਾਂ ਨੂੰ ਅਪੀਲ ਹੈ ਕਿ ਉਹ ਇਸ ਦਫ਼ਤਰ ਦੇ ਸੰਪਰਕ ਵਿੱਚ ਰਹਿਣ ਅਤੇ ਉਨ੍ਹਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।"

ਦੂਤਾਵਾਸ ਨੇ ਇੱਕ ਐਮਰਜੈਂਸੀ ਨੰਬਰ ਵੀ ਜਾਰੀ ਕੀਤਾ ਹੈ ਅਤੇ ਕਿਹਾ ਹੈ, "ਐਮਰਜੈਂਸੀ ਦੀ ਸਥਿਤੀ ਵਿੱਚ, ਕਿਰਪਾ ਕਰਕੇ +88-01313076402 'ਤੇ ਸੰਪਰਕ ਕਰੋ।"

ਬੰਗਲਾਦੇਸ਼ ਵਿੱਚ ਭਾਰਤੀ ਦੂਤਾਵਾਸ ਦੁਆਰਾ ਜਾਰੀ ਐਡਵਾਈਜ਼ਰੀ ਦੇ ਅਨੁਸਾਰ, "ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜਿੰਨਾ ਸੰਭਵ ਹੋ ਸਕੇ ਸਥਾਨਕ ਯਾਤਰਾ ਤੋਂ ਬਚਣ। ਲੋਕ ਜਿੱਥੇ ਹਨ ਉੱਥੇ ਹੀ ਰਹਿਣ ਅਤੇ ਬਾਹਰ ਨਾ ਨਿਕਲਣ।"

ਬੰਗਲਾਦੇਸ਼
ਤਸਵੀਰ ਕੈਪਸ਼ਨ, ਬੋਗਰਾ, ਪਾਬਨਾ ਅਤੇ ਰੰਗਪੁਰ ਸਣੇ ਬੰਗਲਾਦੇਸ਼ ਦੇ ਉੱਤਰੀ ਜ਼ਿਲ੍ਹਿਆਂ ਵਿੱਚ ਮੌਤਾਂ ਹੋਣ ਦੀਆਂ ਖ਼ਬਰਾਂ ਹਨ

ਹਿੰਸਾ ਕਰਨ ਵਾਲੇ ਵਿਦਿਆਰਥੀ ਨਹੀਂ ਅੱਤਵਾਦੀ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕਿਹਾ ਹੈ ਕਿ ਅੱਗ ਦੀ ਹਿੰਸਾ ਵਿਚ ਸ਼ਾਮਲ ਵਿਦਿਆਰਥੀ ਨਹੀਂ ਬਲਕਿ ‘ਅੱਤਵਾਦੀ’ ਹਨ।

ਐਤਵਾਰ ਨੂੰ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਬੈਠਕ ਦੌਰਾਨ ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਸ਼ਰਾਰਤੀ ਅਨਸਰਾਂ ਨੂੰ ਸਖ਼ਤੀ ਨਾਲ ਪਿੱਛੇ ਧੱਕਣ ਦਾ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਦੇ ਪ੍ਰੈੱਸ ਵਿੰਗ ਨੇ ਇਸ ਜਾਣਕਾਰੀ ਦੀ ਪੁਸ਼ਟੀ ਕੀਤੀ ਹੈ।

ਇਸ ਬੈਠਕ ਵਿੱਚ ਪ੍ਰਧਾਨ ਮੰਤਰੀ ਦੇ ਸੁਰੱਖਿਆ ਸਲਾਹਕਾਰ, ਥਲ ਸੈਨਾ, ਹਵਾਈ ਸੈਨਾ ਅਤੇ ਜਲ ਸੈਨਾ ਦੇ ਮੁਖੀ, ਹੋਰ ਮੰਤਰਾਲਿਆਂ ਦੇ ਕਮੇਟੀ ਮੈਂਬਰ, ਕੈਬਨਿਟ ਸਕੱਤਰ ਅਤੇ ਪ੍ਰਧਾਨ ਮੰਤਰੀ ਦਫ਼ਤਰ ਦੇ ਮੁੱਖ ਸਕੱਤਰ ਸ਼ਾਮਲ ਹੋਏ।

ਸਰਕਾਰ ਨੇ ਇੱਕ ਬਿਆਨ ਜਾਰੀ ਕਰਕੇ ਸਿਵਲ ਨਾਫ਼ਰਮਾਨੀ ਅੰਦੋਲਨ ਦੌਰਾਨ "ਅੱਤਵਾਦੀ ਹਮਲਿਆਂ" ਦੀ ਚੇਤਾਵਨੀ ਦਿੱਤੀ ਹੈ।

ਪ੍ਰੈੱਸ ਸਕੱਤਰ ਨਈਮੁਲ ਇਸਲਾਮ ਖ਼ਾਨ ਨੇ ਬੀਬੀਸੀ ਬੰਗਲਾ ਨੂੰ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਬਿਆਨ ਪ੍ਰਧਾਨ ਮੰਤਰੀ ਦੇ ਪ੍ਰੈੱਸ ਵਿੰਗ ਵੱਲੋਂ ਜਾਰੀ ਕੀਤਾ ਗਿਆ ਹੈ।

ਬਿਆਨ ਵਿੱਚ ਸਾਰੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸੁਰੱਖਿਅਤ ਘਰ ਪਰਤਣ ਲਈ ਕਿਹਾ ਗਿਆ ਹੈ ਅਤੇ ਇਹ ਵੀ ਕਿਹਾ ਗਿਆ ਹੈ ਕਿ 'ਕਈ ਥਾਵਾਂ 'ਤੇ ਅੱਤਵਾਦੀ ਹਮਲੇ ਹੋ ਰਹੇ ਹਨ ਅਤੇ ਹਮਲਾਵਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।'

ਸ਼ੇਖ ਮੁਜਿਬ ਮੈਡੀਕਲ ਯੂਨੀਵਰਸਿਟੀ

ਤਸਵੀਰ ਸਰੋਤ, Ahmed Salahuddin/NurPhoto via Getty Images

ਤਸਵੀਰ ਕੈਪਸ਼ਨ, ਬੰਗਲਾਦੇਸ਼ ਦੀ ਸ਼ੇਖ ਮੁਜਿਬ ਮੈਡੀਕਲ ਯੂਨੀਵਰਸਿਟੀ ਵਿੱਚੋਂ ਵਿਦਿਆਰਥੀਆਂ ਅਤੇ ਸਰਕਾਰ ਦੇ ਹਮਾਇਤੀਆਂ ਵਿਚਾਲੇ ਤਣਾਅ ਤੋਂ ਬਾਅਦ ਧੂਆਂ ਨਿਕਲਦਾ ਹੋਇਆ।

ਸਾਬਕਾ ਫੌਜ ਮੁਖੀ ਵਿਦਿਆਰਥੀਆਂ ਦੇ ਸਮਰਥਨ 'ਚ ਆਏ

ਮੌਜੂਦਾ ਸਥਿਤੀ ਦੇ ਮੱਦੇਨਜ਼ਰ ਸਾਬਕਾ ਫੌਜ ਮੁਖੀਆਂ ਅਤੇ ਫੌਜੀ ਅਧਿਕਾਰੀਆਂ ਨੇ ਸੁਰੱਖਿਆ ਬਲਾਂ ਨੂੰ ਵਿਦਿਆਰਥੀਆਂ ਦੀ ਭੀੜ ਖ਼ਿਲਾਫ਼ ਕਾਰਵਾਈ ਨਾ ਕਰਨ ਦੀ ਅਪੀਲ ਕੀਤੀ ਹੈ। ਐਤਵਾਰ ਦੁਪਹਿਰ ਨੂੰ ਸਾਬਕਾ ਫੌਜੀ ਅਧਿਕਾਰੀਆਂ ਨੇ ਢਾਕਾ 'ਚ ਪ੍ਰੈੱਸ ਕਾਨਫਰੰਸ ਕੀਤੀ ਅਤੇ ਸੰਕਟ ਦਾ ਹੱਲ ਕੱਢਣ ਦੀ ਗੱਲ ਕੀਤੀ।

ਸਾਬਕਾ ਫੌਜ ਮੁਖੀ ਇਕਬਾਲ ਕਰੀਬ ਭੁਈਆਂ ਨੇ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ, "ਇਹ ਜ਼ਰੂਰੀ ਹੈ ਕਿ ਹਥਿਆਰਬੰਦ ਬਲ ਤੁਰੰਤ ਆਪਣੇ ਫੌਜੀ ਕੈਂਪਾਂ ਵਿੱਚ ਪਰਤ ਜਾਣ ਅਤੇ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ।"

ਉਨ੍ਹਾਂ ਨੇ ਕਿਹਾ, "ਮੈਂ ਅਪੀਲ ਕਰਦਾ ਹਾਂ ਕਿ ਤੁਸੀਂ ਗੱਲਬਾਤ ਰਾਹੀਂ ਇਸ ਸੰਕਟ ਦਾ ਹੱਲ ਲੱਭਣ ਲਈ ਪਹਿਲ ਕਰੋ। ਦੇਸ਼ ਭਗਤ ਸੁਰੱਖਿਆ ਬਲਾਂ ਨੂੰ ਵਿਦਿਆਰਥੀਆਂ ਦੀ ਭੀੜ ਨਾਲ ਟਕਰਾਅ ਨਹੀਂ ਕਰਨਾ ਚਾਹੀਦਾ।”

ਬੰਗਲਾਦੇਸ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਵਾਮੀ ਲੀਗ ਨੇ ਵਿਰੋਧੀ ਧਿਰ 'ਤੇ ਦੇਸ਼ ਨੂੰ ਘਰੇਲੂ ਯੁੱਧ ਵੱਲ ਧੱਕਣ ਦਾ ਇਲਜ਼ਾਮ ਲਾਇਆ

ਮੌਤ ਦੀ ਜ਼ਿੰਮੇਵਾਰੀ ਮੁਜ਼ਾਹਰਾਕਾਰੀ ਨੇਤਾਵਾਂ ’ਤੇ : ਅਵਾਮੀ ਲੀਗ

ਅਵਾਮੀ ਲੀਗ ਦੇ ਨੇਤਾ ਅਤੇ ਕੱਪੜਾ ਅਤੇ ਜੂਟ ਮੰਤਰੀ ਜਹਾਂਗੀਰ ਕਬੀਰ ਨਾਨਕ ਨੇ ਕਿਹਾ, “ਮੁਜ਼ਾਹਰਾ ਕਰਨ ਵਾਲੇ ਨੇਤਾਵਾਂ ਨੂੰ ਦੇਸ਼ ਵਿੱਚ ਮੌਜੂਦਾ ਹਿੰਸਾ ਅਤੇ ਮੌਤਾਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।”

ਉਨ੍ਹਾਂ ਨੇ ਕਿਹਾ, “ਸਰਕਾਰ ਨੂੰ ਉਖਾੜ ਸੁੱਟਣ ਦਾ ਇਹ ਅੰਦੋਲਨ ਕੋਈ ਸਮਾਜਿਕ ਅੰਦੋਲਨ ਨਹੀਂ ਹੈ। ਸਰਕਾਰ ਨੂੰ ਡੇਗਣ ਦੀ ਕਥਿਤ ਮੰਗ ਬੀਐੱਨਪੀ-ਜਮਾਤ ਦੇ ਸਾਜ਼ਿਸ਼ਕਾਰਾਂ ਦੁਆਰਾ ਸੱਤਾ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ।”

ਉਨ੍ਹਾਂ ਇਹ ਵੀ ਕਿਹਾ, "ਸਰਕਾਰ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਕਿਸੇ ਵੀ ਬਿਆਨ ਨੂੰ ਸੁਣਨ ਲਈ ਵਚਨਬੱਧ ਹੈ। ਪਰ ਬੰਗਲਾਦੇਸ਼ ਦੇ ਕਿਸਾਨ, ਮਜ਼ਦੂਰ ਅਤੇ ਵਿਦਿਆਰਥੀ ਵਿਦਿਆਰਥੀਆਂ ਨੂੰ ਮੁਖੌਟਾ ਬਣਾ ਕੇ ਸਰਕਾਰ ਦਾ ਤਖ਼ਤਾ ਪਲਟਣ ਦੀ ਸਾਜ਼ਿਸ਼ ਨੂੰ ਸਵੀਕਾਰ ਨਹੀਂ ਕਰਨਗੇ।"

ਉਨ੍ਹਾਂ ਨੇ ਕਿਹਾ, “ਆਵਾਮੀ ਲੀਗ ਨੇ ਪਹਿਲਾਂ ਹੀ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਲੜਨ ਦਾ ਫ਼ੈਸਲਾ ਕਰ ਲਿਆ ਹੈ ਜੋ ਗੁਆਂਢ 'ਚ ਸੜਕਾਂ ’ਤੇ ਦਹਿਸ਼ਤ ਅਤੇ ਅਰਾਜਕਤਾ ਪੈਦਾ ਕਰਦੇ ਹਨ। ਮੁਜ਼ਹਰਾ ਕਰਨ ਰਹੇ ਨੇਤਾਵਾਂ ਨੂੰ ਸਾਰੀਆਂ ਹੱਤਿਆਵਾਂ ਅਤੇ ਹਿੰਸਾ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।"

ਉਨ੍ਹਾਂ ਨੇ ਵਿਰੋਧੀ ਧਿਰ 'ਤੇ ਦੇਸ਼ ਨੂੰ ਘਰੇਲੂ ਯੁੱਧ ਵੱਲ ਧੱਕਣ ਦਾ ਇਲਜ਼ਾਮ ਲਾਇਆ।

ਬੰਗਲਾਦੇਸ਼ ਦੇ ਸੂਚਨਾ ਰਾਜ ਮੰਤਰੀ ਮੁਹੰਮਦ ਅਲੀ ਅਰਾਫਾਤ ਨੇ ਕਿਹਾ, "ਅਸੀਂ ਬਹੁਤ ਸਬਰ ਕੀਤਾ ਹੈ। ਜੇਕਰ ਪ੍ਰਧਾਨ ਮੰਤਰੀ ਸੱਦਾ ਦਿੰਦੇ ਹਨ ਤਾਂ ਅਵਾਮੀ ਲੀਗ ਦੇ ਵਰਕਰ ਅਤੇ ਦੇਸ਼ ਭਰ ਦੇ ਬਹੁਤ ਸਾਰੇ ਲੋਕ ਸੜਕਾਂ 'ਤੇ ਆ ਜਾਣਗੇ।”

“ਪਰ ਅਸੀਂ ਟਕਰਾਅ ਵਿੱਚ ਨਹੀਂ ਪੈਣਾ ਚਾਹੁੰਦੇ।"

ਬੰਗਲਾਦੇਸ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਿਛਲੇ ਮਹੀਨੇ ਜੁਲਾਈ ਵਿੱਚ ਹੋਈ ਹਿੰਸਾ ਵਿੱਚ 200 ਤੋਂ ਵੱਧ ਲੋਕ ਮਾਰੇ ਗਏ ਸਨ

ਪਿਛਲੇ ਮਹੀਨੇ ਸ਼ੁਰੂ ਹੋਏ ਸਨ ਰੋਸ-ਮੁਜ਼ਾਹਰੇ

1971 ਵਿੱਚ ਬੰਗਲਾਦੇਸ਼ ਦੀ ਆਜ਼ਾਦੀ ਲਈ ਲੜਨ ਵਾਲੇ ਆਜ਼ਾਦੀ ਘੁਲਾਟੀਆਂ ਦੇ ਰਿਸ਼ਤੇਦਾਰਾਂ ਲਈ ਸਿਵਲ ਸੇਵਾ ਦੀਆਂ ਨੌਕਰੀਆਂ ਵਿੱਚ ਰਾਖਵੇਂਕਰਨ ਨੂੰ ਲੈ ਕੇ ਪਿਛਲੇ ਮਹੀਨੇ, ਵਿਦਿਆਰਥੀ ਸੜਕਾਂ 'ਤੇ ਉਤਰ ਆਏ ਸਨ।

ਹੁਣ ਇੱਕ ਫ਼ੈਸਲੇ ਤੋਂ ਬਾਅਦ ਸਰਕਾਰ ਨੇ ਜ਼ਿਆਦਾਤਰ ਕੋਟਾ ਵਾਪਸ ਲੈ ਲਿਆ ਹੈ ਪਰ ਵਿਦਿਆਰਥੀਆਂ ਨੇ ਆਪਣਾ ਧਰਨਾ ਜਾਰੀ ਰੱਖਿਆ ਹੋਇਆ ਹੈ।

ਵਿਦਿਆਰਥੀ ਮਾਰੇ ਗਏ ਲੋਕਾਂ ਅਤੇ ਜ਼ਖਮੀਆਂ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ। ਹੁਣ ਉਹ ਚਾਹੁੰਦੇ ਹਨ ਕਿ ਪ੍ਰਧਾਨ ਮੰਤਰੀ ਹਸੀਨਾ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣ।

ਹਾਲਾਂਕਿ ਹਸੀਨਾ ਦੇ ਸਮਰਥਕਾਂ ਨੇ ਉਨ੍ਹਾਂ ਦੇ ਅਸਤੀਫ਼ੇ ਤੋਂ ਇਨਕਾਰ ਕੀਤਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਹਿੰਸਾ ਨੂੰ ਖ਼ਤਮ ਕਰਨ ਦੀ ਇੱਛਾ ਜ਼ਾਹਰ ਕਰਦੇ ਹੋਏ ਵਿਦਿਆਰਥੀ ਨੇਤਾਵਾਂ ਨਾਲ ਬਿਨਾਂ ਸ਼ਰਤ ਗੱਲਬਾਤ ਦੀ ਪੇਸ਼ਕਸ਼ ਕੀਤੀ ਸੀ।

ਉਨ੍ਹਾਂ ਨੇ ਕਿਹਾ, "ਮੈਂ ਅੰਦੋਲਨ ਕਰ ਰਹੇ ਵਿਦਿਆਰਥੀਆਂ ਨਾਲ ਬੈਠ ਕੇ ਉਨ੍ਹਾਂ ਦੀ ਗੱਲ ਸੁਣਨਾ ਚਾਹੁੰਦੀ ਹਾਂ। ਮੈਂ ਕੋਈ ਟਕਰਾਅ ਨਹੀਂ ਚਾਹੁੰਦੀ।"

ਪਰ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ। ਮੁਜ਼ਾਹਰਿਆਂ ਦੌਰਾਨ ਕਈ ਥਾਣਿਆਂ ਅਤੇ ਸਰਕਾਰੀ ਇਮਾਰਤਾਂ ਨੂੰ ਅੱਗ ਲਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਹਸੀਨਾ ਨੇ ਪਿਛਲੇ ਮਹੀਨੇ ਵਿਵਸਥਾ ਬਹਾਲ ਕਰਨ ਲਈ ਫੌਜ ਨੂੰ ਬੁਲਾਇਆ ਸੀ।

ਪਿਛਲੇ ਮਹੀਨੇ ਜੁਲਾਈ ਵਿੱਚ ਹੋਈ ਹਿੰਸਾ ਵਿੱਚ 200 ਤੋਂ ਵੱਧ ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ ਕਈ ਲੋਕਾਂ ਦੀ ਮੌਤ ਪੁਲਿਸ ਦੀ ਗੋਲੀ ਨਾਲ ਹੋਈ ਸੀ।

ਪਿਛਲੇ ਦੋ ਹਫ਼ਤਿਆਂ ਵਿੱਚ ਸੁਰੱਖਿਆ ਬਲਾਂ ਦੁਆਰਾ ਇੱਕ ਵੱਡੀ ਕਾਰਵਾਈ ਵਿੱਚ ਕਥਿਤ ਤੌਰ ’ਤੇ ਲਗਭਗ 10,000 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਿਨ੍ਹਾਂ ਵਿੱਚ ਵਿਰੋਧੀ ਸਮਰਥਕ ਅਤੇ ਵਿਦਿਆਰਥੀ ਮੁਜ਼ਾਹਰਾਕਾਰੀ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)